|
ਅਰਬ ਦੇ ਸ਼ੇਖਾਂ ਦਾ ਲਿਸ਼ ਲਿਸ਼ ਕਰਦਾ, 8 ਰੋਡਵੇਜ ਦੀਆਂ ਬੱਸਾਂ ਦੀਆਂ ਸਵਾਰੀਆਂ ਜਿੰਨਾ 400 ਮੁਸਾਫ਼ਰਾਂ ਦਾ ਭਰਿਆ ਬੋਇੰਗ 777 ਜਹਾਜ਼, ਜਦੋਂ ਗਰੜ ਗਰੜ ਕਰਦਾ ਅਮਰੀਕਾ ਦੀ ਧਰਤੀ ਤੇ ਉੱਤਰਿਆ ਤਾਂ ਮੈਨੂੰ ਚਿੱਤ ਚੇਤਾ ਵੀ ਨਹੀਂ ਸੀ ਕਿ ਅਗਾਂਹ ਸਵਾਗਤ ਦੀ ਥਾਂ ਕੁੱਤੇ-ਖਾਣੀ ਹੋਵੇਗੀ ।ਮਿੰਨੀ ਬੱਸ ਵੱਲ ਦੌੜ ਰਹੀਆਂ ਪੇਂਡੂ ਸਵਾਰੀਆਂ ਵਾਂਗ ਲੋਕ ਕਾਹਲ਼ੇ ਕਦਮੀ ਚੱਲ ਰਹੇ ਸਨ। ਕਈ ਮੋੜ ਕੱਟਕੇ ਮੈਂ ਸਕਿਉਰਟੀ ਕਾਊਂਟਰ ਤੇ ਪਹੁੰਚਿਆ। ਝੋਟੇ ਵਰਗੇ ਕਾਲੇ ਅਧਿਕਾਰੀ ਨੇ ਮੇਰੇ ਕਾਗਜ਼ ਪੱਤਰ ਉਲਟਾ ਪੁਲਟਾ ਕੇ ਵੇਖੇ ਤੇ ਇੱਕ ਦੋ ਸਵਾਲ ਪੁੱਛਕੇ ਫਰੇਮ ਵਿੱਚ ਲੱਗੇ ਨਿੱਕੇ ਕੈਮਰੇ ਦੇ ਸਾਹਮਣੇ ਹੋਣ ਲਈ ਕਿਹਾ। ਮੈਂ ਕੈਮਰੇ ਦੀ ਅੱਖ ਵਿੱਚ ਵੇਖਿਆ ਤੇ ਉਸਨੇ ਮੇਰੀ ਫੋਟੋ ਖਿੱਚ ਲਈ। ਮੈਂ ਫਿਰ ਗਲੀਚੇ ਤੇ ਤੁਰਦਾ ਤੁਰਦਾ ਕਨੇਡਾ ਲਈ ਅਗਲਾ ਜਹਾਜ਼ ਚੜ੍ਹਣ ਲਈ ਅਗਲੇ ਸਕਿਉਰਟੀ ਚੈੱਕ ਕਾਊਂਟਰ ਤੇ ਪੁੱਜਾਂ ।ਟਰੇਅ ਵਿੱਚ ਬੂਟ ਜੁਰਾਬਾਂ ਬੈਲਟ ਬਟੂਆ ਘੜੀ ਹੈਂਡਬੈਗ ਰੱਖੇ ਤਾਂ ਪਟਾ ਸਰਕਕੇ ਟਰੇਅ ਦੂਜੇ ਪਾਸੇ ਲੈ ਗਿਆ। ਇੱਥੇ ਸਿਕਿਉਰਟੀ ਸਖਤ ਸੀ ।ਸਾਹਮਣੇ ਖੜ੍ਹੇ ਗੋਰੇ ਨੇ ਮੈਨੂੰ ਮੈਟਲ ਡਟੈਕਟਰ ਵਿੱਚ ਵੜਣ ਲਈ ਕਿਹਾ। ਮੈਂ ਉਸਦੇ ਦੱਸਣ ਤੇ, ਬਣੇ ਹੋਏ ਨਿਸ਼ਾਨਾਂ ਤੇ ਪੈਰ ਰੱਖਕੇ ਦੋਨੋ ਹੱਥ ਸ਼ੀਸ਼ੇ ਦੀ ਕੰਧ ਨਾਲ ਲਾਕੇ ਖੜ੍ਹ ਗਿਆ। ਮੈਂ ਫ਼ੌਜੀਆਂ ਵੱਲੋਂ ਬੰਦੇ ਦੇ ਪਿੱਛੋਂ ਸਿਰ ਚ ਗੋਲੀ ਮਾਰਨ ਵਾਲੇ ਅੰਦਾਜ਼ ਚ ਕੰਧ ਨਾਲ ਹੱਥ ਲਾਈ ਖੜ੍ਹਾ ਸੀ ।ਸ਼ੀਸ਼ੇ ਦੇ ਪਿੱਛੋਂ ਡੰਡਾ ਜਿਹਾ ਖੱਬੇ ਤੋਂ ਸੱਜੇ ਪਾਸੇ ਗਿਆ ਤੇ ਮੇਰਾ XRay ਹੋ ਗਿਆ। ਸੰਬੰਧਿਤ ਅਫਸਰ ਨੇ ਮੇਰਾ ਖੋਪੜੀ ਤੋਂ ਅੱਡੀ ਤੱਕ ਹੱਡੀਆਂ ਦਾ ਢਾਂਚਾ ਵੇਖ ਲਿਆ ਸੀ। ਪਰ ਕਿਤੇ ਕੋਈ ਮਾੜੀ ਤਾਰ ਹਿੱਲ ਗਈ ਸੀ। ਮੇਰੇ ਦੂਜੇ ਪਾਸੇ ਪੈਰ ਰੱਖਦਿਆਂ ਹੀ ਸਕਿਉਰਟੀ ਵਾਲੇ ਨੇ ਮੈਨੂੰ ਇੱਕ ਪਾਸੇ ਪਈ ਕੁਰਸੀ ਤੇ ਬਿਠਾ ਲਿਆ। ਮੈਂ ਦੋਨੋਂ ਹੱਥ ਗੋਡਿਆਂ ਤੇ ਰੱਖਕੇ ਸਿੱਧਾ ਤਣਕੇ ਬੈਠ ਗਿਆ। ਗੋਰਾ ਅਧਿਕਾਰੀ ਮੇਰੇ ਸਿਰਤੇ ਮੈਟਲ ਡਿਕੈਟਰ ਫੇਰਨ ਲੱਗਾ। ਸਾਲਾ ਪਿੱਦਾ ਜਿਹਾ ਯੰਤਰ ਚੂੰ ਚੂੰ ਕਰਨੋਂ ਨਾ ਹਟੇ। ਗੋਰੇ ਅਫਸਰ ਨੇ ਮੈਨੂੰ ਪੁੱਛਿਆ “ਸਤਾਰਤ” ? ਮੈਨੂੰ ਸਮਝ ਨਹੀਂ ਆਈ। ਦੂਜੀ ਵਾਰੀ ਫਿਰ ਕਹਿੰਦਾ ਸਤਾਰਤ? ਮੈਂ ਸਿਰ ਮਾਰਕੇ ਕਿਹਾ ਨਹੀਂ ਜੀ ਮੈਂ ਤਾਂ ਰਸਤੇ ਚ ਕੋਈ ਸ਼ਰਾਰਤ ਨਹੀਂ ਕੀਤੀ। ਉਸਨੇ ਤੀਜੀ ਵਾਰੀ ਮੇਰੀ ਪੱਗ ਤੇ ਯੰਤਰ ਘਸਾ ਕੇ ਕਿਹਾ ਸਤਾਰਤ? ਉਹ ਤੇਰਾ ਭਲਾ ਹੋਜੇ? ਕੰਜਰ ਦਾ ਪੁੱਤ ਸਟਾਰਚ/ਮਾਵਾ ਕਹਿ ਰਿਹਾ ਸੀ। ਮੈਂ ਉਸਨੂੰ ਦੱਸਿਆ ਕਿ ਨਹੀਂ ਜੀ ਕੋਈ ਸਟਾਰਚ ਨਹੀਂ ਲੱਗਿਆ। ਮੈਂ ਤਾਂ ਧੋਅ ਕੇ ਬੰਨ੍ਹੀ ਹੈ। ਸਾਲਾ ਪਿੱਦਾ ਯੰਤਰ ਅਜੇ ਵੀ ਚੂੰ ਚੂੰ ਕਰਨੋਂ ਨਾ ਹਟੇ। ਉਹ ਮੇਰੇ ਤੇ ਸ਼ੱਕ ਕਰ ਰਹੇ ਸਨ। ਮੇਰੀ ਨਕਲੀ ਮੁਸਕਰਾਹਟ ਗਾਇਬ ਹੋ ਗਈ ਸੀ। ਮੇਰੇ ਮੱਥੇ ਤੇ ਤਿਉੜੀ ਪਈ ਤੇ ਮੈਂ ਦੋਨੋਂ ਹੱਥ ਪੱਗ ਨੂੰ ਪਾ ਲਏ। ਆਖਰ ਸਕਿਉਰਟੀ ਦਾ ਮਾਮਲਾ ਸੀ ਤੇ ਉੱਤੋਂ ਬੇਗਾਨਾ ਮੁਲਕ। ਗੋਰੇ ਨੇ ਮੈਨੂੰ “ਤੋ ਤੋ ਤੋ” ਕਹਿਕੇ ਪੱਗ ਲਾਹੁਣ ਤੋਂ ਵਰਜਿਆ। ਗੋਰੇ ਸਾਡੇ ਵਾਂਗ ਜੀਭ ਤਾਲੂਏ ਨੂੰ ਲਾਕੇ ਨਹੀਂ ਬੋਲਦੇ। ਇਹ ਜੀਭ ਦੰਦਾਂ ਨਾਲ ਲਾਕੇ ਬੋਲਦੇ ਹਨ। ਇਸ ਲਈ “ਨੋ ਨੋ ਨੋ” ਨੂੰ “ਤੋ ਤੋ ਤੋ” ਕਹਿੰਦੇ ਹਨ। ਬਿਜਲੀ ਦੀ ਤੇਜ਼ੀ ਨਾਲ ਕਿਸੇ ਗਲਤੀ ਦੀ ਤਾਰ ਮੇਰੇ ਵਿੱਚੋਂ ਲੰਘ ਗਈ। ਮੈਨੂੰ ਯਾਦ ਆਇਆ। ਉਹ ਤੇਰਾ? ਅੱਖ ਪਲਕਾਰੇ ਚ ਮੈਨੂੰ ਯਾਦ ਆਇਆ ਕਿ ਮੈਂ ਪੱਗ ਪਿੰਨ ਲਾਏ ਸਨ। ਮੈਂ ਪੱਗ ਚੋਂ ਤਿੰਨੋਂ ਬਰੀਕ ਸੂਈਆਂ ਕੱਢਕੇ ਪਾਸੇ ਟਰੇਅ ਚ ਰੱਖ ਦਿੱਤੀਆਂ। ਯੰਤਰ ਚੁੱਪ ਹੋ ਗਿਆ! ਉਹਨਾ ਮੈਨੂੰ ਜਾਣ ਦਾ ਇਸ਼ਾਰਾ ਕੀਤਾ। ਮੈਂ ਟਰੇਅ ਚੁੱਕਕੇ ਸਾਹਮਣੇ ਬੈਂਚ ਤੇ ਰੱਖਕੇ ਸਮਾਨ ਸਾਂਭਣ ਲੱਗਾ। ਹੁਣ ਬਿਨਾ ਸੂਈਆਂ ਤੋ ਛੋਟੇ ਪੱਗ ਦੇ ਲੜ ਨੇ ਟਿਕਣਾ ਨਹੀਂ ਸੀ। ਮੈਂ ਪੱਗ ਲਾਹਕੇ ਕੱਛ ਚ ਦਿੱਤੀ। ਮਤਲਬ ਹੈਂਡ ਬੈਗ ਚ ਪਾਈ ਤੇ ਸਿਰ ਤੇ ਕੈਪ ਲੈਕੇ ਕਨੇਡਾ ਨੂੰ ਜਾਣ ਵਾਲੇ ਪਿੱਦੇ ਜੇ ਜਹਾਜ਼ ਵੱਲ ਚੱਲ ਪਿਆ !! ਵਿੱਚਲੀ ਗੱਲ: ਦਰਜਨ ਕੁ ਪੰਜਾਬੀ ਹਰਿਆਣਵੀ ਵਲੋਗਰ ਮੁੰਡਿਆਂ ਨੇ ਪੰਜਾਬ ਦੇ ਪਿੰਡਾਂ ਵਿੱਚ ਬੈਠੇ ਲੋਕਾਂ ਨੂੰ ਸਾਰੀ ਦੁਨੀਆਂ ਵਿਖਾ ਦਿੱਤੀ ਹੈ। ਇਹ ਮੁੰਡੇ ਕਰੋਨਾਂ ਦੇ ਲੌਕ ਡਾਊਨ ਪਿੱਛੋਂ ਵਿਦੇਸ਼ਾਂ ਵੱਲ ਘੁੰਮਣ ਲੱਗੇ ਸਨ ਤੇ 6 ਕੁ ਸਾਲਾਂ ਵਿੱਚ ਹੀ ਉਨ੍ਹਾਂ ਨੇ ਸਾਰੀ ਦੁਨੀਆ ਵਿਖਾ ਦਿੱਤੀ ਹੈ। ਕੱਲ੍ਹ ਮੈਂ ਦੋ ਵੀਡੀਓ ਵੇਖੀਆਂ ਸਨ। ਪੰਜਾਬੀ ਸਵਾ ਸੌ ਸਾਲ ਪਹਿਲਾਂ ਦੂਰ ਦੁਰਾਡੇ ਦੇ ਦੇਸ਼ਾਂ ਵਿੱਚ ਜਾਕੇ ਵੱਸ ਗਏ ਸਨ। 500 ਸਾਲ ਪਹਿਲਾਂ ਉਜ਼ਬੇਕਿਸਤਾਨ ਤੋਂ ਬਾਬਰ ਭਾਰਤ ਆਇਆ ਸੀ। ਉੱਥੇ ਉਸਦੇ ਬੁੱਤ ਲੱਗੇ ਹੋਏ ਹਨ ਤੇ ਮਿਊਜ਼ੀਅਮ ਬਣੇ ਹੋਏ ਹਨ। ਉਹ ਲੋਕ ਬਾਬਰ ਨੂੰ ਆਪਣਾ ਮਹਾਨ ਯੋਧਾ ਕਹਿੰਦੇ ਹਨ। 500 ਸਾਲ ਪਹਿਲਾਂ ਹੀ ਪੁਰਤਗਾਲ ਤੋਂ ਵਾਸਕੋਡੇਗਾਮਾ ਭਾਰਤ ਆਇਆ ਸੀ। ਉੱਥੇ ਉਸਦੇ ਮਿਊਜ਼ੀਅਮ ਬਣੇ ਹੋਏ ਹਨ। ਸਾਡੇ ਇਹ ਮੁੰਡੇ ਉਜ਼ਬੇਕਿਸਤਾਨ ਤੇ ਪੁਰਤਗਾਲ ਵਿੱਚ ਜਾਕੇ ਉੱਥੇ ਦੇ ਲੋਕਾਂ ਨਾਲ ਮੁਲਾਕਾਤ ਕਰਦੇ ਹਨ। ਇਹਨਾਂ ਘੁੰਮਣ ਵਾਲੇ ਸਾਹਸੀ ਮੁੰਡਿਆਂ ਨੇ ਰੂਸ ਚੀਨ ਦੀ ਯਾਤਰਾ ਕਰਵਾ ਦਿੱਤੀ ਹੈ। ਲੈਟਿਨ ਅਮਰੀਕਾ ਦੇ ਅਜਨਬੀ ਦੇਸ਼ਾਂ ਵਿੱਚ ਲੱਗੇ ਟੈਗੋਰ ਤੇ ਗਾਂਧੀ ਦੇ ਬੁੱਤ ਵਿਖਾ ਦਿੱਤੇ ਹਨ। ਦੁਨੀਆ ਬਹੁਤ ਵੱਡੀ ਹੈ ਪਰ ਇਸ ਇੱਕੀਵੀਂ ਸਦੀ ਵਿੱਚ ਇੱਕ ਪਿੰਡ ਵਾਂਗ ਬਣ ਗਈ ਹੈ। ਖੂਹ ਦੇ ਡੱਡੂ ਬਣਕੇ ਨਿੱਕੇ ਜਿਹੇ ਦਾਇਰੇ ਚ ਰਹਿੰਦੇ, ਡੱਬਾ ਬੰਦ ਦਿਮਾਗ ਵਾਲਿਆਂ ਤੱਕ ਵੀ ਇਹ ਜਾਣਕਾਰੀ ਪਹੁੰਚ ਰਹੀ ਹੈ ਕਿ ਦੁਨੀਆਂ ਵਿੱਚ ਸੈਂਕੜੇ ਧਰਮ, ਨਸਲਾਂ, ਬੋਲੀਆਂ, ਧਰਮ ਗਰੰਥਾਂ, ਸੱਭਿਆਚਾਰਾਂ ਵਾਲੇ ਲੋਕ ਰਹਿੰਦੇ ਹਨ। ਕੋਈ ਕਿਸੇ ਤੋਂ ਘੱਟ ਨਹੀਂ ਅਖਵਾਉਂਦਾ। ਇਸ ਨਾਲ ਲੋਕਾਂ ਦਾ ਦਰਿਸ਼ਟੀਕੋਨ ਵਿਸ਼ਾਲ ਹੁੰਦਾ ਹੈ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
146, ਐਡਵੋਕੇਟ ਸੋਸਾਇਟੀ, ਸੈਕਟਰ 49–ਏ.
ਚੰਡੀਗੜ੍ਹ – 160047
ਫੋਨ: 0172–631684

by