|
ਖ਼ੂਬਸੂਰਤ ਕੈਲੀਫ਼ੋਰਨੀਆ ਦੀ ਸਿਆਲ਼ੂ ਰੁੱਤ ਦੇ ਸੂਰਜ ਦੀਆਂ ਮੱਧਮ ਜਿਹੀਆਂ ਸੁਨਹਿਰੀ ਕਿਰਨਾਂ ਵਿਚ ਕਿਰਦੇ ਰੰਗ-ਬਰੰਗੇ ਪੱਤਿਆਂ ਦੀ ਚਾਦਰ ਨਾਲ ਢਕੀ ਹੋਈ ਚੌੜੀ ਸੜਕ ‘ਤੇ ਦੂਰ-ਦੂਰ ਤੱਕ ਨਜ਼ਰ ਮਾਰਦਿਆਂ ਪੱਤਿਆਂ ਦਾ ਵਲ਼ ਖਾਂਦਾ ਦਰਿਆ ਹੀ ਲੱਗ ਰਹੀ ਸੀ। ਬਹਾਰ ਨਾਲੋਂ ਵੀ ਸੋਹਣੀ ਪਤਝੜ ਦੇ ਰੰਗਾਂ ਨੂੰ ਮਾਣਦਿਆਂ ਮੇਰਾ ਚੁੱਪ ਮਨ ਮੱਲੋ-ਮੱਲੀ ਗੁਣਗੁਣਾ ਉੱਠਿਆ…
ਆਉਂਦਾ ਬੂਹੇ ‘ਤੇ ਬੁਢਾਪਾ ਵੇਖ ਹੋ ਨਾ ਪ੍ਰੇਸ਼ਾਨ
ਰੁੱਤਾਂ ਆਉਂਦੀਆਂ ਤੇ ਜਾਂਦੀਆਂ ਨੂੰ ਰੂਹ ਦੇ ਨਾਲ ਮਾਣ ।
ਦੇਖ ਪਤਝੜ ‘ਚ ਵੀ ਪੱਤੇ ਕਿਵੇਂ ਲੱਗਣ ਜਵਾਨ
ਪਾ ਕੇ ਲਾਲ-ਪੀਲੇ ਝੱਗੇ ਹੱਸਣ ਟੱਪਣ ਤੇ ਗਾਣ ।
ਕੱਲ੍ਹ ਬਿਰਖ ਸੰਗ ਬਣਦੇ ਸੀ ਟਾਹਣੀਆਂ ਦੀ ਸ਼ਾਨ
ਅੱਜ ਹਵਾ ਦਿਆਂ ਬੁੱਲਿਆਂ ਨੂੰ ਗਲ਼ ਨਾਲ ਲਾਣ ।
ਨਾ ਹੀ ਉਹ ਹੈ ਉਦਾਸ ਇਹ ਵੀ ਖ਼ੁਸ਼ੀ ਨਾਲ ਜਾਣ
ਰਲ਼ ਜ਼ਿੰਦਗੀ ਦੇ ਪਲ਼ ਉਨਾਂ ਦੋਹਾਂ ਲਏ ਮਾਣ ।
ਸੜਕ ਦੇ ਦੋਨੋ ਕਿਨਾਰਿਆਂ ‘ਤੇ ਹਵਾ ਨਾਲ਼ ਕਿੱਕਲੀਆਂ ਪਾ ਪਾ ਕੇ ਝੂਲਦੇ ਉੱਚੇ-ਲੰਮੇ ਦਰੱਖਤਾਂ ‘ਤੋਂ ਹੁੰਦੀ ਪੱਤਿਆਂ ਦੀ ਵਰਖਾ ਅਤੇ ਕਰ-ਕਰ… ਦੇ ਮਧੁਰ ਸੰਗੀਤ ਦੇ ਮਹੌਲ ਵਿੱਚ ਟਹਿਲਦਿਆਂ ਮੈਂ ਆਪਣੇ ‘ਵਿਰਲਿਆਂ ਚੋਂ ਵੀ ਵਿਰਲੇ’ ਦੋਸਤ ਨੂੰ ਫੋ਼ਨ ਮਿਲਾ ਲਿਆ। ਫੋ਼ਨ ਚੁੱਕਦਿਆਂ ਹੀ ਅਤੇ ਬਿਨਾਂ ਕਿਸੇ ਦੁਆ ਸਲਾਮ ਦੇ ਹੀ ਦੋਸਤ ਦੇ ਬੋਲਾਂ ਦੀ ਆਵਾਜ਼ ਕੰਨੀਂ ਪਈ…
“ਬਈ ਸੁਣਦੇ ਤਾਂ ਹੁੰਦੇ ਸੀ,…
‘ਸੱਦੀ ਹੋਈ ਮਿੱਤਰਾਂ ਦੀ… ਮੈਂ ਪੈਰ ਮੈਂ ਜੁੱਤੀ ਨਾ ਪਾਵਾਂ’
ਪਰ ਹੁਣ ਇੰਜ ਲੱਗਦਾ ਐ ਕਿ ਜੁੱਤੀ ਪਾਉਣ ਜਾਂ ਨਾ ਪਾਉਣ ਦੀ ਤਾਂ ਗੱਲ ਛੱਡੋ, ਹੁਣ ਦੋਸਤ-ਮਿੱਤਰ ਫ਼ੋਨ ‘ਤੇ ਗੱਲ ਕਰਨ ਨੂੰ ਈ ਮਹੀਨਿਆਂ ਬੱਧੀ ਲਾ ਦਿੰਦੇ ਆ!”
ਭਾਵੇਂ ਰਸਮੀ ਹੀ ਸਹੀ, ਪਰ ਫਿਰ ਵੀ, ਕਿਸੀ ਦੁਆ ਸਲਾਮ ਤੋਂ ਪਹਿਲਾਂ ਹੀ ਅਜਿਹੀਆਂ ਖ਼ੂਬਸੂਰਤ ਲਾਈਨਾਂ ਵਿੱਚ ਲਬਰੇਜ਼ ਮਿੱਠੇ ਉਲਾਂਭੇ ਦੀ ਅਪਣੱਤ ਨੇ ਮਨ ਖੁਸ਼ ਕਰਨ ਦੇ ਨਾਲ ਹੀ ਮਨ ਨੂੰ ਹਲੂਣਾ ਵੀ ਦੇ ਦਿੱਤਾ ਕਿ,… “ਪਲ ਪਲ ਬੀਤਦੀ ਜ਼ਿੰਦਗੀ ਵਿੱਚ ਆਪਣੇ ਸੱਜਣਾਂ ਮਿੱਤਰਾਂ ਦੀ ਖੈ਼ਰੀਅਤ ਵਕਤ ਸਿਰ ਲੈਂਦੇ ਰਹਿਣਾ ਚਾਹੀਦਾ ਹੈ!” ਘੌਲ਼ ਵਧੀਆ ਤਾਂ ਨਹੀਂ ਪਰ ਕਦੇ ਕਦਾਈਂ ਹੋ ਹੀ ਜਾਂਦੀ ਹੈ। ਦੋਸਤ ਦਾ ਕਿਹਾ ਸਿਰ ਮੱਥੇ ਕਬੂਲ ਕਰਦਿਆਂ ਅਤੇ ‘ਪਰਨਾਲਾ ਬਦਲਣ’ ਦਾ ਵਾਅਦਾ ਕਰਦਿਆਂ ਮੈਂ ਗੱਲ ਅੱਗੇ ਤੋਰ ਲਈ…।
ਅਸਲ ਵਿੱਚ ਇਨ੍ਹਾਂ ਖ਼ੂਬਸੂਰਤ ਰਵਾਇਤੀ ਲਾਈਨਾਂ ਦੀ ਰੂਹ ਅੰਦਰ ਸਾਡਾ ਪੰਜਾਬੀ ਤੇ ਮਨੁੱਖੀ ਸੱਭਿਆਚਾਰ ਝਲਕਦਾ ਹੈ ਜਿਸ ਤੋਂ ਜਾਣੇ ਅਣਜਾਣੇ ਅਸੀਂ ਦੂਰ ਹੁੰਦੇ ਜਾ ਰਹੇ ਹਾਂ।
ਸੁਪਨੇ ਜਾਂ ਖ਼ਾਬ ਵੀ ਬੜੇ ਕਮਾਲ ਦੀ ‘ਸ਼ੈਅ’ ਹੈ। ਮਨੁੱਖ ਸੌਂਦਿਆਂ-ਜਾਗਦਿਆਂ ਖ਼ਾਬ ਲੈਂਦਾ ਰਹਿੰਦਾ ਹੈ। ਖ਼ਾਬ ਲੈਣੇ ਵੀ ਚਾਹੀਦੇ ਹਨ। ਖ਼ਾਬਾਂ ਤੋਂ ਵਿਹੂਣੀ ਜ਼ਿੰਦਗੀ ਵੀ ਕਾਹਦੀ ਜ਼ਿੰਦਗੀ ਹੋਈ? ਕੁਝ ਖ਼ਾਬ… ਹੁੰਦੇ ਨੇ ਸਮੁੰਦਰ ਵਾਂਗ ਬੇਪ੍ਰਵਾਹ ਤੇ ਵਸੀਹ। ਕੁਝ ਰੁਮਕਦੀਆਂ ਹਵਾਵਾਂ ਵਰਗੇ। ਕੁਝ ਅੱਧ ਅਸਮਾਨੀ ਸੱਤ-ਰੰਗੀ ਪਰਵਾਜ਼ਾਂ ਵਰਗੇ ਤੇ ਕੁਝ ਸਾਨੂੰ ਭੁਆਂ ਕੇ ਜ਼ਮੀਨ ‘ਤੇ ਸੁੱਟਣ ਵਾਲੇ। ਕੁਝ ਖ਼ਾਬ ਵਕਤ ਨਾਲ ਬਿਖਰ ਵੀ ਜਾਂਦੇ ਨੇ। ਕੁਝ ਪੂਰੇ ਹੋ ਜਾਂਦੇ ਨੇ ਤੇ ਕੁਝ ਅਧੂਰੇ ਰਹਿ ਜਾਂਦੇ ਨੇ। ਕੁਝ ਕੁ ਦੀ ਤਾਬੀਰ ਨੂੰ ਸੁਪਨਸਾਜ਼ ਲੋਚਦੇ ਵੀ ਰਹਿੰਦੇ ਨੇ।
ਆਪਣੀ ਜਨਮ ਭੋਇੰ ਅਤੇ ਸੰਗੀ-ਸਾਥੀ ਛੱਡ ਕੇ ਮਨੁੱਖ ਭਾਵੇਂ ਕਿਤੇ ਵੀ ਚਲਿਆ ਜਾਵੇ, ਪਰ ਇੱਕ ਦਿਨ ਬੀਤੇ ਪਲਾਂ ਦਾ ਪਰਛਾਵਾਂ ਉਸ ਦੇ ਮਨ ਦੇ ਕੈਨਵਸ ‘ਤੇ ਤਸਵੀਰ ਬਣ ਆ ਦਸਤਕ ਦਿੰਦਾ ਹੈ। ਪਲ ਪਲ ਬੀਤਦੇ ਜੀਵਨ ਦੇ ‘ਦੂਸਰੇ ਅੱਧ’ ਵਿੱਚ ਤਾਂ ਬਚਪਨ ਅਤੇ ਜਵਾਨੀ ਦੇ ਸੰਗੀ-ਸਾਥੀ, ਦੋਸਤ-ਮਿੱਤਰ ਅਕਸਰ ਸਾਡੇ ਮਨ ਦੇ ਬੂਹੇ ਦਾ ਕੁੰਡਾ ਖੜਕਾਉਂਦੇ ਹੀ ਰਹਿੰਦੇ ਹਨ..
ਕਦੇ ਕਦਾਈਂ
ਆਉਂਦੇ ਸੁਪਨੇ
ਅੱਖੀਆਂ ਅੰਦਰ ਮਰ ਜਾਵਣ
ਫਿਰ ਵੀ
ਅਕਸਰ ਵਿਛੜੇ ਸੱਜਣ
ਸੁਪਨਿਆਂ ਅੰਦਰ ਮਿਲ ਜਾਵਣ
ਕਾਰਨ ਭਾਵੇਂ ਕੋਈ ਵੀ ਹੋਵੇ ਜਾਂ ਫਿਰ ਨਾ ਵੀ ਹੋਵੇ, ਪਰ ਕਦੇ ਕਦਾਈਂ ਅਸੀਂ ਆਪਣੇ ਦੋਸਤਾਂ ਮਿੱਤਰਾਂ ਨਾਲ ਗੱਲਬਾਤ ਕਰਨ ਤੋਂ ਵੀ ਘੇਸਲ਼ ਵੱਟ ਲੈਂਦੇ ਹਾਂ। ਵਕਤ ਦੀ ਕਮੀ ਜਾਂ ਫਿਰ ਕਮਜ਼ੋਰ ਯਾਦਦਾਸ਼ਤ ਦੇ ਸਿਰ ਕਸੂਰ ਮੜ੍ਹ ਕੇ ਖ਼ੁਦ ਸੁਰਖੁਰੂ ਹੋਣ ਦਾ ਵਹਿਮ ਪਾਲ਼ ਲੈਂਦੇ ਹਾਂ। ਇਸ ਛੋਟੀ ਜਿਹੀ ਜ਼ਿੰਦਗੀ ਵਿੱਚ ਫੇਰ ਅਜਿਹੇ ਪਲ ਪਛਤਾਵੇ ਦਾ ਰੂਪ ਲੈ ਕੇ ਕਦੇ ਕਦਾਈਂ ਸਾਡੇ ਮਨ ਨੂੰ ਆ ਡੱਸਦੇ ਨੇ… ਤੇ ਓਸ ਵਕਤ ਕਾਫ਼ੀ ਦੇਰ ਹੋ ਚੁੱਕੀ ਹੁੰਦੀ ਹੈ।
ਕਦੇ ਕਦੇ ਇੰਜ ਵੀ ਹੋ ਜਾਂਦਾ ਹੈ…
ਵਕਤ ਦੇ ਵਾ-ਵਰੋਲਿਆਂ ਨੇ ਮੇਰੇ ਬਚਪਨ ਅਤੇ ਜਵਾਨੀ ਵੇਲੇ ਦੇ ਦੋਸਤਾਂ ਨੂੰ ਘੁਮਾ-ਘੁਮਾ ਕੇ ਦੁਨੀਆ ਦੇ ਵੱਖ ਵੱਖ ਕੋਨਿਆਂ ‘ਚ ਪਹੁੰਚਾ ਦਿੱਤਾ, ਵਸਾ ਦਿੱਤਾ ਅਤੇ ਭੁਲਾ ਵੀ ਦਿੱਤਾ।
ਕਾਲਜ ਵਿੱਚ ਪੜ੍ਹਦਿਆਂ ਵੇਲੇ ਦੇ ਵਿਛੜੇ ਇੱਕ ਦੋਸਤ ਨੂੰ ਲੱਭਣ ਅਤੇ ਪੁਰਾਣੀ ਦੋਸਤੀ ਨੂੰ ਮੁੜ ਸੁਰਜੀਤ ਕਰਨ ਵਾਸਤੇ ਇੱਕ ਦਿਨ ਮੇਰੇ ਦੂਸਰੇ ਦੋਸਤ ਦਾ ਮੁਹੱਬਤੀ ਸੁਨੇਹਾ ਮਿਲਿਆ। ਸਾਡੇ ਦਿਲ ਦੀ ਖਾਹਿਸ਼ ਸੀ ਕਿ ਭੁੱਲੇ ਵਿੱਸਰੇ ਦੋਸਤਾਂ ਨੂੰ ਲੱਭਿਆ ਅਤੇ ਮਿਲਿਆ ਜਾਵੇ ਤਾਂ ਕਿ ‘ਸਾਰੇ’ ਪੁਰਾਣੇ ਦੋਸਤ ਇੱਕ ਵਾਰ ਫੇਰ ਇਕੱਠੇ ਹੋ ਕੇ ਜ਼ਿੰਦਗੀ ਦੇ ਬੀਤੇ ਪਲਾਂ ਨੂੰ ਪਲ ਦੋ ਪਲ ਲਈ ਦੋਬਾਰਾ ਜੀਅ ਸਕਣ ਅਤੇ ਮਾਣ ਸਕਣ। ਸੀਨੇ ਵਿੱਚ ਧੜਕਦੇ ਦਿਲਾਂ ਅਤੇ ਸੰਵੇਦਨਸ਼ੀਲ ਮਨ ਦੀ ਇਹੀ ਤਾਂ ਨਿਸ਼ਾਨੀ ਹੁੰਦੀ ਹੈ ਕਿ ਭਾਵੇਂ ਵਕਤੀ ਤੌਰ ‘ਤੇ ਉਹ ਜ਼ਿੰਦਗੀ ਦੇ ਟੇਢੇ-ਮੇਢੇ ਪੈਂਡਿਆਂ ਤੇ ਚਲਦਿਆਂ ਵਿੱਛੜ-ਵਿੱਸਰ ਜਾਵਣ, ਪਰ ਦੇਰ-ਸਵੇਰ ਦੋਸਤੀ ਅਤੇ ਮੁਹੱਬਤ ਦੀ ਆਵਾਜ਼ ਦਿਲ ‘ਤੇ ਆ ਦਸਤਕ ਦਿੰਦੀ ਹੈ…
ਜਦ ਉਮਰਾਂ ਦੀ ਚਾਦਰ
ਨੂੰ ਉਤਾਰਨ ਦਾ ਮਨ ਬਣ ਜਾਵੇ
ਤਾਂ ਆਪਣੇ ਪੁਰਾਣੇ ਦੋਸਤਾਂ ਦੀ
ਮਹਿਫ਼ਲ ਵਿੱਚ ਜਾ ਆਇਆ ਕਰੋ।
ਉਮਰਾਂ ਦੇ
ਸੁੱਕੇ ਤੇ ਰੁੱਖੇ ਖੋ਼ਲ ਵਿੱਚੋਂ ਨਿਕਲ
ਜਵਾਨੀ ਦੀਆਂ ਜਵਾਨ ਯਾਦਾਂ
ਤੇ ਬਚਪਨ ਦੀਆਂ ਕਿਲਕਾਰੀਆਂ
ਦਾ ਲੁਤਫ਼ ਮਾਣ ਆਇਆ ਕਰੋ।
ਬੇਹਤਰੀਨ ਇੰਨਫਰਮੇਸ਼ਨ ਦੇ ਜ਼ਮਾਨੇ ਵਿੱਚ ਵੀ ਬੜੀ ਮੁਸ਼ਕਲ ਅਤੇ ਅਣਥੱਕ ਕੋਸ਼ਿਸ਼ਾਂ ਨਾਲ ਇਸ ਦੋਸਤ ਨੇ ਵਿਛੜੇ ਹੋਏ ਦੋਸਤ ਨਾਲ ਰਾਬਤਾ ਕਾਇਮ ਕੀਤਾ। ਪਰ ਬਦਕਿਸਮਤੀ ਨੂੰ ਜਿਸ ਦੋਸਤ ਨੂੰ ਅਸਾਂ ਬੇਸਬਰੀ ਨਾਲ ਭਾਲਦੇ ਰਹੇ ਉਹ ਤਾਂ ਜ਼ਿੰਦਗੀ ਵਿੱਚ ਕੁਛ ਜ਼ਿਆਦਾ ਹੀ ਅਗਾਂਹਵਧੂ ਹੋ ਨਿਕਲਿਆ। ਮਿਲਣਾ-ਮਿਲਾਉਣਾ ਤਾਂ ਬਾਅਦ ਦੀ ਗੱਲ, ਉਸ ਨੇ ਤਾਂ ਗਰੁੱਪ ਦੇ ਕਿਸੇ ਵੀ ਦੋਸਤ ਨੂੰ ਜਾਨਣ-ਪਛਾਣਨ ਤੋਂ ਹੀ ਕੋਰਾ ਇਨਕਾਰ ਕਰ ਦਿੱਤਾ। ਉਸ ਦੇ ਸਰੀਰਕ ਖ਼ੋਲ ਵਿੱਚੋਂ ਪੁਰਾਣਾ ਦੋਸਤ ਗਾਇਬ ਸੀ। ਸਾਰਾ ਦੋਸ਼ ‘ਚੰਗੀ ਭਲੀ’ ਯਾਦਦਾਸ਼ਤ ਸਿਰ ਮੜ੍ਹ ਔਹ ਦਾ… ਔਹ ਗਿਆ। ਸਾਡਾ ਦੋਬਾਰਾ ਇਕੱਠੇ ਹੋਣ ਦਾ ਹਵਾ ‘ਚ ਉਸਰ ਰਿਹਾ ਕਿਲ੍ਹਾ ਟੁੱਟੇ ਸੁਪਨਿਆਂ ਦੀ ਤਰਾਂ ਧੜੰਮ ਕਰਦਾ ਡਿੱਗ ਪਿਆ।
ਚਲੋ ਕੋਈ ਗੱਲ ਨਹੀਂ, ਕਸੂਰ ਸ਼ਾਇਦ ਉਸ ਦਾ ਵੀ ਨਾ ਹੋਵੇ, ਪਰ ਅਸੀਂ ਫਿਰ ਵੀ ਕੋਸ਼ਿਸ਼ ਜਾਰੀ ਰੱਖਾਂਗੇ… ਤੇ ਸੁਪਨੇ ਵੀ ਲੈਂਦੇ ਰਹਾਂਗੇ। ਅਜੋਕੇ ਸਮਿਆਂ ਦੌਰਾਨ ਦੋਸਤਾਂ ਦੀ ਦੋਸਤੀ ਦੀ ਅਹਿਮੀਅਤ ਖ਼ੂਨ ਦੇ ਰਿਸ਼ਤਿਆਂ ਤੋਂ ਜ਼ਿਆਦਾ ਨਹੀਂ ਤਾਂ ਘੱਟ ਵੀ ਨਹੀਂ ਹੈ। ਬੰਦੇ ਦੀ ਹੈਸੀਅਤ ਨੂੰ ਮਾਪਣ-ਤੋਲਣ ਦੇ ਜ਼ਮਾਨੇ ਵਿੱਚ ਇਹ ਦੋਸਤ ਹੀ ਤਾਂ ਹੁੰਦੇ ਨੇ ਜੋ ਅਕਸਰ ਦੋਸਤਾਂ ਦੀਆਂ ਤਬੀਅਤਾਂ ਤੇ ਖ਼ੈਰੀਅਤਾਂ ਪੁੱਛਦੇ ਨੇ!
ਦੋਸਤੋ, ਪਲ ਪਲ ਰੰਗ ਬਦਲਦੀ ਜ਼ਿੰਦਗੀ ਵਿੱਚ ਦੋਸਤਾਂ-ਮਿੱਤਰਾਂ ਦਾ ਹਾਲ-ਚਾਲ ਪੱਛਦੇ ਰਹਿਣਾ ਚਾਹੀਦਾ ਹੈ। ਹੋ ਸਕੇ ਤਾਂ ਉਹਨਾਂ ਸੰਗ ਮਹਿਫ਼ਲਾਂ ਵੀ ਸਜਾਉਂਦੇ ਰਹਿਣਾ ਚਾਹੀਦਾ ਹੈ, ਕਿਉਂਕਿ, ਇੰਜ ਕਰਦਿਆਂ…
ਉਮਰਾਂ ਦੀ
ਕੰਜ ਲਹਿ ਜਾਂਦੀ ਏ
ਢਲੀ ਜਵਾਨੀ ਚੜ੍ਹ ਜਾਂਦੀ ਏ
ਜ਼ਿੰਦਗੀ ਵਾਪਸ ਆ ਜਾਂਦੀ ਏ
ਆਪਣੇ ਸੱਭਿਆਚਾਰ ਨੂੰ ਭੁੱਲ ਹੀ ਨਾ ਜਾਇਓ,… ‘ਸੱਦੀ ਹੋਈ ਮਿੱਤਰਾਂ ਦੀ… ਮੈਂ ਪੈਰ ਮੈਂ ਜੁੱਤੀ ਨਾ ਪਾਵਾਂ’
ਜ਼ਿੰਦਗੀ ਜ਼ਿੰਦਾਬਾਦ।
*** ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
|
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

by 