12 June 2024

ਤੁਸੀਂ ਸਾਡੇ ਲਈ ਕੀਤਾ ਹੀ ਕੀ ਹੈ? — ਗੁਰਸ਼ਰਨ ਸਿੰਘ ਕੁਮਾਰ

ਅੱਜ ਕੱਲ੍ਹ ਦੀ ਉਭਰਦੀ ਹੋਈ ਨੌਜੁਆਨ ਪੀੜ੍ਹੀ ਬਹੁਤ ਹਿਸਾਬੀ ਹੋ ਗਈ ਹੈ। ਉਹ ਇਹ ਨਹੀਂ ਮੰਨਦੀ ਕਿ ਮਾਂ ਪਿਓ ਨੇ ਉਨ੍ਹਾਂ ਨੂੰ ਜਨਮ ਦੇ ਕੇ, ਪਾਲ ਪੋਸ ਕੇ, ਚੰਗੀ ਖ਼ੁਰਾਕ ਦੇ ਕੇ ਜਾਂ ਉੱਚੀ ਵਿੱਦਿਆ ਦੇ ਕੇ ਉਨ੍ਹਾਂ ਦਾ ਕੋਈ ਭਲਾ ਕੀਤਾ ਹੈ। ਇੰਨਾਂ ਸਭ ਕੁਝ ਹੋਣ ਦੇ ਬਾਵਜੂਦ ਵੀ ਕੁਝ ਬੱਚੇ ਮਾਂ ਪਿਓ ਦੀ ਇੱਜ਼ਤ ਨਹੀਂ ਕਰਦੇ। ਉਹ ਮਾਂ ਪਿਓ ਨੂੰ ਤਾੜ ਤਾੜ ਜੁਆਬ ਦਿੰਦੇ ਹਨ। ਉਨ੍ਹਾਂ ਨਾਲ ਉੱਚੀ ਆਵਾਜ਼ ਵਿਚ ਬਹਿਸ ਕਰਦੇ ਹਨ। ਕਈ ਬੱਚੇ ਤਾਂ ਸਭ ਸੁੱਖ ਸਹੂਲਤਾਂ ਹੁੰਦਿਆਂ ਵੀ ਮੂੰਹ ਪਾੜ ਕੇ ਕਹਿ ਦਿੰਦੇ ਹਨ-“ਤੁਸੀਂ ਸਾਡੇ ਲਈ ਕੀਤਾ ਹੀ ਕੀ ਹੈ?” ਅਜਿਹੇ ਤੱਲਖ ਸ਼ਬਦ ਮਾਂ ਪਿਓ ਦਾ ਸੀਨਾ ਚੀਰ ਜਾਂਦੇ ਹਨ। ਉਨ੍ਹਾਂ ਦੇ ਪੈਰਾਂ ਹੇਠਲੀ ਜ਼ਮੀਨ ਨਿਕਲ ਜਾਂਦੀ ਹੈ। ਬੱਚੇ ਹੀ ਮਾਂ ਪਿਓ ਦੀ ਅਸਲ ਦੌਲਤ ਹੁੰਦੇ ਹਨ ਪਰ ਅਜਿਹੇ ਕੌੜੇ ਸ਼ਬਦ ਸੁਣ ਕੇ ਉਨ੍ਹਾਂ ਨੂੰ ਜਾਪਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਭਰ ਦੀ ਸਾਰੀ ਕਮਾਈ ਪਲਕ ਝਪਕਦਿਆਂ ਹੀ ਸਿਫ਼ਰ ਹੋ ਗਈ। ਫਿਰ ਮਾਂ ਪਿਓ ਨੂੰ ਮਰਨ ਨੂੰ ਵੀ ਜਗਾ੍ਹ ਨਹੀਂ ਲੱਭਦੀ। ਉਹ ਆਪਣੇ ਹੀ ਬੱਚਿਆਂ ਹੱਥੋਂ ਢਹਿ ਢੇਰੀ ਹੋ ਜਾਂਦੇ ਹਨ। ਉਨ੍ਹਾਂ ਦੀ ਜ਼ਿੰਦਗੀ ਦਾ ਕੋਈ ਅਰਥ ਹੀ ਨਹੀਂ ਰਹਿ ਜਾਂਦਾ। ਬੱਚੇ ਤਾਂ ਆਕੜ ਕੇ ਕਹਿ ਦਿੰਦੇ ਹਨ-“ਤੁਸੀਂ ਸਾਨੂੰ ਜਨਮ ਦੇ ਕੇ ਜਾਂ ਸਾਡੀ ਪਰਵਰਿਸ਼ ਕਰ ਕੇ ਸਾਡੇ ਤੇ ਕੋਈ ਅਹਿਸਾਨ ਨਹੀਂ ਕੀਤਾ। ਜੇ ਐਡੀ ਗੱਲ ਸੀ ਤਾਂ ਸਾਨੂੰ ਨਹੀਂ ਸੀ ਜੰਮਣਾ। ਤੁਸੀਂ ਜੋ ਕੀਤਾ ਹੈ ਉਹ ਤੁਹਾਡਾ ਫ਼ਰਜ਼ ਸੀ।”

ਇਸ ਦਾ ਨਤੀਜਾ ਇਹ ਹੈ ਕਿ ਅੱਜ ਕੱਲ੍ਹ ਕਈ ਬੱਚਿਆਂ ਨੂੰ ਮਾਂ ਪਿਓ ਦੀਆਂ ਦੋ ਰੋਟੀਆਂ ਵੀ ਭਾਰੂ ਲੱਗਦੀਆਂ ਹਨ। ਟੈਲੀਵੀਜ਼ਨ ਅਤੇ ਅਖ਼ਬਾਰਾਂ ਤੇ ਇਹ ਖ਼ਬਰਾਂ ਆਮ ਆ ਰਹੀਆਂ ਹਨ ਕਿ ਕਲਯੁੱਗੀ ਪੁੱਤਰ ਨੇ ਮਾਂ ਦਾ ਕਤਲ ਕਰ ਦਿੱਤਾ ਜਾਂ ਪਿਓ ਦਾ ਕਤਲ ਕਰ ਦਿੱਤਾ ਜਾਂ ਨੂੰਹ ਪੁੱਤਰ ਨੇ ਆਪਣੇ ਬੁੱਢੇ ਮਾਂ ਬਾਪ ਨੂੰ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ ਅਤੇ ਉਨ੍ਹਾਂ ਨੂੰ ਬ੍ਰਿਧ ਆਸ਼ਰਮ ਵਿਚ ਸ਼ਰਨ ਲੈਣੀ ਪਈ। ਅਜਿਹੀਆਂ ਖ਼ਬਰਾਂ ਪੜ੍ਹ ਕੇ ਦਿਲ ਦਹਿਲ ਜਾਂਦਾ ਹੈ ਕਿ ਕਦੀ ਔਲਾਦ ਆਪਣੇ ਮਾਂ ਬਾਪ ਨਾਲ ਅਜਿਹਾ ਸਲੂਕ ਵੀ ਕਰ ਸਕਦੀ ਹੈ। ਇਹ ਵਧਦੀ ਉਮਰ ਦੇ ਮਾਂ ਬਾਪ ਲਈ ਖ਼ਤਰੇ ਦੀ ਘੰਟੀ ਹੈ।

ਜਿਹੜੇ ਬੱਚੇ ਆਪਣੇ ਮਾਂ ਬਾਪ ਦੀ ਹੋਂਦ ਨੂੰ ਨਕਾਰਦੇ ਹਨ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮਾਂ ਪਿਓ ਹੀ ਬੱਚੇ ਨੂੰ ਜ਼ਿੰਦਗੀ ਦੀ ਸਹੀ ਰਾਹ ਤੇ ਚਲਾਉਂਦੇ ਹਨ ਅਤੇ ਉਨ੍ਹਾਂ ਦੀ ਹੋਂਦ ਆਪਣੇ ਮਾਂ ਬਾਪ ਦੇ ਕਾਰਨ ਹੀ ਹੈ। ਜੇ ਮਾਂ ਬਾਪ ਨਾ ਹੁੰਦੇ ਤਾਂ ਬੱਚਿਆਂ ਨੇ ਵੀ ਨਹੀਂ ਸੀ ਹੋਣਾ। ਅੱਜ ਬੱਚੇ ਜਿਸ ਵੀ ਸਥਾਨ ਤੇ ਹਨ, ਉਹ ਆਪਣੇ ਮਾਂ ਬਾਪ ਦੇ ਕਾਰਨ ਹੀ ਹਨ।

ਅਜਿਹੇ ਭੁੱਲੜ ਬੱਚਿਆਂ ਨੂੰ ਮਾਂ ਬਾਪ ਦੀ ਕੀਮਤ ਦਾ ਨਹੀਂ ਪਤਾ ਹੁੰਦਾ। ਮਾਂ ਪਿਓ ਅਨਮੋਲ ਹਨ। ਉਨ੍ਹਾਂ ਦੀਆਂ ਕੁਰਬਾਨੀਆਂ ਦੀ ਕੀਮਤ ਨਹੀਂ ਪਾਈ ਜਾ ਸਕਦੀ। ਮਾਂ ਪਿਓ ਦਾ ਸਥਾਨ ਪ੍ਰਮਾਤਮਾ ਤੋਂ ਵੀ ਉੱਚਾ ਹੁੰਦਾ ਹੈ। ਇਸ ਲਈ ਮਾਂ ਪਿਓ ਦਾ ਸਥਾਨ ਪ੍ਰਮਾਤਮਾ ਵੀ ਨਹੀਂ ਲੈ ਸਕਦਾ। ਪ੍ਰਮਾਤਮਾ ਆਪਣੀ ਥਾਂ ਹੈ ਅਤੇ ਮਾਂ ਪਿਓ ਆਪਣੀ ਥਾਂ। ਪਿਤਾ ਤੇ ਸੂਰਜ ਦੀ ਗਰਮੀ ਨੂੰ ਬਰਦਾਸ਼ਤ ਕਰੋ ਕਿਉਂਕਿ ਸੂਰਜ ਅਤੇ ਪਿਤਾ ਤੋਂ ਬਾਅਦ ਹਨੇਰਾ ਛਾ ਜਾਂਦਾ ਹੈ। ਮਾਂ ਪਿਓ ਦੀ ਕੀਮਤ ਉਨ੍ਹਾਂ ਦੇ ਚਲੇ ਜਾਣ ਤੋਂ ਬਾਅਦ ਹੀ ਪਤਾ ਲੱਗਦਾ ਹੈ। ਬੱਚੇ ਆਪਣੇ ਮਾਂ ਪਿਓ ਦੇ ਘਰ ਹੱਕ ਨਾਲ ਰਹਿ ਸਕਦੇ ਹਨ। ਉਹ ਆਪਣੇ ਲਈ ਖ਼ਰਚਾ ਵੀ ਮੰਗ ਸਕਦੇ ਹਨ ਅਤੇ ਜਾਇਦਾਦ ਵਿਚ ਹਿੱਸਾ ਵੀ ਮੰਗ ਸਕਦੇ ਹਨ ਪਰ ਮਾਂ ਪਿਓ ਆਪਣੇ ਹੀ ਬੱਚੇ ਦੇ ਘਰ ਵਿਚ ਹੱਕ ਨਾਲ ਨਹੀਂ ਰਹਿ ਸਕਦੇ ਅਤੇ ਨਾ ਹੀ ਖ਼ਰਚਾ ਮੰਗ ਸਕਦੇ ਹਨ।

ਹੁਣ ਸੁਆਲ ਇਹ ਹੈ ਕਿ ਕੀ ਮਾਂ ਪਿਓ ਨੇ ਬੱਚਿਆਂ ਨੂੰ ਜਨਮ ਦੇ ਕੇ ਵਕਿਆ ਹੀ ਕੋਈ ਗ਼ਲਤੀ ਕੀਤੀ ਹੈ ਜੋ ਉਨ੍ਹਾਂ ਦੀ ਆਪਣੀ ਔਲਾਦ ਹੱਥੋਂ ਏਨੀ ਬੇਕਦਰੀ ਅਤੇ ਬੇਇਜ਼ਤੀ ਹੋ ਰਹੀ ਹੈ? ਇਸ ਨਾਲ ਮਾਂ ਪਿਓ ਤੇ ਮਾਨਸਿਕ ਤੌਰ ਤੇ ਬਹੁਤ ਗ਼ਹਿਰਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਨੂੰ ਲੱਗਦਾ ਹੈ ਜਿਵੇਂ ਕੋਈ ਤੁਫ਼ਾਨ ਉਨ੍ਹਾਂ ਨੂੰ ਰੌਂਦਦਾ ਚਲਾ ਗਿਆ ਹੋਵੇ।

ਬੱਚਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਮਾਂ ਪਿਓ ਆਪਣੇ ਸੁਪਨੇ ਮਾਰ ਲੈਂਦੇ ਹਨ। ਉਹ ਖੁਦ ਭੁੱਖੇ ਰਹਿ ਕੇ ਆਪਣੇ ਬੱਚਿਆਂ ਦਾ ਪੇਟ ਪਾਲਦੇ ਹਨ। ਉਹ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਜ਼ਿਦਗੀ ਵਿਚ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਜਾਂ ਉਨ੍ਹਾਂ ਨੇ ਜਿਹੜੀਆਂ ਤੰਗੀਆਂ ਤੁਰਸ਼ੀਆਂ ਹੰਢਾਈਆਂ ਹਨ ਉਹ ਉਨ੍ਹਾਂ ਦੇ ਬੱਚਿਆਂ ਨੂੰ ਨਾ ਹੰਢਾਉਣੀਆਂ ਪੈਣ। ਇਕ ਪਿਓ ਹੀ ਐਸਾ ਹੈ ਜੋ ਚਾਹੁੰਦਾ ਹੈ ਕਿ ਉਸ ਦਾ ਬੱਚਾ ਵੱਡਾ ਹੋ ਕੇ ਉਸ ਤੋਂ ਵੀ ਉੱਚੇ ਰੁਤਬੇ ਤੇ ਪਹੁੰਚੇ। ਇਹ ਪੱਕੀ ਗੱਲ ਹੈ ਕਿ ਜੇ ਅੱਜ ਬੱਚੇ ਆਪਣੇ ਪਿਓ ਨੂੰ ਹੱਥ ਜੋੜਨਗੇ ਤਾਂ ਉਨ੍ਹਾਂ ਨੂੰ ਵੱਡੇ ਹੋ ਕੇ ਲੋਕਾਂ ਦੇ ਪੈਰ ਨਹੀਂ ਫੜਨੇ ਪੈਣਗੇ। ਜੇ ਅੱਜ ਉੱਹ ਪਿਓ ਦੀ ਸਿੱਖਿਆ ਮੰਨਣਗੇ ਤਾਂ ਕੱਲ੍ਹ ਨੂੰ ਉਨ੍ਹਾਂ ਨੂੰ ਵਿਰੋਧੀਆਂ ਦੀਆਂ ਅਤੇ ਵਕੀਲਾਂ ਦੀਆਂ ਜਲੀਲ ਕਰਨ ਵਾਲੀਆਂ ਗੱਲਾਂ ਨਹੀਂ ਮੰਨਣੀਆਂ ਪੈਣਗੀਆਂ।

ਸਾਰੇ ਮਾਂ ਪਿਓ ਕਰੌੜਪਤੀ ਨਹੀਂ ਹੋ ਸਕਦੇ। ਹੋ ਸਕਦਾ ਹੈ ਕੁਝ ਮਾਂ ਪਿਓ ਨੇ ਅੱਤ ਦੀ ਗ਼ਰੀਬੀ ਵਿਚ ਆਪਣਾ ਪੇਟ ਕੱਟ ਕੇ ਅਤੇ ਸਖ਼ਤ ਮਿਹਨਤ ਕਰ ਕੇ ਬੱਚਿਆਂ ਨੂੰ ਪਾਲਿਆ ਹੋਵੇ ਅਤੇ ਉੱਚੀ ਪੜਾਈ ਕਰਾਈ ਹੋਵੇ। ਇਸ ਸਭ ਨੂੰ ਜਾਣਦੇ ਹੋਏ ਵੀ ਜੇ ਬੱਚੇ ਮਾਂ ਪਿਓ ਦੀ ਗ਼ਰੀਬੀ ਨੂੰ ਦੋਸ਼ ਦੇਣ ਅਤੇ ਉਨ੍ਹਾਂ ਕੋਲੋਂ ਅਮੀਰ ਬੱਚਿਆਂ ਦੀ ਤਰ੍ਹਾਂ ਸਹੂਲਤਾਂ ਦੀ ਉਮੀਦ ਰੱਖਣ ਜੋ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੋਣ ਤਾਂ ਇਹ ਵੀ ਠੀਕ ਨਹੀਂ।

ਇਸ ਸਾਰੀ ਚਰਚਾ ਦੇ ਬਾਵਜ਼ੂਦ ਵੀ ਅਸੀਂ ਕਹਿ ਸਕਦੇ ਹਾਂ ਕਿ ਹਾਲੀ ਵੀ ਡੁੱਲੇ੍ਹ ਬੇਰਾਂ ਦਾ ਕੁਝ ਨਹੀਂ ਵਿਗੜਿਆ। ਉਮੀਦ ਦੀ ਕਿਰਨ ਬਾਕੀ ਹੈ। ਜਿਹੜੇ ਬੱਚੇ ਕੁਝ ਭਟਕ ਗਏ ਹਨ ਉਨ੍ਹਾਂ ਨੂੰ ਮੋੜਿਆ ਜਾ ਸਕਦਾ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਬੱਚਿਆਂ ਦੀ ਯੋਗਤਾ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਲਈ ਆਪਣੇ ਦੇਸ਼ ਵਿਚ ਹੀ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ ਤਾਂ ਕਿ ਉਨ੍ਹਾਂ ਨੂੰ ਪੱਛਮ ਦੀਆਂ ਗਲਤ ਕਦਰਾਂ ਕੀਮਤਾਂ ਤੋਂ ਬਚਾਇਆ ਜਾ ਸਕੇ। ਉਹ ਆਪਣੇ ਭਾਰਤ ਦੀਆਂ ਚੰਗੀਆਂ ਕਦਰਾਂ ਕੀਮਤਾਂ ਨੂੰ ਅਪਨਾਉਣ। ਟੈਲੀਵੀਜ਼ਨ ਅਤੇ ਅਖ਼ਬਾਰਾਂ ਵਿਚ ਨੰਗੇਜ ਅਤੇ ਬੇਹੁੱਦੇ ਪ੍ਰੋਗਰਾਮਾਂ ਤੇ ਮਨਾਹੀ ਹੋਣੀ ਚਾਹੀਦੀ ਹੈ। ਸਾਰੇ ਬੱਚੇ ਹੀ ਗ਼ਲਤ ਨਹੀਂ ਹਨ। ਬਹੁਤ ਬੱਚੇ ਐਸੇ ਹਨ ਜੋ ਮਾਂ ਪਿਓ ਦਾ ਪੂਰਾ ਸਤਿਕਾਰ ਕਰਦੇ ਹਨ ਅਤੇ ਉਨ੍ਹਾਂ ਦੀ ਹਰ ਜ਼ਰੂਰਤ ਦਾ ਖਿਆਲ ਰੱਖਦੇ ਹਨ। ਲਾਇਕ ਬੱਚਿਆਂ ਦੀ ਜ਼ਿੰਦਗੀ ਵਿਚ ਸਭ ਤੋਂ ਮੁਸ਼ਕਲ ਕੰਮ ਹੁੰਦਾ ਹੈ ਆਪਣੇ ਮਾਂ ਪਿਓ ਨੂੰ ਬੁੱਢੇ ਹੁੰਦੇ ਹੋਏ ਦੇਖਣਾ। ਉਨ੍ਹਾਂ ਦਾ ਰੋਜ਼ਾਨਾ ਸਰੀਰਕ ਤੌਰ ਤੇ ਕਮਜ਼ੋਰ ਹੋਣਾ ਅਤੇ ਤਿਲ ਤਿਲ ਕਰ ਕੇ ਮਰਨਾ। ਮਾਂ ਪਿਓ ਦੇ ਇਸ ਦੁਨੀਆਂ ਤੋਂ ਰੁਖਸਤ ਹੋਣ ਨਾਲ ਬੱਚਿਆਂ ਦਾ ਸਵਰਗ ਵੀ ਖ਼ਤਮ ਹੋ ਜਾਂਦਾ ਹੈ। ਫਿਰ ਉਨ੍ਹਾਂ ਨੂੰ ਤਲਖ ਹਕੀਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ
ਮਾਂ ਪਿਓ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਪਿਆਰ ਨਾਲ ਆਪਣੇ ਨਾਲ ਜੋੜੀ ਰੱਖਣ। ਉਨ੍ਹਾਂ ਨੂੰ ਛੋਟੀ ਉਮਰ ਵਿਚ ਹੀ ਚੰਗੇ ਸੰਸਕਾਰ ਅਤੇ ਸੁਚੱਜੀ ਅਗੁਆਈ ਦਿੱਤੀ ਜਾਏ। ਇਹ ਵੀ ਧਿਆਨ ਰੱਖਿਆ ਜਾਏ ਕਿ ਉਨ੍ਹਾਂ ਦਾ ਦਾਇਰਾ ਚੰਗੇ ਦੋਸਤਾਂ ਨਾਲ ਹੋਵੇ। ਦੁਨੀਆਂ ਖੂਹ ਦੀ ਆਵਾਜ਼ ਹੈ। ਬੰਦਾ ਜੋ ਦੂਜੇ ਨੂੰ ਦਿੰਦਾ ਹੈ ਉਹ ਹੀ ਉਸ ਕੋਲ ਵਾਪਸ ਮੁੜ ਕੇ ਆਉਂਦਾ ਹੈ। ਇਸ ਲਈ ਬੱਚਿਆਂ ਨੂੰ ਵੀ ਮਾਂ ਪਿਓ ਦੀ ਕੁਰਬਾਨੀ ਦੀ ਕਦਰ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਲਾਇਕ ਬੱਚੇ ਬਣ ਕੇ ਨਿਮਰਤਾ ਨਾਲ ਆਪਣੇ ਮਾਂ ਪਿਓ ਦੀ ਸੇਵਾ ਕਰਨੀ ਚਾਹੀਦੀ ਹੈ ਤਾਂ ਕਿ ਅੱਗੋਂ ਜਾ ਕੇ ਉਨ੍ਹਾਂ ਦੇ ਆਪਣੇ ਬੱਚੇ ਘਰ ਦੇ ਮਾਹੌਲ ਤੋਂ ਸਿਖਿਆਂ ਲੈਣ ਅਤੇ ਮਾਂ ਪਿਓ ਨੂੰ ਪੂਰਾ ਸਤਿਕਾਰ ਦੇਣ। ਉਨ੍ਹਾਂ ਨੂੰ ਆਪਣੇ ਬੱਚਿਆਂ ਤੋਂ ਹੀ ਇਹ ਨਾ ਸੁਣਨਾ ਪਏ –“ਕਿ ਤੁਸੀਂ ਸਾਡੇ ਲਈ ਕੀਤਾ ਹੀ ਕੀ ਹੈ?”
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1355
***

About the author

ਗੁਰਸ਼ਰਨ ਸਿੰਘ ਕੁਮਾਰ
ਗੁਰਸ਼ਰਨ ਸਿੰਘ ਕੁਮਾਰ
Mobile:094631-89432/83608-42861 | gursharan1183@yahoo.in | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਸ਼ਰਨ ਸਿੰਘ ਕੁਮਾਰ

View all posts by ਗੁਰਸ਼ਰਨ ਸਿੰਘ ਕੁਮਾਰ →