20 July 2026

ਰੱਬ ਦੀ ਦੁਕਾਨ —ਗੁਰਸ਼ਰਨ ਸਿੰਘ ਕੁਮਾਰ

ਮੈਂ ਰੋਜ਼ ਜਦ ਹਾਲ ਬਾਜ਼ਾਰ ਵਿਚੋਂ ਲੰਘਦਾ ਤਾਂ ਮੇਰੇ ਕਦਮ ਕੁਝ ਦੇਰ ਲਈ ਆਪਣੇ ਆਪ ਇਕ ਦੁਕਾਨ ਦੇ ਸਾਹਮਣੇ ਰੁਕ ਜਾਂਦੇ। ਦੁਕਾਨ ਦੇ ਬਾਹਰ ਇਕ ਬੋਰਡ ਟੰਗਿਆ ਹੋਇਆ ਸੀ ਜਿਸ ’ਤੇ ਪੰਜਾਬੀ ਵਿਚ ਲਿਖਿਆ ਹੋਇਆ ਸੀ-‘ਰੱਬ ਦੀ ਦੁਕਾਨ’-। ਮੈਂ ਸੋਚਦਾ ਭਲਾ ਇਹ ਕੀ ਹੋਇਆ-‘ਰੱਬ ਦੀ ਦੁਕਾਨ’?

ਦੁਕਾਨ ਅੰਦਰ ਇਕ ਲੋਹੇ ਦੀ ਅਲਮਾਰੀ, ਇਕ ਮੇਜ਼ ਅਤੇ ਚਾਰ ਪੰਜ ਕੁਰਸੀਆਂ ਪਈਆਂ ਹੋਈਆਂ ਹੁੰਦੀਆਂ ਸਨ। ਸਵੇਰੇ ਇਕ ਬਜ਼ੁਰਗ ਸਾਹਮਣੀ ਕੁਰਸੀ ਤੇ ਬੈਠਾ ਨਜ਼ਰ ਆਉਂਦਾ ਸੀ। ਭਾਵ ਇਹ ਕਿ ਦੁਕਾਨ ਅੰਦਰ ਵੇਚਣ ਜਾਂ ਖ੍ਰੀਦਣ ਦਾ ਕੋਈ ਵੀ ਸਮਾਨ ਨਜ਼ਰ ਨਹੀਂ ਸੀ ਆਉਂਦਾ ਜਿਸ ਕਾਰਨ ਮੇਰੇ ਮਨ ਦੀ ਉਸਤਕਤਾ ਵੱਧਦੀ ਗਈ। ਮਨ ਵਿੱਚ ਆਉਂਦਾ ਕਿ ਦੁਕਾਨ ਦੀ ਆੜ ਵਿਚ ਕਿਧਰੇ ਕੋਈ ਗੈਰ ਕਾਨੂੰਨੀ ਧੰਦਾ ਹੀ ਨਾ ਚਲਦਾ ਹੋਵੇ। ਸ਼ਾਮ ਨੂੰ ਦੁਕਾਨ ਵਿੱਚ ਕੁਝ ਖਾਂਦੇ ਪੀਂਦੇ ਘਰਾਂ ਦੇ ਬਜ਼ੁਰਗ ਅਤੇ ਕੁਝ ਗਰੀਬੜੇ ਜਿਹੇ ਬੰਦੇ ਨਜ਼ਰ ਆਉਂਦੇ ਸਨ। ਪਰ ਵੇਚ ਖਰੀਦ ਉਸ ਸਮੇਂ ਵੀ ਕੋਈ ਨਾ ਹੁੰਦੀ ਦਿਸਦੀ।

ਸ਼ੁਰੂ ਤੋਂ ਹੀ ਖੋਜੀ ਸੁਭਾ ਹੋਣ ਕਰ ਕੇ ਮੇਰੀ ਦਿਲਚਸਪੀ ਇਸ ਦੁਕਾਨ ਵਿੱਚ ਵਧਦੀ ਗਈ ਜੋ ਜਾਇਜ ਵੀ ਸੀ। ਇਸੇ ਸੁਭਾ ਕਰਕੇ ਮੇਰੀ ਪਿੱਠ ਪਿੱਛੇ ਕਈ ਲੋਕ ਮੈਨੂੰ ‘ਅੜਿਕਾ ਸਿੰਘ’ ਵੀ ਕਹਿੰਦੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਮੈਂ ਹਰ ਕੰਮ ਵਿਚ ਫ਼ਾਲਤੂ ਹੀ ਆਪਣੀ ਟੰਗ ਅੜਾਉਂਦਾ ਰਹਿੰਦਾ ਹਾਂ। ਕੁਝ ਲੋਕ ਤਾਂ ਮੈਨੂੰ ਵਹਿਮੀ ‘ਭਾਈਆ’ ਵੀ ਕਹਿੰਦੇ ਸਨ। ਖ਼ੈਰ ਆਪਣੀ ਇਸੇ ਆਦਤ ਕਰ ਕੇ ਇਕ ਦਿਨ ਮੈਂ ਸਵੇਰੇ ਦਸ ਵਜੇ ਉਸ ਦੁਕਾਨ ਵਿੱਚ ਜਾ ਵੜਿਆ। ਦੁਕਾਨ ਵਿੱਚ ਇਸ ਸਮੇਂ ਉਹ ਹੀ ਸਰਦਾਰ ਜੀ ਇਕੱਲ੍ਹੇ ਬੈਠੇ ਅਖ਼ਬਾਰ ਪੜ੍ਹ ਰਹੇ ਸਨ। ਮੈਂ ਸਤਿ ਸ੍ਰੀ ਬੁਲਾ ਕੇ ਉਨ੍ਹਾਂ ਦੇ ਸਾਹਮਣੇ ਵਾਲੀ ਕੁਰਸੀ ਤੇ ਜਾ ਬੈਠਿਆ। ਉਹ ਉਤਸਕਤਾ ਨਾਲ ਮੇਰੇ ਵੱਲ ਵੇਖਣ ਲੱਗੇ ਅਤੇ ਬੋਲੇ “ਹਾਂ ਜੀ ਦੱਸੋ?”

ਮੈਂ ਕਿਹਾ-“ਜੀ ਮੇਰਾ ਨਾਮ ਮੋਹਨ ਸਿੰਘ ਹੈ। ਮੈਂ ਤੁਹਾਡੇ ਕੰਮ ਬਾਰੇ ਕੁਝ ਜਾਣਕਾਰੀ ਲੈਣ ਆਇਆ ਹਾਂ।”

ਇਹ ਸੁਣ ਕੇ ਉਹ ਮੁਸਕਰਾਏ ਅਤੇ ਬੋਲੇ-“ਜੀ ਮੈਨੂੰ ਸਿਮਰਜੀਤ ਸਿੰਘ ਕਹਿੰਦੇ ਹਨ। ਇਸ ਤੋਂ ਪਹਿਲਾਂ ਕਿ ਮੈਂ ਤੁਹਨੂੰ ਦੁਕਾਨ ਬਾਰੇ ਕੁਝ ਦੱਸਾਂ, ਤੁਹਾਨੂੰ ਇਹ ਦੋ ਚਿੱਠੀਆਂ ਪੜ੍ਹਣੀਆਂ ਪੈਣਗੀਆਂ।”

ਉਸ ਨੇ ਦਰਾਜ ਵਿਚੋਂ ਕੱਢ ਕੇ ਦੋ ਚਿੱਠੀਆਂ ਮੇਰੇ ਸਾਹਮਣੇ ਰੱਖ ਦਿੱਤੀਆਂ। ਪਹਿਲੀ ਚਿੱਠੀ ਬਹੁਤ ਪੁਰਾਣੀ ਸੀ ਅਤੇ ਕਿਸੇ ਬੱਚੇ ਦੀ ਚਿੱਠੀ ਦੀ ਕਾਪੀ ਸੀ ਦੂਜੀ ਚਿੱਠੀ ਬਹੁਤੀ ਪੁਰਾਣੀ ਨਹੀਂ ਸੀ। ਪਹਿਲੀ ਚਿੱਠੀ ਅੱਜ ਤੋਂ ਕੋਈ ਪੰਜਾਹ ਸਾਲ ਪਹਿਲਾਂ ਜਦ ਸਿਮਰਜੀਤ ਕੇਵਲ 10 ਕੁ ਸਾਲ ਦਾ ਸੀ ਤਾਂ ਉਸ ਦੁਆਰਾ ਰੱਬ ਨੂੰ ਕੁਝ ਆਮ ਸ਼ਿਕਾਇਤਾਂ ਲਿਖੀਆਂ ਗਈਆਂ ਸਨ। ਦੂਜੀ ਚਿੱਠੀ ਵੀ ਸਿਮਰਜੀਤ ਸਿੰਘ ਦੁਆਰਾ ਸਾਲ ਕੁ ਪਹਿਲਾਂ ਰੱਬ ਨੂੰ ਹੀ ਲਿਖੀ ਗਈ ਸੀ ਜੋ ਇਸ ਪ੍ਰਕਾਰ ਸੀ:-

ਪਿਆਰੇ ਰੱਬ ਜੀ,

“ਤੁਹਾਨੂੰ ਯਾਦ ਹੋਵੇਗਾ ਕਿ ਮੈਂ ਤੁਹਨੂੰ ਅੱਜ ਤੋਂ ਪੰਜਾਹ ਸਾਲ ਪਹਿਲਾਂ ਵੀ ਇਕ ਚਿੱਠੀ ਲਿਖੀ ਸੀ ਪਰ ਅੱਜ ਤੱਕ ਤੁਸੀਂ ਉਸ ਦਾ ਕੋਈ ਵੀ ਜਵਾਬ ਨਹੀਂ ਦਿੱਤਾ। ਤੁਹਾਡੇ ਜਵਾਬ ਨੂੰ ਉਡੀਕ ਉਡੀਕ ਕੇ ਮੈਂ ਅੱਜ ਤੁਹਾਨੂੰ ਦੂਜੀ ਚਿੱਠੀ ਲਿੱਖ ਰਿਹਾ ਹਾਂ। ਤੁਸੀਂ ਮੇਰੇ ਸਬਰ ਦੀ ਹੱਦ ਦੇਖੋ। ਅੱਜ ਮੈਨੂੰ ਖਿਆਲ ਆਇਆ ਕਿ ਹੋ ਸਕਦਾ ਹੈ ਕਿ ਤੁਹਾਡੇ ਕਿਸੇ ਕਰਮਚਾਰੀ ਨੇ ਮੇਰੀ ਪਹਿਲੀ ਚਿੱਠੀ ਪਾੜ ਕੇ ਰੱਦੀ ਦੀ ਟੋਕਰੀ ਵਿਚ ਹੀ ਨਾ ਸੁੱਟ ਦਿੱਤੀ ਹੋਵੇ ਜਾਂ ਤੁਹਾਨੂੰ ਦਿਖਾਈ ਹੀ ਨਾ ਹੋਵੇ। ਜੇ ਤੁਹਾਨੂੰ ਮੇਰੀ ਚਿੱਠੀ ਪੜ੍ਹਾਈ ਹੀ ਨਹੀਂ ਸੀ ਗਈ ਤਾਂ ਫਿਰ ਤੁਸੀਂ ਉਸ ਦਾ ਜਵਾਬ ਕਿਵੇਂ ਦਿੰਦੇ? ਇਸ ਹਿਸਾਬ ਸਿਰ ਤਾਂ ਤੁਸੀਂ ਆਪਣੀ ਜਗ੍ਹਾ ਸੱਚੇ ਹੋ। ਖ਼ੈਰ! ਮੈਂ, ਤੁਹਾਨੂੰ, ਉਸ ਚਿੱਠੀ ਵਿਚ ਤੁਹਾਡੇ ਵਿਭਾਗ ਦੀ ਇਕ ਬਹੁਤ ਵੱਡੀ ਅਣਗਹਿਲੀ ਵੱਲ ਧਿਆਉਣ ਦਵਾਉਣ ਦੀ ਕੋਸ਼ਿਸ਼ ਕੀਤੀ ਸੀ……।

ਮੈਨੂੰ ਲੱਗਦਾ ਹੈ ਕਿ ਤੁਹਾਨੂੰ ਇਹ ਚਿੱਠੀ ਲਿੱਖ ਕੇ ਐਵੇਂ ਆਪਣਾ ਹੀ ਸਮਾਂ ਬਰਬਾਦ ਕਰ ਰਿਹਾ ਹਾਂ ਕਿਉਂਕਿ ਮੇਰੀ ਪਹਿਲੀ ਚਿੱਠੀ ਦਾ ਜਵਾਬ 50 ਸਾਲ ਤੱਕ ਵੀ ਨਹੀਂ ਆਇਆ। ਇਸ ਸਮੇਂ ਮੇਰੀ ਉਮਰ 60 ਸਾਲ ਦੀ ਹੈ। ਮੇਰੀ ਹੁਣ ਬਾਕੀ ਉਮਰ ਕਿੰਨੀ ਕੁ ਰਹਿ ਗਈ ਹੈ । ਇਸ ਦੂਜੀ ਚਿੱਠੀ ਦਾ ਜਵਾਬ ਉਡਕਦਿਆਂ ਤਾਂ ਮੈਂ ਕਿਧਰੇ ਮਰ ਖਪ ਜਾਵਾਂਗਾ। ਜੇ ਤੁਹਨੂੰ ਮੇਰੇ ਤੋਂ ਕੋਈ ਡਰ ਨਹੀਂ ਲੱਗਦਾ ਤਾਂ ਤੁਸੀ ਇਕ ਵਾਰੀ ਇੱਥੇ ਮੇਰੇ ਰੁਬਰੂ ਆ ਕੇ ਆਹਮਣੇ ਸਾਹਮਣੇ ਹੀ ਗੱਲ ਨਿਪਟਾ ਲਉ ਤਾਂ ਹੀ ਠੀਕ ਰਹੇਗਾ। ਚਿੱਠੀ ਇੱਥੇ ਹੀ ਖਤਮ ਕਰਦਾ ਹਾਂ।”

ਸਿਮਰਜੀਤ ਸਿੰਘ
**

ਮੈਂ ਹੱਸਦੇ ਹੋਏ ਦੋਵੇਂ ਚਿੱਠੀਆਂ ਉਸ ਨੂੰ ਵਾਪਸ ਕਰਦਿਆਂ ਪੁੱਛਿਆ: “ਫੇਰ ਤੁਹਾਡਾ ਰੱਬ ਤਾਂ ਆਇਆ ਹੀ ਨਹੀਂ ਹੋਣਾ?”

“ਆਇਆ ਸੀ। ਨਾ ਆਉਣ ਦਾ ਕੀ ਕੰਮ? ਮੈਂ ਤਾਂ ਉਸ ਦੀ ਅਣਖ ਨੂੰ ਵੰਗਾਰਿਆ ਸੀ।”
“ਅੱਛਾ ਉਹ ਕਿਵੇਂ?”

ਉਸ ਨੇ ਕਹਾਣੀ ਅੱਗੇ ਸੁਣਾਉਣੀ ਸ਼ੁਰੂ ਕੀਤੀ:
“ਇਕ ਦਿਨ ਜਦ ਮੈਂ ਰਾਤ ਨੂੰ ਸੁੱਤਾ ਪਿਆ ਸੀ ਤਾਂ ਗਿਆਰਾਂ ਕੁ ਵਜੇ ਦਰਵਾਜੇ ਦੀ ਜਾਲੀ ਵਿਚੋਂ ਕੋਈ ਮਿੱਠੀ ਜਿਹੀ ਸੁਗੰਧ ਅੰਦਰ ਆ ਰਹੀ ਸੀ। ਮੈਂ ਕੁਝ ਹੈਰਾਨ ਜਿਹਾ ਹੋ ਕੇ ਕੁਝ ਡਰ ਜਿਹਾ ਗਿਆ। ਮੈਂ ਉੱਚੀ ਸਾਰੀ ਬੋਲਿਆ ਕੌਣ ਹੈ?”

“ਡਰ ਨਾ ਮੈਂ ਹਾਂ।”

“ਮੈਂ ਕੌਣ?”

“ਉਹ ਹੀ, ਜਿਸ ਨੂੰ ਤੂੰ ਹਰ ਸਮੇਂ ਯਾਦ ਕਰਦਾ ਰਹਿੰਦਾ ਹੈਂ।”

“ਮੈਂ ਤਾਂ ਹਰ ਸਮੇਂ ਰੱਬ ਨੂੰ ਯਾਦ ਕਰਦਾ ਰਹਿੰਦਾ ਹਾਂ।”

“ਫਿਰ ਮੈਂ ਉਹ ਹੀ ਹਾਂ। ਤੇਰਾ ਰੱਬ।”

“ਕਿੱਥੇ? ਮੈਨੂੰ ਤਾਂ ਦਿਸਦਾ ਕੋਈ ਨਹੀਂ।”

“ਤੂੰ ਮੈਨੂੰ ਦੇਖ ਨਹੀਂ ਸਕਦਾ। ਕੇਵਲ ਮੇਰੀ ਆਵਾਜ ਸੁਣ ਸਕਦਾ ਹੈਂ। ਦੱਸ ਹੁਣ ਤੂੰ ਕੀ ਕਹਿਣਾ ਚਾਹੁੰਦਾ ਹੈਂ?”

“ਰੱਬ ਜੀ ਮਸਲਾ ਇਹ ਹੈ ਕਿ ਜਦ ਤੁਸੀਂ ਦੋ ਬੱਚਿਆਂ ਨੂੰ ਇਕੋ ਸਮੇਂ ਇਸ ਧਰਤੀ ਉੱਤੇ ਭੇਜਦੇ ਹੋ ਤਾਂ ਇਕ ਨੂੰ ‘ਕਰੌੜਪਤੀ’ ਅਤੇ ਦੂਜੇ ਨੂੰ ‘ਰੋਡਪਤੀ’ ਦੇ ਘਰ ਪੈਦਾ ਕਰ ਦਿੰਦੇ ਹੋ। ਵਿਚਾਰੇ ਰੋਡਪਤੀ ਦਾ ਕੀ ਕਸੂਰ? ਉਹ ਤੁਹਾਡੀ ਦਿੱਤੀ ਹੋਈ ਗ਼ਰੀਬੀ ਦੀ ਮੈਲ ਧੋਂਦਾ ਹੀ ਮਰ ਜਾਂਦਾ ਹੈ। ਰੱਬ ਜੀ ਤੁਸੀਂ ਆਪਣੀ ਸਾਰੀ ਸੰਪਤੀ ਸਾਰਿਆਂ ਵਿਚ ਇਕੋ ਜਿਹੀ ਕਿਉਂ ਨਹੀਂ ਵੰਡਦੇ? ਰੱਬ ਜੀ ਤੁਸੀਂ ਇਕ ਵਾਰੀ ਧਰਤੀ ’ਤੇ ਫੇਰਾ ਪਾ ਕੇ ਦੇਖੋ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ਗ਼ਰੀਬ ਦੀ ਜ਼ਿੰਦਗੀ ਕਿੰਨੀ ਕਸ਼ਟਾਂ ਭਰੀ ਹੁੰਦੀ ਹੈ। ਜੇ ਤੁਸੀਂ ਧਰਤੀ ਤੇ ਆਉਣ ਤੋਂ ਡਰਦੇ ਹੋ ਤਾਂ ਫਿਰ ਕੋਈ ਆਪਣਾ ਇਮਾਨਦਾਰ ਨੁਮਾਇੰਦਾ ਕਿਉਂ ਨਹੀਂ ਭੇਜਦੇ, ਜੋ ਸਾਰੀ ਦੌਲਤ ਸਾਰੇ ਬੰਦਿਆਂ ਵਿੱਚ ਇਕੋ ਜਿਹੀ ਵੰਡ ਕੇ ਗ਼ਰੀਬਾਂ ਦੇ ਦੁੱਖ ਹਲਕੇ ਕਰ ਸਕੇ।”

“ਭੇਜਿਆ ਤਾਂ ਹੈ।” ਫਿਰ ਆਵਾਜ ਆਈ।

“ਕਿਸਨੂੰ?”

“ਤੈਨੂੰ?”

“ਮੈਨੂੰ? ਇਹ ਕਿਵੇਂ ਹੋ ਸਕਦਾ ਹੈ? ਮੈਂ ਇਕ ਮਾੜਾ ਜਿਹਾ ਬੰਦਾ? ਐਡਾ  ਜਿੰਮੇਵਾਰੀ ਦਾ ਕੰਮ ਕਿਵੇਂ ਕਰ ਸਕਦਾ ਹਾਂ?”

“ਹੁਣ ਤੂੰ ਮਾਮੂਲੀ ਬੰਦਾ ਨਹੀਂ ਰਿਹਾ। ਮੈਂ ਤੈਨੂੰ ਇਸ ਧਰਤੀ ਤੇ ਇਸ ਲਈ ਭੇਜਿਆ ਹੈ ਕਿ ਜਿੰਨ੍ਹਾਂ ਕੋਲ ਵਾਧੂ ਧਨ ਹੈ ਤੂੰ ਉਨ੍ਹਾਂ ਕੋਲੋਂ ਲੈ ਕੇ ਗ਼ਰੀਬਾਂ ਵਿੱਚ ਵੰਡੇਂ ਅਤੇ ਉਨ੍ਹਾਂ ਦੇ ਦੁੱਖ ਕੁਝ ਹੱਲਕੇ ਕਰ ਸਕੇਂ।”

“ਪਰ ਰੱਬ ਜੀ ਇਹ ਕਿਵੇਂ ਹੋ ਸਕਦਾ ਹੈ? ਵਾਧੂ ਧਨ ਤਾਂ ਚੋਰ ਬਜ਼ਾਰੀ ਕਰਨ ਵਾਲਿਆਂ ਕੋਲ ਹੈ। ਉਹ ਮੈਨੂੰ ਅਪਣਾ ਧਨ ਕਿਉਂ ਦੇਣਗੇ? ਉਹ ਤਾਂ ਮਰਨ ਮਾਰਨ ਨੂੰ ਤਿਆਰ ਹੋ ਜਾਣਗੇ।”

“ਇਸ ਲਈ ਤੈਨੂੰ ਕਿਸੇ ਨਾਲ ਜੋਰ ਜਬਰਦਸਤੀ ਕਰਨ ਦੀ ਕੋਈ ਲੋੜ ਨਹੀਂ। ਲੋਕ ਆਪੇ, ਅਪਣਾ ਧਨ ਤੈਨੂੰ ਦਈ ਜਾਣਗੇ।”

“ਰੱਬ ਜੀ ਇਹ ਕੰਮ ਤਾਂ ਬਹੁਤ ਮੁਸ਼ਕਲ ਹੈ। ਮੈਂ ਤਾਂ ਚਾਹੁੰਦਾ ਹਾਂ ਕਿ ਮੈਂ ਮੈਂ ਗ਼ਰੀਬਾਂ ਨੂੰ ਦੋਹਾਂ ਹੱਥਾਂ ਨਾਲ ਧਨ ਵੰਡਦਾ ਹੀ ਜਾਵਾਂ। ਪਰ ਏਨੇ ਪੈਸੇ ਕਿੱਥੋਂ ਆਉਣਗੇ?”

“ਇਸ ਦਾ ਤੂੰ ਫ਼ਿਕਰ ਨਾ ਕਰ। ਤੁੰ ਕੇਵਲ ਪੈਸੇ ਵੰਡਣ ਦਾ ਕੰਮ ਕਰਨਾ ਹੈ। ਜੇਬ ਮੇਰੀ ਹੋਵੇਗੀ ਅਤੇ ਹੱਥ ਤੇਰੇ ਹੋਣਗੇ। ਤੇਰੀ ਜੇਬ ਹਰ ਸਮੇਂ ਭਰੀ ਰਹੇਗੀ।”

“ਫੇਰ ਰੱਬ ਜੀ ਏਡਾ ਵੱਡਾ ਕੰਮ ਮੇਰੇ ਇਕੱਲੇ ਤੋਂ ਕਿਵੇਂ ਨਿਬੜੇਗਾ?”

“ਜਾ ਤੈਨੂੰ 10 ਬੰਦੇ ਵੀ ਦਿੱਤੇ ਜੋ ਹਰ ਤਰ੍ਹਾਂ ਤੇਰੀ ਮਦਦ ਕਰਨਗੇ।”

“ਠੀਕ ਹੈ ਰੱਬ ਜੀ ਇਹ ਜੇਬ ਹਰ ਸਮੇਂ ਭਰੀ ਰਹਿਣੀ ਚਾਹੀਦੀ ਹੈ।”

“ਬਸ ਕਰ ਹੁਣ। ਤੈਨੂੰ ਮੇਰਾ ਅਸ਼ੀਰਵਾਦ ਹੈ: ‘ਦੇਦਾ ਦੇ ਲੈਦੇ ਥਕਿ ਪਾਹਿ’। ਹਾਂ ਇਕ ਗੱਲ ਹੋਰ ਸੁਣ। ਤੂੰ ਸਾਰਾ ਕੰਮ ਇਮਾਨਦਾਰੀ ਨਾਲ ਕਰਨਾ ਹੈ। ਤੂੰ ਜਾਂ ਤੇਰਾ ਕੋਈ ਸਾਥੀ ਇਸ ਧਨ ਵਿਚੋਂ ਇਕ ਪੈਸਾ ਵੀ ਨਹੀਂ ਲੈ ਸਕਦਾ।….ਇਕ ਗੱਲ ਹੋਰ…।”

“ਉਹ ਕੀ?”

“ਦਾਨ ਹਮੇਸ਼ਾਂ ਆਪਣੇ ਘਰ ਤੋਂ ਹੀ ਸ਼ੁਰੂ ਹੁੰਦਾ ਹੈ।”

“ਜੀ”

“ਤੂੰ ਅਗਲੇ ਮਹੀਨੇ ਰਿਟਾਇਰ ਹੋ ਰਿਹਾ ਹੈਂ।”

“ਹਾਂ ਜੀ”

“ਤੈਨੂੰ ਰਿਟਾਇਰਮੈਂਟ ਦੇ ਕਰੀਬ 35 ਹਜ਼ਾਰ ਰੁਪਏ ਦਫ਼ਤਰੋਂ ਮਿਲਣੇ ਹਨ।”

“ਜੀ”

“ਇਹ ਸਾਰੇ ਪੈਸੇ ਦਾਨ ਕਰਨੇ ਹੋਣਗੇ।”

“ਕੀ ਮਤਲਬ”

“ਇਸ ਨਾਲ ਤੂੰ ਕੰਮ ਸ਼ੁਰੂ ਕਰੇਂਗਾ”

“ਫਿਰ ਤਾਂ ਮੈਂ ਨੰਗ ਹੋ ਜਾਵਾਂਗਾ। ਮੇਰੀ ਘਰ ਵਾਲੀ ਤਾਂ ਮੇਰਾ ਖੂੰਨ ਪੀ ਜਾਵੇਗੀ। ਉਹ ਤਾਂ ਮੈਨੂੰ ਜਿਉਂਦੇ ਜੀਅ ਹੀ ਮਾਰ ਦੇਵੇਗੀ। ਰੱਬ ਜੀ! ਇਹ ਤਾਂ ਗੱਲ ਹੋਈ ਕਿ -ਗਏ ਸੀ ਨਮਾਜ ਬਖ਼ਸ਼ਾਉਣ ਪਰ ਰੋਜ਼ੇ ਪੱਲੇ ਪੈ ਗਏ’-।”

“ਅੱਛਾ ਚੱਲ ਫਿਰ ਤੇਰੇ ਘਰ ਵਾਲੀ ਵੀ ਤੈਨੂੰ ਕੁਝ ਨਹੀਂ ਕਹੇਗੀ। ਉਹ ਵੀ ਤੈਨੂੰ ਸਹਿਯੋਗ ਹੀ ਕਰੇਗੀ। ਜੇ ਤੂੰ ਇਸ ਤਰ੍ਹਾਂ ਕਰੇਂਗਾ ਤਾਂ ਤੈਨੂੰ ਪੈਸੇ ਦੀ ਕਦੀ ਕੋਈ ਕਮੀ ਨਹੀਂ ਆਵੇਗੀ। ਜਾਹ ਫਿਰ ਜੇਬ ਮੇਰੀ ਅਤੇ ਹੱਥ ਤੇਰਾ।”
ਇਹ ਕਹਿ ਕੇ ਰੱਬ ਜੀ ਗਾਇਬ ਹੋ ਗਏ।

ਅਗਲੇ ਮਹੀਨੇ ਰਿਟਾਇਰਮੈਂਟ ਦੇ ਪੈਸੇ ਮਿਲਣ ਤੇ ਇਹ ਦੁਕਾਨ ਕਿਰਾਏ ਤੇ ਲੈ ਕੇ ਇਹ ਸੰਸਥਾ ਸ਼ੁਰੂ ਕਰ ਦਿੱਤੀ। ਪਹਿਲਾਂ ਰੀਟਾਇਰਮੈਂਟ ਦੇ ਸਾਰੇ ਪੈਸੇ ਖ਼ਰਚ ਕੀਤੇ ਫਿਰ ਦਸ ਕੁ ਭਲੇ ਬੰਦੇ ਮੇਰੇ ਨਾਲ ਆ ਰਲੇ। ਸਾਡਾ ਕੰਮ ਚਲ ਤੁਰਿਆ।

ਮੈ ਗੁਰਸਿਮਰ ਦੀਆਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਪੁੱਛਿਆ-“ਤੁਹਾਡੀ ਸੰਸਥਾ ਕੰਮ ਕੀ ਕਰਦੀ ਹੈ?”

ਉਸਨੇ ਆਪਣੀ ਗੱਲ ਜਾਰੀ ਰੱਖੀ-“ਵੀਰ ਜੀ ਗ਼ਰੀਬੀ ਅਤੇ ਬਿਮਾਰੀ ਕਦੀ ਪੁੱਛ ਕੇ ਨਹੀਂ ਆਉਂਦੀ। ਰੱਬ ਚਾਹੇ ਤਾਂ ਬੰਦੇ ਨੂੰ ਇਕ ਮਿੰਟ ਵਿੱਚ ਹੀ ਫ਼ਰਸ਼ ਤੋ ਚੁੱਕ ਕੇ ਅਰਸ਼ ਤੇ ਬਿਠਾ ਦੇਵੇ ਜਾਂ ਅਰਸ਼ ਤੋਂ ਲਾਹ ਕੇ ਫਰਸ਼ ਤੇ ਬਿਠਾ ਦੇਵੇ। ਸਾਡੀ ਸੰਸਥਾ ਇਸ ਸਮੇਂ ਗਰੀਬਾਂ ਲਈ ਹੇਠ ਲਿਖੇ ਕੰਮ ਕਰਦੀ ਹੈ:

“ਲੜਕੀਆਂ ਦੇ ਵਿਆਹ, ਬੱਚਿਆਂ ਦੀ ਪੜ੍ਹਾਈ, ਜ਼ਰੂਰਤ-ਮੰਦਾ ਨੂੰ ਰਾਸ਼ਣ ਜਾਂ ਕੱਪੜੇ ਅਤੇ ਬਿਸਤਰ ਆਦਿ,ਵਿਧਵਾ ਔਰਤਾਂ ਅਤੇ ਗ਼ਰੀਬ ਪਰਿਵਾਰਾਂ ਦੀ ਮਾਇਕ ਸਹਾਇਤਾ, ਮਿਹਨਤ ਕਰ ਰਹੇ ਗ਼ਰੀਬ ਪਰਿਵਾਰਾਂ ਲਈ ਪੂੰਜੀ ਦਾ ਪ੍ਰਬੰਧ ਤਾਂ ਕਿ ਉਹ ਆਪਣੇ ਪੈਰਾਂ ਤੇ ਖੜ੍ਹੇ ਹੋ ਸਕਣ। ਲਾਚਾਰ ਬਜ਼ੁਰਗਾਂ ਅਤੇ ਅਨਾਥ ਬੱਚਿਆਂ ਦੀ ਸੰਭਾਲ ਆਦਿ।”

“ਇਹ ਤਾਂ ਬੜੇ ਪੁੰਨ ਦਾ ਕੰਮ ਹੈ। ਮੈਂ ਵੀ ਤੁਹਾਡੀ ਸੰਸਥਾ ਦਾ ਮੈਂਬਰ ਬਣਨਾ ਚਾਹੁੰਦਾ ਹਾਂ। ਦਸੋ ਕਿੰਨੇ ਪੈਸੇ ਦਿਆਂ? ਰੱਬ ਦੀ ਕਿਰਪਾ ਨਾਲ ਮੇਰੇ ਕੋਲ ਪੈਸਿਆਂ ਦੀ ਕੋਈ ਘਾਟ ਨਹੀਂ।” ਮੇਰੇ ਮੂੰਹੋਂ ਸਹਿਜ ਸੁਭਾਉੇ ਹੀ ਇਹ ਸ਼ਬਦ ਨਿਕਲੇ।

“ਤੁਸੀਂ ਸਮਝੋ ਕਿ ਅੱਜ ਤੋਂ ਤੁਸੀਂ ਸਾਡੀ ਸੰਸਥਾ ਦੇ ਮੈਂਬਰ ਬਣ ਗਏ….ਕੇਵਲ ਮੈਂਬਰ ਹੀ ਨਹੀਂ ਸਗੋਂ ਮਾਲਿਕ ਬਣ ਗਏ। ਪੈਸਿਆਂ ਦੀ ਹਾਲੀ ਕੋਈ ਕੋਈ ਜ਼ਰੂਰਤ ਨਹੀਂ। ਜਦ ਕੋਈ ਜ਼ਰੂਰਤ-ਮੰਦ ਆਇਆ ਤਾਂ ਤੁਹਾਨੂੰ ਦਸ ਦਿਆਂਗੇ।”

ਇਹ ਸੁਣ ਕੇ ਮੈਂ ਘਰ ਵਲ ਨੂੰ ਚੱਲ ਪਿਆ। ਮੇਰੇ ਮਨ ਵਿਚ ਅਗੱਮੀ ਸ਼ਾਂਤੀ ਸੀ। ਮੈਂ ਖ਼ੁਸ਼ ਸੀ ਕਿ ਮੈਂ ਤਾਂ ਰੱਬ ਦੀ ਦੁਕਾਨ ਦੇ ਨੁਕਸ ਕੱਢਣ ਆਇਆ ਸਾਂ ਪਰ ਉਨ੍ਹਾਂ ਨੇ ਤਾਂ ਮੈਨੂੰ ਪੂਰੀ ਦੁਕਾਨ ਦਾ ਮਾਲਿਕ ਬਣਾ ਕੇ ਹੀ ਭੇਜ ਦਿੱਤਾ।
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1887
***

ਗੁਰਸ਼ਰਨ ਸਿੰਘ ਕੁਮਾਰ
Mobile:094631-89432/83608-42861 | gursharan1183@yahoo.in |  + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਸ਼ਰਨ ਸਿੰਘ ਕੁਮਾਰ

View all posts by ਗੁਰਸ਼ਰਨ ਸਿੰਘ ਕੁਮਾਰ →