18 September 2024
Peac on the Bridge

ਪ੍ਰੇਰਨਾਦਾਇਕ ਲੇਖ: ਖ਼ੁਸ਼ੀ ਦਾ ਮੰਤਰ — ਗੁਰਸ਼ਰਨ ਸਿੰਘ ਕੁਮਾਰ

ਜ਼ਿੰਦਗੀ ਵਿਚ ਖ਼ੁਸ਼ ਰਹਿਣਾ ਹਰ ਮਨੁੱਖ ਦੀ ਅਭਿਲਾਸ਼ਾ ਹੁੰਦੀ ਹੈ ਤਾਂ ਕਿ ਉਹ ਸ਼ਾਂਤੀ ਪੂਰਬਕ ਜ਼ਿੰਦਗੀ ਬਸਰ ਕਰ ਸਕੇ। ਕਈ ਮਨੁੱਖ ਦੁਨਿਆਵੀਂ ਪਦਾਰਥਾਂ ਵਿਚੋਂ ਸੁੱਖ ਭਾਲਦੇ ਹਨ ਕਿਉਂਕਿ ਇਨ੍ਹਾਂ ਨਾਲ ਉਨ੍ਹਾਂ ਦੀਆਂ ਮੁਢਲੀਆਂ ਜ਼ਰੂਰਤਾਂ ਆਸਾਨੀ ਨਾਲ ਪੂਰੀਆਂ ਹੁੰਦੀਆਂ ਹਨ। ਇਸ ਲਈ ਉਹ ਸਮਾਜਕ, ਆਰਥਿਕ ਤੌਰ ਤੇ ਉੱਚਾ ਉੱਠਣਾ ਚਾਹੁੰਦੇ ਹਨ ਤਾਂ ਕਿ ਉਹ ਦੂਜਿਆਂ ਦੀ ਨਜ਼ਰ ਵਿਚ ਜਾਣੇ-ਪਛਾਣੇ ਅਤੇ ਸਨਮਾਨੇ ਜਾ ਸਕਣ ਅਤੇ ਦੁਨੀਆਂ ’ਤੇ ਉਨ੍ਹਾਂ ਦਾ ਨਾਮ ਹੋਵੇ। ਇਸ ਨਾਲ ਹੀ ਉਨ੍ਹਾਂ ਨੂੰ ਖ਼ੁਸ਼ੀ ਮਿਲਦੀ ਹੈ ਪਰ ਇਹ ਖ਼ੁਸ਼ੀ ਸਦੀਵੀਂ ਖ਼ੁਸ਼ੀ ਨਹੀਂ ਹੁੰਦੀ। ਉਪਰੋਕਤ ਪਦਾਰਥਾਂ ਅਤੇ ਅਹੁਦਿਆਂ ਨੂੰ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਤਣਾਅ ਵਿਚ ਰਹਿ ਕੇ ਜਤਨ ਕਰਨੇ ਪੈਂਦੇ ਹਨ। ਇਸ ਲਈ ਉਨ੍ਹਾਂ ਦੀ ਅੰਦਰੂਨੀ ਖ਼ੁਸ਼ੀ ਰਫੂ ਚੱਕਰ ਹੋ ਜਾਂਦੀ ਹੈ। ਬੇਸ਼ੱਕ ਉਹ ਉੱਪਰ ਉੱਠਦੇ ਹਨ ਪਰ ਅਜਿਹੀ ਉੱਚਾਈ ਕਿਸ ਕੰਮ ਦੀ ਜਿਸ ਤੋਂ ਆਪਣੇ ਹੀ ਨਜ਼ਰ ਨਾ ਆਉਣ।

ਦੁਨਿਆਵੀ ਪਦਾਰਥਾਂ ਨੂੰ ਇਕੱਠੇ ਕਰਨ ਲਈ ਕਈ ਵਾਰੀ ਮਨੁੱਖ ਗ਼ਲਤ ਕੰਮ ਵੀ ਕਰ ਬੈਠਦਾ ਹੈ। ਉਹ ਦੂਜੇ ਦਾ ਹੱਕ ਵੀ ਮਾਰ ਬੈਠਦਾ ਹੈ ਜਾਂ ਕਾਨੂਨ ਦੀ ਉਲੰਘਣਾ ਕਰ ਬੈਠਦਾ ਹੈ। ਫਿਰ ਉਸ ਨੂੰ ਹਰ ਸਮੇਂ ਕਾਨੂੰਨ ਦੇ ਸ਼ਿਕੰਜੇ ਵਿਚ ਫਸਣ ਦਾ ਡਰ ਰਹਿੰਦਾ ਹੈ। ਹਰ ਗੁਨਾਹ ਦਾ ਮਨ ’ਤੇ ਭਾਰ ਹੁੰਦਾ ਹੈ। ਉਸ ਦੇ ਮਨ ਦੀ ਸ਼ਾਤੀ ਭੰਗ ਹੋ ਜਾਂਦੀ ਹੈ ਅਤੇ ਖ਼ੁਸ਼ੀ ਕਾਫੂਰ ਹੋ ਜਾਂਦੀ ਹੈ। ਉਹ ਇਨਸਾਨੀਅਤ ਦੇ ਉਲਟ ਕਈ ਪਾਪ ਵੀ ਕਰ ਬੈਠਦਾ ਹੈ। ਉਹ ਸੋਚਦਾ ਹੈ ਕਿ ਮੈਨੂੰ ਕੋਈ ਨਹੀਂ ਦੇਖ ਰਿਹਾ ਪਰ ਪ੍ਰਮਾਤਮਾ ਤਾਂ ਹਰ ਜਗ੍ਹਾ ਮੌਜੂਦ ਹੈ। ਮਨੁੱਖ ਦੇ ਪਾਪ ਪ੍ਰਮਾਤਮਾ ਦੀ ਨਜ਼ਰ ਤੋਂ ਬਚ ਨਹੀਂ ਸਕਦੇ। 

ਜਿਉਂ ਜਿਉਂ ਮਨੁੱਖ ਨੂੰ ਦੁਨਿਆਵੀ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਜਾਂਦੀ ਹੈ ਤਿਉਂ ਤਿਉਂ ਉਸ ਅੰਦਰ ਹਉਮੈ ਵੀ ਵਧਦੀ ਜਾਦੀ ਹੈ। ਇਸ ਦੇ ਨਾਲ ਹੀ ਕਾਮ, ਕ੍ਰੋਧ, ਲੋਭ ਅਤੇ ਮੋਹ ਜਿਹੀਆਂ ਅਲਾਮਤਾਂ ਵੀ ਉਸ ਨੂੰ ਘੇਰ ਲੈਂਦੀਆਂ ਹਨ। ਜੇ ਅਸੀਂ ਸੋਚਦੇ ਹਾਂ ਕਿ ਸਾਡੇ ਚੰਗੇ ਕੰਮਾਂ ਦਾ ਫ਼ਲ ਸਾਨੂੰ ਮਿਲੇਗਾ ਤਾਂ ਸਾਨੂੰ ਆਪਣੇ ਮਨ ਵਿਚ ਇਹ ਵੀ ਪੱਕਾ ਕਰ ਲੈਣਾ ਚਾਹੀਦਾ ਹੈ ਕਿ ਸਾਡੇ ਮਾੜੇ ਕੰਮਾਂ ਦਾ ਫ਼ਲ ਵੀ ਇਕ ਦਿਨ ਜ਼ਰੂਰ ਸਾਡੇ ਕੋਲ ਪਰਤ ਕੇ ਵਾਪਸ ਆਵੇਗਾ। ਇਸ ਲਈ ਚੰਗਾ ਸੋਚੋ, ਚੰਗਾ ਕਰੋ ਅਤੇ ਚੰਗਾ ਬੋਲੋ। ਇੱਜ਼ਤ ਕਰੋ ਅਤੇ ਇੱਜ਼ਤ ਪਾਵੋ। ਦੂਸਰੇ ਪ੍ਰਤੀ ਵਫਾਦਾਰ ਰਹੋ। ਨਿੰਦਾ ਚੁਗਲੀ ਅਤੇ ਬੇਈਮਾਨੀ ਤੋਂ ਬਚੋ। ਕਰਮਯੋਗੀ ਵੀ ਕਹਿੰਦੇ ਹਨ ਕਿ ਬ੍ਰਹਿਮੰਡ ਵਿਚ ਕੋਈ ਵੱਖਰਾ ਸਵਰਗ ਜਾਂ ਨਰਕ ਨਹੀਂ। ਸਵਰਗ ਜਾਂ ਨਰਕ ਇਸ ਧਰਤੀ ’ਤੇ ਹੀ ਹੈ। ਸਾਡੇ ਚੰਗੇ ਮਾੜੇ ਕੰਮਾਂ ਦਾ ਹਿਸਾਬ, ਨਾਲ ਦੇ ਨਾਲ, ਇਸ ਧਰਤੀ ’ਤੇ ਹੀ ਹੋ ਜਾਂਦਾ ਹੈ। ਇਸ ਲਈ ਕੋਈ ਕੰਮ ਕਰਨ ਲੱਗੇ ਰੱਬ ਅਤੇ ਮੌਤ ਨੂੰ ਜ਼ਰੂਰ ਯਾਦ ਰੱਖੋ। ਭਲੇ ਕੰਮ ਕਰਨਾ ਬਹੁਤ ਚੰਗੀ ਗੱਲ ਹੈ। ਇਸ ਨਾਲ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਪਰ ਭਲੇ ਦਾ ਕੰਮ ਨਿਰਸੁਆਰਥ ਹੋ ਕੇ ਹੀ ਕਰਨਾ ਚਾਹੀਦਾ ਹੈ। ਨਿੱਜੀ ਸੁਆਰਥ ਲਈ ਕਿਸੇ ਦੀ ‘ਜੀ ਹਜ਼ੂਰੀ’ ਕਰਨੀ ਚੰਗੀ ਨਹੀਂ। ਇਸੇ ਲਈ ਕਹਿੰਦੇ ਹਨ –ਨੇਕੀ ਕਰ ਔਰ ਕੂਏਂ ਮੇਂ ਡਾਲ।

ਸਾਡੀਆਂ ਜ਼ਿਆਦਾ ਖਾਹਿਸ਼ਾਂ ਹੀ ਸਾਡੀ ਖ਼ੁਸ਼ੀ ਨੂੰ ਲੁੱਟ ਲੈਂਦੀਆਂ ਹਨ। ਸਾਡੀ ਇਕ ਖਾਹਿਸ਼ ਪੂਰੀ ਹੁੰਦੀ ਹੈ ਤਾਂ ਉਸੇ ਸਮੇਂ ਸਾਡੇ ਅੰਦਰ ਦੋ ਚਾਰ ਹੋਰ ਖਾਹਿਸ਼ਾਂ ਜਨਮ ਲੈ ਲੈਂਦੀਆਂ ਹਨ। ਇਸ ਲਈ ਜ਼ਿੰਦਗੀ ਵਿਚ ਜੋ ਮਿਲਿਆ ਹੈ ਉਸ ਨਾਲ ਸੰਤੁਸ਼ਟ ਰਹਿਣਾ ਸਿੱਖੋ। ਤੁਸੀਂ ਸਾਦੇ ਭੋਜਨ ਅਤੇ ਸਧਾਰਨ ਕੱਪੜਿਆਂ ਨਾਲ ਹੀ ਸਹਿਜ ਦੀ ਜ਼ਿੰਦਗੀ ਬਸਰ ਕਰ ਸਕਦੇ ਹੋ। ਜੋ ਭੋਜਨ ਮਿਲ ਜਾਏ ਉਸ ਨੂੰ ਪ੍ਰਮਾਤਮਾ ਦਾ ਪ੍ਰਸਾਦ ਸਮਝ ਕੇ ਛਕ ਲਉ ਅਤੇ ਉਸ ਦਾ ਸ਼ੁਕਰਾਨਾ ਕਰੋ। ਪਤਾ ਨਹੀਂ ਕੱਲ੍ਹ ਨੂੰ ਇਹ ਵੀ ਨਸੀਬ ਹੋਵੇ ਜਾਂ ਨਹੀਂ। ਜੋ ਜ਼ਿੰਦਗੀ ਤੁਸੀਂ ਅੱਜ ਜੀਅ ਰਹੇ ਹੋ, ਕਈ ਲੋਕ ਇਸ ਨੂੰ ਵੀ ਤਰਸਦੇ ਹਨ। ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਉਹ ਕਦੋਂ ਰਾਜੇ ਨੂੰ ਰੰਕ ਬਣਾ ਦੇਵੇ ਅਤੇ ਰੰਕ ਨੂੰ ਰਾਜ ਕਰਾ ਦੇਵੇ।

ਜੇ ਕੋਈ ਅਣਹੋਣੀ ਘਟਣਾ ਵੀ ਵਾਪਰ ਜਾਏ ਤਾਂ ਵੀ ਪ੍ਰਮਾਤਮਾ ਦੇ ਭਾਣੇ ਵਿਚ ਰਹੋ ਕਿਉਂਕਿ ਉਸ ਦੇ ਹੁਕਮ ਨੂੰ ਨਾ ਹੀ ਤੁਸੀਂ ਟਾਲ ਸਕਦੇ ਹੋ ਅਤੇ ਨਾ ਹੀ ਬਦਲ ਸਕਦੇ ਹੋ। ਜੇ ਕਦੀ ਗ਼ਰੀਬੀ ਵੀ ਕੱਟਣੀ ਪੈ ਜਾਵੇ ਤਾਂ ਵੀ ਜ਼ਿੰਦਗੀ ਤੋਂ ਸੰਤੁਸ਼ਟ ਰਹੋ। ਅਧਿਆਪਕ ਹਮੇਸ਼ਾਂ ਹੁਸ਼ਿਆਰ ਵਿਦਿਆਰਥੀਆਂ ਨੂੰ ਹੀ ਮੁਸ਼ਕਲ ਇਮਤਿਹਾਨ ਵਿਚ ਪਾਉਂਦਾ ਹੈ ਤਾਂ ਕਿ ਉਹ ਹੋਰ ਹੁਸ਼ਿਆਰ ਬਣੇ।

ਦੂਸਰੇ ਕੋਲੋਂ ਕੋਈ ਵਸਤੂ ਲੈਣ ਦੀ ਇੱਛਾ ਮਨ ਵਿਚ ਨਾ ਰੱਖੋ। ਕਿਸੇ ਕੋਲੋਂ ਕੋਈ ਚੀਜ਼ ਲੈਣ ਦਾ ਆਨੰਦ ਥੋੜ੍ਹੇ ਸਮੇਂ ਦਾ ਹੀ ਹੁੰਦਾ ਹੈ ਪਰ ਕਿਸੇ ਨੂੰ ਕੁਝ ਦੇਣ ਦੀ ਖ਼ੁਸ਼ੀ ਲੰਮੇ ਸਮੇਂ ਦੀ ਹੁੰਦੀ ਹੈ। ਇਸ ਲਈ ਤੁਹਾਡਾ ਹੱਥ ਕਿਸੇ ਨੂੰ ਕੁਝ ਦੇਣ ਲਈ ਹੀ ਝੁਕਿਆ ਹੋਣਾ ਚਾਹੀਦਾ ਹੈ। ਹਰ ਮਨੁੱਖ ਆਪਣੇ ਅੰਦਰ ਇਕ ਆਤਮਾ ਲੈ ਕੇ ਪੈਦਾ ਹੁੰਦਾ ਹੈ। ਇਸ ਲਈ ਕੇਵਲ ਇਕ ਸਰੀਰ ਬਣ ਕੇ ਹੀ ਨਾ ਜੀਓ ਸਗੋਂ ਇਕ ਸ਼ਖਸੀਅਤ ਬਣ ਕਿ ਜੀਓ।

ਜੇ ਤੁਸੀਂ ਖ਼ੁਸ਼ ਰਹਿਣਾ ਚਾਹੁੰਦੇ ਹੋ ਤਾਂ ਪਹਿਲਾਂ ਖੁਦ ਨੂੰ ਸੁਧਾਰੋ। ਆਪਣੀਆਂ ਮਾੜੀਆਂ ਆਦਤਾਂ ਨੂੰ ਤੁਰੰਤ ਛੱਡ ਦਿਓ ਅਤੇ ਚੰਗੀਆਂ ਆਦਤਾਂ ਨੂੰ ਅਪਣਾ ਲਓ। ਤੁਹਾਡੇ ਛੋਟੇ ਛੋਟੇ ਸੁਧਾਰ ਤੁਹਾਡੀ ਜ਼ਿੰਦਗੀ ਵਿਚ ਮਹਾਨ ਤਬਦੀਲੀ ਲਿਆ ਸਕਦੇ ਹਨ। ਜੇ ਜ਼ਿੰਦਗੀ ਵਿਚ ਤੁਹਾਡੇ ਕੋਲੋਂ ਕੋਈ ਗ਼ਲਤੀ ਹੋ ਵੀ ਜਾਏ ਤਾਂ ਉਸ ਨੂੰ ਸਵੀਕਾਰ ਕਰਨ ਦਾ ਹੌਸਲਾ ਰੱਖੋ। ਜੋ ਮਨੁੱਖ ਆਪਣੀ ਗ਼ਲਤੀ ਸਵੀਕਾਰ ਨਹੀਂ ਕਰ ਸਕਦਾ, ਉਹ ਕਦੀ ਆਪਣਾ ਜੀਵਨ ਨਹੀਂ ਬਦਲ ਸਕਦਾ। ਸਮਾਜ ਵਿਚ ਬੰਦਾ ਜਿੰਨਾ ਝੁਕਦਾ ਹੈ ਉਸ ਦੀ ਸ਼ਖਸੀਅਤ ਓਨੀ ਹੀ ਉੱਪਰ ਉੱਠਦੀ ਹੈ। ਉਹ ਪਿਆਰ ਨਾਲ ਸਾਰੀ ਦੁਨੀਆਂ ਨੂੰ ਵੀ ਝੁਕਾ ਸਕਦਾ ਹੈ। ਕਿਸੇ ਨੂੰ ਦੁੱਖ ਦੇ ਕੇ ਆਪਣੀ ਖ਼ੁਸ਼ੀ ਦੀ ਦੁਆ ਨਾ ਕਰੋ। ਅਜਿਹੀਆਂ ਦੁਆਵਾਂ ਕਦੀ ਪ੍ਰਵਾਨ ਨਹੀਂ ਹੁੰਦੀਆਂ। ਦੂਜੇ ਦਾ ਹੱਕ ਮਾਰ ਕੇ ਜਾਂ ਕਾਨੂੰਨ ਤੋੜ ਕੇ ਜਾਂ ਫਿਰ ਮਨੁੱਖਤਾ ਦੇ ਧਰਮ ਨੂੰ ਅਣਗੋਲਿਆਂ ਕਰ ਕੇ ਤੁਸੀਂ ਕਦੀ ਖ਼ੁਸ਼ ਨਹੀਂ ਰਹਿ ਸਕਦੇ। ਜੇ ਤੁਸੀਂ ਦੇਸ਼ ਦੇ ਕਾਨੂੰਨ ਅਤੇ ਕੁਦਰਤ ਦੇ ਨਿਯਮਾਂ ਦਾ ਪਾਲਣ ਕਰੋਗੇ ਤਾਂ ਨਿਡਰ ਹੋ ਕੇ ਬਾਦਸ਼ਾਹਾਂ ਦੀ ਤਰ੍ਹਾਂ ਜ਼ਿੰਦਗੀ ਜੀਉਗੇ ਅਤੇ ਸਦਾ ਖ਼ੁਸ਼ ਰਹੋਗੇ।

ਖ਼ੁਸ਼ੀ ਦਾ ਸਭ ਤੋਂ ਵੱਡਾ ਮੰਤਰ ਮਨ ਦੀ ਸੰਤੁਸ਼ਟੀ ਹੈ। ਕੁਦਰਤ ਨੇ ਜੋ ਤੁਹਾਨੂੰ ਦਿੱਤਾ ਹੈ ਉਹ ਤੁਹਾਡਾ ਨਸੀਬ ਹੈ। ਜੇ ਤੁਸੀਂ ਆਪਣੇ ਨਸੀਬ ’ਤੇ ਖ਼ੁਸ਼ ਰਹੋਗੇ ਤਾਂ ਹੀ ਤੁਹਾਨੂੰ ਸੱਚੀ ਖ਼ੁਸ਼ੀ ਮਿਲੇਗੀ। ਦੂਸਰਿਆਂ ਦੀ ਦੌਲਤ ਅਤੇ ਰੁਤਬੇ ਨੂੰ ਦੇਖ ਕੇ ਝੂਰਦੇ ਰਹੋਗੇ ਤਾਂ ਤੁਸੀ ਕਦੀ ਖ਼ੁਸ਼ ਨਹੀਂ ਰਹੋਗੇ। ਸਬਰ ਕਰੋ। ਜੇ ਤੁਸੀਂ ਆਰਥਕ ਤੋਰ ਤੇ ਖ਼ੁਸ਼ਹਾਲ ਹੋਣਾ ਚਾਹੁੰਦੇ ਹੋ ਤਾਂ ਹੋਰ ਮਿਹਨਤ ਕਰੋ। ਮਿਹਨਤ ਦੇ ਪਸੀਨੇ ਨਾਲ ਤੁਸੀਂ ਆਪਣੀ ਬਦਨਸੀਬੀ ਨੂੰ ਖ਼ੁਸ਼ਨਸੀਬੀ ਵਿਚ ਬਦਲ ਸਕਦੇ ਹੋ। ਸਖ਼ਤ ਮਿਹਨਤ ਹੀ ਸਫ਼ਲਤਾ ਦੀ ਕੁੰਜੀ ਹੈ। ਹੱਕ ਹਲਾਲ ਦੀ ਕਮਾਈ ਨਾਲ ਧਨ ਕਮਾਉਣ ਵਿਚ ਕੋਈ ਬੁਰਾਈ ਨਹੀਂ। ਫਿਰ ਵੀ ਤੁਹਾਡੇ ਪੈਰ ਧਰਤੀ ਤੇ ਜੁੜੇ ਹੋਣੇ ਚਾਹੀਦੇ ਹਨ। ਲੋਕ ਕਹਿੰਦੇ ਹਨ ਕਿ ਪ੍ਰਮਾਤਮਾ ਨਜ਼ਰ ਨਹੀਂ ਆਉਂਦਾ। ਪਰ ਔਖੇ ਸਮੇਂ ਜਦ ਸਾਰੇ ਸਾਥ ਛੱਡ ਜਾਂਦੇ ਹਨ ਤਾਂ ਕੇਵਲ ਪ੍ਰਮਾਤਮਾ ਦਾ ਸਹਾਰਾ ਹੀ ਨਜ਼ਰ ਆਉਂਦਾ ਹੈ। ਨਿਰਬਲ ਦਾ ਬਲ ਵੀ ਪ੍ਰਮਾਤਮਾ ਹੀ ਹੁੰਦਾ ਹੈ।

ਖ਼ੁਸ਼ੀ ਕੋਈ ਮੁੱਲ ਮਿਲਣ ਵਾਲੀ ਚੀਜ਼ ਨਹੀਂ। ਬਾਹਰ ਤੋਂ ਮਿਲਣ ਵਾਲੀ ਖ਼ੁਸ਼ੀ ਥੋੜ੍ਹੇ ਚਿਰ ਦੀ ਹੀ ਹੁੰਦੀ ਹੈ। ਖ਼ੁਸ਼ੀ ਹਾਸਲ ਕਰਨ ਲਈ ਪਹਿਲਾਂ ਦੂਜੇ ਨੂੰ ਖ਼ੁਸ਼ੀ ਵੰਡਣੀ ਪੈਂਦੀ ਹੈ। ਦੂਸਰੇ ਨੂੰ ਖ਼ੁਸ਼ੀ ਦੇਣਾ ਹੀ ਖ਼ੁਸ਼ੀ ਹਾਸਲ ਕਰਨ ਦਾ ਅਧਾਰ ਹੈ। ਖ਼ੁਸ਼ੀ ਦੇ ਬੀਜ਼ ਪਹਿਲਾਂ ਦੂਸਰੇ ਦੇ ਦਿਲਾਂ ’ਚ ਬੀਜਣੇ ਪੈਂਦੇ ਹਨ। ਉਹ ਬੀਜ਼ ਅੰਦਰ ਫੁੱਟਦੇ ਹਨ ਅਤੇ ਸਮਾਂ ਪਾ ਕੇ ਵੱਡੇ ਹੁੰਦੇ ਹਨ। ਫਿਰ ਗੁਲਦਸਤਾ ਬਣ ਕੇ ਤੁਹਾਡੇ ਕੋਲ ਵਾਪਸ ਆਉਂਦੇ ਹਨ।

***
181
***
ਗੁਰਸ਼ਰਨ ਸਿੰਘ ਕੁਮਾਰ
#  1183, ਫੇਜ਼-10, ਮੁਹਾਲੀ
ਮੋਬਾਇਲ:-94631-89432

ਗੁਰਸ਼ਰਨ ਸਿੰਘ ਕੁਮਾਰ

ਗੁਰਸ਼ਰਨ ਸਿੰਘ ਕੁਮਾਰ

View all posts by ਗੁਰਸ਼ਰਨ ਸਿੰਘ ਕੁਮਾਰ →