1.ਜੋ ਕੇਂਦਰ ਸਰਕਾਰ ਨੇ ਅੱਜ 37 ਜ਼ਰੂਰੀ ਦਵਾਈਆਂ ਦੀਆਂ ਪਰਚੂਨ ਕੀਮਤਾਂ ਤੈਅ ਕੀਤੀਆਂ ਹਨ ,ਕੀ ਉਸੇ ਭਾਅ ਉਤੇ ਮਿਲਣ ਲੱਗ ਜਾਣਗੀਆਂ ਦਵਾਈਆਂ?— ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਅੱਜ ਦੇ ਸਮੇਂ ਵਿੱਚ ਲੋਕ ਤੰਦਰੁਸਤ ਘੱਟ ਤੇ ਬਿਮਾਰ ਜ਼ਿਆਦਾ ਹਨ। ਲੋਕਾਂ ਦੀਆਂ ਬਿਮਾਰੀਆਂ ਦਾ ਫਾਇਦਾ ਕੈਮੀਕਲਜ਼ ਦੁਕਾਨਾਂ ਵਾਲੇ ਲੈ ਰਹੇ ਹਨ। ਡਾਕਟਰ ਆਪਣੀ ਮਰਜ਼ੀ ਨਾਲ ਮਰੀਜ਼ਾਂ ਤੋਂ ਪੈਸੇ ਵਸੂਲ ਕਰ ਰਹੇ ਹਨ। ਦਵਾਈਆਂ ਵੇਚਣ ਵਾਲੇ ਅਸਲੀ ਰੇਟ ਤੋਂ ਕਈ ਗੁਣਾਂ ਵੱਧ ਪੈਸੇ ਪਏ ਲੈਂਦੇ ਨੇ ਮਰੀਜ਼ਾਂ ਕੋਲੋਂ। ਹੁਣ ਸਰਕਾਰ ਨੇ ਜੋ ਫੈਸਲਾ ਲਿਆ ਹੈ ਕੀ ਉਹ ਇੰਨਬਿੰਨ ਲਾਗੂ ਹੋ ਜਾਵੇਂਗਾ? ਜੋ ਸਰਕਾਰੀ ਨੋਟੀਫਿਕੇਸ਼ਨ ਮੁਤਾਬਕ ਰਿਟੇਲਰਾਂ ਅਤੇ ਡੀਲਰਾਂ ਨੂੰ ਆਪਣੀਆਂ ਦੁਕਾਨਾਂ ’ਚ ਇਹ ਨਵੀਆਂ ਕੀਮਤਾਂ ਦੀ ਜਾਣਕਾਰੀ ਉਪਲਬਧ ਕਰਵਾਉਣ ਲਈ ਕਿਹਾ ਗਿਆ। ਕੇਂਦਰ ਸਰਕਾਰ ਨੇ ਅੱਜ 37 ਜ਼ਰੂਰੀ ਦਵਾਈਆਂ ਦੀਆਂ ਪਰਚੂਨ ਕੀਮਤਾਂ ਤੈਅ ਕਰ ਦਿੱਤੀਆਂ ਹਨ। ਕੈਮੀਕਲਜ਼ ਅਤੇ ਫਰਟੀਲਾਈਜ਼ਰਜ਼ ਮੰਤਰਾਲੇ ਨੇ ਹੁਕਮ ਜਾਰੀ ਕਰਦਿਆਂ ਪ੍ਰਮੁੱਖ ਦਵਾਈ ਕੰਪਨੀਆਂ ਵੱਲੋਂ ਵੇਚੀਆਂ ਜਾਂਦੀਆਂ 37 ਦਵਾਈਆਂ ਦੀਆਂ ਕੀਮਤਾਂ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸਦਾ ਮਕਸਦ ‘ਕੌਮੀ ਫਾਰਮਾਸਿਊਟੀਕਲ ਮੁੱਲ ਅਥਾਰਟੀ’ (ਐੱਨਪੀਪੀਏ) ਰਾਹੀਂ ਕੀਮਤਾਂ ਤੈਅ ਕਰ ਕੇ ਇਨ੍ਹਾਂ ਦਵਾਈਆਂ ਨੂੰ ਕਿਫ਼ਾਇਤੀ ਮੁੱਲ ’ਤੇ ਉਪਲਬਧ ਕਰਵਾਉਣਾ ਹੈ, ਜਿਨ੍ਹਾਂ ਦਵਾਈਆਂ ਦਾ ਮੁੱਲ ਪਹਿਲਾਂ ਨਾਲੋਂ ਘਟੇਗਾ, ਉਨ੍ਹਾਂ ’ਚ ਸੋਜਿਸ਼ ਘਟਾਉਣ, ਦਿਲ ਦੀਆਂ ਬਿਮਾਰੀਆਂ, ਐਂਟੀ-ਬਾਇਓਟਿਕ, ਐਂਟੀ-ਡਾਇਬਟਿਕ ਤੇ ਮਨੋਰੋਗ ਨਾਲ ਸਬੰਧਤ ਦਵਾਈਆਂ ਸ਼ਾਮਲ ਹਨ। ਜਾਣਕਾਰੀ ਮੁਤਾਬਕ ਪ੍ਰਮੁੱਖ ਦਵਾਈਆਂ ’ਚ ਐਸਕਲੋਫੀਨੈਕ, ਪੈਰਾਸਿਟਾਮੋਲ ਤੇ ਟ੍ਰਿਪਸਿਨ ਕਾਈਮੋਟ੍ਰਿਸਿਨ, ਐਮੋਕਸੀਸਿਲਿਨ ਤੇ ਪੋਟਾਸ਼ੀਅਮ ਕਲੈਵੁਲੈਨੇਟ, ਐਟੋਰਵੈਸਟੇਟਿਨ, ਕੁਝ ਨਵੀਆਂ ਓਰਲ ਐਂਟੀ-ਡਾਇਬਟਿਕ ਸੁਮੇਲ ਵਾਲੀਆਂ ਦਵਾਈਆਂ ਜਿਵੇਂ ਐਂਪੈਗਲੀਫਲੋਜ਼ਿਨ, ਸੀਟੈਗਲਿਪਟਿਨ ਤੇ ਮੈਟਫੋਰਮਿਨ ਦੇ ਨਾਂ ਸ਼ਾਮਲ ਹਨ। ਇਸ ਮੌਕੇ ‘ਐੱਨਪੀਪੀਏ’ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਕੀਮਤਾਂ ’ਚ ਜੀਐੱਸਟੀ ਨੂੰ ਸ਼ਾਮਲ ਨਹੀਂ ਕੀਤਾ ਗਿਆ, ਜੋ ਲੋੜ ਪੈਣ ’ਤੇ ਹੀ ਲਾਇਆ ਜਾਵੇਗਾ। ਐਕਮਜ਼ ਡਰੱਗਜ਼ ਐਂਡ ਫਾਰਮਾਸਿਊਟੀਕਲਜ਼ ਵੱਲੋਂ ਤਿਆਰ ਅਤੇ ਡਾ.ਰੈਡੀ’ਜ਼ ਲੈਬਾਰਟਰੀਜ਼ ਵੱਲੋਂ ਵੇਚੀ ਜਾਂਦੀ ਐਸਕਲੋਫੀਨੈਕ, ਪੈਰਾਸਿਟਾਮੋਲ ਤੇ ਟ੍ਰਿਪਸਿਨ ਕਾਈਮੋਟ੍ਰਿਸਿਨ ਦੀ ਇੱਕ ਗੋਲੀ ਦੀ ਕੀਮਤ ਹੁਣ 13 ਰੁਪਏ ਨਿਰਧਾਰਤ ਕੀਤੀ ਗਈ ਹੈ ਜਦਕਿ ਕੈਡਿਲਾ ਫਾਰਮਾਸਿਊਟੀਕਲ ਵੱਲੋਂ ਵੇਚੀ ਜਾਂਦੀ ਇਸੇ ਗੋਲੀ ਦੀ ਕੀਮਤ 15.01 ਰੁਪਏ ਤੈਅ ਕੀਤੀ ਗਈ ਹੈ। ਬੈਕਟੀਰੀਅਲ ਇਨਫੈਕਸ਼ਨ ਦੇ ਇਲਾਜ ਲਈ ਵਰਤੀ ਜਾਂਦੀ ਅਮੌਕਸੀਸਿਲਿਨ ਤੇ ਪੋਟਾਸ਼ੀਅਮ ਕਲੈਵੁਲੇਨੇਟ ਓਰਲ ਸਸਪੈਨਸ਼ਨ (ਜ਼ਾਇਡਸ ਹੈਲਥਕੇਅਰ) ਦੇ ਪ੍ਰਤੀ ਐੱਮਐੱਲ ਦੀ ਕੀਮਤ 3.32 ਰੁਪਏ, ਦਿਲ ਦੇ ਦੌਰੇ ਰੋਕਣ ਲਈ ਐਟੋਰਵੈਸਟੇਟਿਨ ਐਂਡ ਕਲੋਪੀਡੋਗਰੈੱਲ (ਪਿਓਰ ਐਂਡ ਕਿਓਰ ਹੈਲਥਕੇਅਰ) ਦੀ ਇੱਕ ਗੋਲੀ ਦੀ ਕੀਮਤ 26.61 ਰੁਪਏ, ਹਾਈ ਕੈਲਸਟਰੋਲ ਦੇ ਇਲਾਜ ਲਈ ਵਰਤੀ ਜਾਂਦੀ ਐਟੋਰਵੈਸੇਟਿਨ ਐਂਡ ਇਜ਼ੇਟਿਮਾਈਬ ਦੀ 10 ਐੱਮਜੀ ਤੋਂ 40 ਐੱਜੀ ਦੀ ਗੋਲੀ (ਪਿਓਰ ਐਂਡ ਕਿਓਰ ਹੈਲਥਕੇਅਰ) ਦੀ ਕੀਮਤ 19.86 ਰੁਪਏ ਤੋਂ 30.47 ਰੁਪਏ, ਦਿਲ ਦੇ ਦੌਰੇ ਤੋਂ ਬਚਾਅ ਲਈ ਵਰਤੀ ਜਾਂਦੀ ਕਲੋਪੀਡੋਗਰੈਲ ਤੇ ਐਸਪ੍ਰਿਨ ਕੈਪਸੂਲ (ਸਾਈਨੋਕਨ ਫਾਰਮਾ) ਦੇ ਇੱਕ ਕੈਪਸੂਲ ਦੀ ਕੀਮਤ 5.88 ਰੁਪਏ, ਐਲਰਜੀ ਦੇ ਇਲਾਜ ਲਈ ਵਰਤੀ ਜਾਂਦੀ ਬਿਲੈਸਟਾਈਨ ਐਂਡ ਮੌਂਟੇਲੁਕਾਸਟ (ਏਕਮਜ਼ ਡਰੱਗਜ਼) ਦੀ ਇੱਕ ਗੋਲੀ ਦੀ ਕੀਮਤ 22.78 ਰੁਪਏ ਅਤੇ ਐਂਟੀ-ਡਾਇਬਟੀਜ਼- ਐਮਪੈਗਲੀਫਲੋਜ਼ਿਨ, ਸੀਟੈਗਲਿਪਟਿਨ ਤੇ ਮੈਟਫੋਰਮਿਨ ਹਾਈਡਰੋਕਲੋਰਾਈਡ (ਐਕਸਮੈੱਡ ਫਾਰਮਾਸਿਊਟੀਕਲਜ਼) ਦੀ ਇੱਕ ਗੋਲੀ ਦੀ ਕੀਮਤ 16.50 ਰੁਪਏ ਤੈਅ ਕੀਤੀ ਗਈ ਹੈ। ਬੱਚਿਆਂ ਲਈ ਵਰਤੀ ਜਾਂਦੀ ਤਰਲ ਦਵਾਈ ਸੇਫੀਜ਼ਾਈਮ ਤੇ ਪੈਰਾਸਿਟਾਮੋਲ ਦੇ ਸੁਮੇਲ ਵਾਲੀ ਦਵਾਈ ਸਮੇਤ ਕੁਝ ਹੋਰ ਅਹਿਮ ਦਵਾਈਆਂ ਜਿਵੇਂ ਵਿਟਾਮਿਨ ਡੀ ਲਈ ਕੋਲੇਕੈਲਸੀਫੇਰੋਲ ਡਰੋਪਜ਼ ਤੇ ਡਿਕਲੋਫਿਨੈਕ ਇੰਜੈਕਸ਼ਨ ਦੀ ਕੀਮਤ ਹੁਣ 31.77 ਰੁਪਏ ਪ੍ਰਤੀ ਐੱਮਐੱਲ ਤੈਅ ਕੀਤੀ ਗਈ ਹੈ। ਪਰ ਇਹ ਕੌਣ ਨਿਗਰਾਨੀ ਕਰੇਗਾ ਕਿ ਜੋ ਕੇਂਦਰ ਸਰਕਾਰ ਨੇ ਅੱਜ 37 ਜ਼ਰੂਰੀ ਦਵਾਈਆਂ ਦੀਆਂ ਪਰਚੂਨ ਕੀਮਤਾਂ ਤੈਅ ਕੀਤੀਆਂ ਹਨ, ਕੀ ਉਸੇ ਭਾਅ ਉਤੇ ਮਿਲਣ ਲੱਗ ਜਾਣਗੀਆਂ? 2. ਬੇਬੇ ਬਿਸ਼ਨੋ ਦੀ ਨੋਕਾ ਟੋਕੀ — ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ ਬੇਬੇ ਬਿਸ਼ਨੋ ਦਾ ਸੁਭਾਅ ਬੜਾ ਕੌੜਾ ਸੀ। ਉਹ ਹਰ ਵੇਲੇ ਤੰਦੂਰ ਵਾਂਗੂੰ ਤਪੀ ਰਹਿੰਦੀ ਸੀ। ਹਰ ਵੇਲੇ ਕਿਸੇ ਨਾ ਕਿਸੇ ਦੀ ਕੰਮ ਤੋਂ ਨੋਕਾ ਟੋਕੀ ਕਰਦੀ ਰਹਿੰਦੀ। ਟੱਬਰ ਵੀ ਵਾਹਵਾ ਵੱਡਾ ਸਾਰਾ ਸੀ। ਸਾਰੇ ਘਰ ਦੀ ਜੁੰਮੇਵਾਰੀ ਬੇਬੇ ਨੇ ਆਪਣੇ ਕੋਲ ਰੱਖੀ ਹੋਈ ਸੀ। ਇਥੋਂ ਤੱਕ ਕਿਸੇ ਦੀ ਇੰਨੀ ਵੀ ਹਿੰਮਤ ਨਹੀਂ ਸੀ ਪੈਂਦੀ, ਕਿ ਕੋਈ ਬੇਬੇ ਸਾਹਮਣੇ ਘੜੇ ਦੇ ਵਿੱਚੋ ਗਿਲਾਸ ਪਾਣੀ ਵੀ ਪੀ ਲਵੇ। ਪੁੱਤਰ ਧੀਆਂ ਨੂੰ ਲਗਾਤਾਰ ਸਮਝਾਉਂਦੀ ਰਹਿੰਦੀ। ਇੰਝ ਨਾ ਕਰੋ ਉਂਝ ਨਾ ਕਰੋ। ਕੌਣ ਚੰਗਾ ਏ ਕੌਣ ਮਾੜਾ ਏ। ਕਿਹੜਾ ਆਪਣਾ ਏ ਕਿਹੜਾ ਪਰਾਇਆ ਏ। ਕਿਹੜਾ ਆਪਣਾ ਚੰਗਾ ਸੋਚਦਾ ਏ। ਕਿਹੜਾ ਆਪਣਾ ਮਾੜਾ ਸੋਚਦਾ ਏ। ਦੁਨੀਆਂਦਾਰੀ ਵਿੱਚੋ ਕਿਵੇਂ ਵਿਚਰਨਾ ਏ। ਕੁੜੀਓ ਸੌਹਰੀ ਕਿਵੇਂ ਜਾ ਕੇ ਵਸਣਾ ਏ। ਧੀਆਂ ਨੂੰ ਵਸੇਬਾ ਆਪ ਬਣਾਉਣਾ ਪੈਂਦਾ ਏ। ਪੇਕੇ ਘਰ ਵਾਲੀਆਂ ਮੌਜ਼ਾ ਸੌਹਰੇ ਘਰ ਨਹੀਂ ਲੱਭਦੀਆਂ। ਸੱਸ ਸੌਹਰੇ ਨੂੰ ਮਾਂ ਪਿਉ ਵਾਲੀ ਇੱਜ਼ਤ, ਦਿਉਰਾਂ ਜੇਠਾਂ ਨੂੰ ਭਰਾਵਾਂ ਵਾਲੀ ਇੱਜਤ ਅਤੇ ਨਣਾਨਾਂ ਨੂੰ ਭੈਣਾਂ ਵਾਂਗੂੰ ਸਮਝਣਾ ਚਾਹੀਦਾ ਹੈ| ਫਿਰ ਕਿਧਰੇ ਜਾ ਕੇ ਨੂੰਹਾਂ ਨੂੰ ਸਹੁਰੇ ਘਰ ਮਾਣ ਸਤਿਕਾਰ ਮਿਲਦਾ ਹੈ। ਉਸਨੇ ਮੁੰਡਿਆਂ ਨੂੰ ਅੱਲਗ ਸਮਝਾਉਣਾ ਕਿ ਪੁੱਤਰੋ ਵਿਆਹ ਕਰਵਾਉਣੇ ਬੜੇ ਸੌਖੇ ਹੁੰਦੇ ਨੇ ਪਰ ਬਾਅਦ ਵਿੱਚ ਜੁੰਮੇਵਾਰੀਆਂ ਨਿਭਾਉਣੀਆਂ ਬਹੁਤ ਔਖੀਆਂ ਹੋ ਜਾਂਦੀਆਂ ਹਨ। ਜਨਾਨੀ ਦੀ ਇੱਜਤ ਕਰਨੀ ਬਹੁਤ ਜ਼ਰੂਰੀ ਹੁੰਦੀ ਏ ਐਵੇਂ ਹੀ ਖਾਹ ਮਖਾਹ ਨਹੀਂ ਜਨਾਨੀਆਂ ਨੂੰ ਝਿੜਕਣਾ ਚਾਹੀਦਾ। ਕੋਈ ਕੋਲ ਖੜ੍ਹਾ ਹੋਵੇ ਤਾਂ ਜਨਾਨੀ ਨੂੰ ਝਿੜਕ ਨਹੀਂ ਮਾਰਨੀ ਚਾਹੀਦੀ। ਜਨਾਨੀ ਤਾਂ ਬੰਦੇ ਦੀ ਅੱਖ ਦੀ ਘੂਰ ਨਾਲ ਹੀ ਸਮਝ ਜਾਂਦੀ ਹੈ। ਜਿਹੜੀ ਗੱਲ ਸਮਝਾਉਣੀ ਵੀ ਹੋਵੇ ਤਾਂ ਉਹ ਅੰਦਰ ਵੜ੍ਹ ਕੇ ਸਮਝਾਉਣੀ ਪੈਂਦੀ ਹੈ। ਉਸ ਵਿੱਚ ਦੋਹਾਂ ਦੀ ਇੱਜ਼ਤ ਹੁੰਦੀ ਹੈ। ਕਦੇ ਵੀ ਆਂਢ ਗੁਆਂਢ ਆਪਣੀ ਗੱਲ ਨਹੀਂ ਕਰਨੀ ਚਾਹੀਦੀ। ਉਹ ਫਿਰ ਮਿਹਣਾ ਬਣ ਜਾਂਦੀਆਂ ਨੇ ਗੱਲਾਂ। ਹਮੇਸ਼ਾ ਦੂਜੇ ਦੀ ਇੱਜਤ ਕਰਨੀ ਸਿੱਖੋ ਕਦੇ ਵੀ ਜਿੰਦਗੀ ਵਿੱਚ ਮਾਰ ਨਹੀਂ ਖਾਉਗੇ। ਬੇਸ਼ਕ ਬੇਬੇ ਬਿਸ਼ਨੋ ਹੁਣ ਮੰਜੇ ਉਤੇ ਬੈਠੀ ਰਹਿੰਦੀ ਪਰ ਦਲੇਰੀ ਉਸ ਦੀ ਪਹਿਲਾਂ ਨਾਲੋਂ ਵੀ ਵੱਧ ਹੁੰਦੀ ਜਾ ਰਹੀ ਸੀ। ਸਾਰੇ ਪਰਿਵਾਰ ਨੂੰ ਇੱਕਠਾ ਰੱਖਣਾ ਕਿਹੜੀ ਸੌਖੀ ਗੱਲ ਹੁੰਦੀ ਹੈ। ਦਰਾਣੀਆਂ ਜਿਠਾਣੀਆਂ ਹਰ ਇੱਕ ਚੰਗੇ ਮਾੜੇ ਕੰਮ ਦੀ ਸਲਾਹ ਬੇਬੇ ਕੋਲੋਂ ਲੈ ਕੇ ਜਾਂਦੀਆਂ। ਸਾਰੇ ਰਿਸ਼ਤੇਦਾਰਾਂ ਤੇ ਸਾਕ ਸਬੰਧੀਆਂ ਨੇ ਆਉਂਦੇ ਜਾਂਦੇ ਇਹ ਗੱਲ ਜ਼ਰੂਰ ਕਰਨੀ ਕਿ ਬੇਬੇ ਬਿਸ਼ਨੋ ਬੇਸ਼ਕ ਸੁਭਾਅ ਦੀ ਤੱਤੀ ਹੈ ਪਰ ਗੱਲ ਮੂੰਹ ਉਤੇ ਕਹਿਣ ਦੀ ਹਿੰਮਤ ਰੱਖਦੀ ਏ। ਇਸ ਨੇ ਕਦੇ ਵੀ ਆਪਣੇ ਪਰਾਏ ਵਿੱਚ ਫਰਕ ਨਹੀਂ ਸਮਝਿਆ ਜਿਸ ਕਰਕੇ ਅੱਜ ਘਰ ਨੂੰ ਸਵਰਗ ਬਣਾ ਕੇ ਰੱਖੀ ਬੈਠੀ ਹੈ। ਬੱਸ ਇੱਕ ਗੱਲ ਹੀ ਇਸ ਮਾੜੀ ਹੈ ਕਿ ਜਿਹੜੀ ਨੋਕਾ ਟੋਕੀ ਕਰਨ ਤੋਂ ਨਹੀਂ ਹੱਟਦੀ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਸਵੈ-ਕਥਨ:
ਮੈਂ ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ ਮੇਰਾ ਜਨਮ 24 ਅਗਸਤ 1965 ਨੂੰ ਪਿੰਡ ਮਮਦੋਟ ਜਿਲ੍ਹਾ ਫਿਰੋਜ਼ਪੁਰ ਵਿੱਚ ਹੋਇਆ| ਮੇਰੀ ਮਾਤਾ ਸੁਰਜੀਤ ਕੌਰ ਤੇ ਪਿਤਾ ਸ. ਬਘੇਲ ਸਿੰਘ ਦੇ ਘਰ ਚਾਰ ਪੁੱਤਰ ਹੋਏ ਮੈ ਸਾਰਿਆ ਤੋਂ ਛੋਟਾ ਹਾਂ।
ਮੈ ਦਸਵੀ ਜਮਾਤ ਤੱਕ ਪੜ੍ਹਾਈ [ਸ਼ਹੀਦ ਰਾਮ ਕਿਸ਼ਨ ਵਧਵਾ ਮਹਾਂਵੀਰ ਚੱਕਰ] ਸਰਕਾਰੀ ਹਾਈ ਸਕੂਲ ਮਮਦੋਟ ਵਿੱਚ ਕੀਤੀ| ਮੇਰਾ ਪਿੰਡ ਬਿਲਕੁਲ ਪਾਕਿਸਤਾਨ ਦੀ ਹੱਦ ਉਤੇ ਸਥਿਤ ਹੈ|
1988 ਤੋਂ ਪਹਿਲਾਂ ਜਦੋ ਸਰਹੱਦ ਉਤੇ ਤਾਰਬੰਦੀ ਨਹੀਂ ਕੀਤੀ ਸੀ ਉਸ ਵਕਤ ਲਹਿੰਦੇ ਪੰਜਾਬ ਤੇ ਸਾਡੇ ਚੜ੍ਹਦੇ ਪੰਜਾਬ ਦੇ ਲੋਕ ਭਾਵੇ ਇੱਕ ਦੂਜੇ ਨਾਲ ਨਹੀਂ ਸਨ, ਗਲਬਾਤ ਕਰ ਸਕਦੇ ਸਨ ਅਤੇ ਫਿਰ ਵੀ ਅਾਹਮੋ-ਸਾਹਮਣੇ ਕੰਮ ਕਰਦੇ ਨਜ਼ਰ ਆਉਂਦੇ ਰਹਿੰਦੇ ਸਨ| ਜਦੋਂ ਦੀ ਤਾਰਬੰਦੀ ਹੋ ਗਈ ਹੈ| ਉਸ ਸਮੇ ਤੋਂ ਲੋਕਾਂ ਦੀ ਆਪਸ ਵਿੱਚ ਦੂਰੀ ਹੋ ਗਈ ਹੈ|
ਮਮਦੋਟ ਕਿਸੇ ਸਮੇਂ ਵਿੱਚ ਇਕ ਰਿਆਸਤ ਵਜੋਂ ਜਾਣਿਆ ਜਾਂਦਾ ਸੀ| ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਫਰਵਰੀ 1807 ਵਿੱਚ, ਕਸੂਰ ਉੱਤੇ ਚੜ੍ਹਾਈ ਕੀਤੀ ਅਤੇ ਕੁਤਬੁੱਦੀਨ ਨੂੰ ਸੱਤਾ ਤੋਂ ਹਟਾ ਦਿੱਤਾ, ਮਹਾਰਾਜਾ ਨੇ ਕੁਤਬੁੱਦੀਨ ਨੂੰ ਮਮਦੋਟ ਦੇ 84 ਪਿੰਡਾਂ ਦੀ ਜਾਗੀਰ ਦੇ ਕੇ ਇਥੋਂ ਦਾ ਨਵਾਬ ਬਣਾ ਦਿੱਤਾ ਸੀ। ਮਮਦੋਟ ਦੇ ਨਵਾਬ ਇਫਤਿਖਾਰ ਹੁਸੈਨ ਖਾਨ, ਵੰਡ ਤੋਂ ਬਾਅਦ ਵਿੱਚ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਬਣੇ ਸਨ| ਜਦੋਂ ਵੀ ਕਦੇ ਪਾਕਿਸਤਾਨ ਤੇ ਭਾਰਤ ਵਿਚ ਕੋਈ ਖਟਾਸ ਪੈਦਾ ਹੁੰਦੀ ਹੈ ਤੇ ਸਾਨੂੰ ਆਪਣਾ ਘਰ ਬਾਰ ਛੱਡਣਾ ਪੈਂਦਾ ਹੈ| ਭਾਵੇਂ ਜੰਗ 1965 ਦੀ ਹੋਵੇ ਭਾਵੇਂ 1971 ਦੀ ਤੇ ਭਾਵੇਂ ਕਾਰਗਿਲ ਦਾ ਯੁੱਧ| ਸਾਨੂੰ ਇਥੋਂ ਆਪਣਾ ਜੂਲੀ ਬਿਸਤਰਾ ਗੋਲ ਕਰਨਾ ਹੀ ਪੈਂਦਾ ਹੈ|
ਪਿੰਡ ਬਾਰਡਰ ਤੇ ਹੋਣ ਕਰਕੇ ਇੱਥੇ ਅੱਜ ਤਕ ਵੀ ਕਾਲਜ ਨਹੀਂ ਬਣਿਆ |ਸਾਨੂੰ ਉਦੋਂ ਵੀ ਤੇ ਹੁਣ ਵੀ ਅਗੇ ਪੜ੍ਹਨ ਲਈ ਫਿਰੋਜ਼ਪੁਰ ਜਾਣਾ ਪੈਂਦਾ ਹੈ| ਸਾਡੇ ਸਕੂਲ ਤੇ ਬੀ. ਐਸ. ਐਫ. ਦੀ ਗਰਾਉਂਡ ਨਾਲੋ ਨਾਲ ਹੋਣ ਕਰਕੇ ਸਾਨੂੰ ਵੀ ਫੌਜ਼ ਦੀ ਵਰਦੀ ਪਾਉਣ ਦਾ ਬਹੁਤ ਸੌਂਕ ਸੀ| ਮੈ ਫਿਰੋਜ਼ਪੁਰ ਆਰ ਐਸ ਡੀ ਕਾਲਜ਼ ਵਿੱਚ ਪੜ੍ਹਦਾ ਪੜ੍ਹਦਾ ਫੌਜ਼ ਵਿੱਚ ਭਰਤੀ ਹੋ ਗਿਆ| ਜੁਲਾਈ 1984 ਨੂੰ ਮੈ ਅਾਰਟੀਲੇਰੀ [ਤੋਪਖਾਨੇ] ਦੇ ਵਿੱਚ ਇੱਕ ਟੈਕਨੀਕਲ ਅਸਿਸਟੈਂਟ ਵਜੋਂ ਭਰਤੀ ਹੋ ਗਿਆ| ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈਦਰਾਬਾਦ ਵਿੱਚ ਟ੍ਰੇਨਿੰਗ ਕਰਕੇ ਥਰੀ ਮੀਡੀਅਮ ਰੇਜਿਮੇੰਟ ਵਿੱਚ ਬਤੋਰ ਸਿਪਾਹੀ ਡਿਊਟੀ ਕਰਨ ਲਗ ਪਿਆ| ਮਿਹਨਤ ਤੇ ਲਗਨ ਕਰਕੇ ਮੈ ਬਹੁਤ ਜਲਦੀ ਤੋਪਾਂ ਦਾ ਇੰਸਟ੍ਰਕਟਰ ਬਣ ਗਿਆ ਤੇ ਮੇਰਾ ਪ੍ਰਮੋਸ਼ਨ ਵੀ ਹੋ ਗਿਆ ਯਾਨੀ ਕਿ ਮੈ ਸੂਬੇਦਾਰ ਬਣ ਗਿਆ| ਪੂਰੇ 28 ਸਾਲ ਦੇਸ਼ ਦੀ ਸੇਵਾ ਕੀਤੀ|
ਮੇਰਾ ਇਕ ਬੇਟਾ ਹੈ ਜੋ ਪਹਿਲਾਂ ਪੇਸ਼ੇ ਵਜੋਂ ਵਕੀਲ ਬਣਿਆ ਤੇ ਫਿਰ ਬਤੌਰ ਅਲਾਈਡ ਪੀ. ਸੀ. ਐਸ. ਆਫੀਸਰ ਵਜੋਂ ਨਵੇਂ ਸ਼ਹਿਰ ਵਿਖੇ ਲੇਬਰ ਇਨਫੋਰਸਮੈਂਟ ਆਫ਼ਿਸਰ ਦੀ ਡਿਊਟੀ ਕਰ ਰਿਹਾ ਹੈ| ਉਸ ਦੇ ਦੋ ਬੱਚੇ ਵੀ ਹਨ|
ਜੇ ਕਰ ਮੈ ਗੱਲ ਕਰਾਂ ਹੁਣ ਲਿਖਣ ਦੀ| ਮੇਰੀਆਂ ਲਿਖੀਆਂ ਚਾਰ ਕੈਸੇਟਾਂ ਟੀ ਸੀਰੀਜ਼ ਤੋਂ ਰਿਲੀਜ਼ ਹੋਈਆਂ ਹਨ| ਪਰ ਉਹ ਚਾਰੇ ਹੀ ਧਾਰਮਿਕ ਕੈਸੇਟਾਂ ਬਾਬਾ ਨਿਰਮਲ ਸਿੰਘ ਜੀ ਪੱਥਰ ਸਾਹਿਬ ਵਾਲਿਆਂ ਨੇ ਰਿਕਾਰਡ ਕਰਵਾਈਆਂ ਸਨ| ਜਿਹਨਾਂ ਨੂੰ ਦਰਸ਼ਨ ਕੁਮਾਰ ਜੀ ਨੇ ਰਿਲੀਜ਼ ਕੀਤਾ ਸੀ| ਫੌਜ਼ ਦੀ ਨੌਕਰੀ ਦੌਰਾਨ ਹੀ ਮੈਨੂੰ ਐਲ ਓ ਸੀ ਕਾਰਗਿਲ ਫਿਲਮ ਵਿੱਚ ਕਰੀਨਾ ਕਪੂਰ ਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ| ਜੇ ਪੀ ਦੱਤਾ ਜੀ ਨੇ ਮੈਨੂੰ ਇਹ ਅਵਸਰ ਦਿੱਤਾ ਸੀ| ਫੌਜ਼ ਵਿੱਚ ਰਹਿੰਦਿਆਂ ਮੈ ਬਹੁਤਾ ਕੁਝ ਹੋਰ ਨਹੀਂ ਸੀ ਲਿਖ ਸਕਿਆ ਕਿਉਂਕਿ ਪਬੰਦੀਆ ਬਹੁਤ ਹੁੰਦੀਆਂ ਹਨ| ਪਰ ਸ਼ੌਕ ਨੂੰ ਮੈ ਜਿਆਦਾ ਦੇਰ ਨਹੀਂ ਰੌਕ ਸਕਿਆ| ਰਿਟਾਇਰਮੈਂਟ ਹੁੰਦਿਆਂ ਹੀ ਮੈਂ ਕਲਮ ਚੁੱਕ ਲਈ| ਸਭ ਤੋਂ ਪਹਿਲਾਂ ਮੈ ਸਿਰਫ ਦੇਸ਼ ਸੇਵਕ ਦੇ ਮਿਡਲ ਕਾਲਮ ਲਈ ਲਿਖਦਾ ਸੀ| ਹੌਲੀ ਹੌਲੀ ਮੇਰੀਆਂ ਕਵਿਤਾਵਾਂ ਵੀ ਰਸਾਲਿਆਂ ਤੇ ਮੈਗਜ਼ੀਨਾਂ ਵਿੱਚ ਛਪਣੀਆਂ ਸ਼ੁਰੂ ਗਈਆਂ| ਫਿਰ ਮੈ ਨਿੱਕੀਆਂ ਕਹਾਣੀਆਂ ਤੇ ਵੱਡੀਆਂ ਕਹਾਣੀਆਂ ਵੀ ਲਿਖਣ ਲਗ ਪਿਆ|
ਹੁਣ ਤਕ ਮੇਰੇ ਅਜੀਤ, ਸਪੋਕਸਮੈਨ, ਰੋਜ਼ਾਨਾ ਪਹਿਰੇਦਾਰ, ਹਮਦਰਦ ਨਿਊਜ਼ ਪੇਪਰ, ਪੰਜਾਬੀ ਜਾਗਰਣ, ਅੱਜ ਦੀ ਆਵਾਜ਼, ਸੱਚ ਦੀ ਆਵਾਜ਼, ਆਸ਼ਿਆਨਾ, ਅਕਾਲੀਪਤ੍ਰਿਕਾ, ਚੜ੍ਹਦੀਕਲਾ, ਪੰਜਾਬੀ ਪੋਸਟ ਕਨੈਡਾ, ਪੰਜਾਬ ਪੋਸਟ ਕਨੈਡਾ, ਪ੍ਰੀਤਨਾਮਾਂ ਯੂ ਐਸ ਏ, ਦੇਸ਼ ਸੇਵਕ, ਪੰਜਾਬੀ ਟ੍ਰਿਬਿਊਨ, ਲੋਕ ਭਲਾਈ ਸੁਨੇਹਾ, ਸੱਚ ਕਹੁ , ਸੰਤ ਸਿਪਾਹੀ, ਕਲਾਕਾਰਾਂ ਨਾਲ ਰਾਬਤਾ, ਪੰਜ ਦਰਿਆ ਤੇ ਪਰਵਾਸੀ ਨਿਊਜ਼ ਪੇਪਰ, ਪੰਜਾਬ ਪੋਸਟ, ਸ਼ਬਦਾਂ ਦਾ ਕਾਫ਼ਲਾ| ਆਕਾਸ਼ਵਾਣੀ ਰੇਡੀਉ ਤੋਂ ਮਿੰਨੀ ਕਹਾਣੀਆਂ। ਓਨਏਅਰ, ਜੱਗਬਾਣੀ ਟੀਵੀ ਚੈਨਲ, ਸਪੋਕਸਮੈਨ ਟੀਵੀ ਚੈਨਲ, ਚੜ੍ਹਦੀ ਕਲਾ ਟੀਵੀ ਚੈਨਲ ਤੋਂ ਵੀ ਮੇਰੀਆਂ ਰਚਨਾਵਾਂ ਆਉਂਦੀਆਂ ਹੀ ਰਹਿੰਦੀਆਂ ਹਨ|
***
Subedar Jasvinder Singh Bhularia
e-mail:jaswinder.bhuleria.1@gmail.com
+91 75891 55501