14 July 2025

ਅਕਾਦਮਿਕ ਸਰਪੰਚ — ਅਵਤਾਰ ਐਸ. ਸੰਘਾ

ਬਾਹਰਲੇ ਮੁਲਕਾਂ ਵਿੱਚ ਸੀਨੀਅਰ ਸਿਟੀਜ਼ਨਸ ਸੈਂਟਰ ਤਕਰੀਬਨ ਉਹੀ ਮਕਸਦ ਹੱਲ ਕਰਦੇ ਹਨ ਜਿਹੜਾ ਪੰਜਾਬ ਵਿੱਚ ਪੇਂਡੂ ਸੱਥਾਂ ਕਰਦੀਆਂ ਹਨ। ਇਹਨਾਂ ਸੀਨੀਅਰ ਸਿਟੀਜ਼ਨਸ ਸੈਂਟਰਾਂ ਵਿੱਚ ਪੰਜਾਬ ਦੇ ਸਾਰੇ ਕੋਨਿਆਂ ਤੋਂ ਹੀ ਨਹੀਂ ਬਲਕਿ ਭਾਰਤ ਦੇ ਦੂਰ ਦੁਰਾਡੇ ਦੇ ਇਲਾਕਿਆਂ ਤੋਂ ਆਏ ਲੋਕ ਵੀ ਮਿਲ ਜਾਂਦੇ ਹਨ। ਇਹਨਾਂ ਸੈਂਟਰਾਂ ਵਿੱਚ ਬਹੁਤੇ ਲੋਕ ਤਾਂ ਉਹ ਹੁੰਦੇ ਹਨ ਜਿਹੜੇ ਬਾਹਰ ਆ ਕੇ ਪੱਕੇ ਹੋ ਚੁੱਕੇ ਲੋਕਾਂ ਦੇ ਮਾਪੇ ਹੁੰਦੇ ਹਨ। ਇਹ ਮਾਪੇ ਕਿਸੇ ਸਮੇਂ ਲੰਡਨ, ਸਰੀ, ਡਰਬੀ, ਨਿਊਯਾਰਕ, ਸਿਡਨੀ, ਔਕਲੈਂਡ ਆਦਿ ਵਿੱਚ ਆ ਕੇ ਵਸੇ ਸਨ। ਸਾਲਾਂ ਬੱਧੀ ਕੰਮਾਂ ਕਾਰਾਂ ਵਿੱਚੋਂ ਵਿਚਰ ਕੇ ਇਹ ਹੁਣ ਸੇਵਾ ਮੁਕਤ ਜੀਵਨ ਬਿਤਾ ਰਹੇ ਹੁੰਦੇ ਹਨ। ਕੁਝ ਲੋਕ ਇਹਨਾਂ ਸੈਂਟਰਾਂ ਵਿੱਚ ਉਹ ਵੀ ਹਨ ਜਿਹੜੇ ਸੇਵਾ ਮੁਕਤ ਸੈਲਾਨੀ ਮਾਪਿਆਂ ਦੇ ਤੌਰ ਤੇ ਆਪਣੇ ਇੱਥੇ ਸੈੱਟ ਹੋ ਚੁੱਕੇ ਬੱਚਿਆਂ ਨੂੰ ਮਿਲਣ ਆਉਂਦੇ ਹਨ। ਇਹਨਾਂ ਨੇ ਭਾਰਤ ਵਿੱਚ ਨੌਕਰੀ ਕਰਦਿਆਂ ਆਪਣੇ ਬੱਚਿਆਂ ਨੂੰ ਸਕੂਲ ਦੀ ਪੜ੍ਹਾਈ ਪੂਰੀ ਕਰਵਾ ਕੇ ਇਧਰ ਨੂੰ ਪੜ੍ਹਨ ਲਈ ਤੋਰ ਦਿੱਤਾ ਹੁੰਦਾ ਹੈ। ਹੁਣ ਉਹ ਆਪ ਭਾਰਤ ਵਿੱਚ ਸੇਵਾ ਮੁਕਤ ਹੋ ਗਏ ਹੁੰਦੇ ਹਨ ਤੇ ਬੱਚਿਆਂ ਨੂੰ ਮਿਲਣ ਲਈ ਅਕਸਰ ਗੇੜੇ ਮਾਰਦੇ ਰਹਿੰਦੇ ਹਨ। ਇੱਧਰ ਪੱਕੇ ਹੋਣ ਲਈ ਇਹਨਾਂ ਨੇ ਅਜੇ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਹੁੰਦੀਆਂ ਹਨ। ਜਦ ਇਹ ਮਾਪੇ ਇੱਧਰ ਨੂੰ ਆਉਂਦੇ ਹਨ ਤਾਂ ਇਹਨਾਂ ਪਾਸ ਇੱਧਰ ਫਿਰਨ ਤੁਰਨ ਤੇ ਸਮਾਜ ਵਿੱਚ ਵੱਡੇ ਪੱਧਰ ਤੇ ਵਿਚਰਨ ਦਾ ਕੋਈ ਸਾਧਨ ਨਹੀਂ ਹੁੰਦਾ। ਕੋਈ ਵਾਹਨ ਇਹ ਚਲਾ ਨਹੀਂ ਸਕਦੇ ਹੁੰਦੇ। ਬੱਚੇ ਕੰਮਾਂ ਕਾਰਾਂ ਵਿੱਚ ਰੁੱਝੇ ਹੁੰਦੇ ਹਨ। ਉਹ ਇਹਨਾਂ ਨੂੰ ਕਦੀ ਕਦੀ ਹੀ ਗੁਰੂ ਘਰ ਤੱਕ ਲਿਆਉਂਦੇ ਹਨ। ਫਿਰ ਇਹ ਆਪਣੀ ਪਹੁੰਚ ਹੌਲੀ ਹੌਲੀ ਸੀਨੀਅਰ ਸਿਟੀਜ਼ਨ ਸੈਂਟਰਾਂ ਤੱਕ ਬਣਾ ਲੈਂਦੇ ਹਨ। ਇਹਨਾਂ ਨੇ 4-6 ਮਹੀਨਿਆਂ ਤੱਕ ਵਾਪਸ ਭਾਰਤ ਨੂੰ ਚਲੇ ਜਾਣਾ ਹੁੰਦਾ ਹੈ।

ਸਿਡਨੀ ਦੇ ਇੱਕ ਸਿਟੀਜ਼ਨ ਸੈਂਟਰ ਵਿੱਚ ਮੈਨੂੰ ਪਿਛਲੇ ਹਫਤੇ ਇੱਕ ਵਿਅਕਤੀ ਮਿਲਿਆ, ਜਿਹੜਾ ਪੰਜਾਬ ਚੋਂ ਕਿਸੇ ਕਾਲਜ ਤੋਂ ਪ੍ਰੋਫੈਸਰ ਦੇ ਤੌਰ ਤੇ ਸੇਵਾ ਮੁਕਤੀ ਪ੍ਰਾਪਤ ਕਰ ਚੁੱਕਾ ਸੀ। ਇੱਕ ਦੋ ਮਿਲਣੀਆਂ ਵਿੱਚ ਉਹ ਮੇਰੇ ਕਾਫੀ ਨੇੜੇ ਆ ਗਿਆ। ਮੈਂ ਉਹਨੂੰ ਦੋ ਕੁ ਵਾਰ ਆਪਣੀ ਕਾਰ ਤੇ ਉਹਦੇ ਘਰ ਵੀ ਛੱਡ ਆਇਆ। ਫਿਰ ਗੱਲਾਂ ਬਾਤਾਂ ਕਾਫੀ ਖੁੱਲੀਆਂ ਹੋਣ ਲੱਗ ਪਈਆਂ।

“ਵੀਰ ਜੀ, ਨਾਮ ਤੁਹਾਡਾ ਸਿੱਧੂ ਸਾਹਿਬ ਏ। ਤੁਸੀਂ ਪਰਸੋਂ ਦੱਸ ਹੀ ਦਿੱਤਾ ਸੀ। ਨਵੇਂ ਨਵੇਂ ਸੇਵਾਮੁਕਤ ਹੋਏ ਲੱਗਦੇ ਹੋ?”
“ਨਹੀਂ, ਬਹੁਤਾ ਨਵਾਂ ਤਾਂ ਨਹੀਂ। ਮੈਨੂੰ ਰਿਟਾਇਰ ਹੋਏ ਨੂੰ ਚਾਰ ਸਾਲ ਹੋ ਗਏ ਹਨ।”
“58 ਦੀ ਉਮਰ ‘ਚ ਰਿਟਾਇਰ ਹੋਏ ਹੋਵੋਗੇ?”
“ਨਹੀਂ, ਮੈਂ ਕਿਸੇ ਸਰਕਾਰੀ ਸਹਾਇਤਾ ਪ੍ਰਾਪਤ ਪ੍ਰਾਈਵੇਟ ਕਾਲਜ ਤੋਂ ਸੇਵਾਮੁਕਤ ਹੋਇਆ ਸੀ। ਪ੍ਰਾਈਵੇਟ ਕਾਲਜਾਂ ਵਿੱਚ ਸੇਵਾ ਮੁਕਤੀ
60 ਸਾਲ ਦੀ ਉਮਰ ਵਿੱਚ ਹੁੰਦੀ ਏ।”
“ਇਸਦਾ ਮਤਲਬ ਹੁਣ 64 ਕੁ ਸਾਲ ਦੇ ਹੋ ਗਏ ਹੋ।”
“ਜੀ ਹਾਂ।”

“ਖੂਬ ਪੈਨਸ਼ਨ ਦਾ ਆਨੰਦ ਮਾਣਦੇ ਹੋਵੋਗੇ?”“ਨਹੀਂ, ਪ੍ਰਾਈਵੇਟ ਕਾਲਜਾਂ ਵਿੱਚ ਪੈਨਸ਼ਨ ਦੀ ਸੁਵਿਧਾ ਨਹੀਂ ਏ। ਸੇਵਾ ਮੁਕਤੀ ਵੇਲੇ ਇਕੱਠਾ ਫੰਡ ਹੀ ਮਿਲ ਜਾਂਦਾ ਏ।”
“ਗਰੈਚੂਇਟੀ?”
“ਹਾਂ, ਦਸ ਲੱਖ ਗਰੈਚੂਇਟੀ ਮਿਲ ਜਾਂਦੀ ਏ। ਕਈ ਪ੍ਰਾਈਵੇਟ ਕਾਲਜ ਤਾਂ ਇਹ ਗਰੈਚੂਇਟੀ ਵੀ ਉਵੇਂ ਦਿੰਦੇ ਹਨ ਜਿਵੇਂ ਕੋਈ ਬੱਕਰੀ ਮੀਂਙਣਾ ਪਾ ਕੇ ਦੁੱਧ ਦੇਵੇ।”

“ਕੀ ਮਤਲਬ?”
“ਪਹਿਲਾਂ ਤਾਂ ਇਹ ਭੁਗਤਾਨ ਲੇਟ ਕਰੀ ਜਾਣਗੇ। ਜਦ ਜ਼ੋਰ ਪਾ ਕੇ ਜਾਂ ਕਿਸੇ ਹੋਰ ਤੋਂ ਸਿਫਾਰਿਸ਼ ਪਵਾ ਕੇ ਲੈਣ ਦੀ ਕੋਸ਼ਿਸ਼ ਕਰੀਏ ਫਿਰ ਇਹ ਕਾਲਜ ਭੁਗਤਾਨ ਦੋ ਹਿੱਸਿਆਂ ਵਿੱਚ ਵੰਡ ਦਿੰਦੇ ਹਨ। ਇੱਕ ਵਾਰ ਅੱਧੀ ਰਕਮ ਦੇਣਗੇ ਤੇ ਦੂਜੀ ਅੱਧੀ ਫਿਰ ਇਹ ਥੋੜ੍ਹੀਆਂ ਮਿੰਨਤਾਂ ਕਰਵਾ ਕੇ ਦਿੰਦੇ ਹਨ। ਮੈਂ ਤਾਂ ਇੱਕ ਗਲਤੀ ਵੀ ਕਰ ਬੈਠਾ ਸੀ।”

“ਗਲਤੀ? ਉਹ ਕੀ?” ਮੇਰੀ ਉਤਸੁਕਤਾ ਜਾਗ ਪਈ।
“ਮੇਰੇ ਮੂੰਹ ਚੋਂ ਪ੍ਰਿੰਸੀਪਲ ਦੇ ਇੱਕ ਚਮਚੇ ਲੈਕਚਰਾਰ ਪਾਸ ਕਹਿ ਹੋ ਗਿਆ ਕਿ ਮੈਂ 50,000 ਕਾਲਜ ਨੂੰ ਦਾਨ ਕਰ ਜਾਵਾਂਗਾ। ਉਸ ਚਮਚੇ ਨੇ ਸਾਹਿਬ ਨੂੰ ਚੁਆਤੀ ਲਗਾ ਦਿੱਤੀ ਕਿ ਮੈਂ ਇੱਕ ਲੱਖ ਦੇਣ ਲਈ ਮੰਨਿਆ ਹਾਂ। ਕਹਿੰਦਾ ਇਹਦੇ ਬੱਚੇ ਤਾਂ ਹੁਣ ਬਾਹਰ ਸੈੱਟ ਹੋ ਗਏ ਹਨ। ਇਹਨੂੰ ਲੱਖ ਦੇਣਾ ਕਿੰਨਾ ਕੁ ਔਖਾ ਏ। ਜਦ ਮੈਨੂੰ ਪਤਾ ਲੱਗਾ ਮੈਂ ਫਿਰ 50 ਹਜ਼ਾਰ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਉਹਨਾਂ ਨੇ ਆਪਣੀ ਜ਼ਿੱਦ ਪਗਾਉਣੀ ਸ਼ੁਰੂ ਕਰ ਦਿੱਤੀ। ਕਹਿੰਦੇ, ਚੱਲ ਲੈ ਕਿੱਥੇ ਤੱਕ ਚੱਲਣਾ, ਹੁਣ ਅਸੀਂ ਵੀ ਆਪਣੀ ਪੁਗਾ ਕੇ ਹੀ ਹਟਾਂਗੇ।”

“ਫਿਰ ਨਿੱਬੜੀ ਕਿੱਥੇ?”
“ਤਕੜੇ ਦਾ ਸੱਤੀਂ ਵੀਹੀ ਸੌ ਹੁੰਦਾ ਏ। ਭਾਰਤ ਵਿੱਚ ਤਕੜਾ ਆਪਣੀ ਪੁਗਾ ਕੇ ਹੀ ਹਟਦਾ ਹੈ। ਜੇ ਸਿੱਧੀ ਉਂਗਲੀ ਘਿਓ ਨਾ ਨਿਕਲੇ ਤਾਂ ਉਹ ਟੇਢੀ ਉਂਗਲ ਨਾਲ ਕੱਢ ਲੈਂਦਾ ਏ। ਪੈਸੇ ਪਏ ਰਹੇ, ਪਏ ਰਹੇ। ਉਹ ਵਿਆਜ ਖਾਈ ਗਏ। ਜਦ ਚੰਗਾ ਚੋਖਾ ਵਿਆਜ ਖਾ ਲਿਆ ਤੇ ਆਡਿਟ ਵਾਲੇ ਪਏ ਪੈਸੇ ਦੀ ਪੜਚੋਲ ਕਰਨ ਲੱਗੇ ਤਾਂ ਜਾ ਕੇ ਮੇਰਾ ਹਿੱਸਾ ਮੈਨੂੰ ਦੇਣ ਲਈ ਤਿਆਰ ਹੋਏ। ਬੱਕਰੀ ਨੇ ਦੁੱਧ ਤਾਂ ਦਿੱਤਾ ਪਰ ਦਿੱਤਾ ਪੂਰੀਆਂ ਮੀਂਙਣਾ ਪਾ ਕੇ। ਵਿਆਜ ਚੰਗਾ ਚੌਖਾ ਖਾ ਗਏ। ਉੱਥੇ ਦੇ ਕਈ ਅਦਾਰਿਆਂ ਦੇ ਪ੍ਰਿੰਸੀਪਲ ਨਿਰੇ ਅਕਾਦਮਿਕ ਸਰਪੰਚ ਹਨ।”

“ਮੈਂ ਇਹ ਅਕਾਦਮਿਕ ਸਰਪੰਚ ਵਾਲੀ ਗੱਲ ਨਹੀਂ ਸਮਝ ਸਕਿਆ?”
“ਕਾਲਜਾਂ ਵਿੱਚ ਪ੍ਰਿੰਸੀਪਲਾਂ ਦੀ ਨਿਯੁਕਤੀ ਦੀ ਸ਼ਰਤ ਯੂ.ਜੀ.ਸੀ. ਨੇ ਪੀਐਚ.ਡੀ ਕਰ ਦਿੱਤੀ ਹੋਈ ਏ।”
“ਯੂ.ਜੀ.ਸੀ. ਕੀ ਹੁੰਦਾ ਏ?”
“ਇਹ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਹੁੰਦਾ ਏ। ਇਹ ਦਿੱਲੀ ਵਿੱਚ ਏ। ਇਸ ਤੋਂ ਪ੍ਰਾਈਵੇਟ ਕਾਲਜਾਂ ਨੂੰ ਗਰਾਂਟ ਮਿਲਦੀ ਹੁੰਦੀ ਏ। ਇਸ ਗਰਾਂਟ ਦੇ ਸਿਰ ਤੇ ਇਹਨਾਂ ਕਾਲਜਾਂ ਦੇ ਪ੍ਰੋਫੈਸਰਾਂ ਦੀਆਂ ਤਨਖਾਹਾਂ ਦਿੱਤੀਆਂ ਜਾਂਦੀਆਂ ਹਨ।“

“ਜਦ ਇਹ ਪ੍ਰਾਈਵੇਟ ਕਾਲਜ ਹਨ ਤਾਂ ਮੈਂ ਇਹ ਗਰਾਂਟ ਵਾਲੀ ਗੱਲ ਨਹੀਂ ਸਮਝ ਸਕਿਆ?” ਮੈਥੋਂ ਪੁੱਛਣੋ ਰਿਹਾ ਨਾ ਗਿਆ।
“ਭਾਈ ਸਾਹਿਬ, ਇਹ ਸਰਕਾਰੀ ਸਹਾਇਤਾ ਪ੍ਰਾਪਤ ਕਾਲਜ ਹਨ। ਤੁਹਾਨੂੰ ਪਤਾ ਹੋਣਾ ਚਾਹੀਦਾ ਏ ਕਿ ਭਾਰਤੀ ਢਾਂਚਾ ਮਿਕਸ ਇਕੋਨਮੀ ਤੇ ਅਧਾਰਤ ਏ। ਪਬਲਿਕ ਤੇ ਪ੍ਰਾਈਵੇਟ ਸੈਕਟਰ ਨਾਲ ਨਾਲ ਚਲਦੇ ਹਨ। ਪ੍ਰਾਈਵੇਟ ਕਾਲਜ ਅੱਧੇ ਕੁ ਪਬਲਿਕ ਵੀ ਹਨ। ਇਲਾਕੇ ਦੇ ਲੋਕ ਇਕੱਠੇ ਹੋ ਕੇ ਕਾਲਜ ਖੋਲ੍ਹਦੇ ਹਨ। ਇਹਨਾਂ ਦੁਆਰਾ ਬਣਾਈ ਗਈ ਕਮੇਟੀ ਸੁਸਾਇਟੀ ਦੇ ਤੌਰ ਤੇ ਰਜਿਸਟਰਡ ਹੁੰਦੀ ਏ। ਫਿਰ ਇਹਨਾਂ ਨੂੰ ਯੂਨੀਵਰਸਿਟੀ ਵੱਲੋਂ ਮਾਨਤਾ ਮਿਲਦੀ ਏ। ਅਦਾਰੇ ਲਈ ਜ਼ਮੀਨ ਲੋਕਾਂ ਨੇ ਦਾਨ ਕੀਤੀ ਹੁੰਦੀ ਏ। ਕੁਝ ਕੰਮਾਂ ਲਈ ਡੀ.ਪੀ.ਆਈ ਤੋਂ ਪਾਸ ਹੋ ਕੇ ਗਰਾਂਟ ਆਉਂਦੀ ਹੈ। ਤਨਖਾਹਾਂ ਦੇ ਘਾਟੇ ਦਾ 95% ਯੂ.ਜੀ.ਸੀ. ਪੂਰਾ ਕਰਦਾ ਹੈ। ਛੋਟੇ ਕਾਲਜਾਂ ਦੀ ਆਮਦਨ ਘੱਟ ਜਾਂਦੀ ਏ। ਇੱਥੇ ਗਰਾਂਟ ਤੋਂ ਬਗੈਰ ਸਰਦਾ ਹੀ ਨਹੀਂ। ਵੱਡੇ ਕਾਲਜਾਂ ਵਿੱਚ ਘਾਟਾ ਘੱਟ ਪੈਂਦਾ ਹੈ ਜਾਂ ਪੈਂਦਾ ਹੀ ਨਹੀਂ। ਇਸ ਪ੍ਰਕਾਰ ਇਹ ਅਦਾਰੇ ਅੱਧੇ ਕੁ ਨਿੱਜੀ ਹਨ ਤੇ ਅੱਧੇ ਕੁ ਸਰਕਾਰੀ। ਨਿਯੁਕਤੀਆਂ ਵਿੱਚ ਵੀ ਸਰਕਾਰੀ ਤੇ ਯੂਨੀਵਰਸਿਟੀ ਦੇ ਨੁਮਾਇੰਦੇ ਭਾਗ ਲੈਂਦੇ ਹਨ।”

“ਇਹਨਾਂ ਕਾਲਜਾਂ ਵਿੱਚ ਤੁਹਾਡਾ ਪ੍ਰੋਫੈਸਰਾਂ ਤੇ ਪ੍ਰਿੰਸੀਪਲਾਂ ਦਾ ਹਾਲ ਕਿਹੋ ਜਿਹਾ ਹੁੰਦਾ ਏ? ਕੀ ਤੁਸੀਂ ਆਪਣੇ ਆਪ ਨੂੰ ਸਰਕਾਰੀ ਕਾਲਜਾਂ ਦੇ ਸਟਾਫ ਜਿਹਾ ਸਮਝਦੇ ਹੋ ਜਾਂ ਉਹਨਾਂ ਤੋਂ ਨੀਵੇਂ ਸਮਝਦੇ ਹੋ?” ਮੈਂ ਪੁੱਛਿਆ।
“ਭਾਈ ਸਾਹਿਬ, ਸਰਕਾਰੀ ਅਦਾਰਿਆਂ ਦੇ ਤਾਂ ਆਪਣੀ ਹੀ ਕਿਸਮ ਦੇ ਲਾਭ ਹੁੰਦੇ ਹਨ। ਉਹਨਾਂ ਵਿੱਚ ਸੇਵਾ ਮੁਕਤੀ ਤੋਂ ਬਾਅਦ ਪੈਨਸ਼ਨ ਵੀ ਮਿਲਦੀ ਏ। ਨਿਯੁਕਤੀਆਂ ਰਾਜਾਂ ਦੇ ਪਬਲਿਕ ਸਰਵਿਸ ਕਮਿਸ਼ਨਾਂ ਰਾਹੀਂ ਹੁੰਦੀਆਂ ਹਨ। ਸਭ ਕੰਮ ਸਿੱਕੇਬੰਦ ਹਨ।”

“ਸੁਣਿਐ, ਪਬਲਿਕ ਸਰਵਿਸ ਕਮਿਸ਼ਨਾਂ ਵਿੱਚ ਵੱਢੀਆਂ ਤੇ ਸਿਫਾਰਸ਼ਾਂ ਵੀ ਚੱਲਦੀਆਂ ਹਨ?”
“ਭਾਈ ਸਾਹਿਬ, ਇਹ ਸਭ ਕੁਝ ਤਾਂ ਭਾਰਤ ਜਿਹੇ ਦੇਸ਼ ਵਿੱਚ ਆਮ ਵਰਤਾਰਾ ਹੈ। ਸਿਫਾਰਿਸ਼ਾਂ ਤਾਂ ਪ੍ਰਾਈਵੇਟ ਕਾਲਜਾਂ ਵਿੱਚ ਵੀ ਚੱਲਦੀਆਂ ਹਨ। ਅਸਲ ਵਿੱਚ ਭਾਰਤ ਵਿੱਚ ਸਮੰਤਵਾਦੀ ਲੋਕਤੰਤਰ ਹੈ। ਅਦਾਰੇ ਵੀ ਅਮੀਰ ਲੋਕਾਂ ਦੇ ਸਿਰ ਤੇ ਹੀ ਚਲਦੇ ਹਨ। ਕਾਲਜਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰ ਤੇ ਮੈਂਬਰ ਜਾਂ ਤਾਂ ਲੈਂਡਲਾਰਡ ਹਨ, ਜਾਂ ਵੱਡੇ ਸਿਆਸਤਦਾਨ ਹਨ ਤੇ ਜਾਂ ਫਿਰ ਵੱਡੇ ਕਾਰੋਬਾਰੀ ਬੰਦੇ ਹਨ। ਇਹ ਲੋਕ ਆਪਣੇ ਖਾਸ ਬੰਦੇ ਅਕਸਰ ਨਿਯੁਕਤ ਕਰਵਾ ਲੈਂਦੇ ਹਨ ਤੇ ਗਰੀਬ ਲੋਕ ਨੌਕਰੀਆਂ ਤੋਂ ਵਿਰਵੇ ਰਹਿ ਜਾਂਦੇ ਹਨ। ਅੱਜ ਕੱਲ ਤਾਂ ਪ੍ਰਾਈਵੇਟ ਕਾਲਜਾਂ ਵਿੱਚ ਇੱਕ ਹੋਰ ਲਿਆਮਤ ਵੀ ਆ ਪਹੁੰਚੀ ਹੈ। ਕਾਫੀ ਗਿਣਤੀ ਵਿੱਚ ਨਿਯੁਕਤੀਆਂ ਠੇਕੇ ਤੇ ਹੋ ਰਹੀਆਂ ਹਨ।”

“ਪ੍ਰੋਫੈਸਰ? ਉਹ ਵੀ ਠੇਕੇ ਤੇ?”
“ਸਰਕਾਰਾਂ, ਯੂਨੀਵਰਸਿਟੀਆਂ ਤੇ ਗਰਾਂਟਸ ਕਮਿਸ਼ਨ ਜੋ ਮਰਜ਼ੀ ਕਾਨੂੰਨ ਘੜੀ ਜਾਣ, ਅਦਾਰੇ ਚਲਾਉਣ ਵਾਲੀਆਂ ਕਮੇਟੀਆਂ ਤੇ ਪ੍ਰਿੰਸੀਪਲ ਕਈ ਐਸੀਆਂ ਚੋਰ ਮੋਰੀਆਂ ਈਜਾਦ ਕਰ ਲੈਂਦੇ ਹਨ, ਜਿਨ੍ਹਾਂ ਨਾਲ ਸੱਪ ਵੀ ਮਰਦਾ ਰਹਿੰਦਾ ਏ ਤੇ ਲਾਠੀ ਵੀ ਨਹੀਂ ਟੁੱਟਦੀ।”

“ਕੀ ਭਾਵ?”
“ਤੁਹਾਨੂੰ ਪਤਾ, ਅੱਜ ਕੱਲ ਪੰਜਾਬ ਵਿੱਚੋਂ ਹਰ ਵਿਅਕਤੀ ਦੀ ਦੌੜ ਬਾਹਰ ਜਾਣ ਦੀ ਲੱਗੀ ਹੋਈ ਏ। ਪੇਂਡੂ ਕਾਲਜਾਂ ਦੀ ਨਫਰੀ ਘਟੀ ਜਾ ਰਹੀ ਏ। ਬਹੁਤ ਸਾਰੇ ਬੱਚੇ ਬਾਹਰਵੀਂ ਜਮਾਤ ਪਾਸ ਕਰਕੇ ਕੈਨੇਡਾ, ਅਮਰੀਕਾ, ਆਸਟਰੇਲੀਆ, ਆਦਿ ਨੂੰ ਦੌੜ ਰਹੇ ਹਨ। ਜਦ ਕਿਸੇ ਅਦਾਰੇ ਦੀ ਨਫਰੀ ਘੱਟ ਜਾਵੇ ਤਾਂ ਉਸਦੀ ਆਮਦਨ ਵੀ ਘੱਟਦੀ ਹੀ ਏ। ਅਧਿਆਪਕ ਹਰ ਮਜਮੂਨ ਪੜ੍ਹਾਉਣ ਲਈ ਚਲਦੇ ਰੱਖਣੇ ਪੈਂਦੇ ਹਨ। ਜਿਹੜੇ ਯੂ.ਜੀ.ਸੀ. ਦੀ ਸਕੀਮ ਹੇਠ ਨਿਯੁਕਤ ਹੋ ਚੁੱਕੇ ਹਨ ਉਹਨਾਂ ਦੀ ਤਨਖਾਹ (ਜੇ ਕਾਲਜ ਦੀ ਆਮਦਨ ਚੋਂ ਪੂਰੀ ਨਾ ਹੋਵੇ) ਤਾਂ ਘਾਟੇ ਦਾ 95 ਫੀਸਦੀ ਯੂ.ਜੀ.ਸੀ. ਆਪਣੀ ਗਰਾਂਟ ਰਾਹੀਂ ਪੂਰਾ ਕਰ ਦਿੰਦਾ ਹੈ। ਇਹਨਾਂ ਅਦਾਰਿਆਂ ਨੂੰ ਘਾਟਾ ਵੀ ਅਕਸਰ ਇੰਨਾ ਪੈਂਣਾ ਸ਼ੁਰੂ ਹੋ ਗਿਆ ਹੈ ਕਿ ਇਹ ਅਦਾਰੇ ਬਾਕੀ ਰਹਿੰਦਾ ਪੰਜ ਫੀਸਦੀ ਦੇਣ ਦੇ ਵੀ ਅਸਮਰਥ ਹੁੰਦੇ ਹਨ। ਫਿਰ ਇਹਨਾਂ ਕਾਲਜਾਂ ਵਿੱਚ ਬੈਠੇ ਪ੍ਰਿੰਸੀਪਲਾਂ (ਜਿਹੜੇ ਕਈ ਅਕਾਦਮਿਕ ਸਰਪੰਚ ਹੀ ਹੁੰਦੇ ਹਨ) ਨੇ ਆਪਣਾ ਕੰਮ ਚਲਾਉਣ ਲਈ ਨਵੇਂ ਤਰੀਕੇ ਈਜਾਦ ਕੀਤੇ ਹੋਏ ਹਨ। ਇਹ ਠੇਕੇ ਤੇ ਲੈਕਚਰਾਰ ਨਿਯੁਕਤ ਕਰ ਲੈਂਦੇ ਹਨ। ਇਹ ਠੇਕੇ ਵਾਲੇ ਬੰਦੇ ਆਮ ਮਿਲ ਜਾਂਦੇ ਹਨ ਕਿਉਂਕਿ ਸਮਾਜ ਵਿੱਚ ਅੰਤਾਂ ਦੀ ਬੇਰੁਜ਼ਗਾਰੀ ਹੈ। ਆਮ ਲੋਕ ਐਮ.ਏ ਦੀ ਡਿਗਰੀ ਕਰਕੇ ਤੁਰੇ ਫਿਰ ਰਹੇ ਹਨ। ਇਨ੍ਹਾਂ ਨੂੰ ਇਹ ਪ੍ਰਿੰਸੀਪਲ ਵੀਹ ਕੁ ਹਜ਼ਾਰ ਰੁਪਏ ਮਹੀਨੇ ਦੀ ਤਨਖਾਹ ਤੇ ਰੱਖ ਲੈਂਦੇ ਹਨ। ਵੈਸੇ ਅੱਜਕੱਲ ਪ੍ਰੋਫੈਸਰ ਦੀ ਤਨਖਾਹ ਤਕਰੀਬਨ 70-80 ਹਜ਼ਾਰ ਰੁਪਏ ਮਹੀਨਾ ਹੈ। ਦੂਸਰੀ ਇਹ ਚੁਸਤੀ ਕਿ ਪ੍ਰਿੰਸੀਪਲ ਇਹਨਾਂ ਨੂੰ ਅੱਠ ਕੁ ਮਹੀਨੇ ਰੱਖ ਕੇ ਬੱਚਿਆਂ ਦੇ ਸਿਲੇਬਸ ਪੂਰੇ ਕਰਵਾ ਲੈਂਦੇ ਹਨ ਤੇ 31 ਮਾਰਚ ਨੂੰ ਇਹਨਾਂ ਦੀ ਛੁੱਟੀ ਕਰ ਦਿੰਦੇ ਹਨ। ਇਸ ਪ੍ਰਕਾਰ ਇਹ ਪ੍ਰਿੰਸੀਪਲ ਅਗਲੇ ਚਾਰ ਮਹੀਨਿਆਂ ਦੀ ਤਨਖਾਹ ਦੇਣ ਤੋਂ ਸੁਰਖਰੂ ਹੋ ਜਾਂਦੇ ਹਨ। ਪਿਛਲੇ ਸਾਲਾਂ ਵਿੱਚ ਤਾਂ ਕਈ ਲੈਕਚਰਾਰ ਵੀ ਨਿਰੇ ਅਕਾਦਮਿਕ ਸਰਪੰਚ ਹੀ ਹੋਇਆ ਕਰਦੇ ਸਨ। ਪੇਂਡੂ ਕਾਲਜਾਂ ਦੇ ਬੱਚੇ ਇੰਨੇ ਭੋਲੇ ਭਾਲੇ ਹਨ ਕਿ ਉਹਨਾਂ ਨੂੰ ਚੰਗੇ ਮਾੜੇ ਲੈਕਚਰਾਰ ਦੀ ਪਛਾਣ ਵੀ ਨਹੀਂ ਕਰਨੀ ਆਉਂਦੀ ਹੁੰਦੀ। ਉਹਨਾਂ ਲਈ ਇੱਕ ਪੀਐਚ.ਡੀ ਕੀਤਾ ਅਧਿਆਪਕ ਤੇ ਇੱਕ ਤੀਜੇ ਦਰਜੇ ਵਿੱਚ ਐਮ.ਏ ਪਾਸ ਕੀਤਾ ਅਧਿਆਪਕ ਤਕਰੀਬਨ ਇੱਕ ਬਰਾਬਰ ਹੀ ਹੁੰਦਾ ਹੈ। ਬਲਕਿ ਉਹ ਤੀਜੇ ਦਰਜੇ ਵਾਲੇ ਲੈਕਚਰਾਰ ਨੂੰ ਜ਼ਿਆਦਾ ਚੰਗਾ ਸਮਝਦੇ ਹਨ ਕਿਉਂਕਿ ਉਹ ਸਰਲ ਬਹੁਤ ਹੁੰਦਾ ਏ।”

“ਮੈਂ ਤੁਹਾਡਾ ਅਕਾਦਮਿਕ ਸਰਪੰਚੀ ਵਾਲਾ ਨੈਰੇਟਿਵ ਚੰਗੀ ਤਰ੍ਹਾਂ ਨਹੀਂ ਸਮਝ ਸਕਿਆ। ਕੀ ਇਸ ਤੇ ਕੁਝ ਹੋਰ ਵਿਸਥਾਰ ਨਾਲ ਚਾਨਣਾ ਪਾਓਗੇ?”
“ਮੇਰੀ ਗੱਲ ਧਿਆਨ ਨਾਲ ਸੁਣੋ। ਮੈਂ 38 ਸਾਲ ਦੇ ਅਧਿਆਪਨ ਤੋਂ ਬਾਅਦ ਹੁਣੇ ਹੁਣੇ ਸੇਵਾ ਮੁਕਤ ਹੋਇਆ ਹਾਂ। ਮੇਰੇ ਕਾਲਜ ਦੇ ਜਿਹੜੇ ਪ੍ਰਿੰਸੀਪਲ ਸ਼ੁਰੂ ਸ਼ੁਰੂ ਵਿੱਚ ਹੋਇਆ ਕਰਦੇ ਸਨ ਉਹ ਸੱਚ ਮੁੱਚ ਹੀ ਵਿਦਵਾਨ ਸਨ। ਉਹਨਾਂ ਵਿੱਚ ਕਈ ਅੰਗਰੇਜ਼ੀ ਵਾਲੇ ਸਨ ਤੇ ਕਈ ਸਾਇੰਸ ਵਾਲੇ ਵੀ ਸਨ। ਯੋਗਤਾ ਐਮ.ਏ ਜਾਂ ਐਮ.ਐਸ.ਸੀ ਹੋਇਆ ਕਰਦੀ ਸੀ। ਇਸ ਦੇ ਨਾਲ 10 ਸਾਲ ਦਾ ਇੱਕ ਲੈਕਚਰਾਰ ਦੇ ਤੌਰ ਤੇ ਤਜ਼ਰਬਾ ਹੋਣਾ ਜਰੂਰੀ ਹੁੰਦਾ ਸੀ। ਫਿਰ ਯੂ.ਜੀ.ਸੀ. ਨੇ ਪ੍ਰਿੰਸੀਪਲ ਦੀ ਯੋਗਤਾ ਪੀ.ਐਚ.ਡੀ ਕਰ ਦਿੱਤੀ। ਅੰਗਰੇਜ਼ੀ ਤੇ ਸਾਈੰਸ ਵਿੱਚ ਪੀ.ਐਚ.ਡੀ ਦੀ ਡਿਗਰੀ ਲੈਣੀ ਔਖੀ ਬਹੁਤ ਹੈ। ਦੂਜੇ ਪਾਸੇ ਪੰਜਾਬੀ, ਸਰੀਰਕ ਸਿੱਖਿਆ, ਹਿੰਦੀ ਆਦਿ ਵਿੱਚ ਪ੍ਰੋਫੈਸਰ ਇਹ ਡਿਗਰੀ ਇਵੇਂ ਪ੍ਰਾਪਤ ਕਰੀ ਜਾ ਰਹੇ ਹਨ ਜਿਵੇਂ ਗੋਹਟੇ ਨਾਲ ਸ਼ੈਹਾ ਮਾਰਨਾ ਹੋਵੇ। ਇਹ ਡਿਗਰੀਆਂ ਅਕਸਰ ਦੋਸਤੀ ਪਾ ਕੇ, ਲੈ ਦੇ ਕੇ, ਕਿਸੇ ਹੋਰ ਤੋਂ ਥੀਸਿਸ ਲਿਖਵਾ ਕੇ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ। ਇਹਨਾਂ ਮਜਮੂਨਾਂ ਦੇ ਗਾਈਡ ਅਕਸਰ ਮਿਲ ਜਾਂਦੇ ਹਨ। ਪੰਜਾਬੀ ਲਾਜ਼ਮੀ ਮਜ਼ਮੂਨ ਹੋਣ ਕਰਕੇ ਵੀ ਇਸ ਵਿੱਚ ਪ੍ਰੋਫੈਸਰਾਂ ਦੀ ਗਿਣਤੀ ਵੱਧ ਗਈ ਹੈ। ਇਸ ਲਈ ਇਹਨਾਂ ਮਜ਼ਮੂਨਾਂ ਵਾਲੇ ਲੈਕਚਰਾਰ ਧੜਾ ਧੜ ਪ੍ਰਿੰਸੀਪਲ ਬਣ ਰਹੇ ਹਨ। ਦੂਜੇ ਟੌਪ ਕਲਾਸ ਮਜਮੂਨਾਂ ਵਾਲੇ ਪ੍ਰੋਫੈਸਰ ਇਸ ਮਾਮਲੇ ਵਿੱਚ ਮੂਧੇ ਮੂੰਹ ਡਿਗ ਰਹੇ ਹਨ। ਉੱਤਰੀ ਭਾਰਤ ਵਿੱਚ ਅੰਗਰੇਜ਼ੀ ਦੀ ਮਹੱਤਤਾ ਘਟਣ ਨਾਲ ਉਸ ਪਾਸੇ ਨੂੰ ਵਿਕਸਿਤ ਦੇਸ਼ਾਂ ਦੀ ਨਵੀਨਤਮ ਵਿਚਾਰਧਾਰਾ ਦਾ ਅਦਾਨ ਪ੍ਰਦਾਨ ਘੱਟਦਾ ਜਾ ਰਿਹਾ ਏ। ਬਹੁਤਾ ਨਵੀਨਤਮ ਫਲਸਫਾ ਅੱਜ ਕਲ ਯੂਰਪ ਅਤੇ ਅਮਰੀਕਾ ਜਿਹੀਆਂ ਵਿਕਸਿਤ ਥਾਵਾਂ ਤੇ ਹੀ ਸਿਰਜਿਆ ਜਾ ਰਿਹਾ ਏ। ਇਸ ਵਿਚਾਰਧਾਰਾ ਤੇ ਫਲਸਫੇ ਤੋਂ ਬੱਚਿਆਂ ਨੂੰ ਵਿਰਵਾ ਰੱਖਣਾ ਅੰਤਰਰਾਸ਼ਟਰੀ ਪੱਧਰ ਤੇ ਘਾਤਕ ਹੋਵੇਗਾ। ਕਿਸੇ ਵੀ ਵਿੱਦਿਅਕ ਢਾਂਚੇ ਦਾ ਉੱਚਤਮ ਮਿਆਰ ਯੂਰਪ ਅਤੇ ਅਮਰੀਕਾ ਦੇ ਵਿੱਦਿਅਕ ਢਾਂਚੇ ਨਾਲ ਸਾਂਝ ਪਾ ਕੇ ਹੀ ਕਾਇਮ ਕੀਤਾ ਜਾ ਸਕਦਾ ਹੈ। ਯੂ.ਜੀ.ਸੀ ਨੂੰ ਐਸਾ ਨੈਰੇਟਿਵ ਸਿਰਜਣਾ ਚਾਹੀਦਾ ਹੈ ਜਿਸ ਨਾਲ ਇਹਨਾਂ ਉੱਤਰੀ ਭਾਰਤ ਦੇ ਕਾਲਜਾਂ ਦੇ ਮੁਖੀ ਨਿਰੇ ਅਕਾਦਮਿਕ ਸਰਪੰਚ ਹੀ ਨਾ ਹੋਣ। ਪੰਜਾਬੀ ਅਤੇ ਅੰਗਰੇਜ਼ੀ ਦਾ ਮਿਆਰੀ ਸੁਮੇਲ ਅਤੀ ਜਰੂਰੀ ਹੈ। ਹੈਰਾਨੀ ਇਹ ਹੈ ਕਿ ਪੰਜਾਬ ਵਿੱਚ ਸਕੂਲ ਧੜਾ ਧੜਾ ਅੰਗਰੇਜ਼ੀ ਖੁੱਲ ਰਹੇ ਹਨ ਤੇ ਕਾਲਜ ਅੰਗਰੇਜੀ ਤੋਂ ਮੁੱਖ ਮੋੜੀ ਜਾ ਰਹੇ ਹਨ। ਵੱਡੇ ਵੱਡੇ ਅੰਗਰੇਜ਼ੀ ਸਕੂਲਾਂ ਦੇ ਬੱਚਿਆਂ ਦੇ ਮਾਪੇ ਉਦੋਂ ਸ਼ਸ਼ੋਪੰਜ ਵਿੱਚ ਪੈ ਜਾਂਦੇ ਹਨ ਜਦੋਂ ਉਨਾਂ ਦੇ ਬੱਚੇ ਨੇ ਬਾਰਵੀਂ ਜਮਾਤ ਤੱਕ ਅੰਗਰੇਜ਼ੀ ਵੱਧ ਪੜ੍ਹ ਕੇ ਨਾਲ ਦੇ ਕਾਲਜ ਵਿੱਚ ਬੀ.ਏ ਵਿੱਚ ਦਾਖਲ ਹੋਣਾ ਹੁੰਦਾ ਹੈ। ਉੱਥੇ ਜਾ ਕੇ ਅਜਿਹੇ ਬੱਚੇ ਨੂੰ ਕਾਲਜ ‘ਚ ਅੰਗਰੇਜ਼ੀ ਵਿੱਚ ਮਾੜੇ ਲੈਕਚਰਾਰ ਜਾਂ ਠੇਕੇ ਤੇ ਰੱਖੇ ਲੈਕਚਰਾਰ ਦਾ ਮਿਆਰ ਕਾਫੀ ਮਾੜਾ ਲੱਗਣ ਲੱਗ ਪੈਂਦਾ ਹੈ। ਮੇਰੇ ਸਮੇਂ ਇੱਕ ਵਾਰ ਇੱਕ ਇਤਿਹਾਸ ਦਾ ਲੈਕਚਰਾਰ ਪੰਜਾਬੀ ਮਾਧਿਅਮ ਵਿੱਚ ਐਮ.ਏ ਕਰਕੇ ਆ ਕੇ ਸਾਡੇ ਕਾਲਜ ਵਿੱਚ ਕਾਰਜਕਾਰੀ ਨੌਕਰੀ ਤੇ ਲੱਗਾ। ਹੋਇਆ ਇੰਝ ਕਿ ਇੱਕ ਪਹਾੜਾਂ ਦੇ ਵੱਡੇ ਸਕੂਲਾਂ ਦਾ ਲੜਕਾ ਸਾਡੇ ਕਾਲਜ ਆ ਕੇ ਦਾਖਲ ਹੋ ਗਿਆ। ਉਸਦਾ ਪਿਤਾ ਕਿਸੇ ਵੱਡੀ ਨੌਕਰੀ ਤੇ ਸੀ। ਉਸਦੀ ਬਦਲੀ ਸਾਡੇ ਇਲਾਕੇ ਵਿੱਚ ਹੋ ਗਈ ਸੀ। ਹੁਣ ਲੈਕਚਰਾਰ ਮੋਨਾਰਕੀ (Monarchy) ਨੂੰ ਮੋਨਾਰਚੀ ਕਿਹਾ ਕਰੇ, ਏਪਕ (Epoc) ਨੂੰ ਏਪਚ ਕਿਹਾ ਕਰੇ, ਕੈਜ਼ਮ (Chasm) ਨੂੰ ਚੈਜ਼ਮ ਕਿਹਾ ਕਰੇ। ਵਿਦਿਆਰਥੀ ਲੜਕਾ ਬੋਲਣ ਵਿੱਚ ਸੋਹਣਾ ਹੈ ਹੀ ਸੀ ਕਿਉਂਕਿ ਉਹ ਦੇਹਰਾਦੂਨ ਦੇ ਅੰਗਰੇਜ਼ੀ ਮੀਡੀਅਮ ਸਕੂਲ ਦਾ ਪੜ੍ਹਿਆ ਹੋਇਆ ਸੀ। ਲੈਕਚਰਾਰ ਦਾ ਕੁਝ ਅੰਗਰੇਜ਼ੀ ਦੇ ਸ਼ਬਦਾਂ ਦਾ ਗਲਤ ਉਚਾਰਨ ਵੀ ਉਸ ਲੜਕੇ ਨੂੰ ਅਜੀਬ ਮਹਿਸੂਸ ਹੋਵੇ। ਦੂਜੇ ਨੰਬਰ ਤੇ ਲੈਕਚਰਾਰ ਅੰਗਰੇਜ਼ੀ ਬੋਲਣ ਵਿੱਚ ਬਹੁਤ ਮਾੜਾ ਸੀ।”
“ਗੱਲ ਤਾਂ ਤੁਹਾਡੀ ਕਾਫੀ ਠੀਕ ਲੱਗਦੀ ਏ। ਮਸਲੇ ਦਾ ਹੱਲ ਕੀ ਏ?”
“ਵੀਰ ਜੀ, ਹੱਲ ਇਹੀ ਹੈ ਕਿ ਕਾਲਜਾਂ ਦੇ ਪ੍ਰਿੰਸੀਪਲਾਂ ਦਾ ਮਿਆਰ ਉੱਚਾ ਹੋਵੇ। ਉਹ ਅੰਗਰੇਜ਼ੀ ਵਿੱਚ ਵੀ ਪੂਰੇ ਮਾਹਰ ਹੋਣ, ਦੂਜੇ ਪਾਠਕ੍ਰਮਾਂ ਵਿੱਚੋਂ ਅੰਗਰੇਜ਼ੀ ਨੂੰ ਘੱਟ ਨਹੀਂ ਕਰਨਾ ਚਾਹੀਦਾ। ਜੇ ਕਰੋਗੇ ਤਾਂ ਤੁਸੀਂ ਦੁਨੀਆਂ ਦੇ ਮਿਆਰੀ ਫਲਸਫੇ ਤੋਂ ਵੀ ਟੁੱਟੋਗੇ ਤੇ ਕੰਪਿਊਟਰ ਗਿਆਨ ਵਿੱਚ ਵੀ ਅਧੂਰੇ ਰਹਿ ਜਾਵੋਗੇ। ਸਾਇੰਸ ਦੀਆਂ ਬਹੁਤੀਆਂ ਵਿਧਾਂ ਦੀ ਢੁਕਵੀ ਪੰਜਾਬੀ ਮਿਲਦੀ ਹੀ ਨਹੀਂ।”

“ਤੁਹਾਡੀਆਂ ਗੱਲਾਂ ਤੋਂ ਮੈਨੂੰ ਵੀ ਇੱਕ ਗੱਲ ਯਾਦ ਆ ਗਈ।”
“ਉਹ ਕੀ?” ਮੈਂ ਉਹਦੇ ਇਸ ਵਿਸ਼ੇ ਵਿੱਚ ਵੱਧ ਦਿਲਚਸਪੀ ਵੀ ਲੈ ਰਿਹਾ ਸਾਂ। ਮੈਂ ਉਸਦੀ ਵਿਆਖਿਆ ਤੇ ਖੁਸ਼ ਵੀ ਸਾਂ ਤੇ ਹੈਰਾਨ ਵੀ।
“ਜਦ 90ਵਿਆਂ ਵਿੱਚ ਅਸੀਂ ਪੰਜਾਬ ਵਿੱਚ ਪੜ੍ਹਦੇ ਸਾਂ ਤਾਂ ਸਾਡੇ ਕਾਲਜ ਵਿੱਚ ਇੱਕ ਲੜਕੀ ਐਸੇ ਅਫਸਰ ਦੀ ਆਣ ਦਾਖਲ ਹੋਈ ਜਿਹੜਾ ਆਪ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਅਧੀਨ ਡੀ.ਸੀ ਬਣਕੇ ਸਾਡੇ ਸ਼ਹਿਰ ਵਿੱਚ ਆਇਆ ਸੀ। ਜਦ ਉਹ ਲੜਕੀ ਸਾਡੇ ਕਾਲਜ ਵਿੱਚ ਦਾਖਲ ਹੋਈ ਤਾਂ ਕਾਲਜ ਵਿੱਚ ਤਾਂ ਇੱਕ ਤਰ੍ਹਾਂ ਦਾ ਇਨਕਲਾਬ ਹੀ ਆ ਗਿਆ। ਇੱਕ ਤਾਂ ਉਹ ਕੱਪੜੇ ਬੜੇ ਮਾਡਰਨ ਪਾਉਂਦੀ ਸੀ ਤੇ ਦੂਜੇ ਉਹ ਜ਼ਿਆਦਾ ਅੰਗਰੇਜ਼ੀ ਵਿੱਚ ਹੀ ਗੱਲ ਕਰਦੀ ਸੀ। ਜਦ ਉਹ ਸਾਹਿਬ ਦੇ ਦਫਤਰ ਅੰਦਰ ਗਈ ਤਾਂ ਸਾਡਾ ਅਕਾਦਮਿਕ ਸਰਪੰਚ ਪ੍ਰਿੰਸੀਪਲ ਉਹਦੀ ਗੱਲ ਨੂੰ ਚੰਗੀ ਤਰ੍ਹਾਂ ਸਮਝੇ ਹੀ ਨਾ। ਸਾਹਿਬ ਸਰੀਰਕ ਸਿੱਖਿਆ ਦਾ ਐਮ.ਏ ਸੀ ਤੇ ਪੀ.ਐਚ.ਡੀ ਸੀ। ਨਾਲੇ ਸਿਫਾਰਿਸ਼ ਨਾਲ ਇਸ ਅਹੁਦੇ ਤੇ ਲੱਗਾ ਹੋਇਆ ਸੀ। ਸਾਹਿਬ ਦੀ ਪਤਲੀ ਹਾਲਤ ਦੇਖ ਕੇ ਹਰ ਇੱਕ ਨੂੰ ਹੈਰਾਨੀ ਹੋ ਰਹੀ ਸੀ। ਉਹ ਲੜਕੀ ਤਾਂ ਜਮਾਤਾਂ ਵਿੱਚ ਕਈ ਪ੍ਰੋਫੈਸਰਾਂ ਦੀ ਵੀ ਭੂਤਨੀ ਭੁਲਾ ਦਿਆ ਕਰਦੀ ਸੀ। ਤੁਹਾਡੀ ਗੱਲ ਸਹੀ ਹੈ ਕਿ ਸੰਤੁਲਨ ਕਾਇਮ ਰੱਖਣ ਲਈ ਅੰਗਰੇਜ਼ੀ ਨੂੰ ਕਾਲਜਾਂ ਦੇ ਪਾਠਕ੍ਰਮਾਂ ਚੋਂ ਘਟਾਉਣਾ ਨਹੀਂ ਚਾਹੀਦਾ।”

“ਵੀਰ ਜੀ, ਸਾਡੇ ਵੀ ਇੱਕ ਵਾਰ ਇਵੇਂ ਹੀ ਹੋਇਆ ਸੀ। ਅੇਨ.ਸੀ.ਸੀ ਬਟਾਲੀਅਨ ਦਾ ਕਮਾਂਡਿੰਗ ਅਫਸਰ ਕਰਨਲ ਮਾਇਰ ਸੀ। ਇੱਕ ਪਿੱਛੋਂ ਉਹ ਦਿੱਲੀ ਦਾ ਸੀ। ਇੱਕ ਦਿਨ ਕਾਲਜ ਦੇ ਵਿੱਚ ਅਚਾਨਕ ਅੇਨ.ਸੀ.ਸੀ ਦਾ ਜਾਇਜ਼ਾ ਲੈਣ ਆਣ ਟਪਕਿਆ। ਸਭ ਤੋਂ ਪਹਿਲਾਂ ਉਸਨੇ ਪ੍ਰਿੰਸੀਪਲ ਨੂੰ ਮਿਲਣਾ ਸੀ। ਜਦ ਉਹ ਦਫਤਰ ਅੰਦਰ ਗਿਆ ਤਾਂ ਉਸਦੇ ਅੰਦਾਜ਼ ਤੇ ਗੱਲਬਾਤ ਅੰਗਰੇਜ਼ੀ ਹਾਵ ਭਾਵ ਨਾਲ ਲਬਰੇਜ਼ ਸਨ। ਪ੍ਰਿੰਸੀਪਲ ਅੰਗਰੇਜ਼ੀ ਅੰਦਾਜ਼ ਤੇ ਵਾਰਤਾਲਾਪ ਤੋਂ ਊਣਾ ਸੀ। ਦੋਹਾਂ ਵਿੱਚ ਜੋ ਅਦਾਨ ਪ੍ਰਦਾਨ ਹੋਇਆ ਉਹ ਕੋਝਾ ਤੇ ਘਟੀਆ ਸੀ। ਕਾਲਜ ਦਾ ਅੇਨ.ਸੀ.ਸੀ ਅਫਸਰ ਪ੍ਰੋਫੈਸਰ ਵੀ ਇੰਗਲਿਸ਼ ਵਿੱਚ ਬਹੁਤਾ ਵਧੀਆ ਨਹੀਂ ਸੀ। ਮੁਸ਼ਕਿਲ ਨਾਲ ਦੋਹਾਂ ਧਿਰਾਂ ਦੀ ਗੱਲਬਾਤ ਸਿਰੇ ਚੜ੍ਹੀ। ਇਵੇਂ ਹੀ ਇੱਕ ਵਾਰ ਸਾਡੇ ਕਸਬੇ ਵਿੱਚ ਕਿਊਬਾ ਦਾ ਸਫੀਰ ਲੰਘ ਰਿਹਾ ਸੀ। ਉਸਨੇ ਕਾਲਜ ਦੇਖਣ ਦੀ ਇੱਛਾ ਪ੍ਰਗਟਾਈ। ਉਹਦੇ ਨਾਲ ਗੱਲਬਾਤ ਕਰਨ ਲਈ ਸਾਡੇ ਸਾਹਿਬ ਨੇ ਆਪਣੇ ਨਾਲ ਕਾਲਜ ਦਾ ਅੰਗਰੇਜ਼ੀ ਦਾ ਹੈਡ ਡਾ: ਅਹੂਜਾ ਬਿਠਾਇਆ। ਅਹੂਜਾ ਨੇ ਦੋ ਭਾਸ਼ੀਏ ਦਾ ਕੰਮ ਚੰਗਾ ਨਿਭਾ ਦਿੱਤਾ ਸੀ। ਇੱਕ ਪ੍ਰਿੰਸੀਪਲ ਦੋ ਭਾਸ਼ੀਆ ਦੀ ਵਰਤੋਂ ਕਰੇ–  ਕਿੰਨੀ ਘਟੀਆ ਗੱਲ ਏ!”

“ਇਸ ਪ੍ਰਕਾਰ ਦੇ ਅਕਾਦਮਿਕ ਸਰਪੰਚ/ਪ੍ਰਿੰਸੀਪਲ ਆਪਣਾ ਯੂਨੀਵਰਸਿਟੀ ਤੇ ਯੂ.ਜੀ.ਸੀ ਨਾਲ ਖਤੋ ਖਿਤਾਬਤ ਕਿਵੇਂ ਕਰਦੇ ਹਨ?”
“ਇਹ ਡਿਊਟੀ ਨਿਭਾਉਣ ਲਈ ਇਹਨਾਂ ਪਾਸ ਵਧੀਆ ਤਰੀਕਾ ਹੁੰਦਾ ਏ।”

“ਉਹ ਕੀ?”
“ਕਾਲਜ ਵਿੱਚ ਇੱਕ ਦੋ ਅੰਗਰੇਜ਼ੀ ਦੇ ਲੈਕਚਰਾਰ ਸਾਹਿਬ ਦੇ ਚਮਚੇ ਬਣ ਕੇ ਰਹਿਣਾ ਚਾਹੁੰਦੇ ਹੁੰਦੇ ਹਨ। ਇੰਜ ਕਰਕੇ ਉਹ ਸਾਹਿਬ ਤੋਂ ਕਈ ਐਸੇ ਕੰਮ ਕਰਵਾਉਂਦੇ ਰਹਿੰਦੇ ਹਨ ਜਿਹੜੇ ਉਨਾਂ ਲਈ ਲਾਭਦਾਇਕ ਰਹਿੰਦੇ ਹੋਣ। ਇੱਕ ਲੈਕਚਰਰ ਨੇ ਸਾਹਿਬ ਤੋਂ ਆਪਣੇ ਫੰਡ ਵਿੱਚੋਂ ਕਰਜ਼ਾ ਪਾਸ ਕਰਵਾ ਲਿਆ ਸੀ। ਉਹਨੂੰ ਜਦ ਮਰਜ਼ੀ ਕਾਲਜ ਤੋਂ ਰਾਹਤ ਮਿਲ ਜਾਂਦੀ ਸੀ ਤੇ ਉਹ ਯੂਨੀਵਰਸਿਟੀ ਦੇ ਕੰਮ ਤੇ ਹੀ ਤੁਰਿਆ ਰਹਿੰਦਾ ਸੀ। ਖਾੜਕੂਵਾਦ ਦੇ ਦਿਨਾਂ ਵਿੱਚ ਉਹ ਨਿਗਰਾਨ ਡਿਊਟੀ ਤੋਂ ਵੀ ਬਚ ਜਾਇਆ ਕਰਦਾ ਸੀ। ਉਸ ਲੈਕਚਰਾਰ ਦੀ ਚਾਲ ਢਾਲ ਹੀ ਬਦਲੀ ਰਹਿੰਦੀ ਸੀ। ਨਵੇਂ ਨਵੇਂ ਭਰਤੀ ਹੋਏ ਕਰਮਚਾਰੀ ਉਸ ਤੋਂ ਵੈਸੇ ਭੈਅ ਖਾਂਦੇ ਰਹਿੰਦੇ ਸਨ। ਨਵੇਂ ਆਏ ਕਰਮਚਾਰੀ ਉਸਨੂੰ ਸਾਹਿਬ ਤੱਕ ਗੱਲ ਪਹੁੰਚਾਉਣ ਲਈ ਪੁਲ ਦੇ ਤੌਰ ਤੇ ਵਰਤਦੇ ਸਨ।”

“ਗੱਲ ਤੁਹਾਡੀ ਸੋਲਾਂ ਆਨੇ ਸੱਚ ਏ। ਇਸਦਾ ਮਤਲਬ ਕਿ ਉੱਥੇ ਹਰ ਕੰਮ ਕਰਨ ਦੇ ਨਵੇਂ-ਨਵੇਂ ਤਰੀਕੇ ਈਜਾਦ ਕਰ ਹੀ ਲਏ ਜਾਂਦੇ ਹਨ। ਵਾਰੇ ਜਾਈਏ ਸਿਸਟਮ ਦੇ ਤੇ ਅਕਾਦਮਿਕ ਸਰਪੰਚਾਂ ਦੇ! ਚੰਗਾ ਹੁਣ ਆਪਣੀਆਂ ਕਾਫੀ ਗੱਲਾਂ ਹੋ ਗਈਆਂ। ਸਮਾਂ ਵੀ ਕਾਫੀ ਹੋ ਗਿਆ ਹੈ। ਕੱਲ ਨੂੰ ਵੀ ਆ ਰਹੇ ਹੋ?”
“ਨਹੀਂ ਹੁਣ ਮੈਂ ਤੁਹਾਨੂੰ ਪਰਸੋਂ ਨੂੰ ਮਿਲਾਂਗਾ। ਕੱਲ ਮੇਰੀ ਇੱਕ ਡਾਕਟਰ ਨਾਲ ਅਪਾਇੰਟਮੈਂਟ ਹੈ।”
“ਓ.ਕੇ ਬਹੁਤ ਬਹੁਤ ਧੰਨਵਾਦ, ਵੀਰ ਜੀ।
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1546
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

Dr. Avtar S. Sangha
BA ( Hons. English) MA English, Ph.D English--- Punjab
Graduate Dip In Education--- NSW ( Australia)
Lecturer in English in a college in Punjab for 25 years.
Teacher in Sydney--- 6 years
Now retired
Author of 8 books
**
sangha_avtar@hotmail.com

My latest book of short English fiction STORM IN A TEACUP AND OTHER STORIES can be seen on
DESIBUZZ CANADA
**
The Punjabi book of short stories edited by me and published by Azad Book Depot Amritsar 5 PARVAASI KAHANIKAAR is now available in the market.
**

ਅਵਤਾਰ ਐਸ ਸੰਘਾ

Dr. Avtar S. Sangha BA ( Hons. English)  MA English,  Ph.D English--- Punjab Graduate Dip In Education--- NSW ( Australia) Lecturer in English  in a college  in Punjab for 25 years. Teacher in Sydney--- 6 years Now retired Author of 8 books ** sangha_avtar@hotmail.com My latest book of short English fiction STORM IN A TEACUP AND OTHER STORIES can be seen on DESIBUZZ CANADA ** The Punjabi book of short stories  edited by me and published  by Azad Book Depot Amritsar  5 PARVAASI KAHANIKAAR  is now available in the market. **

View all posts by ਅਵਤਾਰ ਐਸ ਸੰਘਾ →