24 April 2026

ਕਿਤਾਬ ਦਿਵਸ ਜਾਂ ਕਿਤਾਬੀ  ਧੰਦਾ? (ਇੱਕ ਪਾਤਰੀ ਨਾਟਕ) — ਰਵਿੰਦਰ ਸਿੰਘ ਸੋਢੀ

ਮੰਚ ਸਜਾਵਟ
ਇੱਕ ਕੁਰਸੀ
ਇੱਕ-ਦੋ ਕਿਤਾਬਾਂ
ਰੌਸ਼ਨੀ
**
ਪਾਤਰ (ਹੌਲੀ ਜਿਹੀ):
ਕਿਤਾਬ ਦਿਵਸ ਮੁਬਾਰਕ…
ਜਾਂ ਕਹੀਏ…
ਕਿਤਾਬਾਂ ਦੇ ਧੰਦੇ ਦੀਆਂ ਵਧਾਈਆਂ…?
(ਕਿਤਾਬ ਨੂੰ ਤੱਕਦਾ ਹੈ)
ਇਹ ਵੇਖੋ…
ਰੰਗੀਨ ਕਵਰ…
ਚਮਕਦਾਰ ਛਪਾਈ…
(ਹੱਸਦੇ ਹੋਏ)
ਲੱਗਦਾ ਹੈ—ਕਿਤਾਬ ਹੈ…
(ਲਹਿਜ਼ਾ ਬਦਲ ਕੈ)
ਪਰ…
(ਕਿਤਾਬ ਖੋਲ੍ਹ ਕੇ ਅੰਦਰ ਵੇਖਦਾ ਹੈ)
ਅੰਦਰ ਕੀ ਹੈ…?
ਸ਼ਬਦ…?
ਜਾਂ ਸੌਦੇ…?
(ਦਰਸ਼ਕਾਂ ਵੱਲ ਤੁਰਦਾ ਹੈ)
ਤੁਸੀਂ ਕਦੇ ਸੋਚਿਆ…?
ਕਿਤਾਬ ਬਣਦੀ ਕਿਵੇਂ ਹੈ…?
ਇੱਕ ਲੇਖਕ ਹੁੰਦਾ ਹੈ…
ਰਾਤਾਂ ਜਾਗਦਾ ਹੈ…
ਲਿਖਦਾ ਹੈ… ਮਿਟਾਉਂਦਾ ਹੈ… ਫਿਰ ਲਿਖਦਾ ਹੈ…
ਉਹ ਆਪਣਾ ਦਿਲ ਕਾਗਜ਼ ‘ਤੇ ਰੱਖ ਦਿੰਦਾ ਹੈ…
ਉਹ ਸੋਚਦਾ ਹੈ—
“ਮੇਰੀ ਕਿਤਾਬ ਲੋਕਾਂ ਤੱਕ ਜਾਵੇਗੀ…”
ਉਹ ਸੁਪਨਾ ਦੇਖਦਾ ਹੈ…
(ਲਹਿਜ਼ਾ ਬਦਲਦਾ ਹੈ)
ਤੇ ਫਿਰ…
ਪ੍ਰਕਾਸ਼ਕ ਆਉਂਦਾ ਹੈ…
“ਕਿਤਾਬ ਛੱਪ ਜਾਵੇ ਗੀ
“ਪਰ…”
ਇਹ “ਪਰ” ਬੜਾ ਮਹਿੰਗਾ ਹੁੰਦਾ ਹੈ…
ਖਰਚਾ ਦੇਣਾ ਪਵੇਗਾ…
(ਹੱਥ ਨਾਲ ਗਿਣਦਾ ਹੈ)
ਤੇ ਲੇਖਕ ਸੋਚਦਾ ਹੈ—
“ਚਲੋ… ਕਿਤਾਬ ਛਪ ਜਾਵੇ…”
ਉਹ ਦੇ ਦਿੰਦਾ ਹੈ…
ਆਪਣੇ ਸੁਪਨੇ ਦੀ ਕੀਮਤ…
ਕਿਤਾਬ ਛਪ ਜਾਂਦੀ ਹੈ…
ਲੇਖਕ ਖੁਸ਼ …
ਉਹ ਆਪਣੇ ਦੋਸਤਾਂ ਨੂੰ ਦਿਖਾਉਂਦਾ ਹੈ…
“ਮੇਰੀ ਕਿਤਾਬ ਆ ਗਈ…”
ਪਰ…
ਕਿੰਨੀਆਂ ਛਪੀਆਂ…?
ਕਿੰਨੀਆਂ ਵਿਕੀਆਂ…?
ਕਿਸੇ ਨੂੰ ਨਹੀਂ ਪਤਾ…
ਪਰ ਵਾਅਦੇ…
ਕਦੇ ਘੱਟ ਨਹੀਂ ਹੁੰਦੇ…
ਸੌ ਪੰਨਿਆਂ ਦੀ ਕਿਤਾਬ…
ਕੀਮਤ
ਤਿੰਨ ਸੌ ਰੁਪਏ…
(ਦਰਸ਼ਕਾਂ ਵੱਲ)
ਤੁਸੀਂ ਖਰੀਦੋਗੇ…?
(ਜਵਾਬ ਦੀ ਉਡੀਕ)
ਨਹੀਂ…
ਫਿਰ ਕਿਹਾ ਜਾਂਦਾ ਹੈ—
(ਨਕਲ ਕਰਦਾ ਹੈ)
“ਪਾਠਕ ਕਿਤਾਬ ਨਹੀਂ ਪੜ੍ਹਦੇ…”
ਪਰ ਕੀ ਕੀਮਤਾਂ ਵੀ ਪੜ੍ਹਨ ਲਾਇਕ ਹਨ…?
ਕਿਤਾਬਾਂ ਦੀਆਂ ਪ੍ਰਦਰਸ਼ਨੀਆਂ ਲੱਗਦੀਆਂ ਹਨ
“ਲੱਖਾਂ ਦੀਆਂ ਕਿਤਾਬਾਂ ਵਿਕ ਗਈਆਂ!”
ਪਰ ਪ੍ਰਕਾਸ਼ਕ ਦਾ ਉਹੀ ਰੋਣਾ
“ਲੋਕ ਕਿਤਾਬਾਂ ਨਹੀਂ ਖਰੀਦਦੇ
ਚੁੱਪ…
(ਲਹਿਜ਼ਾ ਨਰਮ ਹੁੰਦਾ ਹੈ)
ਸੱਚ ਇਹ ਵੀ ਹੈ…
ਹਰ ਪ੍ਰਕਾਸ਼ਕ ਇੱਕੋ ਜਿਹਾ ਨਹੀਂ…
ਕੁਝ ਹਨ…
ਜੋ ਸ਼ਬਦਾਂ ਨੂੰ ਇੱਜ਼ਤ ਦੇਣ…
(ਹੌਲੀ ਆਵਾਜ਼)
(ਅਚਾਨਕ ਲਹਿਜ਼ਾ ਤਿੱਖਾ)
ਪਰ…
ਬਹੁਤੇ…!
ਸੁਪਨਿਆਂ ਨੂੰ ਸੌਦੇ ਬਣਾਉਂਦੇ …
ਸ਼ਬਦਾਂ ਨੂੰ ਤੋਲਦੇ ਨੇ…
ਵਪਾਰ ਦੀ ਤੱਕੜੀ ‘ਚ…
ਤੇ ਲੇਖਕ ਨੂੰ ਦਿੰਦੇ ਨੇ…
(ਹੌਲੀ, ਡੂੰਘੀ ਆਵਾਜ਼)
ਵਾਅਦਿਆਂ ਦੀ ਰਸੀਦ…
ਤਾਂ ਦੱਸੋ…
ਕਿਤਾਬ ਦਿਵਸ ਮਨਾਈਏ…?
ਜਾਂ ਕਿਤਾਬੀ ਧੰਦੇ ਦਾ ਜਸ਼ਨ…?
(ਲੰਮਾ ਠਹਿਰਾਅ)
ਕਿਤਾਬਾਂ ਪੜ੍ਹੀਆਂ ਜਾਂਦੀਆਂ ਨੇ…?
ਜਾਂ ਸਿਰਫ਼ ਛਪਦੀਆਂ ਹੀ ਰਹਿ ਜਾਂਦੀਆਂ ਨੇ…?
(ਕਿਤਾਬ ਹੌਲੀ ਨਾਲ ਬੰਦ ਕਰਦਾ ਹੈ)
ਇਹ ਕਿਤਾਬ ਨਹੀਂ…
(ਲੰਮਾ ਠਹਿਰਾਅ)
ਇੱਕ ਸਵਾਲ ਹੈ…
(ਲਾਈਟ ਹਲਕੀ)
ਤੇ ਜਵਾਬ ਸ਼ਾਇਦ
ਕਿਸੇ ਕੋਲ ਵੀ ਨਹੀਂ……..
???????????…….

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1818
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ