15 July 2026

‘ਓਏ ਜ਼ੁਲਫੀ,…ਚੱਲੀਏ? — ਡਾਕਟਰ ਸ਼ਿੰਦਰ ਪੁਰੇਵਾਲ 

ਓਏ ਜ਼ੁਲਫੀ,…ਚੱਲੀਏ? — ਡਾਕਟਰ ਸ਼ਿੰਦਰ ਪੁਰੇਵਾਲ 
ਪ੍ਰੋਫੈਸਰ ਆਫ ਪੋਲਿਟੀਕਲ ਸਾਇੰਸ 
ਕਵਾਂਟਲਿਨ ਪੋਲੀਟੈਕਨਿਕ ਯੂਨੀਵਰਸਿਟੀ, ਸਰੀ, ਕੈਨੇਡਾ   

ਵੱਡੇ ਨਾਨਾ ਜੀ ਦੀ ਆਵਾਜ਼ ਥੱਕੇ ਪੰਛੀ ਦੇ ਪਰਾਂ ਵਾਂਗ ਛੱਤ ਨਾਲ ਟਕਰਾਂਦੀ ਤੇ ਅੱਗੇ ਬੂਹਾ ਲੰਘਣ ਤੋਂ ਅਸਮਰਥ ਰਹਿ ਜਾਂਦੀ। ਸਰਘੀ ਵੇਲੇ ਦੀ ਡੂੰਘੀ ਖਾਮੋਸ਼ੀ ਕਾਰਨ ਬਾਹਰੋਂ ਇਕ ਹਲਕੀ ਹੂਕ ਵਾਂਗ ਮਹਿਸੂਸ ਹੁੰਦੀ ਸੀ।

ਫੇਫੜੇ ਕਮਜ਼ੋਰ ਨਹੀਂ, ਸਗੋਂ ਸਿਆਣੇ ਹੋ ਗਏ ਜਾਪਦੇ ਸਨ। ਉਹ ਸਮਝ ਚੁੱਕੇ ਸਨ ਕਿ ਇੱਕ ਸਦੀ ਤੋਂ ਵੱਧ ਦੀਆਂ ਗਰਜਾਂ ਵੀ ਉਹਨਾਂ ਕੰਨਾਂ ਦੇ ਮੋਟੇ ਪਰਦਿਆਂ ਨੂੰ ਚੀਰ ਕੇ ਅੱਗੇ ਨਹੀਂ ਲੰਘ ਸਕੀਆਂ, ਜਿਨ੍ਹਾਂ ਕਦੇ ਜੀਵਨ ਉੱਤੇ ਦੁੱਖਾਂ ਦੇ ਪਹਾੜ ਖੜੇ ਕਰ ਦਿੱਤੇ ਸਨ।

ਅੰਦਰ ਵੜ ਜਦ ਸਰਾਣੇ ਕੋਲ ਖੜੀ, ਅਹਿਸਾਸ ਹੋਇਆ ਕਿ ਕੋਈ ਪਿਛਲੇ ਸਮਿਆਂ ਦਾ ਦਰਵਾਜ਼ਾ ਹੌਲੀ ਹੌਲੀ ਖੁੱਲ ਰਿਹਾ ਹੈ। ਦਹਾਕਿਆਂ ਪੁਰਾਣੀ ਆਵਾਜ਼ ਵੱਡੇ ਨਾਨਾ ਜੀ ਦੇ ਗਲੇ ਵਿਚੋਂ ਬਹੁਤ ਹੀ ਧੀਮੀ ਸੁਰ ਵਿੱਚ ਨਿੱਕਲੀ, “ਓਏ ਜ਼ੁਲਫ਼ੀ… ਚੱਲੀਏ?”

ਇਸ ਪਲ ਤੋਂ ਬਾਅਦ ਉਨ੍ਹਾਂ ਦਾ ਸਰੀਰ ਤੇ ਦਿਮਾਗ ਪੂਰਨ ਸ਼ਾਂਤੀ ਅਵਸਥਾ ਵਿਚ ਚਲੇ ਗਏ, ਹੁਣ ਬਾਹਰਲੀ ਦੁਨੀਆ ਨਾਲ ਸਬੰਧ ਖਤਮ ਸੀ। 

ਅਫਸੋਸ ਕਰਨ ਵਾਲਿਆਂ ਨੂੰ ਇੱਕ ਸੌ ਦੋ ਸਾਲ ਦੀ ਲੰਮੀ ਸਿਹਤਮੰਦ ਉਮਰ ਦੇ ਮੁਕਾਬਲੇ ਆਖ਼ਰੀ ਤਿੰਨ ਦਿਨ ਮੰਜੇ ਤੇ ਬੀਤਣੇ ਸਿਰਫ਼ ਇੱਕ ਛੋਟੀ ਜਿਹੀ ਪਤਝੜ ਵਰਗੇ ਲੱਗਦੇ ਸਨ।

ਉਨ੍ਹਾਂ ਲਈ ਵੱਡੇ ਨਾਨਾ ਜੀ ਦੀ ਤੰਦਰੁਸਤ ਚਾਲ ਤੇ ਹਰ-ਰੋਜ਼ ਦੀ ਗਤੀਵਿਧੀ ਹੀ ਅਸਲ ਯਾਦ ਸੀ।

ਦਰੱਖਤ ਦੇ ਆਖਰੀ ਦਿਨਾਂ ਵਿੱਚ ਉਸਦੇ ਧਰਤੀ ਵੱਲ ਝੁਕਣ ਦੀ ਉਹਨਾਂ ਨੂੰ ਘੱਟ ਪਰਵਾਹ ਸੀ। ਉਹ ਹਰ ਟਾਹਣੀ ਦੇ ਫੈਲਣ ਤੇ ਵਧਣ ਦੀਆਂ ਗੱਲਾਂ ਕਰਦੇ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਸੂਰਜ ਡੁੱਬਣ ਨਾਲੋਂ ਪੂਰੇ ਦਿਨ ਦੀ ਰੌਸ਼ਨੀ ਨੂੰ ਯਾਦ ਕਰਨਾ ਹੀ ਬੇਹਤਰ ਹੈ।

“ਮੌਸਮ ਸੁਹਾਵਣਾ ਹੋਵੇ ਤਾਂ ਇੰਦਰ ਪਾਰਕ ਵਿੱਚ ਜਾ ਕੇ ਜ਼ਰੂਰ ਬੈਠਦਾ, ਪਰ ਗੱਲਾਂ ਘੱਟ ਹੀ ਕਰਦਾ ਸੀ,” ਨਾਨਾ ਜੀ ਪ੍ਰੀਤਮ ਲਾਹੌਰੀਏ ਨੇ ਭਰੀਆਂ ਅੱਖਾਂ ਨਾਲ ਆਖਿਆ।

ਨਾਨਾ ਜੀ ਪ੍ਰੀਤਮ ਸਿੰਘ ਲਾਹੌਰੀਆ ਅਸਲ ਵਿੱਚ ਗੁਜਰਾਂਵਾਲੇ ਤੋਂ ਆਏ ਸਨ, ਪਰ ਦਿੱਲੀ ਦੇ ਲੋਕਾਂ ਲਈ ਬਟਵਾਰੇ ਵੇਲੇ ਲਹਿੰਦੇ ਪੰਜਾਬ ਤੋਂ ਆਇਆ ਹਰ ਵਿਅਕਤੀ ‘ਲਾਹੌਰੀਆ’ ਹੀ ਸੀ, ਤੇ ਵਿੰਧਿਆ ਤੋਂ ਦੱਖਣ ਵੱਲ ਦਾ ਹਰ ਕੋਈ ‘ਮਦਰਾਸੀ’।

ਮੇਰੇ ਲਈ ਵੱਡੇ ਨਾਨਾ ਜੀ ਦੇ ਸਾਰੇ ਦੋਸਤ ਹੀ ਨਾਨਾ ਜੀ ਸਨ। ਕੇਵਲ ਉਨ੍ਹਾਂ ਨਾਲ ਵੱਡੇ ਅਸੀਂ ਇਸ ਕਾਰਨ ਲਾਓੰਦੇ ਸੀ ਕੇ ਉਹ ਮੰਮੀ ਦੇ ਨਾਨਾ-ਨਾਨੀ ਸਨ, ਚਲੋ ਹੁਣ ਉਨ੍ਹਾਂ ਨੂੰ ਵੀ ਨਾਨਾ ਜੀ ਤੇ ਨਾਨੀ ਜੀ ਹੀ ਕਹਿ ਲਈਏI

‘ਟਿਉਸ਼ਨ’ ਬਾਅਦ ਗਲਬਾਤ ਦੁਰਾਨ ਮੈਂ ਆਪਣੇ ਦੁੱਖ ਦਾ ਹਾਲ ਪ੍ਰੋਫੈਸਰ ਤਰਿਪਾਠੀ ਨਾਲ ਸਾਂਝਾ ਕੀਤਾ।  

“ਇਹ ਦੁੱਖ ਨਾਲ ਭਰਿਆ ਪਿਆਲਾ, ਉਨ੍ਹਾਂ ਦੀ ਜ਼ਿੰਦਗੀ ਨੂੰ ਕਲਮਬੰਦ ਕਰਨ ਨਾਲ ਕੁਝ ਨਾ ਕੁਝ ਹਲਕਾ ਹੋ ਸਕਦਾ ਹੈ,” ਪ੍ਰੋਫੈਸਰ ਤ੍ਰਿਪਾਠੀ ਨੇ ਆਪਣੇ ਜੀਵਨ ਤੇ ਅਕਾਦਮਿਕ ਤਜਰਬੇ ਦਾ ਨਿਚੋੜ ਦੱਸਦੇ ਕਿਹਾ।

ਮੈਂ ਸੋਚਿਆ ਕਿ ਨਾਨਾ ਜੀ ਦੀ ਜ਼ਿੰਦਗੀ ਦੇ ਸਫਰਨਾਮੇ ਨੂੰ ਲਿਖਣਾ ‘ਐਨਾ ਕਰਨੀਨਾ’ ਵਰਗਾ ਨਾਵਲ ਬਣ ਜਾਵੇਗਾ; ਪਹਿਲੀ ਕਿਸ਼ਤ ਵਿਚ ਉਨ੍ਹਾਂ ਦੀ ਜਿੰਦਗੀ ਦੇ ਕਿਸੇ ਇਕ ਪਹਿਲੂ ਬਾਰੇ ਛੋਟੀ ਕਹਾਣੀ ਹੀ ਠੀਕ ਰਹੇਗੀ।।

ਇੱਕ ਸਦੀ ਤੱਕ ਨਾਨਾ ਜੀ ਇਤਿਹਾਸ ਦੇ ਮੰਚ ਤੇ ਖੜ੍ਹੇ ਰਹੇ ਅਤੇ ਮਨੁੱਖਤਾ ਤੇ ਆਉਂਦੀਆਂ ਆਫ਼ਤਾਂ ਦੇ ਗਵਾਹ ਬਣੇ।

ਉਨ੍ਹਾਂ ਨੇ ਇਨਸਾਨੀਅਤ ਨੂੰ ਕੁਚਲਿਆ ਜਾਂਦਾ ਦੇਖਿਆ, ਲਹੂ ਦੇ ਦਰਿਆ ਵਗਦੇ ਵੇਖੇ ਅਤੇ ਹਿੰਸਾ ਦੇ ਘੇਰੇ ਵਿੱਚ ਇਨਸਾਨ ਦੀ ਜੀਊਣ ਦੀ ਖਾਹਿਸ਼ ਨੂੰ ਤੱਕਿਆ। ਸਦੀਆਂ ਤੋਂ ਇਕੱਠੇ ਵੱਸਦੇ ਪਰਿਵਾਰਾਂ ਵਿਚ ਅਚਾਨਕ ਸਰਹੱਦਾਂ ਖਿੱਚਦੀਆਂ ਵੀ ਉਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਵੇਖੀਆਂ।

ਪੁੰਗਰ ਰਹੀ ਫੁਲਵਾੜੀ ਤੇ ਪੈਂਦੀ ਊਸ਼ਾ ਦੀ ਲਾਲੀ ਅਤੇ ਇੱਕ ਸਾਮਰਾਜ ਦੇ ਡੁੱਬਦੇ ਸੂਰਜ ਦੇ ਗਵਾਹ ਵਜੋਂ ਉਨ੍ਹਾਂ ਦੀ ਜ਼ਿੰਦਗੀ ਦਾ ਇਹ ਸਫਰਨਾਮਾ ਆਉਣ ਵਾਲੀਆਂ ਪੀੜੀਆਂ ਲਈ ਨਿਸ਼ਚਿਤ ਹੀ ਇੱਕ ਵੱਡਾ ਸਬਕ ਹੋਵੇਗਾ।

ਜੇ ਮੈਂ ਹਰ ਰੋਜ਼ ਬਰਾਮਦੇ ਵਿਚ ਬੈਠ ਪੂਰੇ ਸੱਤ ਵਜੇ ਚਾਹ ਪੀ ਸਕਦੀ ਹਾਂ, ਕੀ ਇਸੇ ਸੰਜਮ ਨਾਲ ਲਿਖ ਵੀ ਸਕਾਂਗੀ? ਮਨ ਦੀ ਹਾਂ ਨੇ ਕਾਰਜ ਸ਼ੁਰੂ ਕਰਵਾ ਦਿੱਤਾ।

ਨਾਨਾ ਜੀ ਦੀ ਜਿੰਦਗੀ ਉਸ ਦਰਿਆ ਵਾਂਗ ਸੀ ਜਿਸਨੇ ਸਮੁੰਦਰ ਤੱਕ ਪਹੁੰਚਦੇ ਕਈ ‘ਡੈਮ’ ਬਣਦੇ ਦੇਖੇI

ਦਰਿਆਂਵਾਂ ਤੇ ਬਣੇ ਡੈਮ ਉਨ੍ਹਾਂ ਦੀ ਕੁਦਰਤੀ ਚਾਲ ਹੀ ਨਹੀ ਰੋਕਦੇ ਸਗੋਂ ਅੱਗੇ ਆਉਣ ਵਾਲੀ ਜ਼ਮੀਨ ਦੀ ਖੁਰਾਕ, ਮੱਛੀਆਂ ਦਾ ਪਰਵਾਸ ਤੇ ‘ਈਕੋ-ਸਿਸਟਮ’ ਦਾ ਨੁਕਸਾਨ ਵੀ ਕਰਦੇ। ਇਨਸਾਨੀ ਜਿੰਦਗੀ ਦੇ ਰਾਹ ਵਿਚ ਬਣਨ ਵਾਲੇ ਡੈਮ ਵੀ ਕੁਦਰਤੀ ਜਿੰਦਗੀ ਲਈ ਦੁੱਖ ਤੇ ਰੁਕਾਵਟਾਂ ਲੈ ਖੜਦੇ।   

ਨਾਨਾ ਜੀ ਦੀ ਜ਼ੁਬਾਨੀ ਮੁਲਤਾਨ ਤੋਂ ਦਿੱਲੀ ਤੱਕ ਦਾ ਸਫਰ ਵੀ ਇੱਕ ਰਾਤ ਅਚਾਨਕ ਮੇਰੇ ਇਕ ਸਧਾਰਨ ਜਿਹੇ ਸਵਾਲ ਨਾਲ ਸ਼ੁਰੂ ਹੋ ਗਿਆ।

“ਨਾਨਾ-ਜੀ, ਤੁਹਾਡੀ ਆਵਾਜ਼ ਬੜੀ ਸੁਰੀਲੀ ਤੇ ਗਰਜ ਵਾਲੀ ਹੈ, ਕਦੇ ਗਾਉਣ ਦਾ ਖਿਆਲ ਨਹੀਂ ਆਇਆ?” ਇਹ ਸਧਾਰਣ ਜਿਹਾ ਸੁਆਲ ਮੇਰੇ ਮੂੰਹੋਂ ਨਿੱਕਲ ਗਿਆ।

“ਝਾਈ ਦੱਸਦੀ ਹੁੰਦੀ ਸੀ ਕਿ ਦਾਈ ਨੇ ਮੇਰੇ ਜਨਮ ਵੇਲੇ ਮੇਰਾ ਰੋਣਾ ਸੁਣ ਕੇ ਸਭ ਤੋਂ ਪਹਿਲਾਂ ਇਹ ਹੀ ਕਿਹਾ ਸੀ:
ਮੁੰਡੇ ਦੇ ਫੇਫੜੇ ਬੜੇ ਤਕੜੇ ਆ।” ਨਾਨਾ-ਜੀ ਨੇ ਆਪਣੇ ਸਫ਼ਰਨਾਮੇ ਦੀ ਸ਼ੁਰੂਆਤ ਕਰਦਿਆਂ, ਹੌਲੇ ਜਿਹੇ ਮੁਸਕਰਾ ਕੇ ਆਖਿਆ।

“ਵੈਸੇ ਮੇਰੀ ਯਾਦ ਤਾਂ ਆਪਣੇ ਛੋਟੇ ਨਾਂ ਬਾਰੇ ਝਾਈ ਨੂੰ ਪੁੱਛੇ ਇਕ ਸੁਆਲ ਤੋਂ ਸ਼ੁਰੂ ਹੁੰਦੀ ਹੈ। ‘ਝਾਈ, ਮੈਨੂੰ ਇੰਦੀ ਕਿਉਂ ਕਹਿੰਦੇ ਨੇ? ਦਾਦੀ ਤਾਂ ਹਮੇਸ਼ਾ ਇੰਦਰ ਕੁਮਾਰ ਕਹਿੰਦੀ ਹੈ,’ ਮੈਂ ਹੈਰਾਨ ਹੋ ਕੇ ਪੁੱਛਿਆ। ‘ਬੱਚਿਆਂ ਦੇ ਛੋਟੇ ਨਾਮ ਅਕਸਰ ਪੈ ਜਾਂਦੇ ਨੇ,’ ਝਾਈ ਨੇ ਗੱਲ ਟਾਲਦਿਆਂ ਜਲਦੀ ਪੱਲਾ ਛੁਡਾ ਲਿਆI”

ਅਸੀਂ ਸਾਰੇ ਆਪਣੇ ਆਸ ਪਾਸ ਦੇ ਲੋਕਾਂ ਦੇ ਛੋਟੇ ਨਾਵਾਂ ਤੋਂ ਹੈਰਾਨ ਜਰੂਰ ਹੁੰਦੇ ਹਾਂ। ਮੇਰੇ ਨਾਲ ਸਕੂਲ ਪੜ੍ਹਦੀ ਇੱਕ ਕੁੜੀ ਦਾ ਅਸਲ ਨਾਮ ਤਤਵਿੰਦਰ ਕੌਰ ਸੀ ਪਰ ਸਾਰੇ ਉਸਨੂੰ ਤੋਤੀ ਕਿਓਂ ਕਹਿੰਦੇ, ਇਸ ਬਾਰੇ ਮੈਨੂੰ ਕੁਝ ਨਹੀਂ ਪਤਾ ਲਗ ਸਕਿਆ।

ਫਿਰ ਨਾਨਾ ਜੀ ਨੂੰ ਮੁਲਤਾਨ ਵਿੱਚ ਗੁਆਂਢੀਆਂ ਦੇ ਨਾਮ ਯਾਦ ਆਉਣੇ ਸ਼ੁਰੂ ਹੋ ਗਏ। “ਮੇਰੇ ਗੁਆਂਢੀ ਦੋਸਤ ਨੂੰ ਓਹਦਾ ਅੱਬਾ ਤੇ ਸਾਰੇ ਗੁਆਂਢੀ ਜ਼ੁਲਫ਼ੀ ਕਹਿੰਦੇ ਸਨ। ਪਰ ਓਹਦੀ ਅੰਮੀ, ਫਾਤਿਮਾ ਚਾਚੀ, ਓਹਨੂੰ ਹਮੇਸ਼ਾ ਜ਼ੁਲਫਿਕਾਰ ਹੀ ਆਖਦੀ ਸੀ।

ਮੈਂ ਸੋਚਿਆ ਕਿ ਸ਼ਾਇਦ ਮੁਹੱਲੇ ਦੇ ਬੱਚੇ ਹੀ ਨਾਂ ਛੋਟੇ ਕਰ ਦਿੰਦੇ ਹੋਣਗੇI ਮੈਂਨੂੰ ਲੱਗਦਾ ਵੱਡੇ ਨਾਮ ਪੱਥਰਾਂ ਵਰਗੇ ਹੁੰਦੇ, ਛੋਟੇ ਨਾਂ ਦਰਿਆ ਵਿੱਚ ਸੁੱਟੀਆਂ ਠੀਕਰੀਆਂ ਵਾਂਗ ਹਲਕੇ ਹੁੰਦੇ।

ਸਾਡੇ ਮੁਹੱਲੇ ਵਿੱਚ ਮੌਲਵੀ ਨਿਆਜ਼ ਅਹਿਮਦ ਦੇ ਛੋਟੇ ਪੁੱਤਰ ਯਾਸਿਰ ਨੂੰ ਸਭ ‘ਤੀਲਾ’ ਆਖਦੇ ਸਨ, ਹਾਲਾਂਕਿ ਉਹ ਕਿਸੇ ਵੀ ਤਰ੍ਹਾਂ ਤੀਲੇ ਵਰਗਾ ਨਹੀਂ ਸੀ, ਉਹ ਕਾਫ਼ੀ ਮੋਟਾ ਡਾਢਾ ਸੀ।

ਉਸਨੂੰ ਕਿਸੇ ਨੇ ਕੀ ਆਖਿਆ, ਇਸਦੀ ਉਸਨੂੰ ਕਦੇ ਪਰਵਾਹ ਨਹੀਂ ਹੁੰਦੀ ਸੀ। ਉਹ ਤਾਂ ਹਮੇਸ਼ਾਂ ਕਿਸੇ ਨਾ ਕਿਸੇ ਸ਼ਰਾਰਤ ਵਿੱਚ ਹੀ ਮਗਨ ਰਹਿੰਦਾ ਸੀ, ਤੇ ਉਸ ਦੀਆਂ ਸ਼ਰਾਰਤਾਂ ਵੀ ਐਦਾਂ ਦੀਆਂ ਹੁੰਦੀਆਂ ਕਿ ਹਰ ਕੋਈ ਹੱਸ ਪੈਂਦਾ।

ਹੋਲੀ ਦੇ ਦਿਨ ਉਹ ਲਲਾਰੀਆਂ ਕੋਲੋਂ ਪੱਕਾ ਰੰਗ ਲਿਆ ਕੇ ਮੁੰਡਿਆਂ ਵਿੱਚ ਵੰਡਦਾ ਸੀ। ਵਿਸਾਖੀ ਤੇ ਗੁਰਦੁਆਰੇ ਜਾ ਕੇ ਤਲਵਾਰ ਫੜ ਲੈਂਦਾ, ਸਿਰ ਤੇ ਵੱਡੀ ਪੱਗ ਬੰਨ੍ਹ ਆਪਣੇ ਆਪ ਨੂੰ ‘ਸਰਦਾਰ ਯਾਸਿਰ ਸਿੰਘ’ ਕਹਾਉਂਦਾ ਸੀ। ਸਭ ਉਸਨੂੰ ਵੇਖ ਕੇ ਖੁਸ਼ ਹੋ ਜਾਂਦੇ ਸਨ।

ਰਮਜ਼ਾਨ ਖਤਮ ਹੋਣ ਬਾਅਦ ਈਦ ਵਾਲੇ ਦਿਨ ਤਾਂ ਮੁਹੱਲੇ ਦਾ ਕੋਈ ਮਰਦ ਉਸ ਦੀ ਜੱਫੀ ਤੋਂ ਨਹੀਂ ਬਚ ਸਕਦਾ ਸੀ, ਤੇ ਨਾਲ ਹੀ ਉਹ ਮਿਠਾਈ ਵੀ ਵੰਡਦਾ ਫਿਰਦਾ। ਈਦ ਵਾਲੇ ਦਿਨ ਮੌਲਵੀ ਦੇ ਘਰ ਵਿੱਚ ਮਿਠਾਈਆਂ ਦੀ ਭਰਮਾਰ ਹੁੰਦੀ ਸੀ।

ਮੁਹੱਰਮ ਦੇ ਮੌਕੇ ਮੌਲਵੀ ਸਾਹਿਬ ਯਾਸਿਰ ਨੂੰ ਸਾਰਾ ਦਿਨ ਆਪਣੇ ਕੋਲ ਰੱਖਦੇ, ਤਾਂ ਜੋ ਉਹ ਕੋਈ ਸ਼ਰਾਰਤ ਨਾ ਕਰ ਬੈਠੇ।

ਬਟਵਾਰੇ ਤੋਂ ਕੁਝ ਸਾਲਾਂ ਬਾਅਦ ਪਤਾ ਲੱਗਾ ਕਿ ਯਾਸਿਰ ਕਿਸੇ ਅਜਿਹੀ ਬਿਮਾਰੀ ਦਾ ਸ਼ਿਕਾਰ ਹੋ ਗਿਆ, ਜਿਸ ਬਿਮਾਰੀ ਬਾਰੇ ਉਸਦੇ ਘਰ ਵਾਲਿਆਂ ਨੂੰ ਵੀ ਪਤਾ ਨਹੀਂ ਸੀ।

ਉਹ ਸੱਚਮੁੱਚ ਬੜਾ ਹੀਰਾ ਬੰਦਾ ਸੀ।”

ਇਸ ਤੋਂ ਬਾਅਦ ਨਾਨਾ ਜੀ ਕੁਝ ਹੋਰ ਨਾ ਬੋਲ ਸਕੇ। ਸੁਨਹਿਰੀ ਯਾਦਾਂ ਸਾਡੇ ਬਚਪਨ-ਜੁਆਨੀ ਦੇ ਦਿਨਾਂ ਨਾਲ ਜੁੜੀਆਂ ਹੁੰਦੀਆਂ, ਜਿਸ ਵਕਤ ਜਿੰਮੇਵਾਰੀਆਂ ਘੱਟ, ਬਹੁਤੇ ਕਾਰਜ ਪਹਿਲੀ ਵਾਰੀ ਕਰਨ ਦਾ ਮਜ਼ਾ, ਮੌਜ-ਮਸਤੀਆਂ ਦੇ ਲੰਬੇ ਦਿਨ ਤੇ ਮਾਂ-ਬਾਪ ਦਾ ਸਹਾਰਾ ਸਾਡਾ ਜੀਵਨ ਰੰਗਲਾ ਬਣਾਉਂਦਾ ਹੈ। ਇਸ ਕਰਕੇ ਨਾਨਾ ਜੀ ਬਚਪਨ ਦੀ ਗਾਥਾ ਬੜੀ ਮਸਤੀ ਵਿਚ ਸੁਣਾ ਰਹੇ ਸਨ।

ਬਾਤ ਸੁਣਾਉਣ ਵਾਲੇ ਵਾਂਗ ਨਾਨਾ-ਜੀ ਨੇ ਅਗਲੀ ਰਾਤ ਫਿਰ ਆਪਣੀ ਜ਼ਿੰਦਗੀ ਦੀ ਗੱਲਬਾਤ ਓਥੋਂ ਹੀ ਸ਼ੁਰੂ ਕਰ ਦਿੱਤੀ, ਜਿੱਥੇ ਪਿਛਲੀ ਰਾਤ ਰੁਕ ਗਈ ਸੀ।

“ਯਾਸਿਰ ਵਾਂਗ ਹੀ ਮੋਟਾ-ਡਾਢਾ ਦਾਰਾ ਵੀ ਸੀ, ਜਿਸਨੂੰ ਮੁਹੱਲੇ ਵਿੱਚ ‘ਚਿੜੀ’ ਦੇ ਨਾਮ ਨਾਲ ਸੱਦਿਆ ਜਾਂਦਾ ਸੀ। ਅਸਲ ਵਿੱਚ ਜੇ ਉਹ ਚਾਹੁੰਦਾ ਤਾਂ ਕਿਸੇ ਵੀ ਬੱਚੇ ਦੀ ‘ਚਿੜੀ’ ਬਣਾ ਸਕਦਾ ਸੀ।

‘ਭਲਵਾਨ’ ਅਖਵਾਉਣ ਵਾਲਾ ਰਾਮ ਰੱਖਾ ਤਾਂ ਮੇਰੇ ਵਰਗਾ ਹੀ ਪਤਲਾ ਸੀ। ਵੈਦ ਜੀ ਦਾ ਇਕਲੌਤਾ ਪੁੱਤਰ ਮੁਹੱਲੇ ਵਿੱਚ ਲਗਭਗ ਇਕ ਦੇਵਤੇ ਵਾਂਗ ਮੰਨਿਆ ਜਾਂਦਾ ਸੀ। ਉਹ ਕਦੇ ਕਿਸੇ ਨਾਲ ਉੱਚੀ ਆਵਾਜ਼ ਵਿੱਚ ਨਹੀਂ ਸੀ ਬੋਲਦਾ ਅਤੇ ਹਰ ਕਿਸੇ ਦਾ ਕੰਮ ਕਰਨ ਨੂੰ ਤਿਆਰ ਰਹਿੰਦਾ ਸੀ।

ਹਾਂ, ਕਦੇ-ਕਦਾਈਂ ਉਹ ਡੰਕੇ ਚੋਟ ਵੀ ਮਾਰ ਦਿੰਦਾ ਸੀ।

ਇੱਕ ਵਾਰ ਜ਼ੁਲਫੀ ਨੇ ਉਸਨੂੰ ਮਜ਼ਾਕ ਵਿੱਚ ਕਿਹਾ, ‘ਮੇਰੇ ਘਰ ਆ ਕੇ ਬੱਕਰਾ ਖਾਇਆ ਕਰ, ਫਿਰ ਵੇਖੀਂ ਸਰੀਰ ਕਿਵੇਂ ਫੁੱਲਦਾ ਹੈ’।

ਰਾਮ ਰੱਖੇ ਨੇ ਤੁਰੰਤ ਜਵਾਬ ਦਿੱਤਾ, ‘ਜਿਸ ਦਿਨ ਇੰਦੀ ਭਲਵਾਨ ਬਣ ਗਿਆ, ਉਸ ਦਿਨ ਆਵਾਂਗਾ’।

ਮੇਰੇ ਮਾਸ-ਅੰਡਾ ਖਾਣ ਬਾਰੇ ਸਿਰਫ ਮੇਰੇ ਘਰ ਵਾਲਿਆਂ ਅਤੇ ਜ਼ੁਲਫੀ ਦੇ ਘਰ ਵਾਲਿਆਂ ਨੂੰ ਹੀ ਪਤਾ ਸੀ। ਰਾਮ ਰੱਖੇ ਨੇ ਐਵੇਂ ਹੀ ਕਹਿ ਦਿੱਤਾ ਸੀ ਜਾਂ ਉਸਨੂੰ ਕੁਝ ਪਤਾ ਸੀ। ਅਸੀਂ ਵੀ ਗੱਲ ਨੂੰ ਅੱਗੇ ਨਹੀਂ ਵਧਣ ਦਿੱਤਾ।

ਅਸੀਂ ਸਾਰੇ ਬੱਚੇ ਬਾਜਵਿਆਂ ਦੇ ਘਰ ਇਕੱਠੇ ਹੁੰਦੇ, ਸਾਡੀ ਗਲੀ ਵੀ ਬਾਜਵਿਆਂ ਦੀ ਗਲੀ ਦੇ ਨਾਮ ਨਾਲ ਜਾਣੀ ਜਾਂਦੀ ਸੀ, ਇਹਦਾ ਨਾਂ ਬਾਜਵਾ ਪਰਿਵਾਰ ਦੇ ਘਰ ਤੋਂ ਪਿਆ ਹੋਵੇਗਾ।

ਬਾਜਵਿਆਂ ਦੇ ਘਰ ਬੱਚੇ ਅਸਲ ਵਿੱਚ ਚਾਚੀ ਛੱਤੋ ਕਰਕੇ ਇਕੱਠੇ ਹੁੰਦੇ ਸਨ। ਉਨ੍ਹਾਂ ਦੇ ਵੱਡੇ ਪੁੱਤਰ ਦੀ ਵਹੁਟੀ ਚਾਚੀ ਛੱਤੋ ਦੀ ਆਪਣੀ ਕੋਈ ਔਲਾਦ ਨਹੀਂ ਸੀ।

ਸ਼ਾਇਦ ਬੱਚੇ ਨਾ ਹੋਣ ਕਰਕੇ ਹੀ ਚਾਚੀ ਛੱਤੋ ਮੁਹੱਲੇ ਦੇ ਹਰ ਬੱਚੇ ਨੂੰ ਆਪਣੀ ਔਲਾਦ ਵਾਂਗ ਪਿਆਰ ਕਰਦੀ ਸੀ। ਉਸ ਲਈ ਹਰ ਬੱਚਾ ਇਕ ਸਿਤਾਰਾ ਸੀ, ਜਿਸਦੀ ਲੋਅ ਚਾਨਣ ਵਾਂਗ ਲੱਗਦੀ ਸੀ।

ਛੱਤੋ ਚਾਚੀ, ਜਿਸਦਾ ਅਸਲੀ ਨਾਮ ਨਛੱਤਰ ਕੌਰ ਸੀ, ਬੱਚਿਆਂ ਲਈ ਮਿੱਠੀਆਂ ਚੀਜ਼ਾਂ ਬਣਾਉਣ ਦੇ ਨਾਲ ਪਕੌੜੇ ਤਲਣ ਦੀ ਵੀ ਬੜੀ ਮਾਹਿਰ ਸੀ।

ਉਹ ਸਾਰਿਆਂ ਨੂੰ ਬਰਾਬਰ ਵੰਡਦੀ ਸੀ, ਪਰ ਦਾਰੇ ਦਾ ਸਰੀਰ ਤਕੜਾ ਹੋਣ ਕਰਕੇ ਕਦੇ-ਕਦੇ ਉਸਨੂੰ ਹੋਰਾਂ ਨਾਲੋਂ ਕੁਝ ਵੱਧ ਵੀ ਦੇ ਦਿੰਦੀ। ਨਾਲ ਹੀ ਉਸਦੇ ਸਿਰ ਤੇ ਹੱਥ ਫੇਰ ਕੇ ਅਸੀਸ ਦਿੰਦੀ, ‘ਇਹ ਮੇਰਾ ਪੁੱਤ ਇਕ ਦਿਨ ਰੁਸਤਮ ਬਣੇਗਾ’।

ਕਈ ਵਾਰ ਉਹ ਦਾਰੇ ਨੂੰ ਇਕ ਡੱਬੇ ਵਿੱਚ ਘਿਉ ਪਾ ਕੇ ਦੇ ਦਿੰਦੀ ਤੇ ਆਖਦੀ, ‘ਘਰ ਜਾ ਕੇ ਰੋਜ਼ ਖਾਈਂ, ਨਾਲੇ ਮਰੀਅਮ ਨੂੰ ਮੇਰਾ ਸਲਾਮ ਕਹੀਂ’।

ਝਾਈ ਚਾਚੀ ਛੱਤੋ ਦੀ ਕਾਫੀ ਘਣੀ ਸਹੇਲੀ ਸੀ, ਇਸ ਲਈ ਅਸੀਂ ਬਾਜਵਾ ਪਰਿਵਾਰ ਬਾਰੇ ਕਈ ਗੱਲਾਂ ਜਾਣਦੇ ਸਾਂ।

ਚਾਚੀ ਛੱਤੋ ਖੁਦ ਅਕਾਲੀ ਸਿਆਸਤ ਨਾਲ ਜੁੜੇ ਇਕ ਵੱਡੇ ਜਾਗੀਰਦਾਰ ਪਰਿਵਾਰ ਵਿੱਚ ਜੰਮੀ-ਪਲੀ ਸੀ। ਵੈਸੇ ਮੁਲਤਾਨ ਵਿਚ ਉਸਦੇ ਸਹੁਰੇ ਅਵਤਾਰ ਸਿੰਘ ਬਾਜਵਾ ਦਾ ਵੀ ਆਪਣਾ ਰੋਅਬ ਸੀ।

ਅਕਸਰ ਤਰਕਾਲ ਨੂੰ ਅਵਤਾਰ ਸਿੰਘ, ਮੌਲਵੀ ਨਿਆਜ਼ ਅਹਿਮਦ, ਵੈਦ ਸ਼ਰਧਾ ਰਾਮ ਅਤੇ ਬਾਜਵਾ ਦੇ ਤਿੰਨ ਪੁੱਤਰ ਘੋੜਾ-ਗੱਡੀ ਵਿੱਚ ਸਵਾਰ ਹੋ ਕੇ ਘਰ ਵਾਪਸ ਆਉਂਦੇ ਸਨ।

ਗੱਲਾਂ ਬਣਾਉਣ ਵਾਲੇ ਕਹਿੰਦੇ ਸਨ ਕਿ ਇਹ ਤਿੱਕੜੀ ਫਾਰਮ ਤੋਂ ਪੀ ਕੇ ਆਉਂਦੀ ਹੈ, ਪਰ ਕਿਸੇ ਵਿੱਚ ਏਨੀ ਹਿੰਮਤ ਨਹੀਂ ਸੀ ਕਿ ਇਹ ਗੱਲ ਉੱਚੀ ਆਵਾਜ਼ ਵਿੱਚ ਕਹਿ ਸਕੇ।

ਵੈਸੇ ਲੋਕ ਇਹ ਵੀ ਕਹਿੰਦੇ ਸਨ ਕਿ ਵੈਦ ਸ਼ਰਧਾ ਰਾਮ ਦੀ ‘ਅਰਕ’ ਵਾਲੀ ਦਵਾਈ ਅਸਲ ਵਿੱਚ ਅਵਤਾਰ ਸਿੰਘ ਦੀ ਸ਼ਰਾਬ ਅਤੇ ਵੈਦ ਵਲੋਂ ਸੌਂਫ, ਅਜਵਾਇਣ ਤੇ ਹੋਰ ਜੜੀਆਂ-ਬੂਟੀਆਂ ਨਾਲ ਘੰਟਿਆਂ ਤੱਕ ਉਬਾਲੇ ਪਾਣੀ ਦੇ ਮਿਸ਼੍ਰਣ ਨਾਲ ਬਣਦੀ ਸੀ।

ਜਿੰਨੇ ਮੂੰਹ, ਉੱਨੀਆਂ ਗੱਲਾਂ। ਤਕਰੀਬਨ ਹਰ ਘਰ ਵਿੱਚ ਉਸ ਅਰਕ ਦੀ ਦਵਾਈ ਦਾ ਪਾਓਆ ਜਾਂ ਅੱਧੀਆ ਜ਼ਰੂਰ ਪਿਆ ਹੁੰਦਾ ਸੀ। ਖਾਸ ਕਰਕੇ ਬਜ਼ੁਰਗਾਂ ਦੀ ਇਹ ਰਾਏ ਸੀ ਕਿ ਅਰਕ ਨਾਲ ਪੀੜ ਘਟ ਜਾਂਦੀ ਹੈ ਅਤੇ ਨੀਂਦ ਵੀ ਚੰਗੀ ਆਉਂਦੀ ਹੈ।

ਬਾਜਵਾ ਗਲੀ ਵਾਲੇ ਐਹੋ ਜਿਹੀਆਂ ਗੱਲਾਂ ਜ਼ਿਆਦਾ ਨਹੀਂ ਸੁਣਦੇ ਸਨ, ਕਿਉਂਕਿ ਬਰਸਾਤਾਂ ਵਿੱਚ ਅੰਬ, ਸਰਦੀਆਂ ਦਾ ਸਾਗ ਅਤੇ ਸਾਲ ਭਰ ਤਾਜ਼ੀਆਂ ਸਬਜ਼ੀਆਂ ਅਵਤਾਰ ਸਿੰਘ ਦੇ ਫਾਰਮ ਤੋਂ ਮੁਫ਼ਤ ਆ ਜਾਂਦੀਆਂ ਸਨ।

ਮੌਲਵੀ ਅਤੇ ਵੈਦ ਦੇ ਘਰ ਅੰਡੇ ਅਤੇ ਤਾਜ਼ਾ ਦੁੱਧ ਵੀ ਅਕਸਰ ਬਾਜਵਿਆਂ ਵਲੋਂ ਹੀ ਆਉਂਦਾ ਸੀ। ਸ਼ਾਇਦ ਇਸੇ ਕਰਕੇ ਸ਼ੁੱਧ ਸ਼ਾਕਾਹਾਰੀ ਵੈਦ ਵੀ ਹਰ ਮਰੀਜ਼ ਨੂੰ ਉਬਲਿਆ ਅੰਡਾ ਖਾਣ ਦੀ ਸਲਾਹ ਦੇਣ ਤੋਂ ਨਹੀਂ ਰਹਿੰਦਾ ਸੀI”

ਅਗਲੇ ਦਿਨ ਕਹਾਣੀ ਅਚਾਨਕ ਛੜੱਪਾ ਮਾਰ ਕੇ ਅੱਗੇ ਵਧ ਗਈ, ਬਿਲਕੁਲ ਉਸ ਤਰਾਂ ਜਿਵੇਂ ਮੰਮੀ ਕਹਿੰਦੀ ਹੁੰਦੀ ਸੀ ਕਿ ਲੋਹੜੀ ਵਾਲੇ ਦਿਨ ਛੜੱਪਾ ਮਾਰ ਕੇ ਵੱਡਾ ਹੁੰਦਾ।

ਸ਼ਾਇਦ ਨਾਨਾ-ਜੀ ਨੂੰ ਅਹਿਸਾਸ ਹੋ ਗਿਆ ਸੀ ਕਿ ਇਸ ਰਫ਼ਤਾਰ ਨਾਲ ਗੱਲ ਕਾਫੀ ਲੰਬੀ ਖਿੱਚ ਰਹੀ ਹੈ। ਪਹਿਲਾਂ ਉਹ ਕਿਤਾਬ ਦਾ ਹਰ ਵਰਕ ਪਰਤਦੇ, ਹੁਣ ਲੱਗਾ ਕੋਈ ਹਵਾ ਸਫ਼ੇ ਪਰਤ ਰਹੀ ਸੀ।  

ਲੱਗਦਾ ਉਨ੍ਹਾਂ ਨੂੰ ਇਹ ਫਿਕਰ ਸੀ ਕਿ ਕਿਤੇ ਯਾਤਰਾ ਆਪਣੀ ਮੰਜਿਲ ਤਕ ਪਹੁੰਚਣ ਤੋਂ ਪਹਿਲਾਂ ਹੀ ਖਤਮ ਨਾ ਹੋ ਜਾਵੇ।

“ਕਰੀਏ ਗੱਲ ਸ਼ੁਰੂ?” ਅੱਜ ਨਾਨਾ ਜੀ ਨੇ ਪਹਿਲੀ ਵਾਰ ਪੁੱਛਿਆ ਸੀ, ਪਤਾ ਨਹੀ ਕਿਓਂ? ਮੇਰੀ ਹਾਂਜੀ ਅਜੇ ਅਧਵਿਚਕਾਲੇ ਹੀ ਸੀ ਕੇ ਨਾਨਾ ਜੀ ਨੇ ਫਿਲਾਸਫਰਾਂ ਵਾਂਗ ਗੱਲਬਾਤ ਸ਼ੁਰੂ ਕੀਤੀ। ਵਕਤ ਵੀ ਝਨਾਂ ਦੇ ਪਾਣੀ ਵਾਂਗ ਲਗਾਤਾਰ ਅੱਗੇ ਵੱਧ ਰਿਹਾ ਸੀ।

“ਜਿਹੜੇ ਬੱਚੇ ਕੱਲ੍ਹ ਉਸਦੇ ਪਾਣੀ ਵਿੱਚ ਵੱਟੇ ਮਾਰਦੇ ਸਨ, ਹੁਣ ਉਹ ਮਲਾਹ ਬਣ ਚੁੱਕੇ ਸਨ,” ਲੱਗਦਾ ਸੀ ਨਾਨਾ ਜੀ ਸ਼ਾਇਰੀ ਕਰਨ ਦੇ ‘ਮੂਡ’ ਵਿਚ ਸਨ।

ਫਿਰ ਊਨਾ ਜ਼ੁਲਫ਼ੀ ਦੇ ਪਰਿਵਾਰ ਦੇ ਪਛਮੀਨੇ ਦੇ ਵਿਓਪਾਰ ਤੋਂ ਇਲਾਵਾ ਅਰੋੜਾ ਪਰਿਵਾਰ ਦੇ ਕੱਪੜੇ ਦੇ ਵਿਓਪਾਰ ਵਾਰੇ ਪੂਰਾ ਇਤਿਹਾਸ ਸੁਣਾਇਆ।

ਉਨ੍ਹਾਂ ਇਕ ਦਮ ‘ਟੌਪਿਕ’ ਬਦਲਿਆ ਤੇ ਕਹਿਣ ਲੱਗੇ, “ਘਰ ਵਾਲੇ ਕਦੇ ਮਸ਼ਕਰੀ ਵਿੱਚ ਸਾਡੇ ਵਿਆਹ ਦੀ ਗੱਲ ਵੀ ਕਰ ਦਿੰਦੇ ਸਨ, ਪਰ ਅਸਲ ਵਿੱਚ ਸਾਡਾ ਵਿਆਹ ਕਈ ਸਾਲਾਂ ਬਾਅਦ ਹੋਇਆ।”

ਮੇਰੇ ਦਾਦਾ-ਜੀ ਅਕਸਰ ਮੈਨੂੰ ਚਾਰ ਪੱਗਾਂ ਵਿਖਾ ਕੇ ਕਹਿੰਦੇ, ‘ਆਹ ਕੇਸਰੀ ਰੰਗ ਦੀਆਂ ਗੁਰਦਾਸੀ ਤੇ ਤ੍ਰਿਪਤਾ ਦੇ ਵਿਆਹ ਵੇਲੇ ਬੰਨੂੰਗਾ, ਤੇ ਆਹ ਹਰੀਆਂ ਤੇਰੇ ਤੇ ਸੁਰਿੰਦਰ ਦੇ ਵਿਆਹ ਤੇ’।

ਪਰ ਦਾਦਾ-ਜੀ ਤੇ ਦਾਦੀ-ਜੀ ਚਾਰਾਂ ਦੇ ਵਿਆਹ ਦੇਖਣ ਤੋਂ ਪਹਿਲਾਂ ਹੀ ਸੰਸਾਰ ਛੱਡ ਗਏ।

ਝਾਈ ਨੂੰ ਅਕਸਰ ਲੱਗਦਾ ਸੀ ਕਿ ਬਾਊ ਜੀ ਵਪਾਰ ਵਿੱਚ ਇੰਨੇ ਰੁੱਝੇ ਰਹਿੰਦੇ ਹਨ ਕਿ ਬੇਟੀਆਂ ਦੇ ਵਿਆਹ ਬਾਰੇ ਘੱਟ ਸੋਚਦੇ ਸਨ।

ਸਾਡੀ ਹੋਰ ਗੱਲ ਸੀ, ਅਸੀਂ ਦੋਵੇਂ ਮੁੰਡੇ ਸਾਂ। ਦੇਰ ਵੀ ਹੋ ਜਾਵੇ ਤਾਂ ਕੋਈ ਵੱਡੀ ਗੱਲ ਨਹੀਂ ਸੀ।

ਬਾਊ ਜੀ ਹਮੇਸ਼ਾਂ ਇੱਕ ਤੋਂ ਵੱਧ ਵਪਾਰ ਕਰਨ ਦੀ ਤਾਂਘ ਵਿੱਚ ਰਹਿੰਦੇ ਸਨ।

ਬਹਾਵਲਪੁਰ ਵਿੱਚ ਹੋਈ ਇੱਕ ਸ਼ਾਦੀ ਤੇ ਉਨ੍ਹਾਂ ਦਾ ਪਹੁੰਚਣਾ ਜਿਵੇਂ ਇਕ ਹੋਰ ਦੁਕਾਨ ਦੇ ਮਹੂਰਤ ਦਾ ਕਾਰਨ ਬਣ ਗਿਆ।

ਵਿਆਹ ਵਿੱਚ ਅੰਜਮ ਦੇ ਹੱਥ ਦੇ ਬਣੇ ਮੱਛੀ ਦੇ ਪਕੌੜੇ ਖਾਣ ਤੋਂ ਬਾਅਦ ਬਾਊ ਜੀ ਉਸਨੂੰ ਆਪਣੇ ਨਾਲ ਹੀ ਮੁਲਤਾਨ ਲੈ ਆਏ। ਜ਼ੁਲਫੀ ਦੇ ਪਿਤਾ, ਇਸ਼ਤਿਆਕ ਚਾਚਾ, ਹੱਸਦੇ ਹੋਏ ਕਹਿੰਦੇ, ‘ਪਰਵੇਜ਼ ਨੂੰ ਵਹੁਟੀ ਮਿਲ ਗਈ ਤੇ ਰਾਜ ਕੁਮਾਰ ਨੂੰ ਅੰਜਮ’।

ਇਮਤਿਆਜ਼ ਚਾਚੇ ਨੇ ਕੈਂਟ ਵਿੱਚ ਆਪਣੀ ਦੁਕਾਨ ਦੇ ਬਿਲਕੁਲ ਸਾਹਮਣੇ ਵਿਕ ਰਹੀ ਇਕ ਹਲਵਾਈ ਦੀ ਦੁਕਾਨ ਦਾ ਸੌਦਾ ਬਾਊ ਜੀ ਨਾਲ ਕਰਵਾ ਦਿੱਤਾ। ਇਸ ਤਰ੍ਹਾਂ ਮੇਰੇ ਤੇ ਜ਼ੁਲਫੀ ਲਈ ਆਹਮੋ-ਸਾਹਮਣੇ ਵਾਲੀਆਂ ਦੁਕਾਨਾਂ ਤੇ ਸ਼ਾਮਾਂ ਗੁਜ਼ਾਰਣ ਦਾ ਰਾਹ ਬਣ ਗਿਆ।

ਅਸੀਂ ਦੋਵੇਂ ਦੋਸਤ ਆਪਣੇ-ਆਪਣੇ ਵਾਲਦਾਂ ਨਾਲ ਪੰਜਾਬ ਤੋਂ ਇਲਾਵਾ ਕਸ਼ਮੀਰ ਅਤੇ ਸੀ.ਪੀ. ਤੱਕ ਦੇ ਕਈ ਸ਼ਹਿਰਾਂ ਦਾ ਸਫ਼ਰ ਕਰਦੇ ਰਹਿੰਦੇ ਸਾਂ। ਪਰ ਜਦੋਂ ਵੀ ਮੁਲਤਾਨ ਵਿੱਚ ਹੁੰਦੇ, ਕੈਂਟ ਵਾਲੀਆਂ ਦੁਕਾਨਾਂ ਸ਼ਾਮ ਨੂੰ ਬੈਠਣਾ ਤੇ ਦੁਕਾਨਾਂ ਬੰਦ ਕਰਵਾਉਣ ਦੀ ਜ਼ਿੰਮੇਵਾਰੀ ਮੇਰੇ ਤੇ ਜ਼ੁਲਫੀ ਦੀ ਹੀ ਹੁੰਦੀ ਸੀ।

ਚਾਚੇ ਇਸ਼ਤਿਆਕ ਅਤੇ ਬਾਊ ਜੀ ਨੂੰ ਸਾਡੇ ਨਾਨਿਆਂ ਵਲੋਂ ਦਿੱਤੇ ਨਵੇਂ ਸਾਈਕਲ ਹੁਣ ਹੌਲੇ-ਹੌਲੇ ਮੇਰੇ ਤੇ ਜ਼ੁਲਫੀ ਦੀ ਮਲਕੀਅਤ ਬਣ ਗਏ ਸਨ।

ਜ਼ੁਲਫ਼ੀ ਤੇ ਮੈਂ ਬੜੇ ਮਜੇ ਨਾਲ ਸਾਈਕਲ ਚਲਾਉਂਦੇ ਘਰ ਆਓਂਦੇI

ਅਸੀਂ ਮੁਲਤਾਨ ਵਿਚ ਹੀ ਨਹੀਂ ਸਗੋਂ ਬਾਹਰ ਵੀ ਇਕੱਠੇ ਜਾਂਦੇ, ਅਸੀਂ ਅਕਸਰ ਇਕੱਠੇ ਨਾਨਕੀ ਵੀ ਜਾਂਦੇ। ਪਹਿਲਾਂ ਕਸੂਰ, ਜ਼ੁਲਫੀ ਦੇ ਨਾਨੇ ਕੋਲ, ਅਤੇ ਫਿਰ ਲਾਹੌਰ ਮੇਰੇ ਨਾਨੇ ਕੋਲ।

ਲਾਹੌਰ ਮੈਨੂੰ ਅਤੇ ਜ਼ੁਲਫੀ ਨੂੰ ਕਸੂਰ ਨਾਲੋਂ ਵੀ ਵਧ ਪਿਆਰਾ ਲੱਗਦਾ ਸੀ। ਲਾਹੌਰ ਜਿਵੇਂ ਪੰਜਾਬੀਆਂ ਦੀ ਛਾਤੀ ਵਿੱਚ ਧੜਕਦਾ ਦਿਲ ਸੀ, ਅਤੇ ਇਸ ਦੀਆਂ ਗਲੀਆਂ ਸਾਡੀਆਂ ਅੰਤੜੀਆਂ।

ਲੱਗਦਾ ਸੀ ਸ਼ਹਿਰ ਰੋਸ਼ਨੀ ਦਾ ਦਰਿਆ ਹੈ, ਇਸ ਦੀਆਂ ਇਮਾਰਤਾਂ ਪਹਾੜਾਂ ਵਾਂਗ ਲਗਦੀਆਂ ਜਿਨ੍ਹਾਂ ਨੂੰ ਅਸੀਂ ਛੁਹ ਸਕਦੇ ਸਾਂ, ਤੇ ਤਾਰੇ ਸਾਡੇ ਨਾਲ ਜ਼ਮੀਨ ਤੇ ਰਹਿੰਦੇ ਸਨ”I

ਨਾਨਾ ਜੀ ਦੀ ਯਾਦਸ਼ਤ ਵੀ ਪੁਰਾਣੇ ਘਰ ਦੇ ਛੋਟੇ ਰੋਸ਼ਨਦਾਨਾ ਵਾਂਗ ਸੀ ਜਿਨ੍ਹਾਂ ਵਿਚੋਂ ਸੂਰਜ ਦੀਆਂ ਸੁਨਹਿਰੀ ਕਿਰਨਾਂ ਹੀ ਨਜ਼ਰ ਆਉਂਦੀਆਂ ਸਨ।

ਔਖੇ ਦਿਨ ਵੀ ਤਾਂ ਝੱਲੇ ਹੋਣਗੇ ਜਿਨ੍ਹਾਂ ਵਿੱਚ ਆਸ ਦੂਰ ਦਿਸਦੀ ਹੋਵੇ, ਕੋਸ਼ਿਸ਼ ਸਿੱਟਿਆਂ ਤੱਕ ਨਾ ਪਹੁੰਚਦੀ ਹੋਵੇ, ਤੇ ਇਕੱਠ ਵਿਚ ਬੈਠਿਆਂ ਇਕੱਲਾਪਣ ਮਹਿਸੂਸ ਹੁੰਦਾ ਹੋਵੇ।

ਜਿੰਦਗੀ ਇੱਕ ਫੁਲਵਾੜੀ ਦੀ ਤਰਾਂ ਹੈ, ਅਸੀਂ ਵਿਚੋਂ ਲੰਗਦੇ ਕੁਝ ਫੁੱਲਾਂ ਨੂੰ ਤੋੜਦੇ, ਕੁਝ ਨੂੰ ਛੱਡਦੇ।

ਨਾਨਾ ਜੀ ਜੀਵਨ ਦੇ ਮਹਿਕਦੇ ਫੁੱਲਾਂ ਨੂੰ ਯਾਦ ਰੱਖਦੇ ਕਹਾਣੀ ਅੱਗੇ ਤੋਰਦੇ ਗਏ।   

ਜਿਵੇਂ ਮਾਲਾ ਫੇਰਨ ਵਾਲਾ ਇਨਸਾਨ ਰਾਮ ਦਾ ਨਾਮ ਵਾਰ-ਵਾਰ ਪੁਕਾਰਦਾ ਹੈ, ਉਵੇਂ ਹੀ ਨਾਨਾ ਜੀ ਦੀ ਗੱਲਬਾਤ ਵਿੱਚ ਮੁਲਤਾਨ, ਲਾਹੌਰ ਅਤੇ ਕਸੂਰ ਦਾ ਜ਼ਿਕਰ ਮੁੜ ਮੁੜ ਆ ਜਾਂਦਾ ਸੀ।

ਦਰਿਆ ਦਾ ਪਾਣੀ ਲੰਬਾ ਪੈਂਡਾ ਚੱਲ ਜਦ ਸਮੰਦਰ ਵਿਚ ਡਿਗਦਾ ਸ਼ੋਰ ਮਚਾਂਦਾ ਤੇ ਅਥਰੂਆਂ ਦੀ ਝੱਗ ਪੈਦਾ ਕਰਦਾ ਸੋਚਦਾ ਹੋਵੇਗਾ ਕਿਤੇ ਮੈਂ ‘ਗਲੇਸ਼ੀਅਰ’ ਨਾਲ ਜਾ ਰਲਾਂ ਮੁੜ ਨਹੀ ਪਿਗਲਾਗਾਂ।

ਕਈ ਵਾਰ ਨਾਨਾ ਜੀ ਮੰਜੇ ਤੇ ਪੈਣ ਬਾਅਦ ਗਲਬਾਤ ਇੱਕਦਮ ਸ਼ੁਰੂ ਕਰ ਦਿੰਦੇ। ਇਸ ਵਾਰ ਗੱਲ ਵਿਆਹਾਂ ਤੱਕ ਪਹੁੰਚ ਗਈ 

“ਇਕ ਵਾਰ ਅਸੀਂ ਨਾਨਕੀ ਗੇੜਾ ਪਾ ਮੁਲਤਾਨ ਪਹੁੰਚੇ ਤਾਂ ਪਤਾ ਲੱਗਿਆ ਕਿ ਕਮਾਲ ਮਾਮੇ ਨੇ ਜ਼ੁਲਫੀ ਦੇ ਵਿਆਹ ਦੀ ਗੱਲਬਾਤ ਵੀ ਚੁੱਪਚਾਪ ਅੱਗੇ ਵਧਾ ਲਈ ਹੈ। ਚਾਚੀ ਤੇ ਚਾਚਾ ਤਾਂ ਪਹਿਲਾਂ ਹੀ ਹਾਂ ਕਰ ਚੁੱਕੇ ਸਨ, ਪਰ ਜ਼ੁਲਫੀ ਨੂੰ ਦੱਸਣਾ ਵੀ ਉਨ੍ਹਾਂ ਨੇ ਜ਼ਰੂਰੀ ਸਮਝਿਆ।

ਜ਼ੁਲਫੀ ਦੀ ਸ਼ਾਦੀ ਤੋਂ ਬਾਅਦ ਜਿਵੇਂ ਸਾਡੇ ਘਰ ਵਿੱਚ ਵੀ ਸ਼ਾਦੀਆਂ ਦਾ ਸਿਲਸਿਲਾ ਹੀ ਸ਼ੁਰੂ ਹੋ ਗਿਆ। ਜ਼ੁਲਫੀ ਦੀਆਂ ਤਿੰਨੇ ਭੈਣਾਂ ਉਸ ਤੋਂ ਵੱਡੀਆਂ ਸਨ ਅਤੇ ਸਭ ਦੀਆਂ ਸ਼ਾਦੀਆਂ ਹੋ ਚੁੱਕੀਆਂ ਸਨ। ਮੇਰੀਆਂ ਦੋਵੇਂ ਭੈਣਾਂ ਹਾਲੇ ਛੋਟੀਆਂ ਸਨ, ਗੁਰਦਾਸੀ ਉਸ ਵੇਲੇ ਸਤਾਰਾਂ ਸਾਲ ਦੀ ਸੀ ਅਤੇ ਪ੍ਰਤਾਪੀ ਸੋਲਾਂ ਸਾਲ ਦੀ। ਦੋਹਾਂ ਦੇ ਵਿਆਹ ਸਿਰਫ਼ ਦੋ ਮਹੀਨੇ ਦੇ ਫਰਕ ਨਾਲ ਕਰ ਦਿੱਤੇ ਗਏ।

ਮੇਰੀ ਸ਼ਾਦੀ ਦਾ ਇੰਤਜ਼ਾਮ ਕਰਨ ਵਿੱਚ ਨਾਨਾ ਜੀ ਦਾ ‘ਰੋਲ’ ਸਭ ਤੋਂ ਵੱਡਾ ਸੀ। ਦੂਰ-ਦੂਰ ਤੱਕ ਹਿੰਦੂ–ਸਿੱਖ ਪਰਿਵਾਰਾਂ ਵਿੱਚ ਰਿਸ਼ਤੇਦਾਰੀਆਂ ਹੋਣ ਕਰਕੇ ਪਹਿਲ ਕਦਮੀ ਵੀ ਉਨ੍ਹਾਂ ਨੇ ਹੀ ਕੀਤੀ। ਸਾਰੇ ਰਿਸ਼ਤੇਦਾਰਾਂ ਵਿੱਚੋਂ ਚੰਗੀ ਕੁੜੀ ਉਨ੍ਹਾਂ ਨੂੰ ਨਿਮਰਤ ਹੀ ਲੱਗੀ।

ਬਾਊ ਜੀ ਦੱਸਦੇ ਸਨ ਕਿ ਨਾਨਾ ਜੀ ਨੇ ਇਕ ਦਿਨ ਉਨ੍ਹਾਂ ਨੂੰ ਕਿਹਾ, ‘ਅੰਮ੍ਰਿਤਸਰ ਵਾਲੇ ਕੁਲਦੀਪ ਸਿੰਘ ਭਾਟੀਆ ਦੀ ਵੱਡੀ ਬੇਟੀ ਹੁਣ ਸਤਾਰਾਂ ਸਾਲ ਦੀ ਹੋ ਚੁੱਕੀ ਹੈ। ਕੱਪੜਾ ਮਿੱਲ ਦੇ ਮਾਲਿਕ ਕੁਲਦੀਪ ਸਿੰਘ ਕੋਲ ਪੈਸਾ ਵੀ ਬਹੁਤ ਹੈ ਤੇ ਕੰਜੂਸੀ ਵੀ, ਪਰ ਸਾਰੇ ਰਿਸ਼ਤੇਦਾਰ ਉਸ ਦੀ ਬੇਟੀ ਨਿਮਰਤ ਅਤੇ ਉਸ ਦੀ ਪਤਨੀ ਕੁਲਦੀਪ ਕੌਰ ਨੂੰ ਸਵਰਗ ਦੀਆਂ ਹੂਰਾਂ ਸਮਝਦੇ’।

ਅਸਲ ਵਿੱਚ ਸੁੰਦਰਤਾ, ਸੂਝਵਾਨੀ ਅਤੇ ਦਿਆਲੂ ਸੁਭਾਉ ਦੇ ਮਾਮਲੇ ਵਿੱਚ ਦੋਵੇਂ ਮਾਵਾਂ-ਧੀਆਂ ਬਿਲਕੁਲ ਪਰੀਆਂ ਵਰਗੀਆਂ ਸਨ। ਘਰ ਵਾਲਿਆਂ ਨੂੰ ਵੀ ਅਤੇ ਨਿਮਰਤ ਦੇ ਦਾਰ ਜੀ ਨੂੰ ਵੀ ਇਹ ਰਿਸ਼ਤਾ ਮਨਜ਼ੂਰ ਸੀ।

ਪੰਡਿਤ ਜੀ ਦੀ ਕੁੰਡਲੀ ਨੇ ਵਿਆਹ ਨੂੰ ਕਈ ਮਹੀਨੇ ਪਿੱਛੇ ਧੱਕ ਦਿੱਤਾ। ਮਹੂਰਤ ਮੁਤਾਬਕ ਵਿਆਹ ਅੱਸੂ ਮਹੀਨੇ ਦੇ ਪਹਿਲੇ ਬੁੱਧਵਾਰ ਨੂੰ ਤਹਿ ਹੋਇਆ।

ਇਸ ਦਰਮਿਆਨ ਕਈ ਹਾਲਾਤ ਬਦਲ ਗਏ। ਸਮਾਂ ਕਈ ਵਾਰ ਸਦੀਆਂ ਤੱਕ ਕੱਛੂਏ ਦੀ ਚਾਲ ਨਾਲ ਤੁਰਦਾ ਅਤੇ ਕਈ ਵਾਰ ਖਰਗੋਸ਼ ਵਾਂਗ ਛੜੱਪੇ ਮਾਰਦਾI

ਮੇਰੇ ਲਈ ਅੰਮ੍ਰਿਤਸਰ ਰਹਿਣ ਦੀ ਸ਼ਰਤ ਤਾਂ ਵਿਆਹ ਤੋਂ ਪਹਿਲਾਂ ਹੀ ਤਹਿ ਹੋ ਚੁੱਕੀ ਸੀ। ਬਾਊ ਜੀ ਮੈਨੂੰ ਕਹਿਣ ਲੱਗੇ,
‘ਨਿਮਰਤ ਦੇ ਦਾਰ ਜੀ ਦੀ ਸਿਹਤ ਢਿੱਲੀ ਰਹਿੰਦੀ ਹੈ। ਨਿਮਰਤ ਦੀ ਭੈਣ ਹਾਲੇ ਛੋਟੀ ਹੈ। ਕੋਈ ਗੱਲ ਨਹੀਂ, ਤੂੰ ਅੰਮ੍ਰਿਤਸਰ ਚਲਾ ਜਾਵੀਂ। ਮੇਰੇ ਕੋਲ ਸੁਰਿੰਦਰ ਦਾ ਆਸਰਾ ਤਾਂ ਹੈ’।

ਵਿਆਹ ਤੋਂ ਬਾਅਦ ਮੈਂ ਕੁਝ ਉਦਾਸ-ਉਦਾਸ ਜਿਹਾ ਅੰਮ੍ਰਿਤਸਰ ਵਿੱਚ ਰਹਿਣ ਲੱਗ ਪਿਆ। ਬਾਊ ਜੀ ਨੇ ਸਹੁਰੇ ਘਰ ਰਹਿਣ ਤੋਂ ਬਚਾਉਣ ਲਈ ਆਨਿਆਂ ਦੇ ਭਾਅ ਇੱਕ ਵੱਡਾ ਘਰ ਖਰੀਦ ਲਿਆ। ਉਹ ਦਾਰਜੀ ਦੇ ਘਰ ਤੋਂ ਤੀਜਾ ਘਰ ਸੀ। ਇਸ ਤਰ੍ਹਾਂ ਅਸੀਂ ਨਜ਼ਦੀਕ ਵੀ ਸਾਂ ਤੇ ਆਪਣੀ ਆਜ਼ਾਦੀ ਨਾਲ ਵੀ।

ਮੈਂ ਮਨ ਵਿਚ ਸੋਚਦਾ ਨਿਮਰਤ ਦੀ ਭੈਣ ਸਿਰਫ ਚਾਰ ਸਾਲ ਛੋਟੀ ਹੈ, ਉਸਦੇ ਵਿਆਹ ਤੋਂ ਬਾਅਦ ਦੋਹਾਂ ਨੂੰ ਦਾਰ ਜ਼ੀ ਕੋਲ ਛੱਡ ਅਸੀਂ ਮੁਲਤਾਨ ਚਲੇ ਜਾਵਾਂਗੇ। ਇਹ ਖਾਹਿਸ਼ ਕਦੇ ਪੂਰੀ ਨਾ ਹੋ ਸਕੀ। 

ਮੁਲਤਾਨ ਛੱਡਣ ਦਾ ਗ਼ਮ, ਹਰ ਰੋਜ਼ ਦਾ ‘ਜ਼ਿੰਦਾਬਾਦ–ਮੁਰਦਾਬਾਦ’ ਵਾਲਾ ਸਿਆਸੀ ਮਾਹੌਲ, ਦਾਰ ਜੀ ਦੇ ਕੱਪੜਾ ਮਿੱਲ ਅਤੇ ਪੈਸਾ ਲੈਣ-ਦੇਣ ਦੇ ਕੰਮਾਂ ਵਿੱਚ ਦਿਨ ਲੰਘ ਜਾਂਦਾ, ਪਰ ਸ਼ਾਮ ਚੰਗੀ ਬਿਤਾਉਣ ਲਈ ਕਿਸਮਤ ਨਾਲ ਮੈਨੂੰ ਦੋ ਵਧੀਆ ਗੁਆਂਢੀ ਮਿਲ ਗਏ, ਡਾਕਟਰ ਕਪਿਲ ਸ਼ਰਮਾ ਅਤੇ ਪ੍ਰੋਫੈਸਰ ਸਤੀਸ਼ ਵਰਮਾ।

ਅਰਜਣ ਦੇ ਜਨਮ ਤੋਂ ਲਗਭਗ ਮਹੀਨਾ ਪਹਿਲਾਂ ਝਾਈ ਵੀ ਸਾਡੇ ਕੋਲ ਆ ਗਈ। ਅਰਜਣ ਦਾ ਜਨਮ ਬਟਵਾਰੇ ਤੋਂ ਦੋ ਦਿਨ ਬਾਅਦ ਹੋਇਆ।

ਜਨਮ ਤੋਂ ਲਗਭਗ ਦਸ ਦਿਨ ਪਹਿਲਾਂ ਝਾਈ ਨੂੰ ਅਚਾਨਕ ਕੋਈ ਘਮੇਟਾ ਆਇਆ ਅਤੇ ਉਹ ਫਰਸ਼ ਤੇ ਡਿੱਗ ਪਈ। ਸੱਟ ਕੋਈ ਗੰਭੀਰ ਨਹੀਂ ਸੀ, ਪਰ ਫਿਰ ਵੀ ਅਸੀਂ ਉਨ੍ਹਾਂ ਨੂੰ ਡਾਕਟਰ ਕਪਿਲ ਸ਼ਰਮਾ ਦੀ ਕਲੀਨਿਕ ਵਿੱਚ ਦਾਖਲ ਕਰਵਾ ਦਿੱਤਾ।

ਬਟਵਾਰੇ ਤੋਂ ਕੁਝ ਦਿਨ ਪਹਿਲਾਂ ਬਾਊ ਜੀ ਅਤੇ ਸੁਰਿੰਦਰ ਵੀ ਕਿਸੇ ਤਰ੍ਹਾਂ ਅੰਮ੍ਰਿਤਸਰ ਪਹੁੰਚ ਗਏ। ਉਹ ਦਿਨ ਅਜਿਹੇ ਸਨ ਕਿ ਯਾਤਰਾ ਕਰਨੀ ਖਤਰੇ ਤੋਂ ਖਾਲੀ ਨਹੀਂ ਸੀ। ਇਸ਼ਤਿਆਕ ਚਾਚੇ ਨੂੰ ਸਾਰਾ ਕੰਮ ਸੰਭਾਲ ਕੇ ਇੱਕਦਮ ਸਾਡੇ ਕੋਲ ਆਉਣਾ ਪਿਆ।

ਝਾਈ ਤਾਂ ਨਿਮਰਤ ਦੀ ਮਦਦ ਲਈ ਆਈ ਸੀ, ਪਰ ਉਹਨਾਂ ਦਿਨਾਂ ਵਿੱਚ ਮੈਨੂੰ ਵੀ ਉਨ੍ਹਾਂ ਦਾ ਵੱਡਾ ਆਸਰਾ ਮਿਲਿਆ।

ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਸਾਡੇ ਦਾਨਿਸ਼ਮੰਦਾਂ ਦੀ ਸਿੱਖਿਆ ਕਿੱਥੇ ਗਾਇਬ ਹੋ ਗਈ।

ਇੱਕ ਵਾਰ ਪ੍ਰੋਫੈਸਰ ਵਰਮਾ ਨੇ ਵਾਰਿਸ ਸ਼ਾਹ ਦਾ ਇੱਕ ਸ਼ੇਅਰ ਸੁਣਾਇਆ ਸੀ। ਮੈਂ ਕਿਤੇ ਕਾਪੀ ਵਿੱਚ ਲਿਖਿਆ ਹੋਇਆ ਸੀ। ਸਵੇਰੇ ਮੈਨੂੰ ਯਾਦ ਕਰਵਾ ਦਈਂ।

ਘਰ ਆ ਕੇ ਮੈਂ ਝਾਈ ਨਾਲ ਹੋਰ ਗੱਲਾਂ ਕਰਦਾ ਰਹਿੰਦਾ ਤਾਂ ਜੋ ਮਨ ਕੁਝ ਹੱਲਕਾ ਹੋ ਜਾਵੇ।

ਪਰ ਫਿਰ ਵੀ ਕਈ ਰਾਤਾਂ ਮੈਂ ਉਣੀਦਰੀਆਂ ਹੀ ਕੱਟਦਾ ਰਿਹਾ।”

ਮਗਰਲੇ ਕੁਝ ਬੋਲ ਸੁਣ ਕੇ ਇੰਝ ਲੱਗਾ ਜਿਵੇਂ ਨਾਨਾ-ਜੀ ਰੋਣ ਲੱਗ ਪੈਣਗੇ। ਇਸ ਪੰਨੇ ਨੂੰ ਜਲਿਆਂ ਭਾਵੇ ਅਰਸਾ ਹੋ ਗਿਆ ਸੀ ਪਰ ਇਸ ਵਿੱਚੋ ਧੂਆਂ ਅਜੇ ਵੀ ਉੱਠ ਰਿਹਾ ਸੀ।

ਸਵੇਰ ਹੁੰਦਿਆਂ ਮੇਰੇ ਯਾਦ ਕਰਵਾਉਣ ਤੋਂ ਪਹਿਲਾਂ ਹੀ ਨਾਨਾ-ਜੀ ਕਾਪੀ ਕੱਢ ਕੇ ਪੜ੍ਹਨ ਲੱਗ ਪਏ। ਉਨ੍ਹਾਂ ਦੀ ਆਵਾਜ਼ ਵਿੱਚ ਇੱਕ ਤਰ੍ਹਾਂ ਦੀ ਰੂਹਾਨੀ ਗਹਿਰਾਈ ਸੀ: ‘ਸ਼ਕਰਗੰਜ ਨੇ ਆਣ ਮੁਕਾਮ ਕੀਤਾ, ਦੁੱਖ ਦਰਦ ਪੰਜਾਬ ਦਾ ਦੂਰ ਹੋ ਜਾਇ’।

ਛੋਟੇ ਟਰੰਕ ਵਿੱਚ ਉਨ੍ਹਾਂ ਨੇ ਸੱਭ ਜਰੂਰੀ ਕਾਗਜ਼ਾਤ ਰੱਖੇ ਹੋਏ ਸਨ, ਕੁਝ ਕਾਪੀਆਂ ਹਿਸਾਬ-ਕਿਤਾਬ ਦੀਆਂ ਵੀ। ਡਾਇਰੀ ਵਿੱਚ ਬਹੁਤ ਸਤਰਾਂ ਤੇ ਮਸ਼ਹੂਰ ਟੂਕਾਂ ਲਿਖੀਆਂ ਹੋਈਆਂ ਸਨ।

ਬਿਜ਼ਨੈਸ ਵਾਲੀ ‘ਡਾਇਰੀ’ ਵਿਚ ਸੂਫ਼ੀ-ਸੰਤਾਂ ਦੇ ਸ਼ਲੋਕ ਹਨੇਰੇ ਵਿੱਚ ਰੂਹ ਦੇਖਣ ਵਾਲੀ ‘ਲਾਲਟਨ’ ਲੱਗਦੇ ਸਨ। 

ਡਾਇਰੀ ਉਰਦੂ ਵਿੱਚ ਲਿਖੇ ਹੋਣ ਕਾਰਨ, ਮੈਨੂੰ ਸਾਹਿਤ ਅਤੇ ਕੰਪਨੀ ਦੇ ਲੇਖਾ ਜੋਖਾ ਵਿੱਚ ਫਰਕ ਨਜ਼ਰ ਨਹੀਂ ਆ ਰਿਹਾ ਸੀ। ਇਸ ਕਰਕੇ ਮੈਂ ਉਨ੍ਹਾਂ ਤੋਂ ਹੀ ਸੁਣਦੀ ਸੀ।

ਖੈਰ, ਰਾਤ ਫਿਰ ਨਾਨਾ-ਜੀ ਨੇ ਗੱਲਬਾਤ ਬਟਵਾਰੇ ਤੋਂ ਹੀ ਸ਼ੁਰੂ ਕੀਤੀ। ਉਹ ਪਲ ਜਿਵੇਂ ਸਮੇਂ ਨੂੰ ਰੋਕ ਲੈਂਦਾ ਸੀ, ਅਤੇ ਮੈਂ ਉਸ ਵਿੱਚ ਖੁਦ ਨੂੰ ਗੁਮ ਕਰ ਲੈਂਦੀ।

ਉਨ੍ਹਾਂ ਬਟਵਾਰੇ ਤੋਂ ਵਾਪਿਸ ਮੁਲਤਾਨ ਜਾਣ ਤੱਕ ਆਪਣੇ ਜੀਵਨ ਨੂੰ ਇੰਝ ਦਰਸਾਇਆ ਜਿਵੇਂ ਦਰਿਆ ਸਮੁੰਦਰ ਵਿਚ ਡਿਗਣ ਤੋਂ ਪਹਿਲਾਂ ਹੀ ਵਾਪਿਸ ਮੁੜ ਆਇਆ ਹੋਵੇ।

“ਅਸੀਂ ਮਦਨ ਦੇ ਜਨਮ ਤੋਂ ਬਾਅਦ ਪੱਕਾ ਇਰਾਦਾ ਬਣਾ ਲਿਆ ਕੇ ਮੁਲਤਾਨ ਦਾ ਚੱਕਰ ਜਰੂਰ ਲਾਉਣਾ, ਜ਼ੁਲਫ਼ੀ ਤੇ ਨੂਰੀ ਸਾਡੇ ਕੋਲ ਅਮ੍ਰਿਤਸਰ ਆ ਕੇ ਪਹਿਲ ਕਰ ਚੁੱਕੇ ਸਨ।   

ਅਸੀਂ ਪਾਸਪੋਰਟ ਬਣਾ ਕੇ ਪਰਮਿੱਟ ਵੀ ਲੈ ਲਏ, ਪਰ ਜਾਣ ਤੋਂ ਦੋ ਦਿਨ ਪਹਿਲਾਂ ਮਦਨ ਬਿਮਾਰ ਹੋ ਗਿਆ। ਮਾਂ ਲਈ ਬੱਚਾ ਹਮੇਸ਼ਾ ਆਪਣਾ ਹੀ ਹਿੱਸਾ ਹੁੰਦਾ ਹੈ; ਜਿਵੇਂ ਕੋਈ ਆਪਣਾ ਅੰਗ ਪਿੱਛੇ ਛੱਡ ਕੇ ਅੱਗੇ ਨਹੀਂ ਵੱਧ ਸਕਦਾ, ਓਸੇ ਤਰ੍ਹਾਂ ਮਾਂ ਵੀ ਬੱਚੇ ਤੋਂ ਵੱਖ ਹੋ ਕੇ ਕਦਮ ਨਹੀਂ ਚੁੱਕ ਸਕਦੀ। ਇਸ ਕਰਕੇ ਮੈਨੂੰ ਇਕੱਲੇ ਜਾਣਾ ਪਿਆ।

ਜ਼ੁਲਫੀ ਮੈਨੂੰ ਦੂਜੇ ਪਾਸੇ ਤੋਂ ਆ ਕੇ ਲੈ ਗਿਆ। ਵੱਡੀ ਕਾਰ ਉਸਨੇ ਕਰਾਚੀ ਵਿੱਚ ਇੱਕ ਅਮਰੀਕੀ ਡਿਪਲੋਮੈਟ ਦੇ ਦੋਸਤ ਰਾਹੀਂ ਖਰੀਦ ਲਈ ਸੀ, ਅਤੇ ਉਸ ਵਿੱਚ ਬੈਠਣਾ ਆਪਣੇ ਆਪ ਵਿੱਚ ਇਕ ਖਾਸ ਤਜਰਬਾ ਸੀ। ਉਸਦੇ ਨਾਨਾ-ਨਾਨੀ ਤਾਂ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਸਨ, ਪਰ ਮਾਮੇ ਨੇ ਹਵੇਲੀ ਅਜੇ ਵੀ ਨੌਕਰਾਂ ਦੇ ਹਵਾਲੇ ਕਰ ਰੱਖੀ ਸੀ। ਉਹ ਸਵੇਰੇ ਕਸੂਰ ਤੋਂ ਚੱਲ ਕੇ ਖਾਸ ਮੈਨੂੰ ਲੈਣ ਆਇਆ ਸੀ।

ਬਾਰਡਰ ਤੋਂ ਸਿੱਧਾ ਰੁਖ ਮੁਲਤਾਨ ਵੱਲ ਸੀ। ਰਾਹ ਵਿੱਚ ਖਾਣ ਵਾਸਤੇ ਉਹ ਪਰਾਂਠੇ ਵੀ ਨਾਲ ਲੈ ਆਇਆ ਸੀ। ਜਦੋਂ ਅਸੀਂ ਮੁਲਤਾਨ ਪਹੁੰਚੇ, ਸ਼ਾਮ ਹੋ ਚੁੱਕੀ ਸੀ। ਸਭ ਤੋਂ ਪਹਿਲਾਂ ਠਾਣੇ ਵਿੱਚ ਜਾ ਕੇ ‘ਰਿਪੋਰਟ’ ਦਰਜ ਕਰਵਾਉਣੀ ਲਾਜ਼ਮੀ ਸੀ।

ਦਿੱਲੀ ਗੇਟ ਵਿੱਚ ਦਾਖ਼ਲ ਹੋਣ ਨਾਲ ਹੀ ਦਿਲ ਵਿੱਚ ਇਕ ਅਜੀਬ ਖੁਸ਼ੀ ਅਤੇ ਤੜਪ ਇਕੱਠੇ ਜਾਗ ਪਏ। ਫਿਰ ਦੂਜੇ ਰਸਤੇ ਤੋਂ ਸੱਜੇ ਪਾਸੇ ਮੁੜਨਾ ਸੀ, ਜਿਸਨੂੰ ਮਸੀਤ ਵਾਲਾ ਰਾਹ ਵੀ ਆਖਦੇ ਸਨ। ਮਸੀਤ ਦਾ ਪਿਛਲਾ ਹਿੱਸਾ ਸਾਡੀ ਗਲੀ ਨਾਲ ਲੱਗਦਾ ਸੀ, ਜਦਕਿ ਸਾਹਮਣੇ ਵਾਲਾ ਪਾਸਾ ਗੰਜਿਆਂ ਦੀ ਗਲੀ ਵੱਲ ਖੁਲਦਾ ਸੀ।

ਜ਼ੁਲਫੀ ਨੇ ਕਾਰ ਮਸੀਤ ਦੇ ਨੇੜੇ ਹੀ ਰੋਕ ਲਈ, ਕਿਉਂਕਿ ਸਾਡੀ ਗਲੀ ਬਹੁਤ ਤੰਗ ਸੀ। ਜਿਵੇਂ ਹੀ ਅਸੀਂ ਕਾਰ ਵਿੱਚੋਂ ਬਾਹਰ ਨਿਕਲੇ, ਮੌਲਵੀ ਸਾਹਿਬ ਸਾਹਮਣੇ ਆ ਗਏ। ਉਨ੍ਹਾਂ ਨੇ ਮੈਨੂੰ ਆਪਣੇ ਗਲੇ ਨਾਲ ਇਸ ਕਦਰ ਲਾਇਆ ਕਿ ਲੱਗਿਆ ਜਿਵੇਂ ਮੈਂ ਗਰਮ ਰਜਾਈ ਵਿੱਚ ਲਪੇਟਿਆ ਗਿਆ ਹੋਵਾਂ।

ਉਹ ਕਾਫੀ ਵੱਡੇ ਤੇ ਭਾਰੇ ਸਨ। ਰੋਂਦੇ ਹੋਏ ਵਾਰ-ਵਾਰ ਆਖ ਰਹੇ ਸਨ, “ਹੇ ਮੇਰੇ ਮੌਲਾ, ਸਾਡੇ ਨਾਲ ਇਹ ਕੀ ਹੋ ਗਿਆ?’ ਫਿਰ ਉਹ ਸਾਨੂੰ ਆਪਣੇ ਨਾਲ ਲੈ ਕੇ ਘਰ ਚਲੇ ਗਏ। ਉੱਥੇ ਵੱਡੀ ਬੇਗਮ ਖਦੀਜਾ ਨੇ ਮੇਰਾ ਸਿਰ ਪਲੋਸ ਕੇ ਰੋਣਾ ਸ਼ੁਰੂ ਕਰ ਦਿੱਤਾ।

ਇੱਕਦਮ ਯਾਸਿਰ ਦਾ ਨਾਮ ਆਉਂਦੇ ਹੀ ਮਾਹੌਲ ਗਹਿਰੇ ਗ਼ਮ ਨਾਲ ਭਰ ਗਿਆ। ਦੁੱਧ ਪੀ ਕੇ ਅਸੀਂ ਇਜਾਜ਼ਤ ਲੈ ਲਈ ਅਤੇ ਆਪਣੇ ਘਰ ਵੱਲ ਰਵਾਨਾ ਹੋ ਗਏ। ਘਰ ਬਹੁਤ ਦੂਰ ਨਹੀਂ ਸੀ, ਪਰ ਯਾਦਾਂ ਦੇ ਬੋਝ ਨੇ ਸਾਡੇ ਕਦਮ ਭਾਰੇ ਕਰ ਦਿੱਤੇ।

ਜਿਵੇਂ ਹੀ ਜ਼ੁਲਫੀ ਬੂਹੇ ਨੂੰ ਹੱਥ ਲਾ ਕੇ ਖਟਖਟਾਉਣ ਲੱਗਿਆ, ਓਸੇ ਵੇਲੇ ਇਸ਼ਤਿਆਕ ਚਾਚੇ ਨੇ ਦਰਵਾਜ਼ਾ ਖੋਲ੍ਹ ਕੇ ਮੈਨੂੰ ਜੱਫੀ ਪਾ ਲਈ। ਮੇਰਾ ਇੱਕ ਪੈਰ ਹਾਲੇ ਵੀ ਸਰਦਲ ਤੇ ਸੀ ਤੇ ਸਿਰ ਚਾਚੇ ਦੇ ਮੋਢੇ ਨਾਲ ਲੱਗਿਆ ਹੋਇਆ ਸੀ। ਫਾਤਿਮਾ ਚਾਚੀ ਨੇ ਬਾਂਹਾਂ ਚੁੱਕ ਕੇ ਮੇਰਾ ਸਿਰ ਇਸ ਤਰ੍ਹਾਂ ਫੜ ਲਿਆ, ਜਿਵੇਂ ਬਚਪਨ ਵਿੱਚ ਝਾਈ ਨਹਾਉਣ ਵੇਲੇ ਫੜਦੀ ਸੀ। ਮੈਂ ਪਹਿਲੀ ਵਾਰ ਚਾਚੇ ਤੇ ਚਾਚੀ ਨੂੰ ਇਸ ਤਰ੍ਹਾਂ ਰੋਂਦੇ ਵੇਖਿਆ।

ਮੈਂ ਸੋਚਿਆ ਹੁੰਝੂ ਕੁੱਕਰ ਦੀ ਸੀਟੀ ਵਾਂਗ ਇੱਕ ਵੈਲਵ ਦਾ ਕੰਮ ਕਰਦੇ, ਜਿਸ ਵੇਲੇ ਦਿਲ ਖੁਸ਼ੀ, ਗਮੀ, ਵਿਛੋੜਾ ਅਤੇ ਮੇਲ ਦਾ ਭਾਰ ਸਹਿ ਨਹੀਂ ਸਕਦਾ, ਫਿਰ ਅੱਖਾਂ ਦਾ ਬੰਨ ਖੁਲ ਜਾਂਦਾ ਹੈ।

ਰੋਟੀ ਖਾਣ ਤੋਂ ਬਾਅਦ ਅਸੀਂ ਦੇਰ ਰਾਤ ਤੱਕ ਗੱਲਾਂ ਕਰਦੇ ਰਹੇ। ਚਾਚੇ ਵਲੋਂ ਬੋਲੇ ਬੋਲ ਮੈਨੂੰ ਅੱਜ ਤੱਕ ਯਾਦ ਹਨ, ‘ਬਟਵਾਰਾ ਬੜੀ ਵੱਡੀ ਸਾਜਿਸ਼ ਨਾਲ ਹੋਇਆ, ਸਦੀਆਂ ਤੋਂ ਵਸਦੇ ਰਸਦੇ ਪੰਜਾਬੀ ਵੰਡ ਦਿੱਤੇ।’

ਅਸੀਂ ਰਾਤ ਥੋੜਾ-ਬਹੁਤ ਹੀ ਸੁੱਤੇ। ਸਵੇਰ ਸਵੇਰ ਮੈਂ ਤੇ ਜ਼ੁਲਫੀ ਗਲੀ ਵਿੱਚ ਟਹਿਲਣ ਨਿਕਲ ਪਏ। ਬਾਜਵਿਆਂ ਦੇ ਘਰ ਦੇ ਵੱਡੇ ਬੂਹੇ ਦੀਆਂ ਤਸਵੀਰਾਂ ਖਿੱਚ ਕੇ ਜਦੋਂ ਵਾਪਸ ਮੁੜੇ ਤਾਂ ਵੇਖਿਆ ਕਿ ਲੋਕ ਆਪਣੇ ਬੂਹੇ ਤੇ ਖਿੜਕੀਆਂ ਖੋਲ੍ਹ ਕੇ ਸਾਨੂੰ ਤੱਕ ਰਹੇ ਸਨ। ਲੱਗਦਾ ਸੀ ਚਾਚੀ ਨੇ ਪਹਿਲਾਂ ਹੀ ਸਾਰੀ ਗਲੀ ਵਿੱਚ ਖ਼ਬਰ ਕਰ ਦਿੱਤੀ ਸੀ।

ਸਾਡੇ ਘਰ ਦਾ ਬੂਹਾ ਖੋਲ੍ਹ ਕੇ ਖੜੇ ਬਜ਼ੁਰਗ ਨੇ ਜ਼ੁਲਫੀ ਨੂੰ ਪੁੱਛਿਆ, ‘ਇਹ ਮੁੰਡਾ ਦੇਸੋਂ ਆਇਆ?’ ਉਮਰ ਦੇ ਮੁਤਾਬਕ ਮੈਂ ਅਜੇ ਵੀ ਮੁੰਡਾ ਹੀ ਦਿੱਸਦਾ ਸੀ, ਇਸ ਲਈ ਜ਼ੁਲਫੀ ਦੇ ਜਵਾਬ ਤੋਂ ਪਹਿਲਾਂ ਹੀ ਮੈਂ ‘ਹਾਂਜੀ’ ਆਖ ਦਿੱਤਾ। ਬਜ਼ੁਰਗ ਗਲੀ ਵਿੱਚ ਆ ਕੇ ਸਾਨੂੰ ਗਲੇ ਮਿਲੇ ਤੇ ਫਿਰ ਅੰਦਰ ਲੈ ਗਏ। ਆਪਣੇ ਹੀ ਘਰ ਵਿੱਚ ਮੈਂ ਮਹਿਮਾਨ ਬਣਿਆ ਖੜਾ ਸੀ।

ਘਰ ਦੀਆਂ ਇੱਟਾਂ ਮੈਨੂੰ ਪਹਿਚਾਨਣ ਦੀ ਕੋਸ਼ਿਸ਼ ਕੀਤੀ, ਕੰਧਾਂ ਨੂੰ ਮੇਰੀ ਆਵਾਜ਼ ਜਾਣੀ-ਪਹਿਚਾਣੀ ਲੱਗਦੀ ਸੀ। ਬਜ਼ੁਰਗ ਦੇ ਘਰ ਦੇ ਸਾਰੇ ਮਰਦ ਮੇਰੇ ਆਲੇ ਦੁਆਲੇ ਇਕੱਠੇ ਹੋ ਕੇ ਬੈਠ ਗਏ।

ਫਿਰ ਉਹ ਮੈਨੂੰ ਸਾਡਾ ਘਰ ਵਿਖਾਉਣ ਲੱਗ ਪਏ। ਉੱਪਰ ਚੜ੍ਹ ਕੇ ਵੇਖਿਆ ਤਾਂ ਹੁਣ ਦੂਜੀ ਤੇ ਤੀਜੀ ਮੰਜ਼ਿਲ ਦੇ ਵਿਚਕਾਰ ਇਕ ਦੀਵਾਰ ਖੜੀ ਸੀ। ਪਹਿਲਾਂ ਤਾਂ ਸਾਡੇ ਘਰਾਂ ਵਿੱਚ ਸਿਰਫ ਪਹਿਲੀ ਮੰਜ਼ਿਲ ਤੱਕ ਹੀ ਦੀਵਾਰ ਸੀ; ਦੂਜੀ ਤੇ ਤੀਜੀ ਮੰਜ਼ਿਲ ਤੇ ਅਸੀਂ ਇੱਕ ਘਰ ਤੋਂ ਦੂਜੇ ਘਰ ਬਿਨਾਂ ਕਿਸੇ ਰੁਕਾਵਟ ਦੇ ਆ-ਜਾ ਸਕਦੇ ਸੀ।

ਜਿਸ ਘਰ ਵਿੱਚ ਜੰਮ-ਪਲ ਵੱਡੇ ਹੋਏ, ਉਸ ਘਰ ਵਿੱਚ ਮੈਂ ਇੱਕ ਸਿਰਸਾ ਤੋਂ ਉੱਜੜੇ ਪਰਿਵਾਰ ਦਾ ਮਹਿਮਾਨ ਸੀ। ਸਾਡੇ ਦੋਹਾਂ ਧਿਰਾਂ ਦੇ ਜਜ਼ਬਾਤ ਅੱਖਰਾਂ ਵਿੱਚ ਬਿਆਨ ਕਰਨਾ ਕਾਫ਼ੀ ਮੁਸ਼ਕਲ ਸੀ। ਫਿਰ ਜਦੋਂ ਮੈਂ ਜਾਣ ਲਈ ਤਿਆਰ ਹੋਇਆ, ਬਜ਼ੁਰਗ ਨੇ ਮੈਨੂੰ ਆਪਣਾ ਸਿਰਸਾ ਵਾਲਾ ਸਰਨਾਵਾਂ ਦਿੱਤਾ ਤੇ ਕਿਹਾ, ‘ਦੇਸ ਵਾਪਸ ਜਾ, ਸਾਡਾ ਘਰ ਜ਼ਰੂਰ ਵੇਖੀਂ।’

ਮੈਂ ਆਪਣੇ ਕੈਮਰੇ ਨਾਲ ਘਰ ਦੇ ਵੱਖ-ਵੱਖ ਹਿੱਸਿਆਂ ਦੀਆਂ ਫੋਟੋਆਂ ਖਿੱਚ ਰਿਹਾ ਸੀ। ਬਜ਼ੁਰਗ ਸ਼ਾਇਦ ਮੈਨੂੰ ਇਸ਼ਾਰਾ ਕਰ ਰਹੇ ਸਨ ਕਿ ਸਾਡੇ ਘਰ ਦੀਆਂ ਫੋਟੋ ਭੇਜੀ। “ਮੈਂ ਜ਼ਰੂਰ ਜਾਵਾਂਗਾ ਤੇ ਫੋਟੋ ਭੇਜੂੰਗਾ,” ਮੇਰੇ ਮੂੰਹੋਂ ਅਚਨਚੇਤ ਨਿੱਕਲਿਆ। ਅਸੀਂ ਬਾਹਰ ਆ ਗਏI

ਨਾਨਾ ਜੀ ਇੱਕਦਮ ਚੁੱਪ ਹੋ ਗਏ। ਪਤਾ ਨਹੀਂ ਕਿਉਂ, ਬਚਪਨ ਦੀਆਂ ਯਾਦਾਂ ਕਦੇ ਸਾਥ ਨਹੀਂ ਛੱਡਦੀਆਂ। ਜੇ ਦਹਾਕਿਆਂ ਬਾਅਦ ਵੀ ਨਾਨਾ ਜੀ ਨੂੰ ਹਰ ਪਲ ਯਾਦ ਸੀ, ਤਾਂ ਉਹ ਯਾਦਾਂ ਨਿਸ਼ਚਿਤ ਹੀ ਸੁਨਿਹਰੀ ਪਲਾਂ ਹੋਣਗੀਆਂ।

ਮੈਂ ਸੁਣ ਕੇ ਸਮਝ ਗਈ ਕਿ ਘਰ ਛੱਡਣ ਦਾ ਦੁੱਖ ਉਨ੍ਹਾਂ ਲਈ ਕਿੰਨਾ ਭਾਰੀ ਸੀ। ਪਰ ਕਹਿੰਦੇ ਹਨ, ‘ਜਿਸ ਤਨ ਲਾਗੇ, ਸੋ ਤਨ ਜਾਣੇ,’ ਦੂਜਾ ਵਿਅਕਤੀ ਰੂਹ ਦੇ ਅੰਦਰ ਨਹੀਂ ਵੜ ਸਕਦਾ।

ਅਗਲੇ ਦਿਨ ਨਾਨਾ ਜੀ ਨੇ ਫਿਲਮ ਵਾਂਗ, ਸਥਿਰ ਅਤੇ ਗੰਭੀਰ ਅੰਦਾਜ਼ ਵਿੱਚ, ਕਹਾਣੀ ਨੂੰ ਉਸੇ ਮੋੜ ਤੋਂ ਸ਼ੁਰੂ ਕਰ ਦਿੱਤਾ ਜਿੱਥੇ ਘਰ ਛੱਡਣ ਦਾ ਦੁੱਖ ਉਨ੍ਹਾਂ ਦੇ ਮਨ ਨੂੰ ਭਾਰਾ ਕਰ ਚੁੱਕਾ ਸੀ। ਉਨ੍ਹਾਂ ਦੀ ਆਵਾਜ਼ ਵਿੱਚ ਕੋਈ ਗਮ ਬਾਹਰ ਆਉਣ ਤੋਂ ਹਿਚਕਿਚਾਉਂਦਾ ਸੀ, ਪਰ ਉਹ ਇਹ ਦੁੱਖ ਆਪਣੀ ਗਾਥਾ ਵਿੱਚ ਹੀ ਅੰਦਰ ਘੁੱਟ ਲੈਂਦੇ।

“ਚਾਚੇ-ਚਾਚੀ ਨੂੰ ਪਤਾ ਸੀ ਕਿ ਅਸੀਂ ਘਰ ਦੇਖ ਕੇ ਆ ਰਹੇ ਹਾਂ। ਆਉਂਦਿਆਂ ਹੀ ਚਾਚੇ ਨੇ ਮਨ ਦੀ ਗੱਲ ਬਿਆਨ ਕੀਤੀ, ‘ਮੰਢੀਰ ਨੇ ਜਦ ਲੁੱਟ ਖੋਹ ਪੂਰੀ ਕਰ ਲਈ, ਮੈਂ ਉਸੇ ਰਾਤ ਘਰ ਵਿੱਚ ਜਾ ਕੇ ਦੇਖਿਆ ਤੇ ਸੋਚਿਆ, ਕੀਮਤੀ ਚੀਜ਼ਾਂ ਚੱਕ ਕੇ ਸਾਂਭ ਲੈਂਦੇ ਤਾਂ ਚੰਗਾ ਸੀ। ਲੋਕਾਂ ਤਾਂ ਚਮਚਾ ਤੱਕ ਨਹੀਂ ਛੱਡਿਆ’I

ਚਾਚੇ ਦੇ ਮਨ ਵਿੱਚ ਹਰ ਚੀਜ਼ ਲੁੱਟ-ਜਾਣ ਦਾ ਅਫਸੋਸ ਛਾ ਗਿਆ ਸੀ। ਅਸੀਂ ਰੋਟੀ ਖਾ ਕੇ ਮੁਲਤਾਨ ਦੀਆਂ ਗਲੀਆਂ ਵੱਲ ਮੁੜ ਨਿਕਲ ਪਏ। ਦਿਲ ਵਿੱਚ ਸੀ ਕਿ ਹਰ ਇਕ ਇੰਚ ਵੇਖੀ ਜਾਵੇ, ਜਿੱਥੇ ਸਾਡੀਆਂ ਖੇਡਾਂ ਅਤੇ ਮਸਤੀ ਦੀਆਂ ਯਾਦਾਂ ਵੱਸਦੀਆਂ ਸਨ। ਪਰ ਜਿਵੇਂ ਹੀ ਦਿਨ ਢਲਿਆ, ਥਕਾਵਟ ਹੋਈ ਤੇ ਹਨੇਰਾ ਵੀ ਛਾ ਗਿਆ।

ਘਰ ਆਏ, ਚਾਚੀ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਫਿਰ ਰੋਣਾ ਸ਼ੁਰੂ ਕਰ ਦਿੱਤਾ। ਲੱਗਦਾ ਸੀ ਕਿ ਪਿਛਲੇ ਦੱਸ ਸਾਲਾਂ ਦੇ ਹੰਝੂਆਂ ਨੇ ਝਨਾਅ ਦਾ ਕੰਡਾ ਤੋੜ ਦਿੱਤਾ ਹੋਵੇ। ਫਿਰ ਇੱਕ ਦਮ ਉਹ ਉੱਠ ਕੇ ਸਾਡੇ ਲਈ ਰੋਟੀ ਲੈ ਆਈ। ਉਸ ਵਕਤ ਚਾਚਾ ਜੀ ਵੀ ਘਰ ਪਹੁੰਚ ਗਏ।

ਦੂਸਰੇ ਦਿਨ ਅਸੀਂ ਸਕੂਲ ਤੋਂ ਬਾਅਦ ਕੈਂਟ ਬਾਜ਼ਾਰ ਵੱਲ ਗਏ। ਨਵੇਂ ਤੇ ਪੁਰਾਣੇ ਦੁਕਾਨਦਾਰ ਮਿਲ ਗਏ, ਪਰ ਜਿਸਨੂੰ ਵੇਖਣ ਗਏ ਸੀ ਉਹ ਨਹੀਂ ਮਿਲਿਆ। ਅੰਜ਼ਮ ਬਾਰੇ ਪਤਾ ਲੱਗਿਆ ਕਿ ਲਾਹੌਰ ਦਾ ਇੱਕ ਹੋਟਲ ਮਾਲਕ ਉਹਨੂੰ ਆਪਣੇ ਨਾਲ ਲੈ ਗਿਆ।

ਅਗਲੇ ਦਿਨ ਸਵੇਰੇ ਚਾਚੀ ਨੂੰ ਲਗਾਤਾਰ ਰੋਂਦੇ ਛੱਡਣਾ ਪਿਆ। ਚਾਚਾ ਵੀ ਰੋਂਦਾ ਸੀ, ਪਰ ਆਪਣਾ ਮੁੱਖ ਢੱਕ ਕੇ। ਹਰ ਪਲ ਦਿਲ ਦੇ ਟੁਕੜੇ ਹੋ ਰਹੇ ਸਨ, ਤੇ ਹੌਲੀ ਹੌਲੀ ਯਾਦਾਂ ਦੀ ਖੁਸ਼ੀ ਤੇ ਹਨੇਰਾ ਛਾਅ ਰਿਹਾ ਸੀ।

ਰਾਤ ਅਸੀਂ ਲਹੌਰ ਪਹੁੰਚ ਵੀ ਪਹਿਲਾਂ ਠਾਣੇ ‘ਰਿਪੋਰਟ’ ਦੇਣੀ ਸੀ, ਫਿਰ ਕਮਾਲ ਮਾਮੇ ਦੇ ਘਰ ਪਹੁੰਚੇ। 

ਦੂਸਰੇ ਦਿਨ ਉਸਨੇ ਸਾਨੂੰ ਸਾਰਾ ਲਾਹੌਰ ਘੁਮਾਇਆ। ਅਸੀਂ ਨਾਨੇ ਦੇ ਘਰ ਵੀ ਗਏ, ਜਿੱਥੇ ਹੁਣ ਜਲੰਧਰ ਤੋਂ ਆਇਆ ਇੱਕ ਪਰਿਵਾਰ ਵੱਸਦਾ ਸੀ।

ਉਨ੍ਹਾਂ ਨੇ ਸਾਨੂੰ ਰੋਟੀ ਖਾਏ ਬਿਨਾਂ ਨਾ ਜਾਣ ਦਿੱਤਾ। ਅਸੀਂ ਕੋਈ ਢਾਈ ਘੰਟੇ ਉੱਥੇ ਬੈਠੇ ਰਹੇ, ਕੁਝ ਫੋਟੋਆਂ ਖਿੱਚੀਆਂ ਅਤੇ ਫਿਰ ਅਲਵਿਦਾ ਕੀਤੀ। ਘਰ ਦੀ ਇੱਕ ਬਜ਼ੁਰਗ ਔਰਤ ਕਹਿਣ ਲੱਗੀ, ‘ਆਪਣੇ ਨਾਨਕਿਆਂ ਨੂੰ ਕਹਿਣਾ, ਜਦ ਵੀ ਲਾਹੌਰ ਆਉਣ ਆਪਣੇ ਘਰ ਰਹਿਣ।’

ਵਾਪਸੀ ਤੇ ਅਸੀਂ ਇੱਕ ਵਾਰ ਫਿਰ ਅੰਜਮ ਦੇ ਹੋਟਲ ਗਏ, ਪਰ ਉਹ ਸਾਨੂੰ ਫਿਰ ਵੀ ਨਹੀਂ ਮਿਲਿਆ। ਘਰ ਆ ਕੇ ਕਮਾਲ ਮਾਮੇ ਨੇ ਫਿਰ ਪੁਰਾਣੀਆਂ ਗੱਲਾਂ ਛੇੜ ਲਈਆਂ, ਯਾਦਾਂ ਦਾ ਦਰਿਆ ਵਗ ਪਿਆ।

ਵਾਪਸ ਜਾਣ ਦਾ ਵਕਤ ਆ ਗਿਆ ਸੀ। ਸਰਹੱਦ ਪਾਰ ਕਰਨ ਤੋਂ  ਪਹਿਲਾਂ ਮੈਂ ਕਸੂਰ ਜਾਣ ਦਾ ਪ੍ਰੋਗਰਾਮ ਬਣਾ ਲਿਆ। ਆਉਣ ਵਾਲੇ ਦਿਨ ਸਾਰਿਆਂ ਦਾ ਦਿਲ ਉਦਾਸ ਸੀ। ਮਾਮਾ ਵੀ ਸਾਡੇ ਨਾਲ ਕਸੂਰ ਆ ਗਿਆ।

ਕਸੂਰ ਦੀ ਹਵੇਲੀ ਪਹੁੰਚਦੇ ਹੀ ਬੇਸ਼ੁਮਾਰ ਯਾਦਾਂ ਤਾਜਾ ਹੋ ਗਈਆਂ। ਰਾਤ ਨੂੰ ਜ਼ੁਲਫੀ ਮਾਮੇ ਵਾਲੇ ਕਮਰੇ ਵਿੱਚ ਸੁੱਤਾ ਕਿਉਂਕਿ ਮਾਮੇ ਦੀ ਤਬੀਅਤ ਉਨੀ ਦਿਨੀ  ਠੀਕ ਨਹੀਂ ਰਹਿੰਦੀ ਸੀ।

ਕਮਰੇ ਵਿੱਚ ਇਕੱਲਾ ਪਿਆ ਮੈਂ ਜਨਮਭੂਮੀ ਨੂੰ ਛੱਡਣ ਦੀ ਸੋਚ ਅਤੇ ਬੱਚਿਆਂ ਨੂੰ ਜਾ ਕੇ ਮਿਲਣ ਦੀ ਖੁਸ਼ੀ, ਦੋਹਾਂ ਦੇ ਵਿਚਕਾਰ ਝੂਲ ਰਿਹਾ ਸੀ। ਮਨ ਵਿੱਚ ਇੱਕ ਅਜੀਬ ਜਿਹੀ ਖੁਸ਼ੀ ਭਰੀ ਘਬਰਾਹਟ ਉੱਭਰ ਰਹੀ ਸੀ।

ਮੈਨੂੰ ਲੱਗਾ ਜਿਵੇਂ ਮੈਂ ਝਨਾਂ ਦੇ ਕੰਢੇ ਪਾਣੀ ਦੀਆਂ ਲਹਿਰਾਂ ਵਿੱਚ ਆਪਣੇ ਬੱਚਿਆਂ ਦੇ ਚਿਹਰੇ ਵੇਖ ਰਿਹਾ ਹੋਵਾਂ।

ਸੋਚਣ ਲੱਗ ਪਿਆ ਕਿ ਕੁਝ ਯਾਦਾਂ ਤਾਜ਼ਾ ਹੋਣ ਨਾਲ ਰੂਹ ਕਿਵੇਂ ਖਿੜ ਉੱਠਦੀ ਹੈ, ਤੇ ਕੁਝ ਗੱਲਾਂ ਮਨ ਨੂੰ ਬੇਚੈਨ ਵੀ ਕਰ ਦਿੰਦੀਆਂ। ਹਰ ਸ਼ਹਿਰ ਵਿੱਚ ਦਾਖਲ ਹੁੰਦੇ ਸਮੇਂ ਥਾਣੇ ਜਾ ਕੇ ‘ਰਿਪੋਰਟ’ ਦੇਣੀ ਪੈਂਦੀ ਸੀ। ਹੁਣ ਇੱਥੇ ਵੀ ਸਾਡੇ ਵਾਂਗ ਪੰਜਾਬੀ ਬੋਲਣਾ ਘਟੀਆ ਸਮਝਿਆ ਜਾਂਦਾ ਸੀ; ਸਾਡੇ ਹਿੰਦੀ ਤੇ ਇੱਥੇ ਉਰਦੂ ਨੂੰ ਹੀ ਵਧੀਆ ਮੰਨਿਆ ਜਾਂਦਾ ਸੀ।

ਫਿਰ ਖਿਆਲ ਆਇਆ, ਕੀ ਜਾਨਵਰਾਂ ਵਿੱਚ ਵੀ ਕਦੇ ਬੋਲੀ ਬਾਰੇ ਐਸੀ ਬਹਿਸ ਹੁੰਦੀ ਹੋਵੇਗੀ? ਸੁਣਿਆ ਸੀ ਕਿ ਪਸ਼ੂ-ਪੰਛੀਆਂ ਦੇ ਵਿਗਿਆਨੀ ਉਨ੍ਹਾਂ ਦੀ ਭਾਸ਼ਾ ਵੀ ਸਮਝ ਲੈਂਦੇ।

ਮੈਂ ਸੋਚਿਆ, ਇਨ੍ਹਾਂ ਵਿਗਿਆਨੀਆਂ ਨੂੰ ਜ਼ਰੂਰ ਪੁੱਛਾਂਗਾ ਕਿ ਕੀ ਕਦੇ ਗਾਵਾਂ ਆਪਣੇ ਵੱਛਿਆਂ ਨੂੰ ਆਖਦੀਆਂ ਸੁਣੀਆਂ ਹੋਣ, ‘ਗਧਿਆਂ ਵਾਂਗ ਢੀ-ਢਾਂ ਕਰਿਆ ਕਰੋ, ਸਾਡੇ ਵਾਂਗ ਮਾਅਹ-ਮਾਅਹ ਨਾ ਕਰਦੇ ਰਿਹੋ, ਨਹੀਂ ਤਾਂ ਹੋਰ ਜਾਨਵਰ ਤੁਹਾਨੂੰ ਜੰਗਲੀ ਸਮਝਣਗੇ।’

ਨੀਂਦ ਕੋਹਾਂ ਦੂਰ ਸੀ, ਅਚਾਨਕ ਯਾਦ ਆਇਆ ਪਾਸਪੋਰਟ ਵਗੈਰਾ ਦੇਖ ਲਵਾਂ ਕਿਤੇ ਲਾਹੌਰ ਹੀ ਨਾ ਛੱਡ ਆਇਆ ਹੋਵਾਂ, ਬੈਗ ਫਰੋਲਿਆਂ ਸ਼ਾਂਤੀ ਮਿਲੀ।

ਬਿਸਤਰ ਤੇ ਲੇਟਿਆ ਫਿਰ ਸੋਚਣ ਲੱਗ ਪਿਆ, ਇਨਸਾਨ ਨੇ ਧਰਤੀ ਤੇ ਲਕੀਰਾਂ ਖਿੱਚ ਕੇ ਉਨ੍ਹਾਂ ਨੂੰ ਦੇਸ਼ਾਂ ਦੇ ਨਾਮ ਦੇ ਦਿੱਤੇ, ਪਰ ਕੁਦਰਤ ਨੇ ਕਦੇ ਇਨ੍ਹਾਂ ਲਕੀਰਾਂ ਨੂੰ ਨਹੀਂ ਮੰਨਿਆ। ਪੰਛੀ, ਜਾਨਵਰ ਜਾਂ ਸਮੁੰਦਰ ਦੀਆਂ ਮੱਛੀਆਂ, ਉਹ ਸਾਰੇ ਹਵਾ, ਪਾਣੀ ਤੇ ਮਿੱਟੀ ਦੀ ਇੱਕੋ ਹੀ ਭਾਸ਼ਾ ਸਮਝਦੇ।

ਹਾਥੀ ਜੰਗਲਾਂ ਵਿੱਚੋਂ ਲੰਘਦੇ ਹੋਏ ਕਦੇ ਨਹੀਂ ਸੋਚਦਾ ਕਿ ਉਹ ਇੱਕ ਦੇਸ਼ ਤੋਂ ਦੂਜੇ ਵਿੱਚ ਵੜ ਗਿਆ ਹੋਵੇ। ਸਮੁੰਦਰ ਵਿੱਚ ਤੈਰਦੀ ਮੱਛੀ ਨੂੰ ਇਹ ਨਹੀਂ ਪਤਾ ਹੁੰਦਾ ਕਿ ਕਿੱਥੇ ਪਾਣੀ ‘ਆਪਣਾ’ ਹੈ ਤੇ ਕਿੱਥੇ ‘ਪਰਾਇਆ’। ਤਿਤਲੀਆਂ ਹਜ਼ਾਰਾਂ ਮੀਲ ਉੱਡ ਜਾਂਦੀਆਂ ਹਨ, ਪਰ ਉਨ੍ਹਾਂ ਦੇ ਪਰਾਂ ਤੇ ਕੋਈ ਮੁਹਰ ਨਹੀਂ ਲੱਗਦੀ।

ਇਹ ਸਭ ਦੇਖ ਕੇ ਲੱਗਦਾ ਸੀ ਕਿ ਸਰਹੱਦਾਂ ਇਨਸਾਨ ਦੇ ਮਨ ਦੀਆਂ ਬਣਾਈ ਹੋਈਆਂ ਕੰਧਾਂ ਹਨ, ਧਰਤੀ ਦੀਆਂ ਨਹੀਂ। ਕੁਦਰਤ ਲਈ ਤਾਂ ਧਰਤੀ ਇੱਕ ਹੀ ਚਾਦਰ ਹੈ, ਨਾ ਇਸ ਤੇ ਟੁਕੜੇ ਹਨ, ਨਾ ਹੀ ਵੰਡ।

ਸ਼ਾਇਦ ਇਸੇ ਲਈ ਜਾਨਵਰਾਂ ਦੀ ਚਾਲ ਵਿੱਚ ਇੱਕ ਆਜ਼ਾਦੀ ਹੁੰਦੀ ਹੈ, ਜਿਵੇਂ ਉਹ ਕਹਿ ਰਹੇ ਹੋਣ, ‘ਰਾਹ ਸਾਡੇ ਲਈ ਖੁੱਲੇ ਨੇ, ਲਕੀਰਾਂ ਸਿਰਫ਼ ਤੁਹਾਡੇ ਲਈ ਨੇ।’

ਇਨਸਾਨ ਖੁਦ ਬਣਾਈਆਂ ਲਕੀਰਾਂ ਵਿੱਚ ਖੜਾ ਸੋਚਦਾ ਰਹਿ ਜਾਂਦਾ ਕਿ ਕਿੱਥੇ ਜਾਣਾ ਜਾਇਜ਼ ਹੈ ਤੇ ਕਿੱਥੇ ਨਹੀਂ।

ਸੋਚਾਂ ਸਾਰੀ ਰਾਤ ਮੇਰੇ ਮਨ ਵਿੱਚ ਘੁੰਮਦੀਆਂ ਰਹੀਆਂ। ਉਸ ਰਾਤ ਮੈਨੂੰ ਨੀਂਦ ਨਹੀਂ ਆਈ।

ਸਵੇਰ ਹੁੰਦਿਆਂ ਹੀ ਮੈਂ ਅਤੇ ਜ਼ੁਲਫੀ ਕਾਰ ਲੈ ਕੇ ਸਰਹੱਦ ਵੱਲ ਰਵਾਨਾ ਹੋ ਗਏ। ਉੱਥੇ ਪਹੁੰਚ ਕੇ ਜ਼ੁਲਫੀ ਨੇ ਕਾਰ ਰੋਕੀ। ਜਿਵੇਂ ਹੀ ਮੈਂ ਬਾਹਰ ਨਿਕਲਿਆ, ਉਸਨੇ ਮੈਨੂੰ ਘੁੱਟ ਕੇ ਜੱਫੀ ਪਾ ਲਈ ਅਤੇ ਰੋਣ ਲੱਗ ਪਿਆ।

ਸਾਡੇ ਦੋਹਾਂ ਦੇ ਅਥਰੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ। ਕਹਿਣ ਨੂੰ ਤਾਂ ਅਸੀਂ ਇੱਕ ਦੂਜੇ ਨੂੰ ਮੁੜ ਮਿਲਣ ਦੇ ਵਾਅਦੇ ਕਰ ਰਹੇ ਸਾਂ, ਪਰ ਸੱਚ ਇਹ ਸੀ ਕਿ ਹੁਣ ਇਹ ਦੋ ਦੇਸ਼ਾਂ ਦਾ ਮਾਮਲਾ ਸੀ।

ਸਰਹੱਦ ਵੱਲ ਮੁੜੇ ਕਦਮਾਂ ਯਾਦ ਕਰਵਾਇਆ, ਕੈਂਟ ਵਿਚ ਮੈਂ ਅੰਜਮ ਦੀ ਮੱਛੀ ਖਤਮ ਹੋਣ ਬਾਅਦ ਦੁਕਾਨ ਬੰਦ ਕਰਵਾ ਆਵਾਜ਼ ਦਿੰਦਾ ‘ਓਏ ਜ਼ੁਲਫ਼ੀ,…ਚੱਲੀਏ’। ਫਿਰ ਅਸੀਂ ਇਕੱਠੇ ਘਰਾਂ ਨੂੰ ਆਓਂਦੇ, ਉਸ ਦਿਨ ਅਸੀਂ ਦੋ ਵੱਖਰੀ ਦਿਸ਼ਾ ਵੱਲ ਜਾ ਰਹੇ ਸੀ।“  

ਨਾਨਾ ਜੀ ਦੀ ਆਵਾਜ਼ ਉਸ ਦਿਨ ਖਾਮੋਸ਼ ਹੋ ਗਈ ਸੀ, ਪਰ ਕਹਾਣੀ ਖਤਮ ਨਹੀਂ ਹੋਈ। ਕੁਝ ਯਾਦਾਂ ਸਮੇਂ ਨਾਲ ਪੁਰਾਣੀਆਂ ਨਹੀਂ ਹੁੰਦੀਆਂ, ਉਹ ਸਿਰਫ਼ ਹੋਰ ਗਹਿਰੀਆਂ ਹੋ ਜਾਂਦੀਆਂ ਹਨ।

ਅਹਿਸਾਸ ਵੀ ਹੋਇਆ ਕੇ ਇਨਸਾਨ ਨਹੀਂ ਰਹਿੰਦਾ, ਪਰ ਉਸ ਦੀ ਕਹਾਣੀ ਸਮੇਂ ਦੇ ਦਰਿਆ ਵਿੱਚ ਵਗਦੀ ਰਹਿੰਦੀ ਹੈ।

ਹੁਣ ਜਦ ਮੈਂ ਕਹਾਣੀ ਲਿਖ ਰਹੀ ਹਾਂ, ਮਹਿਸੂਸ ਹੁੰਦਾ ਹੈ ਕਿ ਨਾਨਾ ਜੀ ਦੀ ਰੂਹ ਅਜੇ ਵੀ ਉਨ੍ਹਾਂ ਦੇ ਸ਼ਬਦਾਂ ਵਿੱਚ ਸਾਹ ਲੈ ਰਹੀ ਹੈ।

ਕੁਝ ਲੋਕ ਮਰਦੇ ਨਹੀਂ, ਉਹ ਸਿਰਫ ਕਹਾਣੀਆਂ ਬਣ ਜਾਂਦੇ ਹਨ।
***
Dr. Shinder Purewal
+1 604-729-4592 (mobile)

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1886
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾਕਟਰਸ਼ਿੰਦਰਪੁਰੇਵਾਲ
ਪ੍ਰੋਫੈਸਰ ਆਫ ਪੋਲਿਟੀਕਲ ਸਾਇੰਸ

ਕਵਾਂਟਲਿਨ ਪੋਲੀਟੈਕਨਿਕ ਯੂਨੀਵਰਸਿਟੀ,
ਸਰੀ, ਕੈਨੇਡਾ
Dr. Shinder Purewal
e-mail:shinderpurewal@gmail.com
+1 604-729-4592

ਡਾ. ਸ਼ਿੰਦਰ ਪੁਰੇਵਾਲ

ਡਾਕਟਰ ਸ਼ਿੰਦਰ ਪੁਰੇਵਾਲ ਪ੍ਰੋਫੈਸਰ ਆਫ ਪੋਲਿਟੀਕਲ ਸਾਇੰਸ ਕਵਾਂਟਲਿਨ ਪੋਲੀਟੈਕਨਿਕ ਯੂਨੀਵਰਸਿਟੀ, ਸਰੀ, ਕੈਨੇਡਾ Dr. Shinder Purewal e-mail:shinderpurewal@gmail.com +1 604-729-4592

View all posts by ਡਾ. ਸ਼ਿੰਦਰ ਪੁਰੇਵਾਲ →