27 July 2024
Nachhatar Singh Bhopal

ਨਾਨਕ ਨੇ ਘੋਰ ਹਨੇਰੇ ਵਿੱਚ, ਚਾਨਣ ਦੀ ਕਿਰਨ ਜਗਾਈ ਸੀ—ਨਛੱਤਰ ਸਿੰਘ ਭੋਗਲ “ਭਾਖੜੀਆਣਾ” (U.K)

“ਸ੍ਰੀ ਗੁਰੂ ਨਾਨਕ ਦੇਵ ਜੀ”
ਨਾਨਕ ਨੇ ਘੋਰ ਹਨੇਰੇ ਵਿੱਚ, ਚਾਨਣ ਦੀ ਕਿਰਨ ਜਗਾਈ ਸੀ।।

ਮਜ਼ਬਾਂ ਦੇ ਧੁੰਦਲੇ ਸ਼ੀਸ਼ੇ ਵਿੱਚ, ਕੋਈ ਅਕਸ ਵਿਖਾਈ ਨਹੀਂ ਦਿੰਦਾ,
ਬਣ ਬਾਬਾ ਨਾਨਕ ਲਿਸ਼ਕੇ ਜੋ, ਕੋਈ ਸ਼ਖਸ਼ ਵਿਖਾਈ ਨਹੀਂ ਦਿੰਦਾ,
ਚਿੱਹਰੇ ਤੇ ਚਿੱਹਰਾ ਲਿਸ਼ਕੇ ਕੋਈ, ਉਹ ਨਕਸ਼ ਵਿਖਾਈ ਨਹੀਂ ਦਿੰਦਾ,
ਮੁਰਸ਼ਦ ਵਾਂਗ ਪੂਜਿਆ ਜਾਵੇ ਜੋ, ਉਹ ਲਕਸ਼ ਵਿਖਾਈ ਨਹੀਂ ਦਿੰਦਾ,
ਬਹੁਰੂਪੀਏ ਜਿਹੇ ਚਰਿੱਤਰਾਂ ਨੇ, ਪਖੰਡ ਦੀ ਛਹਿਬਰ ਲਾਈ ਸੀ।
ਨਾਨਕ ਨੇ ਘੋਰ ਹਨੇਰੇ ਵਿੱਚ, ਚਾਨਣ ਦੀ ਕਿਰਨ ਜਗਾਈ ਸੀ।।

ਅਕ੍ਰਿਤਘਣਾਂ ਦਾ ਭਾਰ ਜਦੋਂ, ਆਹ ਧਰਤ-ਲੋਕ ਨਾ ਝੱਲਦਾ ਏ,
ਫਿਰ ਨਾਨਕ ਜਿਹੇ ਅਵਤਾਰ ਤਾਂਈ, ਰੱਬ ਧਰਤੀ ਉੱਤੇ ਘੱਲਦਾ ਏ,
ਖ਼ੁਦ ਆਤਮਾਂ ਵਿੱਚ ਪ੍ਰਵੇਸ਼ ਕਰੇ, ਜਾ ਤਨ ਦਾ ਵਿਹੜਾ ਮੱਲਦਾ ਏ,
ਜਗਤ ਭਲਾਈ ਦਾ ਕਰ ਨਿਸ਼ਚਾ, ਰਾਹ ਪਰਉਪਕਾਰ ਦੇ ਚੱਲਦਾ ਏ,
ਸਦਾ ਸੱਚ ਦਾ ਹੋਕਾ ਦਿੱਤਾ ਤੈ, ਕ੍ਰਾਂਤੀ ਦੀ ਚਿੱਣਗ ਜਗਾਈ ਸੀ।
ਨਾਨਕ ਨੇ ਘੋਰ ਹਨੇਰੇ ਵਿੱਚ, ਚਾਨਣ ਦੀ ਕਿਰਨ ਜਗਾਈ ਸੀ।।

ਭੁੱਲਿਆ ਨੂੰ ਰਸਤੇ ਪਾ ਦੇਵੇ, ਦੁਖੀਆਂ ਦੇ ਦੁੱਖ ਵੰਡਾਉਂਦਾ ਰਿਹਾ,
ਨਫ਼ਰਤ ਦਾ ‘ਨੇਰਾ ਦੂਰ ਕਰੇਂ, ਤੇ ਪ੍ਰੇਮ ਦੀ ਜੋਤ ਜਗਾਉਂਦਾ ਰਿਹਾ,
ਔਰਤ ਨੂੰ ਮੰਦਾ ਨਾ ਆਖੋ, ਸਭ ਦੁਨੀਆ ਨੂੰ ਸਮਝਾਉਂਦਾ ਰਿਹਾ,
ਕਿਰਤ ਕਰੋ ਤੇ ਵੰਡ ਛਕੋ, ਕੀਤੀ ਖੇਤੀ ਤੇ ਹੱਲ਼ ਵਾਹੁੰਦਾ ਰਿਹਾ,
ਭੈਣ ਨਾਨਕੀ, ਰਾਏ ਬੁਲਾਰ ਜਿਹਾਂ, ਨਿਰੰਕਾਰੀ ਜੋਤ ਸਲਾਹੀ ਸੀ।
ਨਾਨਕ ਨੇ ਘੋਰ ਹਨੇਰੇ ਵਿੱਚ, ਚਾਨਣ ਦੀ ਕਿਰਨ ਜਗਾਈ ਸੀ।।

ਮਾਣ ਤੋੜਿਆ ਬਲੀ-ਕੰਧਾਰੀ ਦਾ, ਪਰਬਤ ਨੂੰ ਪੰਜਾ ਲਾਇਆ ਸੀ,
ਠੱਗ ਤੋਂ ਸੱਜਣ ਬਣਾ ਬਾਬਾ, ਪਾਂਧੇ-ਮੌਲਵੀ ਤਾਂਈ ਪੜ੍ਹਾਇਆ ਸੀ,
ਕੌਡਾ ਰਾਖਸ਼ ਆਦਮਖੋਰ ਸੀ ਜੋ, ਭੂਮੀਏ ਨੂੰ ਸ਼ਿਸ਼ ਬਣਾਇਆ ਸੀ,
ਕਰ ਗੋਸ਼ਟੀਆਂ ਸਿਧਾਂ-ਨਾਥਾਂ ਨਾ, ਭੁੱਲਿਆਂ ਨੂੰ ਰਸਤੇ ਪਾਇਆ ਸੀ,
ਅੰਬਰ ‘ਤੇ ਪਾਪ ਦੀ ਗਰਦ ਚੱੜ੍ਹੀ, ਤੇ ਜ਼ੁਲਮ ਦੀ ਬਦਲੀ ਛਾਈ ਸੀ।
ਨਾਨਕ ਨੇ ਘੋਰ ਹਨੇਰੇ ਵਿੱਚ, ਚਾਨਣ ਦੀ ਕਿਰਨ ਜਗਾਈ ਸੀ।।

ਰਬਾਬ ਸੁਰ ਕੀਤੀ ਮਰਦਾਨੇ ਨੇ, ਬਾਲੇ ਸੰਗ ਬਾਣੀ ਗਾਈ ਨਾਨਕ,
ਮਲਿਕ ਦੇ ਸ਼ਾਹੀ ਭੋਜਨ ਛੱਡ, ਘਰ ਲਾਲੋ ਰੋਟੀ ਖਾਈ ਨਾਨਕ,
ਭੰਡਿਆ ਜਾਤਾਂ-ਪਾਤਾਂ ਨੂੰ, ਤੈਨੂੰ ਕੁਰਾਹੀਆ ਕਹੇ ਲੁਕਾਈ ਨਾਨਕ,
ਰਾਜੇ ਸ਼ੀਂਹ ਮੁਕੱਦਮ ਕੁੱਤੇ ਕਹਿ, ਗੱਲ ਬਾਬਰ ਕੰਨੀਂ ਪਾਈ ਨਾਨਕ,
ਨਛੱਤਰ ਭੋਗਲ ਪਾਪ ਦੀ ਜੰਝ ਨਿੰਦੇ, ਜੋ ਕਾਬਲ ਵੱਲੋਂ ਧਾਈ ਸੀ।
ਨਾਨਕ ਨੇ ਘੋਰ ਹਨੇਰੇ ਵਿੱਚ, ਚਾਨਣ ਦੀ ਕਿਰਨ ਜਗਾਈ ਸੀ।।

***
507
***
Nachhatar Singh Bhopal

ਨਛੱਤਰ ਸਿੰਘ ਭੋਗਲ, ਭਾਖੜੀਆਣਾ

View all posts by ਨਛੱਤਰ ਸਿੰਘ ਭੋਗਲ, ਭਾਖੜੀਆਣਾ →