8 December 2024

ਚਾਰ ਕਵਿਤਾਵਾਂ—ਰਵਿੰਦਰ ਸਿੰਘ ਕੁੰਦਰਾ

1. ਗ੍ਰਹਿਸਥੀ
 
ਪੁੱਤਰ ਤੁਰ ਗਏ ਨੂਹਾਂ ਦੇ ਨਾਲ,
ਧੀਆਂ ਨਾਲ ਜਵਾਈਆਂ ਦੇ।
ਆਪਾਂ ਦੋਵੇਂ ਕੱਲੇ ਰiਹ ਗਏ,
ਤੱਕੀਏ ਵਾਂਗ ਸ਼ੁਦਾਈਆਂ ਦੇ।
 
ਬਿੱਜੜੇ ਵਾਂਗੂੰ ਤੀਲੇ ਤੀਲੇ,
ਬੁਣੇ ਸੀ ਕਦੀ ਇਸ ਆਲ੍ਹਣੇ ਦੇ।
ਮਾਰ ਉਡਾਰੀ ਬੋਟ ਉੱਡ ਗਏ,
ਝੁੰਡ iਜਵੇਂ ਮੁਰਗਾਈਆਂ ਦੇ।
 
ਮੂੰਹ ਦੀ ਕੱਢ ਮੂੰਹਾਂ ਵਿੱਚ ਪਾਈ,
ਬੁਰਕੀ ਬੁਰਕੀ ਗਿਣ ਗਿਣ ਕੇ,
ਚੱਟਮ ਕਰ ਗਏ ਭਰੇ ਕਟੋਰੇ,
ਮੱਖਣ, ਦੁੱਧ ਮਲਾਈਆਂ ਦੇ।
 
ਸੁੱਖ ਦੇ ਸੁਪਨੇ ਲੈਂਦੇ ਲੈਂਦੇ,
ਸਾਲ ਕਈ ਅੱਜ ਸੁਪਨਾ ਹੋ ਗਏ,
ਚਮਕ ਦਮਕ ਦੇ ਦੀਵੇ ਬੁਝ ਗਏ,
ਅੱਖਾਂ ਅੱਜ ਸਧਰਾਈਆਂ ਦੇ।
 
ਜੀਵਨ ਦੀ ਚੱਕੀ ਦਾ ਚੱਕਰ,
ਰਵਾਂਦਾਰੀ ਵਿੱਚ ਰਵਾਂ ਹੋ iਗਆ,
ਹਕੀਕਤਾਂ ਹੁਣ ਪਰਛਾਵੇਂ ਬਣੀਆਂ,
ਪੈੜ ਮਿਟ ਗਏ ਰਾਹੀਆਂ ਦੇ।
 
ਇੱਕ ਦੋ ਚਾਰ ਦੀ ਗਿਣਤੀ ਨੇ ਜਦ,
ਆਪਣਾ ਦੂਜਾ ਰੂਪ ਦਿਖਾਇਆ,
ਝੁੰਜਲਾ ਗਈ ਕਾਇਆਂ ਬੇਚਾਰੀ,
ਉਡ ਗਏ ਹੋਸ਼ ਹਵਾਈਆਂ ਦੇ।
 
ਆ ਸੱਜਣੀ ਉਠ ਤਿਣਕੇ ਚੁਣੀਏ,
ਜੋ ਹੱਥੋ ਹੱਥੀ ਖਿਲਰ ਗਏ,
ਸਾਂਭਣਗੇ ਡੁੱਬਦਿਆਂ ਨੂੰ ਉਹੀਓ,
ਜਾਏ ਜੋ ਕੱਖਾਂ ਕਾਹੀਆਂ ਦੇ।
 
ਹੋਰ ਸਹਾਰਾ ਹੁਣ ਨਹੀਂ ਲੱਭਣਾ,
ਨਜ਼ਰ ਦੌੜਾ ਕੇ ਜਿੱਧਰ ਵੀ ਦੇਖੇਂ,
ਪੜ੍ਹ ਲੈ ਤੂੰ ਇਤਿਹਾਸ ਦੇ ਪੱਤਰੇ,
ਚਿੱਠੇ ਭਰੇ ਗਵਾਹੀਆਂ ਦੇ।
**2. ਘਰ ਤੋਂ ਘਰ ਤੱਕ

ਘਰ ਤੋਂ ਘਰ ਤੱਕ ਦਾ, ਮੇਰਾ ਇਹ ਸਫ਼ਰ,
ਰੁਕੇ ਨਾ ਕਦੀ ਵੀ, ਚੱਲੇ ਬੇ ਖ਼ਬਰ।
 
ਉੱਚੇ ਨੀਵੇਂ ਪੈਂਡੇ, ਸਮੇਂ ਦੀ ਕੋਝੀ ਮਾਰ,
ਝੱਲਦੀ ਹਾਂ ਸਭ ਹੀ, ਬੇ ਤਹਾਸ਼ਾ ਪੁਰ ਸਬਰ।
 
ਵਿਰਸੇ ਵਿੱਚ ਮਿਲਿਆ, ਜੋ ਪੀੜਾਂ ਦਾ ਪਰਾਗਾ,
ਝੁਲਸਿਆ ਕੜਾਹੀ ਨੇ, ਦਿਖਾ ਅਪਣਾ ਅਸਰ।
 
ਕੁੱਝ ਯਾਦਾਂ ਨੇ ਪੱਲੇ, ਸਿਰ ਪੋਟਲੀ ਪਲਾਂ ਦੀ,
ਸਾਂਭ ਸਾਂਭ ਚੱਲਾਂ ਮੈਂ, ਬੋਚ ਬੋਚ ਪੈਰ ਧਰ।
 
ਚੱਲਦੇ ਹੀ ਰਹਿਣਾ, ਹੈ ਇਹ ਕਰਮ ਮੇਰਾ,
ਫ਼ਰਜ਼ਾਂ ਦਾ ਸਿਲਸਿਲਾ, ਟਲੇ ਨਾ ਰੱਤੀ ਭਰ।
 
ਮੁੱਠੀ ਇੱਕ ਚੁੱਕਾਂ, ’ਤੇ ਦੂਜੀ ਹੈ ਤਿਆਰ,
ਚੁੱਕੇ ਨਾ ਚੁਕਾਇਆਂ, ਉਮਰ ਭਰ ਦਾ ਕਰ।
 
ਇੱਕ ਗੇੜ ਮੁੱਕਦਾ, ’ਤੇ ਦੂਜਾ ਖੜਾ ਸਿਰ,
ਵਾਟ ਹੈ ਲੰਬੀ ਪਰ, ਜੀਵਨ ਹੈ ਮੁਕਤਸਰ।
 
ਦਾਤੇ ਦੀ ਦਾਤੀ ਦੀ, ਹੈ ਝੋਲੀ ਸਦਾ ਖਾਲੀ,
ਦਿੱਤਾ ਹੈ ਜੋ ਮਿਲਿਆ, ਮੁਰੱਵਤ ਦਾ ਹਰ ਵਰ।
 
ਲੱਭਿਆ ਬੜਾ ਹੀ, ਪਰ ਮਿਲਿਆ ਨਾ ਕੋਈ,
ਕਦਮ ਦਰ ਕਦਮ ਜੋ, ਬਣੇ ਮੇਰਾ ਹਮਸਫ਼ਰ।
 
ਘਰ ਤੋਂ ਘਰ ਤੱਕ ਦਾ, ਮੇਰਾ ਇਹ ਸਫ਼ਰ,
ਰੁਕੇ ਨਾ ਕਦੀ ਵੀ, ਚੱਲੇ ਬੇ ਖ਼ਬਰ।**

3. ਇਮਤਿਹਾਨ
 
ਸਾਈਕਲ ਮੇਰਾ ਖੜ ਖੜ ਕਰਦਾ, ਜਾਨ ਬਰਾਬਰ ਧੜਕੇ,
ਵਾਹੋ ਦਾਹੀ ਜਾ ਰਿਹਾ ਸਾਂ, ਕਾਲਜ ਨੂੰ ਸੜਕੋ ਸੜਕੇ।

ਮੀਂਹ ਦੀ ਵਾਛੜ, ਟਿੱਬੇ ਟੋਏ, ਸਵੇਰ ਸਾਰ ਦਾ ਮੌਕਾ,
ਠੰਢ ਵਿੱਚ ਹੱਡੀਆਂ ਠੁਰ ਠੁਰ ਖੜਕਣ, ਆਵੇ ਸਾਹ ਵੀ ਔਖਾ।

ਮੌਕੇ ਤੋਂ ਕਿਤੇ ਲੇਟ ਨਾ ਹੋਵਾਂ, ਧੁੜਕੂ ਜਾਨ ਨੂੰ ਖਾਵੇ,
ਇਮਤਿਹਾਨ ਦਾ ਪਹਿਲਾ ਪਰਚਾ, ਰੱਬਾ! ਖੁੰਝ ਨਾ ਜਾਵੇ।

ਰੱਟੇ ਲਾ ਪੜ੍ਹਾਈ ਕਰਦਿਆਂ, ਦਿਨ ਕਈ ਸਨ ਬੀਤੇ,
ਡਰ ਸੀ ਕੀਤੀ ਮਿਹਨਤ ਦੇ, ਐਵੇਂ ਉੱਡ ਨਾ ਜਾਵਣ ਫੀਤੇ।

ਸ਼ੁਕਰ ਕੀਤਾ ਇਮਤਿਹਾਨ ਹਾਲ ਵਿੱਚ, ਮੌਕੇ ’ਤੇ ਜਾ ਵੜਿਆ,
ਗਿੱਲੇ ਕਪੜੀਂ, ਮੰਦੇ ਹਾਲੀਂ, ਜਾਵੇ ਨਾ ਮੈਥੋਂ ਖੜ੍ਹਿਆ।

ਇਮਤਿਹਾਨ ਦੇ ਸ਼ੁਰੂ ਹੋਣ ਵਿਚ, ਮਿੰਟ ਹੀ ਦੋ ਸਨ ਬਾਕੀ,
ਜੇਬਾਂ ਵਿੱਚੋਂ ਲੱਭ ਰਿਹਾ ਸਾਂ, ਰੋਲ ਨੰਬਰ ਦੀ ਟਾਕੀ।

ਸੁਪਰਵਾਈਜ਼ਰ ਮੇਰੇ ਕੋਲੋਂ ਪੁੱਛੇ, ਕਿੱਥੇ ਹੈ ਤੇਰੀ ਚਿੱਠੀ,
ਪਰ ਮੇਰੀ ਹਾਲਤ ਪਾਣੀਉਂ ਪਤਲੀ, ਸਰੀਰ ਹੋ ਗਿਆ ਮਿੱਟੀ।

ਬਹੁਤ ਫਰੋਲੀਆਂ ਜੇਬਾਂ ਆਪਣੀਆਂ, ਕੀਤਾ ਹਰ ਕੋਈ ਚਾਰਾ,
ਪਰ ਮੇਰੇ ਪਾਸ ਨਹੀਂ ਸੀ ਚਿੱਠੀ, ਮੈਂ ਖੜ੍ਹਾ ਸਾਂ ਕਿਸਮਤ ਮਾਰਾ।

ਕਾਹਲੀ ਦੇ ਵਿੱਚ ਘਰੇ ਛੱਡ ਆਇਆ, ਮੈਂ ਉਹ ਜ਼ਰੂਰੀ ਟੁਕੜਾ,
ਜਿਸ ਨੇ ਮਸਲਾ ਮੇਰੇ ਲਈ, ਖੜ੍ਹਾ ਕਰ ਦਿੱਤਾ ਸੀ ਤਕੜਾ।

ਸੁਪਰਵਾਈਜ਼ਰ ਨੇ ਸੌਰੀ ਕਹਿ, ਮੈਨੂੰ ਕਮਰੇ ਤੋਂ ਕੱਢ ਦਿੱਤਾ,
ਬਿਨਾ ਚਿੱਟ ਤੋਂ ਇਮਤਿਹਾਨ ਵਿੱਚ, ਮੈਨੂੰ ਬੈਠਣ ਨਾ ਦਿੱਤਾ।

ਬੇ ਵੱਸ ਆਪਣੀ ਹਾਲਤ ਉੱਤੇ, ਮੈਂ ਜ਼ਾਰ ਜ਼ਾਰ ਫਿਰ ਰੋਇਆ,
ਮਿਹਨਤ ਸਾਰੀ ਖੂਹ ਵਿੱਚ ਪੈਣ ਦਾ, ਅਫਸੋਸ ਡਾਢਾ ਸੀ ਹੋਇਆ।

ਧਾਹਾਂ ਮਾਰ ਕੇ ਰੋ ਰਿਹਾ ਸਾਂ, ਸੜਕ ਉੱਤੇ ਮੈਂ ਲਿਟਿਆ,
ਧਰਵਾਸ ਦੇਣ ਲਈ ਕੋਈ ਵੀ ਰਾਹੀ, ਮੇਰੇ ਕੋਲ ਨਾ ਟਿਕਿਆ।

ਹੜ੍ਹ ਵਿੱਚ ਰੁੜ੍ਹਦੇ ਜਾਂਦੇ ਵਾਂਗੂੰ, ਬੜੇ ਹੱਥ ਪੈਰ ਸਨ ਮਾਰੇ,
ਤਿਣਕੇ ਤੋਂ ਵੀ ਮਾੜੇ ਨਿਕਲੇ, ਮੇਰੇ ਸਭ ਸਹਾਰੇ। 

ਇੰਨੇ ਵਿੱਚ ਮੇਰੀ ਵੱਖੀ ਦੇ ਵਿੱਚ, ਹੁੱਝ ਜਿਹੀ ਇੱਕ ਵੱਜੀ,
ਕੰਨੀ ਪਈ ਆਵਾਜ਼ ਕੜਕਵੀਂ, ਜੋ ਪਛਾਣੀ ਜਿਹੀ ਜੋ ਲੱਗੀ।

ਕੀ ਤੂੰ ਚੀਖ ਚਿਹਾੜਾ ਪਾਇਆ, ਤੈਨੂੰ ਹੈ ਕੀ ਹੋਇਆ,
ਅੱਧੀ ਰਾਤ ਨੂੰ ਚਊਂ ਚਊਂ ਕਰਦੈਂ, ਜਿਵੇਂ ਕੁੱਤਾ ਅੱਧ ਮੋਇਆ।

ਨਾ ਸੌਂਦਾ, ਨਾ ਸੌਣ ਇਹ ਦਿੰਦਾ, ਕੈਸਾ ਹੈ ਇਹ ਬੰਦਾ,
ਨਾ ਦਿਨੇ ਚੈਨ ਨਾ ਰਾਤ ਨੀਂਦ, ਨਾ ਕੋਈ ਕੰਮ ਨਾ ਧੰਦਾ।

ਡੌਰ ਭੌਰ ਮੇਰੀ ਹਾਲਤ ਹੋ ਗਈ, ਮੈਨੂੰ ਸਮਝ ਕੋਈ ਨਾ ਲੱਗੀ,
ਘਰ ਵਾਲੀ ਕਿਉਂ ਹੁੱਝਾਂ ਮਾਰ, ਮੇਰੀ ਬੰਨ੍ਹ ਰਹੀ ਸੀ ਡੱਗੀ।

ਹੋਸ਼ ਟਿਕਾਣੇ ਆਈ ਆਖ਼ਰ, ਸਭ ਚਾਨਣ ਮੈਨੂੰ ਹੋਇਆ,
ਇਹ ਸੀ ਸਭ ਇੱਕ ਸੁਪਨਾ ਮੇਰਾ, ਜੋ ਸੱਚਾ ਬਣ ਸੀ ਖਲੋਇਆ।

ਲੱਖ ਲੱਖ ਸ਼ੁਕਰ ਰੱਬ ਦਾ, ਨਾਲੇ ਮੈਂ ਘਰ ਵਾਲੀ ਦਾ ਕੀਤਾ,
ਇਮਤਿਹਾਨ ਦੇ ਚੁੰਗਲ ਵਿੱਚੋਂ, ਜਿਸ ਮੈਨੂੰ ਸੀ ਕੱਢ ਲੀਤਾ।

ਭਾਵੇਂ ਉਸ ਨੇ ਵੱਖੀ ਮੇਰੀ ਥ੍ਹੋੜੀ ਜਿਹੀ ਸੀ ਸੇਕੀ,
ਭੁਲਾਇਆਂ ਵੀ ਮੈਂ ਭੁੱਲ ਨਹੀਂ ਸਕਦਾ, ਫੇਰ ਵੀ ਉਸ ਦੀ ਨੇਕੀ।

**

4. ਗਹਿਮਾ ਗਹਿਮ ਹੈ ਦੁਨੀਆ
 
ਗਹਿਮਾ ਗਹਿਮ ਹੈ ਦੁਨੀਆ ਵਸਦੀ,
ਇੱਕ ਦੂਜੇ ਤੋਂ ਅੱਗੇ ਨੱਸਦੀ।
ਗੱਲ ਨਾ ਰਹੀ ਹੁਣ ਕਿਸੇ ਦੇ ਵੱਸ ਦੀ,
ਚੂਹੇ ਦੌੜ ਵਿੱਚ ਜਾਵੇ ਧੱਸਦੀ।

ਹਰ ਇੱਕ ਚਾਤਰ ਖ਼ੂਬ ਕਹਾਵੇ,
ਪਦਾਰਥਵਾਦ ਨੂੰ ਭਰੇ ਕਲ਼ਾਵੇ।
ਮੈਥੋਂ ਅੱਗੇ ਕੋਈ ਨਾ ਲੰਘੇ,
ਨਾ ਕੋਈ ਮੇਰੇ ਅੱਗੇ ਖੰਘੇ।

ਨਾਢੂ ਖਾਂ ਹਰ ਇੱਕ ਦਾ ਨਾਂ ਏ,
ਪਾਟੇ ਖਾਂ ਹਰ ਆਪਣੀ ਥਾਂ ਏ।
ਠਿੱਬੀ ਲਾ ਹਰ ਝੰਡੀ ਪੱਟਦਾ,
ਜੇਤੂ ਆਪਣੇ ਆਪ ਨੂੰ ਦੱਸਦਾ।

ਬਣਦੇ ਤਿੜਦੇ ਅੱਜ ਦੇ ਰਿਸ਼ਤੇ,
ਮਤਲਬ ਨਿਕਲੇ ’ਤੇ ਸਭ ਖਿਸਕੇ।
ਅੱਜ ਦੁਨੀਆ ਹੈ ਬੜੀ ਹੀ ਖਚਰੀ,
ਗੌਂ ਕੱਢੇ ਬੱਸ ਬਣ ਕੇ ਮਕਰੀ।

ਖੋਤੇ ਨੂੰ ਵੀ ਬਾਪ ਹੈ ਕਹਿੰਦੀ,
ਮਤਲਬ ਕੱਢਣ ਲਈ ਨੇੜੇ ਰਹਿੰਦੀ।
ਮੀਣੇ ਨੂੰ ਢੂੰਗਾ ਜਾ ਮਿਲਦਾ,
ਲੱਭ ਹੀ ਲੈਂਦਾ ਮਹਿਰਮ ਦਿਲ ਦਾ।

ਸੋਹਣੇ ਸੋਹਣੇ ਦੁਨੀਆ ਦੇ ਨਾਤੇ,
ਪੈਂਦੇ ਦੇਖੇ ਖੂਹੀਂ ਖਾਤੇ।
ਫਫਾਕੁੱਟਣੀ ਅੱਜ ਬੜੀ ਸਿਆਣੀ,
ਭਰਾਵੇ ਦੁਨੀਆ ਤੋਂ ਰੱਜ ਪਾਣੀ।

ਟਾਕੀ ਜਾ ਅਸਮਾਨੀ ਲਾਵੇ,
ਧੁਰ ਪਤਾਲ ਤੱਕ ਧਰਤ ਕੰਬਾਵੇ।
ਅੰਨ੍ਹੀ ਬੋਲ਼ੇ ਨੂੰ ਭਰਮਾਉਂਦੀ,
ਮੁਤਰ ਮੁਤਰ ਅੱਖਾਂ ਮਟਕਾਉਂਦੀ।

ਲੱਪੀਂ ਪਾ ਪਾ ਅੱਖੀਂ ਕਜਲਾ,
ਕਰੇ ਬੋਲ਼ੇ ਦਾ ਹਾਲ ਉਹ ਪਤਲਾ।
ਕਿਵੇਂ ਪਿੱਛੇ ਰਹੇ ਫੇਰ ਬੋਲ਼ਾ,
ਬਣ ਜਾਵੇ ਉਹ ਵਾ ਵਰੋਲ਼ਾ।

ਛੁੱਪ ਜਾਵਣ ਫਿਰ ਜੋੜੀਆਂ ਕਿਧਰੇ,
ਹੱਥ ਨਾ ਆਵਣ ਫਿਰ ਉੱਡਦੇ ਸ਼ਿਕਰੇ।
ਭੈਂਗਾ ਟੇਢੇ ਤੀਰ ਚਲਾਵੇ,
ਸਾਢੇ ਤਿੰਨੀ ਸਾਰੀ ਜਾਵੇ।

ਕਾਣਾ ਅੰਨ੍ਹਿਆਂ ਦੇ ਵਿੱਚ ਰਾਜਾ,
ਵਜਾ ਜਾਵੇ ਸੁਜਾਖਿਆਂ ਦਾ ਵਾਜਾ।
ਲੰਗੜਾ ਵੀ ਲੱਤ ਲਾਣ ਨਾ ਦੇਵੇ,
ਲਾਹ ਖਾਵੇ ਦਰੱਖਤਾਂ ਤੋਂ ਮੇਵੇ।

ਦੋ ਲੱਤੇ ’ਤੇ ਪਾਵੇ ਕਾਠੀ,
ਅੱਡੀ ਲਾ ਬੰਨ੍ਹ ਦੇਵੇ ਕਮਾਠੀ।
ਫ਼ੱਤੋ ਯਾਰੀ ਖ਼ੂਬ ਨਿਭਾਉਂਦੀ,
ਭੈੜਿਆਂ ਤੋਂ ਮਤਲਬ ਕਢਵਾਉਂਦੀ।

ਮੂਰਖ ਅੱਜ ਸਿਆਣਾ ਹੋ ਗਿਆ,
ਅਕਲਮੰਦ ਤੋਂ ਬਾਜ਼ੀ ਖੋਹ ਗਿਆ।
ਬੇਸ਼ਰਮ ਰੱਜ ਕੇ ਢੀਠਤਾ ਮਾਣੇ,
ਪੌਂ ਬਾਰਾਂ ਉਹਦੇ ਤਿੰਨ ਵੀ ਕਾਣੇ।

ਹਰ ਦਹਿਲੇ ਤੇ ਨਹਿਲਾ ਵੱਜਦਾ,
ਦੁੱਕੀ ਤਿੱਕੀ ਸਿਰ ਚੜ੍ਹ ਗੱਜਦਾ।
ਜ਼ੋਰਾਵਰ ਦਾ ਨੰਬਰ ਸੌ ਏ,
ਗਰੀਬ ਨੂੰ ਇੱਕ ਵੀ ਖੁਸਣ ਦਾ ਖੌ ਏ।

ਮੱਝ ਲਾਠੀ ਦੇ ਹੱਥੀਂ ਚੜ੍ਹ ਗਈ,
ਗਰੀਬਾਂ ਦੇ ਉਹ ਚਾਰੇ ਚਰ ਗਈ।
ਸੁਥਰਾ ਘੋਲ ਪਤਾਸੇ ਪੀਂਦਾ,
ਚੜ੍ਹਦਾ ਲਹਿੰਦਾ ਖ਼ੂਬ ਉਸ ਦੀਹਦਾ।

ਨਹੀਂ ਅਵੇਸਲਾ ਕਿਸੇ ਵੀ ਪੱਖੋਂ,
ਬਾਜ਼ੀ ਖੋਹ ਜਾਵੇ ਉਹ ਹੱਥੋਂ।
ਗਹਿਮਾ ਗਹਿਮ ਹੈ ਦੁਨੀਆ ਵਸਦੀ,
ਇੱਕ ਦੂਜੇ ਤੋਂ ਅੱਗੇ ਨੱਸਦੀ।
ਨਹੀਂ ਗੱਲ ਹੁਣ ਕਿਸੇ ਦੇ ਵੱਸ ਦੀ,
ਚੂਹੇ ਦੌੜ ਵਿੱਚ ਜਾਵੇ ਧੱਸਦੀ।

***
564
***
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਮੇਰਾ ਹਵਾਲਾ
ਅਧਖੜ ਉਮਰ ਵਿੱਚ ਜਾ ਕੇ ਮੈਨੂੰ ਲਿਖਣ ਦਾ ਚਾਅ ਉਦੋਂ ਚੜ੍ਹਿਆ ਜਦੋਂ ਮੇਰਾ ਇੱਕ ਬਚਪਨ ਦਾ ਚੇਤੇ ਵਿੱਚੋਂ ਬਿਲਕੁੱਲ ਵਿਸਰਿਆ ਦੋਸਤ, ਤਖਤ ਕੇਸ ਗੜ੍ਹ ਸਾਹਿਬ ਦਾ ਜਥੇਦਾਰ ਗਿਆਨੀ ਤਰਲੋਚਨ ਸਿੰਘ,  ਚਾਲੀ ਕੁ ਸਾਲ ਤੋਂ ਬਾਅਦ ਮੇਰੇ ਹੀ ਰੇਡੀਓ ਸ਼ੋ ਵਿੱਚ ਮੇਰਾ ਮਹਿਮਾਨ ਬਣ ਕੇ ਮੇਰੇ ਸਾਹਮਣੇ ਆਇਆ। ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿਕਲਿਆ, “ਵਿਛੜਿਆਂ ਮੇਲੈ ਪ੍ਰਭੂ ਹਰਿ ਦਰਗਹਿ ਕਾ ਬੈਸੀਠੁ”। ਇਸੇ ਹੀ ਸ਼ੀਰਸ਼ਕ ਉੱਤੇ ਮੇਰੀ ਪਹਿਲੀ ਹੱਡਬੀਤੀ ਕਹਾਣੀ ਮੈਂ ਲਿਖੀ ਅਤੇ ਜਿਸ ਨੂੰ ਪਾਠਕਾਂ ਨੇ ਪਸੰਦ ਕੀਤਾ ਅਤੇ ਮੇਰਾ ਹੌਸਲਾ ਵਧਾਇਆ ਕਿ ਮੈਂ ਲਿਖਣਾ ਜਾਰੀ ਰੱਖਾਂ। ਇਸ ਤੋਂ ਬਾਅਦ ਕਈ ਕਹਾਣੀਆਂ ਅਤੇ ਫੇਰ ਕਵਿਤਾਵਾਂ ਮੇਰੀ ਜ਼ਿੰਦਗੀ ਦਾ ਰੁਝਾਨ ਬਣ ਗਈਆਂ ਅਤੇ ਸੁੱਖ ਨਾਲ ਇਹ ਸਫ਼ਰ ਹਾਲੇ ਵੀ ਜਾਰੀ ਹੈ। ਜ਼ਿੰਦਗੀ ਦਾ ਨਿਰਬਾਹ ਚਲਾਉਣ ਲਈ ਕਈ ਤਰ੍ਹਾਂ ਦੀਆਂ ਨੌਕਰੀਆਂ, ਜਿਨ੍ਹਾਂ ਵਿੱਚ ਤਰਜਮਾਕਾਰੀ, ਰੇਡੀਓ ਪੇਸ਼ਕਾਰੀ ਆਦਿਕ ਵੀ ਸ਼ਾਮਲ ਸਨ, ਕੀਤੀਆਂ ਅਤੇ ਹੁਣ ਰਿਟਾਇਰਮੈਂਟ ਵਿੱਚ ਹੋਣ ਕਰਕੇ ਸਮਾਜ ਸੇਵਾ ਦੇ ਤੌਰ ‘ਤੇ ਕਈ ਸੰਸਥਾਵਾਂ ਨਾਲ ਸਾਂਝ ਜਾਰੀ ਹੈ। ਉਮੀਦ ਹੈ ਹੱਡ ਪੈਰ ਚੱਲਦਿਆਂ ਤੱਕ ਜਾਰੀ ਰਹੇਗੀ। ਲੋਕਾਂ ਨਾਲ ਮਿਲਣਾ ਗਿਲਣਾ, ਵਿਚਾਰ ਵਟਾਂਦਰਾ ਕਰਨਾ, ਬਹਿਸ ਕਰਨਾ ਮੇਰੇ ਰੋਜ਼ਾਨਾ ਸ਼ੌਂਕ ਹਨ। ਅਸੂਲਾਂ ਉੱਤੇ ਪਹਿਰਾ ਦੇਣ ਦੀ ਭੈੜੀ ਆਦਤ ਹੈ, ਜਿਸ ਕਰਕੇ ਕਈ ਵਾਰੀ ਤਕਲੀਫ਼ ਵੀ ਝੱਲਣੀ ਪੈਂਦੀ ਹੈ, ਪਰ ਆਦਤਾਂ ਵੀ ਤਾਂ ਨਹੀਂ ਨਾ ਛੁੱਟਦੀਆਂ। ਇਸ ਲਿਹਾਜ ਨਾਲ ਜਿਹੜੀ ਵੀ ਚੀਜ਼ ਪ੍ਰਭਾਵਤ ਕਰਦੀ ਹੈ, ਉਸ ਬਾਰੇ ਕਵਿਤਾ ਲਿਖ ਕੇ ਆਪਣਾ ਮਨ ਸ਼ਾਂਤ ਕਰ ਲਈਦਾ ਹੈ। ਮੇਰੀਆਂ ਰਚਨਾਵਾਂ ਵਿੱਚ ਵਿਅੰਗ, ਹਾਸਰਸ, ਇਤਿਹਾਸ, ਸਭਿਆਚਾਰ, ਕੌੜਾ ਸੱਚ ਆਦਿਕ ਸਭ ਸ਼ਾਮਲ ਹੁੰਦੇ ਹਨ। ਇਸ ਤੋਂ ਇਲਾਵਾ ਕਿਤਾਬਾਂ ਦੀ ਪੜਚੋਲ, ਐਡੀਟਰੀ ਦਾ ਵੀ ਸ਼ੌਂਕ ਹੈ ਜਿਸ ਅਧੀਨ ਦੋ ਕੁ ਨਵੇਂ ਲੇਖਕਾਂ ਦੀਆਂ ਕਾਵਿ ਕਿਤਾਬਾਂ ਸੋਧਣ ਦੀ ਸੇਵਾ ਵੀ ਪਿਛਲੇ ਸਾਲਾਂ ਵਿੱਚ ਕੀਤੀ ਹੈ।
ਬਾਕੀ ਸਭ ਠੀਕ ਠਾਕ ਹੈ।
ਰਵਿੰਦਰ ਸਿੰਘ ਕੁੰਦਰਾ
***

ਰਵਿੰਦਰ ਸਿੰਘ ਕੁੰਦਰਾ

ਮੇਰਾ ਹਵਾਲਾ ਅਧਖੜ ਉਮਰ ਵਿੱਚ ਜਾ ਕੇ ਮੈਨੂੰ ਲਿਖਣ ਦਾ ਚਾਅ ਉਦੋਂ ਚੜ੍ਹਿਆ ਜਦੋਂ ਮੇਰਾ ਇੱਕ ਬਚਪਨ ਦਾ ਚੇਤੇ ਵਿੱਚੋਂ ਬਿਲਕੁੱਲ ਵਿਸਰਿਆ ਦੋਸਤ, ਤਖਤ ਕੇਸ ਗੜ੍ਹ ਸਾਹਿਬ ਦਾ ਜਥੇਦਾਰ ਗਿਆਨੀ ਤਰਲੋਚਨ ਸਿੰਘ,  ਚਾਲੀ ਕੁ ਸਾਲ ਤੋਂ ਬਾਅਦ ਮੇਰੇ ਹੀ ਰੇਡੀਓ ਸ਼ੋ ਵਿੱਚ ਮੇਰਾ ਮਹਿਮਾਨ ਬਣ ਕੇ ਮੇਰੇ ਸਾਹਮਣੇ ਆਇਆ। ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿਕਲਿਆ, “ਵਿਛੜਿਆਂ ਮੇਲੈ ਪ੍ਰਭੂ ਹਰਿ ਦਰਗਹਿ ਕਾ ਬੈਸੀਠੁ”। ਇਸੇ ਹੀ ਸ਼ੀਰਸ਼ਕ ਉੱਤੇ ਮੇਰੀ ਪਹਿਲੀ ਹੱਡਬੀਤੀ ਕਹਾਣੀ ਮੈਂ ਲਿਖੀ ਅਤੇ ਜਿਸ ਨੂੰ ਪਾਠਕਾਂ ਨੇ ਪਸੰਦ ਕੀਤਾ ਅਤੇ ਮੇਰਾ ਹੌਸਲਾ ਵਧਾਇਆ ਕਿ ਮੈਂ ਲਿਖਣਾ ਜਾਰੀ ਰੱਖਾਂ। ਇਸ ਤੋਂ ਬਾਅਦ ਕਈ ਕਹਾਣੀਆਂ ਅਤੇ ਫੇਰ ਕਵਿਤਾਵਾਂ ਮੇਰੀ ਜ਼ਿੰਦਗੀ ਦਾ ਰੁਝਾਨ ਬਣ ਗਈਆਂ ਅਤੇ ਸੁੱਖ ਨਾਲ ਇਹ ਸਫ਼ਰ ਹਾਲੇ ਵੀ ਜਾਰੀ ਹੈ। ਜ਼ਿੰਦਗੀ ਦਾ ਨਿਰਬਾਹ ਚਲਾਉਣ ਲਈ ਕਈ ਤਰ੍ਹਾਂ ਦੀਆਂ ਨੌਕਰੀਆਂ, ਜਿਨ੍ਹਾਂ ਵਿੱਚ ਤਰਜਮਾਕਾਰੀ, ਰੇਡੀਓ ਪੇਸ਼ਕਾਰੀ ਆਦਿਕ ਵੀ ਸ਼ਾਮਲ ਸਨ, ਕੀਤੀਆਂ ਅਤੇ ਹੁਣ ਰਿਟਾਇਰਮੈਂਟ ਵਿੱਚ ਹੋਣ ਕਰਕੇ ਸਮਾਜ ਸੇਵਾ ਦੇ ਤੌਰ ‘ਤੇ ਕਈ ਸੰਸਥਾਵਾਂ ਨਾਲ ਸਾਂਝ ਜਾਰੀ ਹੈ। ਉਮੀਦ ਹੈ ਹੱਡ ਪੈਰ ਚੱਲਦਿਆਂ ਤੱਕ ਜਾਰੀ ਰਹੇਗੀ। ਲੋਕਾਂ ਨਾਲ ਮਿਲਣਾ ਗਿਲਣਾ, ਵਿਚਾਰ ਵਟਾਂਦਰਾ ਕਰਨਾ, ਬਹਿਸ ਕਰਨਾ ਮੇਰੇ ਰੋਜ਼ਾਨਾ ਸ਼ੌਂਕ ਹਨ। ਅਸੂਲਾਂ ਉੱਤੇ ਪਹਿਰਾ ਦੇਣ ਦੀ ਭੈੜੀ ਆਦਤ ਹੈ, ਜਿਸ ਕਰਕੇ ਕਈ ਵਾਰੀ ਤਕਲੀਫ਼ ਵੀ ਝੱਲਣੀ ਪੈਂਦੀ ਹੈ, ਪਰ ਆਦਤਾਂ ਵੀ ਤਾਂ ਨਹੀਂ ਨਾ ਛੁੱਟਦੀਆਂ। ਇਸ ਲਿਹਾਜ ਨਾਲ ਜਿਹੜੀ ਵੀ ਚੀਜ਼ ਪ੍ਰਭਾਵਤ ਕਰਦੀ ਹੈ, ਉਸ ਬਾਰੇ ਕਵਿਤਾ ਲਿਖ ਕੇ ਆਪਣਾ ਮਨ ਸ਼ਾਂਤ ਕਰ ਲਈਦਾ ਹੈ। ਮੇਰੀਆਂ ਰਚਨਾਵਾਂ ਵਿੱਚ ਵਿਅੰਗ, ਹਾਸਰਸ, ਇਤਿਹਾਸ, ਸਭਿਆਚਾਰ, ਕੌੜਾ ਸੱਚ ਆਦਿਕ ਸਭ ਸ਼ਾਮਲ ਹੁੰਦੇ ਹਨ। ਇਸ ਤੋਂ ਇਲਾਵਾ ਕਿਤਾਬਾਂ ਦੀ ਪੜਚੋਲ, ਐਡੀਟਰੀ ਦਾ ਵੀ ਸ਼ੌਂਕ ਹੈ ਜਿਸ ਅਧੀਨ ਦੋ ਕੁ ਨਵੇਂ ਲੇਖਕਾਂ ਦੀਆਂ ਕਾਵਿ ਕਿਤਾਬਾਂ ਸੋਧਣ ਦੀ ਸੇਵਾ ਵੀ ਪਿਛਲੇ ਸਾਲਾਂ ਵਿੱਚ ਕੀਤੀ ਹੈ। ਬਾਕੀ ਸਭ ਠੀਕ ਠਾਕ ਹੈ। ਰਵਿੰਦਰ ਸਿੰਘ ਕੁੰਦਰਾ ***

View all posts by ਰਵਿੰਦਰ ਸਿੰਘ ਕੁੰਦਰਾ →