5 June 2026

ਆਸਟ੍ਰੇਲੀਆ ਦਾ ਅਦਭੁੱਤ ਪੇਲਿਕਨ ਟਾਈਮ ਸ਼ੋ — ਡਾ.ਸਤਿੰਦਰ ਪਾਲ ਸਿੰਘ 

ਆਸਟ੍ਰੇਲੀਆ ਆਪਣੀ ਕੁਦਰਤੀ ਖੂਬਸੂਰਤੀ ‘ਤੇ ਖੁਸ਼ਨੁਮਾ ਜੀਵਨ ਸ਼ੈਲੀ ਲਈ ਸੰਸਾਰ ਭਰ ਵਿੱਚ ਪ੍ਰਸਿੱਧ ਹੈ। ਕੰਗਾਰੂ ਨੂੰ ਇੱਥੇ ਦਾ ਖਾਸ ਜਾਨਵਰ ਮੰਨਿਆ ਗਿਆ ਹੈ ਅਤੇ ਕੰਗਾਰੂਆਂ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਪਰ ਪੇਲਿਕਨ ਪੰਛੀ ਦਾ ਜੋ ਨਜਾਰਾ ਇੱਥੇ ਵੇਖਣ ਨੂੰ ਮਿਲਦਾ ਹੈ ਉਹ ਮਨ ਮੋਹ ਲੈਣ ਵਾਲਾ ਹੈ। ਪੇਲਿਕਨ ਇੱਕ ਬਹੁਤ ਵੱਡਾ ਜਲ ਪੰਛੀ ਹੈ ਜਿਸ ਦੀ  ਲੰਬੀ ਚੁੰਝ ਅਤੇ ਚੁੰਝ ਦੇ ਨਾਲ ਹੀ ਹੇਠਾਂ ਬਣੀ ਹੋਈ ਇੱਕ ਵੱਡੀ ਚਮੜੀ ਵਾਲੀ ਥੈਲੀ ਉਸ ਨੂੰ ਖਾਸ ਬਣਾ ਦਿੰਦੀ ਹੈ। ਪੇਲਿਕਨ ਜਲ ਵਿੱਚ ਤੈਰ  ਵੀ ਸਕਦਾ ਹੈ ਤੇ ਉਡਾਰੀ ਵੀ ਮਾਰ ਸਕਦਾ ਹੈ ਤੇ ਜ਼ਮੀਨ ਤੇ ਚਹਿਲ ਕਦਮੀ ਵੀ ਕਰ ਸਕਦਾ ਹੈ ।  ਇੱਕ ਵੱਡੇ ਪੰਛੀ ਦਾ ਤੈਰਦੇ ਹੋਏ ਤੇ ਨਾਲ ਹੀ ਉਡਾਰੀ ਮਾਰਦੇ ਹੋਏ ਵੇਖਣਾ ਇੱਕ ਅਭੁੱਲ ਅਨੁਭਵ ਹੈ ਜੋ ਕੁਦਰਤ ਦੇ ਵਿਸਮਾਦੀ ਰੂਪ ਦਾ ਨਿਵੇਕਲਾ ਪੱਖ ਦਰਸਾਉਂਦਾ ਹੈ। ਆਸਟ੍ਰੇਲੀਆ ਦਾ ਪ੍ਰਸਿੱਧ ਸ਼ਹਿਰ ਸਿਡਨੀ ਨਿਊ ਸਾਊਥ ਵੈਲਸ ਪ੍ਰਾਂਤ ਵਿੱਚ ਆਉਂਦਾ ਹੈ। ਸਿਡਨੀ ਵਿੱਚ ਹੀ ਵੇਖਣ ਲਈ ਬਹੁਤ ਥਾਵਾਂ ਹਨ , ਸਿਡਨੀ ਦੇ ਆਲੇ ਦੁਆਲੇ ਵੀ ਕਿਤਨੇ ਹੀ ਸੁੰਦਰ ਅਸਥਾਨ ਹਨ ਜਿਨ੍ਹਾਂ ਨੂੰ ਵੇਖਣਾ ਮਨ ਨੂੰ ਆਨੰਦ ਨਾਲ ਭਰ ਦਿੰਦਾ ਹੈ।ਸਿਡਨੀ ਤੋਂ ਲਗਭੱਗ ਸੌ ਕਿਲੋਮੀਟਰ ਦੂਰ ਇੱਕ ਛੋਟਾ ਸ਼ਹਿਰ  ਹੈ ਜਿਸ ਨੂੰ ਦੀ ਐਂਟਰੇਂਸ ਕਿਹਾ ਜਾਂਦਾ ਹੈ।ਸਿਡਨੀ ਤੋਂ ਇੱਥੇ ਆਉਣ ‘ਚ ਦੋ ਘੰਟੇ ਲੱਗ ਜਾਂਦੇ ਹਨ। ਇਹ  ਸਾਊਥ ਕੋਸਟ ਵਿਚ ਸਥਿਤ ਇੱਕ ਮਸ਼ਹੂਰ ਟੂਰਿਸਟ ਸਥਾਨ ਹੈ।  ਇੱਥੇ ਟੁਗਰਾਹ   ਲੇਕ   ਪ੍ਰਸ਼ਾਂਤ ਮਹਾਸਾਗਰ ਨਾਲ ਮਿਲਦੀ ਹੈ। ਇਹ ਸ਼ਹਿਰ ਤਿੰਨ ਦਿਸ਼ਾਵਾਂ ਤੋਂ ਜਲ ਨਾਲ ਘਿਰਿਆ ਹੋਇਆ ਹੈ ਅਤੇ ਟੁਗਰਾਹ ਲੇਖ ਵੱਲ ਖੁੱਲਦਾ ਹੈ। ਇਸ ਨੂੰ ਸਿਡਨੀ ਦਾ ਪ੍ਰਵੇਸ਼ ਦੁਆਰ ਵੀ ਕਿਹਾ ਜਾਂਦਾ ਹੈ ਤਾਂ ਹੀ ਇਸ ਦਾ ਨਾਮ ਦੀ ਐਂਟਰੈਂਸ ਪਿਆ ਹੈ। 

ਸਿਡਨੀ ਤੋਂ ਦੀ ਐਂਟਰੇਂਸ ਆਉਣ ਦਾ ਖਾਸ ਮਕਸਦ ਪੇਲਿਕਨ ਵੇਖਣਾ ਹੁੰਦਾ ਹੈ। ਸਿਡਨੀ ਤੋਂ ਦੀ ਐਂਟਰੇਂਸ ਆਉਣ ਦਾ ਮਾਰਗ ਕੁਦਰਤ ਦੇ ਭਿੰਨ ਭਿੰਨ ਰੰਗਾਂ ਨਾਲ ਭਰਿਆ ਹੋਇਆ ਹੈ।ਪੂਰੇ ਸਫ਼ਰ ਵਿੱਚ ਹਰ ਅਗਲਾ ਨਜਾਰਾ ਆਨੰਦ ਨਾਲ ਭਰ ਦਿੰਦਾ ਹੈ। ਸਾਫ ਸੁਥਰੀ ਚੌੜੀ ਸੜਕ  , ਸੁਚੱਜਾ ਟ੍ਰੈਫਿਕ ਪੂਰੇ ਸਫ਼ਰ ਨੂੰ ਸੁਖਾਲਾ ਕਰ ਦਿੰਦਾ ਹੈ। ਦੀ ਐਂਟਰੈਂਸ ਸ਼ਹਿਰ ਵਿੱਚ ਆਉਂਦੀਆਂ ਹੀ ਇੱਕ ਸੁਖਦ ਅਹਿਸਾਸ ਹੁੰਦਾ ਹੈ।  ਇਹ ਇੱਕ ਛੋਟਾ ਜਿਹਾ ਸ਼ਾਂਤ ਸ਼ਹਿਰ  ਹੈ ਜਿਸ ਵਿੱਚ ਦਾਖਿਲ ਹੁੰਦੀਆਂ ਹੀ ਮਨ ਸੁਕੂਨ ਨਾਲ ਭਰ ਜਾਂਦਾ ਹੈ। ਛੋਟੀਆਂ ਛੋਟੀਆਂ ਦੁਕਾਨਾਂ ਹਨ ਜਿਨ੍ਹਾਂ ਵਿੱਚ ਟੂਰਿਸਟ ਸੈਂਟਰ ਹੋਣ ਕਾਰਨ ਰੈਸਟੋਰੈਂਟ  ਜਿਆਦਾ ਹਨ। ਲੋਕਾਂ ਦੀ ਪਸੰਦ ਦੇ ਤਕਰੀਬਨ ਸਾਰੇ ਹੀ ਮਸ਼ਹੂਰ ਰੈਸਟੋਰੈਂਟ ਇੱਥੇ ਮਿਲ ਜਾਣਗੇ ਪਰ ਸ਼ਾਕਾਹਾਰੀ ਖਾਣਾ ਮਿਲਣਾ ਮੁਸ਼ਕਿਲ ਹੁੰਦਾ ਹੈ।   ਇਨ੍ਹਾਂ ਵਿੱਚ ਹੀ ਪੁਰਾਤਨ ਸਮੇਂ ਦਾ ਬਣਿਆ ਹੋਇਆ ਪੋਸਟ ਆਫਿਸ ਵੀ ਹੈ ਜਿਸ ਦੀ ਇਮਾਰਤ ਨੂੰ ਵੇਖਣਾ ਸਥਾਨਕ ਸਭਿਆਚਾਰ ਨਾਲ ਜੁੜਨ ਦੀ ਦ੍ਰਿਸ਼ਟੀ ਦਿੰਦਾ ਹੈ। 

ਦੀ ਐਂਟਰੈਂਸ ਆਉਣ ਵਾਲੇ ਜਿਆਦਾਤਰ ਲੋਕਾਂ ਦਾ ਮਕਸਦ ਪੇਲਿਕਨ ਵੇਖਣਾ ਹੀ ਹੁੰਦਾ ਹੈ। ਮੈਮੋਰੀਅਲ ਪਾਰਕ ਵਿੱਚ ਲੇਕ ਦੇ ਕਿਨਾਰੇ ਇੱਕ ਖਾਸ ਜਗਹ ਬਣਾਈ ਗਈ ਹੈ ਜਿੱਥੇ ਟੂਰਿਸਟ ਇਕੱਤਰ ਹੋਣਾ ਸ਼ੁਰੂ ਹੋ ਜਾਂਦੇ ਹਨ। ਇੱਥੇ ਪੇਲਿਕਨ ਵੇਖਣ ਦਾ ਸਮਾਂ ਹਰ ਬੁਧਵਾਰ , ਸ਼ਨਿੱਚਰ ਵਾਰ ਤੇ ਐਤਵਾਰ ਸ਼ਾਮ ਸਾਢੇ ਤਿੰਨ ਵਜੇ ਦਾ ਹੈ।  ਇਸ ਨੂੰ ਪੇਲਿਕਨ ਟਾਈਮ ਵੀ ਕਿਹਾ ਜਾਂਦਾ ਹੈ। ਇਸ ਦਾ ਪ੍ਰਬੰਧ ਮੈਰੀਨ ਵਾਇਲਡ ਲਾਇਫ ਰੇਸਕਿਉ ਸੇੰਟ੍ਰਲ ਕੋਸਟ ਦੇ ਵਾਲੰਟੀਅਰ ਕਰਦੇ ਹਨ। ਇਕੱਤਰ ਹੋਏ ਲੋਕਾਂ ਨੂੰ ਮਾਈਕ੍ਰੋਫੋਨ ਰਾਹੀਂ ਪੇਲਿਕਨ ਪੰਛੀ ਬਾਰੇ ਸਾਰੀ  ਜਾਣਕਾਰੀ  ਦਿੱਤੀ ਜਾਂਦੀ ਹੈ। ਇਸ ਜਾਣਕਾਰੀ ਦਾ ਮਕਸਦ ਲੋਗਾਂ ਅੰਦਰ ਪੇਲਿਕਨ ਪੰਛੀ ਬਾਰੇ ਜਾਗਰੂਕਤਾ ਪੈਦਾ ਕਰਨਾ , ਉਸ ਦੀ ਸੰਭਾਲ ਦੀ ਲੋੜ ਦਾ ਅਹਿਸਾਸ ਕਰਾਉਣਾ ਤੇ ਇੱਕ ਸਹਿਯੋਗੀ ਵਾਤਾਵਰਨ ਬਣਾਉਣਾ ਹੈ। ਇਸ ਤੋਂ ਬਾਅਦ ਵਾਲੰਟੀਅਰ ਪੇਲਿਕਨ ਪੰਛੀਆਂ ਨੂੰ ਇੱਕ ਖਾਸ ਪੇਸ਼ੇਵਰ ਢੰਗ ਨਾਲ ਪਾਣੀ ਤੋਂ ਬਾਹਰ ਬੁਲਾਉਂਦੇ ਹਨ।  ਪੇਲਿਕਨਸ ਝੁੰਡਾਂ ਵਿੱਚ ਪਾਣੀ ਤੋਂ ਨਿਕਲ ਕੇ ਲੋਕਾਂ ਦੇ ਕੋਲ ਆ ਜਾਂਦੇ ਹਨ।  ਇਹ ਨਜਾਰਾ ਬਹੁਤ ਹੀ ਸੁੰਦਰ ਹੁੰਦਾ ਹੈ।  ਉਹ ਚਹਿਲਕਦਮੀ ਕਰਦੇ ਹਨ।  ਮੈਰੀਨ ਵਾਇਲਡ ਲਾਇਫ ਰੈਸਕਿਉ ਦੇ ਵਾਲੰਟੀਅਰ ਖਾਸ ਖਿਆਲ ਰੱਖਦੇ ਹਨ ਕਿ ਲੋਗ ਪੇਲਿਕਨਸ ਦੇ ਜਿਆਦਾ ਨੇੜੇ ਨਾ ਜਾਣ , ਨਾਂ ਹੀ ਕੋਈ ਸ਼ੋਰ ਸ਼ਰਾਬਾ ਜਾਂ ਹਰਕਤ ਕਰਨ ਜਿਸ ਨਾਲ ਪੇਲਿਕਨਸ ਨੂੰ ਕੋਈ ਪਰੇਸ਼ਾਨੀ  ਹੋਵੇ। ਪੇਲਿਕਨ ਨੂੰ ਕੁਝ ਖਾਣਾ ਦੇਣ ਤੋਂ ਵੀ ਵਰਜਿਆ ਜਾਂਦਾ ਹੈ। ਪੇਲਿਕਨ  ਉੱਥੇ ਦੇ ਵਾਲੰਟੀਅਰਾਂ ਦੇ ਸੰਕੇਤ ਸਮਝਦੇ ਹਨ।  ਸਿਰਫ ਉਨ੍ਹਾਂ ਦੇ ਸੰਕੇਤ ਤੇ ਹੀ ਪਾਣੀ ਤੋਂ ਬਾਹਰ ਆਉਂਦੇ ਹਨ। ਪੇਲਿਕਨ ਇਸ ਨਿੱਕੇ ਜਿਹੇ ਸ਼ਹਿਰ ਦੀ ਪਛਾਣ ਬਣ ਗਏ ਹਨ।  ਸ਼ਹਿਰ ਵਿੱਚ ਆਏ ਲੋਗ ਪੇਲਿਕਨ ਟਾਈਮ ਦੀ ਉੱਡੀਕ ਬੇਸਬਰੀ ਨਾਲ ਕਰਦੇ ਹਨ ਤੇ ਸਮੇਂ ਤੋਂ ਪਹਿਲਾਂ ਹੀ ਅੱਗੇ ਜਾ ਕੇ ਬੈਠ ਜਾਂਦੇ ਹਨ ਤਾਂ ਜੋ ਪੇਲਿਕਨ ਨੂੰ ਨੇੜੇ ਤੋਂ ਵੇਖ ਸਕਣ। ਪੇਲਿਕਨ ਨੂੰ ਪਾਣੀ ਵਿਚ ਤੈਰਦੇ ਵੇਖਣਾ ਵੀ ਬਹੁਤ ਮਨਮੋਹਕ ਲੱਗਦਾ ਹੈ। ਉਡਾਰੀ ਮਾਰਦੀਆਂ ਪੰਖ ਖੋਲਣ ਨਾਲ ਇਸ ਦਾ ਆਕਾਰ ਬਹੁਤ ਵੱਡਾ ਹੋ ਜਾਂਦਾ ਹੈ।ਇਸ ਦਾ ਮੁੱਖ ਭੋਜਨ ਮੱਛੀ ਹੈ। ਜਲ ਵਿੱਚ ਰਹਿਣ ਵਾਲੇ ਅਨੇਕ ਜੀਵ ਸੁੰਦਰ ਹਨ। ਪਰ ਪੇਲਿਕਨ ਜਲ , ਥਲ , ਆਕਾਸ਼ ਤਿੰਨਾਂ ਦਾ ਜੀਵ ਹੋਣ ਕਾਰਨ ਆਪਣੀ ਖਾਸ ਮਹੱਤਤਾ ਰੱਖਦਾ ਹੈ। ਇਸ ਦਾ ਸੁੰਦਰ ਆਕਾਰ , ਰੂਪ ਰੰਗ ਵੇਖ ਕੇ ਟਿਕ ਗਈ ਨਜਰ ਹੱਟਦੀ ਹੀ ਨਹੀਂ ਹੈ।  ਖਾਸ ਤੌਰ ਤੇ ਬੱਚੇ ਪੇਲਿਕਨ ਨੂੰ ਵੇਖ ਕੇ ਮੰਤਰ ਮੁਗਧ ਹੋ ਜਾਂਦੇ ਹਨ।  ਬੱਚਿਆਂ ਲਈ ਨੇੜੇ ਹੀ ਪਾਰਕ ਬਣਿਆ ਹੋਇਆ ਹੈ ਜੋ ਭਰਿਆ ਹੀ ਰਹਿੰਦਾ ਹੈ।  ਇਸ ਨਾਲ ਇੱਕ ਉਮੰਗ ਭਰਿਆ ਮਾਹੌਲ ਬਣ ਜਾਂਦਾ ਹੈ।

ਆਮ ਤੌਰ ਤੇ ਸਿਡਨੀ ਤੋਂ ਲੋਗ ਸਵੇਰੇ ਹੀ ਚੱਲ ਕੇ ਇਸ ਸ਼ਹਿਰ ਵਿੱਚ ਆ ਜਾਂਦੇ ਹਨ। ਲੇਕ ਦੇ ਕਿਨਾਰੇ ਕਿਨਾਰੇ ਕਈ ਪਾਰਕ ਹਨ ਜਿੱਥੇ ਪਿਕਨਿਕ ਮਨਾਉਂਦੇ ਲੋਗ ਨਜਰ ਆਉਂਦੇ ਹਨ। ਲੇਕ ਦੇ ਕਿਨਾਰੇ  ਚੱਲਣ ਲਈ ਲੰਮਾ ਵਾਕ ਵੇ ਹੈ ਜਿਸ ਤੇ ਪੈਦਲ ਜਾਂ ਸਾਈਕਲ ਤੇ ਚੱਲਦਿਆਂ ਲੋਗ ਸੁਹਾਵਣੇ ਨਜਾਰਿਆਂ ਦਾ ਆਨੰਦ ਮਾਣਦੇ ਹਨ। ਸਿਡਨੀ ਜਿਹੇ ਵੱਡੇ ਸ਼ਹਿਰਾਂ ਵਿੱਚ ਰਹਿੰਦੀਆਂ ਜਿਸ ਸੁਖਾਲੇ ਪਲਾਂ ਦੀ ਘਾਟ ਕਦੇ ਮਹਿਸੂਸ ਹੁੰਦੀ ਹੋਵੇ ਉਹ ਇਸ ਸ਼ਹਿਰ ਵਿੱਚ ਆ ਕੇ ਪੂਰੀ ਹੋ ਜਾਂਦੀ ਹੈ।  ਪੂਰਾ ਸ਼ਹਿਰ ਇੱਕ ਨਜਰ ਵਿੱਚ ਵੇਖਿਆ ਜਾ ਸਕਦਾ ਹੈ।  ਦੀ ਐਂਟਰੇਂਸ ਸ਼ਹਿਰ ਇੱਕ ਸੁਪਨੇ ਜਿਹਾ ਲੱਗਦਾ ਹੈ।  ਸਾਰਾ ਕੁੱਝ ਨੇੜੇ ਨੇੜੇ , ਜੀਵਨ ਜਿਵੇਂ ਸਿਮਟ ਜਿਹਾ ਗਿਆ ਹੋਵੇ। ਪਰ ਇਸ ਸ਼ਹਿਰ ਦੀ ਨਬਜ ਮੈਮੋਰੀਅਲ ਪਾਰਕ ਹੀ ਹੈ ਜੋ ਹਮੇਸ਼ਾ ਚਹਿਲ ਪਹਿਲ ਦਾ ਕੇਂਦਰ ਬਣਿਆ ਰਹਿੰਦਾ ਹੈ। ਬਾਹਰ ਤੋਂ ਆਉਣ ਵਾਲੇ ਲੋਗ ਆਮ ਤੌਰ ਤੇ ਮੈਮੋਰੀਅਲ ਪਾਰਕ ਤੋਂ ਹੀ ਆਪਣਾ ਦਿਨ ਆਰੰਭ ਕਰਦੇ ਹਨ।  

ਵੈਸੇ ਤਾਂ ਸਿਡਨੀ ਆਪਣੇ ਆਪ ਵਿੱਚ ਦੁਨੀਆ ਦਾ ਇੱਕ ਬਹੁਤ ਖੂਬਸੂਰਤ ਸ਼ਹਿਰ ਹੈ ਪਰ ਜੇ ਇਸ ਖੂਬਸੂਰਤੀ ਦੇ ਆਨੰਦ ਨੂੰ ਹੋਰ ਨਿਖਾਰਨਾ  ਹੋਵੇ ਤਾਂ ਦੀ ਐਂਟਰੇਂਸ ਜਰੂਰ ਜਾਣਾ ਚਾਹੀਦੇ। ਪੇਲਿਕਨ ਵੇਖਣਾ ਤਾਂ ਇੱਕ ਮਕਸਦ ਹੁੰਦਾ  ਹੀ ਹੈ ਪਰ ਇਸ ਨਿੱਕੇ ਜਿਹੇ ਸਕੂਨ ਭਰੇ ਸ਼ਹਿਰ ਨੂੰ ਮਹਿਸੂਸ ਕਰਨਾ ਵੀ ਇੱਕ ਪ੍ਰਾਪਤੀ ਜਿਹਾ ਹੈ ਜਿਸ ਲਈ ਪੂਰਾ ਦਿਨ ਬਤੀਤ ਕਰਨਾ ਸਾਰਥਕ ਕਿਹਾ ਜਾ ਸਕਦਾ ਹੈ।  ਜੇ ਸਿਡਨੀ ਤੋਂ ਆ ਰਹੇ ਹਾਂ ਤਾਂ ਖਾਣ ਪੀਣ ਦਾ ਸਮਾਨ ਨਾਲ ਲੈ ਕੇ ਚੱਲਣਾ ਸੁਵਿਧਾਜਨਕ ਰਹਿੰਦਾ ਹੈ ਖ਼ਾਸ ਤੌਰ ਤੇ ਉਨ੍ਹਾਂ ਲਈ ਜੋ ਸ਼ਾਕਾਹਾਰੀ ਹਨ , ਕਿਉਂਕਿ ਉਨ੍ਹਾਂ ਲਈ ਬਹੁਤ ਘੱਟ ਵਿਕਲਪ ਮਿਲਦੇ ਹਨ , ਹੰਗਰੀ ਜੈਕਸ ਜਿਹੇ ।
***
ਡਾ. ਸਤਿੰਦਰ ਪਾਲ ਸਿੰਘ
ਈ – 1716 , ਰਾਜਾ ਜੀ ਪੁਰਮ
ਲਖਨਊ – 226017
ਈ ਮੇਲ – akaalpurkh.7@gmail.com

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1846
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਸਤਿੰਦਰ ਪਾਲ ਸਿੰਘ
ਦਿ ਪਾਂਡਸ
ਸਿਡਨੀ , ਆਸਟ੍ਰੇਲੀਆ
ਈ ਮੇਲ - akaalpurkh.7@gmail.com   

ਡਾ. ਸਤਿੰਦਰ ਪਾਲ ਸਿੰਘ

ਡਾ. ਸਤਿੰਦਰ ਪਾਲ ਸਿੰਘ ਦਿ ਪਾਂਡਸ ਸਿਡਨੀ , ਆਸਟ੍ਰੇਲੀਆ ਈ ਮੇਲ - akaalpurkh.7@gmail.com   

View all posts by ਡਾ. ਸਤਿੰਦਰ ਪਾਲ ਸਿੰਘ →