|
ਬਲਜੀਤ ਸਾਝਰੇ ਉੱਠ ਕੇ ਮੱਝਾਂ ਚੋਂਦਾ ਅਤੇ ਗਾਹਕਾਂ ਨੂੰ ਦੁੱਧ ਪਾ ਦਿੰਦਾ, ਪਰ ਨਕਦ ਪੈਸੇ ਕਦੇ ਆਪਣੇ ਹੱਥੀਂ ਨਾ ਫੜਦਾ। “ਇਹ ਮੇਰੀ ਮੰਮੀ ਨੂੰ ਦੇ ਦਿਓ,” ਉਹ ਹਰ ਵਾਰ ਕਹਿੰਦਾ। ਉਸਦੇ ਮਨ ਵਿੱਚ ਇੱਕੋ ਡਰ ਵੱਸਦਾ ਸੀ, ਕਿਤੇ ਕੋਈ ਨਕਲੀ ਨੋਟ ਨਾ ਫੜਾ ਦੇਵੇ। ਉਹ ਸ਼ੱਕੀ ਤਾਂ ਹੋ ਗਿਆ ਪਰ ਕਿਸੇ ਨਵੇਂ ਧੋਖੇ ਨੂੰ ਆਪਣੀ ਰੂਹ ਤੱਕ ਨਹੀਂ ਉਤਰਣ ਦਿੰਦਾ ਸੀ। ਧੋਖੇ ਹੁਣ ਉਸ ਲਈ ਅਚਾਨਕ ਡਿੱਗਦੇ ਪੱਥਰ ਨਹੀਂ ਰਹੇ ਸਨ, ਸਗੋਂ ਸ਼ਾਮ ਢਲਦੇ ਲੰਮੇ ਹੁੰਦੇ ਸਾਏ ਬਣ ਗਏ ਸਨ, ਹਰ ਨਵੇਂ ਝਟਕੇ ਨਾਲ ਉਸਦੇ ਅੰਦਰ ਕੁਝ ਟੁੱਟਦਾ ਨਹੀਂ ਸੀ, ਸਿਰਫ਼ ਹੋਰ ਸੁੰਨ ਹੋ ਜਾਂਦਾ ਸੀ। ਜਿਵੇਂ ਰੂਹ ਨੇ ਦਰਦ ਨਾਲ ਸਮਝੌਤਾ ਕਰ ਲਿਆ ਹੋਵੇ। ਮਿੱਟੀ ਇੰਨੀ ਵਾਰ ਭਿੱਜੀ ਸੀ ਕਿ ਹੁਣ ਮੀਂਹ ਉਸਨੂੰ ਡਰਾਉਂਦਾ ਨਹੀਂ ਸੀ, ਉਹ ਸਿਰਫ਼ ਚੁੱਪਚਾਪ ਪਾਣੀ ਸੋਖ ਲੈਂਦਾ ਸੀ। ਕਿਸਮਤ ਨੇ ਉਸ ਲਈ ਇੱਕ ਹੋਰ ਧੋਖਾ ਸੰਭਾਲ ਰੱਖਿਆ ਸੀ, ਇਸ ਵਿੱਚ ਨਾਨਕਿਆਂ ਦਾ ਵੀ ਹੱਥ ਸੀ। ਇਸ ਵਾਰ ਗਿਰੇ ਸਿੱਕੇ ਦੀ ਆਵਾਜ਼ ਵੀ ਨਹੀਂ ਆਈ। ਸ਼ਾਇਦ ਸਿੱਕਾ ਹਲਕਾ ਸੀ, ਜਾਂ ਫਿਰ ਕੰਨਾਂ ਨੇ ਝਟਕਿਆਂ ਨਾਲ ਜੀਣਾ ਸਿੱਖ ਲਿਆ ਸੀ। ਫਿਰ ਵੀ ਬਲਜੀਤ ਦੇ ਅੰਦਰ ਇੱਕ ਸੁੱਕਾ ਕੰਡਾ ਚੁਭਦਾ ਸੀ, ਮੰਮੀ ਦੀਆਂ ਸੋਨੇ ਦੀਆਂ ਵੰਗਾਂ ਵਿਕ ਗਈਆਂ। ਉਹ ਵੰਗਾਂ ਸਿਰਫ਼ ਗਹਿਣੇ ਨਹੀਂ ਸਨ; ਘਰ ਦੀ ਇੱਜ਼ਤ, ਮਾਂ ਦੇ ਚੁੱਪ ਤਿਆਗ ਅਤੇ ਬਚੇ-ਖੁੱਚੇ ਵਿਸ਼ਵਾਸ ਦਾ ਆਖ਼ਰੀ ਘੇਰਾ ਸਨ।ਸੋਨੇ ਦਾ ਖ਼ਿਆਲ ਆਉਂਦਿਆਂ ਉਸਨੂੰ ਅਜਿਹਾ ਲੱਗਦਾ, ਜਿਵੇਂ ਉਸਦੇ ਹੱਥ ਸਿਰਫ਼ ਸਵਾਹ ਵਿੱਚ ਨਹੀਂ, ਅਜੇ ਵੀ ਹੌਲੀ ਹੌਲੀ ਧੁੱਖਦੇ ਕੋਲਿਆਂ ਵਿੱਚ ਦੱਬੇ ਹੋਣ। ਉੱਪਰੋਂ ਸਭ ਕੁਝ ਠੰਢਾ ਦਿੱਸਦਾ ਸੀ, ਪਰ ਅੰਦਰ ਅੱਗ ਅਜੇ ਮਰੀ ਨਹੀਂ ਸੀ। ਓਹਨੂੰ ਮੂਰਖ ਬਣਾਉਣਾ ਤੇ ਲੁੱਟਣਾ ਸ਼ਾਇਦ ਬਹੁਤ ਔਖਾ ਨਹੀਂ ਸੀ, ਸ਼ਾਇਦ ਇਸੇ ਕਰਕੇ ਉਹਦੇ ਮੰਮੀ-ਪਾਪਾ ਉਸਨੂੰ ‘ਉਜਾੜੂ ਕਬੂਤਰ’ ਕਹਿੰਦੇ ਸਨ। ਓਹਨੂੰ ਖੁਦ ਨੂੰ ਵੀ ਮਹਿਸੂਸ ਹੋਣ ਲੱਗ ਪਿਆ ਕੇ ਉਹ ਦਰਿਆ ਦੇ ਰਾਹ ਵਿੱਚ ਇੱਕ ਪੱਥਰ ਸੀ, ਜਿਹੜਾ ਨਾ ਆਪ ਚੱਲਦਾ, ਨਾ ਪਾਣੀ ਨੂੰ ਰਾਹ ਦੇਂਦਾ, ਬੱਸ ਵਹਾਅ ਨੂੰ ਰੋਕ ਕੇ ਖੜ੍ਹਾ ਰਹਿੰਦਾ ਸੀ। ਫਾਰਮੇਸੀ ਦੀ ਡਿਗਰੀ, ਪੰਜਾਬ ਸਟੇਟ ਫਾਰਮੇਸੀ ਕੌਂਸਲ ਨਾਲ ਰਜਿਸਟਰੀ ਅਤੇ ਰੀਟੇਲ ਡਰੱਗ ਲਸੰਸ, ਇਹ ਸਭ ਕੁੱਝ ਛੇ ਲੱਖ ਰੁਪਏ ਵਿੱਚ ਮਿਲਣ ਵਾਲਾ ਸੀ। ਰਕਮ ਘੱਟ ਨਹੀਂ ਸੀ? ਲੱਕੜ ਸਸਤੀ ਮਿਲ ਰਹੀ ਸੀ, ਸਵਾਲ ਇਹ ਨਹੀਂ ਸੀ ਕਿ ਰੇਟ ਘੱਟ ਕਿਉਂ ਹੈ, ਸਵਾਲ ਇਹ ਸੀ ਕਿ ਕਿਤੇ ਅੰਦਰੋਂ ਖੋਕਲੀ ਤਾਂ ਨਹੀਂ। ਸੋਹਣ ਨਾਨਕੇ ਪਿੰਡ ਦਾ ਮਾਮੇ ਦਾ ‘ਖਾਸ’ ਦੋਸਤ ਸੀ। ਬਲਜੀਤ ਨੂੰ ਉਹ ਵੈਸੇ ਵੀ ਚਿੱਟੀ ਪੱਗ ਤੇ ਚਿੱਟੇ ਕੁੜਤੇ-ਪਜਾਮੇ ਵਿੱਚ ਬਹਿਸ਼ਤੋਂ ਉਤਰੇ ਫ਼ਰਿਸ਼ਤੇ ਵਰਗਾ ਜਾਪਦਾ ਸੀ। ਅਮਰੀਕਾ ਤੋਂ ਆਏ ਦੋਸਤ, ਸਰਪੰਚਾਂ ਦੇ ਬਿਕਰਮ, ਦੀ ਦਿੱਤੀ ਜੀਨ ਤੇ ਟੀ-ਸ਼ਰਟ ਪਹਿਨਣ ਵਾਲਾ ਭੋਲਾ-ਭਾਲਾ ਬਲਜੀਤ ਤਾਂ ਚਿੱਟ-ਕੱਪੜੀਏ ਨੂੰ ਦੇਖਦਿਆਂ ਹੀ ਉਸਦੀ ਨੇਕੀ ਦਾ ਕਾਇਲ ਹੋ ਜਾਂਦਾ ਸੀ। ਉਸਨੂੰ ਸ਼ਾਇਦ ਇਹ ਨਹੀ ਪਤਾ ਸੀ ਕਿ ਕਈ ਵਾਰ ਸਭ ਤੋਂ ਚਿੱਟੇ ਕੱਪੜਿਆਂ ਤੇ ਸਭ ਤੋਂ ਗੂੜ੍ਹੇ ਦਾਗ਼ ਲੱਗੇ ਹੁੰਦੇ ਹਨ। ਸੋਹਣ ਨੂੰ ਪੈਸੇ ਦੇਣ ਵੇਲੇ ਬਲਜੀਤ ਦੀ ਨਜ਼ਰ ਵਿੱਚ ਸਿਰਫ ਕੈਮਿਸਟ ਦੀ ਦੁਕਾਨ ਦਾ ਮੁਨਾਫ਼ਾ ਹੀ ਚਮਕਦਾ ਸੀ। ਸੋਹਣ ਦੇ ਆਖਰੀ ਸ਼ਬਦਾਂ ਨਾਲ ਸੋਨੇ ਦੇ ਦਰਿਆ ਦੀ ਚਮਕ ਹੋਰ ਵੀ ਤੇਜ਼ ਹੋ ਗਈ ਸੀ। “ਨੌਜਵਾਨਾਂ ਦੀ ਪਸੰਦ ਵਾਲੀ ‘ਡਰੱਗ ਵੀ ‘ਕੈਮਿਸਟ’ ਦੀ ਦੁਕਾਨ ਤੋਂ ਹੀ ਮਿਲਦੀ ਆ, ਬੱਸ ਪੁਲਸ ਨੂੰ ਹਫਤਾ ਮਿਲਦਾ ਰਹੇ।” ਛੇ ਮਹੀਨੇ ਬਾਅਦ ਨਾ ਸੋਹਣ ਨਜ਼ਰ ਆਇਆ, ਨਾ ਮਾਮੇ ਦੀ ਜ਼ਬਾਨ ‘ਖਾਸ’ ਦੋਸਤੀ ਦਾ ਵਾਅਦਾ ਦੁਹਰਾਉਂਦੀ ਸੀ। ਜੋ ਕੱਲ੍ਹ ਤੱਕ ਮਾਮੇ ਦਾ ‘ਭਰੋਸੇਯੋਗ’ ਸੀ, ਉਹ ਅੱਜ ਸਿਰਫ਼ ਇੱਕ ਗਲਤੀ ਵਾਂਗ ਲੱਗ ਰਿਹਾ ਸੀ, ਜਿਵੇਂ ਇਹ ਸ਼ਬਦ ਵੀ ਹਾਲਾਤਾਂ ਨਾਲ ਬਦਲ ਜਾਂਦੇ ਹੋਣ। “ਉਹ ਪਿੰਡ ਦਾ ਬੰਦਾ ਆ, ਕਦੇ-ਕਦੇ ਮਿਲ ਜਾਂਦਾ, ਪਰ ਰਹਿੰਦਾ ਕਿਸੇ ਸ਼ਹਿਰ ਵਿੱਚ ਸੀ,” ਸੰਤਾ ਮਾਮਾ ਹਰ ਵਾਰ ਨਵੀਂ ਗੱਲ ਜੋੜ ਦਿੰਦਾ। ਸੋਹਣ ਬਾਰੇ ਉਸਦੀ ਕਹਾਣੀ ਹਰ ਮਹੀਨੇ ਰੰਗ ਬਦਲ ਲੈਂਦੀ ਸੀ। ਮਾਮੇ ਦੇ ਸ਼ਬਦਾਂ ਤੋਂ ਲੱਗਦਾ ਕਿਤਾਬ ਆਪਣੇ ਆਪ ਹੀ ਸਫ਼ਾ ਬਦਲ ਲੈਂਦੀ ਹੋਵੇ, ਕਹਾਣੀ ਹੀ ਨਹੀਂ, ਹਕੀਕਤ ਵੀ ਨਵੀਂ ਲੱਗਣ ਲੱਗ ਪੈਂਦੀ ਸੀ। ਲੱਗਦਾ ਸੀ ਹੁਣ ਕਮਲ ਦੀਆਂ ਵੰਗਾਂ ਦੇ ਨਾਲ ਭੈਣ-ਭਰਾ ਦਾ ਰਿਸ਼ਤਾ ਵੀ ਪੱਤਝੜ ਦੇ ਪੱਤਿਆਂ ਵਾਂਗ ਹਵਾ ਵਿੱਚ ਵਿਖਰ ਗਿਆ ਸੀ। ਪੁਲਿਸ ਕੋਲ ਰਿਪੋਰਟ ਦਰਜ ਕਰਵਾਉਣ ਲਈ ਕਮਲ ਦਾ ਹਾਰ ਵੀ ਵੇਚਣਾ ਪੈਣਾ ਸੀ। ਮਾਨ ਪਰਿਵਾਰ ਪਹਿਲਾਂ ਵੀ ਧੋਖਿਆਂ ਦੇ ਹੱਥ ਆ ਚੁੱਕਾ ਸੀ। ਪਰਿਵਾਰ ਨੇ ਹਰ ਵਾਰ ਹੋਰ ਚੰਗੀ ਜ਼ਿੰਦਗੀ ਦੇ ਸਪਨੇ ਲਏ, ਪਰ ਅੰਤ ਚ ਲੁਟੇ ਗਏI ਪਹਿਲੀ ਵਾਰ ਕੈਨੇਡਾ ਜਾਣ ਦੀ ਖਾਹਿਸ਼ ਨੇ ਉਹਨਾਂ ਦੀਆਂ ਅੱਖਾਂ ਤੇ ਪੱਟੀ ਬੰਨੀ ਸੀ। ਸੂਬੇਦਾਰਾਂ ਦਾ ਟੋਨੀ ਕੋਠੀ ਬਣਾਉਣ ਪਿੰਡ ਆਇਆ ਹੋਇਆ ਸੀ। ਉਸ ਦੀਆਂ ਗੱਲਾਂ ਨੇ ਹੀ ਕੈਨੇਡਾ ਦੇ ਸਪਨਿਆਂ ਦੇ ਬੀਜ ਬੀਜੇ ਸਨ। “ਚਾਚੀ, ਟੋਰੰਟੋ ਵਿੱਚ ਤਾਂ ਕੰਮਾਂ ਵਾਲੇ ਵਾਜਾਂ ਮਾਰਦੇ ਆ,” ਟੋਨੀ ਨੇ ਬਲਜੀਤ ਦੀ ਮੰਮੀ, ਕਮਲ, ਕੋਲੋਂ ਅੰਡੇ ਫੜਦਿਆਂ ਕਿਹਾ। ਪਰਿਵਾਰ ਮੇਹਨਤੀ ਸੀ, ਖੇਤੀਬਾੜੀ ਦੇ ਨਾਲ ਘਰੋਂ ਦੁੱਧ ਤੇ ਅੰਡੇ ਵੀ ਵੇਚਦੇ ਸਨ। ਟੋਨੀ ‘ਵਰਕ ਪਰਮਿਟ’ ਦੀਆਂ ਗੱਲਾਂ ਅਜਿਹੇ ਭਰੋਸੇ ਨਾਲ ਕਰਦਾ ਸੀ, ਜਿਵੇਂ ਇਮੀਗਰੇਸ਼ਨ ਦੇ ਹਰ ਬੰਦ ਦਰਵਾਜ਼ੇ ਦੀ ਚਾਬੀ ਉਸਦੀ ਜੇਬ ਵਿੱਚ ਪਈ ਹੋਵੇ। ਉਸਦੀਆਂ ਗੱਲਾਂ ਸੁੱਕੀ ਧਰਤੀ ਉੱਤੇ ਪਏ ਪਹਿਲੇ ਮੀਂਹ ਵਰਗੀਆਂ ਸਨ, ਜਿਨ੍ਹਾਂ ਵਿੱਚ ਸਚਾਈ ਭਾਵੇਂ ਘੱਟ ਸੀ, ਪਰ ਖੁਸ਼ਬੂ ਇੰਨੀ ਸੀ ਕਿ ਮਾਨ ਪਰਿਵਾਰ ਇਸਨੂੰ ਮਿੱਟੀ ਨਹੀਂ, ਆਪਣੇ ਨਸੀਬ ਭਿੱਜਦੇ ਮਹਿਸੂਸ ਕਰ ਰਿਹਾ ਸੀ। ਹਰ ਕਹਾਣੀ ਵਿੱਚ ਕਿਤੇ ਨਾ ਕਿਤੇ ਬਲਜੀਤ ਦੀ ਪੜ੍ਹਾਈ ਵਿੱਚ ‘ਪਲੱਸ ਟੂ’ ਨਾ ਹੋਣ ਦਾ ਮੋੜ ਆਉਂਦਾ। ਟੋਨੀ ਨੇ ਵੀ ਵਿਸ਼ਾ ਛੇੜ ਹੀ ਦਿੱਤਾ “ਚਾਚੀ, ਜੇ ਬਲਜੀਤ ਨੇ ‘ਪਲੱਸ ਟੂ’ ਕੀਤੀ ਹੁੰਦੀ, ਤਾਂ ਕੈਨੇਡਾ ਵਿੱਚ ‘ਇੰਟਰਨੈਸ਼ਨਲ ਸਟੂਡੈਂਟ’ ਬਣ ਕੇ ਜਾਣਾ ਬਹੁਤ ਅਸਾਨ ਹੁੰਦਾ।” ਨੱਕੋ-ਨੱਕੀ ਭਰੇ ਡੈਮ ਵਾਂਗ ਕਮਲ ਦੇ ਗੁੱਸੇ ਦਾ ਦਰਵਾਜ਼ਾ ਖੁੱਲ ਗਿਆ, ਟੋਨੀ ਦੇ ਸਕੂਟਰ ਤੋਰਦਿਆਂ ਉਸਨੇ ਭੜਾਸ ਕੱਢ ਹੀ ਦਿੱਤੀ, “ਏਨੇ ਤਾਂ ਸਕੂਟਰ ਤੋਂ ਲੱਤ ਥੱਲੇ ਨਹੀਂ ਕੀਤੀ ਤੇ ਕਿਤਾਬ ਨੂੰ ਨਿਗ੍ਹਾ ਨਹੀਂ ਮਾਰੀ।” ਅਕਸਰ ਉਹ ਇਹ ਵੀ ਕਹਿੰਦੀ, “‘ਪਲੱਸ ਵੰਨ’ ਵੀ ਇਹ ਕਹਿੰਦਾ ਆ, ਸਰਟੀਫਿਕੇਟ ਤਾਂ ਦੇਖਿਆ ਨਹੀਂ।” ਉਸੇ ਸ਼ਾਮ, ਬਲਜੀਤ ਦੇ ਪਾਪਾ ਨਿਰਮਲ ਸਿੰਘ ਲੰਬੜਾਂ ਦੇ ਅਮਰੀਕ ਦੀ ਕੈਨੇਡਾ ਵਾਲੀ ਟਰੱਕਿੰਗ ਕੰਪਨੀ ਦੇ ਕਿਸੇ ਡਰਾਈਵਰ ਵਲੋਂ ਪੇਸ਼ ਕੀਤੇ ਇੱਕ ਹੋਰ ਸੁਪਨੇ ਨਾਲ ਘਰ ਪਹੁੰਚੇ। “ਆ ਗੱਲ ਮੇਰੇ ਮਨ ਨੂੰ ਲੱਗਦੀ ਆ,” ਉਸਨੇ ਖੁਸ਼ੀ ਭਰੇ ਚਿਹਰੇ ਨਾਲ ਕਮਲ ਨੂੰ ਕਿਹਾ। ਬਲਜੀਤ ਵੱਲ ਮੂੰਹ ਕਰਕੇ ਬੋਲਣਾ ਨਿਰਮਲ ਸਿੰਘ ਘਾਟੇ ਦਾ ਸੌਦਾ ਸਮਝਦਾ ਸੀ। “ਬਿੱਜਲੀ ਚਲੀ ਗਈ ਸੀ, ਤੂੰ ਮੋਟਰਾਂ ਚੈੱਕ ਕਰ, ਕਈ ਵਾਰ ਆਟੋ ਓਨ ਨਹੀਂ ਹੁੰਦਾ,” ਉਸਨੇ ਹੁਕਮ ਦਿੱਤਾ। ਬਲਜੀਤ ਲਈ ਨਿਰਮਲ ਸਿੰਘ ਦੇ ਹੁਕਮ ਦਾ ਮਤਲਬ ਸੀ ਕੇ ਉਹ ਗੱਲਬਾਤ ਨਾਂ ਸੁਣੇ। ਬਾਅਦ ਵਿੱਚ ਕਮਲ ਨੇ ਉਸਨੂੰ ਦੱਸਿਆ, “ਤੇਰੇ ਪਾਪਾ ਲੰਬੜਾਂ ਦੇ ਅਮਰੀਕ ਨਾਲ ਓਹਦੇ ਡਰਾਈਵਰ ਪ੍ਰੀਤਮ ਕੋਲ ਗਏ ਸਨ। ਉਨ੍ਹਾਂ ਨੇ ਤੈਨੂੰ ਕੈਨੇਡਾ ਲੈ ਜਾਣ ਲਈ ਨਵੇਂ ਰਸਤੇ ਦੀ ਗੱਲ ਕੀਤੀ ਆ।” ਅਮਰੀਕ ਪਹਿਲਾਂ ਹਰ ਸਾਲ ਪਿੰਡ ਆ ਕੇ ਕਬੱਡੀ ਦਾ ਟੂਰਨਮੈਂਟ ਕਰਵਾਉਂਦਾ ਸੀ। ਫਿਰ ਕਦੇ ਆਉਣ ਦੇ ਵਿਚਕਾਰ ਸਾਲਾਂ ਦੀ ਖਾਮੋਸ਼ੀ ਪੈ ਗਈ, ਪੰਜ ਸਾਲ ਤੱਕ ਉਸਦਾ ਨਾਂ ਵੀ ਸੁਣਨ ਨੂੰ ਨਾ ਮਿਲਿਆ। ਹੁਣ ਉਹ ਮੁੜ ਹਰ ਸਾਲ ਆਉਣ ਲੱਗ ਪਿਆ ਸੀ। ਉਸਦੇ ਪੈਸੇ ਨਾਲ ਪਿੰਡ ਵਿੱਚ ਸੀਵਰ ਪਾਇਆ ਗਿਆ, ਤੇ ਕੁੜੀਆਂ ਦੇ ਸਕੂਲ ਦੀਆਂ ਛੱਤਾਂ ਵੀ ਪੱਕੀਆਂ ਹੋਈਆਂ ਸਨI ਨਿਰਮਲ ਸਿੰਘ ਹੁਣ ਹਰ ਗੱਲ ਵਿੱਚ ਪ੍ਰੀਤਮ ਨਾਲ ਅਮਰੀਕ ਦੀਆਂ ਸਿਫਤਾਂ ਦੇ ਪੁੱਲ ਵੀ ਬੰਨਣ ਲੱਗ ਪਿਆ ਸੀ। ਬਲਜੀਤ ਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ, “ਪਾਪਾ, ਮਾਸਟਰਾਂ ਦੇ ਸੀਟੂ ਤੇ ਨੌਜਵਾਨ ਕਲੱਬ ਵਾਲੇ ਮੁੰਡੇ ਕਹਿੰਦੇ ਨੇ ਕਿ ਅਮਰੀਕ ਕੈਨੇਡਾ ਤੋਂ ਡਰੱਗ ਲੈ ਜਾਂਦਾ ਫੜਿਆ ਗਿਆ ਸੀ। ਅਮਰੀਕਾ ਵਿੱਚ ਚਾਰ ਸਾਲ ਜੇਲ ਵੀ ਕੱਟੀ। ਇਹ ਗੱਲਾਂ ਉਹਨਾਂ ਨੇ ‘ਇੰਟਰਨੈਟ’ ਤੇ ਪੜੀਆਂ ਸਨ।” ਪਰ ਨਿਰਮਲ ਉੱਤੇ ਇਸ ਖ਼ਬਰ ਦਾ ਕੋਈ ਅਸਰ ਨਾ ਹੋਇਆ। ਉਸਨੇ ਆਪਣੇ ਆਲੇ-ਦੁਆਲੇ ਇੱਕ ਅਜਿਹਾ ਨਕਸ਼ਾ ਖਿੱਚ ਲਿਆ ਸੀ, ਜਿਸਦੇ ਅੰਦਰ ਸਿਰਫ਼ ਉਹੀ ਰਾਹ ਸਨ ਜਿਹੜੇ ਉਸਦੀ ਉਮੀਦ ਵੱਲ ਜਾਂਦੇ ਸਨ। ਬਾਕੀ ਹਰ ਸੱਚ ਉਸ ਨਕਸ਼ੇ ਤੋਂ ਬਾਹਰ ਦੀ ਧੁੰਦ ਬਣ ਚੁੱਕਾ ਸੀ। “ਭਾਵੇਂ ਅਮਰੀਕ ਮੁੱਛ-ਦਾੜੀ ਨੂੰ ਕੈਂਚੀ ਲਾਉਂਦਾ ਆ, ਪਰ ਮੈਂ ਉਹਨੂੰ ਪੱਗ ਤੋਂ ਬਿਨ੍ਹਾਂ ਘਰੋਂ ਨਿਕਲਦਾ ਨਹੀਂ ਦੇਖਿਆ। ਪਿੰਡ ਲਈ ਕਿੰਨਾ ਕੰਮ ਕਰਦਾ ਆ। ਆਪਣੇ ਤੋਂ ਵੱਡੇ ਦੇ ਪੈਰੀਂ ਹੱਥ ਲਾਉਂਦਾ ਆ। ਤੂੰ ਸੀਟੂ ਤੇ ਕਲੱਬ ਵਾਲਿਆਂ ਦੀ ਗੱਲ ਕਰਦਾ ਐਂ? ਜਿਹੜੇ ਕਹਿੰਦੇ ਨੇ ਕਿ ਕੋਈ ਰੱਬ ਨਹੀਂ, ਇਹ ਸਾਰੇ ਪਾਖੰਡੀ ਸੰਤ ਕਬੀਰ ਤੇ ਗੁਰ ਨਾਨਕ ਦੇ ਨਾਂ ਤੇ ਸੈਮੀਨਾਰ ਕਰਦੇ ਫਿਰਦੇ ਨੇ!” ਨਿਰਮਲ ਦੀ ਆਵਾਜ਼ ਵਿੱਚ ਗੁੱਸਾ ਘੱਟ ਡਰ ਵੱਧ ਸੀ, ਉਹ ਡਰ ਜੋ ਮਨੁੱਖ ਨੂੰ ਉਸ ਸੱਚ ਤੋਂ ਹੁੰਦਾ ਹੈ, ਜਿਹੜਾ ਉਸਦੇ ਬਣਾਏ ਹੋਏ ਸੁਪਨਿਆਂ ਦੀ ਛੱਤ ਢਾਹ ਸਕਦਾ ਹੋਵੇ। “ਲੈਕਚਰ ਬੰਦ ਕਰ। ਜਾ ਕੇ ਪਸ਼ੂਆਂ ਨੂੰ ਪੱਠੇ ਪਾ ਤੇ ਪਹਿਲਾਂ ਪਾਣੀ ਪਿਲਾ ਦਈਂ,” ਨਿਰਮਲ ਨੇ ਜ਼ੋਰ ਨਾਲ ਕਿਹਾ। ਇਹ ਹੁਕਮ ਗੱਲ ਨੂੰ ਅੱਗੇ ਵਧਣੋਂ ਰੋਕਣ ਲਈ ਸੀ। ਅਗਲੇ ਦਿਨ ਅਮਰੀਕ ਅਤੇ ਪ੍ਰੀਤਮ ਬਲਜੀਤ ਦੇ ਮਾਪਿਆਂ ਨਾਲ ਬੈਠੇ ਸਨ। ਬਲਜੀਤ ਨੂੰ ਵੀ ਬੈਠਣ ਦੀ ਇਜਾਜ਼ਤ ਸੀ, ਪਰ ਇਸ ਸ਼ਰਤ ਨਾਲ ਕਿ ਉਹ ਚੁੱਪ ਰਹੇ, ਮਾਪਿਆਂ ਦਾ ਐਸਾ ਹੁਕਮ ਜੋ ਇਸ ਘਰ ਵਿੱਚ ਰਹਿਣ ਲਈ ਅਦਾ ਕਰਨਾ ਹੀ ਪੈਣਾ ਸੀ। “ਚਾਚਾ, ਮੈਂ ਤਾਂ ‘ਬੀ ਏ’ ਕਰ ਕੇ ਗਿਆ ਸੀ, ਪਰ ਪ੍ਰੀਤਮ ਤਾਂ ਪੰਜਵੀਂ ਪਾਸ ਹੈ। ਇਨ੍ਹਾਂ ਦੀ ਚੱਕ ਵਾਲੀ ਕੋਠੀ ਵੇਖ ਕੇ ਹੀ ਸਮਝ ਆ ਜਾਊ ਕਿ ਕੈਨੇਡਾ ਕੀ ਚੀਜ਼ ਆ,” ਅਮਰੀਕ ਨੇ ਚਾਹ ਦਾ ਘੁੱਟ ਲੈਂਦਿਆਂ ਕਿਹਾ। “‘ਇੰਟਰਨੈਸ਼ਨਲ ਸਟੂਡੈਂਟ’ ਅੱਜਕੱਲ੍ਹ ਛੇਤੀ ‘ਪੀ ਆਰ’ ਬਣ ਜਾਂਦੇ ਨੇ। ਪ੍ਰੀਤਮ ਦੇ ਘਰਾਂ ਚੋਂ ਭਤੀਜੀ ਨੇ ‘ਪਲੱਸ ਟੂ’ ਨਾਲ ਸੱਤ ‘ਬੈਂਡ’ ਲੈ ਕੇ ਕੈਨੇਡਾ ਦੇ ਕਾਲਜ ਵਿੱਚ ਦਾਖਲਾ ਵੀ ਲੈ ਲਿਆ ਆ। ਹੁਣ ਪੇਪਰ ਤਿਆਰ ਨੇ, ‘ਵੀਜ਼ਾ’ ਲੱਗਣ ਵਿੱਚ ਕੋਈ ਰੁਕਾਵਟ ਨਹੀਂ,” ਅਮਰੀਕ ਨੇ ਯਕੀਨ ਨਾਲ ਕਿਹਾ। ਅਮਰੀਕ ਦੇ ਅੰਗਰੇਜ਼ੀ ਸ਼ਬਦ ਨਿਰਮਲ ਤੇ ਕਮਲ ਦੇ ਮਨ ਵਿੱਚ ਇਹ ਭਰਮ ਪੈਦਾ ਕਰ ਰਹੇ ਸਨ ਕਿ ਕੈਨੇਡਾ ਹੁਣ ਦੂਰ ਨਹੀਂ, ਜਿਵੇਂ ਸਿਰਫ਼ ਕੁਝ ਸ਼ਬਦਾਂ ਦੀ ਹੀ ਦੂਰੀ ਰਹਿ ਗਈ ਹੋਵੇ। ਉਹ ਅਮਰੀਕ ਦੀਆਂ ਗੱਲਾਂ ਇਸ ਤਰ੍ਹਾਂ ਸੁਣ ਰਹੇ ਸਨ, ਜਿਵੇਂ ਕਿਸੇ ਸਾਧੂ ਮਹਾਰਾਜ ਦਾ ਉਪਦੇਸ਼ ਹੋਵੇ, ਸਵਾਲ ਪੁੱਛਣ ਦੀ ਗੁੰਜਾਇਸ਼ ਬਿਨ੍ਹਾਂ। “ਜਿਸ ਸਟੂਡੈਂਟ ਨੂੰ ਵੀਜ਼ਾ ਮਿਲ ਜਾਵੇ, ਉਸਦੀ ‘ਪੀ ਆਰ’ ਪੱਕੀ ਸਮਝੋ। ਫਿਰ ਰਿਸ਼ਤੇ ਆਪਣੇ ਆਪ ਆਉਣ ਲੱਗ ਪੈਂਦੇ ਨੇ। ਜੇ ਪੱਕੇ ਹੋ ਕੇ ਵਾਪਸ ਆਉਣ ਤਾਂ ਨਿਗਾਹ ਪ੍ਰੋਫੈਸਰ ਜਾਂ ਡਾਕਟਰ ਤੋਂ ਥੱਲੇ ਨਹੀਂ ਜਾਂਦੀ। ਪਰ ਜਾਣ ਵੇਲੇ, ਪੈਸੇ ਦੀ ਲੋੜ ਕਰਕੇ ਆਪਣੇ ਵਰਗਿਆਂ ਨਾਲ ਹੀ ਨਾਤਾ ਜੋੜ ਲੈਂਦੇ ਨੇ,” ਅਮਰੀਕ ਨੇ ਇਨ੍ਹਾਂ ਸ਼ਬਦਾਂ ਨੂੰ ਧੀਰੇ-ਧੀਰੇ ਮੂੰਹੋਂ ਕੱਢਿਆ, ਜਿਵੇਂ ਹਰ ਸ਼ਬਦ ਨੂੰ ਹੋਲੀ-ਹੋਲੀ ਜ਼ਮੀਨ ਤੇ ਲਿਆ ਰਹੇ ਹੋਵੇ। ਉਹ ਗੱਲ ਨੂੰ ਇਸ ਤਰ੍ਹਾਂ ਘੁੰਮਾ ਰਿਹਾ ਸੀ ਜਿਵੇਂ ਦਰਿਆ ਦਾ ਰੁਖ ਮੁੜ ਰਿਹਾ ਹੋਵੇ। “ਇਸ ਵੇਲੇ ਅਨੀਤਾ ਨੂੰ ਪੜ੍ਹਾਈ ਲਈ ਪੈਸਿਆਂ ਤੋਂ ਬਿਨ੍ਹਾਂ ਹੋਰ ਕੁਝ ਨਹੀਂ ਚਾਹੀਦਾ। ਵਿਆਹ ਹੋ ਜਾਵੇ ਤਾਂ ਉਹ ਬਲਜੀਤ ਨੂੰ ਉੱਥੇ ਸੱਦ ਲਵੇਗੀ,” ਅਮਰੀਕ ਨੇ ਪਹਿਲੀ ਵਾਰ ਬਲਜੀਤ ਵੱਲ ਸਿੱਧਾ ਦੇਖਦਿਆਂ ਕਿਹਾ। “ਫਿਰ ਤੁਸੀਂ ਵੀ ‘ਸੁਪਰ ਵੀਜ਼ੇ’ ਤੇ ਕੈਨੇਡਾ ਆ ਜਾਵੋਗੇ, ਕੰਮ ਵੀ ਮਿਲ ਜਾਊਗਾ।” ਆਖਰੀ ਲਫ਼ਜ਼ ਸੁਣਦਿਆਂ ਹੀ ਨਿਰਮਲ ਨੇ ਆਪਣੇ ਆਪ ਨੂੰ ਕੈਨੇਡਾ ਦਾ ਨਾਗਰਿਕ ਮਹਿਸੂਸ ਕੀਤਾ। “ਰਿਸ਼ਤਿਆਂ ਵਾਲੇ ਤਾਂ ‘ਬੈਗ’ ਭਰ ਕੇ ਲਾਈਨਾਂ ਵਿੱਚ ਖੜੇ ਨੇ। ਮੈਂ ਇਹਨੂੰ ਕਿਹਾ ਰਿਸ਼ਤਾ ਖਾਨਦਾਨੀ ਪਰਿਵਾਰ ਵਿੱਚ ਹੀ ਕਰੋ,” ਇਸ ਵਾਰ ਅਮਰੀਕ ਦੀ ਨਿਗਾਹ ਥੋੜੀ ਜਹੀ ਪ੍ਰੀਤਮ ਵੱਲ ਸਰਕੀ। ਹੁਣ ਗੱਲ ਸਿਰਫ ਪੈਸਿਆਂ, ਵਿਆਹ ਦੀ ਤਰੀਕ ਅਤੇ ਬਲਜੀਤ ਦੇ ਕੈਨੇਡਾ ਜਾਣ ਦੀ ਤਰੀਖ ਤੱਕ ਆ ਟਿਕੀ ਸੀ। ਨਿਰਮਲ ਤੇ ਕਮਲ ਦੇ ਚਿਹਰਿਆਂ ਤੇ ਸਹਿਮਤੀ ਪਹਿਲਾਂ ਹੀ ਲਿਖੀ ਹੋਈ ਸੀ। “ਕਿੰਨੇ ਕੂ ਪੈਸਿਆਂ ਦੀ ਗੱਲ ਆ?” ਨਿਰਮਲ ਨੇ ਅਮਰੀਕ ਵੱਲ ਡੂੰਘੀ ਨਜ਼ਰ ਨਾਲ ਵੇਖਦਿਆਂ ਪੁੱਛਿਆ। “ਬਲਜੀਤ ਤੇ ਅਨੀਤਾ ਦੇ ਸਾਂਝੇ ‘ਅਕਾਊਂਟ’ ਵਿੱਚ ਵਿਆਹ ਦਾ ਖਰਚਾ ਪਾ ਦਿਓ, ਕੁੱਲ ਮਿਲਾ ਕੇ ਅੱਸੀ ਕੁ ਲੱਖ ਬਣਦੇ ਨੇ। ਇਸ ਨਾਲ ਤੁਸੀਂ ਤਿੰਨ, ਸੱਤੀ ਭੈਣ ਤੇ ਜ਼ੀਜ਼ਾ ਜੀ, ਸਭ ਦਾ ਕੈਨੇਡਾ ਪਹੁੰਚਣਾ ਪੱਕਾ,” ਅਮਰੀਕ ਨੇ ਪਰਿਵਾਰ ਦੇ ਕੈਨੇਡਾ ਜਾਣ ਵਾਲੇ ਮੈਂਬਰਾਂ ਨੂੰ ਧੀਰੇ-ਧੀਰੇ ਗਿਣਿਆ। ਪੰਜ ਮੈਂਬਰਾਂ ਲਈ, ਅੱਸੀ ਲੱਖ ਸੋਲਾਂ-ਸੋਲਾਂ ਲੱਖ ਵਰਗਾ ਮਹਿਸੂਸ ਹੁੰਦਾ ਸੀ। ਰਕਮ ਭਾਰੀ ਸੀ, ਪਰ ਅਮਰੀਕ ਨੇ ਗੱਲ ਅਜਿਹੀ ਘੁਮਾਈ ਕਿ ਅੱਸੀ ਲੱਖ ਵੀ ਹੌਲੇ ਲੱਗਣ ਲੱਗ ਪਏ, ਜਿਵੇਂ ਨੋਟ ਨਹੀਂ, ਸੁਪਨੇ ਗਿਣੇ ਜਾ ਰਹੇ ਹੋਣ। ਧਨੌਲੇ ਪਸ਼ੂਆਂ ਦੀ ਮੰਡੀ ਵਾਂਗ, ਅਖੀਰ ਸਮਝੌਤਾ ਸੱਤਰ ਲੱਖ ਵਿੱਚ ਹੋਇਆ, ਪੰਜਾਹ ਲੱਖ ‘ਜੋਆਇੰਟ ਅਕਾਊਂਟ ਲਈ, ਵੀਹ ਲੱਖ ‘ਜੈਂਕੀ ਹਾਲ’ ਵਿੱਚ ਵਿਆਹ ਦੀ ਪਾਰਟੀ ਲਈ। ਸੱਤਰ ਲੱਖ ਦੀ ਰਕਮ ਲਈ ਨਿਰਮਲ ਸਿੰਘ ਜ਼ਮੀਨ ਵੇਚ ਸਕਦਾ ਸੀ ਜਾਂ ਗਹਿਣੇ ਧਰ ਸਕਦਾ ਸੀ। ਕੈਨੇਡਾ ਜਾਣ ਦੀ ‘ਸਕੀਮ’ ਦੇਣ ਵਾਲੇ ਅਮਰੀਕ ਲੰਬੜ ਨੇ ਨਿਰਮਲ ਨਾਲ ਦੋ ਏਕੜਾਂ ਦਾ ਪਚੱਤਰ ਲੱਖ ਵਿੱਚ ਸੌਦਾ ਵੀ ਮੁੱਕਾ ਲਿਆ। ਪੈਸੇ ਮਿਲਣ ਤੇ ਬਾਹਰ ਜਾਣ ਦੀ ਖੁਸ਼ੀ ਮਨਾਉਣ ਲਈ ਮਹਿਫਲ ਅਮਰੀਕ ਹੁਰਾਂ ਦੀ ਹਵੇਲੀ ਵਿੱਚ ਜਮੀ। ਪ੍ਰੀਤਮ, ਨਿਰਮਲ, ਅਮਰੀਕ ਤੇ ਅਨੀਤਾ ਦਾ ‘ਡੈਡੀ’ ਸਤਵੰਤ, ਸਾਰੇ ਹੀ ਆਪਣੇ ਆਪ ਨੂੰ ਕੈਨੇਡੀਅਨ ਸਮਝਦੇ ਹੋਏ ਜਸ਼ਨ ਮਨਾ ਰਹੇ ਸਨ। ਪ੍ਰੀਤਮ ਨੇ ਹਾਸੇ ਨਾਲ ਚੁਟਕੀ ਮਾਰੀ ਤੇ ਕਿਹਾ, “ਚਾਚਾ ਜੀ, ਜ਼ਮੀਨ ਤਾਂ ਬਲਜੀਤ ਦੇ ਹੱਥਾਂ ਦੀ ਮੈਲ ਸਮਝੋ।” ਪ੍ਰੀਤਮ ਨੇ ਨਿਰਮਲ ਨੂੰ ‘ਚਾਚਾ ਜੀ’ ਕਿਹਾ, ਉਮਰ ਵਿੱਚ ਇੰਨਾ ਫ਼ਰਕ ਨਾ ਹੋਣ ਦੇ ਬਾਵਜੂਦ। ਇਹ ਇੱਜਤ ਦਿਖਾਉਣ ਲਈ ਸੀ, ਜਾਂ ਆਪਣੇ ਲਾਭ ਲਈ ਸ਼ਬਦਾਂ ਦਾ ਆਸਰਾ। “ਮੇਰੇ ਵਲ ਹੀ ਦੇਖ ਲਓ,” ਪ੍ਰੀਤਮ ਨੇ ਫਿਰ ਸ਼ਾਮ ਵਾਲੀ ‘ਲੋਰ’ ਵਿਚ ਆਖਿਆ, “ਇਥੇ ਮੈਨੂੰ ਚਪੜਾਸੀ ਦੀ ਨੌਕਰੀ ਨਾ ਮਿਲੇ, ਪਰ ਹੁਣ ਪੰਜਾਬ ਦੇ ਸਾਰੇ ‘ਡੀ ਸੀ’ ਮੇਰੇ ਜਿੰਨੇ ਨਹੀਂ ਬਣਾਉਂਦੇ ਹੋਣੇ।” ਉਸਦੇ ਸ਼ਬਦਾਂ ਦਾ ਸ਼ੀਸ਼ਾ ਕੈਨੇਡਾ ਨੂੰ ਹੋਰ ਚਮਕਦਾਰ ਦਿਖਾਉਂਦਾ ਸੀ, ਸਵਾਲ ਇਹ ਸੀ ਕਿ ਇਹ ਅਸਲ ਸੀ ਜਾਂ ਸਿਰਫ਼ ਪਰਛਾਵਾਂ। ਅਮਰੀਕ ਦੀ ਤਿੱਖੀ ਨਜ਼ਰ ਨੇ ਨਿਰਮਲ ਦੇ ਉੱਤਰੇ ਚਿਹਰੇ ਅਤੇ ਚੁੱਪ ਤੋਂ ਅੰਦਾਜ਼ਾ ਲਾ ਲਿਆ ਕਿ ਇਹ ਦੁੱਖ ਉਸਦੀ ਵਿਕੀ ਦੋ ਏਕੜ ਜ਼ਮੀਨ ਨਾਲ ਜੁੜਿਆ ਸੀ, ਜੋ ਉਸਦੇ ਕਿਸਾਨੀ ਜੀਵਨ ਲਈ ਬਹੁਤ ਅਹਿਮ ਸੀ। ਉਸ ਦੁੱਖ ਨੂੰ ਬਾਹਰ ਜਾਣ ਦੇ ਹੋਰ ਸਪਨਿਆਂ ਨਾਲ ਮਿਟਾਉਣ ਦੀ ਕੋਸ਼ਿਸ਼ ਕਰਦਿਆਂ ਉਹ ਕਹਿੰਦਾ,”ਚਾਚਾ, ਅਸੀਂ ਪਵਿੱਤਰ ਧਰਤੀ ਦੇ ਜੰਮਪਲ ਬੜੀ ਕਿਸਮਤ ਵਾਲੇ ਆਂ। ਜਿੱਥੇ ਵੀ ਚਲੇ ਜਾਈਏ, ਕਾਮਯਾਬੀ ਸਾਡੇ ਪੈਰ ਚੁੰਮਦੀ ਆ। ਵੈਸੇ ਵੀ ਬਲਜੀਤ ਤਕੜਾ, ਅੰਗਰੇਜ਼ੀ ਪੜ੍ਹ-ਲਿਖ ਲੈਣ ਵਾਲਾ ਸੂਝਵਾਨ ਮੁੰਡਾ ਆ।” ‘ਪਵਿੱਤਰ ਧਰਤੀ’ ਦਾ ਜ਼ਿਕਰ ਸੁਣ ਕੇ ਬਲਜੀਤ ਚੁੱਪ ਰਿਹਾ, ਸ਼ਾਇਦ ਉਹ ਉਹੀ ਚੀਜ਼ ਹੋਰਾਂ ਤੋਂ ਵੱਖਰੀ ਵੇਖ ਚੁੱਕਾ ਸੀ। ਪਾਪਾ ਦਾ ਹੁਕਮ ਸੀ ਤੂੰ ਬੋਲਣਾ ਨਹੀਂ, ਇਸ ਕਰਕੇ ਉਹ ਚੁੱਪ ਰਿਹਾ। ਮਹਿਫਲ ਦੀ ਗਰਮਜੋਸ਼ੀ ਵਿੱਚ ਸਤਵੰਤ ਨੇ ਨਿਰਮਲ ਨੂੰ ਪਤਾ ਨਹੀਂ ਕਿਹੜੇ ਵੇਲੇ ਰਾਜ਼ੀ ਕਰ ਲਿਆ ਕਿ ਹਾਲ ਵਿੱਚ ‘ਟੀਚਰ’ ਸ਼ਰਾਬ ਚਲਣ ਲੱਗ ਪਈ, ਜਿਵੇਂ ਇੱਕ ਹੋਰ ਹੱਦ ਚੁੱਪਚਾਪ ਪਾਰ ਹੋ ਗਈ ਹੋਵੇ। ਬਲਜੀਤ ਨੂੰ ਵੀ ਪੁਲਸ ਪਾਰਟੀ ਦੇ ਹੱਥਾਂ ਵਿੱਚ ਫੜੀਆਂ ਬੋਤਲਾਂ ਦੇਖ ਕੇ ‘ਬਰਾਂਡ’ ਦਾ ਪਤਾ ਲੱਗ ਗਿਆ। ਇਕਦਮ ਉਸਨੂੰ ‘ਬੁਕਿੰਗ’ ਵਾਲੇ ਦਿਨ ਹਾਲ ਮਾਲਕ ਦੇ ਮੁੰਡੇ ਬੰਟੀ ਦੀ ਗੱਲ ਯਾਦ ਆ ਗਈ: “ਪਾਪਾ, ਪੁਲਸ ਦਾ ਕੰਮ ਤਾਂ ਠਾਣੇ ਹੀ ਮੁਕਾ ਆਉਂਦੇ ਆ। ਨਹੀਂ ਤਾਂ ਇਨ੍ਹਾਂ ਨੂੰ ਹਾਲ ਵਿੱਚ ਪੀਣ ਦੀ ਆਦਤ ਪੈ ਜਾਂਦੀ ਆ।” ਸ਼ਾਇਦ ਉਹ ਆਪਣੀ ਹੀ ਸ਼ਰਾਬ ਦੀ ਗੱਲ ਕਰਦਾ ਸੀ; ਪੁਲਸ ਵੱਲੋਂ ਲੋਕਾਂ ਦੀ ਸ਼ਰਾਬ ਤੇ ਹੱਕ ਜਤਾਉਣਾ ਉਸਨੂੰ ਕੁਦਰਤੀ ਹੀ ਲੱਗਦਾ ਹੋਵੇ। ਜਸ਼ਨਾਂ ਤੋਂ ਤੀਜੇ ਦਿਨ ਹੀ ਬਲਜੀਤ ਨੂੰ ਆਪਣਾ ਭਵਿੱਖ ਤ੍ਰੇੜੇ ਸ਼ੀਸ਼ੇ ਵਿੱਚ ਦਿਸਦੇ ਕਾਲੇ ਬੱਦਲਾਂ ਵਾਂਗ ਲੱਗਣ ਲੱਗ ਪਿਆ। ਅਨੀਤਾ ਕੈਨੇਡਾ ਲਈ ਰਵਾਨਾ ਹੋ ਗਈ ਸੀ ਅਤੇ ਸਤਵੰਤ ਨੇ ਨਿਰਮਲ ਨੂੰ ਫੋਨ ਤੇ ਦੱਸ ਦਿੱਤਾ ਸੀ ਕਿ ਬਲਜੀਤ ਦੀ ਰਾਹਦਾਰੀ ਅਗਲੇ ਮਹੀਨੇ ਭੇਜ ਦੇਵੇਗੀ। ਮਹੀਨੇ ਦੇ ਤੀਹ ਦਿਨ ਤਾਂ ਬਲਜੀਤ ਦੀ ਸਮਝ ਵਿੱਚ ਆਉਂਦੇ ਸਨ, ਪਰ ‘ਅਗਲਾ’ ਮਹੀਨਾ ਓਹਦੇ ਲਈ ਬੇਅੰਤ ਦਿਨਾਂ ਦੀ ਖੇਡ ਬਣ ਗਿਆ ਸੀ। ਅਨੀਤਾ ਦੇ ਜਾਣ ਮਗਰੋਂ ਲਾਰੇ ਅਤੇ ਅਫ਼ਵਾਹਾਂ ਰੇਡੀਓ ਦੇ ਸਟੇਸ਼ਨਾਂ ਵਾਂਗ ਲਗਾਤਾਰ ਬਦਲਦੀਆਂ ਰਹੀਆਂ, ਪਰ ਕੈਨੇਡਾ ਜਾਣ ਦਾ ਸਪਨਾ ਸਿਰਫ਼ ਸਪਨਾ ਹੀ ਬਣਿਆ ਰਿਹਾ। ਇੱਕ ਦਿਨ ਅਖਬਾਰ ਦੇ ਪਹਿਲੇ ਪੰਨੇ ਨੇ ਬਲਜੀਤ ਤੇ ਕਮਲ ਦੇ ਚਿਹਰਿਆਂ ਤੇ ਮੁਸਕਰਾਹਟ ਜਰੂਰ ਲਿਆ ਦਿੱਤੀ। “ਨਕੋਦਰ ਵਾਸੀ ਸੋਹਣ ਸਮੇਤ ਦੋ ਹੋਰ ਬਰਨਾਲਾ ਪੁਲਸ ਦੀ ਹਿਰਾਸਤ ਵਿੱਚ,’ ਇਸ ਸੁਰਖੀ ਹੇਠ ਲਿਖਿਆ ਸੀ ਕਿ ਤਿੰਨਾਂ ਕੋਲੋਂ ਭਾਰੀ ਮਾਤਰਾ ਵਿੱਚ ‘ਫੈਂਟਾਨੋਲ’ ਫੜੀ ਗਈ। ਮਾਂ-ਪੁੱਤ ਨੂੰ ਇਸ ਖਬਰ ਨਾਲ ਆਪਣੇ ਪੈਸੇ ਵਾਪਸ ਮਿਲਣ ਦਾ ਭਰਮ ਵੀ ਹੋ ਗਿਆ। ਪਰ ਸੀਟੂ ਦੇ ਵਕੀਲ ਭਰਾ ਨੇ ਬਲਜੀਤ ਦੇ ਇਸ ਭਰਮ ਦੀ ਮਿਆਦ ਵੀ ਘੱਟ ਕਰ ਦਿੱਤੀ। “ਛੋਟੇ ਵੀਰ, ਕੁਝ ਨਹੀਂ ਹੋਣਾ ਇਨ੍ਹਾਂ ਨੂੰ,” ਵਕੀਲ ਜੈਲੀ ਨੇ ਪੂਰੇ ਦਾਅਵੇ ਨਾਲ ਕਿਹਾ। “ਪਰ ਭਾਜੀ, ਸਾਰੇ ਮੀਡੀਆ ਵਿੱਚ ਤਾਂ ਖਬਰ ਚੱਲ ਰਹੀ ਆ,” ਬਲਜੀਤ ਨਿਆਂ ਦੇ ਸੁਪਨੇ ਲੈਂਦਾ ਹੋਇਆ ਬੋਲਿਆ। ਉਹ ਅਜੇ ਵੀ “ਕੁਝ ਨਹੀਂ ਹੋਣਾ” ਵਾਲੀ ਗੱਲ ਸੁਣਨ ਲਈ ਤਿਆਰ ਨਹੀਂ ਸੀ। “ਪੁਲਸ ਨੇ ਨਹੀਂ ਛੱਡਣਾ, ਉਨ੍ਹਾਂ ਪੈਸੇ ਲੈ ਕੇ ‘ਰਿਪੋਰਟ’ ਮਾੜੀ ਲਿਖਣੀ ਆ। ਬਰੀ ਤਾਂ ਜੱਜ ਨੇ ਕਰਨੇ ਨੇ,” ਵਕੀਲ ਨੇ ਸਿੱਧਾ ਜਵਾਬ ਦਿੱਤਾ। ਇੱਕ ਪਾਸੇ ਬਲਜੀਤ ਦੀ ਰੂਹ ਵਕੀਲ ਦੀ ਗੱਲ ਨੂੰ ਸੱਚ ਮੰਨ ਰਹੀ ਸੀ, ਕਿਉਂਕਿ ਉਹ ਇਸ ਤਰ੍ਹਾਂ ਦੀ ਨਾਇਨਸਾਫੀ ਦਾ ਦਰਸ਼ਨ ਪਹਿਲਾਂ ਵੀ ਕਰ ਚੁੱਕਾ ਸੀ। ਫਿਰ ਵੀ ਓਹਦੇ ਮਨ ਦਾ ਇੱਕ ਛੋਟਾ ਜਿਹਾ ਹਿੱਸਾ ਇਹ ਯਕੀਨ ਕਰਨਾ ਚਾਹੁੰਦਾ ਸੀ ਕਿ ਸੱਚ ਤੇ ਨਿਆਂ ਕਿਤੇ ਨਾ ਕਿਤੇ ਜਰੂਰ ਹੋਣਗੇ। ਹਾਂ, ਸ਼ਾਇਦ ਲੁੱਕ ਕੇ ਹੀ ਬੈਠੇ ਹੋਣ। ਘਰ ਆ ਕੇ ਜਦੋਂ ਬਲਜੀਤ ਨੇ ਵਕੀਲ ਦੇ ਕੌੜੇ ਸ਼ਬਦ ਮੰਮੀ ਨੂੰ ਸੁਣਾਏ ਤਾਂ ਉਹ ਹਿਚਕਚਾ ਗਈ ਜਿਵੇਂ ਸੱਚ ਨੇ ਉਸਦੀਆਂ ਉਮੀਦਾਂ ਤੇ ਹੌਲੀ ਜਿਹਾ ਪਰ ਭਾਰਾ ਵਾਰ ਕੀਤਾ ਹੋਵੇ। ਏਸ ਨਿਰਾਸ਼ਾ ਤੋਂ ਬਾਅਦ ਆਈ ਇਕ ਹੋਰ ਖੁਸ਼ੀ ਨੇ ਕਮਲ ਦੀ ਦੁਨੀਆਂ ਦਾ ਸਫ਼ਾ ਹੀ ਬਦਲ ਦਿੱਤਾ ਸੀ। ਦੋਹਤੇ ਦੇ ਜਨਮ ਨੇ ਉਸਨੂੰ ਪੱਬਾਂ ਭਾਰ ਕਰ ਦਿੱਤਾ। “ਮੈਂ ਹੁਣੇ ਸ਼ਹਿਰੋਂ ਲੱਡੂ ਮੰਗਵਾਂਦੀ ਆ,” ਉਹ ਉੱਚੀ ਆਵਾਜ਼ ਫੋਨ ਤੇ ਸੱਤੀ ਨਾਲ ਗੱਲ ਕਰ ਰਹੀ ਸੀ। ਮਾਂ ਦੇ ਗੁੱਸੇ ਦਾ ਅਹਿਸਾਸ ਹੋਣ ਦੇ ਬਾਵਜੂਦ ਬਲਜੀਤ ਚੁੱਪ ਨਾ ਰਹਿ ਸਕਿਆ। ਉਸਦੇ ਅੰਦਰ ਦੱਬੀ ਗੱਲ ਬਾਹਰ ਆ ਹੀ ਗਈ, “ਤੂੰ ਹੀ ਤਾਂ ਸੱਤੀ ਭੈਣ ਦੇ ਸੋਹਰਿਆਂ ਨੂੰ ਕੋਸਦੀ ਸੀ, ਜਦੋਂ ਦੋ ਨੰਨ੍ਹੀਆਂ ਜਿੰਦਾਂ ‘ਅਲਟਰਾਸਾਊਂਡ’ ਤੋਂ ਬਾਅਦ ਮਾਰ ਦਿੱਤੀਆਂ ਸਨ।” “ਸਮਾਂ ਦੇਖ ਕੇ ਗੱਲ ਕਰਿਆ ਕਰ,” ਕਮਲ ਨੇ ਉਹਦੀ ਗੱਲ ਕੱਟ ਦਿੱਤੀ। “ਚੱਲ ਸ਼ਹਿਰੋਂ ਦਸ ਕਿਲੋ ਲੱਡੂ ਲੈ ਆ, ਨਾਲੇ ਆਪਣੇ ਪਾਪਾ ਨੂੰ ਵੀ ਵੇਖ ਕਿੱਥੇ ਗਏ ਆ।” ਬਲਜੀਤ ਲਈ ਸ਼ਹਿਰ ਜਾਣ ਦਾ ਹੁਕਮ ਖੁਸ਼ੀਆਂ ਭਰਿਆ ਹੁੰਦਾ ਸੀ। ਅਜਿਹੇ ਹਰ ਹੁਕਮ ਵਿੱਚ ਨਾ ਬੋਲੇ ਸ਼ਬਦ, “ਨਾਲੇ ਥੋੜ੍ਹਾ ਘੁੰਮ ਫਿਰ ਵੀ ਆਈਂ,” ਉਸਦੇ ਕੰਨਾਂ ਵਿੱਚ ਗੂੰਜਦੇ, ਜਿਸ ਨਾਲ ਉਸਨੂੰ ਚਾਅ ਚੜ ਜਾਂਦਾ ਸੀ। ਲੱਡੂ ਵੰਡਣ ਤੋਂ ਅੱਗੇ ਕਮਲ ਦੀ ਸੁੱਖ ਪੂਰੀ ਕਰਨ ਲਈ ਵੱਡੇ ਕੰਮ ਹੁਣ ਸ਼ਹਿਰ ਦੇ ਬਜ਼ਾਰ ਵਿੱਚ ਹੀ ਹੋਣੇ ਸਨ। ਅਖੰਡ ਪਾਠ ਲਈ ਜ਼ਿਆਦਾਤਰ ਸਮਾਨ ਸ਼ਹਿਰੋਂ ਹੀ ਮਿਲਣਾ ਸੀ। ਪਾਠ ਤੋਂ ਇੱਕ ਦਿਨ ਪਹਿਲਾਂ ਗ੍ਰੰਥੀ ਨੇ ਆਪਣੀ ਲਿਸਟ ਵੀ ਕਮਲ ਨੂੰ ਸੌਂਪ ਦਿੱਤੀ ਸੀ। ਗ੍ਰੰਥੀ ਦੀ ਲੰਬੀ ਲਿਸਟ ਨੇ ਬਲਜੀਤ ਦੇ ਸ਼ਹਿਰ ਜਾਣ ਵਾਲੇ ਚਾਅ ਨੂੰ ਥੋੜ੍ਹਾ ਢਿੱਲਾ ਕਰ ਦਿੱਤਾ। ਗ੍ਰੰਥੀਆਂ ਲਈ ਰਸਦ ਦੀ ਲਿਸਟ, ‘ਸੌਗੀ, ਛੁਆਰੇ, ਬਦਾਮ’ ਆਦਿ, ਪੜ੍ਹ ਕੇ ਉਸਦੇ ਮਨ ਵਿੱਚ ਸਵਾਲ ਜਰੂਰ ਉੱਭਰੇ, ਪਰ ਮੰਮੀ-ਪਾਪਾ ਵਲੋਂ ਫੜਾਈ ਲਿਸਟ ਤੇ ਉਂਗਲ ਚੁੱਕਣਾ ਉਸਨੂੰ ਵੱਡਾ ਖਤਰਾ ਜਾਪਦਾ ਸੀ। ਮੌਜਮਸਤੀ ਕਰਦਿਆਂ ਸੂਰਜ ਸ਼ਹਿਰ ਵਿਚ ਹੀ ਢਲ ਗਿਆ, ਹੋਰ ਸਮਾਂ ਬਿਤਾਉਣ ਨੂੰ ਦਿਲ ਕਰਦਾ ਸੀ ਪਰ ਖਰੀਦੀ ਹੋਈ ਰਸਦ ਨੇ ਬਲਜੀਤ ਦੇ ਸਕੂਟਰ ਦਾ ਮੂੰਹ ਪਿੰਡ ਵੱਲ ਕਰ ਹੀ ਦਿੱਤਾ। ਖੇਤਾਂ ਵਿਚ ਬਣਿਆ ਉਹਨਾਂ ਦਾ ਮਕਾਨ ਪਿੰਡ ਤੋਂ ਪਹਿਲਾਂ ਹੀ ਰਾਹ ਉੱਤੇ ਆ ਜਾਂਦਾ ਸੀ। ਦੂਰੋਂ ਜੱਗਮਗ ਕਰਦੀਆਂ ਲਾਈਟਾਂ ਇਕ ਪਲ ਲਈ ਅਜਿਹਾ ਭੁਲੇਖਾ ਪਾ ਰਹੀਆਂ ਸਨ, ਜਿਵੇਂ ਕਿਸੇ ਹੋਰ ਦੀ ਇਮਾਰਤ ਖੜ੍ਹੀ ਹੋਵੇ। ਹਨੇਰੇ ਵਿੱਚ ਰੌਸ਼ਨੀ ਕਈ ਵਾਰੀ ਆਪਣੀ ਨਹੀਂ ਲੱਗਦੀ; ਉਹ ਮਨੁੱਖ ਨੂੰ ਪਹਿਲਾਂ ਹੈਰਾਨ ਕਰਦੀ ਹੈ, ਫਿਰ ਹੌਲੀ ਜਿਹੀ ਚੁਭਦੀ ਹੈ। ਜਦੋਂ ਬਲਜੀਤ ਸਕੂਟਰ ਖੜ੍ਹਾ ਕਰ ਰਿਹਾ ਸੀ, ਭਰਾਈਆਂ ਦਾ ਇਕਬਾਲ ਸਾਈਕਲ ਉੱਤੇ ਚੜ੍ਹ ਕੇ ਜਾਣ ਹੀ ਲੱਗਾ ਸੀ। ਲਾਈਟਾਂ ਅਜੇ ਵੀ ਚਮਕ ਰਹੀਆਂ ਸਨ, ਪਰ ਇਕਬਾਲ ਦੀਆਂ ਅੱਖਾਂ ਵਿੱਚ ਉਹ ਚਮਕ ਨਹੀਂ ਸੀ। ਉਸਦਾ ਕੰਮ ਮੁੱਕ ਗਿਆ ਸੀ ਜਿਵੇਂ ਰਾਤ ਨੂੰ ਰੌਸ਼ਨ ਕਰਨ ਵਾਲੇ ਹੱਥਾਂ ਨੂੰ ਅਕਸਰ ਹਨੇਰੇ ਵਿੱਚ ਹੀ ਘਰ ਵਾਪਸ ਮੁੜਨਾ ਪੈਂਦਾ ਹੈ। ਬਲਜੀਤ ਦੇ ਅੰਦਰ ਦੀਪਮਾਲਾ ਬਾਰੇ ਬਹੁਤ ਕੁਝ ਉਬਾਲ ਖਾ ਰਿਹਾ ਸੀ। ਉਹ ਕਹਿਣਾ ਚਾਹੁੰਦਾ ਸੀ ਕਿ ਰੌਸ਼ਨੀ ਹਮੇਸ਼ਾਂ ਖੁਸ਼ਹਾਲੀ ਨਹੀਂ ਹੁੰਦੀ; ਕਈ ਵਾਰੀ ਉਹ ਸਿਰਫ਼ ਲੋਕਾਂ ਨੂੰ ਆਪਣਾ ਹਨੇਰਾ ਲੁਕਾਉਣ ਦਾ ਢੰਗ ਹੁੰਦੀ ਹੈ। ਪਰ ਉਸਨੂੰ ਪਤਾ ਸੀ ਕਿ ਇਹਨਾਂ ਲਾਈਟਾਂ ਨਾਲੋਂ ਵੱਧ ਚਮਕ ਤਾਂ ਮੰਮੀ-ਪਾਪਾ ਦੇ ਦੱਬਦਬੇ ਦੀ ਸੀ। ਉਹੀ ਦੱਬਦਬਾ ਸੀ ਜੋ ਘਰ ਦੀਆਂ ਕੰਧਾਂ ਨੂੰ ਵੀ ਅਜਿਹਾ ਯਕੀਨ ਦੇਂਦਾ ਸੀ, ਜਿਵੇਂ ਸਭ ਕੁਝ ਸੱਚਮੁੱਚ ਠੀਕ ਹੋਵੇ। ਉਸਨੇ ਗੱਲ ਸਿੱਧੀ ਕਰਨ ਦੀ ਥਾਂ ਥੋੜ੍ਹੀ ਉਲਟੀ ਕਰ ਦਿੱਤੀ, “ਇਕਬਾਲ, ਤੈਨੂੰ ਤਾਂ ਜ਼ਿਆਦਾ ਪਤਾ ਹੋਣਾ, ਤਿੰਨ ਰਾਤਾਂ ਦੀ ਦੀਪਮਾਲਾ ਤੇ ਬਿਜਲੀ ਦਾ ਕਿੰਨਾ ਖਰਚ ਆਉਂਦਾ?” ਇਹ ਸਵਾਲ ਬਿਜਲੀ ਦੇ ਬਿੱਲ ਬਾਰੇ ਘੱਟ ਸੀ, ਉਸ ਰੌਸ਼ਨੀ ਦੀ ਕੀਮਤ ਬਾਰੇ ਵੱਧ, ਜਿਹੜੀ ਲੋਕ ਆਪਣੇ ਆਪ ਨੂੰ ਵੱਡਾ ਦਿਖਾਉਣ ਲਈ ਖਰੀਦਦੇ ਹਨ। ਸੁਆਲ ਦੀ ਨਬਜ਼ ਸਮਝਦਿਆਂ ਇਕਬਾਲ ਝੱਟ ਬੋਲਿਆ, “ਭਾਜੀ, ਫਿਕਰ ਨਾ ਕਰੋ। ਮੈਂ ਸਿੱਧੀ ਕੁੰਡੀ ਲਾ ਦਿੱਤੀ ਆ। ਹੁਣ ਭਾਵੇਂ ਚਾਰ ਰਾਤਾਂ ਵੀ ਜਗਮਗ ਕਰਾ ਲਓ, ਬਿਜਲੀ ਦੀ ਕੋਈ ਕੋਡੀ ਨਹੀਂ ਲੱਗਣੀ।” ਇਕਬਾਲ ਨੇ ਇਹ ਗੱਲ ਅਜਿਹੇ ਸੁਖਾਲੇ ਢੰਗ ਨਾਲ ਕਹੀ, ਜਿਵੇਂ ਹਨੇਰੇ ਵਿੱਚੋਂ ਚੋਰੀ ਕੀਤੀ ਰੌਸ਼ਨੀ ਵੀ ਪਿੰਡ ਦੀ ਆਮ ਹਵਾ ਦਾ ਹਿੱਸਾ ਹੋਵੇ। ਫਿਰ ਉਹ ਸਾਈਕਲ ਤੋਰ ਕੇ ਪਿੰਡ ਦੇ ਹਨੇਰੇ ਵੱਲ ਮੁੜ ਗਿਆ। ਉਸਦੀ ਸਾਈਕਲ ਦੇ ਪਹੀਏ ਕੁਝ ਪਲ ਧੂੜ ਵਿੱਚ ਘੁੰਮਦੇ ਰਹੇ, ਫਿਰ ਹੌਲੀ ਹੌਲੀ ਰਾਤ ਨੇ ਉਹਨਾਂ ਨੂੰ ਵੀ ਨਿਗਲ ਲਿਆ। ਬਲਜੀਤ ਓਥੇ ਹੀ ਖੜ੍ਹਾ ਰਹਿ ਗਿਆ। ਸਾਹਮਣੇ ਲਾਈਟਾਂ ਅਜੇ ਵੀ ਚਮਕ ਰਹੀਆਂ ਸਨ, ਚੋਰੀ ਕੀਤੀ ਬਿਜਲੀ ਨਾਲ। ਉਸਨੂੰ ਅਚਾਨਕ ਲੱਗਿਆ ਜਿਵੇਂ ਇਹ ਰੌਸ਼ਨੀ ਕੰਧਾਂ ਉੱਤੇ ਨਹੀਂ, ਲੋਕਾਂ ਦੇ ਚਿਹਰਿਆਂ ਉੱਤੇ ਟੰਗੀ ਹੋਵੇ; ਚਮਕਦੀ ਬਹੁਤ ਸੀ, ਪਰ ਅੰਦਰੋਂ ਖੋਖਲੀ। ਉਸ ਵੇਲੇ ਅਮਰੀਕ ਦੇ ਕਹੇ ਸ਼ਬਦ ਮੁੜ ਉਸਦੇ ਕੰਨਾਂ ਵਿੱਚ ਗੂੰਜਣ ਲੱਗੇ, “ਅਸੀਂ ਪਵਿੱਤਰ ਧਰਤੀ ਦੇ ਜੰਮਪਲ…” ਬਲਜੀਤ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਸ਼ਬਦ ਉਸਨੂੰ ਕਿਉਂ ਚੁਭ ਰਹੇ ਸਨ। ਸ਼ਾਇਦ ਇਸ ਲਈ ਕਿ ਪਵਿੱਤਰਤਾ ਦੀਆਂ ਗੱਲਾਂ ਦੇ ਵਿਚਕਾਰ ਹੀ ਹਰ ਕੋਈ ਆਪਣੀ ਆਪਣੀ ‘ਕੁੰਡੀ’ ਲਾਈ ਬੈਠਾ ਸੀ, ਕੋਈ ਬਿਜਲੀ ਨੂੰ, ਕੋਈ ਸੱਚ ਨੂੰ, ਤੇ ਕੋਈ ਆਪਣੀ ਜ਼ਮੀਰ ਨੂੰ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
Dr. Shinder Purewal currently serves as a Professor of Political Science at Kwantlen Polytechnic University, following faculty roles at various other BC institutions. He is also a former Citizenship Judge for the BC and Yukon region. After moving to Canada at age seventeen, he spent most of his career focusing on academic research and writing. Though he wrote satire in his youth, he is now expanding into fiction and story publications.
**
Dr. Shinder Purewal
e-mail:shinderpurewal@gmail.com
+1 604-729-4592

by 