ਪਿੰਡੋਂ ਤੇ ਪੰਜਾਬੋਂ ਨਿੱਕਲ ਕੇ ਪੰਜਾਬ ਤੇ ਪੰਜਾਬ ਵਿਚਲ਼ੇ ਆਪਣੇ ਪਿੰਡ ਦਾ ਰੁਤਬਾ ਬੜਾ ਉੱਚਾ ਤੇ ਪਵਿੱਤਰ ਹੋ ਨਿੱਬੜਦਾ ਏ। ਗੱਡੀਆਂ ਦੇ ਆਪਣੇ ਪਿੰਡਾਂ ਦੇ ਨਾਂ ਦੀਆਂ ਨੰਬਰ ਪਲੇਟਾਂ ਲਾਉਣਾ, ਆਪਣੀ ਜੰਮਣ-ਭੌਂ ਜਿੱਥੇ ਪਲ਼ੇ ਤੇ ਵੱਡੇ ਹੋਏ ਹੋਈਏ ਨੂੰ ਦਿਲ ਦੇ ਨੇੜੇ ਚੱਕੀ ਰੱਖਣ ਦੀ ਇੱਕ ਵਿਧੀ ਹੀ ਤਾਂ ਹੈ। ਪ੍ਰਦੇਸਾਂ ’ਚ ਆਏ ਮੁੰਡੇ-ਕੁੜੀਆਂ ਬੇਬੇ-ਬਾਪੂ ਦੀ ਮਿਹਨਤ ਦਾ ਸਤਿਕਾਰ ਕਰਨ ਲਈ ਹੀ ਤਾਂ ਕਾਰਾਂ ਦੇ ਪਿੱਛੇ ‘ਬਾਪੂ ਤੇਰੇ ਕਰਕੇ’ ਲਿਖਵਾਈ ਫਿਰਦੇ ਨੇ। ਦੋ ਹਜ਼ਾਰ ਇੱਕ ਦਾ ਨਵੇਂ ਸਾਲ਼ ਦਾ ਜਲੰਧਰ ਦੂਰਦਰਸ਼ਨ ਦਾ ਪ੍ਰੋਗਰਾਮ ਮੈਂ ਪਿੰਡ ਨਹੀਂ ਦੇਖਿਆ ਸੀ ਕਿਉਂਕਿ ਤੀਹ ਦਸੰਬਰ ਨੂੰ ਡੌਂਕੀ ਲਾ ਕੇ ਅਮਰੀਕਾ ਆਉਣ ਲਈ ਮੈਂ ਜਹਾਜ਼ ਚੜ੍ਹਿਆ ਸਾਂ। ਘਰ ਦੇ ਹਲਾਤ ਮਾੜੇ ਸਨ ਤੇ ਮੈਂ ਤਿੰਨਾਂ ਭੈਣਾਂ-ਭਰਾਵਾਂ ’ਚੋਂ ਵੱਡਾ ਸਾਂ, ਬੋਝ ਜਿਹਾ ਮਹਿਸੂਸ ਹੁੰਦਾ ਸੀ। ਸਰਦੇ-ਪੁੱਜਦੇ ਇੱਕ ਰਿਸ਼ਤੇਦਾਰ ਦਾ ਬਾਪੂ ਨੂੰ ਪੈਸੇ ਮੰਗਣ ਗਏ ਨੂੰ ਮਾਰਿਆ ਤਾਅਨਾ ਮੇਰਾ ਕਾਲਜਾ ਚੀਰ ਗਿਆ ਸੀ। ਮਾਂ ਨੇ ਸਹੁੰ ਖਵਾ ਕੇ ਭੇਜਿਆ ਸੀ, “ਪੁੱਤ, ਮੁੜੀਂ ਨਾ ਜਦੋਂ ਤਾਈਂ ਲੋਕਾਂ ਦਾ ਲੈਣਾ-ਦੇਣਾ ਨਈਂ ਲਹਿ ਜਾਂਦਾ!” ਹੁਣ ਜਦੋਂ ਕਦੇ ਮੁੜਾਂਗਾ ਕੀਹਦੇ ਪੈਰੀਂ ਆਪਣੇ ਏਥੋਂ ਦੇ ਜੰਮੇ ਜਵਾਕਾਂ ਤੋਂ ਹੱਥ ਲਵਾਵਾਂਗਾ? “ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ, ਪ੍ਰਦੇਸੀ ਆਂ, ਮੈਂ ਵੀਡੀਓ ਕਾਲ ’ਤੇ ਈ ਛੋਟੀ ਭੈਣ ਨੂੰ ਡੋਲੀ ਚੜ੍ਹਦਿਆਂ ਤੇ ਮਾਂ-ਬਾਪ ਦੀ ਉੱਠਦੀ ਅਰਥੀ ਦੇਖੀ। ਮਾਪਿਆਂ ਦੀ ਸੇਵਾ ਤਾਂ ਮੈਥੋਂ ਕੀ ਹੋਣੀ ਸੀ, ਮੈਂ ਜਾਂਦੀ ਵਾਰ ਮੋਢਾ ਵੀ ਨੀਂ ਦੇ ਸਕਿਆ। ਉਂਗਲਾਂ ਦੇ ਪੋਟਿਆਂ ’ਤੇ ਗਿਣਦੇ ਰਹੀਦਾ ਬਈ, ਗ਼ੈਰਹਾਜਰੀ ’ਚ ਵੱਡੀ ਬੇਬੇ ਚੜ੍ਹਾਈ ਕਰ ਗਈ, ਤਾਇਆ ਹਾਰਟਟੈਕ ਨਾਲ਼ ਤੁਰ ਗਿਆ, ਗਜ਼ ਚੌੜੀ ਛਾਤੀ ਆਲ਼ਾ ਕੌਡੀ ਦਾ ਚੋਟੀ ਦਾ ਖਿਡਾਰੀ ਛੋਟਾ ਭਾਈ ਮੁੱਕ ਗਿਆ, ਹਰਿਆ-ਭਰਿਆ ਘਰ ਸੀ, ਖਾਲੀ ਹੋ ਗਿਆ। ਚੁੱਲ੍ਹਿਆਂ ’ਚ ਘਾਹ ਉੱਗ ਆਇਆ, ਛੱਤਾਂ ਦੇ ਬਾਲਿਆਂ ਨੂੰ ਸਿਉਂਕ ਖਾ ਗਈ, ਖਣ ਡਿੱਗਣ ਲੱਗੇ। ਇਲੀਗਲ ਆਇਆ ਸਾਂ, ਬਥੇਰੀਆਂ ਮੁਸ਼ੱਕਤਾਂ ਕੀਤੀਆਂ, ਬੜੇ ਧੋਖੇ ਖਾਧੇ, ਕੰਮ ਕਰਵਾ ਕੇ ਆਪਣੇ ਹੀ ਬੰਦੇ ਪੈਸੇ ਮਾਰ ਗਏ, ਨੀਂਦ ਅਜੇ ਪੂਰੀ ਨਹੀਂ ਹੋਈ ਹੁੰਦੀ ਸੀ, ਅਲਾਰਮਾਂ ਦੇ ਵੱਜਣ ਤੋਂ ਪਹਿਲਾਂ ਈ ਅੱਖ ਖੁੱਲ੍ਹ ਜਾਂਦੀ ਸੀ। ਅਕਸਰ ਸਿਰ ਦੁਖਦਾ ਤੇ ਸਰੀਰ ਟੁੱਟਦਾ ਪਿਆ ਹੁੰਦਾ ਸੀ। ਮਨ ਅੰਤਾਂ ਦਾ ਖ਼ਰਾਬ, ਪਰੇਸ਼ਾਨ ਹੁੰਦਾ ਸੀ ਤਾਂ ਆਪਣੇ-ਆਪ ਨੂੰ, “ਚੱਲ ਓਏ, ਉੱਲੂ ਦਿਆ ਪੱਠਿਆ, ਇਉਂ ਨੀਂ ਸਰਨਾ!” ਆਖਕੇ ਕੰਮਾਂ-ਕਾਰਾਂ ਲਈ ਤੁਰ ਪੈਂਦੇ ਸਾਂ। ਇੱਕ ਵਾਰ ਤਾਂ ਲੱਗਣ ਲੱਗ ਪਿਆ ਸੀ ‘ਪਿੰਡੋਂ ਦਾਣਾ-ਪਾਣੀ ਮੁੱਕ ਗਿਆ ਏ!’ ਯਾਰੋ, ਅਸੀਂ ਗ੍ਰੀਨ ਕਾਰਡ ਤੇ ਪੀਆਰਾਂ ’ਡੀਕਦੇ ਈ ਬੁੱਢੇ ਹੋ ਗਏ ! ਲੋਕ ਵਰ੍ਹਿਆਂ ਬਾਅਦ ਘਰ ਮੁੜਿਆਂ ਦੀਆਂ ਵੀਡੀਓ ਬਣਾਕੇ ਨੈੱਟ ’ਤੇ ਪਾਉਂਦੇ ਨੇ, ਗੀਤ ਚੱਲ ਰਿਹਾ ਹੁੰਦੈ, “ਨਾ ਪਿੰਡ ਦਿਲ ’ਚੋਂ ਨਿੱਕਲਦਾ ਚਾਹੇ ਪਿੰਡ ’ਚੋਂ ਨਿੱਕਲਿਆ ਮੈਂ,” ਜਾਂ , “ਚੈਲੰਜ ਮੇਰਾ ਨਾਸਾ ਵਾਲ਼ਿਆਂ ਨੂੰ, ਕੋਈ ਐਸਾ ਜਹਾਜ਼ ਬਣਾਵੋ,” ਜਾਂ “ਸਭ ਦੀ ਏਥੇ ਕੋਈ ਨਾ ਕੋਈ ਮਜਬੂਰੀ ਏ, ਕੋਈ ਪ੍ਰਦੇਸੀ ਘਰ ਨੀਂ ਛੱਡਦਾ ਚਾਵਾਂ ਨੂੰ,” ਕੋਈ ਵੀਹੀਂ ਸਾਲੀਂ ਪਰਤਦਾ ਏ ਤਾਂ ਘਰ ਵਿਆਹ ਵਾਂਗ ਸਜਾਇਆ ਹੁੰਦੈ, ਤੇਲ ਚੋਇਆ ਜਾਂਦੈ, ਢੋਲ-ਨਗਾਰੇ ਵੀ ਵੱਜਦੇ ਆ। ਇਹ ਸਭ ਕੁਝ ਵੇਖ ਮਨ ਭਰ-ਭਰ ਆਉਂਦੈ! ਮਨ ਗਲ਼ੇ ਹੋਏ ਅਮਰੂਦ ਦੀ ਤਰ੍ਹਾਂ ਪਿਲਪਿਲਾ ਹੋਇਆ ਪਿਆ ਏ, ਜ਼ਿੰਦਗੀ ਆਪਣੇ ਆਖ਼ਰੀ ਪਹਿਰ ’ਚ ਅੱਪੜ ਕੇ ਹਿਸਾਬ ਮੰਗਦੀ ਪਈ ਏ, “ਕੀ ਖੱਟਿਆ, ਕੀ ਕਮਾਇਆ, ਕੋਹੜੀਆ ?” ਸੋਨਾ ਕਿਤੇ ਹੋਰ ਪਿਆ ਸੀ ਤੇ ਅਸੀਂ ਗੂੰਹ ਦੀ ਰਾਖੀ ਕਰਦੇ ਰਹਿ ਗਏ। ਅਸੀਂ ਜਿੰਨ੍ਹਾਂ ਨੇ ਪ੍ਰਵਾਸ ਨੂੰ ਹੱਥੀਂ ਚੁਣਿਆ, ਦਰੁਸਤ ਈ ਏ, ਜੇ ਅਸੀਂ ਰੁਲ਼ੇ, ਅਸੀਂ ਏਸ ਦੁਰਗਤੀ ਦੇ ਹੱਕਦਾਰ ਹੀ ਸਾਂ, ਸਾਡੇ ਸੀਨੇ ‘ਚ ਕਾਨੀ ਖਿੱਚਕੇ ਵੱਜਣੀ ਹੀ ਚਾਹੀਦੀ ਸੀ। ਬੇਸ਼ੱਕ ਕਈਆਂ ਨੂੰ ਪ੍ਰਦੇਸ ਰਾਸ ਵੀ ਬੜਾ ਆਇਆ ਏ ਪਰ ਕੁਝ ਵੀ ਹੋਵੇ, ਦੇਸ ਆਪਣਾ ਈ ਚੰਗਾ ਹੁੰਦਾ ਏ। “ਮੁਲਕ ਆਪਣੇ ਦੀਆਂ ਵੱਲਾਂ ਨਾਲ਼ੋਂ ਤੁੰਮੇ ਚੁਣ-ਚੁਣ ਖਾਈਏ, ਬਲਜੀਤ ਖ਼ਾਨ ਪੁੱਤਰ ਮਾਂ ਬਸ਼ੀਰਾਂ |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
Smalsar, Moga, Punjab, India