19 August 2026

“ਪੰਜਾਬ ਦੀ ਵੰਡ”— ਸਲੀਮ ਆਫ਼ਤਾਬ ਸਲੀਮ ਕਸੂਰੀ

​ਪਹਿਲਾਂ ਵੀ ਇਕ ਵੰਡ ਹੋਈ ਸੀ।
ਖ਼ਲਕਤ ਸਾਰੀ ਜਦ ਰੋਈ ਸੀ।
ਪੰਜਾਬ ਦੇ ਦੋ ਟੋਟੇ ਸੀ ਕੀਤੇ,
ਕੁਝ ਵੱਢੀ ਤੇ ਕੁਝ ਮੋਈ ਸੀ।
ਪਹਿਲਾਂ ਵੀ ਇਕ ਵੰਡ……

ਡਾਂਗਾਂ ਤੇ ਤਲਵਾਰਾਂ ਚੱਲੀਆਂ,
ਲਹੂ ਤਾਈਂ ਭਰ ਗਈਆਂ ਗਲੀਆਂ,
ਥਾਂ ਥਾਂ ਜੁੱਸੇ ਲੀਰੋ ਲੀਰੀ,
ਗਿੱਦੜਾਂ ਨਾਲ ਸੀ ਕੁੱਤੀਆਂ ਰਲੀਆਂ।
ਪਹਿਲਾਂ ਵੀ ਇਕ ਵੰਡ……

ਧੀਆ ਪੁੱਤਰ ਮਰ ਗਏ ਮਾਪੇ,
ਹਸ਼ਰ ਦਿਹਾੜਾ ਸਭ ਨੂੰ ਜਾਪੇ,
ਮਰਿਆਂ ਨੂੰ ਪਈਆਂ ਗਿੱਧਾਂ ਖਾਵਣ,
ਨੱਪੋ ਭਾਵੇਂ ਸਾੜੋ ਆਪੇ।
ਪਹਿਲਾਂ ਵੀ ਇਕ ਵੰਡ…..

​ਪਿਆਰ ਪ੍ਰੀਤ ਦੇ ਬੁੱਲੇ ਮੁੱਕੇ,
ਪਾਣੀ ਦਰਿਆਵਾਂ ਦੇ ਸੁੱਕੇ,
ਭੈਣਾਂ ਦੇਣ ਦੁਹਾਈਆਂ ਵੀਰੋ,
ਛੇਤੀ ਆਓ ਕਿੱਥੇ ਰੁੱਕੇ।
ਪਹਿਲਾਂ ਵੀ ਇਕ ਵੰਡ……

​ਸਿਰ ਬਾਜ਼ੂ ਤੇ ਪੈਰ ਸੀ ਉੱਗੇ,
ਖੇਤ ਹਵੇਲੀ ਸਾੜੇ ਝੁੱਗੇ,
ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ,
ਕੁਝ ਹਾਰੇ ਤੇ ਕੁਝ ਸਨ ਪੁੱਗੇ।
ਪਹਿਲਾਂ ਵੀ ਇਕ ਵੰਡ……

ਖੂਬ ਤਬਾਹੀ ਸਭ ਨੇ ਲਾਈ,
ਚੀਕਾਂ ਕੂਕਾਂ ਹਾਲ ਦੁਹਾਈ,
ਗ਼ੈਰਾਂ ਨੇ ਸੀ ਚਾਲਾਂ ਚੱਲੀਆਂ,
ਕਿਸੇ ਨੂੰ ਵੀ ਸ਼ਰਮ ਨਾ ਆਈ।
ਪਹਿਲਾਂ ਵੀ ਇਕ ਵੰਡ……

ਸਾਂਝੀਆਂ ਸਨ ਜਿਹੜੀਆਂ ਪੱਗਾਂ,
ਲਾਹੀਆਂ ਉਸ ਨੂੰ ਹੱਥੀਂ ਅੱਗਾਂ,
ਨਾਲ ਦੁਪੱਟੇ ਫਾਹੇ ਦਿੱਤੇ,
ਮਲੀਆਂ ਸਭ ਨੇ ਸਭ ਦੀਆਂ ਰੱਗਾਂ।
ਪਹਿਲਾਂ ਵੀ ਇਕ ਵੰਡ……

​ਕੱਠੇ ਬਹਿ ਕੇ ਖਾਂਦੇ ਪੀਂਦੇ,
ਇਕ ਦੂਜੇ ਦੇ ਸਾਹ ਤੋਂ ਜੀਂਦੇ,
ਢਾਹੀਆਂ ਮਸੀਤਾਂ ਮੰਦਰ ਲੁੱਟੇ,
ਸੁੱਚਲ ਰਾਖੇ ਜੋ ਸੀ ਗਣੀਂਦੇ।
ਪਹਿਲਾਂ ਵੀ ਇਕ ਵੰਡ……

​ਖ਼ੂਨੀ ਲਿੱਤਰ ਛੰਡ ਹੋਈ ਸੀ,
ਭਾਰੀ ਚੁੱਕਣੀ ਪੰਡ ਹੋਈ ਸੀ,
ਫੱਟੜ ਜੁੱਸੇ ਦਿਲ ਰੋਂਦਾ ਏ,
ਅਜੇਹੀ ਸਭ ਦੀ ਝੰਡ ਹੋਈ ਸੀ।
ਪਹਿਲਾਂ ਵੀ ਇਕ ਵੰਡ……

ਵੈਰੀਆਂ ਰਲ ਕੇ ਜਾਦੂ ਕੀਤੇ,
ਸਭ ਦੇ ਉਦੋਂ ਮੂੰਹ ਸੀ ਸੀਤੇ,
ਅੰਬਰ ਰੋਇਆ ਧਰਤੀ ਕੰਬੀ,
ਪੰਡਿਤ ਮੁੱਲਾਂ ਨਫ਼ਲ ਸੀ ਨੀਤੇ।
ਪਹਿਲਾਂ ਵੀ ਇਕ ਵੰਡ ਹੋਈ ਸੀ।
**
(ਸ਼ਾਇਰ: ਸਲੀਮ ਆਫ਼ਤਾਬ ਸਲੀਮ ਕਸੂਰੀ)

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
***
1918
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸਲੀਮ ਆਫਤਾਬ ਸਲੀਮ
Master Political Science,
Poet, writer and Columnist
Two Books Published:
(1) Poetry, and (2) Short stories

ਸਲੀਮ ਆਫਤਾਬ ਸਲੀਮ ਕਸੂਰੀ

ਸਲੀਮ ਆਫਤਾਬ ਸਲੀਮ Master Political Science, Poet, writer and Columnist Two Books Published: (1) Poetry, and (2) Short stories

View all posts by ਸਲੀਮ ਆਫਤਾਬ ਸਲੀਮ ਕਸੂਰੀ →