ਕੁਝ ਪੁਸਤਕਾਂ ਦੇ ਸਿਰਲੇਖ ਹੀ ਪਾਠਕ ਦੇ ਮਨ ਨੂੰ ਧੂਹ ਪਾਉਂਦਿਆਂ ਆਪਣੇ ਨਾਲ ਤੋਰ ਲੈਂਦੇ ਹਨ। ‘ਸ਼ਾਇਰੀ’ ਤੇ ‘ਇਬਾਦਤ’ ਦੇ ‘ਰੂਹਾਨੀ’ ਮਿਲਾਪ ਵਾਲੀ ਪੁਸਤਕ “ਸ਼ਾਇਰੀ ਇੱਕ ਇਬਾਦਤ” ਨੂੰ ਪੜ੍ਹਨ ਦਾ ਮੌਕਾ ਮਿਲਿਆ ਤਾਂ ਇੰਜ ਮਹਿਸੂਸ ਹੋਇਆ ਜਿਵੇਂ ਸ਼ਾਇਰ ਦੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਨਿਕਲੇ ਸੱਚੇ-ਸੁੱਚੇ ਸ਼ਬਦ ਮੁਰਸ਼ਦ ਜਾਂ ਮਹਿਬੂਬ ਦੀ ਬੰਦਗੀ ਵਿੱਚ ਲੀਨ ਹੋਵਣ! ਸ਼ਾਇਰ ਅਤੇ ਪੁਸਤਕ ਬਾਰੇ ਗੱਲ ਅੱਗੇ ਤੋਰਨ ਤੋਂ ਪਹਿਲਾਂ, ਇਸ ਪੁਸਤਕ ਵਿੱਚੋਂ ਹੀ ਚਾਰ ਲਾਈਨਾਂ ਸੁਹਿਰਦ ਪਾਠਕਾਂ ਦੇ ਨਜ਼ਰੀਂ ਕਰਦੇ ਹਾਂ…
ਬਾਤ ਕੋਈ ਕਰ ਮੁਹੱਬਤ ਦੀ
ਦਿਮਾਗ਼ਾਂ ਨੂੰ ਪਰੇ ਰੱਖ ਕੇ
ਮਿਲਣ ਦੀ ਆਸ ਜਾਰੀ ਰੱਖ
ਹਿਸਾਬਾਂ ਨੂੰ ਪਰੇ ਰੱਖ ਕੇ ।
ਦੂਸਰੀ ਬਾਤ,… ਜਿਸ ਕਾਵਿ ਸੰਗ੍ਰਹਿ ਦੀ ਨੀਂਹ ਅਤੇ ਪ੍ਰੇਰਨਾ ਦਾ ਸ੍ਰੋਤ ਇੱਕ ਛੋਟੀ ਜਿਹੀ ਬੱਚੀ ਹੋਵੇ ਅਤੇ ਉਸ ਵਿਚਲੀ ਸ਼ਾਇਰੀ ਇਨਸਾਨ ਨੂੰ ਖ਼ੁਦ ਦੇ ਅੰਦਰ ਝਾਕ ਕੇ ਅੰਤਰੀਵ ਨਾਲ ਸੰਵਾਦ ਰਚਾਉਣ ਲਈ ਪ੍ਰੇਰਿਤ ਕਰਦੀ ਹੋਵੇ, ਓਸ ਸ਼ਾਇਰੀ ਨੂੰ ਇਬਾਦਤ ਤੋਂ ਘੱਟ ਕੀ ਨਾਮ ਦਈਏ ?
ਕੈਨੇਡਾ ਵਿੱਚ ਵੱਸਦੀ ਲੇਖਿਕਾ ਡਾ. ਦਵਿੰਦਰ ਪਾਲ ਕੌਰ ਦੁਆਰਾ ਰਚਿਤ “ਸ਼ਾਇਰੀ ਇੱਕ ਇਬਾਦਤ” ਇੱਕ ਅਜਿਹਾ ਖ਼ੂਬਸੂਰਤ ਕਾਵਿ ਸੰਗ੍ਰਹਿ ਹੈ, ਜਿਸ ਦੀਆਂ ਵਿਭਿੰਨ ਰੰਗਾਂ-ਰੂਪਾਂ ਵਿੱਚ ਰੰਗੀਆਂ ਰਚਨਾਵਾਂ ਕੋਈ ਸ਼ਬਦਾਂ ਦੀ ਖੇਡ ਨਹੀਂ ਹਨ! ਇਹ ਤਾਂ… ਲੇਖਿਕਾ ਦੇ ਦਿਲ ਦੇ ਉੱਚੇ-ਸੁੱਚੇ ਜਜ਼ਬਾਤਾਂ ਨੂੰ ਪ੍ਰਗਟਾਉਂਦੀ ਅਤੇ ‘ਇਬਾਦਤੀ ਰਮਜ਼ਾਂ’ ਦੀ ਨਿਸ਼ਾਨਦੇਹੀ ਕਰਦੀ ਸ਼ਾਇਰੀ ਹੈ।
ਅਧਿਆਪਨ ਦੇ ਕਿੱਤੇ ਨਾਲ ਸਬੰਧਿਤ ਡਾ. ਦਵਿੰਦਰ ਪਾਲ ਕੌਰ ਪੰਜਾਬ ਯੂਨੀਵਰਸਿਟੀ ਤੋਂ ਰਿਟਾਇਰਮੈਂਟ ਲੈ ਕੇ ਕੈਨੇਡਾ ਪਰਵਾਸ ਕਰ ਗਏ। ਅੱਜਕੱਲ੍ਹ ਕੈਨੇਡਾ ਦੇ ਖ਼ੂਬਸੂਰਤ ਸੂਬੇ ‘ਬਰਿਟਿਸ਼ ਕੋਲੰਬੀਆ’ ਵਿੱਚ ਰਹਿੰਦਿਆਂ ਅਤੇ ‘ਸਾਹਿਤ ਸਭਾ ਸਰੀ’, ‘ਪੰਜਾਬੀ ਲੇਖਕ ਮੰਚ ਵੈਨਕੂਵਰ’ ਤੇ ‘ਕੇਂਦਰੀ ਪੰਜਾਬੀ ਲੇਖਕ ਸਭਾ’ ਦੇ ਸਰਗਰਮ ਮੈਂਬਰ ਹੁੰਦਿਆਂ ਸਾਹਿਤਕ ਸਰਗਰਮੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ। ਸਾਹਿਤਕ ਹਲਕਿਆਂ ਵਿੱਚ ਉਨ੍ਹਾਂ ਦੀਆਂ ਰਚਨਾਵਾਂ ਨੂੰ ਪੜ੍ਹਿਆ, ਮਾਣਿਆ ਅਤੇ ਕਾਫ਼ੀ ਸਰਾਹਿਆ ਵੀ ਜਾਂਦਾ ਹੈ।
ਡਾ. ਦਵਿੰਦਰ ਪਾਲ ਕੌਰ ਦੀ ਖ਼ੂਬਸੂਰਤ ਸ਼ਾਇਰੀ ਜਿੱਥੇ ਮੋਹ-ਮੁਹੱਬਤਾਂ ਦਾ ਰਾਗ ਅਲਾਪਦੀ ਹੋਈ ਪਾਠਕ ਦੀ ਰੂਹ ਦੇ ਧੁਰ ਅੰਦਰ ਉਤਰਦੀ ਜਾਂਦੀ ਹੈ, ਉੱਥੇ ਹੀ ਸਮਾਜਿਕ ਨਾ-ਬਰਾਬਰੀ ਅਤੇ ਵਿਤਕਰਿਆਂ ਦੇ ਵਿਰੁੱਧ ਜੂਝਣ ਲਈ ਉਸ ਦੀ ਜ਼ਮੀਰ ਨੂੰ ਹੁੱਝਾਂ ਮਾਰ-ਮਾਰ ਜਗਾਉਂਦੀ ਵੀ ਹੈ। ਇਨਸਾਨ ਨੂੰ ਖ਼ੁਦ ਦੇ ਅੰਦਰ ਝਾਕਣ ਲਈ ਪ੍ਰੇਰਦੀ ਹੈ।
ਵਿਭਿੰਨ ਵਿਸ਼ਿਆਂ ਨਾਲ ਸੰਬੰਧਿਤ 74 ਕਵਿਤਾਵਾਂ / ਗੀਤਾਂ ਨਾਲ ਸ਼ਿੰਗਾਰੇ ਇਸ ਸੰਗ੍ਰਹਿ ਨੂੰ ਤਰਲੋਚਨ ਪਬਲਿਸ਼ਰਜ, ਚੰਡੀਗੜ੍ਹ ਨੇ ਤਿਆਰ ਕੀਤਾ ਹੈ।
‘ਸ਼ਾਇਰੀ ਇਕ ਇਬਾਦਤ’ ਕਾਵਿ ਸੰਗ੍ਰਹਿ ਦੀ ਪਹਿਲੀ ਕਵਿਤਾ “ਸੱਜਣ ਸੋਹਣਾ” ਅੰਦਰ ਮੁਹੱਬਤ ਦੀ ਗੱਲ ਕਰਦਿਆਂ ਹੋਇਆਂ, ਡਾ. ਦਵਿੰਦਰ ਪਾਲ ਕੌਰ ਮਨੁੱਖ ਦੇ ‘ਬਾਹਰੀ ਸੁਹੱਪਣ’ ਅਤੇ ‘ਅੰਦਰੂਨੀ ਰੂਹ’ ਦੇ ਸੁਹਜਮਈ ਮਿਲਾਪ ਨੂੰ ਉਭਾਰਨ ਦੀ ਕੋਸ਼ਿਸ਼ ਕਰਦੀ ਹੈ। ਇਹ ਬਿਲਕੁਲ ਸੱਚ ਹੈ ਕਿ ‘ਸੂਰਤ’ ਦੇ ਸੰਗ ‘ਸੀਰਤ’ ਵੀ ਚੰਗੀ ਹੋਣੀ ਚਾਹੀਦੀ ਹੈ। ਇਨਸਾਨ ਦਾ ਮਨ ਸਾਫ਼ ਵੀ ਹੋਣਾ ਚਾਹੀਦਾ ਹੈ…
ਮੈਂ ਓਹਦੀ ਸੀਰਤ ਤੱਕ ਕੇ
ਮਰਦੀ ਜਾਵਾਂ ਓਹਦੇ ਤੇ
ਓਹ ਵੀ ਮੇਰੀ ਸੂਰਤ ਤੱਕ ਕੇ
ਪਾਗ਼ਲ ਹੋਣਾ ਚਾਹੀਦਾ..
ਮਿੱਠੀ ਧੁੰਨ ਤੇ ਸੋਹਣੇ ਸੁਰ ਵਿਚ
ਖ਼ਬਰੇ ਕਿਧਰੋਂ ਬੋਲ ਪਿਆ
ਲੱਭਦੀ ਫਿਰਦੀ ਏ ਮੈਨੂੰ
ਮੈਂ ਤਾਂ ਅੰਦਰ ਹੋਣਾ ਚਾਹੀਦਾ।
ਜਦ ਮਨੁੱਖ ਦੇ ਮਨ ਅੰਦਰ ਵਿਹਾਰਾਂ, ਵਿਕਾਰਾਂ, ਮਾੜੇ-ਵਿਚਾਰਾਂ, ਚਿੰਤਾਵਾਂ, ਉਮੀਦਾਂ, ਅਤੇ ਇੱਛਾਵਾਂ ਦਾ ‘ਖੌ਼ਰੂ’ ਪੈਂਦਾ ਹੋਵੇ ਤਾਂ ਉਸ ਨੂੰ ਕਾਇਨਾਤ ਦਾ ਮਨਮੋਹਣਾ ਗੀਤ-ਸੰਗੀਤ ਕੀ ਸੁਣਨਾ, ਉਸ ਨੂੰ ਤਾਂ ਆਪਣੇ ਆਪ ਦੀ ਗੱਲ ਵੀ ਨਹੀਂ ਸੁਣਦੀ! ਅਜੋਕੇ ਸਮੇਂ ਦੌਰਾਨ ਇਹ ਵਰਤਾਰਾ ਆਮ ਹੋ ਰਿਹਾ ਹੈ। “ਮੋਰਾਂ ਦੀ ਰੁਣਝੁਣ” ਕਵਿਤਾ ਅੰਦਰ ਡਾ. ਦਵਿੰਦਰ ਪਾਲ ਕੌਰ ਨੇ ਮਨੁੱਖ ਦੇ ਕੁਦਰਤ, ਚਾਰ ਚੁਫੇਰੇ ਅਤੇ ਖ਼ੁਦ ਨਾਲੋਂ ਹੀ ਟੁੱਟੇ ਜਾਣ ਦੇ ਸੱਚ ਨੂੰ ਪਾਠਕਾਂ ਦੇ ਰੂਬਰੂ ਕੀਤਾ ਹੈ।
ਮੋਰਾਂ ਦੀ ਰੁਣਝੁਣ ਨਈਂ ਸੁਣਦੀ
ਬਾਰਿਸ਼ ਦੀ ਕਿਣਮਿਣ ਨਈਂ ਸੁਣਦੀ
ਮੇਰੇ ਅੰਦਰ ਐਨਾ ਰੌਲਾ ਏ
ਮੈਨੂੰ ਆਪਣੀ ਗੱਲ ਵੀ ਨਈਂ ਸੁਣਦੀ।
ਪਿਆਰ ਅਤੇ ਮੁਹੱਬਤ ਮਨੁੱਖੀ ਜੀਵਨ ਦੇ ਖ਼ੂਬਸੂਰਤ ਅਹਿਸਾਸ ਹਨ ਜੋ ਜ਼ਿੰਦਗੀ ਨੂੰ ਰੰਗੀਨ ਬਣਾ ਦਿੰਦੇ ਹਨ ਅਤੇ ਜਸ਼ਨਾਂ ਨਾਲ ਭਰ ਦਿੰਦੇ ਹਨ। ਸੱਚ ਇਹ ਵੀ ਹੈ ਕਿ ਜੀਵਨ ਜਿਉਂਦਿਆਂ ਅਤੇ ਪ੍ਰੇਮ-ਪਿਆਰ ਵਿੱਚ ਮਨੁੱਖ ਬਹੁਤ ਕੁਝ ਜਾਣਦਾ ਤੇ ਸਿੱਖਦਾ ਵੀ ਹੈ। “ਇਤਬਾਰ” ਨਜ਼ਮ ਨੂੰ ਪਾਠਕਾਂ ਨਾਲ ਸਾਂਝੇ ਕਰਦੇ ਹਾਂ…
ਜਦੋਂ ਦਾ ਪਿਆਰ ਕਰਨਾ ਆ ਗਿਆ ਮੈਨੂੰ
ਖ਼ੁਦ ਤੇ ਇਤਬਾਰ ਕਰਨਾ ਆ ਗਿਆ ਮੈਨੂੰ
ਉਸ ਨੂੰ ਆ ਗਿਆ ਨਜ਼ਰਾਂ ਚੁਰਾਉਣਾ
ਜਦ ਅੱਖਾਂ ਚਾਰ ਕਰਨਾ ਆ ਗਿਆ ਮੈਨੂੰ
ਸਾਥ ਛੁਟ ਗਏ ਸਾਰੇ ਗੁਨਾਹਾਂ ਤੋਂ ਜਦੋਂ
ਇਨਕਾਰ ਕਰਨਾ ਆ ਗਿਆ ਮੈਨੂੰ ।
ਸ਼ਬਦਾਂ ਦੀ ਤਾਕਤ ਸ਼ਬਦ ਜਾਲ ਵਿੱਚ ਨਹੀਂ, ਬਲਕਿ, ਸ਼ਬਦਾਂ ਦੀ ਅੰਤਰੀਵੀ ਰੂਹ ਅਤੇ ਭਾਵਨਾਵਾਂ ਵਿੱਚ ਹੁੰਦੀ ਹੈ ਜਿਹਨਾਂ ਦੇ ਰੰਗ-ਰਸ ਪਾਠਕਾਂ ਦੀ ਰੂਹ ਨੂੰ ਟੁੰਬ ਜਾਵਣ, ਜ਼ਮੀਰ ਨੂੰ ਹਲੂਣਾ ਦੇ ਕੇ ਜਗਾ ਜਾਵਣ, ਅਤੇ ਗਹਿਰਾ ਪ੍ਰਭਾਵ ਪਾ ਜਾਵਣ। ਇਸ ਪੁਸਤਕ ਵਿੱਚ ਸ਼ਾਮਲ ਕਵਿਤਾਵਾਂ ਦੇ ਸ਼ਬਦ ਲੇਖਿਕਾ ਦੇ ਮਨ ਦੀਆਂ ਭਾਵਨਾਵਾਂ ਤੇ ਅਹਿਸਾਸਾਂ ਨੂੰ ਪ੍ਰਗਟਾਉਂਦੇ ਹਨ। “ਪਰਦਾਦਾਰੀ” ਅਤੇ “ਹਿਸਾਬਾਂ ਨੂੰ ਪਰੇ ਰੱਖ ਕੇ” ਵੀ ਅਜਿਹੀਆਂ ਹੀ ਬਾਕਮਾਲ ਰਚਨਾਵਾਂ ਹਨ…
ਮਹਿਫਿਲ ਆਸ਼ਕਾਂ ਦੀ ਹੈ
ਪਰਦਾਦਾਰੀ ਨਹੀਂ ਚਲਦੀ
ਸੌਂਪ ਦੇ ਨੈਣ ਨੈਣਾਂ ਨੂੰ
ਖ਼ਿਤਾਬਾਂ ਨੂੰ ਪਰੇ ਰੱਖ ਕੇ
ਕਿੰਨੀ ਉਮਰ ਲਾ ਛੱਡੀ
ਕਿੰਨੀ ਵਾਟ ਹੋਈ ਤੈਅ
ਮਿਲਣ ਦਾ ਆਸ ਜਾਰੀ ਰੱਖ
ਹਿਸਾਬਾਂ ਨੂੰ ਪਰੇ ਰੱਖ ਕੇ ।
ਲੋਕਾਂ ਸਾਹਮਣੇ ਬੰਦਾ ਭਾਵੇਂ ਕੁਝ ਵੀ ਬਣ ਬਣ ਕੇ ਦਿਖਾਵੇ ਜਾਂ ਜਿਤਨੇ ਚਾਹੇ ਮਖੌਟੇ ਪਹਿਨ ਲਵੇ, ਪਰ ਉਸ ਦੇ ਕਿਰਦਾਰ ਦਾ ਸ਼ੀਸ਼ਾ ਹਕੀਕਤ ਬਿਆਨ ਕਰ ਜਾਂਦਾ ਹੈ। “ਕਿਰਦਾਰ” ਕਵਿਤਾ ਦੇ ਸ਼ਬਦਾਂ ਵਿਚਲੀ ਗਹਿਰਾਈ ਬਾਖੂਬੀ ਬਹੁਤ ਕੁਛ ਕਹਿ ਰਹੀ ਹੈ…
ਕਿਸੇ ਬਦਨੀਤ ਅੱਧੀ ਰਾਤੀਂ ਲੀਕ ਪਾ ਦਿੱਤੀ
ਹਰ ਬਦਜ਼ਾਤ ਨੂੰ ਸੌਖਾ ਲੁੱਟਣਾ ਪੰਜਾਬ ਲੱਗਦਾ ਏ
ਦੂਜੇ ਦੇ ਘਰ ਦੀ ਅੱਗ ਬਸੰਤਰ ਜਿਹੀ ਲੱਗੇ
ਆਪਣੇ ਜਦ ਲੱਗੇ ਤਦ ਈ ਤਾਪ ਲੱਗਦਾ ਏ ।
ਸ਼ਬਦ ਜਦੋਂ ਗੀਤਾਂ ਦੇ ਸੁਰਾਂ ਦਾ ਰੂਪ ਧਾਰਨ ਕਰਕੇ ਸਾਡੇ ਸੱਭਿਆਚਾਰ ਅਤੇ ਰੋਜ਼ਮਰ੍ਹਾ ਦੇ ਜੀਵਨ ਦੀ ਧੜਕਣ ਬਣ ਜਾਣ ਤਾਂ ਇਹ ਰੰਗਾਂ-ਰਸਾਂ ਦਾ ਸੁਮੇਲ ਇੱਕ ਵਿਲੱਖਣ ਹੀ ਪੈੜਾਂ ਪਾਉਂਦਾ ਹੈ। “ਮਾਹੀ”, “ਜ਼ੋਰੋ-ਜ਼ੋਰੀ”, “ਦਿਲਾਸਾ”, “ਮਾਏ ਮੇਰੀਏ” ਵਰਗੇ ਗੀਤਾਂ ਦੀ ਸ਼ਮੂਲੀਅਤ ਇਸ ਕਾਵਿ ਸੰਗ੍ਰਹਿ ਨੂੰ ਹੋਰ ਖ਼ੂਬਸੂਰਤੀ ਪ੍ਰਦਾਨ ਕਰਦੀ ਹੈ…
ਰੁੱਸੇ ਹੋਏ ਮਾਹੀ ਨੂੰ ਮਨਾਉਣਾ ਸੌਖਾ ਨਈਂ
ਬਾਝੋਂ ਉਹਦੇ ਦਿਲ ਨੂੰ ਵਲਾਉਣਾ ਸੌਖਾ ਨਈਂ
ਰੋਕਾਂ ਕਿਵੇਂ ਓਸਦਾ ਗ਼ੁਲਾਮ ਹੋਈ ਜਾਂਦਾ ਏ
ਜ਼ੋਰੋ-ਜ਼ੋਰੀ ਦਿਲ ਉਹਦੇ ਨਾਮ ਹੋਈ ਜਾਂਦਾ ਏ
ਗਿਓਂ ਵੱਟ ਕੇ ਤੂੰ ਪਾਸਾ
ਨਾ ਕੋਈ ਦੇ ਗਿਓਂ ਦਿਲਾਸਾ
ਤੇਰੀ ਰਾਹ ਵਿੱਚ ਬੈਠੀ ਦੀ ਹਯਾਤ ਲੰਘ ਗਈ
ਚੰਨਾਂ ਅੱਜ ਵੀ ਨਾ ਆਇਓਂ ਸਾਰੀ ਰਾਤ ਲੰਘ ਗਈ
ਕਿਵੇਂ ਭੁੱਲਾਂ ਅੱਧੀ ਰਾਤ
ਨਾਲੇ ਨਦੀ ਦਾ ਕਿਨਾਰਾ
ਉਸ ਬਾਹਾਂ ਚ ਲਕੋ ਕੇ ਰਾਜ਼
ਪੁੱਛ ਲਿਆ ਸਾਰਾ
ਇਓਂ ਸੁਪਨੇ ਚ ਸੋਹਣੀ ਮੁਲਾਕਾਤ ਲੰਘ ਗਈ
ਚੰਨਾਂ ਅੱਜ ਵੀ ਨਾ ਆਇਓਂ ਸਾਰਾ ਰਾਤ ਲੰਘ ਗਈ
“ਮੁੜ ਆ ਢੋਲਣਾ” ਵੀ ਬਹੁਤ ਪਿਆਰੀ ਰਚਨਾ ਹੈ ਜਿਸ ਵਿੱਚ ਇੱਕ ਪੰਜਾਬੀ ਮੁਟਿਆਰ ਆਪਣੇ ਢੋਲ ਮਾਹੀ ਨੂੰ ਉਦਾਸ ਮਨ ਤੇ ਦਿਲ ਦੀਆਂ ਗਹਿਰਾਈਆਂ ਤੋਂ ਯਾਦ ਕਰਦੀ ਹੈ…
ਮੁੜ ਆ ਸ਼ਾਮਾਂ ਪੈ ਗਈਆਂ
ਘਰ ਗਈਆਂ ਸਭ ਸਈਆਂ
ਤੇਰੇ ਰਾਹ ਤੇ ਬੇਸੁਧ ਪਈਆਂ
ਮੁੜ ਆ ਮੁੜ ਆ ਢੋਲਣਾ
ਮੁੜ ਨਾ ਬਬੀਹਾ ਬੋਲਣਾ
ਬੁੱਲ੍ਹੀਆਂ ਤੇ ਰਹਿੰਦੈ ਓਹਦਾ ਨਾਮ ਮਾਏ ਮੇਰੀਏ
ਹੋ ਗਈਆਂ ਓਸਦੀ ਗ਼ੁਲਾਮ ਮਾਏ ਮੇਰੀਏ
“ਕਾਗਜ਼ੀ ਬੰਦੇ” ਬਾਕਮਾਲ ਰਚਨਾ ਹੈ ਜਿਸ ਦੇ ਸ਼ਬਦ ਬੋਲ ਰਹੇ ਹਨ…
ਫੁੱਲਾਂ ਨਾਲੋਂ ਹੌਲੇ ਵਜੂਦ ਰਹਿ ਗਏ
ਆਰਜ਼ੀ ਬੰਦੇ ਤੇ ਕਈ ਕਾਗਜ਼ੀ ਬੰਦੇ
ਆਪਸੀ ਮੁਹੱਬਤਾਂ ਜ਼ਰੂਰਤਾਂ ਨੇ ਖਾ ਲਈਆਂ
ਪਿਆਰ ਦੀਆਂ ਜ਼ੰਜੀਰਾਂ ਬਣੀਆਂ ਜਾਨ ਦੇ ਫੰਦੇ ।
ਪੰਜ-ਆਬਾਂ ਦੇ ਰੰਗਲੇ ਅਤੇ ਮੁਹੱਬਤਾਂ ਭਰੇ ਪੰਜਾਬ ਦਾ ਪੰਜਾਬ ਵਿੱਚੋਂ ਹੀ ਮਨਫ਼ੀ ਹੋ ਜਾਣਾ ਡਾ. ਦਵਿੰਦਰ ਪਾਲ ਕੌਰ ਸਮੇਤ ਹਰੇਕ ਓਸ ਪੰਜਾਬੀ ਦੀ ਰੂਹ ਨੂੰ ਧੂਹ ਪਾਉਂਦਾ ਹੈ ਜਿਸ ਨੂੰ ‘ਪੰਜਾਬੀ’ ਹੋਣ ਦਾ ਮਾਣ ਹੈ। ਸਮੇਂ ਦੇ ਸ਼ਾਸਕਾਂ ਨੇ ਪੰਜਾਬ ਨੂੰ ਮਨ ਮਰਜ਼ੀ ਨਾਲ ਕੱਟਿਆ, ਵੱਢਿਆ, ਉਜਾੜਿਆ, ਛਲਣੀ ਕੀਤਾ ਅਤੇ ਅੱਜ ਵੀ ਕਰ ਰਹੇ ਨੇ। ਪੰਜਾਬ ਰੋਂਦਾ ਰਿਹਾ ਅਤੇ ਦੁਸ਼ਮਣ ਹੱਸਦਾ ਰਿਹਾ। ਪੰਜਾਬ ਮਹਿਜ਼ ਜ਼ਮੀਨ ਦਾ ਟੋਟਾ ਨਹੀਂ, ਬਲਕਿ, ਇਸ ਵਿੱਚ ਸਾਡੇ ਗੁਰੂਆਂ, ਸੰਤਾਂ, ਪੀਰਾਂ, ਫ਼ਕੀਰਾਂ ਅਤੇ ਵਡੇਰਿਆਂ ਦੀ ਰੂਹ ਸ਼ਾਮਲ ਹੈ। ਪੰਜਾਬ ਦੇ ਇਸ ਦੁਖਾਂਤ ਅਤੇ ਤ੍ਰਾਸਦੀ ਨੂੰ ਪ੍ਰਗਟਾਉਂਦੀ ਰਚਨਾ “ਪੰਜਾਬ” ਅੰਦਰ ਵੀ ਅਜਿਹੀ ਬੇਵੱਸੀ ਅਤੇ ਉਦਾਸ ਰੂਹ ਦੀ ਪੁਕਾਰ ਹੈ, ਫ਼ਰਿਆਦ ਹੈ ਅਤੇ ਆਸ-ਉਮੀਦ ਵੀ ਹੈ…
ਕੋਈ ਆਓ ਮੇਰੇ ਪੰਜਾਬ
ਨੂੰ ਫਿਰ ਪੰਜਾਬ ਕਰ ਦੇਵੇ
ਇਹ ਇੱਕ ਧਰਤੀ ਦਾ ਟੁਕੜਾ ਨਹੀਂ
ਰੂਹ ਹੈ ਗੁਰੂ ਪੀਰਾਂ ਫ਼ਕੀਰਾਂ ਦੀ
ਨੀਅਤ ਠੀਕ ਨਹੀਂ ਲੱਗਦੀ
ਦੁਸ਼ਮਣ ਦੇ ਤੀਰਾਂ ਦੀ…
ਡਿਗ ਰਹੀਆਂ ਮਨੁੱਖੀ ਕਦਰਾਂ ਕੀਮਤਾਂ ਅਤੇ ਸਰੋਕਾਰਾਂ ਦੇ ਨਿਘਾਰ ਨੂੰ ਉਭਾਰਦੀ ਰਚਨਾ “ਕੁੱਤਾ ਕੁੱਤੇ ਦਾ ਵੈਰੀ” ਵੀ ਪੜ੍ਹਨਯੋਗ ਅਤੇ ਸਿੱਖਣਯੋਗ ਹੈ। ਭਾਵੇਂ ਆਦਮੀ ਦਾ ਆਦਮੀ ਨਾਲ ਵੈਰ ਕਦੀਮ ਤੋਂ ਚੱਲਦਾ ਆ ਰਿਹਾ ਹੈ, ਪਰ ਅਜੋਕੇ ਪਦਾਰਥਵਾਦੀ ਯੁੱਗ ਵਿੱਚ ਤਾਂ ਸੁਆਰਥੀ ਬੰਦਾ ਸੱਭ ਹੱਦਾਂ ਬੰਨੇ ਟੱਪਦਾ ਜਾਨਵਰਾਂ ਨੂੰ ਵੀ ਪਿੱਛੇ ਛੱਡ ਰਿਹਾ ਹੈ! ਇਹ ਖ਼ੂਬਸੂਰਤ ਰਚਨਾ ਅਜੋਕੇ ਮਨੁੱਖ ਦੇ ਕਿਰਦਾਰ ਨੂੰ ਦਰਪਣ ਮੂਹਰੇ ਖੜ੍ਹਾ ਕਰਦੀ ਹੈ।
ਦੋਵੇਂ ਭਰਾ ਅੰਦਰ ਇੱਕ ਦੂਜੇ ਦੇ ਕਤਲ ਵਿੱਚ
ਜ਼ਮੀਨ ਦੇ ਟੁੱਕੜੇ ਫਿਰ ਵੀ ਵੱਖਰੇ ਨਹੀਂ ਹੁੰਦੇ
ਰੱਬ ਪੁੱਛਿਆ ਕੁੱਤੇ ਨੂੰ ਬਣਨਾ ਈ ਆਦਮੀ
ਕਹਿੰਦਾ ਨਾ ਜੀ ਨਾ ਐਸੇ ਤਾਂ ਕੁੱਤੇ ਵੀ ਨਹੀਂ ਹੁੰਦੇ
ਮਰਦ ਪ੍ਰਧਾਨ ਸਮਾਜ ਵਿੱਚ ਔਰਤ ਨੂੰ ਅਨੇਕਾਂ ਦੁੱਖ-ਸੁੱਖ ਦੀਆਂ ਬਾਰਸ਼ਾਂ, ਮੁਸ਼ਕਲਾਂ ਅਤੇ ਨਾਬਰਾਬਰੀਆਂ ਨਾਲ ਨਿਪਟਣਾ ਪੈਂਦਾ ਹੈ। ਫਿਰ ਵੀ ਔਰਤ ਨੂੰ ਔਰਤ ਹੋਣ ਤੇ ਮਾਣ ਹੈ ਅਤੇ ਮਾਣ ਹੋਵੇ ਵੀ ਕਿਉਂ ਨਾ? ਮਰਦ ਦੇ ਮੋਢੇ ਨਾਲ ਮੋਢਾ ਡਾਹੁਣ ਵਾਲੀ ਔਰਤ ਕਮਜ਼ੋਰ ਨਹੀਂ ਹੈ, ਬਲਹੀਣ ਨਹੀਂ ਹੈ ਅਤੇ ‘ਅਬਲਾ’ ਤਾਂ ਬਿਲਕੁਲ ਹੀ ਨਹੀਂ ਹੈ! ਅਸੀਂ ਤਾਂ ਗੁਰੂ ਦੀ ਬਾਣੀ ਤੋਂ ਹੀ ਪਾਸਾ ਵੱਟ ਲੈਂਦੇ ਹਾਂ। ਸਮਾਜ ਦਾ ਨਜ਼ਰੀਆ ਬਦਲਣਾ ਚਾਹੀਦਾ ਹੈ। ਕੋਈ ਜੀਵ ਇਸਤ੍ਰੀ ਤੋਂ ਬਗੈਰ ਪੈਦਾ ਨਹੀਂ ਹੋ ਸਕਦਾ – ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥
ਮੈਨੂੰ ਮਾਣ ਹੈ ਮੈਂ ਔਰਤ ਹਾਂ
ਮਨੁੱਖਾਂ ਵਿੱਚ ਵਿਚਰਦੀ ਹਾਂ
ਕਦੇ ਲੋਹੇ ਜਿਹਾ ਹੁੰਦੀ
ਕਦੇ ਸੋਨੇ ਚ ਢਲਦੀ ਹਾਂ
ਮੈਂ ਮੋਢੇ ਨਾਲ ਮੋਢਾ ਡਾਹ ਕੇ
ਕਰ ਸਕਨੀ ਆਂ ਸਭ ਕਾਰੇ
ਮੈਨੂੰ ਸ਼ੇਰਨੀ ਸਮਝ
ਮਗਰ ਅਬਲਾ ਨਾ ਪੁਕਾਰੋ ।
ਹਮੇਸ਼ਾ ‘ਹੋਰ ਅਤੇ ਹੋਰ’ ਦੀ ਚਾਹਤ ਅਤੇ ਲਾਲਚ ਵਿੱਚ ਗੁਆਚਾ ਨਾਸ਼ੁਕਰਾ ਮਨੁੱਖ ਅੱਵਲ ਤਾਂ ਪਾਲਣਹਾਰ ਦਾ ਸ਼ੁਕਰਾਨਾ ਕਰਦਾ ਹੀ ਨਹੀਂ! ਜੇਕਰ ਕਰਦਾ ਵੀ ਹੈ ਤਾਂ ਸ਼ੁਕਰਾਨੇ ਦੀ ਅਰਦਾਸ ਨਾਲ ਕਈ ਕੁਝ ਹੋਰ ਜੋੜ ਕੇ ਮੰਗ ਲੈਂਦਾ ਹੈ। ਝੋਲੀਆਂ ਡੂੰਘੀਆਂ ਕਰ ਲੈਂਦਾ ਹੈ। ਪਰਵਰਦਗਾਰ ਦੇ ਸ਼ੁਕਰਾਨੇ ਵਾਲੀ ਪ੍ਰਭਾਵਸ਼ਾਲੀ ਕਵਿਤਾ “ਔਕਾਤ” ਵਿੱਚ ਡਾ. ਦਵਿੰਦਰ ਪਾਲ ਕੌਰ ਮਨੁੱਖ ਦੀ ਮਾਨਸਿਕ ਸੰਤੁਸ਼ਟੀ ਅਤੇ ਸ਼ਾਂਤੀ ਦੀ ਗੱਲ ਕਰਦੀ ਹੈ।
ਤੂੰ ਜਿੰਨਾ ਮੈਨੂੰ ਦਿੱਤਾ ਏ
ਐਨੀ ਮੇਰੀ ਔਕਾਤ ਨਹੀਂ
ਝੋਲੀਆਂ ਮੇਰੀਆਂ ਭਰ ਗਈਆਂ
ਹੁਣ ਹੋਰ ਦੀ ਮੈਨੂੰ ਤਾਕ ਨਹੀਂ
ਅਲੱਗ-ਅਲੱਗ ਵਿਸ਼ਿਆਂ ਨਾਲ ਸੰਬੰਧਿਤ ਰਚਨਾਵਾਂ ਸਮੇਤ ਇਸ ਕਾਵਿ ਸੰਗ੍ਰਹਿ ਵਿੱਚ ਕਈ ਧਾਰਮਿਕ ਰਚਨਾਵਾਂ ਵੀ ਸ਼ਾਮਲ ਕੀਤੀਆਂ ਹਨ, ਜਿਵੇਂ ਘੋੜੀਆਂ, ਖੰਡੇ ਦੀ ਧਾਰ, ਲਲਕਾਰ ਖੰਡੇ ਦੀ, ਚੋਜ ਨਿਆਰੇ, ਮਾਂ ਗੁਜਰੀ ਦਾ ਲਾਲ, ਯਾਰੜਾ ਸਾਹਿਬ ਏ ਕਮਾਲ ਅਤੇ ਗੁਰੂ ਅਰਜਨ ਦੇਵ। “ਚਰਖਾ” ਅਤੇ “ਮੇਰੀਆਂ ਜੁੱਤੀਆਂ” ਵੀ ਸੋਹਣੀਆਂ ਕਵਿਤਾਵਾਂ ਹਨ ਜਿਨ੍ਹਾਂ ਦੇ ਸ਼ਬਦ ਖ਼ੁਦ-ਬ-ਖ਼ੁਦ ਪਾਠਕ ਨਾਲ ਸੰਵਾਦ ਰਚਾਉਣ ਨੂੰ ਕਾਹਲ਼ੇ ਪੈਂਦੇ ਹਨ… ਅਤੇ ਪਾਠਕ ਨੂੰ ਨਾਲ ਤੋਰਦੇ ਹਨ।
ਇਸ ਕਾਵਿ ਸੰਗ੍ਰਹਿ ਨੂੰ ਪੜ੍ਹਦਿਆਂ ਮੈਨੂੰ ਇੰਜ ਵੀ ਮਹਿਸੂਸ ਹੋਇਆ ਕਿ ਡਾ. ਦਵਿੰਦਰ ਪਾਲ ਕੌਰ ਕਵਿਤਾ ਆਪਣੀ ਅੰਦਰਲੀ ਕਵਿਤਾ ਮਰਨ ਨਹੀਂ ਦਿੰਦੇ ਅਤੇ ਨਾ ਹੀ ਲਫ਼ਜ਼ਾਂ ਦਾ ਗਲ਼ਾ ਘੁੱਟਦੇ ਹਨ। ਸ਼ਬਦਾਂ ਨੂੰ ਬੋਲ ਲੈਣ ਦਿੰਦੇ ਹਨ। ਪੁਸਤਕ ਦੀ ਆਖਰੀ ਕਵਿਤਾ “ਬੇਬਾਕ ਧੜਕਨ” ਵੀ ਬੇਬਾਕ ਅਤੇ ਲਾਜਵਾਬ ਰਚਨਾ ਹੈ।
ਸ਼ਹਿਰ ਖਾਮੋਸ਼ ਹੈ ਕੈਸਾ ਫਿਰ ਇਹ ਸ਼ੋਰ ਹੈ
ਕਿਤੇ ਬੇਬਾਕ ਧੜਕਨ ਦਿਲ ਤੋਂ ਬਾਗ਼ੀ ਤਾਂ ਨਹੀਂ
ਧਾਰ ਉੱਤੇ ਤੋਰ ਕੇ ਤੇ ਕਸਵੱਟੀ ਤੇ ਪਰਖ ਆਖੇ
ਸੌ ਪ੍ਰਤੀਸ਼ਤ ਨਾ ਸਹੀ ਇੰਨੀ ਖ਼ਰਾਬੀ ਤਾਂ ਨਹੀਂ ।
‘ਸ਼ਾਇਰੀ ਇੱਕ ਇਬਾਦਤ’ ਦੀਆਂ ਰਚਨਾਵਾਂ ਦੇ ‘ਸ਼ਬਦਾਂ ਦੀ ਰੂਹ’ ਪਾਠਕ ਦੇ ਮਨ ਅੰਦਰ ਅਤੇ ਜੀਵਨ ਵਿੱਚ ਲਾਹੇਵੰਦ ਅਤੇ ਸਕਾਰਾਤਮਕ ਤਬਦੀਲੀ ਲਿਆਉਣ ਦੀ ਕਾਬਲੀਅਤ ਰੱਖਦੀ ਹੈ…। ਸਾਹਿਤ ਪ੍ਰੇਮੀਆਂ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ। ਮੇਰੇ ਵੱਲੋਂ ਡਾ. ਦਵਿੰਦਰ ਪਾਲ ਕੌਰ ਨੂੰ ਦਿਲੀ ਮੁਬਾਰਕਾਂ !
*** |
||
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

by 

