18 September 2024
gursharan singh kumar

ਪ੍ਰੇਰਨਾਦਾਇਕ ਲੇਖ: ਕਰਮ ਅਤੇ ਕਿਸਮਤ— ਗੁਰਸ਼ਰਨ ਸਿੰਘ ਕੁਮਾਰ

ਸਾਡੇ ਧਾਰਮਿਕ ਲੋਕ ਕਹਿੰਦੇ ਹਨ ਕਿ ਜਦ ਕੋਈ ਜੀਵ ਇਸ ਧਰਤੀ ’ਤੇ ਜਨਮ ਲੈਂਦਾ ਹੈ ਤਾਂ ਉਹ ਪ੍ਰਮਾਤਮਾ ਕੋਲੋਂ ਆਪਣੀ ਕਿਸਮਤ ਵੀ ਲਿਖਵਾ ਕੇ ਆਉਂਦਾ ਹੈ। ਉਸ ਹਿਸਾਬ ਹੀ ਉਸ ਨੂੰ ਜ਼ਿੰਦਗੀ ਵਿਚ ਸੁੱਖ ਜਾਂ ਦੁੱਖ ਮਿਲਦੇ ਹਨ। ਇੱਥੇ ਹੀ ਬਸ ਨਹੀਂ ਉਹ ਜ਼ਿੰਦਗੀ ਵਿਚ ਜਿੰਨੇ ਵੀ ਸੰਪਰਕ ਬਣਾਉਂਦਾ ਹੈ ਅਤੇ ਸਫ਼ਲਤਾ ਜਾਂ ਅਸਫ਼ਲਤਾ ਹਾਸਿਲ ਕਰਦਾ ਹੈ, ਉਸਦੀ ਕਿਸਮਤ ਵਿਚ ਉਹ ਸਭ ਕੁਝ ਪਹਿਲਾਂ ਹੀ ਲਿਖਿਆ ਹੁੰਦਾ ਹੈ। ਕਿਸਮਤ ਤੋਂ ਬਿਨਾਂ ਮਨੁੱਖ ਨੂੰ ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ। ਸਭ ਕੁਝ ਪ੍ਰਮਾਤਮਾ ਦੀ ਮਰਜ਼ੀ ਨਾਲ ਬੰਦੇ ਦੀ ਕਿਸਮਤ ਅਨੁਸਾਰ ਹੀ ਹੁੰਦਾ ਹੈ। ਪ੍ਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਇਕ ਪੱਤਾ ਵੀ ਨਹੀਂ ਹਿਲ ਸਕਦਾ। ਕੋਈ ਮਨੁੱਖ ਉਤਨੇ ਹੀ ਸਾਹ ਲੈਂਦਾ ਹੈ, ਜਿਤਨੇ ਪ੍ਰਮਾਤਮਾ ਨੇ ਉਸ ਦੀ ਕਿਸਮਤ ਵਿਚ ਲਿਖੇ ਹੁੰਦੇ ਹਨ।

ਪੰਡਤ ਲੋਕ ਇਹ ਵੀ ਕਹਿੰਦੇ ਹਨ ਕਿ ਬੰਦੇ ਦੇ ਭਾਗ ਉਸ ਦੇ ਹੱਥਾਂ ਦੀਆਂ ਲਕੀਰਾਂ ਦੁਆਰਾ ਲਿਖੇ ਹੁੰਦੇ ਹਨ, ਜਿੰਨ੍ਹਾਂ ਨੂੰ ਕੇਵਲ ਪੰਡਤ ਹੀ ਪੜ੍ਹ ਸਕਦੇ ਹਨ। ਇੱਥੇ ਸੁਆਲ ਇਹ ਉੱਠਦਾ ਹੈ ਕਿ ਜੇ ਭਾਗ ਬੰਦੇ ਦੇ ਹੱਥਾਂ ਤੇ ਹੀ ਲਿਖੇ ਹੋਣ ਤਾਂ ਬਿਨਾਂ ਹੱਥਾਂ ਵਾਲੇ ਬੰਦੇ ਦੇ ਤਾਂ ਭਾਗ ਹੋਣੇ ਹੀ ਨਹੀਂ ਚਾਹੀਦੇ ਪਰ ਭਾਗ ਤਾਂ ਉਸ ਬੰਦੇ ਦੇ ਵੀ ਹੁੰਦੇ ਹੀ ਹਨ। ਉਹ ਵੀ ਜ਼ਿੰਦਗੀ ਭੋਗਦਿਆਂ ਦੁੱਖ ਸੁੱਖ ਹੰਢਾਉਂਦਾ ਹੀ ਹੈ। ਇਸ ਲਈ ਪੰਡਿਤਾਂ ਦੀ ਇਹ ਧਾਰਨਾ ਵਿਸ਼ਵਾਸ ਤੇ ਪੂਰੀ ਨਹੀਂ ਉਤਰਦੀ।

ਸਾਡੇ ਪੰਡਤਾਂ ਅਤੇ ਕੁਝ ਧਾਰਮਿਕ ਆਗੂਆਂ ਦੇ ਹਿਸਾਬ ਸਿਰ ਤਾਂ ਮਨੁੱਖ ਦੇ ਹੱਥ ਵਿਚ ਕੁਝ ਵੀ ਨਹੀਂ। ਸਭ ਕੁਝ ਪ੍ਰਮਾਤਮਾ ਨੇ ਆਪਣੇ ਹੱਥ ਹੀ ਰੱਖਿਆ ਹੈ। ਬੰਦਾ ਕੇਵਲ ਪ੍ਰਮਾਤਮਾ ਦੇ ਹੱਥਾਂ ਦੀ ਕੱਠਪੁਤਲੀ ਮਾਤਰ ਹੀ ਹੈ। ਜਿਵੇਂ ਉਹ ਨਚਾਏ ਬੰਦਾ ਨੱਚਦਾ ਹੈ। ਇਸ ਹਿਸਾਬ ਸਿਰ ਕੋਈ ਦੂਜਾ ਕਿਸੇ ਨੂੰ ਮਾਰ ਨਹੀਂ ਸਕਦਾ। ਡੇਰਿਆਂ ਵਾਲੇ ਸਾਧ ਸੰਤ ਇਹ ਦੱਸਣ ਕਿ ਫਿਰ ਇਨ੍ਹਾਂ ਨੇ ਆਪਣੇ ਨਾਲ ਇਤਨੇ ਬੰਦੂਕਾਂ ਵਾਲੇ ਅੰਗ-ਰੱਖਿਅਕ ਕਿਉਂ ਰੱਖੇ ਹੁੰਦੇ ਹਨ? ਪ੍ਰਮਾਤਮਾ ਦੇ ਹੁਕਮ ਤੋਂ ਬਿਨਾਂ ਇਨ੍ਹਾਂ ਨੂੰ ਆਪਣੀ ਜਾਨ ਦਾ ਖ਼ਤਰਾ ਕਿਉਂ ਹੈ? ਫਿਰ ਜਦ ਪ੍ਰਮਾਤਮਾ ਦਾ ਹੁਕਮ ਹੋ ਗਿਆ ਤਾਂ ਇਹ ਅੰਗ-ਰੱਖਿਅਕ ਇਨ੍ਹਾਂ ਨੂੰ ਮੌਤ ਤੋਂ ਕਿਵੇਂ ਬਚਾ ਲੈਣਗੇ? ਦੂਸਰੀ ਗੱਲ ਇਹ ਕਿ ਜੇ ਸਭ ਕੁਝ ਕਰਨ ਕਰਾਉਣ ਵਾਲਾ ਪ੍ਰਮਾਤਮਾ ਹੀ ਹੈ ਅਤੇ ਬੰਦੇ ਦੇ ਹੱਥ ਵੱਸ ਕੁਝ ਵੀ ਨਹੀਂ ਤਾਂ ਵਿਚਾਰੇ ਬੰਦੇ ਨੂੰ ਉਸ ਦੇ ਕਰਮਾਂ ਅਨੁਸਾਰ ਸਵਰਗ ਜਾਂ ਨਰਕ ਵਿਚ ਕਿਉਂ ਸੁੱਟਿਆ ਜਾਂਦਾ ਹੈ? ਕਿਉਂਕਿ ਸਭ ਕੁਝ ਕਰਨ ਵਾਲਾ ਤਾਂ ਪ੍ਰਮਾਤਮਾ ਆਪ ਹੀ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਜੇ ਬੰਦਾ ਇਸ ਧਰਤੀ ਤੇ ਜਨਮ ਲੈਂਦਾ ਹੈ ਤਾਂ ਉਸ ਦੇ ਹੱਥ ਵਿਚ ਵੀ ਕੁਝ ਹੁੰਦਾ ਹੈ। ਉਹ ਆਜ਼ਾਦ ਹੋ ਕੇ ਹੀ ਆਪਣੇ ਹਿਸਾਬ ਸਿਰ ਹੀ ਜ਼ਿੰਦਗੀ ਜਿਉਂਦਾ ਹੈ ਅਤੇ ਉਸ ਹਿਸਾਬ ਸਿਰ ਹੀ ਦੁੱਖ ਸੁੱਖ ਪਾਉਂਦਾ ਹੈ। ਨਰਕ ਸਵਰਗ ਬਾਰੇ ਤਾਂ ਕਿਸੇ ਨੂੰ ਕੁਝ ਪੱਕਾ ਪਤਾ ਨਹੀਂ ਪਰ ਇਹ ਗੱਲ ਪੱਕੀ ਹੈ ਕਿ ਉਹ ਆਪਣੇ ਕੰਮਾਂ ਅਨੁਸਾਰ ਹੀ ਨਤੀਜੇ ਭੁਗਤਦਾ ਹੈ। ਉਹ ਜੋ ਬੀਜਦਾ ਹੈ ਉਸ ਨੂੰ ਖ਼ੁਦ ਹੀ ਵੱਢਣਾ ਪੈਂਦਾ ਹੈ। ਇੱਥੇ ਕਰਮਾਂ ਤੇ ਹੀ ਨਿਬੇੜੇ ਹੁੰਦੇ ਹਨ।

ਪੰਡਤਾਂ ਨੇ ਤਾਂ ਮਨੁੱਖ ਨੂੰ ਚਾਰ ਵਰਨ-ਬ੍ਰਹਾਮਣ, ਖੱਤਰੀ, ਵੈਸ਼ ਅਤੇ ਸ਼ੂਦਰ-ਵਿਚ ਵੰਡ ਦਿੱਤਾ ਹੈ। ਬ੍ਰਹਾਮਣ ਸਭ ਤੋਂ ਉੱਚੀ ਜਾਤ ਦੇ ਹਨ ਅਤੇ ਸ਼ੂਦਰ ਸਭ ਤੋਂ ਨੀਵੀਂ ਜਾਤ ਦੇ ਹਨ। ਪੰਡਤਾਂ ਦੇ ਹਿਸਾਬ ਸਿਰ ਤਾਂ ਮਾੜੇ ਕੰਮ ਕਰਨ ਵਾਲਿਆਂ ਨੂੰ ਨੀਵੀਂ ਜਾਤ ਵਿਚ ਜਨਮ ਮਿਲਦਾ ਹੈ ਅਤੇ ਚੰਗੇ ਕੰਮ ਕਰਨ ਵਾਲੇ ਉੱਚੀ ਜਾਤ ਵਿਚ ਜਨਮ ਲੈਂਦੇ ਹਨ। ਦੇਖਿਆ ਜਾਏ ਤਾਂ ਇਹ ਜ਼ਰੂਰੀ ਨਹੀਂ ਕਿ ਉੱਚੀ ਜਾਤ ਵਾਲਿਆਂ ਨੂੰ ਹਮੇਸ਼ਾਂ ਸੁੱਖ ਹੀ ਮਿਲਣ। ਇਹ ਜਾਤਾਂ ਤਾਂ ਪਖੰਡੀ ਲੋਕਾਂ ਨੇ ਆਪਣੇ ਸੁਆਰਥ ਲਈ ਹੀ ਬਣਾਈਆਂ ਹਨ। ਸ੍ਰੀ ਗੁਰੂੂੂੂੂੂੂੂੂੂੂੂੂੂੂੂੂੂੂੂੂੂੂੂ ਗੋਬਿੰਦ ਸਿੰਘ ਜੀ ਦੇ ਮਹਾਂਵਾਕ -“ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ”- ਅਨੁਸਾਰ ਪ੍ਰਮਾਤਮਾ ਨੇ ਤਾਂ ਸਭ ਨੂੰ ਇਕੋ ਮਨੁੱਖੀ ਜਾਤੀ ਵਿਚ ਹੀ ਬਣਾ ਕੇ ਇਸ ਧਰਤੀ ਤੇ ਭੇਜਿਆ ਹੈ।

ਕਿਸਮਤ ਨੂੰ ਜ਼ਿੰਦਗੀ ਵਿਚੋਂ ਬਿਲਕੁਲ ਹੀ ਮਨਫ਼ੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਦ ਕੋਈ ਬੱਚਾ ਪੈਦਾ ਹੁੰਦਾ ਹੈ ਤਾਂ ਕੋਈ ਰਾਜੇ ਜਾਂ ਕਿਸੇ ਲੱਖਪਤੀ ਦੇ ਘਰ ਪੈਦਾ ਹੁੰਦਾ ਹੈ। ਉਹ ਜੰਮਦਿਆਂ ਹੀ ਲੱਖਾਂ ਕਰੋੜਾਂ ਦਾ ਮਾਲਕ ਬਣਦਾ ਹੈ। ਨੌਕਰ ਚਾਕਰ ਉਸ ਦੀ ਸੇਵਾ ਵਿਚ ਹਰ ਸਮੇਂ ਤਿਆਰ ਬਰ ਤਿਆਰ ਰਹਿੰਦੇ ਹਨ। ਦੂਜੇ ਪਾਸੇ ਕੋਈ ਬੱਚਾ ਉਸੇ ਸਮੇਂ ਕਿਸੇ ਗ਼ਰੀਬ ਮਜ਼ਦੂਰ ਦੇ ਘਰ ਪੈਦਾ ਹੁੰਦਾ ਹੈ। ਉਹ ਜੰਮਦਿਆਂ ਹੀ ਕਰਜ਼ੇ ਦੀ ਪੰਡ ਸਿਰ ਤੇ ਲੈ ਕੇ ਪੈਦਾ ਹੁੰਦਾ ਹੈ। ਜ਼ਿੰਮੇਵਾਰੀਆਂ ਕਾਰਨ ਬਚਪਨ ਵਿਚ ਹੀ ਉਸ ਤੇ ਬੁਢਾਪਾ ਆਉਣਾ ਸ਼ੁਰੂ ਹੋ ਜਾਂਦਾ ਹੈ। ਐਸਾ ਕਿਉਂ? ਇੱਥੇ ਜ਼ਰੂਰ ਹੀ ਕਿਸਮਤ ਕੰਮ ਕਰ ਰਹੀ ਹੋਵੇਗੀ। ਪੰਡਤ ਇਸ ਨੂੰ ਉਸ ਦੇ ਪਿਛਲੇ ਜਨਮਾਂ ਦੇ ਫ਼ਲ ਨਾਲ ਜੋੜ ਕੇ ਦੱਸਦੇ ਹਨ ਪਰ ਉਹ ਇਸ ਜਨਮ ਵਿਚ ਕਰਮ ਦੇ ਸਿਧਾਂਤ ਨੂੰ ਨਹੀਂ ਮੰਨਦੇ। ਉਹ ਕੇਵਲ ਅਤੇ ਕੇਵਲ ਹਰ ਕੰਮ ਵਿਚ ਕਿਸਮਤ ਨੂੰ ਹੀ ਮੰਨਦੇ ਹਨ। ਖ਼ੈਰ ਪਿਛਲੇ ਜਨਮਾਂ ਬਾਰੇ ਤਾਂ ਕੋਈ ਇਕ ਰਾਏ ਤੇ ਸਭ ਦੀ ਸਹਿਮਤੀ ਨਹੀਂ ਬਣ ਸਕਦੀ ਕਿਉਂਕਿ ਵਿਗਿਆਨ ਹਾਲੀ ਤੱਕ ਪਿਛਲੇ ਜਨਮ ਨੂੰ ਸਾਬਤ ਨਹੀਂ ਕਰ ਸੱਕਿਆ। ਇਹ ਗੁੱਝੇ ਭੇਦ ਕੁਦਰਤ ਨੇ ਆਪਣੇ ਕੋਲ ਹੀ ਰੱਖੇ ਹਨ। ਉਪਰੋਕਤ ਵਿਚਾਰ ਤੋਂ ਇਹ ਨਤੀਜਾ ਜ਼ਰੂਰ ਨਿਕਲਦਾ ਹੈ ਕਿ ਮਨੁੱਖ ਨੂੰ ਜਨਮ ਸਮੇਂ ਜੋ ਧਨ-ਦੌਲਤ, ਮਾਂ-ਪਿਓ, ਭੈਣ-ਭਰਾ, ਹੋਰ ਸਾਕ ਸਬੰਧੀ ਤੋਂ ਸੁੱਖ ਸਹੂਲਤਾਂ ਅਤੇ ਸਾਧਨ ਮਿਲਦੇ ਹਨ ਉਹ ਉਸ ਦੀ ਕਿਸਮਤ ਕਾਰਨ ਹੀ ਹੁੰਦੇ ਹਨ। ਇਸ ਤੋਂ ਬਾਅਦ ਉਹ ਆਪਣੀ ਮਿਹਨਤ, ਸੂਝ ਬੂਝ ਅਤੇ ਕਰਮਾਂ ਦੁਆਰਾ ਆਪਣੀ ਕਿਸਮਤ ਆਪ ਸਿਰਜਦਾ ਹੈ ਅਤੇ ਦੁੱਖ-ਸੁੱਖ ਪਾਉਂਦਾ ਹੈ।। ਜੇ ਕਿਸੇ ਧਨਾਢ ਦੇ ਬੱਚੇ ਦੀਆਂ ਆਦਤਾਂ ਚੰਗੀਆਂ ਨਾ ਹੋਣ ਤਾਂ ਉਹ ਭੈੜੀ ਸੰਗਤ ਵਿਚ ਪੈ ਕੇ ਕਰੋੜਪਤੀ ਤੋਂ ਰੋਡਪਤੀ (ਗ਼ਰੀਬ ਬੇਰੁਜਗਾਰ) ਵੀ ਬਣ ਸਕਦਾ ਹੈ। ਸਾਰਾ ਧਨ ਜੂਏ ਅਤੇ ਨਸ਼ਿਆਂ ਵਿਚ ਉਜਾੜ ਕੇ ਭਿਖਾਰੀ ਵੀ ਬਣ ਸਕਦਾ ਹੈ। ਦੂਜੇ ਪਾਸੇ ਕਿਸੇ ਗ਼ਰੀਬ ਦਾ ਲਾਇਕ ਬੱਚਾ ਚੰਗੀ ਵਿੱਦਿਆ ਹਾਸਲ ਕਰ ਕੇ ਆਪਣੀ ਮਿਹਨਤ ਅਤੇ ਸਿਆਣਪ ਦੁਆਰਾ ਲੱਖਪਤੀ ਵੀ ਬਣ ਸਕਦਾ ਹੈ ਅਤੇ ਆਪਣੀ ਗ਼ਰੀਬੀ ਦੀ ਲਾਹਨਤ ਨੂੰ ਮੱਥੇ ਤੋਂ ਲਾਹ ਕੇ ਕਰਮਾਂ ਦਾ ਬਲੀ ਹੋ ਸਕਦਾ ਹੈ। ਇਸੇ ਨੂੰ ਕਰਮ ਦਾ ਸਿਧਾਂਤ ਕਹਿੰਦੇ ਹਨ ਜਿਸ ਨੂੰ ਸਾਡੀ ਵਿਗਿਆਨ ਵੀ ਮੰਨਦੀ ਹੈ।

ਮਨੁੱਖ ਆਪਣੀ ਮਿਹਨਤ ਨਾਲ ਹੀ ਜ਼ਿੰਦਗੀ ਵਿਚ ਸਫ਼ਲ ਹੋ ਸਕਦਾ ਹੈ। ਜੇ ਇਸ ਸਫ਼ਲਤਾ ਦਾ ਸਿਹਰਾ ਮਿਹਨਤ ਦੀ ਜਗ੍ਹਾਂ ਕਿਸਮਤ ਨੂੰ ਪਾ ਦਿੱਤਾ ਜਾਏ ਤਾਂ ਲੋਕ ਮਿਹਨਤ ਕਰਨੀ ਛੱਡ ਜਾਣਗੇ। ਕਿਸਾਨ ਫ਼ਸਲ ਨਹੀਂ ਬੀਜਣਗੇ। ਬੱਚੇ ਵਿੱਦਿਆ ਗ੍ਰਹਿਣ ਕਰਨੀ ਛੱਡ ਦੇਣਗੇ। ਕੋਈ ਵੀ ਬੰਦਾ ਕੰਮ ਨਹੀਂ ਕਰੇਗਾ। ਹਰ ਕੋਈ ਕਿਸਮਤ ਦੇ ਇੰਤਜ਼ਾਰ ਵਿਚ ਵਿਹਲਾ ਬੈਠਾ ਰਹੇਗਾ। ਮਲਾਹ ਆਪਣੀ ਕਿਸ਼ਤੀ ਨੂੰ ਲਹਿਰਾਂ ਦੇ ਸਹਾਰੇ ਛੱਡ ਕੇ ਚੱਪੂ ਤੋੜ ਲੈਣਗੇ। ਫਿਰ ਸੋਚੋ ਇਸ ਧਰਤੀ ਦਾ ਨਜ਼ਾਰਾ ਕੀ ਹੋਵੇਗਾ? ਫੁੱਲ ਵੀ ਨਹੀਂ ਖਿੜਣਗੇ ਅਤੇ ਬਨਸਪਤੀ ਵੀ ਨਹੀ ੳੁੱਗੇਗੀ ਤਾਂ ਪੰਛੀ ਕਿਵੇਂ ਚਹਿਕਣਗੇ? ਸਭ ਜੀਵ ਜੰਤੂ ਖ਼ਤਮ ਹੋ ਜਾਣਗੇ। ਇੱਥੇ ਕੁਦਰਤ ਸਿਫ਼ਰ ਬਣ ਕੇ ਰਹਿ ਜਾਏਗੀ। ਇਹ ਧਰਤੀ ਬੰਜਰ ਬਣ ਕੇ ਇਕ ਵੱਡੇ ਪੱਥਰ ਦਾ ਰੂਪ ਧਾਰ ਲਏਗੀ। ਪਰ ਘਬਰਾਉਣ ਦੀ ਲੋੜ ਨਹੀਂ ਐਸਾ ਹੋਵੇਗਾ ਨਹੀਂ। ਮਨੁੱਖ ਨੂੰ ਰੱਬ ਨੇ ਬੁੱਧੀ ਦਿੱਤੀ ਹੈ। ਉਹ ਆਪਣੇ ਕਰਮ ਦੇ ਸਹਾਰੇ ਹੀ ਜਿੰਦਾ ਹੈ। ਮਿਹਨਤ ਕਰੋ ਅਤੇ ਫ਼ਲ ਪਾਓ ਵਿਚ ਉਸ ਦਾ ਪੱਕਾ ਵਿਸ਼ਵਾਸ ਹੈ।

ਹਮੇਸ਼ਾਂ ਖਾਲੀ ਘੜਾ ਹੀ ਭਰਦਾ ਹੈ। ਭਰੇ ਹੋਏ ਘੜੇ ਵਿਚ ਹੋਰ ਕੁਝ ਨਹੀਂ ਸਮਾ ਸਕਦਾ। ਜੇ ਤੁਹਾਡੀ ਜ਼ਿੰਦਗੀ ਸਰਬ ਕਲਾ ਸੰਪੂਰਨ ਹੋਏ ਤਾਂ ਤੁਸੀਂ ਅੱਗੋਂ ਕੁਝ ਵੀ ਨਹੀਂ ਸਿੱਖ ਸਕੋਗੇ। ਤੁਹਾਡਾ ਵਿਕਾਸ ਰੁਕ ਜਾਏਗਾ। ਆਪਣੀ ਉਮਰ ਨੂੰ ਆਪਣੇ ਵਿਕਾਸ ਵਿਚ ਕਦੀ ਰੁਕਾਵਟ ਨਾ ਸਮਝੋ। ਹਮੇਸ਼ਾਂ ਕੁਝ ਨਵਾਂ ਸਿੱਖਣ ਦੀ ਸਟੇਜ਼ ਤੇ ਰਹੋ। ਤੁਸੀਂ ਬੱਚਿਆਂ ਤੋਂ ਵੀ ਕੁਝ ਨਵਾਂ ਸਿੱਖ ਸਕਦੇ ਹੋ। ਜਿਸ ਵੀ ਕੰਮ ਨੂੰ ਹੱਥ ਪਾਵੋ ਉਸ ਨੂੰ ਪੂਰਾ ਕਰ ਕੇ ਹੀ ਦਮ ਲਓ। ਕਿਸੇ ਵੀ ਕੰਮ ਨੂੰ ਅਧਵਾਟੇ ਛੱਡਣ ਤੋਂ ਪਹਿਲਾਂ ਇਹ ਸੋਚੋ ਕਿ ਤੁਸੀਂ ਉਸ ਨੂੰ ਸ਼ੁਰੂ ਹੀ ਕਿਉਂ ਕੀਤਾ ਸੀ। ਕਹਿੰਦੇ ਹਨ ਕਿ ਮਨੁੱਖ ਦੀ ਮੌਤ ਦਾ ਸਮਾਂ ਪ੍ਰਮਾਤਮਾ ਉਸ ਦੇ ਜਨਮ ਸਮੇਂ ਹੀ ਲਿਖ ਦਿੰਦਾ ਹੈ। ਬੰਦੇ ਦੇ ਹੱਥ ਵੱਸ ਕੁਝ ਵੀ ਨਹੀਂ ਪਰ ਉੱਦਮੀ ਬੰਦੇ ਮੌਤ ਨੂੰ ਵੀ ਮਾਤ ਦੇ ਜਾਂਦੇ ਹਨ। ਅਸੰਭਵ ਕੰਮ ਵੀ ਉਨ੍ਹਾਂ ਲਈ ਆਪਣੇ ਆਪ ਹੀ ਸੰਭਵ ਹੋ ਜਾਂਦੇ ਹਨ। ਉਹ ਅਣਹੋਣੀਆਂ ਕਰਨੀਆਂ ਜਾਣਦੇ ਹਨ। ਉਨ੍ਹਾਂ ਦਾ ਅਸੂਲ ਹੁੰਦਾ ਹੈ ਕਿ ਆਪਣਾ ਕੰਮ ਪੂਰਾ ਕਰਨ ਤੋਂ ਪਹਿਲਾਂ ਨਾ ਮਰੋ। ਇਸ ਲਈ ਉਹ ਭੈੜੀਆਂ ਆਦਤਾਂ ਅਤੇ ਨਸ਼ਿਆਂ ਤੋਂ ਬਚ ਕੇ, ਸ਼ਾਂਤ ਚਿਤ ਅਤੇ ਤੰਦਰੁਸਤ ਰਹਿ ਕੇ ਸਵੈ ਵਿਸ਼ਵਾਸ ਨਾਲ ਕਿਸੇ ਉੱਚੇ ਉਦੇਸ਼ ਲਈ ਜ਼ਿੰਦਗੀ ਜਿਉਂਦੇ ਹਨ। ਉਹ ਮਨ ਦੀ ਦ੍ਰਿੜਤਾ ’ਤੇ ਵਿਸ਼ਵਾਸ ਰੱਖਦੇ ਹਨ ਇਸ ਲਈ ਬਿਮਾਰੀ ਉਨ੍ਹਾਂ ਦੇ ਨੇੜੇ ਨਹੀਂ ਫਟਕਦੀ।

ਪ੍ਰਮਾਤਮਾ ਨੇ ਮਨੁੱਖ ਨੂੰ ਇਸ ਧਰਤੀ ’ਤੇ ਦੁਖੀ ਹੋਣ ਲਈ ਨਹੀਂ ਜਨਮ ਦਿੱਤਾ। ਪ੍ਰਮਾਤਮਾ ਨੇ ਮਨੁੱਖ ਨੂੰ ਸੁਖੀ ਹੋਣ ਲਈ ਅਤੇ ਆਨੰਦ ਮਾਣਨ ਲਈ ਨਰੋਏ ਅੰਗ, ਅਥਾਹ ਬਲ, ਬੁੱਧੀ ਅਤੇ ਬੇਸ਼ੁਮਾਰ ਦੌਲਤਾਂ ਦਿੱਤੀਆਂ ਹਨ ਪਰ ਸ਼ਰਤ ਇਹ ਹੈ ਕਿ ਇਹ ਦੌਲਤਾਂ ਹਾਸਲ ਕਰਨ ਲਈ ਉਸ ਨੂੰ ਮਿਹਨਤ ਵੀ ਕਰਨੀ ਪਵੇਗੀ। ਆਪਣਾ ਖ਼ੂਨ ਪਸੀਨਾ ਡੋਲ੍ਹਣਾ ਪਵੇਗਾ ਤਾਂ ਹੀ ਇਹ ਦੌਲਤਾਂ ਉਸਨੂੰ ਹਾਸਲ ਹੋ ਸੱਕਣਗੀਆਂ। ਉਹ ਖ਼ੁਸ਼ਹਾਲ ਹੋ ਕੇ ਜ਼ਿੰਦਗੀ ਦਾ ਆਨੰਦ ਮਾਣ ਸਕੇਗਾ। ਇਹ ਧਰਤੀ ਬਹੁਤ ਜਰਖ਼ੇਜ਼ ਹੈ। ਕਿਸਾਨ ਮਿਹਨਤ ਕਰ ਕੇ ਇੱਥੇ ਫ਼ਸਲ ਬੀਜਦਾ ਹੈ ਅਤੇ ਸਾਰੀ ਦੁਨੀਆਂ ਦਾ ਢਿੱਡ ਭਰਦਾ ਹੈ। ਪਹਾੜਾਂ ਵਿਚ ਬਹੁਤ ਸਾਰੇ ਖ਼ਨਿਜ ਪਦਾਰਥ ਛੁਪੇ ਹੋਏ ਹਨ ਅਤੇ ਸਮੁੰਦਰ ਹੀਰੇ ਮੋਤੀਆਂ ਅਤੇ ਅਨਮੋਲ ਖ਼ਜ਼ਾਨਿਆਂ ਨਾਲ ਭਰੇ ਪਏ ਹਨ। ਇਹ ਸਭ ਵਸਤੂਆਂ ਮਨੁੱਖ ਨੂੰ ਸਖ਼ਤ ਮਿਹਨਤ ਨਾਲ ਹੀ ਪ੍ਰਾਪਤ ਹੁੰਦੀਆਂ ਹਨ। ਇਸੇ ਲਈ ਕਹਿੰਦੇ ਹਨ-“ਉੱਦਮ ਅੱਗੇ ਲੱਛਮੀ ਅਤੇ ਪੱਖੇ ਅੱਗੇ ਪੌਣ”- ਕੁਝ ਹਾਸਲ ਕਰਨ ਲਈ ਸੁੱਖ ਦਾ ਤਿਆਗ ਕਰਨਾ ਹੀ ਪੈਂਦਾ ਹੈ। ਕੰਮ ਵਾਲੇ ਬੰਦੇ ਹੀ ਕੌਮ ਨੂੰ ਬਣਾਉਂਦੇ ਹਨ। ਜੇ ਮਨੁੱਖ ਕਰਮ ਨੂੰ ਛੱਡ ਕੇ ਕਿਸਮਤ ਦੇ ਸਹਾਰੇ ਬੈਠਾ ਰਹੇ ਤਾਂ ਉਹ ਕੁਝ ਵੀ ਨਹੀਂ ਹਾਸਲ ਕਰ ਸਕੇਗਾ। ਇਕ ਦਿਨ ਉਸ ਦੇ ਭੁੱਖਾ ਮਰਨ ਦੀ ਨੌਬਤ ਆ ਜਾਵੇਗੀ। ਵਿਹਲਿਆਂ ਦੀ ਕੋਈ ਸ਼ਾਨ ਨਹੀਂ ਹੁੰਦੀ। ਵਿਹਲੇ ਢਿੱਡ ਤੇ ਚਰਬੀ ਚੜ੍ਹਦੀ ਹੈ। ਵਿਹਲੇ ਬੰਦੇ ਤੇ ਕਰਜ਼ਾ ਵੀ ਚੜ੍ਹਦਾ ਹੈ। ਰੱਬ ਤੇ ਭਰੋਸਾ ਜ਼ਰੂਰ ਰੱਖੋ ਪਰ ਮਿਹਨਤ ਦਾ ਪੱਲਾ ਨਾ ਛੱਡੋ। ਤੁਹਾਡੇ ਕਰਮ ਹੀ ਤੁਹਾਡੀ ਪਛਾਣ ਹਨ, ਨਹੀਂ ਤੇ ਇਕ ਨਾਮ ਦੇ ਤਾਂ ਹਜ਼ਾਰਾਂ ਮਨੁੱਖ ਹੁੰਦੇ ਹਨ। ਤੁਹਾਡੇ ਕਰਮਾਂ ਨਾਲ ਤੁਹਾਡੀਆਂ ਪ੍ਰਾਪਤੀਆਂ ਤੁਹਾਡੀ ਦੂਜ਼ਿਆਂ ਤੋਂ ਵਿਲੱਖਣ ਪਛਾਣ ਬਣਾਉਂਣਦੀਆਂ ਹਨ। ਆਪਣੀ ਮੰਜ਼ਿਲ ਤੇ ਬੰਦਾ ਅਾਪਣੀ ਮਿਹਨਤ ਨਾਲ ਹੀ ਪਹੁੰਚ ਸਕਦਾ ਹੈ। ਜੇ ਤੁਸੀਂ ਆਪਣੀ ਕਿਸਮਤ ਤੋਂ ਕੁਝ ਜ਼ਿਆਦਾ ਹਾਸਲ ਕਰਨਾ ਚਾਹੁੰਦੇ ਹੋ ਤਾਂ ਆਪਣਾ ਦਿਨ ਜਲਦੀ ਸ਼ੁਰੂ ਕਰੋ। ਚਲੋ ਉੱਠੋ ਯਾਰੋ, ਭੱਜੋ ਦੌੜੌ, ਮਰਨ ਤੋਂ ਪਹਿਲਾਂ ਮੈਦਾਨ ਨਾ ਛੱਡੋ।

ਕਈ ਲੋਕ ਆਪਣੇ ਬਲ ਅਤੇ ਬੁੱਧੀ ਦਾ ਗ਼ਲਤ ਉਪਯੋਗ ਕਰਦੇ ਹਨ। ਉਨ੍ਹਾਂ ਨੂੰ ਆਪਣੀ ਤਾਕਤ ਅਤੇ ਸਿਆਣਪ ਦਾ ਬਹੁਤ ਘੁਮੰਡ ਹੁੰਦਾ ਹੈ। ਇਸ ਲਈ ਉਹ ਆਪਣੇ ਬਲ ਅਤੇ ਬੁੱਧੀ ਨੂੰ ਵਿਨਾਸ਼ ਵਾਲੇ ਪਾਸੇ ਲਾਉਂਦੇ ਹਨ। ਉਹ ਚੋਰੀ ਚਕਾਰੀ ਅਤੇ ਕਤਲੋਗ਼ਾਰਤ ਅਤੇ ਲੁੱਟ ਮਾਰ ਨਾਲ ਇਕ ਦਮ ਅਮੀਰ ਹੋਣਾ ਚਾਹੁੰਦੇ ਹਨ। ਅਜਿਹੇ ਲੋਕ ਮਨੁੱਖਤਾ ਲਈ ਖ਼ਤਰਾ ਅਤੇ ਕਲੰਕ ਹਨ। ਇਨ੍ਹਾਂ ਦਾ ਅੰਤ ਵੀ ਬਹੁਤ ਮਾੜਾ ਹੁੰਦਾ ਹੈ। ਇਨ੍ਹਾਂ ਦੀ ਸੰਗਤ ਤੋਂ ਸਦਾ ਬਚ ਕੇ ਰਹਿਣਾ ਚਾਹੀਦਾ ਹੈ।

ਕਈ ਵਾਰੀ ਕਿਸੇ ਬੰਦੇ ਨੂੰ ਅਚਾਨਕ ਕੋਈ ਵੱਡੀ ਖ਼ੁਸ਼ੀ ਮਿਲ ਜਾਂਦੀ ਹੈ ਭਾਵ ਕੋਈ ਦੱਬਿਆ ਹੋਇਆ ਧਨ ਮਿਲ ਜਾਂਦਾ ਹੈ ਜਾਂ ਕੋਈ ਲਾਟਰੀ ਲੱਗ ਜਾਂਦੀ ਹੈ ਜਾਂ ਕਿਸੇ ਵਾਕਫ਼ ਮਿੱਤਰ ਜਾਂ ਰਿਸ਼ਤੇਦਾਰ ਤੋਂ ਕੋਈ ਧਨ ਜਾਂ ਕੋਈ ਵੱਡੀ ਮੱਦਦ ਮਿਲ ਜਾਂਦੀ ਹੈ। ਅਸੀਂ ਇਸ ਨੂੰ ਕਹਿੰਦੇ ਹਾਂ ਕਿ ਬੰਦੇ ਦੇ ਭਾਗ ਖੁਲ੍ਹ ਗਏ ਭਾਵ ਉਸ ਦੀ ਕਿਸਮਤ ਵਿਚ ਇਹ ਧਨ ਮਿਲਣਾ ਲਿਖਿਆ ਹੋਇਆ ਸੀ। ਇਹ ਕਦੀ ਕਦੀ ਕਿਸੇ ਕਿਸੇ ਨਾਲ ਮੌਕਾ ਬਣ ਹੀ ਜਾਂਦਾ ਹੈ। ਅਜਿਹੀ ਕਿਸਮਤ ਦੀ ਉਡੀਕ ਵਿਚ ਆਪਣੇ ਕਰਮ ਨੂੰ ਛੱਡ ਕੇ ਨਿਠੱਲਾ ਨਹੀਂ ਬੈਠਿਆ ਜਾ ਸਕਦਾ। ਕਿਉਂਕਿ ਮੂੰੰਹ ਅੱਡਿਆਂ ਤਾਂ ਮੱਖੀਆਂ ਵੀ ਮੂੰਹ ਵਿਚ ਨਹੀਂ ਪੈਂਦੀਆਂ। ਇਸ ਦੇ ਉਲਟ ਕਈ ਵਾਰੀ ਜ਼ਿੰਦਗੀ ਆਪਣੀ ਚਾਲੇ ਸੋਹਣੀ ਚਲ ਰਹੀ ਹੁੰਦੀ ਹੈ ਪਰ ਅਚਾਨਕ ਕੋਈ ਮੁਸੀਬਤ ਆ ਪੈਂਦੀ ਹੈ ਜਿਸ ਨਾਲ ਜ਼ਿੰਦਗੀ ਦੀ ਚਾਲ ਰੁਕ ਗਈ ਜਾਪਦੀ ਹੈ। ਅਸੀਂ ਪ੍ਰੇਸ਼ਾਨ ਹੋ ਜਾਂਦੇ ਹਾਂ ਕਿ ਅਸੀਂ ਤਾਂ ਐਸਾ ਕੋਈ ਮਾੜਾ ਕੰਮ ਕੀਤਾ ਹੀ ਨਹੀਂ, ਫਿਰ ਸਾਡੇ ਤੇ ਕਿਉਂ ਐਸੀ ਮੁਸੀਬਤ ਆ ਪਈ? ਕਈ ਵਾਰੀ ਕੋਈ ਪਿਆਰਾ ਕਰੀਬੀ ਸਾਥ ਛੱਡ ਜਾਂਦਾ ਹੈ। ਕਈ ਵਾਰੀ ਕਿਸੇ ਦੁਰਘਟਨਾ ਕਾਰਨ ਕੋਈ ਗਹਿਰੀ ਸੱਟ ਲੱਗ ਜਾਂਦੀ ਹੈ ਜਾਂ ਕੋਈ ਬਿਮਾਰੀ ਆ ਜਾਂਦੀ ਹੈ। ਸਾਡੇ ’ਤੇ ਮੁਸੀਬਤਾਂ ਦੇ ਪਹਾੜ ਡਿੱਗ ਪੈਂਦੇ ਹਨ ਜਿਨ੍ਹਾਂ ਦਾ ਸਾਨੂੰ ਉਸ ਸਮੇਂ ਆਪਣੇ ਕਰਮ ਨਾਲ ਕੋਈ ਸਬੰਧ ਨਹੀਂ ਜਾਪਦਾ। ਅਜਿਹੀ ਮੁਸੀਬਤ ਨੂੰ ਹੌਸਲੇ ਨਾਲ ਹੀ ਕੱਟਿਆ ਜਾ ਸਕਦਾ ਹੈ। ਅਜਿਹੇ ਦੁੱਖ ਸਦੀਵੀਂ ਨਹੀਂ ਹੁੰਦੇ। ਦੁੱਖਾਂ ਬਾਅਦ ਸੁੱਖ ਆਉਣੇ ਜ਼ਰੂਰੀ ਹਨ। ਜਿੱਥੇ ਕੱਲ੍ਹ ਸੱਥਰ ਵਿਛੇ ਹੁੰਦੇ ਸਨ ਉੱਥੇ ਕੁਝ ਸਮੇਂ ਬਾਅਦ ਕਿਲਕਾਰੀਆਂ ਗੂੰਜਦੀਆਂ ਸੁਣਾਈ ਦਿੰਦੀਆਂ ਹਨ। ਅਜਿਹੇ ਦੁੱਖ ਸੁੱਖ ਕੁਦਰਤ ਦੇ ਗੁੱਝੇ ਭੇਦ ਹਨ ਜੋ ਹਾਲਾਂ ਇਨਸਾਨ ਦੀ ਸਮਝ ਵਿਚ ਨਹੀਂ ਆ ਸਕਦੇ। ਬੰਦੇ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਮੌਕੇ ਤੇ ਨਾ ਜ਼ਿਆਦਾ ਖ਼ੁਸ਼ ਹੋਵੇ ਅਤੇ ਨਾ ਹੀ ਦੁੱਖਾਂ ਨੂੰ ਜ਼ਿਆਦਾ ਮਨ ’ਤੇ ਲਾਏ। ਚੰਗੇ ਸਮੇਂ ਦੀ ਉਡੀਕ ਕਰੇ ਅਤੇ ਪ੍ਰਮਾਤਮਾ ਦੀ ਰਜ਼ਾ ਸਮਝ ਕੇ ਆਪਣਾ ਕਰਮ ਕਰਦਾ ਜਾਏ।

ਕਈ ਵਾਰੀ ਅਸੀਂ ਦੇਖਦੇ ਹਾਂ ਕਿ ਜੋ ਸਾਡੇ ਨਾਲ ਵਾਪਰ ਰਿਹਾ ਹੈ ਉਹ ਸਾਡੀ ਉਮੀਦ ਜਾਂ ਕਰਮਾਂ ਅਨੁਸਾਰ ਨਹੀਂ। ਉਸ ਸਮੇਂ ਅਸੀਂ ਬੇਸਬਰੇ ਹੋ ਜਾਂਦੇ ਹਾਂ ਜਾਂ ਸਾਡੇ ਅੰਦਰ ਕੁਝ ਨਿਰਾਸ਼ਾ ਆ ਜਾਂਦੀ ਹੈ। ਇਸ ਸਮੇਂ ਸਾਨੂੰ ਪ੍ਰਮਾਤਮਾ ਦਾ ਸਹਾਰਾ ਲੈਣਾ ਚਾਹੀਦਾ ਹੈ ਕਿਉਂਕਿ ਸਾਡੀ ਦ੍ਰਿਸ਼ਟੀ ਐਨੀ ਦੂਰ ਤੱਕ ਨਹੀਂ। ਜਿਹੜੇ ਕੰਮ ਸਾਡੀ ਆਪਣੀ ਮਰਜ਼ੀ ਨਾਲ ਨਹੀਂ ਹੁੰਦੇ ਉਹ ਪ੍ਰਮਾਤਮਾ ਦੀ ਮਰਜ਼ੀ ਨਾਲ ਹੁੰਦੇ ਹਨ। ਪ੍ਰਮਾਤਮਾ ਦੂਰ ਦੀ ਸੋਚ ਕੇ ਸਾਡੀ ਭਲਾਈ ਹੀ ਕਰਦਾ ਹੈ। ਉਸ ਦੇ ਘਰ ਦੇਰ ਹੈ ਪਰ ਹਨੇਰ ਨਹੀਂ। ਅਸੀਂ ਆਪਣੇ ਬੁਰੇ ਵਕਤ ਨੂੰ ਆਪਣੇ ਸਬਰ ਅਤੇ ਮਿਹਨਤ ਨਾਲ ਚੰਗੇ ਵਕਤ ਵਿਚ ਬਦਲ ਸਕਦੇ ਹਾਂ। ਕਈ ਵਾਰੀ ਅਚਾਨਕ ਸਾਨੂੰ ਕੋਈ ਚੀਜ਼ ਆਪਣੇ ਆਪ ਮਿਲ ਜਾਂਦੀ ਹੈ। ਇਸ ਨੂੰ ਕਿਸਮਤ ਕਹਿੰਦੇ ਹਨ ਪਰ ਹਮੇਸ਼ਾਂ ਕਿਸਮਤ ਦੇ ਸਹਾਰੇ ਨਹੀਂ ਰਿਹਾ ਜਾ ਸਕਦਾ। ਵਕਤ ਜਦੋਂ ਬਦਲਦਾ ਹੈ ਤਾਂ ਬਾਜ਼ੀਆਂ ਹੀ ਨਹੀਂ, ਜ਼ਿੰਦਗੀਆਂ ਬਦਲ ਜਾਂਦੀਆਂ ਹਨ। ਜ਼ਿੰਦਗੀ ਦੀ ਗੱਡੀ ਤਾਂ ਕਰਮ ਅਤੇ ਕਿਸਮਤ ਦੇ ਸੰਤੁਲਨ ਨਾਲ ਹੀ ਚੱਲਦੀ ਹੈ।

ਅਸੀਂ ਰੋਜ਼ ਸ਼ੀਸ਼ੇ ਵਿਚ ਆਪਣਾ ਚਿਹਰਾ ਦੇਖਦੇ ਹਾਂ। ਕਦੀ ਕਦੀ ਦਿਲ ਦੇ ਸ਼ੀਸ਼ੇ ਵਿਚ ਝਾਤੀ ਮਾਰ ਕੇ ਆਪਣਾ ਕਿਰਦਾਰ ਵੀ ਦੇਖਣਾ ਚਾਹੀਦਾ ਹੈ। ਫਿਰ ਪਤਾ ਲੱਗੇਗਾ ਕਿ ਅਸੀਂ ਕਿੰਨੇ ਕੁ ਧਰਮੀ ਅਤੇ ਰਹਿਮ ਦਿਲ ਹਾਂ ਜਾਂ ਕਿੰਨੇ ਕੁ ਬੇਈਮਾਨ ਅਤੇ ਪਖੰਡੀ ਹਾਂ ਅਸੀਂ ਆਪਣੇ ਚਿਹਰੇ ਤੇ ਮੁਖੋਟਾ ਪਾ ਕੇ ਦੁਨੀਆਂ ਵਿਚ ਵਿਚਰ ਰਹੇ ਹਾਂ। ਜੇ ਹੱਥ ਜੋੜਨ ਨਾਲ ਹੀ ਸਭ ਕੁਝ ਮਿਲ ਜਾਏ ਤਾਂ ਦਸਾਂ ਨਹੁੰਆਂ ਦੀ ਕਮਾਈ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਕਿਸਮਤ ਦੇ ਸਹਾਰੇ ਕੇਵਲ ਨਿਠੱਲੇ ਲੋਕ ਹੀ ਬੈਠੇ ਰਹਿੰਦੇ ਹਨ ਅਤੇ ਗ਼ਰੀਬੀ ਭੋਗਦੇ ਹਨ। ਮਨੁੱਖ ਆਪਣੇ ਕਰਮ ਨਾਲ ਹੀ ਆਪਣੀ ਕਿਸਮਤ ਬਦਲ ਸਕਦਾ ਹੈ। ਆਪਣੀ ਮਿਹਨਤ ਅਤੇ ਚੰਗੇ ਕੰਮਾਂ ਨਾਲ ਆਪਣੀ ਬਦਨਸੀਬੀ ਨੂੰ ਖ਼ੁਸ਼ਨਸੀਬੀ ਵਿਚ ਬਦਲ ਸਕਦਾ ਹੈ। ਮਿਹਨਤ ਨਾਲ ਹੀ ਉਹ ਆਪਣੀ ਗ਼ਰੀਬੀ ਨੂੰ ਅਮੀਰੀ ਵਿਚ ਬਦਲ ਸਕਦਾ ਹੈ। ਇਸ ਤਰ੍ਹਾਂ ਕਮਾਏ ਹੋਏ ਧਨ ਨਾਲ ਉਹ ਆਪਣੀ ਅਤੇ ਆਪਣੇ ਪਰਿਵਾਰ ਦੀ ਸੋਹਣੀ ਤਰ੍ਹਾਂ ਪਾਲਣਾ ਕਰ ਸਕਦਾ ਹੈ। ਉਨ੍ਹਾਂ ਦੀਆਂ ਨਿੱਜੀ ਜ਼ਰੂਰਤਾਂ ਪੂਰੀਆਂ ਕਰ ਸਕਦਾ ਹੈ। ਬੱਚਿਆਂ ਨੂੰ ਚੰਗੀ ਵਿੱਦਿਆ, ਪੂਸ਼ਟਿਕ ਖ਼ੁਰਾਕ ਅਤੇ ਚੰਗੇ ਬਸਤਰ ਦੇ ਸਕਦਾ ਹੈ। ਉਹ ਆਪਣੇ ਉੱਚੇ ਸੁਪਨੇ ਪੂਰੇ ਕਰ ਸਕਦਾ ਹੈ। ਉਹ ਆਪਣੇ ਆਲੇ ਦੁਆਲੇ ਇਕ ਸੋਹਣਾ, ਸੁੰਦਰ ਅਤੇ ਖ਼ੁਸ਼ਹਾਲ ਮਾਹੌਲ ਸਿਰਜ ਸਕਦਾ ਹੈ ਅਤੇ ਸਮਾਜ ਵਿਚ ਵੀ ਸਨਮਾਨਤ ਸਥਾਨ ਹਾਸਲ ਕਰ ਸਕਦਾ ਹੈ। ਜਿੱਥੇ ਕਿਰਤ (ਕਰਮ) ਬਲਵਾਨ ਹੋਵੇ , ਉੱਥੇ ਕਿਸਮਤ ਨੂੰ ਵੀ ਝੁਕਣਾ ਪੈਂਦਾ ਹੈ। ਤੁਹਾਡਾ ਆਉਣ ਵਾਲਾ ਕੱਲ੍ਹ ਇਸ ਗਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਅੱਜ ਕੀ ਕਰਦੇ ਹੋ। ਦ੍ਰਿੜ ਸੰਕਲਪ ਵਾਲੇ ਲੋਕ ਆਪਣੇ ਫ਼ੈਸਲੇ ਨਾਲ ਦੁਨੀਆਂ ਬਦਲ ਦਿੰਦੇ ਹਨ ਪਰ ਡਰਪੋਕ ਲੋਕ ਦੁਨੀਆਂ ਤੋਂ ਡਰ ਕੇ ਆਪਣੇ ਫ਼ੈਸਲੇ ਬਦਲ ਦਿੰਦੇ ਹਨ। ਭਰੋਸਾ ਕੰਮ ਵਿਚ ਰੱਖੋ, ਕਿਸਮਤ ਵਿਚ ਨਹੀਂ। ਤੁਹਾਡੀ ਕਿਸਮਤ ਭਾਵੇਂ ਤੁਹਾਡਾ ਸਾਥ ਨਾ ਦਏ ਪਰ ਤੁਹਾਡੀ ਕਾਬਲੀਅਤ ਹਰ ਥਾਂ ਤੁਹਾਡਾ ਸਾਥ ਦੇਵੇਗੀ। ਆਓ ਅਸੀਂ ਉੱਦਮੀ ਬਣੀਏ ਅਤੇ ਸਫ਼ਲ ਮਨੁੱਖ ਹੋਣ ਦਾ ਸਬੂਤ ਦਈਏ। ਅਸੀਂ ਵੀ ਆਪਣੇ ਹੱਥਾਂ ਦੀ ਮਿਹਨਤ ਨਾਲ ਆਪਣੇ ਭਵਿੱਖ ਦੀ ਖ਼ੁਸ਼ਹਾਲੀ ਦੇ ਬੰਦ ਦਰਵਾਜ਼ੇ ਖੋਲ੍ਹੀਏ, ਆਪਣੀ ਜ਼ਿੰਦਗੀ ਨੂੰ ਸਫ਼ਲ ਬਣਾਈਏ ਅਤੇ ਉੱਜਲੀ ਸਵੇਰ ਦਾ ਆਨੰਦ ਮਾਣੀਏ।
***
225
***
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-94631-89432
83608-42861

ਨੋਟ: ਗੁਰਸ਼ਰਨ ਸਿੰਘ ਕੁਮਾਰ ਦੀ ‘ਲਿਖਾਰੀ’ ਵਿਚ ਛਪੀ ਹੋਰ ਰਚਨਾ ਪੜ੍ਹਨ ਲਈ ਕਲਿੱਕ ਕਰੋ

ਗੁਰਸ਼ਰਨ ਸਿੰਘ ਕੁਮਾਰ

ਗੁਰਸ਼ਰਨ ਸਿੰਘ ਕੁਮਾਰ

View all posts by ਗੁਰਸ਼ਰਨ ਸਿੰਘ ਕੁਮਾਰ →