3 July 2026

ਗੈਰ-ਨਾਗਰਿਕਾਂ ਦਾ ਹਜੂਮ — ਰਵਿੰਦਰ ਸਿੰਘ ਸੋਢੀ

ਗੈਰ-ਨਾਗਰਿਕਾਂ ਦਾ ਹਜੂਮ

ਫਿਲਹਾਲ ਅਸੀਂ
ਧਰਤੀ ਦੇ
ਇਕ ਅਜਿਹੇ ਖਿੱਤੇ ‘ਚ
ਵਸਦੇ ਲੋਕ
ਜਿਸ ਨੂੰ ਅੰਗਰੇਜ਼ੀ ‘ਚ
ਇੰਡੀਆ 
ਅਤੇ 
ਸਾਡੀ ਆਪਣੀ ਭਾਸ਼ਾ ‘ਚ
ਭਾਰਤ ਕਿਹਾ ਜਾਵੇ
ਕਿਸੇ ਵੀ ਦੇਸ਼ ਦੇ 
ਨਾਗਰਿਕ ਨਹੀਂ।
ਸਾਡੇ ਕੋਲ
ਸਾਡੀ ਨਾਗਰਿਕਤਾ ਦਾ
ਨਹੀਂ ਕੋਈ ਸਬੂਤ ।
ਸਰਕਾਰੀ ਪਾਸਪੋਰਟ 
ਚੋਣ ਕਮਿਸ਼ਨ ਵੱਲੋਂ ਦਿੱਤਾ
ਵੋਟਰ ਕਾਰਡ 
ਆਇਕਰ ਵਿਭਾਗ ਦਾ
ਪੈਨ ਕਾਰਡ 
ਅਧਾਰ ਕਾਰਡ 
ਰਾਸ਼ਨ ਕਾਰਡ। 
ਇਸ ਤੋਂ ਇਲਾਵਾ
ਅਜ਼ਾਦੀ ਤੋਂ ਬਾਅਦ 
ਦੇਸ਼ ਦੀ ਕਿਸੇ ਵੀ ਸਰਕਾਰ ਨੇ
ਨਹੀਂ ਦਿੱਤਾ ਕੋਈ 
ਪਹਿਚਾਣ ਪੱਤਰ 
ਜੋ ਕਰੇ ਇਹ ਸਿੱਧ
ਅਸੀਂ ਹਾਂ ਭਾਰਤ ਦੇ
ਨਾਗਰਿਕ। 
ਇਹ ਦੁਖਾਂਤ 
ਆਮ ਜਨਤਾ ਦਾ ਹੀ ਨਹੀਂ
ਦੇਸ਼ ਦੇ
ਰਾਸ਼ਟਰਪਤੀ,
ਪ੍ਰਧਾਨ ਮੰਤਰੀ, 
ਦੂਜੇ ਮੰਤਰੀ,  
ਮਾਣਯੋਗ ਜੱਜ ਸਹਿਬਾਨ,
ਚੋਣ ਕਮਿਸ਼ਨਰ,
ਆਈ ਏ ਐਸ,
ਆਈ ਪੀ ਐਸ 
ਬਾਕੀ ਸਭ
ਉੱਪਰ ਤੋਂ ਹੇਠਾਂ ਤੱਕ 
ਪੰਜਾਬੀ ਦੀ ਕਹਾਵਤ 
“ਨੱਥਾ ਸਿੰਘ ਐਂਡ ਪ੍ਰੇਮ ਸਿੰਘ 
ਵਨ ਐਂਡ ਦੀ ਸੇਮ ਥਿੰਗ” ਵਾਂਗ
ਸਭ ਦਾ ਹੈ।
ਗੈਰ-ਨਾਗਰਿਕਾਂ ਦੀ ਸਰਕਾਰ,
ਗੈਰ-ਨਾਗਰਿਕਾਂ ਦੀਆਂ ਅਦਾਲਤਾਂ ਦਾ
ਇਕ ਹਜੂਮ ਹਾਂ।
ਗੈਰ-ਨਾਗਰਿਕਾਂ ਦੀ ਸਰਕਾਰ
ਗੈਰ-ਨਾਗਰਿਕ ਜਨਤਾ ਲਈ 
ਕਾਨੂੰਨ ਬਣਾਵੇ
ਗੈਰ-ਨਾਗਰਿਕ ਜੱਜ
ਗੈਰ-ਨਾਗਰਿਕਾਂ ਦੇ ਮੁਕੱਦਮੇ
ਰਹੇ ਸੁਣ
ਗੈਰ-ਨਾਗਰਿਕ ਚੋਣ ਕਮਿਸ਼ਨਰ 
ਗੈਰ-ਨਾਗਰਿਕਾਂ ਨੂੰ
ਵੋਟਾਂ ਪਾ ਕੇ
ਗੈਰ-ਨਾਗਰਿਕਾਂ ਦੀ ਸਰਕਾਰ 
ਚੁਨਣ ਨੂੰ ਕਹਿ ਰਿਹਾ ਹੈ
ਇਸ ਮੁਲਕ ਵਿਚ ਅੰਨ੍ਹੇ ਨੂੰ ਬੋਲਾ
ਘੜੀਸ ਰਿਹਾ ਹੈ
‘ਰੋਮ ਜਲ ਰਿਹਾ ਹੈ
ਨੀਰੋ ਬੰਸਰੀ ਵਜਾ ਰਿਹਾ ਹੈ।’
***
ਰਵਿੰਦਰ ਸਿੰਘ ਸੋਢੀ
ਕੈਲਗਰੀ, ਕੈਨੇਡਾ। 

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1872
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ