ਮੇਰੇ ਦੋਸਤ ਕਈ ਵਾਰ ਮੈਂਨੂੰ ਕੈਂਸਰ ਦੀ ਬੀਮਾਰੀ ਬਾਰੇ ਸਵਾਲ ਪੁਛਦੇ। ਕੁਝ ਪੰਜਾਬੀ ਵਿਚ ਲਿਖਣ ਲਈ ਕਹਿੰਦੇ, ਜੋ ਮੇਰੀ ਮਾਂ ਬੋਲੀ ਹੈ। ਪਰ ਕਿਉਂਕਿ ‘ਕੈਂਸਰ’ ਇੱਕ ਵੱਡਾ ਮਜਮੂਨ ਹੈ ਜਿਸ ਵਿੱਚ ਨਿੱਤ ਨਵੀਆਂ ਖੋਜਾਂ ਹੋ ਰਹੀਆਂ ਹਨ, ਇਸ ਬਾਰੇ ਸਾਰਾ ਕੁਝ ਸਮਝਣਾ ਔਖਾ ਹੈ, ਤੇ ਸਮਝਾਣਾ ਹੋਰ ਵੀ ਔਖਾ ਹੈ। ਇਸ ਲਈ ਕਾਫੀ ਦੇਰ ਮੈਂ ਝਿਜਕਦਾ ਰਿਹਾ। ਦੁਨੀਆ ਵਿਚ ਬਹੁਤੀ ਖੋਜ ਦੇ ਨਤੀਜੇ ਅੰਗਰੇਜ਼ੀ ਲਿਖਤ ਅਤੇ ਜ਼ੁਬਾਨ ਵਿਚ ਸੰਚਾਰ ਕੀਤੇ ਜਾਂਦੇ ਹਨ, ਇਸ ਲਈ ਇਸਨੂੰ ਪੰਜਾਬੀ ਵਰਗੇ ਮਜ਼ਮੂਨ ਵਿਚ ਦਰਸਾਉਣਾ ਕੁਝ ਹੋਰ ਵੀ ਗੁੰਝਲਦਾਰ ਹੋ ਜਾਂਦਾ ਹੈ। ਪਰ, ਕੈਂਸਰ ਸਿਰਫ਼ ਅੰਗਰੇਜ਼ੀ ਪੜ੍ਹਨ ਵਾਲਿਆਂ ਦੀ ਧਰਤੀ ਤੇ ਨਹੀਂ ਹੁੰਦੀ, ਕੈਂਸਰ ਦੀਆਂ ਖਬਰਾਂ ਪੰਜਾਬੀ ਅਖ਼ਬਾਰਾਂ ਵਿਚ ਹੁਣ ਆਮ ਛਪਦੀਆਂ ਰਹਿੰਦੀਆਂ ਹਨ। ਅੰਗਰੇਜ਼ੀ ਰਸਾਲਿਆਂ ਵਿਚ ਲੋਕਾਂ ਦੀ ਜਾਣਕਾਰੀ ਲਈ ਸਰਲ ਭਾਸ਼ਾ ਵਿਚ ਬਹੁਤ ਕੁਝ ਛਪਦਾ ਰਹਿੰਦਾ ਹੈ। ਜੋ ਪੰਜਾਬੀ ਅਖਬਾਰਾਂ ਵਿਚ ਛਪਦਾ ਹੈ, ਉਨ੍ਹਾਂ ਦੇ ਸਬੂਤ ਲੱਭਣੇ ਤੇ ਵੇਰਵੇ ਦੇਣੇ ਬਹੁਤੀ ਸਿਆਣੀ ਗੱਲ ਨਹੀਂ ਜਾਪਦੀ। ਕਈ ਲੇਖ ਤਾਂ ਇਸ ਤਰ੍ਹਾਂ ਦੇ ਲੋਕਾਂ ਦੇ ਲਿਖੇ ਹੁੰਦੇ ਹਨ ਜੋ ਆਪਣੇ ਨਾਵਾਂ ਨਾਲ ਡਾਕਟਰ ਲਿਖਕੇ, ਚੰਗੀਆਂ-ਮਾੜੀਆਂ ਦਵਾਈਆਂ ਵੀ ਦੇਈ ਜਾਂਦੇ ਹਨ। ਇਸ ਨਾਲ ਲੋਕਾਂ ਦਾ ਧਰਵਾਸ ਬਣਿਆ ਰਹਿੰਦਾ ਹੈ ‘ਤੇ ਕੁਝ ਲੋਕਾਂ ਦਾ ਤੋਰੀ-ਫੁਲਕਾ ਚਲਦਾ ਰਹਿੰਦਾ ਹੈ। ਪਹਿਲੇ ਸਮਿਆਂ ਵਿਚ ਹੋਮੀਓਪੈਥੀ (Homeopathy) ਦੇ ਇਲਾਜ ਉਸ ਸਮੇਂ ਦੇ ਅਨੁਸਾਰ ਠੀਕ ਹੁੰਦੇ ਸਨ। ਪਰ, ਗੁਲਾਮੀ ਦੇ ਢੇਰ ਹੇਠਾਂ ਹੋਮੀਓਪੈਥੀ ਦੇ ਇਲਾਜ ਆਪਣੀ ਵੱਖਰੀ ਪਛਾਣ ਗੁਆ ਬੈਠੇ ਹਨ ਅਤੇ ਹੁਣ ਲੋਕ ਆਪੋ-ਆਪਣੀਆਂ ਤੂਤੀਆਂ ਜੋਗੇ ਹੀ ਰਹਿ ਗਏ ਲਗਦੇ ਹਨ। ਕਈ ਵਾਰ ਇਨ੍ਹਾਂ ਤੇ ਭੋਲੇ-ਭਾਲੇ ਲੋਕਾਂ ਨੂੰ ਭਰਮਾਉਣ ਦਾ ਦੋਸ਼ ਵੀ ਲਗਦਾ ਦੇਖਿਆ ਗਿਆ ਹੈ। ਅਜੋਕੇ ਵਿਗਿਆਨੀ ਲੇਖਾਂ ਵਿਚ ਹੋਮੀਓਪੈਥੀ ਦਾ ਵੇਰਵਾ ਬਹੁਤ ਘੱਟ ਮਿਲਦਾ ਹੈ ਭਾਵੇਂ ਵਿਗਿਆਨਕ ਖੋਜ ਅਤੇ ਹੋਮੀਓਪੈਥੀ ਦਾ ਆਪਸੀ ਸੰਬੰਧ ਜ਼ਰੂਰ ਹੈ। ਮੈਂ ਕੋਈ ਇਲਾਜ ਕਰਨ ਵਾਲਾ ਡਾਕਟਰ ਤਾਂ ਨਹੀਂ, ਪਰ ਵਿਗਿਆਨਕ ਖੋਜ ਸਮੇਂ ਜੀਵ-ਵਿਗਿਆਨੀਆਂ (biologists) ਦਾ ਕੈਂਸਰ ਦੇ ਵਿਸ਼ੇ ਨਾਲ ਵਾਹ ਹਮੇਸ਼ਾਂ ਪੈਂਦਾ ਰਹਿੰਦਾ ਹੈ। ਮੇਰਾ ਵੀ ਪੈਂਦਾ ਰਿਹਾ ਹੈ ਅਤੇ ਨਿੱਜੀ ਤੌਰ ਤੇ ਹਰ ਬੰਦੇ ਦਾ ਪੈਂਦਾ ਰਹਿੰਦਾ ਹੈ। ਇਸ ਲਈ ਕੈਂਸਰ ਦੇ ਮਜਮੂਨ ਵਿਚ ਬਹੁਤ ਸਾਰੇ ਲੋਕਾਂ ਦੀ ਜੋ ਵੀ ਦਿਲਚਸਪੀ ਹੈ, ਇਹ ਕੁਦਰਤੀ ਹੈ। ਇਸੇ ਤਰ੍ਹਾਂ ਮੇਰੀ ਵੀ ਹੈ। ਪਰ ਪੰਜਾਬੀ ਵਿਚ ਲਿਖਣ ਲਈ ਕੁਝ ਹੋਰ ਤਕਲੀਫਾਂ ਵੀ ਆਉਂਦੀਆਂ ਹਨ ਜਿਨ੍ਹਾਂ ਨੂੰ ਧਿਆਨ ਵਿਚ ਰਖਦਿਆਂ ਮੈਂ ਆਪਣੀ ਸਮਝ ਅਨੁਸਾਰ ਇਕ ਲੇਖ ਤਿਆਰ ਕਰਨ ਦਾ ਉਪਰਾਲ਼ਾ ਕੀਤਾ ਹੈ, ਜਿਸ ਵਿਚ ਮੇਰੀ ਕੋਸ਼ਿਸ਼ ਹੈ ਕਿ ਮੇਰਾ ਲੇਖ: 1. ਸੰਖੇਪ (ਛੋਟਾ) ਰਹਿ ਸਕੇ, 2.ਆਮ ਬੋਲੀ ਵਿਚ ਸਮਝਣ ਵਾਲਾ ਹੋਵੇ, ਤੇ ਮੇਰੀ ਇਹ ਵੀ ਕੋਸ਼ਿਸ਼ ਹੈ ਕਿ ਇਸ ਲੇਖ ਵਿਚ ਸਿਰਫ਼ ਸਾਦੇ ਢੰਗ ਨਾਲ ਗੱਲ ਕੀਤੀ ਜਾਵੇ। ‘ਗੁੰਝਲਦਾਰ ਵਿਸ਼ੇ ਤੇ ਸਾਦੇ ਤਰੀਕੇ ਨਾਲ ਗੱਲ ਕਰਨ ਦਾ ਢੰਗ’ ਬਹੁਤੇ ਪਾਠਕਾਂ ਦਾ ਹਿੱਤ ਪੂਰਦਾ ਹੈ। ਭਾਵੇਂ ਇਹ ਲੇਖ ਪੰਜਾਬੀ ਵਿਚ ਲਿਖਿਆ ਗਿਆ ਹੈ, ਪਰ ਕੈਂਸਰ ਦੀਆਂ ਕਿਸਮਾਂ ਦੇ ਨਾਮ ਸਿਰਫ ਪੰਜਾਬੀ ਵਿਚ ਦੇਣ ਨਾਲ ਲੇਖ ਦੀ ਸਾਦਗੀ ਵਿਚ ਕੋਈ ਵਾਧਾ ਨਹੀਂ ਹੁੰਦਾ। ਮੇਰੀ ਇਹ ਕੋਸ਼ਿਸ਼ ਤਾਂ ਕੈਂਸਰ ਬਾਰੇ ਆਮ ਜਾਣਕਾਰੀ ਦੇਣ ਲਈ ਕੀਤੀ ਗਈ ਹੈ। 1. ਮਨੁੱਖੀ ਸਰੀਰ: ਸਾਦੇ ਲਫਜਾਂ ਵਿਚ, ਜਿਸ ਤਰ੍ਹਾਂ ਰਹਿਣ ਲਈ ਘਰ ਕਈ ਕਿਸਮ ਦੀਆਂ ਇੱਟਾਂ, ਪੱਥਰਾਂ ਬਗੈਰਾ ਤੋਂ ਬਣੇ ਹੁੰਦੇ ਹਨ, ਇਸੇ ਤਰ੍ਹਾਂ ਮਨੁੱਖੀ ਸਰੀਰ ਦੇ ਛੋਟੇ ਛੋਟੇ ਟੁਕੜੇ ਹੁੰਦੇ ਹਨ ਜਿਹੜੇ ਜੁੜ ਜੁੜ ਕੇ ਵੱਖਰੇ ਅੰਗ ਬਣ ਜਾਂਦੇ ਹਨ। ਇਹ ਟੁਕੜੇ ਖੁਰਦਬੀਨ ਬਿਨਾ ਦੇਖੇ ਨਹੀਂ ਜਾ ਸਕਦੇ। ਇਨ੍ਹਾਂ ਨੂੰ ‘ਸੈਲ’ ਕਹਿੰਦੇ ਹਨ। ਇਹ ‘ਸੈਲ’ ਹੀ ਸਰੀਰ ਨੂੰ ਚਲਾਂਉਂਦੇ ਹਨ, ਅਤੇ ਜੀਂਦਿਆਂ ਰਖਦੇ ਹਨ। (ਜਿਵੇਂ ਬੈਟਰੀ ਦੇ ਸੈਲ ਬੈਟਰੀ ਨੂੰ ਚਲਾਂਦੇ ਨੇ)। ਸਰੀਰ ਵਿਚ ਇਨ੍ਹਾਂ ‘ਸੈਲਾਂ’ ਦੀਆਂ ਬਹੁਤ ਕਿਸਮਾਂ ਹੁੰਦੀਆਂ ਹਨ। ਦਿਮਾਗ ਦੇ ਸੈਲ ਵੱਖਰੀ ਕਿਸਮ ਦੇ ਹੁੰਦੇ ਹਨ। ਲਹੂ ਦੇ ਸੈਲ ਵੀ ਵੱਖਰੀ ਕਿਸਮ ਦੇ ਹੁੰਦੇ ਹਨ। ਇਹ ਸਾਰੇ ਸੈਲ ਇਕੋ ਕਿਸਮ ਦੇ ਸੈਲਾਂ ਤੋਂ ਸ਼ੁਰੂ ਹੋ ਕੇ ਵੱਖੋ ਵੱਖਰੇ ਰਸਤੇ ਅਪਣਾਕੇ ਪੈਦਾ ਹੋਏ ਹੁੰਦੇ ਹਨ। ਨਵੇਂ ਨਰੋਏ ਵੱਖ ਵੱਖ ਸਰੀਰਾਂ ਵਿਚ ਇਨ੍ਹਾਂ ਦੀ ਮਾਤਰਾ ਤਕਰੀਬਨ ਇਕੋ ਜਿਹੀ ਹੁੰਦੀ ਹੈ। ਥੋੜਾ ਬਹੁਤਾ ਫ਼ਰਕ ਜਰੂਰ ਹੁੰਦਾ ਹੈ ਜੋ ਉਮਰ ਅਨੁਸਾਰ ਸਭਨਾਂ ਲੋਕਾਂ ਵਿਚ ਬਦਲਦਾ ਵੀ ਰਹਿੰਦਾ ਹੈ। ਸਰੀਰ ਵਿਚਲੇ ‘ਸੈਲ’ ਟੁਟਦੇ-ਭਜਦੇ ਵੀ ਰਹਿੰਦੇ ਹਨ ਅਤੇ ਇਨ੍ਹਾਂ ਦੀ ਟੁੱਟ-ਭੱਜ ਦੀ ਪੂਰਤੀ ਲਈ ਨਵੇਂ ‘ਸੈਲ’ ਬਣਦੇ ਰਹਿੰਦੇ ਹਨ। ਕੋਈ ਸਮਾਂ ਆ ਜਾਂਦਾ ਹੈ ਜਦੋਂ ਨਵੇਂ ‘ਸੈਲ’ ਬਨਾਉਣ ਦੀ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਤੇ ਬੁਢਾਪੇ ਦੇ ਲੱਛਣ ਨਜ਼ਰ ਆਉਣ ਲੱਗ ਜਾਂਦੇ ਹਨ। ਸਹੀ ਖ਼ੁਰਾਕ ਤੇ ਸਹੀ ਜੀਵਨ-ਜਾਚ ਨਾਲ ਇਨਸਾਨ ਬੁਢਾਪੇ ਨੂੰ ਕੁਝ ਆਹਿਸਤਾ ਕਰ ਸਕਦਾ ਹੈ, ਪਰ ਆਖਰ ਨੂੰ ਇਹ ਨਵੇਂ ‘ਸੈਲ’ ਬਨਾਉਣ ਦੀ ਕ੍ਰਿਆ ਵੀ ਖਤਮ ਹੋ ਜਾਂਦੀ ਹੈ। 2. ਕੈਂਸਰ ਕੀ ਹੁੰਦੀ ਹੈ: ਜਦੋਂ ਸਰੀਰ ਦੇ ਕਿਸੇ ਕਿਸਮ ਦੇ ਸੈਲ ਬਹੁਤੇ ਵਧਣ ਲੱਗ ਜਾਣ ਤੇ ਦੂਸਰੀਆਂ ਕਿਸਮਾਂ ਦੇ ਸੈਲ ਘਟਣ ਲੱਗ ਪੈਣ ਤਾਂ ਅੱਡ ਅੱਡ ਸੈੱਲਾਂ ਦੀ ਮਾਤਰਾ ਬਹੁਤ ਅਦਲ-ਬਦਲ ਹੋ ਜਾਂਦੀ ਹੈ। ਉਸੇ ਨੂੰ ਕੈਂਸਰ ਕਹਿੰਦੇ ਹਨ। ਬਹੁਤੀ ਖੁਰਾਕ ਫਿਰ, ਇਹ ਇੱਕੋ ਕਿਸਮ ਦੇ ਸੈਲ ਖਾਣ ਲੱਗ ਪੈਂਦੇ ਹਨ ਤੇ ਬਾਕੀਆਂ ਦਾ ਨਿਘਾਰ ਹੋਣ (ਭੱਠਾ ਬਹਿਣ) ਲੱਗ ਜਾਂਦਾ ਹੈ। ਇਹ ਵਧ ਰਹੇ ਸੈਲ ਕਿਤੋਂ ਬਾਹਰੋਂ ਨਹੀਂ ਆਉਂਦੇ, ਇਸ ਲਈ ਇਹ ਘਰ ਦੇ ਭੇਤੀ ਸੈਲ, ਸਹਾਇਤਾ ਕਰਨ ਦੀ ਵਜਾਏ, ਸਭ ਕੁਝ ਆਪ ਹੀ ਸਮੇਟੀ ਜਾਂਦੇ ਹਨ। ਭ੍ਰਿਸ਼ਟਾਚਾਰ ਖਿੰਡਾਉਣ ਵਾਲੇ ਕਰਮਚਾਰੀਆਂ ਵਾਂਗ। 3. ਕੈਂਸਰ ਦੀਆਂ ਕਿਸਮਾਂ (Cancer Types): ਕੈਂਸਰ ਕੋਈ ਇਕ ਕਿਸਮ ਦੀ ਬੀਮਾਰੀ ਨਹੀਂ। ਸਾਡੇ ਸਰੀਰ ਦਾ ਕੋਈ ਹਿੱਸਾ ਕੈਂਸਰ ਦਾ ਸ਼ਿਕਾਰ ਹੋ ਸਕਦਾ ਹੈ। ਪਰ ਕਿਉਂਕਿ ਵੱਖ ਵੱਖ ਹਿੱਸੇ ਵੱਖੋ-ਵੱਖਰੇ ‘ਸੈਲਾਂ’ ਨਾਲ ਬਣੇ ਹੋਏ ਹਨ, ਇਸ ਲਈ ਕੈਂਸਰ ਦੀਆਂ ਕਿਸਮਾਂ ਵੀ ਬਹੁਤ ਹਨ। ਸਾਇੰਸਦਾਨਾਂ-ਡਾਕਟਰਾਂ ਨੇ ਵੱਖਰੀ ਵੱਖਰੀ ਪਛਾਣ ਵਾਲੀਆਂ ਕੈਂਸਰ ਦੀਆਂ ਤਕਰੀਬਨ 100 ਕਿਸਮਾਂ ਦੱਸੀਆਂ ਹਨ।। ਕੁਝ ਕਿਸਮਾਂ ਔਰਤਾਂ ਨਾਲ ਸੰਬੰਧਤ ਹਨ। ਛਾਤੀ, ਬੱਚੇਦਾਨੀ ਅਤੇ ਅੰਡੇਦਾਨੀ ਦਾ ਕੈਂਸਰ ਔਰਤਾਂ ਵਿਚ ਜ਼ਿਆਦਾ ਮਿਲਦਾ ਹੈ। ਇਸੇ ਤਰ੍ਹਾਂ ਕੁਝ ਕਿਸਮਾਂ ਮਰਦਾਂ ਵਿਚ ਆਮ ਹੁੰਦੀਆਂ ਹਨ। ਹੇਠਾਂ ਮੈਂ ਕੈਂਸਰ ਦੀਆਂ ਮੋਟੀਆਂ ਮੋਟੀਆਂ ਕਿਸਮਾਂ ਦਾ ਵੇਰਵਾ ਲਿਖ ਦਿੱਤਾ ਹੈ ਜੋ ਆਮ ਲੇਖਾਂ ਵਿਚ ਛਪਦਾ ਰਹਿੰਦਾ ਹੈ। ਕੈਂਸਰ ਕਿਸਮਾਂ ਦੀ ਸੂਚੀ (Cancer Types): Bile Duct Cancer ਬੇਸ਼ੱਕ, ਇਹ ਸੂਚੀ ਵੀ ਅਧੂਰੀ ਹੈ, ਪਰ ਇਸ ਨਾਲ ਕੁਝ ਗੱਲਾਂ ਕੀਤੀਆਂ ਜਾ ਸਕਦੀਆਂ ਹਨ। ਇਸ ਸੂਚੀ ਤੋਂ ਸਿੱਧ ਹੁੰਦਾ ਹੈ ਕਿ ਕੈਂਸਰ ਸਰੀਰ ਦੇ ਕਿਸੇ ਵੀ ਅੰਗ ਨੂੰ ਛੂਹ ਸਕਦੀ ਹੈ। ਜਦੋਂ ਸਰੀਰ ਦੇ ਕਿਸੇ ਵੀ ਅੰਗ ਨੂੰ ਲਗਾਤਾਰ ਠੇਸ ਪਹੁੰਚੀ ਤੇ ਉਸ ਅੰਗ ਵਿਚ ਐਸੀ ਤਬਦੀਲੀ ਆਈ ਕਿ ਕੁਝ ਸੈਲ ਬਹੁਤ ਵਧਣ ਲੱਗ ਪਏ ਤੇ ਦੂਸਰੇ ਸੈਲਾਂ ਤੇ ਇਨ੍ਹਾਂ ਦਾ ਅਸਰ ਭਾਰੂ ਹੋ ਗਿਆ। ਜੇ ਇਸ ਕ੍ਰਿਆ ਨੂੰ ਰੋਕਿਆ ਨਾ ਜਾ ਸਕੇ ਤਾਂ ਹੌਲੀ ਹੌਲੀ ਇਹ ਸਰੀਰ ਲਈ ਘਾਤਕ ਹੋ ਜਾਂਦੀ ਹੈ। ਕੈਂਸਰ ਇਕ ਜਾਨ-ਲੇਵਾ ਰੋਗ ਹੈ। 4. ਕੈਂਸਰ ਕਿਉਂ ਹੋ ਜਾਂਦੀ ਹੈ: ਕੈਂਸਰ ਸਾਰੇ ਲੋਕਾਂ ਨੂੰ ਨਹੀਂ ਹੁੰਦੀ। ਜੇ ਇਹ ਕਿਸੇ ਨੂੰ ਹੋ ਵੀ ਜਾਵੇ ਤਾਂ ਖੰਘ (Flu) ਵਾਂਗ ਫੈਲਦੀ ਨਹੀਂ। ਕੁਝ ਬੱਚੇ ਜਨਮ ਤੋਂ ਹੀ ਇਸ ਕਰਕੇ ਕਮਜ਼ੋਰ ਹੁੰਦੇ ਹਨ ਕਿ ਉਨ੍ਹਾਂ ਦੇ ਸਰੀਰਕ ਸੈੱਲਾਂ ਦੀ ਮਾਤਰਾ ਪਹਿਲਾਂ ਹੀ ਭੰਗ ਹੋਈ ਹੁੰਦੀ ਹੈ ਜਾਂ ਛੇਤੀ ਭੰਗ ਹੋ ਸਕਦੀ ਹੈ। ਇਹ ‘ਜਮਾਂਦਰੂ’ ਕਿਸਮ ਦੀ ਕੈਂਸਰ ਹੁੰਦੀ ਹੈ। ਬਹੁਤੇ ਨਵੇਂ ਨਰੋਏ ਲੋਕਾਂ ਵਿਚ ਇਸ ਮਾਤਰਾ ਨੂੰ ਭੰਗ ਹੋਣ ਤੋਂ ਉਮਰ ਭਰ ਰੋਕ ਰਹਿੰਦੀ ਹੈ। ਇਸ ਰੋਕਣ-ਦੇ-ਕਾਬਲ (ਅਰੋਗ) ਹਾਲਤ ਨੂੰ ਅੰਗਰੇਜੀ ਵਿੱਚ ‘ਇਮੂਨੋ-ਕੰਮਪੀਟੈਂਟ’, immuno-competent, ਕਿਹਾ ਜਾਂਦਾ ਹੈ। ਪਰ ਸਰੀਰਾਂ ਉੱਤੇ ਮਾੜੇ ਪੌਣ-ਪਾਣੀ-ਪਦਾਰਥਾਂ ਦੇ ਅਸਰ ਵੀ ਚਲਦੇ ਰਹਿੰਦੇ ਹਨ ਜਿਨ੍ਹਾਂ ਕਰਕੇ ‘ਸੈੱਲਾਂ’ ਦੀ ਮਸ਼ੀਨਰੀ (Genetic make-up) ਬਦਲਦੀ ਰਹਿੰਦੀ ਹੈ। ਆਮ ਤੌਰ ਤੇ ਇਸ ਅਦਲਾ-ਬਦਲੀ ਨਾਲ ਕੋਈ ਫਰਕ ਨਹੀਂ ਪੈਂਦਾ। ਕਦੇ-ਕਦਾਈਂ ਇਹ ਅਦਲਾ-ਬਦਲੀ ਕੈਂਸਰ ਦੇ ‘ਸੈੱਲ’ ਪੈਦਾ ਕਰਨ ਲੱਗ ਜਾਂਦੀ ਹੈ। ਇਸ ਹਾਲਤ ਨੂੰ ਰੋਕਣ-ਤੋਂ-ਅਸਮਰਥ, ਅੰਗਰੇਜੀ ਵਿੱਚ ‘ਇਮੂਨੋ-ਇਨਕੰਮਪੀਟੈਂਟ’ immuno-incompetent, ਕਿਹਾ ਜਾਂਦਾ ਹੈ। ਸਾਡੇ ਮਨੁੱਖੀ ਸਰੀਰ ਆਲੇ-ਦੁਆਲੇ ਦੇ ਵਾਤਾਵਰਨ ਅਨੁਸਾਰ ਢਲਦੇ ਰਹਿੰਦੇ ਹਨ। ਕੈਂਸਰ ਪੈਦਾ ਹੋਣ ਦੇ ਸਾਰੇ ਕਾਰਨ ਅਤੇ ਹੱਲ ਲੱਭ ਲੈਣਾ ਸਾਇੰਸਦਾਨ ਦੁਨੀਆ ਲਈ ਵੰਗਾਰ (Challenge) ਬਣੀ ਰਹਿੰਦੀ ਹੈ। ਆਦਤਾਂ ਪੱਖੋਂ ਮਨੁੱਖ ਮੁਨਾਫਾ-ਖੋਰ ਹੈ ਤੇ ਸੁਆਦ-ਖੋਰ ਹੈ। ਮੁਨਾਫਾ-ਖੋਰ ਲੋਕ ਜ਼ਹਿਰਾਂ ਪੈਦਾ ਕਰੀ ਜਾਂਦੇ ਹਨ ਤੇ ਸੁਆਦ-ਖੋਰ ਲੋਕ ਜ਼ਹਿਰਾਂ ਦੇ ਆਦੀ ਹੋਈ ਜਾਂਦੇ ਹਨ। ਇਹਨਾਂ ਤੋਂ ਛੁਟਕਾਰਾ ਕਰਨਾ ਸੌਖਾ ਨਹੀਂ ਹੁੰਦਾ। ‘ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ।’ ਹਵਾ ਵਿਚਲੇ ਧੂੰਏਂ ਨਾਲ ਕੈਂਸਰ ਵਿਚ ਵਾਧਾ ਹੁੰਦਾ ਰਹਿੰਦਾ ਹੈ, ਇਹ ਇੱਕ ਵਿਗਿਆਨਕ ਸਚਾਈ ਹੈ। ਇਸੇ ਕਰਕੇ ਸਿਗਰਟਾਂ-ਤੰਬਾਕੂ ਦਾ ਸਾਥ, ਧੂੰਆਂ-ਧਾਰ ਫੈਕਰੀਆਂ ਦੀ ਨੇੜਤਾ ਨਾਲ ਫੇਫੜਿਆਂ ਦੀ ਅਤੇ ਸਾਹ ਲੈਣ ਵਾਲੇ ਅੰਗਾਂ ਦੀ ਕੈਂਸਰ ਵਿੱਚ ਵਾਧਾ ਹੁੰਦਾ ਰਹਿੰਦਾ ਹੈ। ਜਿਨ੍ਹਾਂ ਥਾਵਾਂ ਤੇ ਖਤਰਨਾਕ ਦਵਾਈਆਂ ਬਣਦੀਆਂ ਹਨ ਜਾਂ ਬੰਬ ਬਣਦੇ ਹਨ ਜੇ ਉਹੀ ਖਤਰਨਾਕ ਪਦਾਰਥ ਚੋਅ ਕੇ ਪਾਣੀ ਵਿਚ ਆ ਵੜਨ ਤਾਂ ਲਾਗੇ ਰਹਿੰਦੇ ਲੋਕਾਂ ਵਿਚ ਕੈਂਸਰ ਦਾ ਵਾਧਾ ਹੁੰਦਾ ਹੈ। ਜਾਪਾਨ ਦੇ ਸ਼ਹਿਰ ਹੀਰੋਸ਼ੀਮਾ-ਨਾਗਾਸਾਕੀ ਪੰਜਾਹ-ਸੱਠ ਸਾਲ ਪਹਿਲਾਂ ਸੁੱਟੇ ਬੰਬਾਂ ਦਾ ਅਸਰ ਅਜੇ ਤੱਕ ਝੱਲ ਰਹੇ ਹਨ। ਇਸੇ ਤਰ੍ਹਾਂ ਅਮਰੀਕਾ ਦੇ ਸ਼ਹਿਰ ਨੀਊ-ਯਾਰਕ ਵਿਚ 9/11/2001 ਨੂੰ ਹੋਏ ਬੰਬ-ਧਮਾਕੇ ਵਿਚ ਫਸੇ ਬੰਦੇ ਜਹਿਰੀਲੀਆਂ ਵਸਤੂਆਂ ਦੇ ਅਸਰ ਹੇਠਾਂ ਅਜੇ ਵੀ ਕੈਂਸਰ ਦੀ ਲਪੇਟ ਵਿਚ ਆ ਰਹੇ ਹਨ। ਜਿਉਂ ਜਿਉਂ ਆਬਾਦੀ ਅਤੇ ਲਾਲਚ ਵਧ ਰਹੇ ਹਨ, ਤਿਉਂ ਤਿਉਂ ਹੀ ਵਾਤਾਵਰਣ ਵਿਚ ਤਬਦੀਲੀਆਂ ਆ ਰਹੀਆਂ ਹਨ। ਇਨ੍ਹਾਂ ਤਬਦੀਲੀਆਂ ਦੇ ਮਨੁੱਖੀ ਸਰੀਰ ’ਤੇ ਚੰਗੇ-ਮਾੜੇ ਅਸਰ ਵੀ ਪੈਂਦੇ ਰਹਿੰਦੇ ਹਨ। ਘਟੀਆ ਖੁਰਾਕ, ਸੁਸਤ ਜੀਵਨ ਜਾਚ ਨਾਲ ਕੈਂਸਰ ਨਹੀਂ ਹੁੰਦਾ ਪਰ ਇਸਦਾ ਟਾਕਰਾ ਕਰਨਾ ਔਖਾ ਹੋ ਜਾਂਦਾ ਹੈ। ਆਮ ਤੌਰ ‘ਤੇ ਬੰਦੇ ਨੂੰ ਹਮੇਸ਼ਾ ਡਰਦੇ ਵੀ ਨਹੀਂ ਰਹਿਣਾ ਚਾਹੀਦਾ, ਪਰ ਸਾਵਧਾਨ ਰਹਿਣ ਵਿਚ ਸਿਆਣਪ ਹੈ। 5. ਇਲਾਜ ਅਤੇ ਰੋਕ-ਥਾਮ: ਕੈਂਸਰ ਤੋਂ ਛੁਟਕਾਰੇ ਦੇ ਤਰੀਕੇ ਬਹੁਤ ਤਰੱਕੀ ਕਰ ਗਏ ਹਨ ਅਤੇ ਇਨ੍ਹਾਂ ਵਿਚ ਨਿੱਤ ਨਵੇਂ ਵਾਧੇ ਹੋ ਰਹੇ ਹਨ। ਕੈਂਸਰ ਦੇ ਹਰ ਇਲਾਜ ਦਾ ਮਕਸਦ ਇਹੀ ਹੁੰਦਾ ਹੈ ਕਿ ਵਧ ਰਹੇ ਸੈਲਾਂ ਨੂੰ ਕਿਵੇਂ ਨਾ ਕਿਵੇਂ ਵਧਣੋ ਹਟਾਇਆ ਜਾਵੇ। ਕਈ ਵਾਰ ਸਿਰਫ ਇਕ ਹੀ ਢੰਗ ਵਰਤਿਆ ਜਾਂਦਾ ਹੈ, ਕਈ ਵਾਰ ਮਿਲਾਕੇ ਕਈ ਢੰਗ ਵਰਤੇ ਜਾਂਦੇ ਹਨ। ਜੇ ਚਮੜੀ ਦੇ ਕਿਸੇ ਹਿੱਸੇ ਤੇ ਕੈਂਸਰ ਸ਼ੁਰੂ ਹੋ ਜਾਵੇ ਤਾਂ ਡਾਕਟਰ ਉਸ ਹਿੱਸੇ ਨੂੰ ਕੱਟਕੇ (ਸਰਜਰੀ ਨਾਲ) ਹੀ ਇਸਨੂੰ ਰੋਕ ਸਕਦੇ ਹਨ। ਇਸ ਲਈ ਜਿੰਨੀ ਜਲਦੀ ਕੈਂਸਰ ਦਾ ਪਤਾ ਲੱਗ ਜਾਵੇ ਉਤਨਾ ਹੀ ਇਲਾਜ ਸੌਖਾ ਰਹਿੰਦਾ ਹੈ। ਪਰ ‘ਲਹੂ ਦੀ ਕੈਂਸਰ’ ਨੂੰ ਕੱਟਕੇ (ਸਰਜਰੀ ਕਰਕੇ) ਨਹੀਂ ਹਟਾਇਆ ਜਾ ਸਕਦਾ। ਨਾਲੇ ‘ਲਹੂ ਦੀ ਕੈਂਸਰ’ ਦੀਆਂ ਕਿਸਮਾਂ ਵੀ ਬਹੁਤ ਹੁੰਦੀਆਂ ਹਨ, ਇਸ ਲਈ ਇਲਾਜ ਤੋਂ ਪਹਿਲਾਂ ਕਿਸਮਾਂ ਦੀ ਪਰਖ ਜਰੂਰੀ ਹੋ ਜਾਂਦੀ ਹੈ ਤਾਂ ਕਿ ਇਲਾਜ ਵੀ ਸਹੀ ਢੰਗ ਨਾਲ ਕੀਤਾ ਜਾ ਸਕੇ। ਹਰ ਇਲਾਜ ਦੇ ਮਾੜੇ ਅਸਰ ਵੀ ਹੁੰਦੇ ਹਨ, ਇਸ ਲਈ ਮਰੀਜ਼ ਦੀ ਉਮਰ ਅਤੇ ਸਿਹਤ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੁੰਦਾ ਹੈ। ਜਿੰਨੇ ਚੰਗੇ ਡਾਕਟਰ ਉਤਨੀ ਚੰਗੀ ਮਰੀਜ਼ ਦੀ ਕਿਸਮਤ। ਹੇਠਾਂ, ਮੈਂ ਇਲਾਜਾਂ ਦੀ ਉਹ ਸੂਚੀ ਲਿਖ ਰਿਹਾ ਹਾਂ ਜੋ, 21ਵੀਂ ਸਦੀ ਦੇ ਵਿਕਸਿਤ ਦੇਸਾਂ ਵਿਚ, ਕੈਂਸਰ ਦੇ ਇਲਾਜਾਂ ਲਈ ਆਮ ਵਰਤੀਆਂ ਜਾਂਦੀਆਂ ਹਨ। ਕਿਸੇ ਲਈ ਸਿਰਫ ਇਕ ਹੀ ਕਾਫੀ ਹੁੰਦਾ ਹੈ। ਆਮ ਤੌਰ ਤੇ ਦੋ ਜਾਂ ਵੱਧ ਕਿਸਮ ਦੇ ਇਲਾਜ ਵਰਤੇ ਜਾਂਦੇ ਹਨ, ਤਾਂ ਕਿ ਕੈਂਸਰ ਦੇ ਸੈਲਾਂ ਦਾ ਖਾਤਮਾ ਕਰ ਦਿੱਤਾ ਜਾਵੇ। 1. Chemotherapy (ਕੀਮੋਥੇਰੇਪੀ ਜਾਂ ਦਵਾਈਆਂ) ਇਹਨਾਂ ਵਿੱਚੋਂ ਕਈਆਂ ਬਾਰੇ ਤਾਂ ਮੈਂ ਵੀ ਹੁਣੇ ਸੁਣਿਆ ਹੈ। ਪਰ ਜਦੋਂ ਤੁਸੀਂ ਡਾਕਟਰ ਦੇ ਜਾਂਦੇ ਹੋ ਤਾਂ ਡਾਕਟਰ ਦਾ ਫਰਜ਼ ਅਤੇ ਤੁਹਾਡਾ ਹੱਕ ਹੁੰਦਾ ਹੈ ਕਿ ਤੁਹਾਨੂੰ ਇਲਾਜ ਦੇ ਨਫੇ-ਨੁਕਸਾਨ ਤੇ ਖਤਰੇ ਬਾਰੇ ਜਾਣਕਾਰੀ ਦਿੱਤੀ ਜਾਵੇ। ਕਈ ਬਾਰ ਬੀਮਾਰੀ ਇਤਨੀ ਵਧ ਜਾਂਦੀ ਹੈ ਕਿ ਮਰੀਜ਼ ਦੇ ਇਲਾਜ਼ ਨਾਲੋਂ ਉਸਦੀ ਰਹਿੰਦੀ ਜ਼ਿਦਗੀ ਨੂੰ ਜਿਉਣ-ਜੋਗੀ ਰਹਿਣ ਦਿੱਤਾ ਜਾਵੇ ਅਤੇ ਉਸਦੀ ਪੀੜ ਨੂੰ ਕਾਬੂ ਕਰ ਲਿਆ ਜਾਵੇ। ਇਸ ਲਈ ਵੀ ਵੱਖੋ-ਵੱਖਰੀਆਂ ਵਿਧੀਆਂ ਵਰਤੀਆਂ ਜਾਂਦੀਆਂ ਹਨ। ਜਿਨ੍ਹਾਂ ਲੋਕਾਂ ਨੂੰ ਇਹ ਪਰਾਪਤ ਹੋ ਸਕਣ, ਉਹ ਸੁਭਾਗੇ ਹੁੰਦੇ ਹਨ। 6. ਮੈਂਨੂੰ ਕੈਂਸਰ ਕਿਉਂ ਹੋਈ? ਇਸ ਸਵਾਲ ਦਾ ਸਹੀ ਉੱਤਰ ਕਿਸੇ ਡਾਕਟਰ ਕੋਲੋਂ ਨਹੀਂ ਮਿਲਿਆ। ਮੇਰਾ ਆਪਣਾ ਖਿਆਲ ਹੈ ਕਿ ਕੰਮ ਕਰਨ ਸਮੇਂ ਮੇਰੇ ਅੰਦਰ ਕੋਈ ਐਸੇ ਪਦਾਰਥ (Chemicals) ਦਾਖਲ ਹੁੰਦੇ ਗਏ ਜਿਨ੍ਹਾਂ ਨੇ ਮੇਰੇ ਸੈੱਲਾਂ ਦੀ ਮਾਤਰਾ ਭੰਗ ਕਰ ਦਿੱਤੀ। ਪੁਰਾਣੇ ਸਮਿਆਂ ਵਿਚ ਮੇਰੇ ਵਰਗੇ ਰਸਾਇਣਕ-ਵਿਗਿਆਨੀ (Chemists) ਅਕਸਰ ਮੇਰੇ ਨਾਲੋਂ ਛੋਟੀ ਉਮਰ ਵਿਚ ਚੱਲ ਵਸਦੇ ਸਨ। ਉਦੋਂ ਬਚਾਊ-ਸਹੂਲਤਾਂ ਵੀ ਘੱਟ ਸਨ ਤੇ ਤਜ਼ਰਬੇ ਕਰਨ ਸਮੇਂ ਲੋਕ ਸ਼ਾਇਦ ਧਿਆਨ ਵੀ ਘੱਟ ਰੱਖਦੇ ਸਨ। ਇਨ੍ਹਾਂ ਸਾਰੀਆਂ ਗੱਲਾਂ ਨੂੰ ਹੁਣ ਕੌਣ ਜਾਣੇ, ਕੌਣ ਸਮਝੇ? ਬੀਮਾਰੀ ਤੋਂ ਬਾਅਦ ਮੇਰੀ ਤਾਕਤ ਇੰਨੀ ਘਟ ਗਈ ਕਿ ਸਾਇੰਸ ਦੀਆਂ ਸਾਰੀਆਂ ਲੜੀਆਂ ਅਧੂਰੀਆਂ ਰਹਿ ਗਈਆਂ ਤੇ ਹੌਲੀ ਹੌਲੀ ਮੇਰਾ ਰੁਝਾਨ ਸਾਹਿਤ ਵੱਲ ਹੋ ਗਿਆ। ਮੈਂ ਬਹੁਤ ਕਿਤਾਬਾਂ ਫਰੋਲੀਆਂ ਤੇ ਪੜ੍ਹੀਆਂ। ਸਾਹਿਤਕਾਰਾਂ ਦੇ ਦਰਸ਼ਨ ਕੀਤੇ, ਸਾਹਿਤਕ ਸਰਗਰਮੀਆਂ ਵਿਚ ਹਿੱਸਾ ਲਿਆ। ਇਸੇ ਸਮੇਂ ਮੈਂ ਗੁਜ਼ਾਰੇ ਜੋਗਾ ਪੰਜਾਬੀ ਕੰਪਿਊਟਰ ਵੀ ਸਿੱਖਿਆ ਤੇ ਪੰਜ ਕਾਵਿ-ਸੰਗ੍ਰਹਿ ਰਚੇ ਤੇ ਪ੍ਰਕਾਸ਼ਤ ਵੀ ਕਰਵਾ ਲਏ। ਜਦੋਂ ਬੰਦਾ ਮੌਤ ਦੇ ਮੂੰਹ ਵਿੱਚੋਂ ਨਿੱਕਲ ਜਾਂਦਾ ਹੈ, ਤਾਂ ਉਸਨੂੰ ਜ਼ਿੰਦਗੀ ਦੀ ਸਹੀ ਕੀਮਤ ਸਮਝ ਆਉਣ ਲਗਦੀ ਹੈ, ਤੇ ਅਹਿਸਾਸ ਆਉਂਦਾ ਹੈ ਕਿ ਦੁੱਖਾਂ ਵਿਚ ਵੀ ਖੁਸ਼ ਰਹਿਣਾ ਕੋਈ ਮਾੜੀ ਗੱਲ ਨਹੀਂ। ਉਹਦੀ ਮਨੋਵਿਰਤੀ ਬਦਲ ਜਾਂਦੀ ਹੈ ਅਤੇ ਰੁਖ਼ ਬਦਲ ਜਾਂਦਾ ਹੈ। ਕਈ ਦਫਾ ਇਹ ਰੁਖ਼ ਹੋਰ ਲੋਕਾਂ ਨਾਲ ਮੇਲ਼ ਨਹੀਂ ਖਾਂਦਾ। ਕੌਣ ਜਾਣੇ ਪੀੜ ਪਰਾਈ? ਕਈ ਵਾਰ ਬੋਦੇ ਰਿਸ਼ਤੇ ਤਿਆਗਣੇ ਵੀ ਪੈਂਦੇ ਹਨ, ਇਹ ਸਭ ਕੁਝ ਬਹੁਤ ਦੁਖਦਾਈ ਹੁੰਦਾ ਹੈ। ਸਾਰੇ ਲੋਕਾਂ ਨੂੰ ਖੁਸ਼ ਰੱਖਣਾ ਮੇਰੇ ਵੱਸ ਦਾ ਰੋਗ ਨਹੀਂ ਸੀ। ਆਪਣੇ ਆਪ ਨੂੰ ਖੁਸ਼ ਰੱਖਣ ਲਈ ਮੈਂ ਹੁਣ ਗੁਜ਼ਾਰੇ ਜੋਗਾ ਢੋਲ, ਢੱਡ ਅਤੇ ਤੂੰਬੀ ਸਿੱਖ ਲਏ ਹਨ। ਹਾਰਮੋਨੀਅਮ ਤੇ ਹੱਥ ਮਾਰਨਾ ਸ਼ੁਰੂ ਕਰ ਲਿਆ ਹੈ, ਸਰੰਗੀ ਲਿਆਕੇ ਰੱਖੀ ਹੋਈ ਹੈ। ਇਹ ਸਭ ਰੁਝਾਨ ਕਿਸੇ ਆਹਰ ਵਿੱਚ ਜੁੜੇ ਰਹਿਣ ਲਈ ਹਨ। ਇਹ ਰੁਝਾਨ ਉਨ੍ਹਾਂ ਲਿਖਤਾਂ ਅਨੁਸਾਰ ਠੀਕ ਹਨ ਜਿਨ੍ਹਾਂ ਦਾ ਕੈਂਸਰ ਦੇ ਵਿਸ਼ੇ ਨਾਲ ਸੰਬੰਧ ਹੈ। ਇਹ ਸਾਰੇ ਰੁਝਾਨ ਗੁਰਬਾਣੀ ਅਨੁਸਾਰ ਵੀ ਠੀਕ ਜਾਪਦੇ ਹਨ, ‘ਨਚਣੁ ਕੁਦਣੁ ਮਨ ਕਾ ਚਾਉ।’ ਕੈਂਸਰ ਦਾ ਅਸਰ ਜੋ ਨੇੜੇ ਦੇ ਪਰਿਵਾਰ ਤੇ ਪੈਂਦਾ ਹੈ, ਉਹ ਕੋਈ ਵਿਰਲਾ ਹੀ ਲਿਖ ਸਕਦਾ ਹੈ। ਹਰ ਪਰਿਵਾਰ ਦੀ ਕਹਾਣੀ ਵੱਖਰੀ ਹੁੰਦੀ ਹੈ। ਦਸ ਸਾਲ ਲਗਾਤਾਰ ਜੋ ਤਕਲੀਫਾਂ ਮੇਰੀ ਜੀਵਨ-ਸਾਥਣ ਨੇ ਝੱਲੀਆਂ, ਉਹ ਵੀ ਇਕ, ਲਿਖਣ ਵਾਲੀ, ਅਣਲਿਖੀ ਗਾਥਾ ਹੈ। ਡੇਢ ਦੋ ਸਾਲ ਪਹਿਲਾਂ ਜਦੋਂ ਮੈਂ ਇਹ ਲੇਖ ਲਿਖਣਾ ਸ਼ੁਰੂ ਕੀਤਾ ਤਾਂ ਮੇਰੀ ਪਤਨੀ ਨੂੰ ਗਲ਼ੇ ਦੀ ਕੈਂਸਰ ਦਾ ਸੱਦਾ ਆ ਗਿਆ। ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿੱਕਲ ਗਈ। ਲੇਖ ਵੀ ਲਟਕਦਾ ਰਹਿ ਗਿਆ। ਪਰ ਉਹਨੇ ਆਪਣਾ ਹੌਸਲਾ ਕਾਇਮ ਰੱਖਿਆ। ਹੁਣ ਉਹਦਾ ਸਫਲ ਇਲਾਜ ਹੋ ਚੁੱਕਿਆ ਹੈ, ਤੇ ਅਗਲੇ ਸਮੇਂ ਲਈ ਨਿਗਰਾਨੀ ਹੇਠ ਹੈ। ਉਹ ਵੀ ਹੁਣ ਹਾਰਮੋਨੀਅਮ ਤੇ ਉਂਗਲਾਂ ਫੇਰਨ ਲੱਗ ਪਈ ਹੈ। ਤਿੰਨ-ਚਾਰ ਸਾਲ ਪਹਿਲਾਂ ਮੈਂਨੂੰ ਉਹਦੇ ਗਲ਼ੇ ਵਿਚ ਸੋਜੇ ਦੀ ਸ਼ੱਕ ਪਈ ਸੀ, ਪਰ ਉਸਤੇ ਮੇਰੀ ਕਹੀ ਦਾ ਬਹੁਤਾ ਅਸਰ ਨਾ ਪਿਆ ਤੇ ਇੱਕੋ ਡਾਕਟਰ ਦੀ ਸਲਾਹ ਅਨੁਸਾਰ ਦਵਾਈਆਂ ਖਾਂਦੀ ਰਹੀ, ਭਾਵੇਂ ਉਹਦੀ ਤਾਕਤ ਘਟਦੀ ਜਾ ਰਹੀ ਸੀ। ਗੱਲ ਵਿੱਚੇ ਲਟਕਦੀ ਰਹਿ ਗਈ। ਕਾਸ਼, ਉਦੋਂ ਮੈਂ ਗੁਰਦਾਸ ਮਾਨ ਦਾ ਇਹ ਗਾਣਾ ਸੁਣਿਆ ਹੋਇਆ ਹੁੰਦਾ: ‘ਮੁੜਕੇ ਸੂਤ ਨਹੀਂ ਆਉਣੀ, ਜੇ ਗੱਲ ਵਿਗੜ ਗਈ।’ ਅੰਤਲੇ ਸ਼ਬਦ: ਇਸ ਮਜਮੂਨ ਨੂੰ ਬਹੁਤ ਵਧਾਇਆ ਜਾ ਸਕਦਾ ਹੈ, ਪਰ ਇਸਨੂੰ ਸਾਦਾ ਰੱਖਣ ਲਈ ਕੁਝ ਆਮ ਗੱਲਾਂ ਕਰਕੇ ਮੈਂ ਇਸਦੀ ਸਮਾਪਤੀ ਵੱਲ ਜਾ ਰਿਹਾ ਹਾਂ। 1. ਜੇ ਤੁਹਾਨੂੰ ਜਾਂ ਤੁਹਾਡੇ ਘਰ ਦੇ ਕਿਸੇ ਬੰਦੇ ਨੂੰ ਕੈਂਸਰ ਹੋ ਗਈ ਹੈ ਤਾਂ ਤੁਸੀਂ ਇਕੱਲੇ ਨਹੀਂ; ਅਸਲ ਵਿਚ, ਵਡੇਰੀ ਉਮਰ ਵਿਚ ਕਾਫੀ ਲੋਕ ਕੈਂਸਰ ਦੇ ਸ਼ਿਕਾਰ ਹੋ ਜਾਂਦੇ ਹਨ। ਕਈ ਬਾਰ ਤਾਂ ਲੋਕਾਂ ਨੂੰ ਪਤਾ ਵੀ ਨਹੀਂ ਲਗਦਾ। ਪਰ ਇਹ ਸਿਰਫ ਵਡੇਰੀ ਉਮਰ ਵਿਚ ਨਹੀਂ ਹੁੰਦੀ, ਕੈਂਸਰ ਅਕਸਰ ਹਰੇਕ ਵਰਗ ਦੇ ਕੁਝ ਲੋਕਾਂ ਨੂੰ ਹੁੰਦੀ ਰਹਿੰਦੀ ਹੈ। 2. ਕਈ ਬੱਚਿਆਂ ਨੂੰ ਕੈਂਸਰ ਜੰਮਣ ਸਮੇਂ ਹੀ ਸ਼ੁਰੂ ਹੋਇਆ ਹੁੰਦਾ ਹੈ, ਇਹ ਤਾਂ ਕੁਦਰਤ ਦੇ ਹੱਥ ਹੈ, ਪਰ ਬਹੁਤੇ ਲੋਕਾਂ ਲਈ ਕੈਂਸਰ ਦੇ ਸ਼ਿਕਾਰ ਹੋ ਜਾਣਾ ਸਾਡੀ ਰਹਿਣੀ-ਬਹਿਣੀ, ਸਾਡੇ ਖਾਣ-ਪੀਣ ਅਤੇ ਕੰਮ ਕਰਨ ਦੇ ਢੰਗਾਂ ’ਤੇ ਵੀ ਨਿਰਭਰ ਹੁੰਦਾ ਹੈ। ਇਸ ਲਈ ਸਾਫ-ਸੁਥਰੀ ਸਾਦੀ ਖੁਰਾਕ ਅਤੇ ਤੁਰਦੇ-ਫਿਰਦੇ ਰਹਿਣ ਦੀ ਆਦਤ ਪੈਦਾ ਕਰਨ ਨਾਲ ਕੈਂਸਰ ਦੇ ਰੋਗਾਂ ਦਾ ਡਰ ਘੱਟ ਹੁੰਦਾ ਹੈ। ਸਿਗਰਟ ਪੀਣ ਵਾਲਿਆਂ ਨੂੰ ਫੇਫੜੇ ਦੀ ਕੈਂਸਰ (Lung Cancer) ਆਮ ਹੋ ਜਾਂਦੀ ਹੈ। ਮੇਰੇ ਕਈ ਦੋਸਤ, ਜੋ ਛੋਟੀ ਉਮਰ ਵਿਚ ਚਲ ਵਸੇ, ਸਿਗਟਾਂ ਦੇ ਆਦੀ ਸਨ। ਅਜਕਲ ਬਹੁਤੇ ਕਿਸਾਨ ਕੀੜੇਮਾਰ ਦਵਾਈਆਂ ਵਰਤ ਰਹੇ ਹਨ। ਇਨ੍ਹਾਂ ਦੀ ਵਰਤੋਂ ਸਹੀ ਢੰਗਾਂ ਨਾਲ ਕਰਨੀ ਬਹੁਤ ਜਰੂਰੀ ਹੈ। ਅਗਾਂਹ ਵਧੇ ਸਾਇੰਸ-ਪੱਖੀ ਮੁਲਕਾਂ ਵਿਚ ਕੈਂਸਰ ਬਾਰੇ ਖੁੱਲੀ ਬਹਿਸ ਚਲਦੀ ਰਹਿੰਦੀ ਹੈ। ਜਨਾਨੀਆਂ ਨੂੰ ਹਰ ਸਾਲ ਸ਼ਨਾਖਤ ਕਰਾਉਣ ਬਾਰੇ ਸਲਾਹ ਦਿੱਤੀ ਜਾਂਦੀ ਹੈ। ਸੁਣਿਆ ਹੈ ਕਿ ਅਮਰੀਕਾ ਵਿਚ ਇਹ ਵਰਤਾਰਾ 40-50 ਸਾਲਾਂ ਤੋਂ ਚਲਦਾ ਆ ਰਿਹਾ ਹੈ। ਟੈਸਟ ਕਰਵਾਉਣ ਨਾਲ ਉਦੋਂ ਪਤਾ ਲੱਗ ਸਕਦਾ ਹੈ ਜਦੋਂ ਅਜੇ ਬਾਹਰੋਂ ਕੋਈ ਨਾਮ-ਨਿਸ਼ਾਨ ਵੀ ਨਾ ਦਿਸਦਾ ਹੋਵੇ। ਛਾਣ-ਬੀਣ ਉਨ੍ਹਾਂ ਵਾਸਤੇ ਹੋਰ ਵੀ ਜ਼ਰੂਰੀ ਹੈ ਜਿਨ੍ਹਾਂ ਨੇ ਟੱਬਰ ਦਾ ਕੋਈ ਜੀਅ, ਮਾਂ-ਬਾਪ ਭੈਣ-ਭਰਾ, ਕੈਂਸਰ ਦਾ ਮਰੀਜ਼ ਰਿਹਾ ਹੋਵੇ। ਜਦੋਂ ਕੈਂਸਰ ਦੇ ਸੈਲ ਬਣਦੇ ਹਨ, ਉਹ ਖਾਸ ਰਸਾਇਣਿਕ ਪਦਾਰਥ (Chemicals) ਪੈਦਾ ਕਰਦੇ ਹਨ। ਇਨ੍ਹਾਂ ਰਸਾਇਣਿਕ ਪਦਾਰਥਾਂ ਦੀ ਹੋਂਦ ਪਛਾਣ ਕਰ ਸਕਣ ਨਾਲ ਕੈਂਸਰ ਸ਼ੁਰੂ ਵਿਚ ਪਛਾਣੀ ਜਾ ਸਕਦੀ ਹੈ। ਉਦੋਂ ਇਲਾਜ ਸੌਖਾ ਹੁੰਦਾ ਹੈ। ਇਨ੍ਹਾਂ ਤਕਨੀਕਾਂ ਦੀ ਵਰਤੋਂ, ਛਾਣ-ਬੀਣ ਜਾਂ ਹੋਰ, ਚੰਗੇ ਖੋਜੀਆਂ ਅਤੇ ਕਾਮਿਆਂ ਤੇ ਨਿਰਭਰ ਹੁੰਦੀ ਹੈ। ਕੈਂਸਰ ਲਈ ਕੋਈ ਆਪਣਾ ਬੇਗਾਨਾ ਨਹੀਂ ਹੁੰਦਾ। ਇਹ ਉਨ੍ਹਾਂ ਲੋਕਾਂ ਨੂੰ ਵੀ ਹੋ ਜਾਂਦੀ ਹੈ ਜਿਨ੍ਹਾਂ ਬਾਰੇ ਕੋਈ ਸੋਚ ਵੀ ਨਾ ਸਕਦਾ ਹੋਵੇ। ਲਿਖਾਰੀ, ਖਿਡਾਰੀ, ਡਾਕਟਰ, ਨੀਤੀਵਾਨ, ਐਕਟਰ, ਸਾਇੰਸਦਾਨ, ਬੱਚੇ ਅਤੇ, ਆਮ ਲੋਕ। ਪੰਜਾਬੀ ਸਾਹਿਤਕਾਰ ਅਜਮੇਰ ਔਲਖ, ਬਲਦੇਵ ‘ਸੜਕਨਾਮਾ’ ਦਾ ਪੋਤਰਾ, ਢਾਡੀ ਬਲਬੀਰ ਸਿੰਘ ਬੀਹਲਾ ਕੁਝ ਪੰਜਾਬੀ ਨਾਮ ਹਨ। ਇਸੇ ਤਰ੍ਹਾਂ, ਅਮਰੀਕਾ ਵਿਚ ਬਾਸਕਟਬਾਲ ਦਾ ਵੱਡਾ ਖਿਡਾਰੀ ਕਰੀਮ ਅਬਦੁਲ-ਜਬਾਰ, ਟੈਨਿਸ ਸਟਾਰ ਕੋਰੀਨਾ, ਪਰਧਾਨ ਜੋਹਨ ਕੈਨੇਡੀ ਦਾ ਭਰਾ ਸੈਨੇਟਰ ਟੈਡ ਕੈਨੇਡੀ, ਇਤ ਆਦਿ ਨੂੰ ਕੈਂਸਰ ਨੇ ਘੇਰਿਆ। ਸੂਚੀ ਸਦਾ ਵਧਦੀ ਰਹਿੰਦੀ ਹੈ। ਕਰੀਮ ਅਬਦੁਲ-ਜਬਾਰ ਅਤੇ ਕੋਰੀਨਾ, ਕੈਂਸਰ ਤੇ ਕਾਬੂ ਪਾ ਗਏ। ਬਾਕੀ, ਟੈਡ ਕੈਨੇਡੀ ਸਮੇਤ, ਐਨੇ ਸੁਭਾਗੇ ਨਾ ਨਿਕਲੇ। ਕੈਂਸਰ ਤੋਂ ਬਚੇ ਮਸ਼ਹੂਰ ਲੋਕ ਕੈਂਸਰ ਬਾਰੇ ਜਾਣਕਾਰੀ ਵਧਾਉਣ ਵਿਚ ਆਪਣਾ ਯੋਗਦਾਨ ਪਾ ਰਹੇ ਹਨ। ਇਸ ਮੁਹਿੰਮ ਵਿਚ ਨਿਤ ਨਵੇਂ ਲੋਕ ਮਿਲ ਰਹੇ ਹਨ। ਕੈਂਸਰ ਦੇ ਮਰੀਜਾਂ ਅਤੇ ਉਨ੍ਹਾਂ ਦੀ ਸੰਭਾਲ ਵਿਚ ਲੱਗੇ ਭਲੇ ਪੁਰਸਾਂ ਨੂੰ, ਜੋ ਮੇਰੀ ਕਿਤਾਬ ਪੜ੍ਹ ਰਹੇ ਹੋਣ, ਮੇਰੇ ਵੱਲੋਂ, ‘‘ਸ਼ੁਕਰੀਆ ਜੀ, ਤੁਹਾਡੇ ਲਈ ਵੀ ਆਸ ਬਾਕੀ ਹੈ, ਸੁਰੰਗ ਦੇ ਅੰਤ ਵਿਚ ਚਾਨਣ ਹੈ।’’ * |