14 August 2026

ਹਰਮੀਤ ਵਿਦਿਆਰਥੀ ਦੀ ‘ਧਰਤ ਨੇ ਬੋਲਣਾ ਹੀ ਸੀ’: ਵਾਰਤਕ ਵਿਚ ਲਿਖੀ ਲੋਕ-ਸੰਘਰਸ਼ ਦੀ ਵਾਰ — ਰਵਿੰਦਰ ਸਿੰਘ ਸੋਢੀ

ਕਿਸੇ ਵੱਡੇ ਲੋਕ-ਸੰਘਰਸ਼ ਦੀ ਅਸਲ ਤਸਵੀਰ ਸਿਰਫ਼ ਅਖ਼ਬਾਰਾਂ ਦੀਆਂ ਸੁਰਖੀਆਂ ਜਾਂ ਸਰਕਾਰੀ ਬਿਆਨਾਂ ਵਿੱਚੋਂ ਨਹੀਂ ਮਿਲਦੀ। ਉਸ ਨੂੰ ਸਮਝਣ ਲਈ ਉਸ ਸਮੇਂ ਦੇ ਲੋਕਾਂ ਦੀਆਂ ਅੱਖੀਂ ਦੇਖੀਆਂ ਘਟਨਾਵਾਂ ਦੇ ਵਰਣਨ ਅਤੇ ਉਨ੍ਹਾਂ ਦੇ ਮਨ ਵਿਚ ਉੱਠ ਰਹੀਆਂ ਤਰੰਗਾਂ ਨੂੰ ਮਹਿਸੂਸ ਕਰਨਾ ਵੀ ਜ਼ਰੂਰੀ ਹੁੰਦਾ ਹੈ। ਹਰਮੀਤ ਵਿਦਿਆਰਥੀ ਦੀ ਪੁਸਤਕ ‘ਧਰਤ ਨੇ ਬੋਲਣਾ ਹੀ ਸੀ’ ਇਸ ਪੱਖੋਂ 2020–21 ਦੇ ਕਿਸਾਨ ਅੰਦੋਲਨ ਨੂੰ ਨੇੜਿਓਂ ਦੇਖਣ ਅਤੇ ਮਹਿਸੂਸ ਕਰਨ ਵਾਲੇ ਲੇਖਕ ਦੀ ਇੱਕ ਮਹੱਤਵਪੂਰਨ ਰਚਨਾ ਹੈ। ਪੁਸਤਕ ਦੇ ਮੁੱਖ ਸਿਰਲੇਖ ਨਾਲ ਦਿੱਤਾ ਉਪ-ਸਿਰਲੇਖ—‘ਕਿਸਾਨ ਅੰਦੋਲਨ ਦੀ ਡਾਇਰੀ’—ਇਸ ਦੀ ਵਿਧਾ ਅਤੇ ਮਕਸਦ ਨੂੰ ਸਪੱਸ਼ਟ ਕਰ ਦਿੰਦਾ ਹੈ।
ਡਾਇਰੀ ਦੀ ਆਪਣੀ ਇੱਕ ਵਿਸ਼ੇਸ਼ ਪ੍ਰਕਿਰਤੀ ਹੁੰਦੀ ਹੈ। ਇਹ ਘਟਨਾਵਾਂ ਨੂੰ ਬਹੁਤ ਦੂਰ ਖੜ੍ਹ ਕੇ ਨਹੀਂ ਦੇਖਦੀ, ਸਗੋਂ ਉਨ੍ਹਾਂ ਦੇ ਵਿਚਕਾਰ ਰਹਿ ਕੇ ਦਰਜ ਕਰਦੀ ਹੈ। ਇਸ ਲਈ ਇਸ ਵਿਚ ਤਤਕਾਲੀ ਭਾਵਨਾ, ਨਿਜੀ ਪ੍ਰਤੀਕਿਰਿਆ ਅਤੇ ਲੇਖਕ ਦੀ ਆਪਣੀ ਵਿਚਾਰਧਾਰਕ ਦ੍ਰਿਸ਼ਟੀ ਦਾ ਆਉਣਾ ਸੁਭਾਵਿਕ ਹੀ ਹੁੰਦਾ ਹੈ। ਹਰਮੀਤ ਵਿਦਿਆਰਥੀ ਨੇ ਵੀ ਇਸ ਰਚਨਾ ਵਿਚ ਕਿਸਾਨ ਅੰਦੋਲਨ ਨੂੰ ਇੱਕ ਬਾਹਰੀ ਦਰਸ਼ਕ ਵਜੋਂ ਨਹੀਂ, ਸਗੋਂ ਉਸ ਨਾਲ ਭਾਵਨਾਤਮਕ ਤੌਰ ’ਤੇ ਜੁੜੇ ਲੇਖਕ ਵਜੋਂ ਦੇਖਿਆ ਹੈ। ਇਸੇ ਕਰਕੇ ਪੁਸਤਕ ਵਿਚ ਤੱਥਾਂ ਦੇ ਨਾਲ-ਨਾਲ ਉਸ ਸਮੇਂ ਦੇ ਜੋਸ਼, ਬੇਚੈਨੀ, ਆਸ, ਰੋਸ ਅਤੇ ਲੋਕਾਂ ਦੀ ਇਕੱਠੇ ਹੋ ਕੇ ਸਾਂਝੀ ਜੱਦੋ-ਜਹਿਦ ਦੀ ਭਾਵਨਾ ਦ੍ਰਿਸ਼ਟੀਗੋਚਰ ਹੁੰਦੀ ਹੈ।
ਪੁਸਤਕ ਦਾ ਸਿਰਲੇਖ ਵੀ ਇਸੇ ਭਾਵਨਾ ਦਾ ਪ੍ਰਤੀਕ ਹੈ। ‘ਧਰਤ’ ਇੱਥੇ ਸਿਰਫ਼ ਖੇਤੀ ਵਾਲੀ ਜ਼ਮੀਨ ਨਹੀਂ; ਇਹ ਕਿਸਾਨੀ ਜੀਵਨ, ਮਿਹਨਤ ਅਤੇ ਉਸ ਨਾਲ ਜੁੜੇ ਸਮੁੱਚੇ ਲੋਕ-ਸੰਸਾਰ ਦਾ ਪ੍ਰਤੀਕ ਬਣ ਕੇ ਉਭਰਦੀ ਹੈ। ਜਦੋਂ ਇਸ ਸੰਸਾਰ ਨੂੰ ਆਪਣੇ ਹਿੱਤਾਂ ਲਈ ਖ਼ਤਰਾ ਮਹਿਸੂਸ ਹੋਇਆ ਤਾਂ ਉਸ ਦੀ ਆਵਾਜ਼ ਦਾ ਉੱਠਣਾ ਲਾਜ਼ਮੀ ਹੀ ਸੀ। ਇਸ ਕਰਕੇ ਸਿਰਲੇਖ ਪੁਸਤਕ ਦੇ ਵਿਸ਼ੇ ਨਾਲ ਸਿਰਫ਼ ਜੁੜਦਾ ਹੀ ਨਹੀਂ, ਸਗੋਂ ਉਸ ਦੇ ਮੂਲ ਸਰੋਕਾਰ ਨੂੰ ਉਜਾਗਰ ਵੀ ਕਰਦਾ ਹੈ।
ਪੁਸਤਕ ਦਾ ਕੇਂਦਰ ਕਿਸਾਨ ਅੰਦੋਲਨ ਹੈ, ਪਰ ਲੇਖਕ ਇਸ ਨੂੰ ਹੌਲੀ-ਹੌਲੀ ਵਿਸ਼ਾਲ ਲੋਕ-ਸੰਘਰਸ਼ ਦਾ ਰੂਪ ਧਾਰਦਿਆਂ ਦੇਖਦਾ ਹੈ। ਸ਼ੁਰੂਆਤੀ ਵਿਰੋਧ ਤੋਂ ਅੱਗੇ ਵਧ ਕੇ ਇਸ ਵਿਚ ਪੰਜਾਬ ਤੋਂ ਬਾਹਰ ਦੇ ਲੋਕਾਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਦੀ ਸ਼ਮੂਲੀਅਤ ਦੀ ਪੇਸ਼ਕਾਰੀ ਵੀ ਹੈ। ਦਿੱਲੀ ਦੀਆਂ ਸਰਹੱਦਾਂ ’ਤੇ ਲੱਗੇ ਮੋਰਚੇ ਇਸ ਲੋਕ-ਏਕਤਾ ਦਾ ਪ੍ਰਤੀਕ ਬਣਦੇ ਹਨ। ਪੁਸਤਕ ਪੜ੍ਹਦਿਆਂ ਪਤਾ ਲੱਗਦਾ ਹੈ ਕਿ ਅੰਦੋਲਨ ਸਿਰਫ਼ ਕਿਸਾਨਾਂ ਦੀਆਂ ਮੰਗਾਂ ਤੱਕ ਸੀਮਿਤ ਨਹੀਂ ਸੀ ਰਿਹਾ, ਸਗੋਂ ਇਸ ਨੇ ਲੋਕਾਂ ਦੇ ਅੰਦਰ ਆਪਣੀ ਸਮੂਹਕ ਤਾਕਤ ਦਾ ਇੱਕ ਨਵਾਂ ਅਹਿਸਾਸ ਵੀ ਪੈਦਾ ਕੀਤਾ। ਲੇਖਕ ਸਿੱਧੇ ਤੌਰ ’ਤੇ ਲਿਖਦਾ ਹੈ—“ਸਿਰਫ਼ ਕਿਸਾਨ ਨਹੀਂ ਜਨ ਅੰਦੋਲਨ”—ਜੋ ਪੁਸਤਕ ਦੀ ਕੇਂਦਰੀ ਦ੍ਰਿਸ਼ਟੀ ਨੂੰ ਬਹੁਤ ਸੰਖੇਪ ਰੂਪ ਵਿੱਚ ਸਾਹਮਣੇ ਲਿਆਉਂਦਾ ਹੈ।
ਇਸ ਸੰਦਰਭ ਵਿੱਚ ਔਰਤਾਂ ਦੀ ਭੂਮਿਕਾ ਨੂੰ ਵੀ ਲੇਖਕ ਨੇ ਵਿਸ਼ੇਸ਼ ਮਹੱਤਵ ਦਿੱਤਾ ਹੈ। ਕਿਸਾਨ ਮੋਰਚਿਆਂ ਵਿੱਚ ਔਰਤਾਂ ਦੀ ਸਰਗਰਮ ਸ਼ਮੂਲੀਅਤ ਉਸ ਅੰਦੋਲਨ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਸੀ। ਔਰਤਾਂ ਦੇ ਮੋਰਚੇ ਵਿੱਚ ਆਉਣ ਨਾਲ ਸੰਘਰਸ਼ ਦੇ ਸਮਾਜਕ ਘੇਰੇ ਅਤੇ ਇਸ ਦੀ ਊਰਜਾ ਵਿਚ ਵਾਧਾ ਹੋਇਆ। ਇਸੇ ਤਰ੍ਹਾਂ ਨੌਜਵਾਨਾਂ ਦੀ ਭੂਮਿਕਾ ਵੀ ਲੇਖਕ ਲਈ ਮਹੱਤਵਪੂਰਨ ਹੈ। ਅੰਦੋਲਨ ਦੀ ਲੰਮੀ ਮਿਆਦ ਅਤੇ ਇਸ ਦੀ ਸਫ਼ਲਤਾ ਲਈ ਲੇਖਕ ਨੌਜਵਾਨਾਂ ਦੀ ਭੂਮਿਕਾ ਨੂੰ ਇਕ ਨਵੇਂ ਸਮਾਜਕ ਸੰਦਰਭ ਵਜੋਂ ਵੇਖਦਾ ਹੈ।
ਹਰਮੀਤ ਵਿਦਿਆਰਥੀ ਕਵੀ ਵੀ ਹੈ ਅਤੇ ਉਸ ਦੀ ਕਾਵਿਕ ਸੰਵੇਦਨਾ ਉਸ ਦੀ ਵਾਰਤਕ ਵਿੱਚੋਂ ਵੀ ਪ੍ਰਗਟ ਹੁੰਦੀ ਹੈ। ਉਸ ਦੀ ਭਾਸ਼ਾ ਕਈ ਥਾਵਾਂ ’ਤੇ ਰਿਪੋਰਟਿੰਗ ਨਾਲੋਂ ਵੱਧ ਕਾਵਿਕ ਹੋ ਜਾਂਦੀ ਹੈ। ਉਹ ਘਟਨਾ ਨੂੰ ਕੇਵਲ ਦੱਸਦਾ ਨਹੀਂ, ਉਸ ਦੇ ਪਿੱਛੇ ਲੁਕੀ ਭਾਵਨਾ ਨੂੰ ਫੜਨ ਦੀ ਕੋਸ਼ਿਸ਼ ਵੀ ਕਰਦਾ ਹੈ। ਪੁਸਤਕ ਦਾ ਸਿਰਲੇਖ ਵੀ ਇਸ ਕਾਵਿਕ ਦ੍ਰਿਸ਼ਟੀ ਦੀ ਹੀ ਦੇਣ ਹੈ।
ਇਸ ਕਾਵਿਕਤਾ ਦਾ ਇੱਕ ਮਹੱਤਵਪੂਰਨ ਪੱਖ ਇਹ ਹੈ ਕਿ ਲੇਖਕ ਅੰਦੋਲਨ ਨੂੰ ਪੰਜਾਬ ਦੇ ਵੱਡੇ ਸੱਭਿਆਚਾਰਕ ਅਤੇ ਇਤਿਹਾਸਕ ਸੰਦਰਭ ਨਾਲ ਜੋੜਦਾ ਹੈ। ਲੋਕ-ਵਿਰਸੇ, ਸ਼ਹੀਦੀ ਪਰੰਪਰਾ, ਪੰਜਾਬੀ ਕਵਿਤਾ ਅਤੇ ਸਾਂਝੇ ਪੰਜਾਬ ਦੀ ਯਾਦ—ਇਹ ਸਾਰੇ ਤੱਤ ਪੁਸਤਕ ਵਿੱਚ ਵੱਖ-ਵੱਖ ਥਾਵਾਂ ’ਤੇ ਆਉਂਦੇ ਹਨ। ਇਸ ਨਾਲ ਕਿਸਾਨ ਅੰਦੋਲਨ ਕੇਵਲ ਤਤਕਾਲੀ ਰਾਜਨੀਤਕ ਘਟਨਾ ਨਹੀਂ ਰਹਿੰਦਾ, ਸਗੋਂ ਪੰਜਾਬੀ ਸਮਾਜ ਦੀ ਲੰਮੀ ਸੰਘਰਸ਼-ਪਰੰਪਰਾ ਦੇ ਇੱਕ ਨਵੇਂ ਪੜਾਅ ਵਜੋਂ ਵੀ ਦਿਖਾਈ ਦਿੰਦਾ ਹੈ।
ਲੇਖਕ ਦੀ ਸਰਕਾਰ ਅਤੇ ਕਾਰਪੋਰੇਟ ਪ੍ਰਬੰਧ ਬਾਰੇ ਦ੍ਰਿਸ਼ਟੀ ਸਪੱਸ਼ਟ ਹੈ। ਉਹ ਕਿਸਾਨ ਅੰਦੋਲਨ ਨੂੰ ਸਰਕਾਰੀ ਨੀਤੀਆਂ ਅਤੇ ਕਾਰਪੋਰੇਟ ਹਿੱਤਾਂ ਦੇ ਵਿਰੋਧ ਨਾਲ ਜੋੜ ਕੇ ਵੇਖਦਾ ਹੈ। ਮੀਡੀਆ ਦੀ ਭੂਮਿਕਾ ਬਾਰੇ ਵੀ ਉਸ ਦੀ ਨਜ਼ਰ ਤਿੱਖੀ ਹੈ। ਕਈ ਥਾਵਾਂ ’ਤੇ ਉਹ ਮੀਡੀਆ ਵੱਲੋਂ ਅੰਦੋਲਨ ਦੀ ਪੇਸ਼ਕਾਰੀ ’ਤੇ ਸਵਾਲ ਕਰਦਾ ਹੈ ਅਤੇ ਲੋਕਾਂ ਦੁਆਰਾ ਆਪਣੇ ਮੀਡੀਆ ਦੀ ਲੋੜ ਮਹਿਸੂਸ ਕਰਨ ਦੀ ਗੱਲ ਕਰਦਾ ਹੈ। ਇੱਕ ਥਾਂ ਉਹ ਲਿਖਦਾ ਹੈ ਕਿ ਮੀਡੀਆ ਲੋਕਾਂ ਦੇ ਦੁੱਖਾਂ ਅਤੇ ਉਨ੍ਹਾਂ ਦੀ ਭਾਸ਼ਾ ਨੂੰ ਨਹੀਂ ਪੜ੍ਹ ਸਕਿਆ। 
ਇੱਥੇ ਲੇਖਕ ਦੀ ਵਿਚਾਰਧਾਰਕ ਵਚਨਬੱਧਤਾ ਨੂੰ ਵੀ ਸਮਝਣਾ ਜ਼ਰੂਰੀ ਹੈ। ਉਹ ਕਿਸਾਨ ਅੰਦੋਲਨ ਦੇ ਪੱਖ ਵਿਚ ਪੂਰੀ ਤਰ੍ਹਾਂ ਖੜ੍ਹਾ ਹੈ ਅਤੇ ਸਰਕਾਰ ਦੀਆਂ ਨੀਤੀਆਂ ਪ੍ਰਤੀ ਉਸ ਦਾ ਵਿਰੋਧ ਬੇਝਿਜਕ ਹੈ। ਇਸ ਨੂੰ ਨਿਰਪੱਖ ਇਤਿਹਾਸ ਦੀ ਕਸੌਟੀ ’ਤੇ ਰੱਖਣਾ ਇਸ ਦੀ ਵਿਧਾ ਨਾਲ ਇਨਸਾਫ਼ ਨਹੀਂ ਹੋਵੇਗਾ। ਡਾਇਰੀ ਦਾ ਮੁੱਲ ਇਸ ਗੱਲ ਵਿੱਚ ਵੀ ਹੁੰਦਾ ਹੈ ਕਿ ਉਹ ਵਿਸ਼ੇਸ਼ ਸਮੇਂ ਨੂੰ ਭਾਵਪੂਰਤ ਸ਼ਬਦਾਂ ਰਾਹੀਂ ਸੰਭਾਲਦੀ ਹੈ।
ਫਿਰ ਵੀ ਪੁਸਤਕ ਵਿੱਚ ਕਿਤੇ-ਕਿਤੇ ਹੋਰ ਵੱਧ ਸੰਪਾਦਕੀ ਕਸਾਵਟ ਦੀ ਲੋੜ ਮਹਿਸੂਸ ਹੁੰਦੀ ਹੈ। ਅੰਦੋਲਨ ਦੇ ਲੰਮੇ ਦੌਰ ਵਿਚ ਇੱਕੋ ਕਿਸਮ ਦੀਆਂ ਘਟਨਾਵਾਂ ਅਤੇ ਭਾਵਨਾਵਾਂ ਮੁੜ-ਮੁੜ ਸਾਹਮਣੇ ਆਉਂਦੀਆਂ ਹਨ, ਜਿਸ ਕਾਰਨ ਕੁਝ ਥਾਵਾਂ ਤੇ ਦੁਹਰਾਅ ਦਾ ਅਹਿਸਾਸ ਹੁੰਦਾ ਹੈ। ਇਸੇ ਤਰ੍ਹਾਂ ਜਥੇਬੰਦੀਆਂ ਦੇ ਅੰਦਰਲੇ ਮਤਭੇਦਾਂ, ਅੰਦੋਲਨ ਦੀ ਰਣਨੀਤੀ ਅਤੇ ਇਸ ਦੇ ਭਵਿੱਖ ਬਾਰੇ ਕੁਝ ਹੋਰ ਵਿਸਥਾਰ ਦੀ ਲੋੜ ਮਹਿਸੂਸ ਹੁੰਦੀ ਹੈ, ਪਰ ਇਹ ਗੱਲਾਂ ਪੁਸਤਕ ਦੀ ਮੁੱਢਲੀ ਪ੍ਰਾਪਤੀ ਨੂੰ ਘਟਾਉਂਦੀਆਂ ਨਹੀਂ, ਕਿਉਂਕਿ ਇਸ ਦਾ ਮੂਲ ਉਦੇਸ਼ ਕਿਸੇ ਖੋਜ-ਗ੍ਰੰਥ ਵਾਂਗ ਅੰਦੋਲਨ ਦਾ ਸਰਵਪੱਖੀ ਵਿਸ਼ਲੇਸ਼ਣ ਕਰਨਾ ਨਹੀਂ ਹੈ।
ਪੁਸਤਕ ਦਾ ਇੱਕ ਦਿਲਚਸਪ ਪੱਖ ਇਹ ਵੀ ਹੈ ਕਿ ਲੇਖਕ ਅੰਦੋਲਨ ਨੂੰ ਕੇਵਲ ਤਤਕਾਲੀ ਜਿੱਤ ਜਾਂ ਹਾਰ ਦੇ ਸੰਦਰਭ ਵਿੱਚ ਨਹੀਂ ਦੇਖਦਾ। ਉਹ ਇਸ ਦੇ ਸਮਾਜਕ ਪ੍ਰਭਾਵਾਂ ਅਤੇ ਭਵਿੱਖ-ਮੁਖੀ ਸੰਭਾਵਨਾਵਾਂ ਬਾਰੇ ਵੀ ਸੋਚਦਾ ਹੈ। ਪੁਸਤਕ ਵਿਚ ਕਈ ਥਾਂ “ਸਿਰਫ਼ ਕਿਸਾਨ ਨਹੀਂ ਜਨ ਅੰਦੋਲਨ” ਵਾਲੀ ਧਾਰਨਾ ਹੋਰ ਵਿਸ਼ਾਲ ਹੁੰਦੀ ਹੈ।
ਇਸ ਪੁਸਤਕ ਦੀ ਇੱਕ ਵੱਡੀ ਪ੍ਰਾਪਤੀ ਇਸ ਦਾ ਤਤਕਾਲੀਨ ਸਮੇਂ ਨਾਲ ਸਿੱਧਾ ਸੰਬੰਧ ਹੈ। ਇਹ ਪਿੱਛੇ ਮੁੜ ਕੇ ਲਿਖਿਆ ਗਿਆ ਇਤਿਹਾਸ ਨਹੀਂ, ਸਗੋਂ ਘਟਨਾਵਾਂ ਦੇ ਵਾਪਰਨ ਸਮੇਂ ਲਿਖੇ ਗਏ ਅਨੁਭਵਾਂ ਦਾ ਸੰਗ੍ਰਹਿ ਹੈ। ਇਸ ਲਈ ਇਸ ਵਿੱਚ ਕਈ ਥਾਵਾਂ ’ਤੇ ਅਨਿਸ਼ਚਿਤਾ, ਉਮੀਦ, ਰੋਸ ਅਤੇ ਭਵਿੱਖ ਬਾਰੇ ਸਵਾਲ ਇਕੱਠੇ ਹੀ ਮਿਲਦੇ ਹਨ। ਅੰਦੋਲਨ ਦੌਰਾਨ ਦਿੱਲੀ ਦੀਆਂ ਸਰਹੱਦਾਂ, ਮੋਰਚਿਆਂ ਦੀ ਜ਼ਿੰਦਗੀ, ਸਰਕਾਰੀ ਰਵੱਈਆ, ਮੀਡੀਆ ਅਤੇ ਲੋਕਾਂ ਦੀ ਪ੍ਰਤੀਕਿਰਿਆ—ਇਹ ਸਾਰੇ ਤੱਤ ਮਿਲ ਕੇ ਉਸ ਸਮੇਂ ਦਾ ਇੱਕ ਜੀਵੰਤ ਮਾਹੌਲ ਸਿਰਜਦੇ ਹਨ।
ਪੰਜਾਬੀ ਟ੍ਰਬਿਊਨ ਦੇ ਸਾਬਕਾ ਮੁੱਖ ਸੰਪਾਦਕ ਅਤੇ ਸੁਹਿਰਦ ਪੰਜਾਬੀ ਸਾਹਿਤ ਚਿੰਤਕ ਸਵਰਾਜਬੀਰ ਨੇ ਪੁਸਤਕ ਦੀ ਭੂਮਿਕਾ ‘ਲੋਕ-ਮਨ ਦੀ ਧੜਕਣ ਨੂੰ ਸੁਣਦਿਆਂ’ ਵਿਚ ਕਿਸਾਨ ਅੰਦੋਲਨ ਅਤੇ ਪ੍ਰਸਤੁਤ ਪੁਸਤਕ ਸੰਬੰਧੀ ਗੰਭੀਰ ਚਰਚਾ ਕੀਤੀ ਹੈ। ਪੁਸਤਕ ਵਿਚ 44 ਇੰਦਰਾਜ਼ਾਂ ਤੋਂ ਇਲਾਵਾ ਦੋ ਅੰਤਿਕਾਵਾਂ ਵੀ ਦਰਜ ਹਨ, ਜਿੰਨਾਂ ਵਿਚੋਂ ਇਕ ਪ੍ਰਧਾਨ ਮੰਤਰੀ ਦੇ ਨਾਂ ਪੱਤਰ ਦੇ ਰੂਪ ਵਿਚ ਹੈ। ਕਈ ਇੰਦਰਾਜ਼ਾਂ ਦੇ ਸਿਰਵੇਖ ਦਿਲ ਟੁਭਵੇਂ ਹਨ।
ਪ੍ਰਸਤੁਤ ਪੁਸਤਕ ਕਿਸਾਨ ਅੰਦੋਲਨ ਦਾ ਸੰਪੂਰਨ ਇਤਿਹਾਸ ਨਾ ਹੋ ਕੇ ਉਸ ਅੰਦੋਲਨ ਦੀ ਸਾਹਿਤਕ ਗਵਾਹੀ ਹੈ। ਇਸ ਦੀ ਸਭ ਤੋਂ ਵੱਡੀ ਤਾਕਤ ਇਸ ਦੀ ਲੋਕ-ਪੱਖੀ ਦ੍ਰਿਸ਼ਟੀ ਅਤੇ ਕਵੀ ਵਾਲੀ ਸੰਵੇਦਨਸ਼ੀਲ ਭਾਸ਼ਾ ਹੈ। ਹਰਮੀਤ ਵਿਦਿਆਰਥੀ ਨੇ ਕਿਸਾਨ ਅੰਦੋਲਨ ਦੇ ਉਸ ਦੌਰ ਨੂੰ ਸਿਰਫ਼ ਘਟਨਾਵਾਂ ਦੇ ਰੂਪ ਵਿੱਚ ਨਹੀਂ, ਸਗੋਂ ਲੋਕਾਂ ਦੇ ਜੀਵਨ ਅਤੇ ਮਨ ਵਿੱਚ ਵਾਪਰ ਰਹੀ ਇੱਕ ਵੱਡੀ ਹਲਚਲ ਵਜੋਂ ਦਰਜ ਕੀਤਾ ਹੈ। ਪੁਸਤਕ ਵਿਚ ਮੋਰਚਿਆਂ ਦੀ ਧੂੜ, ਲੋਕਾਂ ਦਾ ਉਤਸ਼ਾਹ, ਸੰਘਰਸ਼ ਦੀ ਥਕਾਵਟ, ਉਮੀਦ ਅਤੇ ਜਿੱਤ ਦਾ ਵਿਸ਼ਵਾਸ ਇਕੱਠੇ ਚੱਲਦੇ ਹਨ। ਇਸੇ ਕਰਕੇ ‘ਧਰਤ ਨੇ ਬੋਲਣਾ ਹੀ ਸੀ’ ਦੀ ਮਹੱਤਤਾ ਇਸ ਗੱਲ ਵਿੱਚ ਹੈ ਕਿ ਇਹ ਇੱਕ ਇਤਿਹਾਸਕ ਘਟਨਾ ਨੂੰ ਸਿਰਫ਼ ਯਾਦ ਨਹੀਂ ਕਰਦੀ, ਬਲਕਿ ਉਸ ਸਮੇਂ ਦੀ ਲੋਕ-ਭਾਵਨਾ ਨੂੰ ਵੀ ਸੰਭਾਲ ਕੇ ਰੱਖਦੀ ਹੈ।
ਪੀਪਲਜ਼ ਫੋਰਮ, ਬਰਗਾੜੀ ਵੱਲੋਂ ਪ੍ਰਕਾਸ਼ਿਤ 127 ਪੰਨਿਆਂ ਦੀ ਇਸ ਪੁਸਤਕ  ‘ਧਰਤ ਨੇ ਬੋਲਣਾ ਹੀ ਸੀ’ ਨੂੰ ਵਾਰਤਕ ਵਿਚ ਲਿਖੀ ‘ਵਾਰ’ ਕਿਹਾ ਜਾ ਸਕਦਾ ਹੈ ਅਤੇ ਹਰਮੀਤ ਵਿਦਿਆਰਥੀ ਨੂੰ ਵਾਰ ਗਾਉਣ ਵਾਲਾ ‘ਢਾਡੀ’।
***
ਰਵਿੰਦਰ ਸਿੰਘ ਸੋਢੀ
ਕੈਲਗਰੀ, ਕੈਨੇਡਾ।

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1912
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ