ਖ਼ਾਬਾਂ, ਉਮੀਦਾਂ, ਸੱਧਰਾਂ, ਆਸਾਂ ਅਤੇ ਅਰਦਾਸਾਂ ਦਾ ਮਨੁੱਖ ਦੇ ਜੀਵਨ ਵਿੱਚ ਅਹਿਮ ਰੋਲ ਹੁੰਦਾ ਹੈ। ਮਨੁੱਖ ਸੌਂਦੇ-ਜਾਗਦੇ ਖ਼ਾਬਾਂ ਵਿੱਚ ਗੁਆਚਾ ਰਹਿੰਦਾ ਹੈ। ਖ਼ਾਬ ਲੈਣੇ ਵੀ ਚਾਹੀਦੇ ਹਨ ਅਤੇ ਪੂਰੇ ਕਰਨ ਦੀ ਕੋਸ਼ਿਸ਼ ਵੀ। ਖ਼ਾਬਾਂ ਤੋਂ ਵਿਹੂਣੀ ਜ਼ਿੰਦਗੀ ਵੀ ਭਲਾ ਕਾਹਦੀ ਜ਼ਿੰਦਗੀ ਹੋਈ? ਸੁਪਨਸਾਜ਼ ਆਪਣੇ ਖ਼ਾਬਾਂ ਦੇ ਕੈਨਵਸ ਵਿੱਚ ਰੂਹ ਨਾਲ ਰੰਗ ਭਰਦਾ ਹੈ – ਪਿਆਰ, ਖੁਸ਼ੀ, ਉਦਾਸੀ, ਆਸ, ਉਮੀਦ, ਉਤਸ਼ਾਹ, ਅਧਿਆਤਮ ਤੇ ਕੁਝ ਮੇਲ-ਮਿਲਾਪ ਦੇ ਰੰਗ। ਕੁਝ ਖ਼ਾਬ ਸਮੁੰਦਰ ਵਾਂਗ ਬੇਪ੍ਰਵਾਹ ਤੇ ਵਸੀਹ ਹੁੰਦੇ ਨੇ। ਕੁਝ ਰੁਮਕਦੀਆਂ ਹਵਾਵਾਂ ਜਿਹੇ। ਕੁਝ ਅੱਧ ਅਸਮਾਨੀ ਸਤਰੰਗੀ ਪਰਵਾਜ਼ਾਂ ਵਰਗੇ ਤੇ ਕੁਝ ਪਟਕਾਅ ਕੇ ਜ਼ਮੀਨ ‘ਤੇ ਸੁੱਟਣ ਵਾਲੇ ਵੀ। ਕੁਝ ਖ਼ਾਬ ਵਕਤ ਦੀਆਂ ਧੂੜਾਂ ਵਿੱਚ ਧੁੰਦਲੇ ਪੈ ਜਾਂਦੇ ਨੇ। ਕੁਝ ਅਧੂਰੇ ਰਹਿ ਜਾਂਦੇ ਨੇ ਅਤੇ ਕੁਝ ਕੁ ਦੀ ਤਾਬੀਰ ਨੂੰ ਸੁਪਨਸਾਜ਼ ਲੋਚਦਾ ਵੀ ਰਹਿੰਦਾ ਹੈ। ਅਜਿਹੇ ਹੀ ਇੱਕ ਸੁਪਨਸਾਜ਼ ‘ਪ੍ਰੇਮ ਪਾਲ ਸਿੰਘ ਇਟਲੀ’ ਦੇ ‘ਅਧੂਰੇ ਖ਼ਾਬਾਂ’ ਬਾਰੇ ਜਾਣਨ ਦਾ ਮੌਕਾ ਮਿਲਿਆ। ‘ਅਧੂਰੇ ਖ਼ਾਬ’ ਕਹਿਣ ਨੂੰ ਭਾਵੇਂ ਲੇਖਕ ਦਾ ਪਲੇਠਾ ਗ਼ਜ਼ਲ ਸੰਗ੍ਰਹਿ ਹੈ, ਪਰ ਇਸ ਪੜ੍ਹਦਿਆਂ ਤੇ ਮਾਣਦਿਆਂ ਇੰਜ ਲੱਗਦਾ ਨਹੀਂ ਹੈ। ਬਲਕਿ, ਕਿਸੇ ਚੰਗੇ ਉਸਤਾਦ ਦੁਆਰਾ ਚੰਡੇ ਗਏ ਪਰਪੱਕ ਗ਼ਜ਼ਲਗੋ ਦੀਆਂ ਮੁਹੱਬਤੀ ਰੂਹ ਵਿੱਚ ਲਬਰੇਜ਼ ਗ਼ਜ਼ਲਾਂ ਬੜੀਆਂ ‘ਡੂੰਘੀਆਂ ਰਮਜ਼ਾਂ’ ਦੀ ਨਿਸ਼ਾਨਦੇਹੀ ਕਰਦੀਆਂ ਹਨ। ਪ੍ਰੇਮ ਪਾਲ ਸਿੰਘ ਇਟਲੀ ਅਤੇ ਉਸ ਦਾ ਸਾਹਿਤਕ ਸਫ਼ਰ… ਪ੍ਰੇਮ ਪਾਲ ਸਿੰਘ ਇਟਲੀ ਅਤੇ ਉਸ ਦੇ ਸਾਹਿਤਕ ਪੈਂਡਿਆਂ ਦੀਆਂ ਪੈੜਾਂ ਨੂੰ ਜਾਣਨ ਤੋਂ ਪਹਿਲਾਂ ਉਸ ਦੀਆਂ ਖ਼ੁਦ ਬਾਰੇ ਹੀ ਲਿਖੀਆਂ ਖ਼ੂਬਸੂਰਤ ਲਾਈਨਾਂ ਪਾਠਕਾਂ ਨਾਲ ਸਾਂਝੀਆਂ ਕਰਨੀਆਂ ਬਣਦੀਆਂ ਹਨ… ਕਾਬਿਲੇ ਤਾਰੀਫ਼ ਨਾ ਥੇ ਜ਼ਿੰਦਗੀ ਮੇਂ ਹਮ ‘ਪ੍ਰੇਮ ਪਾਲ ਸਿੰਘ ਇਟਲੀ’ ਦੇ ਨਾਮ ਤੋਂ ਉਸ ਦੇ ਪਰਦੇਸੀ ਸਿਰਨਾਵੇਂ ਦਾ ਅੰਦਾਜ਼ਾ ਤਾਂ ਲੱਗ ਜਾਂਦਾ ਹੈ, ਪਰ ਪਾਠਕਾਂ ਨੂੰ ਇਹ ਵੀ ਦੱਸਦੇ ਜਾਈਏ ਕਿ ਏਸ ਪਰਦੇਸੀ ਦੀ ਦੂਸਰੀ ਤਾਰ ਬਰਨਾਲੇ ਦੇ ਪਿੰਡ ‘ਤਾਜੋ ਕੇ’ ਨਾਲ ਜਾ ਜੁੜਦੀ ਹੈ। ਪੰਜਾਬੀ ਸਾਹਿਤ ਦੀਆਂ ਜੜ੍ਹਾਂ ਨੂੰ ਸਮੁੰਦਰੋਂ ਪਾਰ ਪਰਾਈ ਧਰਤੀ ਵਿੱਚ ਲਗਾਉਣ ਵਾਲੀ ਯੂਰਪ ਦੀ ਸਿਰਮੌਰ ਸੰਸਥਾ ‘ਸਾਹਿਤ ਸੁਰ ਸੰਗਮ ਸਭਾ’ ਇਟਲੀ ਨਾਲ ਜੁੜੇ ਹੋਏ ਪ੍ਰੇਮ ਪਾਲ ਸਿੰਘ ਦੀ ਗ਼ਜ਼ਲ ਨਾਲ ਮੁਹੱਬਤ ਚੜ੍ਹਦੀ ਜਵਾਨੀ ਵੇਲੇ ਪੈ ਗਈ ਸੀ। ਸਾਹਿਤਕ ਪੈਂਡਿਆਂ ‘ਤੇ ਹੋਰ ਅੱਗੇ ਚਲਦਿਆਂ ਉਸ ਨੂੰ ਵਧੀਆ ਉਸਤਾਦ ਗ਼ਜ਼ਲਗੋ ਦੀ ਛਤਰ ਛਾਇਆ ਮਿਲ ਗਈ, ਜਿਸ ਦੀ ਬਦੌਲਤ ਉਸ ਦੀ ਸ਼ਾਇਰੀ ਦੇ ਰੰਗਾਂ ਰੂਪਾਂ ਵਿੱਚ ਹੋਰ ਨਿਖਾਰ ਆ ਗਿਆ। ਸਮਾਂ ਪਾ ਕੇ ਉਸ ਦੀਆਂ ਗ਼ਜ਼ਲਾਂ ਸਾਹਿਤ ਸੁਰ ਸੰਗਮ ਸਭਾ, ਇਟਲੀ ਵੱਲੋਂ ਛਾਪੀਆਂ ਮਿਆਰੀ ਪੁਸਤਕਾਂ ਦਾ ਹਿੱਸਾ ਬਣ ਗਈਆਂ ਜਿਸ ਨੇ ਉਸ ਦੇ ਕਲਮੀ ਸਫ਼ਰ ਨੂੰ ਵਿਲੱਖਣ ਰੰਗਾਂ ਵਿੱਚ ਰੰਗ ਦਿੱਤਾ। ‘ਅਧੂਰੇ ਖ਼ਾਬ’ – ਵਿਭਿੰਨ ਰੰਗਾਂ ਤੇ ਰਸਾਂ ਦਾ ਵਿਲੱਖਣ ਸੁਮੇਲ… ਅਧੂਰੇ ਖ਼ਾਬ ਪ੍ਰੇਮ ਪਾਲ ਸਿੰਘ ਦਾ ਪਹਿਲਾ ਗ਼ਜ਼ਲ ਸੰਗ੍ਰਹਿ ਹੈ, ਜਿਸ ਵਿੱਚ ਉਸ ਨੇ ਵਿਭਿੰਨ ਰੰਗਾਂ-ਰੂਪਾਂ ਤੇ ਰਸਾਂ ਨਾਲ਼ ਲਬਰੇਜ਼ ਅਤੇ ਰੂਹ ਨਾਲ਼ ਲਿਖੀਆਂ ਚੋਣੀਆਂ ਗ਼ਜ਼ਲਾਂ ਸ਼ਾਮਲ ਕੀਤੀਆਂ ਹਨ। ਜ਼ਰੂਰੀ ਨਹੀਂ, ਪਰ ਕਈ ਵਾਰੀ ਲੇਖਕ ਦੀ ਪਲੇਠੀ ਪੁਸਤਕ ਨੂੰ ਪਾਠਕਾਂ ਜਾਂ ਸਾਹਿਤ ਪ੍ਰੇਮੀਆਂ ਵੱਲੋਂ ਬਹੁਤਾ ਹੁੰਗਾਰਾ ਨਹੀਂ ਮਿਲਦਾ। ਪਰ ਜਦੋਂ ਕਿਸੇ ਲੇਖਕ ਨੂੰ ਪੁਸਤਕ ਛਪਾਉਣ ਦੀ ਬਹੁਤੀ ਕਾਹਲ ਨਾ ਹੋਵੇ ਅਤੇ ਉਸ ਦੀ ਲੇਖਣੀ ਜਾਂ ਸ਼ਾਇਰੀ ਮਨ ਪਰਚਾਵੇ ਦੀ ਜਗ੍ਹਾ ਉਸ ਦੀ ਅੰਦਰੂਨੀ ਜ਼ਰੂਰਤ ਬਣ ਜਾਵੇ, ਤਾਂ ਉਹ ਸ਼ਾਇਰੀ ਜਾਂ ਗ਼ਜ਼ਲ ਨੂੰ ਲਿਖਣ ਤੋਂ ਚਿਰ ਪਹਿਲਾਂ ਜਿਉਣਾ ਸ਼ੁਰੂ ਕਰ ਦਿੰਦਾ ਹੈ। ਜਦੋਂ ਕਵਿਤਾ ਕਵੀ ਅਤੇ ਕਵੀ ਕਵਿਤਾ ਬਣ ਜਾਵੇ ਤਾਂ ਇਹ ਸੰਗਮ ਇੱਕ ਖ਼ੂਬਸੂਰਤ ਕਾਫ਼ਲਾ ਅਤੇ ਵਿਲੱਖਣ ਪੈਂਡਾ ਅਖ਼ਤਿਆਰ ਕਰ ਲੈਂਦਾ ਹੈ। ਆਪਣੇ ਪੁਰਖਿਆਂ ਦੀ ਮਿੱਟੀ ਨੂੰ ਸਮਰਪਤ 82 ਵਿਭਿੰਨ ਰੰਗਾਂ-ਰੂਪਾਂ ਦਾ ਇਹ ਸੰਗ੍ਰਹਿ ਗੋਲ਼ਡ ਮਾਈਨ ਪਬਲੀਕੇਸ਼ਨ ਨੇ ਪ੍ਰਕਾਸ਼ਤ ਕੀਤਾ ਹੈ। ਪੁਸਤਕ ਨੂੰ ਪੜ੍ਹਦਿਆਂ ਲੇਖਕ ਦੀ ਪਾਰਖੂ ਨਜ਼ਰ ਦਾ ਕਮਾਲ ਵੀ ਮਹਿਸੂਸ ਹੁੰਦਾ ਹੈ। ਗ਼ਜ਼ਲ ਦੇ ਸ਼ੇਅਰ ਪਾਠਕ ਦੀ ਰੂਹ ਨੂੰ ਟੁੰਬਦੇ ਹਨ। ਪ੍ਰੇਮ ਪਾਲ ਸਿੰਘ ਇਟਲੀ ਨੇ ਏਸ ਸੰਗ੍ਰਹਿ ਦੀ ਸ਼ੁਰੂਆਤ ਅਧੂਰੇ ਖ਼ਾਬਾਂ ਦੇ ਪੂਰਨ ਹੋਣ ਦੀਆਂ ਆਸਾਂ, ਉਮੀਦਾਂ, ਭਾਵਨਾਵਾਂ ਅਤੇ ਅਰਮਾਨਾਂ ਨਾਲ ਕੀਤੀ ਹੈ… ਅਧੂਰੇ ਖ਼ਾਬ ਨਈਂ ਰਹਿੰਦੇ, ਦਿਲੀ ਅਰਮਾਨ ਜੇ ਹੋਵੇ॥ ਪ੍ਰੇਮ ਪਾਲ ਦੀ ਸੰਵੇਦਨਸ਼ੀਲ ਭਾਵਨਾਵਾਂ ਨਾਲ ਲਬਰੇਜ਼ ਸ਼ਾਇਰੀ ਮਨੁੱਖੀ ਜ਼ਿੰਦਗੀ, ਸਮਾਜਕ ਤਾਣੇ-ਬਾਣੇ, ਸਮਾਜਿਕ ਕੁਰੀਤੀਆਂ, ਸਰੋਕਾਰਾਂ ਅਤੇ ਦੁਨਿਆਵੀ ਰਿਸ਼ਤਿਆਂ ਬਾਰੇ ਬੇਬਾਕੀ ਨਾਲ ਬਾਤਾਂ ਪਾਉਂਦੀ ਨਜ਼ਰ ਆਉਂਦੀ ਹੈ। ਇਸ ਤੋਂ ਉਸ ਦੀ ਸੰਵੇਦਨਸ਼ੀਲਤਾ ਅਤੇ ਉਸਾਰੂ ਬਿਰਤੀ, ਦੂਰ-ਅੰਦੇਸ਼ੀ ਤੇ ਸਾਕਾਰਤਮਕ ਸੂਝ-ਬੂਝ ਦੀ ਸਮਰੱਥਾ ਦਾ ਅੰਦਾਜ਼ਾ ਵੀ ਸਹਿਜੇ ਲੱਗ ਜਾਂਦਾ ਹੈ। ਉਸ ਨੇ ਵਿਭਿੰਨ ਸਮਾਜਿਕ, ਆਰਥਿਕ, ਸੱਭਿਆਚਾਰਕ, ਧਾਰਮਿਕ ਅਤੇ ਸਿਆਸੀ ਵਿਸ਼ਿਆਂ ਨੂੰ ਵਿਲੱਖਣ ਰੰਗਾਂ-ਤਰੰਗਾਂ ਅਤੇ ਰਸਾਂ ਨਾਲ ਪਾਠਕਾਂ ਦੇ ਰੂਬਰੂ ਕਰਨ ਦੀ ਖ਼ੂਬਸੂਰਤ ਕੋਸ਼ਿਸ਼ ਕੀਤੀ ਹੈ। ਪ੍ਰੇਮ ਪਾਲ ਸਿੰਘ ਇਟਲੀ ਦੀ ਸ਼ਾਇਰੀ ਸੱਚ ਕਹਿਣ ਅਤੇ ਸੱਚ ‘ਤੇ ਪਹਿਰਾ ਦੇਣ ਦੀ ਤਾਕੀਦ ਕਰਦੀ ਹੈ। ਮੋਹ-ਮੁਹੱਬਤਾਂ ਦੇ ਰਾਗ ਅਲਾਪਦੀ ਹੈ, ਬੇਇਨਸਾਫ਼ੀਆਂ ਨੂੰ ਲਲਕਾਰਦੀ ਹੈ, ਇਨਕਲਾਬੀ ਅਤੇ ਕਦੇ ਜੀਵਨ ਜਾਚ ਜਿਹੀ ਦਾਰਸ਼ਨਿਕ ਵੀ ਮਹਿਸੂਸ ਹੁੰਦੀ ਹੈ… ਦੂਰ ਹੋ ਕੇ ਬੈਠ ਨਾ, ਇਉਂ ਦੂਰੀਆਂ ਪੈ ਜਾਣੀਆਂ, ਦਿਲੋਂ ਆਖਾਂ ਤੂੰ ਸੱਚ ਜਾਣੀ, ਤੇਰੇ ਬਾਝੋਂ ਨਹੀਂ ਸਰਨਾ॥ ਪਲਕਾਂ ਧਰਤ ਵਿਛਾ ਦਵੀਂ, ਸਭਨਾਂ ਕਹੀਂ ਹਜ਼ੂਰ, ਰੁੱਖ ਵੇਖ ਕੇ ਹਵਾ ਦਾ, ਮੈਂ ਝੂਠ ਨਾ ਲਿਖਾਂਗਾ ਹਾਕਮ ਹੋਏ ਗੂੰਗੇ ਬੋਲੇ, ਸੁਣਨ ਨਾ ਦੁੱਖ ਕਹਾਣੀ, ਦਿਨ-ਬ-ਦਿਨ ਹੁਣ ਵੱਧ ਰਿਹਾ, ਲੋਕਾਂ ਉੱਤੇ ਕਹਿਰ, ਗਵਾਹ ਇਤਿਹਾਸ ਰਹਿਣਾ ਹੈ, ਮਿਟਾ ਸਕਦਾ ਨਹੀਂ ਕੋਈ, ਕਲਮ ਨੂੰ ਆਖਦਾਂ ਫਿਰ ਤੋਂ, ਲਿਖੇ ਹਾਲਾਤ ਨਾਜ਼ੁਕ ਵੀ, ਉਸ ਤੋਂ ਪਹਿਲਾਂ ਸੂਰਜ ਡੁੱਬੇ, ਦੀਵੇ ਬਾਲ਼ ਲਵੋ॥ ਰਾਤ ਹਨੇਰੀ, ਚੋਰ ਉਚੱਕੇ, ਫਿਰਨ ਅਨੇਕਾਂ ਠੱਗ, ਮੁਆਫ਼ੀ ਮੰਗ ਲੈਣੀ ਅਤੇ ਮੁਆਫ਼ੀ ਦੇ ਦੇਣੀ ਸਾਡੇ ਮਨੁੱਖੀ ਜੀਵਨ ਜਾਚ ਦੇ ਮਹੱਤਵਪੂਰਨ ਪਹਿਲੂ ਹਨ। ਪਰ ਅਜੋਕਾ ਮਨੁੱਖ ਮੁਆਫ਼ੀ ਮੰਗਣ-ਨਾ ਮੰਗਣ, ਦੇਣ-ਨਾ ਦੇਣ ਦੇ ਭੰਬਲਭੂਸੇ ਵਿੱਚ ਗੁਆਚਿਆ ਰਹਿੰਦਾ ਹੈ, ਹਾਲਾਂ ਕਿ, ਮੁਆਫ਼ੀ ਮੰਗਣ ਜਾਂ ਦੇਣ ਨਾਲ ਕੋਈ ਵੀ ਇਨਸਾਨ ਛੋਟਾ ਨਹੀਂ ਬਣਦਾ… ਮਾਫ਼ੀਆਂ ਨਾ ਮੰਗਦੇ ਜੋ, ਕੋਸਦੇ ਨੇ ਕਿਸਮਤਾਂ ਮਾਂ ਅਤੇ ਬੱਚੇ ਦੀ ‘ਨਾੜੂ ਦੀ ਸਾਂਝ’ ਵਿੱਚੋਂ ਪੈਦਾ ਹੋਏ ਅਤੇ ਬੇਹੱਦ ਪਿਆਰੇ ਰਿਸ਼ਤੇ ਨੂੰ ਪ੍ਰੇਮ ਪਾਲ ਸਿੰਘ ਨੇ ਪ੍ਰੇਮ ਨਾਲ ਹੀ ਇੰਜ ਬਾਕਮਾਲ ਲਫ਼ਜ਼ਾਂ ਵਿੱਚ ਪਰੋਇਆ ਹੈ… ਮਾਂ, ਮੇਰੀ ਰਗ ਰਗ ਦਾ ਨਾਂ॥ ਉਸਦਾ ਦੇਣ ਨ ਦੇ ਸਕਦੇ, ਖ਼ੁਦ ‘ਤੇ ਖ਼ੁਦਾ ਦੀ ਰਹਿਮਤ ਕੀ ਹੋਈ, ਨਾਸ਼ੁਕਰਾ ਬੰਦਾ ਖ਼ੁਦ ਨੂੰ ਖ਼ੁਦਾ ਹੀ ਸਮਝ ਬੈਠਾ। ਪ੍ਰੇਮ ਪਾਲ ਸਿੰਘ ਦੇ ਮਨ ਦੇ ਕੈਨਵਸ ‘ਤੇ ਵਿੱਖਰੇ ਅਜਿਹੇ ਹੀ ਕੁਝ ਰੰਗਾਂ ਦੀ ਇੱਕ ਝਲਕ… ਆਮ ਤੋਂ ਤੂੰ ਖਾਸ ਹੋ ਕੇ, ਰੰਗ ਐਸੇ ਰੰਗਿਆ॥ ਨਾ ਸੋਚਿਆ ਸੀ ਕਦੇ ਉਹ, ਇਉਂ ਹੋਣਗੇ ਪਰਾਏ॥ ‘ਅਧੂਰੇ ਖ਼ਾਬ’ ਵਿੱਚ ਪ੍ਰੇਮ ਪਾਲ ਸਿੰਘ ਨੇ ਆਪਣੇ ਢਿੱਡ ਅਤੇ ਮਨ ਦੀਆਂ ਗੱਲਾਂ ਖ਼ੂਬਸੂਰਤੀ ਨਾਲ ਪਾਠਕਾਂ ਦੇ ਸਨਮੁੱਖ ਕੀਤੀਆਂ ਨੇ, ਜੋ ਉਸ ਦੀ ਇਨਸਾਨੀਅਤ ਦੀ ਹਾਮੀ ਭਰਦੀਆਂ ਹਨ ਅਤੇ ਅਜੋਕੇ ਸਮਿਆਂ ਵਿੱਚ ਹੋਰ ਵੀ ਮਹੱਤਵਪੂਰਨ ਹੋ ਜਾਂਦੀਆਂ ਹਨ… ਕਰ ਓਸ ਨੂੰ ਸਲਾਮਾਂ, ਜੋ ਲੋਚਦੇ ਚੰਗੇਰਾ॥ ਉੱਡਣ ਦੀ ਜੋ ਸ਼ਕਤੀ ਰੱਖਦੇ, ਉੱਚ ਅਸਮਾਨੀ ਉੱਡਣ ਦੇ, ਮਰਦ ਅਗੰਮੜੇ ਅਤੇ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਨੂੰ ਸਮਰਪਿਤ ਸ਼ਾਇਰੀ ਨੂੰ ਜ਼ਰਾ ਪੜ੍ਹੋ… ਅਤੇ ਹੋ ਸਕੇ ਤਾਂ ਸੋਚੋ ਕਿ ਸਦੀਆਂ ਬੀਤਣ ਬਾਅਦ ਵੀ ਅਸੀਂ ਖ਼ੁਦ ਕਿੱਥੇ ਕੁ ਖੜ੍ਹੇ ਹਾਂ? ਤੂੰ ਉੱਚੇ ਨੀਵੇਂ ਇੱਕ ਕਰ, ਸਭ ਗਲ਼ ਨੂੰ ਲਾਏ, ‘ਅਧੂਰੇ ਖਾ਼ਬ’ ਪੁਸਤਕ ਦੇ ਵਿਚਕਾਰ ਪਹੁੰਚਦਿਆਂ ਪ੍ਰੇਮ ਪਾਲ ਸਿੰਘ ਬੰਦੇ ਅਤੇ ਸਮਾਜ ਦੀਆਂ ਨਬਜ਼ਾਂ ਟਟੋਲਦਿਆਂ ਬੜੀਆਂ ਡੂੰਘੀਆਂ ਤੇ ਪਤੇ ਦੀਆਂ ਗੱਲਾਂ ਕਰਦਿਆਂ ਤ੍ਰਾਸਦੀਆਂ ਨੂੰ ਛੂਹ ਰਿਹਾ ਹੈ… ਸਿਫ਼ਤ ਕਰਨੀ ਜੇ ਕਿਸੇ ਦੀ, ਉਹਦੇ ਜਿਉਂਦੇ ਜੀ ਕਰੋ, ਜੇ ਹਵਾ ਹੀ ਦੇਸ਼ ਅਪਣੇ, ਵਗਣ ਲੱਗ ਪਏ ਪ੍ਰੇਮ ਦੀ, ਸਾਡੇ ਸਮਾਜ ਵਿੱਚ ਔਰਤ ਨੂੰ ਮਰਦ ਦੇ ਬਰਾਬਰ ਨਹੀਂ ਸਮਝਿਆ ਜਾਂਦਾ। ਹੋਣਾ ਤਾਂ ਨਹੀਂ ਚਾਹੀਦਾ, ਪਰ ਫਿਰ ਵੀ ਨਾਰੀ ਦਾ ਸ਼ੋਸ਼ਣ ਵੀ ਸਦੀਆਂ ਤੋਂ ਹੁੰਦਾ ਆ ਰਿਹਾ ਹੈ। ਭਾਵੇਂ ਬਾਣੀ ਮਨੱਖ ਨੂੰ ਇਸ ਸਮਾਜਿਕ ਕੁਰੀਤੀ ਤੋਂ ਵਰਜਦੀ ਹੈ, ਪਰ ਮਰਦ ਪ੍ਰਧਾਨ ਸਮਾਜ ਵਿੱਚ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ। ਪ੍ਰੇਮ ਪਾਲ ਸਿੰਘ ਨੇ ਵੀ ਇਸ ਅਨਿਆਂ ਅਤੇ ਨਾਬਰਾਬਰੀ ਨੂੰ ਪਛਾਣਿਆ ਅਤੇ ‘ਬੇ-ਇਮਾਨ’ ਸਮਾਜ ਦੀ ‘ਕਾਣੀ ਅੱਖ’ ਨੂੰ ਫਿਟਕਾਰ ਪਾਈ… ਕਾਸ਼! ਕਿਤੇ ਉਹ ਸਮਝਦੇ, ਜੋ ਹੋਇ ਬੇ-ਇਮਾਨ॥ ਧੀਆਂ ਨੂੰ ਜੋ ਸੜਕ ‘ਤੇ, ਨਗਨ ਕਰਨ ਇਨਸਾਨ, ਪੰਜਾਬੀ ਦੇਸ ਪਰਦੇਸ ਵਿੱਚ ਆਪਣੀ ਮਾਂ-ਬੋਲੀ ਪੰਜਾਬੀ ਤੋਂ ਕਿਨਾਰਾ ਕਰ ਰਹੇ ਹਨ। ਪੰਜਾਬੀ ਬੋਲੀ ਪੰਜਾਬੀਆਂ ਦੇ ਇਸ ਰੁਝਾਨ ਤੋਂ ਨਿਰਾਸ਼ ਅਤੇ ਬੇਹੱਦ ਉਦਾਸ ਵੀ ਹੈ। ਪੰਜਾਬੀ ਬੋਲੀ ਨੂੰ ਬੋਲਣ, ਲਿਖਣ, ਪੜ੍ਹਨ ਦੇ ਨਾਲ ਨਾਲ ਪੰਜਾਬੀਆਂ ਨੂੰ ਖ਼ੁਦ ਦੇ ਪੰਜਾਬੀ ਹੋਣ ‘ਤੇ ਮਾਣ ਵੀ ਹੋਣਾ ਚਾਹੀਦਾ ਹੈ। ਪ੍ਰਸਿੱਧ ਸਾਹਿਤਕਾਰ ਰਸੂਲ ਹਮਜ਼ਾਤੋਵ ਦੀ ਸੰਸਾਰ ਪ੍ਰਸਿੱਧ ਵਾਰਤਕ “ਮੇਰਾ ਦਾਗ਼ਿਸਤਾਨ” ਨੂੰ ਬਹੁਤ ਪੰਜਾਬੀ ਸਾਹਿਤ ਪ੍ਰੇਮੀਆਂ ਨੇ ਪੜ੍ਹਿਆ ਹੋਵੇਗਾ। ਮਾਂ-ਬੋਲੀ ਪ੍ਰਤੀ ਰਸੂਲ ਦਾ ਇਹ ਮੰਨਣਾ ਹੈ ਕਿ ਆਪਣੀ ਮਾਂ-ਬੋਲੀ ਨੂੰ ਭੁੱਲ ਜਾਣਾ ਇੱਕ ‘ਬਦਅਸੀਸ’ ਦੇ ਸਮਾਨ ਹੁੰਦਾ ਹੈ। ਪ੍ਰੇਮ ਪਾਲ ਸਿੰਘ ਇਟਲੀ ਨੇ ਇਟਲੀ ਰਹਿੰਦਿਆਂ ਵੀ ਪੰਜਾਬੀ ਬੋਲੀ ਨੂੰ ਦਿਲ ਵਿੱਚ ਰੱਖਿਆ, ਪੰਜਾਬੀ ਸਾਹਿਤ ਸਭਾਵਾਂ ਨਾਲ ਜੁੜਿਆ ਅਤੇ ਪੰਜਾਬੀ ਗ਼ਜ਼ਲ ਸੰਗ੍ਰਹਿ ਸਿਰਜਿਆ। ਉਸ ਦਾ ਪੰਜਾਬੀ ਪ੍ਰਤੀ ਮੋਹ ਉਸ ਦੇ ਸ਼ਿਅਰਾਂ ਦੀ ਜ਼ੁਬਾਨੀ… ਤੇਰੀ ਮਰਜ਼ੀ, ਰੋਜ਼ ਤੁਰੀਂ ਤੂੰ, ਭਾਵੇਂ ਤੋਰ ਨਵਾਬੀ, ਸਮਾਜ ਵਿੱਚ ਵਿਚਰਦਿਆਂ ਅਤੇ ਡਿਗ ਰਹੀਆਂ ਮਨੁੱਖੀ ਕਦਰਾਂ-ਕੀਮਤਾਂ ਨੂੰ ਵਾਚਦਿਆਂ ਕਵੀ ਦਾ ਸੰਵੇਦਨਸ਼ੀਲ ਮਨ ਅਕਸਰ ਕੁਰਲਾ ਉੱਠਦਾ ਹੈ… ਚਾਰ ਚੁਫ਼ੇਰ ਜੁ ਵੇਖੇ ਉਹ ਅਹਿਸਾਸ ਲਿਖਾਂ, ਅਸੀਸਾਂ ਫਿਰ ਕਿਸੇ ਪਾਸੋਂ ਕਦੀ ਵੀ ਮਿਲਣ ਨਾ ਹਰਗਿਜ਼, ਜਿੱਥੇ ਖੁਸ਼ੀ ਦੇ ਪਲ ਅਸਾਡੇ ਖੇਡਣੇ ਦਾ ਸੋਚਦੇ॥ ਖ਼ੁਦ ਪਰਵਾਸੀ ਜ਼ਿੰਦਗੀ ਹੰਢਾਉਂਦਿਆਂ ਮੈਂ ਪ੍ਰੇਮ ਪਾਲ ਸਿੰਘ ਦੇ ਕਾਵਿ ਮਨ ਦੇ ਅਨੁਭਵਾਂ ਨਾਲ ਸਹਿਮਤ ਹਾਂ ਕਿ ਰੰਗਲੇ ਪੰਜਾਬ ਦੀ ਮਿੱਟੀ ਦੀ ਮਹਿਕ ਨੂੰ ਪਰਦੇਸ ਵੱਸਦਿਆਂ ਵੀ ਭੁੱਲਣਾ ਨਾ ਮੁਮਕਿਨ ਹੀ ਹੈ… ਅਤੇ ਮਨ ਵਾਰ ਵਾਰ ਉਸ ਮਿੱਟੀ ਨੂੰ ਚੁੰਮਣਾ ਚਾਹੁੰਦਾ ਹੈ। ਧਰਤ ਅਪਣੀ ਛੱਡ ਬੇਸ਼ੱਕ ਮੈਂ ਵਿਦੇਸ਼ੀ ਹੋ ਗਿਆਂ, ਨ੍ਹੇਰ ਤੇ ਰੌਸ਼ਨੀ ਕਦੇ ਇਕੱਠੇ ਨਹੀਂ ਰਹਿ ਸਕਦੇ। ਇੱਕ ਦੇ ਆਉਂਦਿਆਂ ਹੀ ਦੂਸਰਾ ਖਿਸਕਣਾ ਸ਼ੁਰੂ ਕਰ ਦਿੰਦਾ ਹੈ। ਹਨੇਰਿਆਂ ‘ਚ ਲੀਨ ਬੰਦਾ ਉਜਲੇ ਬੋਲ ਕਿਵੇਂ ਅਤੇ ਕਿਉਂ ਬੋਲੇਗਾ?ਮੁਹੱਬਤੀ ਰੂਹ ਵਾਲਾ ਇਨਸਾਨ ਹੀ ਮੋਹ ਮੁਹੱਬਤ ਦੇ ਚਿਰਾਗ਼ ਬਾਲ਼ ਸਕਦਾ ਹੈ। ਪ੍ਰੇਮ ਪਾਲ ਸਿੰਘ ਆਪਣੇ ਨਾਮ ਵਾਂਗ ਹੀ ਪ੍ਰੇਮ ਪਿਆਰ ਦੀਆਂ ਗੱਲਾਂ ਕਰਦਾ ਹੈ ਜੋ ਪਾਠਕ ਦਾ ਮਨ ਮੋਹ ਲੈਂਦੀਆਂ ਨੇ… ਪਿਆਰ ਦੇ ਕੁੱਝ ਦੀਪ ਜਦ ਤੋਂ ਨੇਰ੍ਹਿਆਂ ਵਿੱਚ ਬਲ਼ ਰਹੇ, ਦੋਸਤੋ, ਪ੍ਰੇਮ ਪਾਲ ਸਿੰਘ ਇਟਲੀ ਦੀ ਖ਼ੂਬਸੂਰਤ ਸ਼ਾਇਰੀ ਜਿੱਥੇ ਮੁਹੱਬਤ ਦੇ ਗੀਤ ਗਾਉਂਦੀ ਹੋਈ ਪਾਠਕ ਦੀ ਰੂਹ ਦੇ ਧੁਰ ਅੰਦਰ ਉਤਰਦੀ ਜਾਂਦੀ ਹੈ, ਉੱਥੇ ਹੀ ਸਮਾਜਿਕ, ਆਰਥਿਕ, ਨਿਆਂਇਕ, ਇਤਿਹਾਸਕ ਅਤੇ ਰਾਜਨੀਤਿਕ ਧੱਕੇਸ਼ਾਹੀਆਂ ਤੇ ਵਿਤਕਰਿਆਂ ਦੇ ਵਿਰੁੱਧ ਜੂਝਣ ਲਈ ਉਸ ਦੀ ਜ਼ਮੀਰ ਨੂੰ ਹੁੱਝਾਂ ਮਾਰ ਮਾਰ ਜਗਾਉਂਦੀ ਵੀ ਹੈ। ਪੁਸਤਕ ਦੀਆਂ ਮਾਰਮਿਕ ਰਚਨਾਵਾਂ ਦੇ ਸ਼ਬਦਾਂ ਦੀ ਰੂਹ ਪਾਠਕ ਦੇ ਜੀਵਨ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਦੀ ਕਾਬਲੀਅਤ ਰੱਖਦੀ ਹੈ। ਤੇਰਾ ਹੋਣਾ ਲੋਚਦਾਂ, ਹੋਰ ਤਮਾ ਨ ਖਾਸ, ਅੱਜ ਉਸਨੇ ਜਦ ਮੇਰੇ ਸਾਹਵੇਂ, ਅਪਣੇ ਦਿਲ ਦੀ ਪੀੜ ਲਕੋਈ॥ ਇੱਕ ਮੁਹੱਬਤ ਨਾਲ ਰਿਸ਼ਤਾ ਜੋੜਨੇ ਦੀ ਦੇਰ ਸੀ ਬਸ, ‘ਅਧੂਰੇ ਖ਼ਾਬ’ ਦੀ ਸੰਵੇਦਨਸ਼ੀਲ, ਸੁਹਜਮਈ ਸ਼ਾਇਰੀ ਵਿੱਚ ਪ੍ਰੇਮ ਪਾਲ ਸਿੰਘ ਨੇ ਜ਼ਿੰਦਗੀ, ਪਿਆਰ, ਦਰਦ, ਕੁਦਰਤ ਬਾਰੇ ਅਸਲ ਗੱਲਾਂ ਦਾ ਖ਼ੂਬਸੂਰਤੀ ਨਾਲ ਅਤੇ ਡੂੰਘੇ ਅੰਦਾਜ਼ ਵਿੱਚ ਜ਼ਿਕਰ ਕੀਤਾ ਹੈ। ਪੰਜਾਬੀ ਸਾਹਿਤ ਦੇ ਪਾਠਕ ਹੋਣ ਦੇ ਨਾਤੇ ਮੇਰੇ ਵੱਲੋਂ ਪ੍ਰੇਮ ਪਾਲ ਸਿੰਘ ਇਟਲੀ ਨੂੰ ਇਸ ਸ਼ੁੱਭ ਕਾਰਜ ਲਈ ਮੁਬਾਰਕਬਾਦ ਅਤੇ ਉਸਦੇ ਅਗਲੇ ਤੇ ਅਗਲੇਰੇ ਸਾਹਿਤਕ ਸਫ਼ਰ ਲਈ ਸ਼ੁੱਭ ਕਾਮਨਾਵਾਂ ਵੀ! ਜ਼ਿੰਦਗੀ ਜ਼ਿੰਦਾਬਾਦ । |
||
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਵਿਭਿੰਨ ਰੰਗਾਂ ਤੇ ਰਸਾਂ ਦਾ ਵਿਲੱਖਣ ਸੁਮੇਲ ਹੈ…ਪ੍ਰੇਮ ਪਾਲ ਸਿੰਘ ਇਟਲੀ ਦੇ ‘ਅਧੂਰੇ ਖ਼ਾਬ’ !— ਡਾ. ਕੁਲਵਿੰਦਰ ਬਾਠ
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

by 

