|
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਤ੍ਰੈ ਗੁਣਾਂ ਤੋਂ ਵਾਰ ਵਾਰ ਸੁਚੇਤ ਕਰਦੀ ਹੈ। ਇਹ ਤ੍ਰੈ ਗੁਣ ਰਜੋ ਗੁਣ , ਤਮੋ ਗੁਣ ਤੇ ਸਤੋ ਗੁਣ ਮਨੁੱਖੀ ਜੀਵਨ ਅਕਾਰਥ ਕਰਨ ਦੇ ਮੁੱਖ ਦੋਸ਼ੀ ਮੰਨੇ ਗਏ ਹਨ। ਮਾਇਆ ਵਿੱਚ ਭਰਮਿਆ , ਅਗਿਆਨਤਾ ਦੇ ਹਨੇਰੇ ਦਾ ਬੰਦੀ ਮਨੁੱਖ ਇਨ੍ਹਾਂ ‘ ਚੋਂ ਕਿਸੇ ਨਾ ਕਿਸੇ ਗੁਣ ਅਧੀਨ ਆਪਣਾ ਵਿਵੇਕ ਅਤੇ ਬੁੱਧੀ ਗੁਆ ਬੈਠਾ ਹੈ। ਜਿਸ ਨੂੰ ਉਹ ਗੁਣ ਸਮਝ ਰਿਹਾ ਹੈ ਉਹ ਦਰਅਸਲ ਔਗੁਣ ਹੈ। ਕਿਸੇ ਨੂੰ ਸੱਤਾ , ਪ੍ਰਭੁਤਾ , ਤਾਕਤ ਵਿੱਚ ਸੁੱਖ ਵਿਖਾਈ ਦਿੰਦਾ ਹੈ। ਇਸ ਦੀ ਪ੍ਰਾਪਤੀ ਲਈ ਉਹ ਦਿਨ ਰਾਤ ਇੱਕ ਕਰ ਰਿਹਾ ਹੈ। ਕਿਸੇ ਨੂੰ ਧਨ , ਸੰਪਦਾ , ਭੋਗ ਵਿਲਾਸ , ਸੰਸਾਰਕ ਪਦਾਰਥਾਂ ਵਿੱਚ ਜੀਵਨ ਦੀ ਸਫਲਤਾ ਨਜਰ ਆਉਂਦੀ ਹੈ ਜਿਸ ਲਈ ਉਹ ਸਦਾ ਜਤਨਸ਼ੀਲ ਰਹਿੰਦਾ ਹੈ। ਕੋਈ ਧਰਮ , ਕਰਮ , ਜਪ , ਤਪ ਵਿੱਚ ਸ੍ਰੇਸ਼ਟਤਾ ਲੱਭ ਰਿਹਾ ਹੈ ਅਤੇ ਸੰਸਾਰਕ ਜੀਵਨ ਤਿਆਗ ਕੇ ਆਪਣੇ ਮਨੋਰਥ ਦੀ ਪ੍ਰਾਪਤੀ ਲਈ ਸਮਰਪਿਤ ਹੋ ਗਿਆ ਹੈ। ਇਨ੍ਹਾਂ ਤਿੰਨਾਂ ਗੁਣਾਂ ਦੇ ਔਗੁਣ ਬਣ ਜਾਣ ਦਾ ਕਾਰਨ ਲੋਭ ਹੈ। ਇਹ ਲੋਭ ਇੰਨਾ ਪ੍ਰਬਲ ਹੈ ਕਿ ਜਨਮ ਜਨਮਾਂਤਰ ਤੋਂ ਬਾਅਦ ਵੱਡੇ ਭਾਗਾਂ ਨਾਲ ਪ੍ਰਾਪਤ ਮਨੁੱਖੀ ਜੀਵਨ ਦਾ ਅਜਾਈਂ ਜਾਣਾ ਤਿਲ ਮਾਤਰ ਵੀ ਚਿੰਤਾ ਦਾ ਵਿਸ਼ਾ ਨਹੀਂ ਬਣ ਰਿਹਾ “ ਕਉਡੀ ਬਦਲੈ ਜਨਮੁ ਗਵਾਇਆ ਚੀਨਸਿ ਨਾਹੀ ਆਪੈ “ । ਮਨੁੱਖ ਰਜੋ ਗੁਣ , ਤਮੋ ਗੁਣ , ਸਤੋ ਗੁਣ ਦੀਆਂ ਪ੍ਰਾਪਤੀਆਂ ਨੂੰ ਸੱਚ ਮੰਨ ਕੇ ਸਾਰਾ ਜੀਵਨ ਇਨ੍ਹਾਂ ਦੇ ਮੋਹ ਵਿੱਚ ਬੰਨਿਆ ਰਹਿੰਦਾ ਹੈ। ਉਸ ਨੂੰ ਪ੍ਰਤੀਤਿ ਹੀ ਨਹੀਂ ਹੁੰਦੀ ਕਿ ਉਹ ਛਲਿਆ ਜਾ ਰਿਹਾ ਹੈ। ਜੀਵਨ ਦੇ ਅੰਤਿਮ ਪਹਿਰ ਵਿੱਚ ਜਦੋਂ ਲੇਖਾ ਜੋਖਾ ਕਰਨ ਦਾ ਸਮਾਂ ਆਉਂਦਾ ਹੈ ਤਾਂ ਪਛਤਾਵਾ ਹੀ ਬਚਦਾ ਹੈ। ਮੋਹਨੀ ਮੋਹਿ ਲੀਏ ਤ੍ਰੈ ਗੁਨੀਆ।। ਸਾਰਾ ਜਗਤ ਹੀ ਲੋਭ ਦੀ ਮੋਹਨੀ ਵਿੱਚ ਮੋਹਿਆ ਗਿਆ ਹੈ। ਇਹ ਮਿਥਿਆ ਹੈ ਕਿਉਂਕਿ ਮਨੁੱਖ ਦੇ ਜੀਵਨ ਦੇ ਮੂਲ ਮਨੋਰਥ ਦੀ ਪ੍ਰਾਪਤੀ ਵਿੱਚ ਸਹਾਇਕ ਨਹੀਂ ਹੈ। ਜਿਸ ਪਰਿਵਾਰ , ਕੁਟੰਬ , ਪਦਾਰਥਾਂ , ਧਨ , ਬਲ , ਸੱਤਾ , ਸਿੱਧੀ ਨੂੰ ਉਹ ਆਪਣਾ ਮੰਨ ਕੇ ਸੰਚਿਤ ਕਰ ਰਿਹਾ ਹੈ , ਮਾਣ ਕਰ ਰਿਹਾ ਹੈ ਉਹ ਸਾਰੇ ਹੀ ਚੰਚਲ , ਨਾਸ਼ਵਾਨ ਹਨ। ਜਿਸ ਨੇ ਵੀ ਇਸ ਤੇ ਭਰੋਸਾ ਕੀਤਾ ਉਸ ਨੂੰ ਦੁੱਖ ਵੀ ਭੋਗਣੇ ਪਏ , ਜੀਵਨ ਵੀ ਵਿਅਰਥ ਗਿਆ। ਮਨੁੱਖ ਇਹ ਆਪਣੇ ਸਾਹਮਣੇ ਵਰਤਦਾ ਹੋਇਆ ਵੇਖ ਰਿਹਾ ਹੈ ਪਰ ਫਿਰ ਵੀ ਲੋਭ ਵਿੱਚ ਫਸਿਆ ਹੋਇਆ ਹੈ। ਗੁਰੂ ਅਰਜਨ ਸਾਹਿਬ ਨੇ ਇਸ ਦਾ ਕਾਰਨ ਦੱਸਿਆ ਕਿ ਜਿਵੇਂ ਅਗਨੀ ਨੂੰ ਬਾਲਣ ਨਾਲ ਰਜਾਇਆ ਨਹੀਂ ਜਾ ਸਕਦਾ ਤਿਵੇਂ ਹੀ ਲੋਭ ਤੋਂ ਪੈਦਾ ਹੋਈ ਤ੍ਰਿਸ਼ਨਾ ਹੈ। ਬਾਲਣ ਜਿਤਨਾ ਵੀ ਪਾਇਆ ਜਾਵੇ ਅਗਨੀ ਰੱਜਣ ਦੀ ਥਾਂ ਉਤਨੀ ਹੀ ਪ੍ਰਚੰਡ ਹੁੰਦੀ ਹੈ, ਲੋਭ ਦੀ ਪੂਰਤੀ ਲਈ ਜਿਤਨੇ ਵੀ ਜਤਨ ਕੀਤੇ ਜਾਣ ਲੋਭ ਉਤਨਾ ਦੀ ਵੱਧਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 672 ਤੇ ਸੁਸ਼ੋਭਿਤ ਆਪਣੀ ਬਾਣੀ ਵਿੱਚ ਗੁਰੂ ਅਰਜਨ ਸਾਹਿਬ ਨੇ ਵਚਨ ਕੀਤਾ ਕਿ ਤ੍ਰਿਸ਼ਨਾ ਤਾਂ ਵੱਡੇ ਵੱਡੇ ਰਾਜਿਆਂ , ਜਿਮੀਦਾਰਾਂ , ਧਨਵਾਨਾਂ ਦੀ ਨਹੀਂ ਮੁੱਕੀ , ਸਗੋਂ ਉਨ੍ਹਾਂ ਦਾ ਲੋਭ ਵੱਧਦਾ ਹੀ ਗਿਆ ਕਿਉਂਕਿ ਲੋਭ ਨੇ ਉਨ੍ਹਾਂ ਦੀ ਦ੍ਰਿਸ਼ਟੀ ਨੂੰ ਹੀ ਬੰਨ ਦਿੱਤਾ ਹੈ ‘ਤੇ ਸੱਚ ਤੋਂ ਦੂਰ ਕਰ ਦਿੱਤਾ ਹੈ। ਆਪਣੇ ਛਲੇ ਜਾਣ ਦਾ ਬੋਧ ਹੀ ਨਹੀਂ ਹੁੰਦਾ। ਇਵੇਂ ਹੀ ਕਦੇ ਭੋਗ ਵਿਲਾਸ , ਇੰਦ੍ਰੀਆਂ ਦੇ ਰਸ ਕਦੇ ਤ੍ਰਿਪਤ ਨਹੀਂ ਹੁੰਦੇ। ਮਨੁੱਖ ਕੁੱਤੇ ਵਾਂਗੂੰ ਥਾਂ ਥਾਂ ਭਟਕਦਾ ਫਿਰਦਾ ਹੈ। ਗੁਰੂ ਸਾਹਿਬ ਨੇ ਕਾਮੀ ਵਿਅਕਤੀ ਦੀ ਮਿਸਾਲ ਵੀ ਦਿੱਤੀ ਕਿ ਕਿਤਨੀਆਂ ਹੀ ਇਸਤਰੀਆਂ ਘਰ ਅੰਦਰ ਭੋਗ ਕਰਨ ਲਈ ਮੌਜੂਦ ਹੋਣ ਉਸ ਦੀ ਮੰਦੀ ਨਿਗਾਹ ਪਰਾਏ ਤਨ ਤੋਂ ਹੱਟਦੀ ਨਹੀਂ।ਤਨ ਸੁੱਕਦਾ ਜਾਂਦਾ ਹੈ , ਪਛਤਾਵਾ ਵੀ ਹੁੰਦਾ ਹੈ ਪਰ ਕਾਮ ਵਾਸਨਾ ਬਣੀ ਰਹਿੰਦੀ ਹੈ। ਪੰਜ ਮੁੱਖ ਵਿਕਾਰ ਮੰਨੇ ਗਏ ਹਨ ਕਾਮ , ਕ੍ਰੋਧ , ਲੋਭ , ਮੋਹ , ਹੰਕਾਰ। ਇਹ ਸਾਰੇ ਹੀ ਵਿਨਾਸ਼ਕ ਸੁਭਾਅ ਰੱਖਦੇ ਹਨ। ਪਰ ਇਨ੍ਹਾਂ ‘ ਚੋਂ ਲੋਭ ਹੀ ਅਜਿਹਾ ਹੈ ਜੋ ਪਰਮ ਗਿਆਨੀ , ਧਿਆਨੀ , ਬੁੱਧੀਮਾਨ ਨੂੰ ਵੀ ਆਪਣੇ ਪ੍ਰਭਾਵ ਵਿੱਚ ਲੈ ਕੇ ਉਸ ਦੇ ਸਾਰੇ ਗੁਣਾਂ ਦਾ ਨਾਸ਼ ਕਰ ਦਿੰਦਾ ਹੈ। ਹੇ ਲੋਭਾ ਲੰਪਟ ਸੰਗ ਸਿਰਮੋਰਹ ਅਨਿਕ ਲਹਰੀ ਕਲੋਲਤੇ।। ਲੋਭ ਦੇ ਵੱਸ ਆਇਆ ਮਨੁੱਖ ਦੀ ਹਾਸੋਹੀਣੀ ਅਵਸਥਾ ਬਣ ਜਾਂਦੀ ਹੈ। ਆਪਣੇ ਲੋਭ ਦੀ ਪੂਰਤੀ ਲਈ ਉਹ ਕੁੱਝ ਵੀ ਕੁਚੱਜ , ਕੁਢੰਗ ਕਰਨ ਤੋਂ ਸੰਕੋਚ ਨਹੀਂ ਕਰਦਾ। ਉਸ ਨੂੰ ਦੁਆਰ ਦੁਆਰ ਭਟਕਣ ਤੋਂ ਵੀ ਲੱਜਾ ਨਹੀਂ ਆਉਂਦੀ। ਲੋਭ ਕਾਰਨ ਉਹ ਕੋਈ ਵੀ ਕੀਮਤ ਅਦਾ ਕਰਨ ਲਈ ਤਿਆਰ ਹੋ ਜਾਂਦਾ ਹੈ ਭਾਵ ਆਪਣਾ ਜਮੀਰ ਵੀ ਗੁਆ ਦਿੰਦਾ ਹੈ।ਕੀ ਧਾਰਨ ਕਰਨ ਜੋਗ ਹੈ ਕੀ ਨਹੀਂ, ਇਸ ਦਾ ਵਿਚਾਰ ਉਹ ਮੁੱਢਲੇ ਤੌਰ ਤੇ ਹੀ ਤਿਆਗ ਦਿੰਦਾ ਹੈ। ਲੋਭ ਨੈਤਿਕਤਾ , ਮਰਿਆਦਾ , ਕਦਰਾਂ ਕੀਮਤਾਂ ਦਾ ਵੀ ਘਾਣ ਕਰਦਾ ਹੈ। ਨਚ ਮਿਤ੍ਰੰ ਨਚ ਇਸਟੰ ਨਚ ਬਾਧਵ ਨਚ ਮਾਤ ਪਿਤਾ ਤਵ ਲਜਯਾ।। ਲੋਭ ਕਿਸੇ ਵੀ ਮਨੁੱਖ ਨੂੰ ਪੂਰੀ ਤਰਹ ਲੱਜਾਹੀਣ ਬਣਾ ਦਿੰਦਾ ਹੈ। ਉਸ ਨੂੰ ਕਿਸੇ ਵੀ ਸਮਾਜਕ ਮਰਿਆਦਾ ਦੀ ਚਿੰਤਾ ਨਹੀਂ ਰਹਿੰਦੀ। ਸਾਰੇ ਸਮਾਜਕ ਸਬੰਧ ਤਾਰ ਤਾਰ ਹੋ ਜਾਂਦੇ ਹਨ। ਲੋਭੀ ਮਨੁੱਖ ਆਪਣੇ ਮਾਤਾ , ਪਿਤਾ , ਸਬੰਧੀਆਂ , ਮਿਤਰਾਂ ਦੀ ਵੀ ਪਰਵਾਹ ਨਹੀਂ ਕਰਦਾ , ਆਪਣੇ ਸੁਆਰਥਾਂ ਲਈ ਬਲੀ ਤੇ ਚੜ੍ਹਾ ਦਿੰਦਾ ਹੈ। ਉਹ ਆਪਣੇ ਇਸ਼ਟ , ਆਪਣੇ ਗੁਰੂ ਦਾ ਵੀ ਸਨਮਾਨ ਕਰਨਾ ਛੱਡ ਦਿੰਦਾ ਹੈ ਅਤੇ ਉਨ੍ਹਾਂ ਦੀ ਅਵੱਗਿਆ ਕਰਦਾ ਹੈ। ਹਰ ਸਮਾਜਕ , ਆਤਮਿਕ ਸੰਬੰਧ , ਸੰਦਰਭ ਤੋਂ ਲੋਭੀ ਮਨੁੱਖ ਦਾ ਲੋਭ ਉੱਚਾ ਹੋ ਜਾਂਦਾ ਹੈ। ਇਸ ਸ਼ਬਦ ਵਿੱਚ ਗੁਰੂ ਸਾਹਿਬ ਨੇ ਅੱਗੇ ਕਿਹਾ ਕਿ ਲੋਭੀ ਮਨੁੱਖ ਆਪਣਾ ਵਿਵੇਕ ਗੁਆ ਦੇਣ ਕਾਰਨ ਹਰ ਉਹ ਕਾਰਜ ਕਰਦਾ ਹੈ ਜੋ ਨਾ ਕਰਣ ਜੋਗ ਹੁੰਦਾ ਹੈ। ਹਰ ਉਹ ਭਾਵ , ਪਦਾਰਥ , ਕਾਮਨਾ ਧਾਰਨ ਕਰਦਾ ਹੈ ਜਿਸ ਨੂੰ ਧਾਰਨ ਕਰਨਾ ਉਸ ਦੇ ਹਿੱਤ ‘ਚ ਨਹੀਂ ਹੁੰਦਾ।ਲੋਭੀ ਵਿਅਕਤੀ ਅਜਿਹੀ ਵਿਚਾਰਧਾਰਾ ਦਾ ਪੈਰੋਕਾਰ ਬਣ ਜਾਂਦਾ ਹੈ ਜੋ ਨਾ ਤਾਂ ਉਸ ਦੇ ਲਈ ਕਲਿਆਣਕਾਰੀ ਹੈ ਨਾਂ ਹੀ ਸਮਾਜ ਲਈ। ਲੋਭ ਵਿਕਾਰਾਂ ਦਾ ਜਨਕ ਵੀ ਹੈ। ਲੋਭ ਦੀ ਪੂਰਤੀ ਹੋਵੇ ਤਾਂ ਹੰਕਾਰ ਆ ਜਾਂਦਾ ਹੈ।ਹੰਕਾਰ ਨੂੰ ਗੁਰੂ ਅਰਜਨ ਸਾਹਿਬ ਨੇ ਚੌਰਾਸੀ ਲੱਖ ਜੋਨਿਆਂ ਵਿੱਚ ਆਵਾਗਮਨ ਦਾ ਮੂਲ ਕਾਰਨ ਕਿਹਾ ਕਿਂਉਕਿ ਮਨ ਪਾਪਾਂ ਵਿੱਚ ਲਿਪਤ ਹੋ ਜਾਂਦਾ ਹੈ । ਸਾਰੇ ਮਿਤ੍ਰ ਵੈਰੀ ਬਣ ਜਾਂਦੇ ਹਨ। ਲੋਭ ਪ੍ਰਾਪਤੀ ਵਿੱਚ ਆਉਣ ਵਾਲਾ ਹਰ ਵਿਘਨ ਕ੍ਰੋਧ ਪੈਦਾ ਕਰਦਾ ਹੈ। ਕ੍ਰੋਧ ਭਲੇ ਤੋਂ ਭਲੇ ਮਨੁੱਖ ਨੂੰ ਨੀਚ ਸੁਭਾਅ ਦਾ ਬਣਾ ਦਿੰਦਾ ਹੈ। ਮਨ ਦੀਆਂ ਸਾਰੀਆਂ ਸ਼ੁਭ ਭਾਵਨਾਵਾਂ ਦਾ ਨਾਸ਼ ਹੋ ਜਾਂਦਾ ਹੈ। ਮਨੁੱਖ ਕ੍ਰੋਧ ਵਿੱਚ ਇਵੇਂ ਵਿਵਹਾਰ ਕਰਨ ਲੱਗਦਾ ਹੈ ਜਿਵੇਂ ਬਾਂਦਰ। ਲੋਭ ਵੱਧ ਜਾਏ ਤਾਂ ਮੋਹ ਦਾ ਜਨਮ ਹੁੰਦਾ ਹੈ। ਗੁਰੂ ਅਰਜਨ ਸਾਹਿਬ ਨੇ ਕਿਹਾ ਕਿ ਮੋਹ ਅਜਿਹਾ ਵਿਕਾਰ ਹੈ ਜਿਸ ਨੂੰ ਜਿੱਤਿਆ ਨਹੀਂ ਜਾ ਸਕਦਾ। ਵੱਡੇ ਵੱਡੇ ਸੂਰਮੇ , ਬਲਵਾਨ ਮੋਹ ਅੱਗੇ ਹਰਿ ਜਾਂਦੇ ਹਨ। ਉਨ੍ਹਾਂ ਦਾ ਮਾਣ ਲੁੱਟ ਲੈਂਦਾ ਹੈ ਭਾਵ ਮਾਣ ਮਰਦਨ ਕਰ ਦਿੰਦਾ ਹੈ। ਮੋਹ ਨੇ ਕਿਸੇ ਨੂੰ ਵੀ ਨਹੀਂ ਛੱਡਿਆ। ਸ੍ਰੇਸ਼ਟ ਦੇਵਤਾ , ਗਣ , ਗੰਧਰਵ ਇੱਥੋਂ ਤੱਕ ਕਿ ਪੂਜਣ ਜੋਗ ਪਸ਼ੂ , ਪੰਛੀ ਵੀ ਮੋਹ ਦੇ ਵੱਸ ਆਉਂਦੇ ਰਹੇ ਹਨ। ਲੋਭ ਤੋਂ ਕਾਮ ਵੀ ਪ੍ਰੇਰਿਤ ਹੈ। ਕਾਮ ਮਨੁੱਖ ਨੂੰ ਨਰਕ ਦਾ ਭਾਗੀ ਬਣਾਉਂਦਾ ਹੈ ਅਤੇ ਮਨ ਨੂੰ ਭਰਮਾ ਕੇ ਸ਼ੀਲ , ਸੰਜਮ ਦਾ ਨਾਸ਼ ਕਰ ਦਿੰਦੀ ਹੈ। ਅਲਪ ਸੁੱਖ ਦੀ ਪ੍ਰਾਪਤੀ ਦੀ ਵੱਡੀ ਕੀਮਤ ਚੁਕਾਉਣੀ ਪੈਂਦੀ ਹੈ। ਮਨ ਦਾ ਲੋਭ ਜੀਵਨ ਨੂੰ ਅਤਿ ਤੀਵਰਤਾ ਨਾਲ ਪ੍ਰਭਾਵਿਤ ਕਰਦਾ ਹੈ। ਕਾਇਆ ਡੂਬੈ ਕੇਸਵਾ।। ਜੀਵਨ ਦੀ ਮਾਨ ਮਰਿਆਦਾ ਦਾ ਘਾਣ ਹੋਣ ਲੱਗਦਾ ਹੈ , ਸਦਾ ਬਣੀ ਰਹਿਣ ਵਾਲੀ ਵਿਆਕੁਲਤਾ , ਭਟਕਣ ਭਾਰੀ ਦੁੱਖਦਾਈ ਬਣ ਜਾਂਦੀ ਹੈ , ਮਨ ਆਨੰਦ ਦੇ ਮੂਲ ਪਰਮਾਤਮਾ ਤੋਂ ਦੂਰ ਹੁੰਦਾ ਜਾਂਦਾ ਹੈ , ਦੁੱਖ ਵੱਧਦੇ ਜਾਂਦੇ ਹਨ।ਵਿਚਾਰਨਜੋਗ ਇਹ ਹੈ ਕਿ ਪਰਮਾਤਮਾ ਨੇ ਦੁਰਲੱਭ ਮਨੁੱਖੀ ਜੀਵਨ ਬਖਸ਼ਿਆ ਹੈ ਤਾਂ ਕੀ ਦੁੱਖ ਭੋਗਣ ਲਈ , ਲੋਭ – ਵਿਕਾਰਾਂ ਵਿੱਚ ਜੀਵਨ ਅਕਾਰਥ ਕਰ ਦੇਣ ਲਈ।ਧਰਤੀ ਜਿਸ ਤੇ ਸਾਰੀ ਸ੍ਰਿਸ਼ਟੀ ਸਿਰਜੀ ਗਈ , ਸਾਰੇ ਜੀਅ ਰਹਿ ਰਹੇ ਹਨ , ਪਰਮਾਤਮਾ ਨੇ ਉਸ ਧਰਤੀ ਦੀਓ ਰਚਨਾ ਇੱਕ ਵਿਸ਼ੇਸ਼ ਮਨੋਰਥ ਲਈ ਕੀਤੀ ਹੈ। ਰਾਤੀ ਰੁਤੀ ਥਿਤੀ ਵਾਰ।। ਪਰਮਾਤਮਾ ਨੇ ਸੁੰਨ ਤੋਂ ਸ੍ਰਿਸ਼ਟੀ ਰਚੀ। ਪਵਨ , ਜਲ , ਅਗਨੀ ਆਦਿਕ ਰਚੇ। ਦਿਵਸ ਤੇ ਰਾਤ ਬਣਾਏ। ਅਥਾਹ ਅਨਮੋਲ ਦਾਤਾਂ ਨਾਲ ਭਰਿਆ ਆਧਾਰ ਬਣਾਇਆ ਤੇ ਉਸ ਉੱਪਰ ਧਰਤੀ ਸਾਜੀ। ਧਰਤੀ ਸਾਜਣ ਦਾ ਮਨੋਰਥ ਅਜਿਹਾ ਅਸਥਾਨ ਬਣਾਉਣਾ ਸੀ ਜਿਸ ਤੇ ਧਰਮ , ਭਗਤੀ ਨਾਲ ਭਰਿਆ ਜੀਵਨ ਜੀਵਿਆ ਜਾ ਸਕੇ। ਧਰਤੀ ਨੂੰ ਗੁਰੂ ਨਾਨਕ ਸਾਹਿਬ ਨੇ ਧਰਮ ਸਾਲ ਕਿਹਾ। ਧਰਮ ਨੂੰ ਗੁਰੂ ਸਾਹਿਬਾਨ ਨੇ ਸੱਚ ਨਾਲ ਜੋੜਿਆ। ਧਰਮ ਨੂੰ ਸੱਚ ਸਵਰੂਪ ਪਰਮਾਤਮਾ ਦੀ ਮਨ , ਵਚਨ , ਕਰਮ ਨਾਲ ਸੱਚੀ ਭਗਤੀ ਦੇ ਸੰਦਰਭ ਵਿੱਚ ਵੇਖਿਆ ਗਿਆ ਜਿਸ ਦਾ ਮੌਲਿਕ ਪੱਖ ਸੀ ਕੂੜ ਤੋਂ ਨਿਵ੍ਰਿਤ ਹੋ ਜਾਣਾ “ ਕੂੜਹੁ ਕਰੇ ਵਿਣਾਸੁ ਧਰਮੇ ਤਗੀਐ” । ਮਨੁੱਖ ਨੂੰ ਲੋਭ ਦੇ ਪ੍ਰਕੋਪ ਤੋਂ ਬਚਾਉਣ ਲਈ ਗੁਰੂ ਨਾਨਕ ਸਾਹਿਬ ਨੇ ਉਸ ਸਭ ਤੋਂ ਸੁਚੇਤ ਕੀਤਾ ਜੋ ਕੂੜ ਹੈ। ਗੁਰੂ ਸਾਹਿਬ ਨੇ ਕਿਹਾ ਕਿ ਰਾਜ ਸੱਤਾ , ਉਸ ਰਾਜ ਸੱਤਾ ਨੂੰ ਸੱਚ ਮੰਨਣ ਵਾਲਾ , ਧਨ ਦੌਲਤ, ਸੰਪਦਾ , ਸੋਨਾ ਚਾਂਦੀ ਆਦਿਕ ਕੀਮਤੀ ਮੰਨੇ ਜਾਣ ਵਾਲੇ ਪਦਾਰਥ , ਤਨ , ਵੇਸ਼ , ਰੂਪ ਰੰਗ , ਸੰਸਾਰਕ ਸਬੰਧ ਆਦਿਕ ਸਾਰਾ ਕੁਝ ਕੂੜ ਹੈ ਜਿਸ ਨੇ ਪਰਮਾਤਮਾ ਵਿਸਾਰ ਦਿੱਤਾ ਹੈ। ਸੰਸਾਰ ਵਿੱਚ ਜੋ ਵੀ ਮਿੱਠਾ ਲੱਗ ਰਿਹਾ ਹੈ , ਮਨ ਨੂੰ ਮੋਹ ਰਿਹਾ ਹੈ ਉਹ ਸਭ ਕੁਝ ਹੈ , ਛਲਾਵਾ ਹੈ , ਵਿਨਾਸ਼ਕ ਹੈ “ ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ ” । ਇੱਕ ਪਰਮਾਤਮਾ ਤੋਂ ਅਲਾਵਾ ਸਭ ਕੂੜ ਹੈ। ਕੂੜ ਵਿੱਚ ਦੁੱਖ ਹੈ। ਕੂੜ ਦਾ ਮੋਹ ਤਿਆਗ ਕੇ ਹੀ ਮਨੁੱਖ ਪਰਮਾਤਮਾ ਦੀ ਕ੍ਰਿਪਾ ਪ੍ਰਾਪਤ ਕਰ ਸਕਦਾ ਹੈ। ਪਰਮਾਤਮਾ ਦੀ ਕਿਰਪਾ ਵਿੱਚ ਹੀ ਸੁੱਖ ਹੈ “ ਅਨਦ ਮੂਲੁ ਧਿਆਇਓ ਪੁਰਖੋਤਮੁ ਅਨਦਿਨੁ ਅਨਦ ਅਨੰਦੇ ” । ਪਰਮਾਤਮਾ ਆਨੰਦ ਦਾ ਮੂਲ ਸ੍ਰੋਤ ਹੈ। ਉਹ ਹੀ ਆਨੰਦ ਦਾ ਇੱਕੋ ਇੱਕ ਦਾਤਾ ਹੈ। ਪਰਮਾਤਮਾ ਨਾਲ ਪ੍ਰੇਮ ਵਿੱਚ ਆਨੰਦ ਹੈ ਪਰ ਸੰਸਾਰ ਦੇ ਲੋਭ ਦਾ ਤਿਆਗ ਕੀਤੇ ਬਿਨਾ ਇਹ ਸੰਭਵ ਨਹੀਂ ਹੈ। ਫਰੀਦਾ ਜਾ ਲਬੁ ਤਾ ਨੇਹੁ ਕਿਆ ਲਬੁ ਤ ਕੂੜਾ ਨੇਹੁ।। ਛੱਪਰ ਟੁੱਟਿਆ ਹੋਇਆ ਹੈ। ਉੱਪਰ ਮੀਂਹ ਬਰਸ ਰਿਹਾ ਹੈ। ਕੋਈ ਉਸ ਟੁੱਟੇ ਛੱਪਰ ਹੇਠ ਖੜੇ ਰਹਿ ਕੇ ਮੀਹ ਤੋਂ ਕਦੋਂ ਤੱਕ ਬਚ ਸਕਦਾ ਹੈ। ਛੱਪਰ ਡਿੱਗਦਿਆਂ ਹੀ ਮੀਂਹ ਨੇ ਸਰਾਬੋਰ ਕਰ ਦੇਣਾ ਹੈ। ਸੰਸਾਰ ਦਾ ਲੋਭ ਵੀ ਟੁੱਟਾ ਛੱਪਰ ਹੈ। ਇਸ ਲੋਭ ਤੋਂ ਸੁੱਖ ਦੀ ਆਸ ਨੇ ਛੇਤੀ ਹੀ ਟੁੱਟ ਜਾਣਾ ਹੈ , ਫਿਰ ਦੁੱਖਾਂ ਤੋਂ ਕੋਈ ਨਹੀਂ ਬਚਾ ਸਕੇਗਾ। ਜਦੋਂ ਤੱਕ ਮਨ ਵਿੱਚ ਕਿਸੇ ਵੀ ਤਰਹ ਦਾ ਲੋਭ ਹੈ , ਸੁੱਖਾਂ ਦੇ ਦਾਤੇ ਪਰਮਾਤਮਾ ਨਾਲ ਪ੍ਰੀਤ ਨਹੀਂ ਜੁੜ ਸਕਦੀ। ਮਨ ਅੰਦਰ ਸੰਸਾਰ ਦਾ ਲੋਭ ਰੱਖ ਕੇ ਪਰਮਾਤਮਾ ਨਾਲ ਕੀਤੀ ਪ੍ਰੀਤ , ਭਗਤੀ ਅਕਾਰਥ ਚਲੀ ਜਾਂਦੀ ਹੈ। ਦਰਅਸਲ ਪਰਮਾਤਮਾ ਹੀ ਪ੍ਰੀਤ ਕਰਨ ਯੋਗ ਹੈ ਕਿਉਂਕਿ ਮਾਤਰ ਉਹ ਹੀ ਸੰਪੂਰਨ ਬ੍ਰਹਮੰਡ ਵਿੱਚ ਮਨ ਨੂੰ ਮੋਹਨ ਵਾਲਾ ਹੈ ” ਲਾਲ ਰੰਗੀਲੇ ਪ੍ਰੀਤਮ ਮਨਮੋਹਨ ਤੇਰੇ ਦਰਸਨ ਕਉ ਹਮ ਬਾਰੇ “ । ਜਿਸ ਨੇ ਪਰਮਾਤਮਾ ਦਾ ਮਨਮੋਹਕ ਰੂਪ ਵੇਖ ਲਿਆ ਹੈ ਉਸ ਦੇ ਮਨ ਅੰਦਰ ਦਾ ਲੋਭ ਦੂਰ ਹੋ ਜਾਂਦਾ ਹੈ , ਸੰਸਾਰ ਦਾ ਕੂੜ ਪ੍ਰਗਟ ਹੋ ਜਾਂਦਾ ਹੈ। ਲੋਭ ਦੀ ਥਾਂ ਮਨ ਅੰਦਰ ਪਰਮਾਤਮਾ ਦੀ ਪ੍ਰੀਤ ਹੋਵੇ ਤਾਂ ਪਰਮਾਤਮਾ ਦਾ ਜਨ ਵਾਰ ਵਾਰ ਉਸ ਤੇ ਬਲਿਹਾਰ ਜਾਂਦਾ ਹੈ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਡਾ. ਸਤਿੰਦਰ ਪਾਲ ਸਿੰਘ
ਦਿ ਪਾਂਡਸ
ਸਿਡਨੀ , ਆਸਟ੍ਰੇਲੀਆ
ਈ ਮੇਲ - akaalpurkh.7@gmail.com

by 