2 October 2026

ਨਾਟਕ: ਵਾਧੂ ਭਾਰ — ਅਵਤਾਰ ਐਸ. ਸੰਘਾ

ਵਾਧੂ ਭਾਰ
(ਨਾਟਕ)
ਨਾਟਕਕਾਰ ਅਵਤਾਰ ਐਸ. ਸੰਘਾ

ਪਾਤਰ
ਸੂਤਰਧਾਰ :- 60 ਕੁ ਸਾਲ ਦਾ ਪ੍ਰਭਾਵਸ਼ਾਲੀ ਆਵਾਜ਼ ਵਾਲਾ
ਜਗਸੀਰ :- ਅੱਧਖੜ ਉਮਰ ਦਾ ਪੰਜਾਬੀ
ਹਰਬੰਸ ਕੌਰ :- ਜਗਸੀਰ ਦੀ 45 ਕੁ ਸਾਲ ਦੀ ਪਤਨੀ
ਤੇਜ ਕੌਰ :- ਜਗਸੀਰ ਦੀ 80 ਕੁ ਸਾਲ ਦੀ ਮਾਂ
ਰੂਬਲ :- ਜਗਸੀਰ ਤੇ ਹਰਬੰਸ ਕੌਰ ਦਾ 18 ਕੁ ਸਾਲ ਦਾ ਲੜਕਾ
ਦੋਹਤਾ :- ਹਰਬੰਸ ਕੌਰ ਦੇ ਤਾਏ ਦਾ 22 ਕੁ ਸਾਲ ਦਾ ਦੋਹਤਾ
ਟੈਕਸੀ ਡਰਾਈਵਰ :- ਅੱਧਖੜ ਯੂਨਾਨੀ, ਨਾਮ ਟੋਨੀ
ਪੁਲਿਸ :- ਦੋ ਸਿਪਾਹੀ
ਸਥਾਨ :- ਸਿਡਨੀ (ਜਗਸੀਰ ਦੇ ਘਰ ਤੋਂ ਹਵਾਈ ਅੱਡੇ ਤੱਕ ਦਾ ਸਫਰ)
ਸਮਾਂ :- ਵਰਤਮਾਨ

ਸਟੇਜੀ ਆਖਰਾਜਾਤ :- ਇੱਕ ਕੁਰਸੀ ਜਿਸ ਤੇ ਜਗਸੀਰ ਦੀ ਬੁੱਢੀ ਮਾਂ ਬੈਠੀ ਏ। ਤਿੰਨ ਅਟੈਚੀ ਤੇ ਤਿੰਨ ਬੈਗ। ਭਾਰ ਤੋਲਣ ਵਾਲਾ ਕੁੰਡਾ। ਤਿੰਨਾ ਦੇ ਹੱਥਾਂ ਵਿੱਚ ਪਾਣੀ ਦੀਆਂ ਬੋਤਲਾਂ। ਸਿਪਾਹੀਆਂ ਦੀਆਂ ਵਰਦੀਆਂ। ਸਿਪਾਹੀਆਂ ਦੀ ਸੀਟੀ ਜਾਂ ਕਾਰ ਦਾ ਹੂਟਰ।

(ਪਰਦਾ ਉੱਠਦਾ ਹੈ)

ਸੂਤਰਧਾਰ :- ……… ਤੇ ਆਖਰ ਉਹ ਦਿਨ ਆ ਹੀ ਗਿਆ। ਟੈਕਸੀ ਦਰ ਤੇ ਆਣ ਖੜੀ ਹੋਈ। ਤੇਜ਼ ਕੌਰ ਦੇ ਮੁੰਡੇ, ਨੂੰਹ ਅਤੇ ਉਹਨਾਂ ਦੇ ਲੜਕੇ ਰੂਬਲ ਨੇ ਕਈ ਸਾਲਾਂ ਬਾਅਦ ਪੰਜਾਬ ਜਾਣਾ ਸੀ। ਰੋਜ਼ਾਨਾ ਜੀਵਨ ਵਿੱਚ ਆਉਣ ਵਾਲੀ ਇਹ ਤਬਦੀਲੀ ਸਭ ਲਈ ਖੁਸ਼ੀ ਦਾ ਕਾਰਨ ਬਣੀ ਹੋਈ ਸੀ। ਹਵਾਈ ਯਾਤਰਾ ਤੇ ਪੰਜਾਬ ਜਾਣ ਲਈ ਪਰਿਵਾਰ ਕਾਹਲਾ ਪਿਆ ਹੋਇਆ ਸੀ। ਪੇਸ਼ ਹੈ ਪੰਜਾਬ ਨੂੰ ਜਾਣ ਦੀ ਇਸ ਤਿਆਰੀ ਨਾਲ ਸੰਬੰਧਿਤ ਇੱਕ ਨਾਟਕ – ‘ਵਾਧੂ ਭਾਰ’।

ਤੇਜ ਕੌਰ :- (ਸਟੇਜ ਤੇ ਬੈਠੀ ਸੋਚਾਂ ਵਿੱਚ ਪਈ ਹੋਈ ਏ) ਤਿੰਨੇ ਜਣੇ ਮੇਰੀ ਗੱਲ ਧਿਆਨ ਨਾਲ ਸੁਣੋ।

ਜਗਸੀਰ :- ਮਾਂ ਕੀ ਗੱਲ ਹੋਈ ?

ਤੇਜ ਕੌਰ :- ਮੈਨੂੰ ਗਵਾਂਢੀਆਂ ਦੀ ਕਿਰਪੀ ਤੋਂ ਪਤਾ ਲੱਗਾ ਹੈ ਕਿ ਤੁਸੀਂ ਇਕੱਲਾ ਇਕੱਲਾ 20 ਕਿਲੋ ਭਾਰ ਨਾਲ ਲਿਜਾ ਸਕਦੇ ਹੋ। ਵਾਧੂ ਭਾਰ ਨਾਲ ਨਾ ਖੜਿਓ। ਕਿਰਪੀ ਦਾ ਟੱਬਰ ਪਹਿਲਾਂ ਅੱਛਾ ਖਾਸਾ ਜੁਰਮਾਨਾ ਦੇ ਚੁੱਕਾ ਏ। ਕੁਤਾਹੀ ਬਿਲਕੁਲ ਨਾ ਕਰਿਓ। ਕੀ ਸੁਖਦੇਵ ਕੁੱਤਾ ਲੈ ਗਿਆ?

ਜਗਸੀਰ :- ਮਾਂ, 20 ਕਿਲੋ ਨਹੀਂ। ਜਿਸ ਏਅਰਲਾਈਨ ਰਾਹੀਂ ਅਸੀਂ ਜਾ ਰਹੇ ਹਾਂ ਇਸ ਤੇ 30 ਕਿਲੋ ਲਜਾਇਆ ਜਾ ਸਕਦਾ ਹੈ। ਬਾਕੀ ਸੁਖਦੇਵ ਕੁੱਤਾ ਲੈਣ ਆਉਂਦਾ ਹੀ ਹੋਊ। ਤੁਸੀਂ ਬਹੁਤਾ ਫਿਕਰ ਨਾ ਕਰੋ।

ਤੇਜ ਕੌਰ :- ਮੁੰਡਿਆ, ਮੈਥੋਂ ਕੁੱਤਾ ਨਹੀਂ ਸੰਭਾਲ ਹੋਣਾ। ਨਾਲੇ ਤੁਹਾਨੂੰ ਪਤਾ ਹੀ ਏ, ਮੈਨੂੰ ਮੇਰੀ ਧੀ ਨੇ ਸ਼ਾਮ ਨੂੰ ਆ ਕੇ ਆਪਣੇ ਨਾਲ ਲੈ ਜਾਣਾ ਏ। ਕੁੜੀ ਤੋਂ ਵੀ ਕੁੱਤਾ ਨਹੀਂ ਸੰਭਾਲ ਹੋਣਾ। ਐਵੇਂ ਉਹਦੇ ਗਲ ਨਾ ਪਾ ਜਾਇਓ। (ਸੋਟੀ ਫੜੀ ਹੌਲੀ ਹੌਲੀ ਬਾਹਰ ਨੂੰ ਜਾਂਦੀ ਹੋਈ ਬੁੜ ਬੁੜ ਕਰਦੀ ਏ) ਇਹਨਾਂ ਨੂੰ ਜਿੰਨਾ ਮਰਜ਼ੀ ਸਮਝਾਈ ਜਾਓ ਇਹ ਕੁੱਤੇ ਬਿੱਲੇ ਘਰ ਰੱਖਣ ਤੋਂ ਨਹੀਂ ਹਟਦੇ। ਘਰ ਤੇ ਵਾਧੂ ਭਾਰ। ਜੇ ਜਾਨਵਰ ਬਿਮਾਰ ਹੋ ਜਾਵੇ ਤਾਂ ਡਾਕਟਰਾਂ ਪਾਸ ਤੁਰੇ ਰਹਿਣਗੇ। ਜਾਨਵਰਾਂ ਤੇ ਡਾਲਰ ਲੁਟਾਈ ਜਾਣਗੇ। ਪੂਚ ਪੂਚ ਆਪ ਕਰਦੇ ਰਹਿਣਗੇ। ਉਦਾਂ ਕਹੀ ਜਾਣਗੇ ਰੂਬਲ ਦੀ ਪਸੰਦ ਏ।

ਹਰਬੰਸ ਕੌਰ :- (ਅਟੈਚੀ ਦੇ ਹੱਥੇ ‘ਚ ਭਾਰ ਤੋਲਣ ਵਾਲਾ ਕੁੰਡਾ ਪਾ ਕੇ ਖੜ੍ਹੀ ਖੜ੍ਹੀ) – ਅਟੈਚੀ ਦਾ ਭਾਰ ਤਾਂ 40 ਕਿਲੋ ਏ। ਆਓ, ਤੋਲਣ ਵਿੱਚ ਮੇਰੀ ਮਦਦ ਕਰੋ ਤੇ ਨਾਲੇ ਆਪ ਆ ਕੇ ਦੇਖ ਲਓ।

ਜਗਸੀਰ :- ਮੈਂ ਕੀ ਦੇਖਣਾ? ਤੂੰ ਠੀਕ ਹੀ ਕਹਿ ਰਹੀ ਏਂ। ਤਿੰਨੇ ਜੈਕਟਾਂ ਅਟੈਚੀ ‘ਚੋਂ ਕੱਢੋ। ਬਾਹਾਂ ਤੇ ਰੱਖ ਕੇ ਕੱਢ ਕੇ ਲੈ ਜਾਵਾਂਗੇ। ਤੁਹਾਨੂੰ ਪਤਾ ਹੀ ਏ, ਭਾਰ ਤਾਂ ਅੱਗੇ ਜਾ ਕੇ ਹੋਰ ਵੀ ਵੱਧ ਜਾਣਾ ਏ। ਧਿਆਨ ਰੱਖਿਓ, ਰਾਹ ਵਿੱਚ ਸਭ ਕੁਝ ਸੰਭਾਲਣਾ ਵੀ ਪੈਣਾ ਏ।

ਹਰਬੰਸ ਕੌਰ :- ਹੋਰ ਭਾਰ ਕਿਹੜਾ ਵੱਧ ਜਾਊ?

ਜਗਸੀਰ :- ਤੈਨੂੰ ਪਤਾ ਨਹੀਂ, ਡਿਊਟੀ ਫਰੀ ਤੋਂ ਵੀ ਤਾਂ ਕੁਝ ਨਾ ਕੁਝ ਨਾਲ਼ ਲੈ ਕੇ ਜਾਣਾ ਹੀ ਏ। ਦੋ ਦੋ ਬੋਤਲਾਂ ਤਾਂ ਤਿੰਨੇ ਜਣੇ ਲਿਜਾ ਹੀ ਸਕਦੇ ਹਾਂ।

ਹਰਬੰਸ ਕੌਰ :- ਹੋਰ ਕਿਸੇ ਚੀਜ਼ ਨੂੰ ਹੱਥ ਲਾਓ ਜਾਂ ਨਾ ਲਾਓ। ਤੁਹਾਨੂੰ ਸ਼ਰਾਬ ਨਾਲ ਖਿੱਚਣੀ ਕਦੇ ਨਹੀਂ ਭੁੱਲਦੀ। ਐਵੇਂ ਵਿਆਹ ਵਿੱਚ ਬੀਆਂ ਦਾ ਲੇਖਾ ਪਾ ਛੱਡਦੇ ਹੋ। ਇਹ ਡਫਣੀ ਬੰਦ ਵੀ ਕਰੋਗੇ ਕਦੀ?

ਜਗਸੀਰ :- ਤੈਨੂੰ ਪਤਾ, ਕਈ ਪ੍ਰਕਾਰ ਦੇ ਬੰਦੇ ਮਿਲਦੇ ਹੁੰਦੇ ਆ। ਕਈ ਖਾਸ ਬੰਦੇ ਹੁੰਦੇ ਆ। ਉਹ ਕੁਝ ਨਾ ਕੁਝ ਆਸ ਤਾਂ ਰੱਖਦੇ ਹੀ ਹੁੰਦੇ ਆ। ਤੈਨੂੰ ਪਤਾ ਹੀ ਏ, ਮੈਂ ਤਾਂ ਘੱਟ ਹੀ ਪੀਂਦਾ ਹਾਂ। ਉੱਧਰ ਜਾ ਕੇ ਮਾੜੀ ਵੀ ਤਾਂ ਖਰੀਦਣੀ ਹੀ ਏ। ਜੇ ਇਧਰੋਂ ਵਧੀਆ ਤੇ ਸਸਤੀ ਲੈ ਜਾਓ ਤਾਂ ਕੀ ਬੁਰਾ? ਇੱਧਰਲੀ ਦਾ ਰੋਅਬ ਤੇ ਪ੍ਰਭਾਵ ਅਲੱਗ ਕਿਸਮ ਦਾ ਹੀ ਆ। ਪਿਛਲੀ ਵਾਰ ਉੱਧਰ ਵਧੀਆ ਤੋਂ ਵਧੀਆ ਬਰਾਂਡ ਪੀਤਾ ਸੀ ਉਹ ਵੀ ਨਿਰਾ ਕੁਨੀਨ ਜਿਹਾ ਕੌੜਾ ਸੀ।

(ਇਨੇ ਨੂੰ ਹਰਬੰਸ ਕੌਰ ਦੇ ਤਾਏ ਦਾ ਦੋਹਤਾ ਆ ਜਾਂਦਾ ਏ। ਉਸਨੇ ਇਸ ਪਰਿਵਾਰ ਨੂੰ ਵਿਦਾ ਕਰਨ ਜਾਣਾ ਏ।)

ਜਗਸੀਰ :- ਇਸ ਵਿਚਾਰੇ ਨੂੰ ਐਵੇਂ ਨਾਲ ਖਿੱਚੀ ਜਾ ਰਹੇ ਹੋ। ਇਹਨੂੰ ਨਾਲ ਲਿਜਾਉਣ ਦਾ ਕੀ ਫਾਇਦਾ?

ਹਰਬੰਸ ਕੌਰ :- ਤੁਹਾਡੇ ਦਿਮਾਗ ਵਿੱਚ ਇਸ ਵੇਲੇ ਸ਼ਰਾਬ ਵੱਧ ਘੁੰਮ ਰਹੀ ਏ। ਬਾਕੀ ਸਭ ਕੁਝ ਤੁਹਾਨੂੰ ਭੁੱਲ ਗਿਆ ਏ।

ਜਗਸੀਰ :- ਕੀ ਮਤਲਬ?

ਹਰਬੰਸ ਕੌਰ :- ਕਈ ਵਾਰ ਤੋਲਣ ਸਮੇਂ ਭਾਰ ਵੱਧ ਘੱਟ ਵੀ ਜਾਂਦਾ ਏ। ਅਗਰ ਵੱਧ ਗਿਆ ਤਾਂ ਦੋਹਤਾ ਵਧਿਆ ਸਮਾਨ ਵਾਪਸ ਲੈ ਆਵੇਗਾ। ਮੈਂ ਨਹੀਂ ਚਾਹੁੰਦੀ ਕਿ ਵਧਿਆ ਸਮਾਨ ਐਵੇਂ ਜਾਇਆ ਜਾਵੇ। ਤੁਹਾਨੂੰ ਪਤਾ ਹੀ ਏ, ਜਦ ਤੁਸੀਂ ਗਏ ਸੀ ਤੁਹਾਨੂੰ ਵਾਧੂ ਸਮਾਨ ਕੂੜਾਦਾਨ ਵਿੱਚ ਸੁੱਟਣਾ ਪਿਆ ਸੀ।

ਜਗਸੀਰ :- ਜਦ ਦੋਹਤਾ ਨਾਲ ਜਾ ਰਿਹਾ ਏ ਤਾਂ ਟੈਕਸੀ ਕਾਹਦੇ ਵਾਸਤੇ ਬੁਲਾਈ?

ਹਰਬੰਸ ਕੌਰ :- ਤੁਹਾਨੂੰ ਇਹਦੀ ਕਾਰ ਦਿਖਦੀ ਏ। ਇਸ ਵਿੱਚ ਤਾਂ ਸਾਡਾ ਅੱਧਾ ਸਮਾਨ ਵੀ ਨਾ ਆਵੇ। ਪੰਜ ਸਾਲਾਂ ਬਾਅਦ ਇੱਕ ਵਾਰ ਚੱਲੇ ਹਾਂ। ਤੁਹਾਡੀ ਕੰਜੂਸੀ ਦੀ ਵੀ ਹੱਦ ਹੋ ਗਈ। ਸ਼ਰਾਬ ਦੇ ਨਾਂ ਤੇ ਕੰਜੂਸੀ ਪਤਾ ਨਹੀਂ ਕਿੱਧਰ ਨੂੰ ਪਰ ਲਾ ਕੇ ਉੱਡ ਜਾਂਦੀ ਏ। ਕਹੋ ਤਾਂ ਇਹਦੀ ਕਾਰ ਵਿੱਚ ਤੇਲ ਪੁਆ ਦਿੰਦੇ ਹਾਂ। ਨਾਲੇ ਜੇ ਕਿਸੇ ਨੂੰ ਕੋਈ ਵਿਦਾ ਕਰਨ ਜਾਵੇ ਤਾਂ ਚੰਗਾ ਵੀ ਲੱਗਦਾ ਏ। ਇਸ ਵਿਚਾਰੇ ਲੜਕੇ ਨੂੰ ਕਿਹੜਾ ਅਸੀਂ ਜ਼ੋਰ ਪਾਇਆ ਏ। ਆਪ ਹੀ ਤਿਆਰ ਹੋ ਗਿਐ।
(ਘਰ ਵਿੱਚ ਵਾਰ ਵਾਰ ਦੋਹਤਾ ਸ਼ਬਦ ਪ੍ਰਯੋਗ ਕਰਨ ਕਰਕੇ ਰੂਬਲ ਨੇ ਇਹਦਾ ਨਾਮ ਹੀ ਦੋਹਤਾ ਪਾ ਲਿਆ ਏ।)

ਰੂਬਲ :- ਦੋਹਤੇ, ਅਗਰ ਤੈਨੂੰ ਔਖਾ ਲੱਗਦਾ ਏ ਤਾਂ ਤੂੰ ਬੇਸ਼ਕ ਸਾਡੇ ਨਾਲ ਨਾ ਜਾਹ। ਅਸੀਂ ਆਪੇ ਹੀ ਸਾਰ ਲਵਾਂਗੇ।

ਦੋਹਤਾ :- ਨਹੀਂ ਵੀਰੇ, ਮੈਨੂੰ ਕੋਈ ਔਖਾ ਨਹੀਂ ਲੱਗਦਾ। ਮੈਂ ਤਾਂ ਆਂਟੀ ਨਾਲ ਛੱਡਣ ਜਾਣ ਦਾ ਪਹਿਲਾਂ ਹੀ ਵਾਅਦਾ ਕੀਤਾ ਹੋਇਆ ਸੀ।
ਹਰਬੰਸ ਕੌਰ (ਰੂਬਲ ਨੂੰ) :- ਕਾਕਾ ਤੈਨੂੰ ਨਸੀਹਤਾਂ ਕਰਨ ਦੀ ਅਕਲ ਕਿੱਥੋਂ ਆ ਗਈ? ਐਵੇਂ ਮੁੰਡੇ ਨੂੰ ਸਿਰ ਨਾ ਚੜ੍ਹਾਈ ਜਾ। ਆਹ ਚੁੱਕ ਅਟੈਚੀ ਤੇ ਬਾਹਰ ਟੈਕਸੀ ਵਿੱਚ ਰੱਖ।
(ਰੂਬਰ ਅਟੈਚੀ ਚੁੱਕ ਕੇ ਲੈ ਜਾਂਦਾ ਹੈ) ਦੋਹਤੇ, ਤੂੰ ਵੀ ਆਹ ਦੂਜਾ ਅਟੈਚੀ ਚੁੱਕ। ਲਿਜਾ ਕੇ ਡਰਾਈਵਰ ਦੇ ਹਵਾਲੇ ਕਰਦੇ।
(ਦੋਹਤਾ ਦੂਜਾ ਅਟੈਚੀ ਚੁੱਕ ਕੇ ਲੈ ਜਾਂਦਾ ਹੈ)
(ਬਾਹਰ ਜਾ ਕੇ ਤਿੰਨੇ ਜਣੇ ਟੈਕਸੀ ਵਿੱਚ ਬੈਠਣ ਦਾ ਅਭਿਨੈ ਕਰਦੇ ਹਨ। ਡਰਾਈਵਰ ਆਦਰ ਨਾਲ ਸਭ ਨੂੰ ਬਿਠਾਉਣ ਦਾ ਅਭਿਨੈ ਕਰਦਾ ਹੈ। ਟੈਕਸੀ ਬਲੈਕ ਟਾਊਨ ਤੋਂ ਹਵਾਈ ਅੱਡੇ ਵੱਲ ਨੂੰ ਚੱਲਣ ਲਈ ਤਿਆਰ ਹੈ।)

ਡਰਾਈਵਰ :- Which route will you follow, Mr. Singh?
ਜਗਸੀਰ : What do you mean?
ਡਰਾਈਵਰ :-Via Motorway 4 or Via Motorway 7?

(ਆਪਸ ਵਿੱਚ) ਸਾਡੇ ਪਾਸ ਸਮਾਂ ਪਹਿਲਾਂ ਹੀ ਘੱਟ ਏ। ਕੁੱਤੇ ਹੀ ਸਾਂਭ ਸੰਭਾਲ ਨੇ ਵੀ ਅੱਧਾ ਘੰਟਾ ਖਰਾਬ ਕਰ ਦਿੱਤਾ। ਚਲੋ ਹੁਣ ਕੁੱਤੇ ਦਾ ਲਫੜਾ ਖਤਮ ਹੋ ਗਿਆ। ਸੁਖਦੇਵ ਵਿਚਾਰਾ ਚੰਗਾ ਏ ਮੌਕੇ ਤੇ ਕੰਮ ਆ ਜਾਂਦਾ ਏ।
(ਡਰਾਈਵਰ ਟੈਕਸੀ ਮੋਟਰਵੇ 7 ਤੇ ਪਾਉਣ ਦਾ ਅਭਿਨੈ ਕਰਦਾ ਹੈ। ਜਗਸੀਰ ਡਰਾਈਵਰ ਨਾਲ ਮੂਹਰੇ ਬੈਠਾ ਏ। ਹਰਬੰਸ ਕੌਰ ਤੇ ਰੂਬਲ ਪਿੱਛੇ ਬੈਠਣ ਦਾ ਅਭਿਨੈ ਕਰਦੇ ਹਨ। ਸਟੇਜ ਤੇ ਏਅਰਪੋਰਟ ਜਾਣ ਦਾ ਇਹ ਦ੍ਰਿਸ਼ ਚਾਰ ਪਾਤਰਾਂ ਡਰਾਈਵਰ, ਜਗਸੀਰ, ਹਰਬੰਸ ਕੌਰ ਤੇ ਰੂਬਲ ਦੇ 6-7 ਗੋਲ ਗੇੜੇ ਕੱਢ ਕੇ ਦਿਖਾਇਆ ਜਾ ਸਕਦਾ ਏ। ਡਰਾਈਵਰ ਸਟੇਰਿੰਗ ਫੜਨ ਦਾ ਅਭਿਨੈ ਕਰੇ, ਜਗਸੀਰ ਉਹਦੇ ਨਾਲ ਚੱਲੇ ਅਤੇ ਹਰਬੰਸ ਕੌਰ ਤੇ ਰੂਬਲ ਪਿੱਛੇ ਪਿੱਛੇ ਚੱਲਣ)

ਡਰਾਈਵਰ :- Going to India or Pakistan?
ਜਗਸੀਰ :-We are going to India.
ਡਰਾਈਵਰ :-Which part of India?
ਜਗਸੀਰ :- Punjab. Do you know where Punjab is?
ਡਰਾਈਵਰ :- I know. It is in the northern part of India, bordering with Pakistan. I have many Punjabi friends. They are taxi drivers. I also know very well that Punjab is a rich part of India. But I cannot understand one thing about India.

ਜਗਸੀਰ :- What is That?

ਡਰਾਈਵਰ :- (ਜੋ ਡਰਾਈਵਰ ਬੋਲਦਾ ਹੈ ਜਗਸੀਰ ਉਸਨੂੰ ਪੰਜਾਬੀ ਵਿੱਚ ਗੁਣਗੁਣਾਈ ਜਾ ਰਿਹਾ ਏ) ਭਾਰਤ ਦੀ ਆਬਾਦੀ ਬੜੀ ਤੇਜ਼ੀ ਨਾਲ ਵੱਧ ਰਹੀ ਏ। ਇਹ ਡੇਢ ਅਰਬ ਤੱਕ ਚਲੀ ਗਈ ਏ। ਇਸ ਪਾਸੇ ਤੁਹਾਡੀਆਂ ਸਰਕਾਰਾਂ ਕੋਈ ਧਿਆਨ ਨਹੀਂ ਦੇ ਰਹੀਆਂ। ਆਬਾਦੀ ਏਨੀ ਤੇਜ਼ੀ ਨਾਲ ਕਿਉਂ ਵੱਧ ਰਹੀ ਏ? ਜੇ ਪੰਜਾਬ ਅਮੀਰ ਹੈ ਤਾਂ ਪੰਜਾਬੀ ਬਾਹਰ ਨੂੰ ਕਿਉਂ ਦੌੜ ਰਹੇ ਹਨ ?

ਜਗਸੀਰ :- ਡਰਾਈਵਰ, ਤੂੰ ਮੇਰੇ ਸਾਹਮਣੇ ਦੋ ਸਵਾਲ ਖੜੇ ਕਰ ਦਿੱਤੇ ਹਨ – ਇੱਕ ਪੰਜਾਬ ਬਾਰੇ ਦੂਜਾ ਭਾਰਤ ਬਾਰੇ। ਟੋਨੀ ਪੰਜਾਬ ਭਾਰਤ ਦੇ ਦੂਜੇ ਸੂਬਿਆਂ ਦੇ ਬਨਿਸਬਤ ਅਮੀਰ ਜਰੂਰ ਏ। ਇਹਨਾਂ ਵਿਕਸਿਤ ਦੇਸ਼ਾਂ ਤੋਂ ਤਾਂ ਉਹ ਫਿਰ ਵੀ ਨੀਵਾਂ ਹੀ ਰਹਿ ਜਾਂਦਾ ਏ। ਜਿਵੇਂ ਤੁਹਾਡਾ ਦੇਸ਼। ਤੁਸੀਂ ਕਿਉਂ ਆਪਣੇ ਦੇਸ਼ ਤੋਂ ਆਸਟ੍ਰੇਲੀਆ ਨੂੰ ਦੌੜੇ ਆਉਂਦੇ ਹੋ? ਹੋਰ ਬਥੇਰੇ ਲੋਕ under developed countries  ਤੋਂ ਇੱਥੇ ਆ ਕੇ ਆਸਟਰੇਲੀਆ ਵਿੱਚ ਸੈਟ ਹੋ ਚੁੱਕੇ ਹਨ। ਦੂਜੀ ਗੱਲ ਇਹ ਹੈ ਕਿ ਸਰਕਾਰਾਂ ਪੰਜਾਬ ਦੀ ਤਰੱਕੀ ਵੱਲ ਘੱਟ ਧਿਆਨ ਦੇ ਰਹੀਆਂ ਹਨ।

ਡਰਾਈਵਰ :- ਓ. ਕੇ. What about population explosion?

(ਵਿੱਚ ਹੀ ਪਿੱਛੋਂ ਰੂਬਲ ਬੋਲ ਪੈਂਦਾ ਹੈ)
ਰੂਬਲ :- ਡੈਡ, ਤੁਸੀਂ ਹਰ ਜਣੇ ਖਾਣੇ ਮੂਹਰੇ ਲੈਕਚਰ ਝਾੜਨ ਲੱਗ ਪੈਂਦੇ ਹੋ। ਕਈ ਆਦਮੀ ਤੁਹਾਡੇ ਲੈਕਚਰ ਦਾ ਭਾਰ ਸਹਾਰਦੇ ਹਨ, ਕਈ ਨਹੀਂ। ਅੱਜ ਤੁਸੀਂ ਇੱਕ ਐਸਾ ਟੈਕਸੀ ਡਰਾਈਵਰ ਲੱਭ ਲਿਆ ਹੈ ਜਿਹੜਾ ਨਾ ਤਾਂ ਪੰਜਾਬ ਬਾਰੇ ਚੰਗੀ ਤਰ੍ਹਾਂ ਜਾਣਦਾ ਹੈ ਨਾ ਹੀ ਇੰਡੀਆ ਬਾਰੇ। ਵਿਚਾਰੇ ਨੇ ਗੱਲ ਕੀਤੀ ਸਰਸਰੀ ਤੇ ਤੁਸੀਂ ਉਸ ਉੱਪਰ ਆਪਣੇ ਲੈਕਚਰ ਦਾ ਵਾਧੂ ਭਾਰ ਘਸੋੜ ਦਿੱਤਾ।

ਡਰਾਈਵਰ :-I unserstand the sense of what your son is saying. ਉਹ ਤੁਹਾਡੀਆਂ ਮੇਰੇ ਨਾਲ ਬਹੁਤੀਆਂ ਗੱਲਾਂ ਪਸੰਦ ਨਹੀਂ ਕਰਦਾ। ਫਿਰ ਵੀ ਭਾਰਤ ਦੀ ਆਬਾਦੀ ਬਾਰੇ ਜਰੂਰ ਕੁਝ ਦੱਸੋ।

ਜਗਸੀਰ :- ਭਾਰਤ ਵਿੱਚ ਆਬਾਦੀ ਦੇ ਤੇਜ਼ੀ ਨਾਲ ਵਧਣ ਦੇ ਤਿੰਨ ਚਾਰ ਕਾਰਨ ਹਨ। ਭਾਰਤ ਦੇ ਧਰਮ ਮਨੁੱਖ ਦਾ ਜਮੀਨ ਤੇ ਆਉਣਾ ਪਰਮਾਤਮਾ ਦੇ ਹੱਥ ਸਮਝਦੇ ਹਨ। ਇਹ ਯਕੀਨ ਕੀਤਾ ਜਾਂਦਾ ਹੈ ਕਿ ਜੋ ਮਨੁੱਖ ਇਸ ਧਰਤੀ ਤੇ ਆਉਂਦਾ ਹੈ ਉਸਦੇ ਖਾਣ ਪੀਣ ਦਾ ਪ੍ਰਬੰਧ ਪਰਮਾਤਮਾ ਨੇ ਪਹਿਲਾਂ ਹੀ ਕਰ ਦਿੱਤਾ ਹੁੰਦਾ ਏ। ਦੂਜਾ ਕਾਰਨ ਭਾਰਤ ਦੇ ਕੁਝ ਹਿੱਸਿਆਂ ਵਿੱਚ ਅੰਤਾਂ ਦੀ ਗਰੀਬੀ ਏ। ਲੋਕ ਪੈਦਾਇਸ਼ ਤੇ ਕਾਬੂ ਪਾਉਣ ਲਈ ਡਾਕਟਰਾਂ ਪਾਸ ਜਾਣਾ ਅਫੋਰਡ ਹੀ ਨਹੀਂ ਕਰ ਸਕਦੇ। ਤੀਜਾ ਉੱਥੇ ਮਨੋਰੰਜਨ ਦੇ ਸਾਧਨ ਵੀ ਇੰਨੇ ਜਿਆਦਾ ਨਹੀਂ ਹਨ ਜਿਹੜੇ ਵਿਕਸਿਤ ਦੇਸ਼ਾਂ ਪਾਸ ਹਨ। ਗਰੀਬੀ ਕਰਕੇ ਮਨੋਰੰਜਨ ਦੇ ਸਾਧਨ ਵੀ ਅਫੋਰਡ ਨਹੀਂ ਕੀਤੇ ਜਾ ਸਕਦੇ। ਡਰਾਈਵਰ, ਸਾਡੇ ਦੇਸ਼ਾਂ ਵਿੱਚ ਬਦਕਾਰੀ ਵੀ ਵਰਜਿਤ ਹੈ।
(ਚਲਦੀ ਗੱਲ ਵਿੱਚ ਪਿੱਛਿਓਂ ਹਰਬੰਸ ਕੌਰ ਬੋਲ ਪੈਂਦੀ ਹੈ)

ਹਰਬੰਸ ਕੌਰ :- ਬੱਚੇ ਸਾਹਮਣੇ ਕਿਉਂ ਘਟੀਆ ਗੱਲਾਂ ਕਰੀ ਜਾ ਰਹੇ ਹੋ। ਕੋਈ ਗੱਲ ਕਿੱਥੇ ਕਰਨੀ ਹੈ ਜਰਾ ਸੋਚ ਵੀ ਲਿਆ ਕਰੋ।

ਜਗਸੀਰ :- ਹਰਬੰਸ, ਮੈਂ ਤਾਂ ਬੜੀ ਹੌਲੀ ਦੇਣੀ ਗੱਲ ਕੀਤੀ ਏ।

ਹਰਬੰਸ ਕੌਰ :- ਤੁਹਾਡੀ ਹੌਲ਼ੀ ਗੱਲ ਕੀਤੀ ਨੂੰ ਵੀ ਮੈਂ ਜਾਣਦੀ ਹਾਂ। 25 ਸਾਲ ਹੋ ਗਏ ਮੈਨੂੰ ਤੁਹਾਡੀਆਂ ਹੌਲੀ ਕੀਤੀਆਂ ਗੱਲਾਂ ਸੁਣਦੀ ਨੂੰ।

ਡਰਾਈਵਰ :- ਮਿਸਟਰ ਸਿੰਘ ਤੁਹਾਡੀਆਂ ਬਾਕੀ ਗੱਲਾਂ ਨਾਲ ਤਾਂ ਮੈਂ ਸਹਿਮਤ ਹਾਂ ਪਰੰਤੂ ਮਨੋਰੰਜਨ ਦੇ ਸਾਧਨਾਂ ਦੀ ਘਾਟ ਮੈਨੂੰ ਪ੍ਰਭਾਵਿਤ ਨਹੀਂ ਕਰਦੀ। ਭਾਰਤ ਦੀ ਫਿਲਮ ਇੰਡਸਟਰੀ ਦੁਨੀਆ ਦੀ ਸਭ ਤੋਂ ਵੱਡੀ ਫਿਲਮ ਇੰਡਸਟਰੀ ਏ। ਇਸ ਤੋਂ ਇਲਾਵਾ ਟੀ. ਵੀ, ਰੇਡੀਓ ਤੇ ਡੀ. ਵੀ. ਡੀ ਪਲੇਅਰ ਹਰ ਇੱਕ ਦੀ ਪਹੁੰਚ ਵਿੱਚ ਹਨ। ਹੁਣ ਤਾਂ ਸੋਸ਼ਲ ਮੀਡੀਆ ਵੀ ਆਮ ਹੋ ਗਿਆ ਏ।

ਡਰਾਈਵਰ :- ਡਰਾਈਵਰ, ਤੁਸੀਂ ਭਾਰਤ ਦੇ ਅਜਿਹੇ ਗਰੀਬ ਇਲਾਕੇ ਸ਼ਾਇਦ ਨਹੀਂ ਪੜ੍ਹੇ ਜਾਂ ਜਾਣੇ ਜਿੱਥੇ ਲੋਕ ਸਿਨਮੇ ਦੀ ਟਿਕਟ ਲੈਣ ਲਈ ਵੀ ਸਮਰੱਥ ਨਹੀਂ ਹਨ। ਨਾ ਹੀ ਲੋਕ ਡੀ. ਵੀ. ਡੀ ਪਲੇਅਰ ਤੇ ਮੋਬਾਈਲ ਫੋਨ ਖਰੀਦ ਸਕਦੇ ਹਨ। ਭਾਰਤ ਵਿੱਚ ਅਜਿਹੇ ਇਲਾਕੇ ਵੀ ਹਨ ਜਿੱਥੇ ਲੋਕ ਬਿਜਲੀ ਦਾ ਬਿੱਲ ਵੀ ਨਹੀਂ ਦੇ ਸਕਦੇ। ਬਹੁਤ ਸਾਰੇ ਇਲਾਕੇ ਝੁੱਗੀ ਝੌੱਪੜੀ ਵਾਲੇ ਵੀ ਹਨ।
Mr. driver, don’t be slow. Please. Be fast, otherwise we will miss our flight.

ਡਰਾਈਵਰ :-Mr. Singh, see the speedometer. It is 100k zone. The scale is touching 100.

(ਅਚਾਨਕ ਸਾਰੇ ਵਾਹਨ ਹੌਲੀ ਹੋਣ ਲੱਗਦੇ ਹਨ। ਸ਼ਾਇਦ ਚੁੰਗੀ ਨੇੜੇ ਕੋਈ ਲਫੜਾ ਖੜਾ ਹੋ ਗਿਆ ਹੈ।)

ਜਗਸੀਰ :- Driver, there is something wrong. All the traffic has slowed down. If it remains so, then we may miss our flight. Maybe, it is because of some accident. Listen, the hooter of police vehicles seems very close.

ਖੱਬੇ ਪਾਸੇ ਵਾਲੀ ਲੇਨ ਕੁਝ ਚੱਲ ਰਹੀ ਏ। ਤੇਜ ਭਜਾ ਕੇ ਇਸ ਪਾਸਿਓਂ ਗੱਡੀ ਕੱਢ ਕੇ ਲੈ ਚੱਲ। ਈ-ਟੈਗ ਵਾਲੀ ਲੇਨ ਵਿੱਚੋਂ ਨਾ ਨਿੱਕਲ। ਚੁੰਗੀ ਦਿੱਤੇ ਬਗੈਰ ਹੀ ਨਿਕਲ ਜਾਹ। ਬਾਅਦ ਵਿੱਚ ਨੋਟਿਸ ਆਉਣ ਤੇ ਦੇ ਦੇਵੀਂ। ਮੈਂ ਤੈਨੂੰ ਕੁਝ ਪੈਸੇ ਦੇ ਦੇਵਾਂਗਾ।

ਡਰਾਈਵਰ :-Okay, I will follow the left lane. I am trying my best to cross the toll barrier.
(ਡਰਾਈਵਰ ਗੱਡੀ ਤੇਜ਼ ਕਰਕੇ ਕੱਢ ਹੀ ਰਿਹਾ ਹੈ ਕਿ ਪੁਲਿਸ ਆ ਕੇ ਨੱਪ ਲੈਂਦੀ ਹੈ। ਜੁਰਮਾਨੇ ਦੀ ਪਰਚੀ ਫੜਾ ਦਿੰਦੀ ਏ)

ਹਰਬੰਸ ਕੌਰ :- ਹਰ ਜਗ੍ਹਾ ਤੁਹਾਡੀਆਂ ਗੱਲਾਂ ਨਹੀਂ ਮੁੱਕਦੀਆਂ। ਲੋਕਾਂ ਦੇ ਦਿਮਾਗਾਂ ਵਿੱਚ ਤੁੰਨ ਤੁੰਨ ਕੇ ਫਿਲਾਸਫੀਆਂ ਪਾਉਂਦੇ ਰਹਿੰਦੇ ਹੋ। ਜਿਵੇਂ ਕੌੜ ਮੱਝ ਨੂੰ ਨਾਲ ਨਾਲ ਹਾਲੋੱ ਖੁਆਈਦੀ ਏ। ਅਖੇ ਜੁਰਮਾਨਾ ਮੈਂ ਦਿਆਂਗਾ। ਕਸੂਰ ਸਾਰਾ ਡਰਾਈਵਰ ਦਾ ਤੇ ਲੈ ਲਿਆ ਆਪਣੇ ਸਿਰ। ਜਿਹੜਾ ਪਤੰਦਰ ਸਟੇਅਰਿੰਗ ਤੇ ਬੈਠਾ ਏ ਆਪੇ ਜਾਣੇ ਕਿੰਨੀ ਰਫਤਾਰ ਰੱਖਣੀ ਏ ਤੇ ਕਿੱਥੋਂ ਲੰਘਣਾ ਏ। ਮੈਂ ਦਊਂ ਇਹਨੂੰ ਜੁਰਮਾਨੇ ਦੇ ਪੈਸੇ। ਦੋਨੋ ਇੱਕੋ ਜਿਹੇ ਰਲਗੇ। ਕਵਾੜਾ ਕਰਤਾ। ਜਿਹੋ ਜਿਹੀ ਨੰਦੋ ਬਾਹਮਣੀ, ਉਹੋ ਜਿਹਾ ਘੁੱਦੂ ਜੇਠ।

ਡਰਾਈਵਰ :-Mr. Singh, the police have cleared the blockade and the traffic is moving now.

(ਟੈਕਸੀ ਹਵਾਈ ਅੱਡੇ ਤੇ ਉਡਾਣ ਤੋਂ ਘੰਟਾ ਕੁ ਪਹਿਲਾਂ ਪਹੁੰਚਦੀ ਏ।)

ਜਗਸੀਰ :-Hurry up, hurry up, ਆਓ ਸਮਾਨ ਦਾ ਵਜਨ ਕਰਵਾਈਏ।
(ਆਪਣਾ ਅਟੈਚੀ ਭਾਰ ਕਰਨ ਵਾਲੀ ਥਾਂ ਤੇ ਰੱਖਣ ਦਾ ਅਭਿਨੈ ਕਰਦਾ ਹੈ)

ਮੇਰੇ ਅਟੈਚੀ ਵਿੱਚ ਤਾਂ ਚਾਰ ਕਿਲੋ ਵੱਧ ਏ। ਹਰਬੰਸ, ਮੇਰਾ ਇਹ ਚਾਰ ਕਿਲੋ ਆਪਣੇ ਅਟੈਚੀ ਵਿੱਚ ਪਾ ਲੈ।

ਹਰਬੰਸ ਕੌਰ :- ਇਹ ਕਿਵੇਂ ਹੋ ਸਕਦਾ ਏ। ਮੇਰਾ ਅਟੈਚੀ ਤਾਂ ਪਹਿਲਾਂ ਹੀ ਪੂਰਾ ਏ। ਘਰ ਤੋਂ ਗੰਦ ਮੰਦ ਚੁੱਕ ਕੇ ਨਾ ਤੁਰਿਆ ਕਰੋ।

ਜਗਸੀਰ :- ਫਿਰ ਹੁਣ ਕਿੰਝ ਕਰੀਏ ? ਤੂੰ ਆਪਣਾ ਅੰਤਾਂ ਦਾ ਹਾਰ ਸ਼ਿੰਗਾਰ ਦਾ ਸਮਾਨ ਆਪਣੇ ਸੂਟਕੈਸ ਵਿੱਚ ਘਸੋੜਿਆ ਹੋਣਾ ਏ। ਇਸ ਵਿੱਚੋਂ ਅੱਧਾ ਕੱਢ ਦੇ ਦੋਹਤੇ ਨੂੰ ਫੜ੍ਹਾ ਦੇਹ। ਥੋੜ੍ਹਾ ਜਿਹਾ ਮੇਰਾ ਸਮਾਨ ਆਪਣੇ ਸੂਟਕੈਸ ਵਿੱਚ ਐਡਜਸਟ ਕਰ ਲੈ।

ਹਰਬੰਸ ਕੌਰ :- ਮੇਰੀ ਇੱਕ ਵੀ ਆਈਟਮ ਵਾਧੂ ਨਹੀਂ। ਮੈਂ ਕੁਝ ਵੀ ਬਾਹਰ ਨਹੀਂ ਕੱਢ ਸਕਦੀ।

ਜਗਸੀਰ :- ਬਹਿਸ ਛੱਡ। ਬਹਿਸ ਦਾ ਸਮਾਂ ਨਹੀਂ। ਸ਼ੁਕਰ ਕਰ ਕਿ ਸਾਨੂੰ ਲੇਟ ਪਹੁੰਚਿਆ ਨੂੰ ਵੀ ਸਟਾਫ ਨੇ accomodate ਕਰ ਲਿਆ। ਆਪਣੇ ਤਿੰਨਾਂ ਪਰਸਾਂ ਦੀ ਬਜਾਏ ਸਿਰਫ ਇੱਕ ਨਾਲ ਖੜ। ਦੋ ਕੱਢ ਕੇ ਬਾਹਰ ਮਾਰ। ਪੰਜ ਸੂਟਾਂ ਦੀ ਬਿਜਾਏ ਤਿੰਨ ਨਾਲ ਲੈ ਕੇ ਜਾਹ। ਤੂੰ ਲੋਕਾਂ ਨੂੰ ਗਿਫਟ ਦੇਣ ਲਈ ਮੇਕਅੱਪ ਬਾਕਸ ਖ੍ਰੀਦੇ ਹਨ, ਮੈਨੂੰ ਯਾਦ ਏ। ਤੂੰ ਜਰੂਰ 5-6 ਨਾਲ ਖੜੇ ਹੋਣਗੇ। ਕਿਸੇ ਖਾਸ ਰਿਸ਼ਤੇਦਾਰਨੀ ਜਾਂ ਸਹੇਲੀ ਨੂੰ ਦੇਣ ਲਈ ਦੋ ਜਾਂ ਤਿੰਨ ਨਾਲ ਖੜ। ਸੂਟ ਨਾਲ ਕਿੰਨੇ ਕੁ ਲੈ ਕੇ ਜਾ ਰਹੀ ਏਂ? ਲੋਕਾਂ ਨੂੰ ਵਾਰ ਵਾਰ ਸੂਟ ਦੇਣ ਦਾ ਕੀ ਫਾਇਦਾ? ਪਿਛਲੀ ਵਾਰ ਤੂੰ ਬਥੇਰੇ ਸੂਟ ਵੰਡੇ ਸਨ। ਤੂੰ ਪੰਜ ਵਾਰ ਕੈਬਰਾਮੈਟਾ ਦੇ ਗੇੜੇ ਮਾਰੇ ਸਨ। ਉਥੋਂ ਸਸਤੇ ਖਰੀਦ ਕੇ ਪੰਜਾਬ ਵਿੱਚ ਆਪਣਾ ਰੋਹਬ ਪਾਇਆ ਸੀ। Please ਵਾਧੂ ਸਮਾਨ ਕੱਢ ਕੇ ਦੋਹਤੇ ਨੂੰ ਦੇ ਦੇਹ।

ਹਰਬੰਸ ਕੌਰ :- ਫੜਾਓ ਉਰੇ। ਤੁਹਾਡਾ ਸੂਟ ਕੇਸ ਦੇਖਾਂ। (ਫੋਲਾ ਫੋਲੀ ਕਰਦੀ ਹੋਈ) ਆਹ ਦੋ ਅੱਧੇ ਕਿਲੋ ਦੀਆਂ ਕਿਤਾਬਾਂ ਕਾਹਦੇ ਲਈ ਲੈ ਕੇ ਜਾ ਰਹੇ ਹੋ। ਆਹ ਇੱਕ ਹੱਥ ਲਿਖਤ ਖਰੜਾ ਪਿਆ ਏ। ਹੁਣ ਫਿਰ ਕਿਤਾਬ ਛਪਵਾਉਣ ਲਈ ਲੈ ਕੇ ਜਾ ਰਹੇ ਹੋ? ਹਰ ਸਾਲ ਨਵੀਂ ਕਿਤਾਬ? ਕਿਸੇ ਸਾਲ ਨਾਗਾ ਵੀ ਪਾ ਲਿਆ ਕਰੋ। ਆਹ ਇੱਕ ਪਾਸੇ ਅਖਬਾਰਾਂ ਤੁੰਨੀਆਂ ਹੋਈਆਂ ਹਨ। ਜਦ ਤੁਹਾਡੇ ਪਾਸ ਲਾਈਟ ਸੂਟ ਏ, ਇਹ ਕੁੜਤਾ ਪਜਾਮਾ ਕਾਹਦੇ ਲਈ ਲੈ ਕੇ ਜਾ ਰਹੇ ਹੋ? ਦਿਨ ਵੇਲੇ ਉੱਥੇ ਪੈਂਟਾਂ ਸ਼ਰਟਾਂ ਪੈਣਗੀਆਂ ਕੁੜਤਾ ਪਜਾਮਾ ਨਹੀਂ। ਘਰ ਵਿੱਚ ਤਾਂ ਅਸੀਂ ਕਬਾੜ ਸਹਿੰਦੇ ਆਏ ਹਾਂ। ਸਫਰ ਵਿੱਚ ਤਾਂ ਕਬਾੜ ਖਿੱਚਣ ਤੋਂ ਕੁਝ ਹਿਆ ਕਰਿਆ ਕਰੋ।
(ਕਿਤਾਬਾਂ ਤੇ ਅਖਬਾਰਾਂ ਕੱਢ ਕੇ ਬਿਨ ਵੱਲ ਵਗਾਹ ਕੇ ਮਾਰਦੀ ਹੈ। ਕੁੜਤਾ ਪਜਾਮਾ ਪਰੇ ਨਹੀਂ ਸੁੱਟਦੀ।)

ਜਗਸੀਰ :- ਤੂੰ ਮੇਰਾ ਅਸਲੀ ਖਜ਼ਾਨਾ ਕੱਢ ਮਾਰਿਆ ਏ। ਪਲੀਜ਼ ਮੇਰੀਆਂ ਦੋ ਪੈਂਟਾਂ ਤੇ ਦੋ ਸ਼ਰਟਾਂ ਬਾਹਰ ਕੱਢ ਮਾਰ। ਕਿਤਾਬਾਂ ਤੇ ਅਖਬਾਰਾਂ ਸੂਟਕੇਸ ਵਿੱਚ ਵਾਪਸ ਪਾ ਦੇਹ।

ਹਰਬੰਸ ਕੌਰ :- ਮੈਂ ਤੁਹਾਡੀ ਇੱਕ ਵੀ ਨਹੀਂ ਸੁਣਨੀ। ਘਰ ਵਿੱਚ ਮੈਂ ਇਹ ਗੰਦ ਝੱਲਦੀ ਆ ਰਹੀ ਹਾਂ। ਅੱਜ ਮੈਂ ਇਹ ਗੰਦ ਬਿਲਕੁਲ ਵੀ ਨਾਲ ਨਹੀਂ ਲਿਜਾਣ ਦੇਣਾ। ਜੇ ਵਾਪਸ ਇਹ ਸੂਟ ਕੇਸ ਵਿੱਚ ਤੁੰਨਿਆ ਤਾਂ ਮੇਰੇ ਨਾਲੋਂ ਬੁਰਾ ਕੋਈ ਨਹੀਂ ਹੋਊ। ਅਖੇ ਮੇਰੀਆਂ ਪੈਂਟਾਂ ਸ਼ਰਟਾਂ ਬਾਹਰ ਕੱਢ ਦੇਹ। ਉੱਥੇ ਜਾ ਕੇ ਮੇਰੇ ਨਾਲ ਮੰਗਤਾ ਬਣ ਕੇ ਤੁਰੂ ਫਿਰੂ, ਇਹ ਨਾਢੂ ਖਾਨ ਦਾ ਪੁੱਤ!

ਜਗਸੀਰ (ਦੋਹਤੇ ਨੂੰ) :- ਦੋਹਤੇ ਚੁੱਕ ਲੈ ਆਹ ਸਾਰੇ ਕਾਗਜ ਤੇ ਕਿਤਾਬਾਂ ਲੈ ਜਾਹ ਵਾਪਸ। ਹੋਰ ਗੱਲਾਂ ਕਰਨ ਦਾ ਹੁਣ ਸਮਾਂ ਨਹੀਂ। ਹੁਣ ਇਹਦੇ ਨਾਲ ਉਧਰ ਜਾ ਕੇ ਹੀ ਸਿਝਾਂਗਾ।

(ਹਰਬੰਸ ਕੌਰ ਜਗਸੀਰ ਦੀ ਪੂਰੀ ਗੱਲ ਨਹੀਂ ਸੁਣਦੀ। ਉਸਦਾ ਸਾਰਾ ਧਿਆਨ ਦੋਹਤੇ ਵੱਲ ਹੈ ਉਹ ਦੋਹਤੇ ਨੂੰ ਇਸ਼ਾਰਾ ਕਰਦੀ ਹੈ ਕਿ ਪਿਆ ਰਹਿਣ ਦੇਵੇ ਗੰਦ ਮੰਦ। ਫਿਰ ਉਸਨੂੰ ਆਪਣੇ ਘਰ ਵਾਲੇ ਤੇ ਥੋੜ੍ਹਾ ਜਿਹਾ ਤਰਸ ਆ ਜਾਂਦਾ ਹੈ। ਦੋਹਤਾ ਭਾਵੇਂ ਉਹਦੀ ਸੈਨਤ ਮੰਨਦਾ ਹੈ ਪਰ ਜਦ ਉਹ ਜਰਾ ਕੁ ਨਰਮ ਹੋ ਜਾਂਦੀ ਹੈ ਤਾਂ ਦੋਹਤਾ ਕਿਤਾਬਾਂ ਤੇ ਅਖਬਾਰਾਂ ਚੁੱਕਦਾ ਹੈ ਤੇ ਆਪਣੇ ਪਾਸ ਸੰਭਾਲ ਲੈਂਦਾ ਹੈ)

ਸ਼ੁਕਰ ਏ, ਮੇਰੀ ਦੌਲਤ ਖੋਹ ਹੋਣ ਤੋਂ ਬਚ ਗਈ। ਆਓ ਭਾਰ ਦੁਆਰਾ ਤੁਲਵਾਈਏ।
ਕਾਊਂਟਰ ਤੇ ਬੈਠੀ ਗੋਰੀ ਕੁੜੀ ਭਾਰ ਤੋਲਦੀ ਹੈ। ਫਿਰ ਸਾਰੇ ਜਹਾਜ ਵੱਲ ਨੂੰ ਚਾਲੇ ਪਾ ਦਿੰਦੇ ਹਨ)

ਜਗਸੀਰ ਜਹਾਜ ਵੱਲ ਨੂੰ ਤੁਰਿਆ ਜਾਂਦਾ ਗੀਤ ਗੁਣ ਗੁਣਾ ਰਿਹਾ ਹੈ।

ਪਿੰਡਾਂ ਵਿੱਚ ਜ਼ਿੰਦਗੀ ਬਿਤਾਈ ਕਿੱਦਾਂ ਭੁੱਲੀਏ,
ਲਾਡਲੇ ਪੰਜਾਬ ਦੀ ਜੁਦਾਈ ਕਿੱਦਾਂ ਭੁੱਲੀਏ,
ਚੇਤਿਆਂ ਚੋਂ ਆਪਣਾ ਪੰਜਾਬ ਕਿੱਦਾਂ ਕੱਢੀਏ,
ਛੱਡੇ ਹੋਏ ਪਿੰਡ ਦੀ ਵਿਦਾਈ ਕਿੱਦਾਂ ਭੁੱਲੀਏ,
ਭੁੱਲਦਾ ਨਹੀਂ ਪਿੰਡ ਤੋਂ ਪਰਿੰਦੇ ਜਦੋਂ ਉੜੇ ਸੀ ,
ਟੈਚੀਆਂ ਨੂੰ ਬੰਨ ਪਰਦੇਸੀ ਜਦੋਂ ਤੁਰੇ ਸੀ,
ਸਹੋਤਿਆ, ਉਹ 15 ਜੁਲਾਈ ਕਿੱਦਾਂ ਭੁੱਲੀਏ,
ਪਿੰਡਾਂ ਵਿੱਚ ਜ਼ਿੰਦਗੀ ਬਿਤਾਈ ਕਿੱਦਾਂ ਭੁੱਲੀਏ।
(ਕੁਲਵੀਰ ਸਹੋਤਾ)

(ਪਰਦਾ ਗਿਰਦਾ ਹੈ)
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1947
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

Dr. Avtar S. Sangha
BA ( Hons. English) MA English, Ph.D English--- Punjab
Graduate Dip In Education--- NSW ( Australia)
Lecturer in English in a college in Punjab for 25 years.
Teacher in Sydney--- 6 years
Now retired
Author of 8 books
**
sangha_avtar@hotmail.com

My latest book of short English fiction STORM IN A TEACUP AND OTHER STORIES can be seen on
DESIBUZZ CANADA
**
The Punjabi book of short stories edited by me and published by Azad Book Depot Amritsar 5 PARVAASI KAHANIKAAR is now available in the market.
**

ਅਵਤਾਰ ਐਸ ਸੰਘਾ

Dr. Avtar S. Sangha BA ( Hons. English)  MA English,  Ph.D English--- Punjab Graduate Dip In Education--- NSW ( Australia) Lecturer in English  in a college  in Punjab for 25 years. Teacher in Sydney--- 6 years Now retired Author of 8 books ** sangha_avtar@hotmail.com My latest book of short English fiction STORM IN A TEACUP AND OTHER STORIES can be seen on DESIBUZZ CANADA ** The Punjabi book of short stories  edited by me and published  by Azad Book Depot Amritsar  5 PARVAASI KAHANIKAAR  is now available in the market. **

View all posts by ਅਵਤਾਰ ਐਸ ਸੰਘਾ →