|
ਹਰ ਮਨੁੱਖ ਦੀ ਆਪਣੀ ਜੀਵਨ ਸ਼ੈਲੀ ਹੈ ਜੋ ਉਸ ਦੀ ਸੋਚ ਦਾ ਪ੍ਰਤੀਕ ਹੁੰਦੀ ਹੈ ‘ਤੇ ਉਸ ਦੇ ਨਿਜੀ ,ਸਮਾਜਕ, ਆਰਥਕ ਵਿਵਹਾਰ ਨੂੰ ਦਿਸ਼ਾ ਦਿੰਦੀ ਹੈ। ਗੁਰਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਧੀਨਤਾ ਸਵੀਕਾਰ ਕਰਦਾ ਹੈ ਤੇ ਗੁਰਬਾਣੀ ਤੋਂ ਹੀ ਜੀਵਨ ਜਾਚ ਪ੍ਰਾਪਤ ਕਰਦਾ ਹੈ। ਗੁਰਸਿੱਖ ਦਾ ਗੁਰੂ ਸੰਪੂਰਨ ਗੁਰੂ ਹੈ, ਗੁਰੂ ਦੀਆਂ ਸਿਖਿਆਵਾਂ ਜੀਵਨ ਨੂੰ ਸੰਪੂਰਨ ਦ੍ਰਿਸ਼ਟੀ ਪ੍ਰਦਾਨ ਕਰਨ ਵਾਲਿਆਂ ਹਨ। ਜੀਵਨ ਦਾ ਕੋਈ ਵੀ ਸਵਾਲ ਨਹੀਂ ਜਿਸ ਦਾ ਨਿਦਾਨ ਗੁਰਬਾਣੀ ਵਿੱਚ ਨਾਂ ਪ੍ਰਾਪਤ ਹੋ ਸਕੇ। ਵਰਤਮਾਨ ਯੁੱਗ ਪ੍ਰਬੰਧ ਦਾ ਯੁੱਗ ਹੈ। ਜੀਵਨ ਦੇ ਹਰ ਖੇਤਰ ਵਿੱਚ ਸਿਧਾਂਤਕ, ਵਿਵਹਾਰਕ ਮਾਪਦੰਡ ਲੱਭੇ ‘ਤੇ ਵਿਕਸਿਤ ਕੀਤੇ ਜਾ ਰਹੇ ਹਨ। ਮਨੁੱਖ ਦਾ ਵਿਸ਼ਵਾਸ ਹੈ ਕਿ ਇਸ ਨਾਲ ਜੀਵਨ ਸੌਖਾ ਹੋ ਜਾਵੇਗਾ। ਘਰ ਦੇ ਬਾਹਰ ਹੀ ਨਹੀਂ ਘਰ ਅੰਦਰ ਰਹਿਣ ਦੀ ਵੀ ਕੁੱਝ ਮਰਿਆਦਾ ਹੈ ਜੋ ਰਾਜ ਦੇ ਕਿਸੇ ਨ ਕਿਸੇ ਕਾਨੂੰਨ ਨਾਲ ਜੋੜ ਦਿੱਤੀ ਗਈ ਹੈ, ਕਿਸੇ ਨ ਕਿਸੇ ਸਮਾਜਕ ਸਵੀਕਾਰਤਾ ਨਾਲ ਸਬੰਧ ਰੱਖਦੀ ਹੈ। ਧਰਤੀ ਤੇ ਕੋਈ ਵੀ ਮਨੁੱਖ ਅਜਿਹਾ ਨਹੀਂ ਜੋ ਪੂਰਨ ਤੌਰ ਤੇ ਆਪਣੀ ਇੱਛਾ ਅਨੁਸਾਰ ਜੀਵਨ ਜੀ ਸਕੇ। ਮਰਿਆਦਾ ਦਾ ਸਬੰਧ ਮਨੁੱਖ ਦੀ ਸ੍ਰੇਸ਼ਟਤਾਈ ਨਾਲ ਹੈ। ਉੱਤਮ ਮਨੁੱਖ ਉਹ ਹੈ ਜੋ ਨਿਜੀ ਤੇ ਸਮਾਜਕ ਜੀਵਨ ਵਿੱਚ ਮਰਿਆਦਾ ਦਾ ਪਾਲਨ ਕਰਦਾ ਹੈ। ਗੁਰਬਾਣੀ ਉੱਤਮ ਮਨੁੱਖ ਦੀ ਗੱਲ ਤੱਕ ਨਹੀਂ ਰੁੱਕਦੀ ਮਨੁੱਖ ਨੂੰ ਦੇਵਤਾ ਬਣਾਉਣ ਦਾ ਟੀਚਾ ਕਾਇਮ ਕਰਦੀ ਹੈ। ਮਨੁੱਖ ਉੱਤਮ ਹੋ ਸਕਦਾ ਹੈ ਪਰ ਦੇਵਤਾ ਤਾਂ ਉੱਤਮਤਾ ਦਾ ਸ੍ਰੋਤ ਮੰਨਿਆ ਗਿਆ ਹੈ। ਦੇਵਤਾ ਬਣਨਾ ਅਸੰਭਵ ਜਾਂ ਕਠਿਨ ਨਹੀਂ। ਗੁਰਬਾਣੀ ਇਸ ਦਾ ਅਤਿ ਸਰਲ ਮਾਰਗ ਦੱਸਦੀ ਹੈ“ ਮਾਣਸ ਤੇ ਦੇਵਤੇ ਭਏ ਧਿਆਇਆ ਨਾਮੁ ਹਰੇ”। ਬਸ ਇਸ ਨਾਮ ਧਿਆਉਣ ਵਿੱਚ ਹੀ ਪ੍ਰਬੰਧਨ ਦੇ ਸੂਤਰ ਛੁੱਪੇ ਹੋਏ ਹਨ ਜਿਨ੍ਹਾਂ ਨੂੰ ਖੋਜਨ ਵਿੱਚ ਗੁਰੂ ਦੀ ਕਿਰਪਾ ਹੀ ਸਹਾਇਕ ਹੁੰਦੀ ਹੈ। ਮਨੁੱਖ ਨੇ ਆਪਣੇ ਆਪ ਨੂੰ ਆਪਣੇ ਤਨ ਦਾ ਸੁਆਮੀ ਮੰਨ ਲਿਆ ਹੈ। ਇਸ ਸੋਚ ਤੋਂ ਹੀ ਉਸ ਦੇ ਸਾਰੇ ਸੰਕਟ ਪੈਦਾ ਹੁੰਦੇ ਹਨ। ਗੁਰਬਾਣੀ ਮਨੁੱਖ ਨੂੰ ਸੰਕਟਾਂ ਤੋਂ ਬਚਾਉਣ ਲਈ ਤਨ ਦੀ ਸਾਰਥਕਤਾ ਦਾ ਬੋਧ ਕਰਾਉਂਦੀ ਹੈ। ਮਨੁੱਖ ਦਾ ਤਨ ਉਸ ਦੀ ਹੋਂਦ ਨਹੀਂ ਹੈ। ਤਨ ਮਾਧਿਅਮ ਹੈ ਜੋ ਉਸ ਨੂੰ ਪਰਮਾਤਮਾ ਨੇ ਅਨਮੋਲ ਸੁਗਾਤ ਵੱਜੋਂ ਦਿੱਤਾ ਹੈ“ ਦੇਹ ਤੇਜਣਿ ਜੀ ਰਾਮਿ ਉਪਾਈਆ ਰਾਮ”। ਤਨ ਉਹ ਘੋੜੀ ਹੈ ਜਿਸ ਤੇ ਸਵਾਰ ਹੋ ਕੇ ਮਨੁੱਖ ਨੇ ਜੀਵਨ ਮਨੋਰਥ ਦੀ ਪ੍ਰਾਪਤੀ ਵੱਲ ਵੱਧਣਾ ਹੈ। ਗੁਰੂ ਰਾਮਦਾਸ ਸਾਹਿਬ ਨੇ ਵਚਨ ਕੀਤਾ ਕਿ ਇਹ ਕਾਇਆ ਸੋਨੇ ਵਰਗੀ ਹੈ ਜਿਸ ਦੀ ਚਮਕ ਪਰਮਾਤਮਾ ਦਾ ਨਿਤ ਨਾਮ ਜਪਣ ਨਾਲ ਪ੍ਰਕਟ ਹੁੰਦੀ ਹੈ। ਘੋੜੀ ਸ਼ਬਦ ਕਿਰਿਆਸ਼ੀਲਤਾ ਲਈ ਵਰਤਿਆ ਗਿਆ ਹੈ। ਮਨੁੱਖੀ ਤਨ ਆਲਸ ,ਭੋਗ ਵਿਲਾਸ , ਭਰਮ ਭਟਕਣ ਲਈ ਨਹੀਂ ਹੈ। ਜਿਸ ਘੋੜੀ ਵਿੱਚ ਗਤੀ ਨਹੀਂ ਉਸ ਦਾ ਕੋਈ ਮੋਲ ਨਹੀਂ ਰਹਿ ਜਾਂਦਾ। ਮੋਲ ਗਤੀ ਦਾ ਹੈ ਘੋੜੀ ਦਾ ਨਹੀਂ। ਗੁਰੂ ਸਾਹਿਬ ਨੇ ਕਿਹਾ ਕਿ ਗਤੀ ਹੋਵੇ ਤਾਂ ਤੀਵਰ , ਕਿਉਂਕਿ ਸਮਾਂ ਘੱਟ ਹੈ , ਜਾਣਾ ਦੂਰ ਹੈ। ਤਨ ਦੀ ਗਤਿਸ਼ੀਲਤਾ ਪੂਰੀ ਹੋਵੇ। ਤਨ ਨੂੰ ਗਤੀਸ਼ੀਲ ਪਰਮਾਤਮਾ ਦਾ ਨਾਮ ਹੀ ਬਣਾਉਂਦਾ ਹੈ “ ਏਹ ਦੇਹ ਸੁ ਬਾਂਕੀ ਜਿਤੁ ਹਰਿ ਜਾਪੀ ਹਰਿ ਹਰਿ ਨਾਮਿ ਸੁਹਾਵੀਆ”। ਤਨ ਘੋੜੀ ਦੀ ਚਾਲ ਵਿੱਚ ਬਾਂਕਪਨ ਆ ਜਾਂਦਾ ਹੈ, ਭਾਵ ਕਿਰਿਆਸ਼ੀਲਤਾ ਨਿਖਰ ਜਾਂਦੀ ਹੈ ਜਦੋਂ ਉਹ ਪ੍ਰਮਾਤਮਾ ਦੀ ਸੱਤਾ ਨੂੰ ਜਾਣ ਲੈਂਦਾ ਹੈ ਤੇ ਉਸ ਦਾ ਨਾਮ ਜਾਪਦਾ ਹੈ, ਉਸ ਦਾ ਜਨ ਬਣ ਜਾਂਦਾ ਹੈ। ਤਨ ਦਾ ਆਲਸ ਤੋਂ ਨਿਰਾਰਥ ਕਾਰਜਾਂ ਤੋਂ ਮੁਕਤ ਹੋਣਾ ਸੁਚੱਜੇ ਪ੍ਰਬੰਧਨ ਦੀ ਪਹਿਲੀ ਲੋੜ ਹੁੰਦੀ ਹੈ। ਨਿਜੀ ਜੀਵਨ ਹੋਵੇ ਜਾਂ ਸਮਾਜਕ ਸਦਾ ਸੁਚੇਤ ਰਹਿਣਾ, ਆਪਣੇ ਕਾਰਜਾਂ ਦੀ ਪੂਰਤੀ ਵਿੱਚ ਗਤੀਸ਼ੀਲ ਰਹਿਣਾ ਹੀ ਦੇਹ ਦੀ ਉੱਤਮਤਾ ਜਿਸ ਨੂੰ ਗੁਰੂ ਸਾਹਿਬ ਨੇ ਬਾਂਕੀ ਘੋੜੀ ਕਿਹਾ। ਬਿਨਾ ਉੱਦਮ, ਮਿਹਨਤ ਤੇ ਨਿਰੰਤਰ ਜਤਨਸ਼ੀਲ ਰਿਹਾ ਕੋਈ ਵੀ ਸਫਲਤਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ।ਜਿਸ ਮਨੁੱਖ ਨੂੰ ਆਪਣੇ ਤਨ ਦੀ ਸੁਚੱਜੀ ਵਰਤੋਂ ਕਰਨਾ ਆ ਗਿਆ ਉਹ ਹੀ ਸਫਲ ਹੋਇਆ ਹੈ। ਆਪਣੇ ਤਨ ਦੀ ਸਾਰਥਕਤਾ ਲਈ ਜਦੋਂ ਉਹ ਪਰਮਾਤਮਾ ਦਾ ਨਾਮ ਜਪਦਾ ਹੈ ਤਾਂ ਨਿਮਾਣਾ ਹੋ ਜਾਂਦਾ ਹੈ। ਮਨ ਅੰਦਰ ਹੰਕਾਰ ਹੈ ਤਾਂ ਨਾਮ ਨਹੀਂ ਜਪਿਆ ਜਾ ਸਕਦਾ“ ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ”। ਹੰਕਾਰ ਹੈ ਤਾਂ ਨਾਮ ਜਪਣਾ ਵੀ ਵਿਅਰਥ ਹੈ, ਤਨ ਦੀ ਕਿਰਿਆਸ਼ੀਲਤਾ, ਗਤੀਸ਼ੀਲਤਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹ ਪਰਮਾਤਮਾ ਨੂੰ ਸਵੀਕਾਰ ਹੀ ਨਹੀਂ ਹੁੰਦਾ। ਹੰਕਾਰ ਤਾਂ ਇੱਕ ਗੁਬਾਰ ਹੈ ਜਿਸ ਵਿੱਚ ਮਨੁੱਖ ਦਾ ਗਿਆਨ, ਬੁੱਧੀ, ਵਿਵੇਕ, ਭਾਵਨਾ ਸਹਿਤ ਸਾਰਾ ਕੁੱਝ ਗੁੰਮ ਹੋ ਜਾਂਦਾ ਹੈ। ਨਿਜੀ ਜੀਵਨ ਹੀ ਨਹੀਂ ਕਿਸੇ ਵੀ ਵਿਵਸਥਾ, ਪ੍ਰਣਾਲੀ ਵਿੱਚ ਜਦੋਂ ਹੰਕਾਰ ਪ੍ਰਗਟ ਹੋਇਆ ਹੈ ਉਸ ਵਿਵਸਥਾ, ਪ੍ਰਣਾਲੀ ਦਾ ਨਾਸ਼ ਹੋਇਆ ਹੈ। ਇਤਿਹਾਸ ਇਸ ਦੀ ਭਰਪੂਰ ਗਵਾਹੀ ਭਰਦਾ ਹੈ। ਹੰਕਾਰ ਵੱਡੀ ਤੋਂ ਵੱਡੀ ਰਾਜ ਵਿਵਸਥਾ ਦੇ ਪਤਨ ਦਾ ਕਾਰਨ ਬਣਿਆ ਹੈ। ਹੰਕਾਰ ਕਿਸੇ ਨੂੰ ਵੀ ਦੀਨ ਹੀਨ ਮੰਗਤਾ ਬਣਾ ਦਿੰਦਾ ਹੈ “ਅਹੰਕਾਰੀਆ ਨੋ ਦੁਖ ਭੁਖ ਹੈ ਹਥੁ ਤਡਹਿ ਘਰਿ ਘਰਿ ਜਾਇ”। ਹੰਕਾਰ ਮਨੁੱਖ ਦਾ ਵਿਵੇਕ ਹਰ ਲੈਂਦਾ ਹੈ, ਨੀਤੀ – ਅਨੀਤਿ ਦਾ ਭੇਦ ਹੀ ਵਿਸਾਰ ਦਿੰਦਾ ਹੈ। ਮਨੁੱਖ ਹੰਕਾਰ , ਵਿਕਾਰਾਂ ਤੋਂ ਦੂਰ ਹੋਵੇਗਾ ਤਾਂ ਉਹ ਸੁਚੱਜਾ ਪ੍ਰਬੰਧ ਦੇ ਸਕੇਗਾ। ਹੰਕਾਰ, ਵਿਕਾਰਾਂ ਤੋਂ ਮੁਕਤ ਹੋਣਾ ਹੀ ਕਾਫੀ ਨਹੀਂ, ਮਨੁੱਖ ਚੰਗਿਆਈਆਂ ਧਾਰਨ ਕਰੇ” ਦੇਹ ਪਾਵਉ ਜੀਨੁ ਬੁਝਿ ਚੰਗਾ ਰਾਮ‘। ਮਨੁੱਖ ਨੂੰ ਗਿਆਤ ਹੋਵੇ ਕਿ ਖਾਜ ਕੀ ਹੈ ਅਖਾਜ ਕੀ ਹੈ, ਨੀਤੀ ਕੀ ਹੈ ਅਨੀਤੀ ਕੀ ਹੈ। ਧਰਮ – ਅਧਰਮ , ਪਾਪ – ਪੁੰਨ , ਸੱਚ – ਕੂੜ ਦਾ ਭੇਦ ਸਪਸ਼ਟਤਾ ਨਾਲ ਗਿਆਤ ਹੋਵੇ। ਮਨੁੱਖ ਇਸ ਦਾ ਕਠੋਰਤਾ ਤੇ ਦ੍ਰਿੜ੍ਹਤਾ ਨਾਲ ਪਾਲਨ ਕਰੇ। ਇਸ ਨੂੰ ਅਨੁਸ਼ਾਸਨ , ਮਰਿਆਦਾ ਦਾ ਨਾਮ ਦਿੱਤਾ ਜਾ ਸਕਦਾ ਹੈ। ਸਪਸ਼ਟਤਾ ਬਿਨਾ ਨਾਲ ਜੀਵਨ ਚੱਲ ਸਕਦਾ ਹੈ ਨਾਂ ਹੀ ਸਮਾਜ, ਸਮਾਜ ਦਾ ਕੋਈ ਅਦਾਰਾ। ਸਪਸ਼ਟਤਾ ਹੈ ਤਾਂ ਹੀ ਪਾਰਦਰਸ਼ਿਤਾ ਹੈ ਜਿਸ ਨਾਲ ਅੱਗੇ ਵੱਧਣਾ ਸਹਿਜ ਹੋ ਜਾਂਦਾ ਹੈ। ਚੰਗਿਆਈ ਲਈ ਪ੍ਰਤੀਬੱਧਤਾ ਸਿਧਾਂਤਕ ਹੀ ਨਹੀਂ ਵਿਵਹਾਰਕ ਹੋਣਾ ਜਰੂਰੀ ਹੈ ਜਿਵੇਂ ਘੋੜੀ ਤੇ ਜੀਨ ਕੱਸੀ ਹੋਵੇ। ਕਿਸੇ ਵੀ ਦੇਸ਼ ਦਾ ਸੰਵਿਧਾਨ, ਸੰਸਥਾ ਦਾ ਆਰਟੀਕਲ ਚੰਗਿਆਈਆਂ ਨਾਲ ਭਰਿਆ ਹੁੰਦਾ ਹੈ ਪਰ ਵਿਵਹਾਰ ਇੱਕਦਮ ਵੱਖ ਹੁੰਦਾ ਹੈ ਕਿਉਂਕਿ ਜੀਨ ਤਾਂ ਹੈ ਪਰ ਪਿੱਠ ਤੇ ਕੱਸੀ ਹੋਈ ਨਹੀਂ ਹੈ। ਕਥਨ ਹੈ ਪਰ ਸੰਕਲਪ ਨਹੀਂ ਹੈ। ਇਹ ਵਿਗੜੇ ਪ੍ਰਬੰਧਨ ਦੀਆਂ ਨਿਸ਼ਾਨੀਆਂ ਹੁੰਦੀਆਂ ਹਨ। ਕੋਈ ਵੀ ਵਿਅਕਤੀ, ਸੰਸਥਾ, ਧਾਰਾ ਆਪਣੇ ਆਪ ਨੂੰ ਕਦੇ ਮਾੜਾ ਨਹੀਂ ਕਹਿੰਦੀ। ਪਰ ਜੀਨ ਕੱਸੀ ਨਾ ਹੋਣ ਕਾਰਨ ਸਾਰੇ ਦਾਅਵੇ ਅਰਥਹੀਣ ਹੋ ਜਾਂਦੇ ਹਨ ਕਿਉਂਕਿ ਉਹ ਕੋਈ ਚੰਗਿਆਈ ਵਰਤਾਉਣ ਯੋਗ ਹੀ ਨਹੀਂ ਹੁੰਦੇ “ ਕੋਈ ਗਲਾ ਕਰੇ ਘਨੇਰੀਆ ਜਿ ਘਰਿ ਵਥੁ ਹੋਵੈ ਸਾਈ ਖਾਇ”। ਕਥਨ ਹੈ, ਵਿਵਹਰਿਕਤਾ ਨਹੀਂ ਹੈ ਤਾਂ ਨਾ ਆਪਣਾ ਭਲਾ ਹੋ ਸਕਦਾ ਹੈ ਨਾਂ ਹੀ ਸਮਾਜ ਦਾ।ਮਨ ਅੰਦਰ ਗੁਣਾਂ ਦਾ ਵਾਸ ਹੋਵੇ, ਗੁਣਾਂ ਤੇ ਕਿਸੇ ਵੀ ਹਾਲ ‘ਚ ਦ੍ਰਿੜ੍ਹ ਰਹਿਣ ਦਾ ਸੰਕਲਪ ਹੋਵੇ ਤਾਂ ਮਾਰਗ ਵਿੱਚ ਆਉਣ ਵਾਲਾ ਕੋਈ ਵੀ ਵਿਘਨ ਨਹੀਂ ਟਿਕਦਾ, ਆਪ ਹੀ ਦੂਰ ਹੁੰਦਾ ਜਾਂਦਾ ਹੈ “ਚੜਿ ਲੰਘਾ ਜੀ ਬਿਖਮੁ ਭੁਇਅੰਗਾ ਰਾਮ”। ਕਿਸੇ ਵੀ ਖੇਤਰ ਵੀ ਸਫਲਤਾ ਪ੍ਰਾਪਤ ਕਰਨ ਲਈ ਇਹ ਮੁੱਖ ਸੂਤਰ ਹੈ। ਸਫਲਤਾ ਵਿੱਚ ਕੋਈ ਸ਼ੰਕਾ ਨਹੀਂ ਰਹਿੰਦੀ ਕਿਉਂਕਿ ਗੁਰੂ, ਪਰਮਾਤਮਾ ਆਪ ਗੁਣਾਂ ਦੇ ਧਾਰਕ ਤੇ ਕਿਰਪਾ ਕਰਦੇ ਹਨ। ਜੋ ਹੋਰਨਾਂ ਲਈ ਮੁਸ਼ਕਿਲ ਹੈ, ਗੁਰੂ ਦੇ ਸੇਵਕ ਲਈ ਸਹਿਜ ਹੋ ਜਾਂਦਾ ਹੈ। ਗੁਣ, ਚੰਗਿਆਈਆਂ ਦਾ ਸੰਕਲਪ ਹੀ ਕਾਫੀ ਨਹੀਂ , ਗਿਆਨ ਵੀ ਹੋਵੇ। ਗਿਆਨ ਤੋਂ ਭਾਵ ਗ੍ਰੰਥਾਂ ਦਾ ਅਧਿਐਨ ਕਰਦੇ ਜਾਣਾ ਨਹੀਂ। ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਕਿਤਾਬੀ ਗਿਆਨ ਕਿਤਨਾ ਵੀ ਹੋ ਜਾਏ ਵਿਅਰਥ ਹੈ “ ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ।। ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ।।“ ਸੱਚ ਦੇ ਗਿਆਨ ਤੋਂ ਬਿਨਾ ਸਭ ਝੱਖ ਮਾਰਨਾ ਹੈ “ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝੁਕਣਾ ਝਾਖ”। ਕਿਸੇ ਵਿਅਕਤੀ ਨੇ ਬਹੁਤ ਗਿਆਨ ਪ੍ਰਾਪਤ ਕਰ ਲਿਆ ਹੈ, ਕਿਸੇ ਵਿਵਸਥਾ ਨੂੰ ਅਤਿ ਵਿਦਵਾਨ ਲੋਗ ਚਲਾ ਰਹੇ ਹਨ, ਇਸ ਨਾਲ ਸਥਿਤੀ ਨਹੀਂ ਬਦਲਦੀ। ਗਿਆਨ ਦੀ ਸਾਰਥਕਤਾ ਸੱਚ ਦੀ ਪਛਾਣ ਕਰਨ , ਸੱਚ ਨੂੰ ਸਵੀਕਾਰ ਕਰਨ ਤੇ ਧਾਰਨ ਕਰਨ ਵਿੱਚ ਹੈ। ਆਪਣੇ ਲਈ, ਆਪਣੇ ਸਮਾਜ, ਵਿਵਸਥਾ ਲਈ ਕੀ ਹਿੱਤ ਕਾਰਕ ਹੈ ਇਸ ਦਾ ਗਿਆਨ ਹੋਣਾ ਚਾਹੀਦੇ। ਜਿਵੇਂ ਘੋੜੀ ਦੀ ਗਤੀ ਨੂੰ ਸੇਧ ਦੇਣ ਲਈ ਦੇ ਮੁਖ ਵਿੱਚ ਲਗਾਮ ਲਈ ਜਾਂਦੀ ਹੈ, ਸਾਰਥਕ ਗਿਆਨ ਜੀਵਨ ਦੀ ਦਿਸ਼ਾ ਤੈ ਕਰਦਾ ਹੈ“ ਕੜਿਆਲੁ ਮੁਖੇ ਗੁਰਿ ਗਿਆਨੁ ਦ੍ਰਿੜਾਇਆ ਰਾਮ”। ਗੁਰੂ ਦਾ ਗਿਆਨ ਸਾਰਥਕ ਗਿਆਨ ਹੈ ਜੋ ਜੀਵਨ ਨੂੰ ਭਟਕਣ ਨਹੀਂ ਦਿੰਦਾ। ਗੁਰੂ ਰਾਮਦਾਸ ਸਾਹਿਬ ਨੇ ਮਨੁੱਖੀ ਸਫਲਤਾ ਲਈ ਨਿਰੀ ਸਿਧਾਂਤਕਤਾ ਨਹੀਂ , ਭਾਵਨਾ ਨੂੰ ਵੀ ਨਾਲ ਜੋੜਿਆ। ਕੋਈ ਵੀ ਕਾਰਜ ਭਾਵਨਾ ਬਿਨਾ ਅਧੂਰਾ ਰਹਿੰਦਾ ਹੈ।ਮਨ ਅੰਦਰ ਦੀ ਭਾਵਨਾ ਨਿਰੰਤਰ ਅਗਾਂਹ ਵੱਧਣ ‘ਤੇ ਮਨੋਰਥ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦੀ ਰਹਿੰਦੀ ਹੈ। ਭਾਵਨਾ ਇੱਕ ਤਾਕਤ ਬਣ ਕੇ ਜੀਵਨ ਨੂੰ ਗਤੀਸ਼ੀਲਤਾ ਪ੍ਰਦਾਨ ਕਰਦੀ ਹੈ “ਤਨਿ ਪ੍ਰੇਮੁ ਹਰਿ ਚਾਬੁਕ ਲਾਇਆ ਰਾਮ”। ਭਾਵਨਾ ਨੂੰ ਗੁਰੂ ਰਾਮਦਾਸ ਸਾਹਿਬ ਨੇ ਪਰਮਾਤਮਾ ਪ੍ਰੇਮ ਦੇ ਸੰਦਰਭ ਵਿੱਚ ਲਿਆ। ਜਿਵੇਂ ਚਾਬੁਕ ਮਾਰਨ ਨਾਲ ਘੋੜੀ ਦਾ ਵੇਗ ਵੱਧ ਜਾਂਦਾ ਹੈ, ਮਨ ਅੰਦਰ ਦਾ ਪਰਮਾਤਮਾ ਪ੍ਰੇਮ ਮਨੁੱਖ ਨੂੰ ਗੁਣਵਾਨ ਬਣਨ, ਗੁਣਾਂ ਨੂੰ ਵਿਵਹਾਰ ਵਿੱਚ ਉਤਾਰਨ ਦਾ ਨਿਰੰਤਰ ਉਤਸਾਹ ਪੈਦਾ ਕਰਦਾ ਰਹਿੰਦਾ ਹੈ। ਇਸ ਵਿੱਚ ਮਨੁੱਖ ਨੂੰ ਪਰਮਾਤਮਾ ਦੀ ਪ੍ਰਸੰਨਤਾ ਦੇ ਦਰਸ਼ਨ ਹੁੰਦੇ ਹਨ। ਪਰਮਾਤਮਾ ਪ੍ਰੇਮ ਚੰਚਲ ਮਨ ਦੀ ਭਟਕਣ ਮਿਟਾ ਦਿੰਦਾ ਹੈ। ਇਹ ਮਨੁੱਖ ਦੀ ਸੱਭ ਤੋਂ ਵੱਡੀ ਜਿੱਤ ਹੁੰਦੀ ਹੈ। ਇਸ ਤੋਂ ਮਹਾਨ ਉਪਲਬਧੀ ਕੋਈ ਹੋਰ ਨਹੀਂ। ਮਨ ਜਿੱਤਣ ਦਾ ਅਰਥ ਹੈ ਸੰਜਮ, ਸੰਤੋਖ, ਸਹਿਜ ਦਾ ਆ ਜਾਣਾ। ਇਹ ਸੱਚੀ ਸਫਲਤਾ ਦਾ ਪ੍ਰਮਾਣ ਹੈ। ਅਜਿਹਾ ਮਨੁੱਖ ਹੀ ਸਮਾਜ ਨੂੰ ਅਡੋਲ ਅਤੇ ਨਿਆਂ ਪੂਰਨ ਆਧਾਰ ਦੇ ਸਕਦਾ ਹੈ, ਦੂਜਿਆਂ ਨੂੰ ਗੁਣਾਂ ਤੇ ਭਾਵਨਾ ਨਾਲ ਜੋੜ ਸਕਦਾ ਹੈ। ਇਹ ਉਸ ਦਾ ਫਰਜ ਬਣ ਜਾਂਦਾ ਹੈ “ਆਪਿ ਜਪਹੁ ਅਵਰਹ ਨਾਮੁ ਜਪਾਵਹੁ”। ਤਨ ਦੀ ਸਮਰੱਥਾ ਨੂੰ ਮਾਧਿਅਮ ਬਣਾ ਕੇ ਪਰਮਾਤਮਾ ਦਾ ਸਿਮਰਨ ਕਰਨਾ, ਹੰਕਾਰ – ਵਿਕਾਰਾਂ ਤੋਂ ਮੁਕਤ ਹੋ ਅੰਤਰ ਮਨ ਨਿਰਮਲ ਕਰਨਾ, ਜੀਵਨ ਵਿਚ ਸਦਾ ਸੁਚੇਤ ਰਹਿ ਕੇ ਪਰਮਾਤਮਾ ਭਗਤੀ, ਜੀਵਨ ਦੇ ਸੱਚੇ ਮਨੋਰਥ ਦੀ ਪ੍ਰਾਪਤੀ ਲਈ ਸਦਾ ਜਤਨਸ਼ੀਲ ਤੇ ਕਿਰਿਆਸ਼ੀਲ ਰਹਿਣਾ, ਮਨ ਅੰਦਰ ਗੁਣ ਦ੍ਰਿੜ੍ਹ ਕਰਨਾ, ਗੁਣਾਂ ਤੇ ਸਾਰਥਕ ਗਿਆਨ ਨੂੰ ਜੀਵਨ ਵਿੱਚ ਉਤਾਰਨਾ ਤੇ ਮਨ ਨੂੰ ਪਰਮਾਤਮਾ ਪ੍ਰੇਮ ਵਿੱਚ ਰੰਗ ਦੇਣਾ ਇੱਕ ਉੱਤਮ ਅਵਸਥਾ ਦਾ ਸਿਰਜਣ ਕਰਦਾ ਹੈ ਜਿਸ ਵਿੱਚ ਸੰਜਮ, ਸੰਤੋਖ ਤੇ ਸਹਿਜ ਜਨਮ ਲੈਂਦੇ ਹਨ। ਅੱਜ ਸਮਾਜ ਨੂੰ ਅਜਿਹੇ ਮਨੁੱਖਾਂ ਦੀ ਲੋੜ ਹੈ। ਗੁਰੂ ਨਾਨਕ ਸਾਹਿਬ ਜਿਹੇ ਜਿਹੇ ਆਪ ਸਨ, ਉਹੋ ਜਿਹੇ ਹੀ ਸਿੱਖ ਬਣਾਏ, ਸਿੱਖਾਂ ਅੰਦਰ ਆਪਣੇ ਜਿਹੇ ਗੁਣਾਂ ਦੇ ਬੀਜ ਬੀਜਣ ਦਾ ਉਪਕਾਰ ਕੀਤਾ “ਗੁਰੂ ਸਿਖ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ”। ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸਾ ਸਾਜ ਕੇ ਗੁਰਸਿੱਖ ਦੀ ਆਤਮਿਕ ਅਵਸਥਾ ਨੂੰ ਪ੍ਰਗਟ ਰੂਪ ਬਖਸ਼ਿਆ ਜਿਸ ਨਾਲ ਆਦਰਸ਼ ਮਨੁੱਖੀ ਅਵਸਥਾ, ਆਦਰਸ਼ ਸਮਾਜਕ ਵਿਵਸਥਾ ਪਰਿਪੱਕ ਤੇ ਸੰਪੂਰਨ ਰੂਪ ਵਿੱਚ ਸਾਹਮਣੇ ਆਈ। ਸਿੱਖ ਇੱਕ ਅਜਿੱਤ ਤੇ ਮਹਾਨ ਸ਼ਕਤੀ ਬਣ ਕੇ ਉਭਰਿਆ। ਅਘੜੋ ਘੜਾਵੈ ਸਬਦੁ ਪਾਵੈ ਅਪਿਉ ਹਰਿ ਰਸੁ ਪੀਤਿਆ।। ਮਨੁੱਖ ਦੇ ਜੀਵਨ ਵਿੱਚ ਦੁੱਖ ਹਨ। ਸਮਾਜ ਵਿੱਚ ਵੰਡ ਹੈ , ਵੈਰ ਵਿਰੋਧ , ਈਰਖਾ ਹੈ। ਇਸ ਦਾ ਕਾਰਨ ਗੁਣਾਂ, ਗਿਆਨ ਤੇ ਭਾਵਨਾ ਤੋਂ ਸੱਖਣਾ ਹੋਣਾ ਹੈ। ਮਨ ਤੋਂ ਹਾਰਿਆ ਮਨੁੱਖ ਨਾ ਆਪਣਾ ਭਲਾ ਕਰ ਸਕਦਾ ਹੈ ਨਾਂ ਹੀ ਸਮਾਜ ਦਾ। ਇਵੇਂ ਹੀ ਕਿਸੇ ਵਿਵਸਥਾ, ਸੰਸਥਾ ਨੂੰ ਜੇ ਗੁਣ, ਗਿਆਨ, ਭਾਵਨਾ ਦੀ ਪਛਾਣ ਨਹੀਂ ਹੈ, ਵੱਡੇ ਵੱਡੇ ਦਾਅਵੇ ਕਰਨ ਦੇ ਬਾਵਜੂਦ ਝੱਖ ਹੀ ਮਾਰ ਰਹੀ ਹੈ। ਸਥਿਤੀ ਬਦਲਣੀ ਹੈ ਤਾਂ ਗੁਣਾਂ, ਗਿਆਨ ਤੇ ਭਾਵਨਾ ਦੇ ਤਿਆਰ ਕੀਤਾ ਅੰਮ੍ਰਿਤ ਪਾਨ ਕਰਨਾ ਹੀ ਇੱਕੋ ਇੱਕ ਵਿਕਲਪ ਹੈ। ਇਹ ਅੰਮ੍ਰਿਤ ਮਾਣਸ ਤੋਂ ਦੇਵਤਾ ਬਣਾਉਣ ਵਾਲਾ ਹੈ। ਇਹ ਹੀ ਇੱਕ ਗੁਰਸਿੱਖ ਦੇ ਜੀਵਨ ਦਾ ਉੱਦੇਸ਼ ਹੈ। ਇਸ ਅੰਮ੍ਰਿਤ ਤੋਂ ਪ੍ਰਾਪਤ ਤਾਕਤ ਉਹ ਸਾਰਾ ਕੁੱਝ ਸੰਭਵ ਕਰ ਦੇਵੇਗੀ ਜੋ ਹੋਰਨਾਂ ਦੀ ਕਲਪਨਾ ਤੋਂ ਵੀ ਪਰੇ ਹੁੰਦਾ ਹੈ। ਗੁਰਸਿੱਖ ਇਹ ਕਰ ਕੇ ਵਿਖਾ ਚੁਕੇ ਹਨ।ਗੁਰੂ ਗਿਆਨ ਦੀ ਸ਼ਰਣ ਵਿੱਚ ਹੀ ਤੇਜਣ ਦੀ ਗਤਿ ਹੈ। ਤੇਜਣ ਭਾਵੇਂ ਮਨੁੱਖ ਦੀ ਦੇਹ ਹੋਵੇ , ਕਿਸੇ ਵਿਵਸਥਾ ਜਾਂ ਸੰਸਥਾ ਦੀ ਹੋਵੇ।ਹਰ ਕਿਸੇ ਨੂੰ ਸੁਚੱਜੇ ਪ੍ਰਬੰਧਨ ਦੀ ਲੋੜ ਹੈ। ਵਰਤਮਾਨ ਅਵਸਥਾ ਕੁਚੱਜ ਤੇ ਖੜੀ ਹੈ “ਮੰਞੁ ਕੁਚਜੀ ਅੰਮਾਵਣਿ ਡੋਸੜੇ ਹਉ ਕਿਉ ਸਹੁ ਰਾਵਣਿ ਜਾਉ ਜੀਉ”। ਕਦਮ ਪਰਮਾਤਮਾ, ਸੱਚ, ਗੁਣਾਂ ਵੱਲ ਤੁਰ ਹੀ ਨਹੀਂ ਰਹੇ। ਗੁਰ ਸ਼ਬਦ ਲਈ ਪ੍ਰਤੀਬੱਧਤਾ ਹੀ ਪੈਰਾਂ ਦੀਆਂ ਬੇੜੀਆਂ ਕੱਟਦੀ ਹੈ “ਗੁਰ ਸਬਦੀ ਸਹੁ ਪਾਇਆ ਸਚੁ ਨਾਨਕ ਕੀ ਅਰਦਾਸਿ ਜੀਉ”। ਆਪਣੀ ਮਤਿ ਤਿਆਗ ਕੇ ਗੁਰੂ ਦੀ ਮਤਿ ਧਾਰਨ ਕਰਨ ਵਿੱਚ ਹੀ ਸੁੱਖ ਹੈ “ਤਿਆਗੇਂ ਮਨ ਕਿ ਮਤੜੀ ਵਿਸਾਰੇਂ ਦੂਜਾ ਭਾਉ ਜੀਉ”। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਡਾ. ਸਤਿੰਦਰ ਪਾਲ ਸਿੰਘ
ਦਿ ਪਾਂਡਸ
ਸਿਡਨੀ , ਆਸਟ੍ਰੇਲੀਆ
ਈ ਮੇਲ - akaalpurkh.7@gmail.com

by 