|
ਰਾਬੀਆ ਚਾਹੁੰਦੀ ਸੀ ਕੇ ਇਸ਼ਕ/ਪਿਆਰ ਨੂੰ ਸ਼ਰਤਾਂ ਤੋਂ ਮੁਕਤ ਰੱਖਿਆ ਜਾਵੇ, ਕਿਹਾ ਜਾਂਦਾ ਹੈ ਕਿ ਉਹ ਬਸਰਾ ਦੀਆਂ ਗਲੀਆਂ ਵਿੱਚ ਇੱਕ ਹੱਥ ਵਿੱਚ ਪਾਣੀ ਦੀ ਬਾਲਟੀ ਅਤੇ ਦੂਜੇ ਹੱਥ ਵਿੱਚ ਮਸ਼ਾਲ ਲੈ ਕੇ ਦੌੜਦੀ ਫਿਰਦੀ ਸੀ। ਉਹ ਆਖਦੀ ਸੀ ਕਿ ਉਹ ਜੰਨਤ ਨੂੰ ਅੱਗ ਲਾ ਦੇਣਾ ਅਤੇ ਦੋਜ਼ਖ਼ ਦੀ ਅੱਗ ਬੁਝਾ ਦੇਣਾ ਚਾਹੁੰਦੀ ਹੈ, ਤਾਂ ਜੋ ਲੋਕ ਰੱਬ ਦੀ ਇਬਾਦਤ ਕਿਸੇ ਇਨਾਮ ਦੀ ਆਸ ਜਾਂ ਸਜ਼ਾ ਦੇ ਡਰ ਕਰਕੇ ਨਹੀਂ, ਸਗੋਂ ਨਿਰੋਲ ਇਸ਼ਕ/ਪਿਆਰ ਕਰਕੇ ਕਰਨ। ਉਹ ਉਹਨਾਂ ਲੋਕਾਂ ਦਾ ਖੁੱਲ੍ਹ ਕੇ ਮਜ਼ਾਕ ਉਡਾਉਂਦੀ ਸੀ ਜੋ ਮੱਕੇ ਦੀ ਹੱਜ ਵਰਗੀਆਂ ਧਾਰਮਿਕ ਫੇਰੀਆਂ ਨੂੰ ਸਿਰਫ਼ ਖਾਲੀ ਰਸਮੀ ਕਾਰਵਾਈ ਤੱਕ ਸੀਮਤ ਕਰ ਦਿੰਦੇ ਸਨ। ਸੂਫ਼ੀ ਜੀਵਨੀਕਾਰ ਫ਼ਰੀਦੁੱਦੀਨ ਅੱਤਾਰ ਦੇ ਅਨੁਸਾਰ, ਜਦੋਂ ਰਾਬੀਆ ਆਖ਼ਿਰਕਾਰ ਕਾਅਬੇ ਤੱਕ ਪਹੁੰਚੀ, ਉਸ ਨੇ ਉਸ ਵੱਲ ਵੇਖ ਕੇ ਕਿਹਾ: ਕਿਹਾ ਜਾਂਦਾ ਹੈ ਕੇ ਮਸ਼ਹੂਰ ਧਾਰਮਿਕ ਆਗੂ, ਜਿਵੇਂ ਹਸਨ ਅਲ-ਬਸਰੀ ਅਤੇ ਸੁਫ਼ਿਆਨ ਅਲ-ਥੌਰੀ, ਰਾਬੀਆ ਦੇ ਚਰਨਾਂ ਕੋਲ ਬੈਠ ਕੇ ਉਸ ਤੋਂ ਗਿਆਨ ਅਤੇ ਰੂਹਾਨੀ ਸੂਝ ਪ੍ਰਾਪਤ ਕਰਦੇ ਸਨ। ਜਦੋਂ ਕਦੇ ਮਰਦ ਵਿਦਵਾਨ ਉਸ ਨੂੰ ਮਾਮੂਲੀ ਸਾਬਤ ਕਰਨ ਜਾਂ ਉਸ ਦੇ ਧਾਰਮਿਕ ਗਿਆਨ ਦੀ ਪਰਖ ਕਰਨ ਦੀ ਕੋਸ਼ਿਸ਼ ਕਰਦੇ ਤਾਂ ਉਹ ਅਕਸਰ ਆਪਣੀ ਡੂੰਘੀ ਸੂਝ ਨਾਲ ਉਨ੍ਹਾਂ ਨੂੰ ਮਾਤ ਦੇ ਦਿੰਦੀ। ਵਿਦਵਾਨਾਂ ਦਾ ਇੱਕ ਸਮੂਹ ਰਾਬੀਆ ਕੋਲ ਆਇਆ ਅਤੇ ਦਲੀਲ ਕਰਨ ਲੱਗਾ ਕਿ ਰੂਹਾਨੀ ਕਮਾਲ ਦੇ ਸਾਰੇ ਤਾਜ ਮਰਦਾਂ ਨੂੰ ਹੀ ਮਿਲੇ ਹਨ। ਉਨ੍ਹਾਂ ਨੇ ਉਸ ਨੂੰ ਕਿਹਾ: “ਪੈਗੰਬਰੀ ਮਰਦਾਂ ਨੂੰ ਮਿਲੀ। ਧਾਰਮਿਕ ਅਗਵਾਈ ਮਰਦਾਂ ਨੂੰ ਮਿਲੀ। ਉੱਚੀ ਇਜ਼ਤ ਤੇ ਬਜ਼ੁਰਗੀ ਮਰਦਾਂ ਨੂੰ ਮਿਲੀ। ਕੋਈ ਵੀ ਔਰਤ ਕਦੇ ਨਬੀ ਨਹੀਂ ਰਹੀ।“ ਰਾਬੀਆ ਨੇ ਬੜੀ ਧੀਰਜ ਨਾਲ ਜਵਾਬ ਦਿੱਤਾ, “ਜੋ ਤੁਸੀਂ ਕਹਿੰਦੇ ਹੋ, ਉਹ ਸੱਚ ਹੈ। ਪਰ ਇਹ ਵੀ ਯਾਦ ਰੱਖੋ: ਹੰਕਾਰ, ਆਪਣੀ ਹੀ ਪੂਜਾ ਅਤੇ ਆਪਣੇ ਆਪ ਨੂੰ ਰੱਬ ਸਮਝਣ ਦਾ ਦਾਅਵਾ ਵੀ ਸਦਾ ਮਰਦਾਂ ਵੱਲੋਂ ਹੀ ਆਇਆ ਹੈ। ਕਿਸੇ ਔਰਤ ਨੇ ਕਦੇ ਇਹ ਨਹੀਂ ਕਿਹਾ ਕਿ ‘ਮੈਂ ਤੁਹਾਡਾ ਸਰਬਉੱਚ ਮਾਲਕ ਹਾਂ’ ਜਿਵੇਂ ਫ਼ਿਰਔਨ ਨੇ ਕਿਹਾ ਸੀ। ਇਸ ਤੋਂ ਵੀ ਵੱਧ, ਕੋਈ ਔਰਤ ਕਦੇ ਇੰਨੀ ਬੇਈਮਾਨ ਅਤੇ ਹੰਕਾਰੀ ਨਹੀਂ ਹੋਈ। ਸਾਰੀ ਵਡਿਆਈ ਰੱਬ ਦੀ ਹੈ, ਪਰ ਹੰਕਾਰ ਦੀ ਬਿਮਾਰੀ ਨਾਲ ਸਭ ਤੋਂ ਵੱਧ ਜੂਝਣ ਵਾਲੇ ਮਰਦ ਹੀ ਹਨ।” ਰਾਬੀਆ ਨੇ ਇਸਲਾਮੀ ਦਰਸ਼ਨ ਵਿੱਚ ‘ਨਿਰਸਵਾਰਥ ਰੱਬੀ ਪ੍ਰੇਮ’ (Disinterested Divine Love) ਦੇ ਸਿਧਾਂਤ ਨੂੰ ਦ੍ਰਿੜ੍ਹਤਾ ਨਾਲ ਸਥਾਪਿਤ ਕੀਤਾ। ਇਸ ਵਿਚਾਰ ਅਨੁਸਾਰ ਰੱਬ ਨਾਲ ਪਿਆਰ ਕੇਵਲ ਰੱਬ ਦੀ ਖ਼ਾਤਰ ਹੀ ਕੀਤਾ ਜਾਣਾ ਚਾਹੀਦਾ ਹੈ, ਨਾ ਜੰਨਤ ਦੀ ਆਸ ਵਿੱਚ ਅਤੇ ਨਾ ਹੀ ਦੋਜ਼ਖ਼ ਦੇ ਡਰ ਕਰਕੇ। ਬਾਅਦ ਵਿੱਚ ਅਲ-ਗ਼ਜ਼ਾਲੀ, ਜੋ ਗਿਆਰ੍ਹਵੀਂ ਸਦੀ ਦੇ ਪ੍ਰਸਿੱਧ ਧਰਮ-ਸ਼ਾਸਤਰੀ ਅਤੇ ਦਾਰਸ਼ਨਿਕ ਸਨ, ਨੇ ਰਾਬੀਆ ਦੇ ਇਸ ਵਿਚਾਰ ਨੂੰ ਮੁੱਖ ਧਾਰਾ ਇਸਲਾਮੀ ਚਿੰਤਨ ਵਿੱਚ ਵੱਡੇ ਪੱਧਰ ਤੇ ਸ਼ਾਮਲ ਕੀਤਾ। ਅਲ-ਗ਼ਜ਼ਾਲੀ ਦੇ ਅਨੁਸਾਰ, “ਰਾਬੀਆ ਵੱਲੋਂ ਪਿਆਰ ਦੀ ਕੀਤੀ ਗਈ ਵਿਆਖਿਆ ਰੂਹਾਨੀ ਪ੍ਰਾਪਤੀ ਦੀ ਸਭ ਤੋਂ ਉੱਚੀ ਅਵਸਥਾ ਸੀ।“ ਇਸ ਤਰ੍ਹਾਂ ਰਾਬੀਆ ਦੀ ਸਿੱਖਿਆ ਇਹ ਦਰਸਾਉਂਦੀ ਹੈ ਕਿ ਧਾਰਮਿਕ ਅਧਿਕਾਰ ਕਿਸੇ ਅਹੁਦੇ, ਸਮਾਜਿਕ ਹੈਸੀਅਤ ਜਾਂ ਲਿੰਗ ਨਾਲ ਨਿਰਧਾਰਤ ਨਹੀਂ, ਸਗੋਂ ਦਿਲ ਦੀ ਪਵਿੱਤਰਤਾ ਅਤੇ ਨਿਰਮਲ ਪਿਆਰ ਨਾਲ ਪ੍ਰਾਪਤ ਹੁੰਦਾ ਹੈ। ਉਸ ਨੇ ਉਨ੍ਹਾਂ ਧਾਰਮਿਕ ਵਿਦਵਾਨਾਂ ਦੇ ਪਾਖੰਡ ਨੂੰ ਬੇਨਕਾਬ ਕੀਤਾ, ਜੋ ਰੂਹਾਨੀ ਪਵਿੱਤਰਤਾ ਲਈ ਦੁਆਵਾਂ ਤਾਂ ਕਰਦੇ ਸਨ, ਪਰ ਇਸ ਦੇ ਨਾਲ ਹੀ ਆਪਣੇ ਧਾਰਮਿਕ ਅਹੁਦਿਆਂ ਤੋਂ ਮਿਲਣ ਵਾਲੇ ਸਮਾਜਿਕ ਵਿਸ਼ੇਸ਼ ਅਧਿਕਾਰਾਂ, ਮਾਣ-ਮਰਯਾਦਾ ਅਤੇ ਸੁਖ-ਸਹੂਲਤਾਂ ਦਾ ਆਨੰਦ ਵੀ ਮਾਣਦੇ ਸਨ। ਰਾਬੀਆ ਦਾ ਜੀਵਨ-ਢੰਗ ਆਪਣੇ ਸਮੇਂ ਦੀਆਂ ਵਿਕਾਸ ਹੋ ਰਹੀਆਂ ਮਜ਼ਬੀ ਰਵਾਇਤਾਂ ਨੂੰ ਸਿੱਧੀ ਚੁਣੌਤੀ ਸੀ। ਇਸਲਾਮ ਦੇ ਫੈਲਣ ਨਾਲ ਧਾਰਮਿਕ ਸੰਸਥਾਵਾਂ ਕੋਲ ਤਾਕਤ ਅਤੇ ਪੈਸਾ ਆਉਣ ਲੱਗ ਪਿਆ, ਜਿਵੇਂ-ਜਿਵੇਂ ਇਸਲਾਮੀ ਸਾਮਰਾਜ ਦੌਲਤਮੰਦ ਹੁੰਦਾ ਗਿਆ, ਬਹੁਤ ਸਾਰੇ ਧਾਰਮਿਕ ਅਧਿਕਾਰੀਆਂ ਨੇ ਰਾਜ-ਦਰਬਾਰ ਦੀ ਸਰਪ੍ਰਸਤੀ ਕਬੂਲ ਕਰ ਲਈ ਅਤੇ ਸੁਖ-ਸਹੂਲਤਾਂ ਭਰਿਆ ਜੀਵਨ ਬਤੀਤ ਕਰਨ ਲੱਗੇ। ਇਸ ਦੇ ਉਲਟ, ਰਾਬੀਆ ਨੇ ਇਕ ਸਾਧਾਰਨ ਇਨਸਾਨ ਵਾਲਾ ਜੀਵਨ ਬਤੀਤ ਕੀਤਾ, ਕਹਿੰਦੇ ਹਨ ਕੇ ਉਸ ਕੋਲ ਸਿਰਫ਼ ਇੱਕ ਟੁੱਟਿਆ ਹੋਇਆ ਘੜਾ, ਕਾਨਿਆਂ ਦੀ ਇੱਕ ਚਟਾਈ ਅਤੇ ਸਿਰਹਾਣੇ ਵਜੋਂ ਰੱਖਣ ਲਈ ਇੱਕ ਇੱਟ ਸੀ। ਉਸ ਦੌਰ ਵਿੱਚ ਵਿਆਹ ਨੂੰ ਸਮਾਜਕ ਤੌਰ ਤੇ ਲਗਭਗ ਲਾਜ਼ਮੀ ਮੰਨਿਆ ਜਾਂਦਾ ਸੀ, ਪਰ ਰਾਬਿਆ ਨੇ ਵਿਆਹ ਦੇ ਸਾਰੇ ਪ੍ਰਸਤਾਵ ਠੁਕਰਾ ਦਿੱਤੇ। ਇਨ੍ਹਾਂ ਵਿੱਚ ਧਨਾਢ ਹਾਕਮਾਂ ਅਤੇ ਪ੍ਰਸਿੱਧ ਧਾਰਮਿਕ ਸ਼ਖ਼ਸੀਅਤਾਂ, ਜਿਵੇਂ ਹਸਨ ਅਲ-ਬਸਰੀ, ਵੱਲੋਂ ਕੀਤੇ ਪ੍ਰਸਤਾਵ ਵੀ ਸ਼ਾਮਲ ਦੱਸੇ ਜਾਂਦੇ ਹਨ। ਉਸ ਦਾ ਕਹਿਣਾ ਸੀ ਕਿ ਉਸ ਦੀ ਆਤਮਾ ਪਹਿਲਾਂ ਹੀ ਰੱਬ ਦੇ ਪ੍ਰੇਮ ਵਿੱਚ ਪੂਰੀ ਤਰ੍ਹਾਂ ਲੀਨ ਹੋ ਚੁੱਕੀ ਹੈ ਅਤੇ ਪਤੀ ਲਈ ਉਸ ਵਿੱਚ ਕੋਈ ਥਾਂ ਨਹੀਂ। ਇਸ ਚੋਣ ਨੇ ਉਸ ਨੂੰ ਅਸਾਧਾਰਣ ਪੱਧਰ ਦੀ ਆਤਮਿਕ ਅਤੇ ਬੌਧਿਕ ਸੁਤੰਤਰਤਾ ਪ੍ਰਦਾਨ ਕੀਤੀ। ਇਸ ਵਿਚਾਰਧਾਰਾ ਦਾ ਸਫ਼ਰ ਆਖ਼ਿਰਕਾਰ ਮੁੱਢਲੇ ਅਰਬੀ ਸੂਫ਼ੀ ਸੰਸਾਰ ਦੀਆਂ ਹੱਦਾਂ ਤੋਂ ਬਹੁਤ ਦੂਰ ਤੱਕ ਫੈਲ ਗਿਆ। ਫ਼ਾਰਸੀ ਸ਼ਾਇਰਾਂ, ਜਿਵੇਂ ਰੂਮੀ, ਅੱਤਾਰ ਅਤੇ ਹਾਫ਼ਿਜ਼, ਨੇ ਇਸ਼ਕ, ਸ਼ਰਾਬ, ਮੈਖ਼ਾਨੇ, ਮਹਿਬੂਬ ਅਤੇ ਵਿਛੋੜੇ ਦੀ ਭਾਸ਼ਾ ਨੂੰ ਸੂਫ਼ੀ ਅਨੁਭਵ ਦੇ ਪ੍ਰਗਟਾਵੇ ਲਈ ਵਰਤਿਆ। ਰੂਮੀ ਲਈ ਮਹਿਬੂਬ ਤੋਂ ਵਿਛੋੜਾ ਮਨੁੱਖੀ ਰੂਹ ਦੇ ਰੱਬ ਤੋਂ ਦੂਰ ਹੋਣ ਦੀ ਭਾਵਨਾ ਨੂੰ ਦਰਸਾਉਂਦਾ ਹੈ। ਇੱਕ ਗ਼ਜ਼ਲ ਵਿੱਚ ਉਹ ਪੁੱਛਦਾ ਹੈ: “ਉਹ ਸੋਹਣਾ ਮਹਿਬੂਬ ਕਿੱਥੇ ਚਲਾ ਗਿਆ? ਸਾਰਾ ਦਿਨ ਮੇਰਾ ਦਿਲ ਪੱਤੇ ਵਾਂਗ ਕੰਬਦਾ ਰਹਿੰਦਾ ਹੈ।” ਅੱਤਾਰ ਲਈ ਰੱਬੀ ਪ੍ਰੇਮ ਇੰਨਾ ਤੀਬਰ ਹੋ ਜਾਂਦਾ ਹੈ ਕਿ ਆਮ ਮਨੁੱਖੀ ਤਰਕ ਅਤੇ ਹਿਸਾਬ-ਕਿਤਾਬ ਆਪਣੀ ਮਹੱਤਤਾ ਗੁਆ ਬੈਠਦੇ ਹਨ: “ਇਸ ਵਾਦੀ ਵਿੱਚ ਇਸ਼ਕ ਅੱਗ ਹੈ, ਤੇ ਅਕਲ ਉਸ ਦਾ ਧੂੰਆਂ। ਜਦੋਂ ਇਸ਼ਕ ਦੀ ਲਾਟ ਭੜਕਦੀ ਹੈ, ਅਕਲ ਧੂੰਏਂ ਵਾਂਗ ਉੱਡ ਜਾਂਦੀ ਹੈI” ਹਾਫ਼ਿਜ਼ ਕੋਲ ਮੈਖ਼ਾਨਾ ਅਤੇ ਸ਼ਰਾਬ ਸਿਰਫ਼ ਭੌਤਿਕ ਚੀਜ਼ਾਂ ਨਹੀਂ ਰਹਿੰਦੀਆਂ; ਇਹ ਰੱਬੀ ਇਸ਼ਕ ਅਤੇ ਆਤਮਿਕ ਅਨੁਭਵ ਦੇ ਰੂਪ ਬਣ ਜਾਂਦੇ ਹਨ। ਉਹ ਲਿਖਦਾ ਹੈ ਕੇ, “ਪਿਛਲੀ ਰਾਤ ਦੀ ਸ਼ਰਾਬ ਦਾ ਨਸ਼ਾ ਅਜੇ ਵੀ ਸਿਰ ਵਿੱਚ ਗੂੰਜ ਰਿਹਾ ਸੀ, ਸਵੇਰ ਹੁੰਦਿਆਂ ਹੀ ਮੈਂ ਮੈਖ਼ਾਨੇ ਦੀ ਭਾਲ ਵਿੱਚ ਨਿਕਲ ਪਿਆ।” ਦੱਖਣੀ ਏਸ਼ੀਆ ਵਿੱਚ ਇਸ ਸੂਫ਼ੀ ਪਰੰਪਰਾ ਦਾ ਮੇਲ ਪਹਿਲਾਂ ਤੋਂ ਮੌਜੂਦ ਭਾਰਤੀ ਭਗਤੀ ਰਵਾਇਤਾਂ ਨਾਲ ਹੋਇਆ ਅਤੇ ਇਸ ਤੋਂ ਇਸ਼ਕ-ਏ-ਹਕੀਕੀ ਦਾ ਕਾਵਿ ਦੇ ਬੇਹੱਦ ਸਮਰੱਥ ਅਤੇ ਡੂੰਘੇ ਰੂਪ ਪੈਦਾ ਹੋਏ। ਇਹ ਪਰੰਪਰਾ ਖ਼ਾਸ ਤੌਰ ਤੇ ਪੰਜਾਬੀ ਸੂਫ਼ੀ ਕਾਵਿ ਲਈ ਮਹੱਤਵਪੂਰਨ ਬਣੀ। ਇਸ ਸੰਦਰਭ ਵਿੱਚ ਅਸੀਂ ਸ਼ਾਹ ਹੁਸੈਨ (ਨੀ ਮਾਏ, ਮੈਨੂੰ ਖੇੜਿਆਂ ਦੀ ਗੱਲ ਨਾ ਆਖ, ਰਾਂਝਣ ਮੇਰਾ, ਮੈਂ ਰਾਂਝਣ ਦੀ, ਖੇੜਿਆਂ ਦੀ ਕੂੜੀ ਝਾਕ। ਕਹੇ ਹੁਸੈਨ ਫ਼ਕੀਰ ਸੈਂਈਂ, ਜਾਣਦਾ ਮੌਲਾ ਆਪ।), ਸੁਲਤਾਨ ਬਾਹੂ (ਜਿਸ ਮੰਜ਼ਲ ਨੂੰ ਇਸ਼ਕ ਪਹੁੰਚਾਵੇ, ਇਮਾਨ ਖ਼ਬਰ ਨਾ ਕੋਈ ਹੂ), ਬੁੱਲ੍ਹੇ ਸ਼ਾਹ ( ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ) ਅਤੇ ਵਾਰਿਸ ਸ਼ਾਹ (ਇਸ਼ਕ ਕੀਤਾ ਸੂ ਜੱਗ ਦਾ ਮੂਲ ਮੀਆਂ, ਮਾਸ਼ੂਕ ਹੈ ਨਬੀ ਰਸੂਲ ਮੀਆਂ) ਵਰਗੇ ਸੂਫੀ ਕਵੀਆਂ ਨੂੰ ਯਾਦ ਕਰ ਸਕਦੇ ਹਾਂ, ਉਨ੍ਹਾਂ ਇਨਸਾਨੀ ਇਸ਼ਕ ਦੀ ਭਾਸ਼ਾ ਵਿਅਕਤੀ ਅਤੇ ਪਰਮ ਸੱਚਾਈ ਵਿਚਲੇ ਰਿਸ਼ਤੇ ਨੂੰ ਬਿਆਨ ਕਰਨ ਦਾ ਇੱਕ ਸਾਧਨ ਬਣਾ ਲਈ। ਮਿਸਾਲ ਵਜੋਂ, ਬੁੱਲ੍ਹੇ ਸ਼ਾਹ ਦਾ ਆਪਣੇ ਮੁਰਸ਼ਦ ਨਾਲ ਰਿਸ਼ਤਾ ਕਿਸੇ ਅਮੂਰਤ ਧਾਰਮਿਕ ਜਾਂ ਦਾਰਸ਼ਨਿਕ ਸਿਧਾਂਤ ਦੇ ਰੂਪ ਵਿੱਚ ਨਹੀਂ, ਸਗੋਂ ਇਸ਼ਕ, ਤਾਂਘ, ਵਿਛੋੜੇ ਅਤੇ ਸਮਰਪਣ ਦੀ ਭਾਸ਼ਾ ਵਿੱਚ ਪ੍ਰਗਟ ਹੁੰਦਾ ਹੈ। ਇਸ ਲਈ ਪੰਜਾਬੀ ਸੂਫ਼ੀ ਕਵੀ ਆਖ਼ਿਰਕਾਰ ਇਹ ਸਵਾਲ ਪੁੱਛਦੇ ਹਨ: ਜਦੋਂ ਰੱਬ ਨੂੰ ਪਾਉਣ ਦੀ ਉਹ ਦੈਵੀ ਤਾਂਘ ਆਮ ਮਨੁੱਖੀ ਜੀਵਨ ਵਿੱਚ ਦਾਖ਼ਲ ਹੁੰਦੀ ਹੈ ਫਿਰ ਜਾਤ-ਪਾਤ, ਪਰਿਵਾਰ, ਪਿੰਡ, ਬੋਲੀ ਅਤੇ ਸਮਾਜਕ ਰੀਤਾਂ-ਰਿਵਾਜਾਂ ਦਾ ਕੀ ਹਾਲ ਹੁੰਦਾ ਹੈ? ਇਨ੍ਹਾਂ ਕਾਰਨਾਂ ਕਰਕੇ ਪੰਜਾਬ ਵਿੱਚ ਸੂਫ਼ੀਵਾਦ ਮਹਿਜ਼ ਸੰਸਾਰ-ਤਿਆਗੀ ਜਾਂ ਤਪੱਸਵੀ ਲਹਿਰ ਬਣ ਕੇ ਨਹੀਂ ਰਹਿ ਗਿਆ। ਸਮੇਂ ਦੇ ਨਾਲ ਇਹ ਮਨੁੱਖ ਵੱਲੋਂ ਜੀਵਨ ਦੇ ਸਭ ਤੋਂ ਉੱਚੇ ਜਾਂ ਅੰਤਿਮ ਅਰਥ ਦੀ ਖੋਜ ਨੂੰ ਸਮਝਣ ਵਾਲਾ ਇੱਕ ਵਿਚਾਰ-ਦਰਸ਼ਨ ਕਾਵਿ-ਪਰੰਪਰਾ ਬਣ ਗਿਆ: “ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਆਂ ਜਾਣੇ ਹੂ। ਵਿੱਚੇ ਬੇੜੇ ਵਿੱਚੇ ਝੇੜੇ, ਵਿੱਚੇ ਵੰਝ ਮਹਾਣੇ ਹੂ। ਚੌਦਾਂ ਤਬਕ ਦਿਲੇ ਦੇ ਅੰਦਰ, ਜਿੱਥੇ ਇਸ਼ਕ ਤੰਬੂ ਵੰਝ ਤਾਣੇ ਹੂ। ਜੋ ਦਿਲ ਦਾ ਮਹਿਰਮ ਹੋਵੇ ਬਾਹੂ, ਸੋਹੀ ਰੱਬ ਪਛਾਣੇ ਹੂ।“ ਰਾਬੀਆ ਵਰਗੇ ਮਹਾਨ ਆਗੂਆਂ ਵਲੋਂ ਸ਼ੁਰੂ ਕੀਤਾ ਸੂਫ਼ੀਵਾਦ ਇਨਸਾਨੀਅਤ ਲਈ ਇਕ ਨਵਾਂ ਰੋਸ਼ਨ ਮਾਰਗ ਬਣ ਗਿਆ। ਸੂਫ਼ੀਵਾਦ ਵਿੱਚ ਇਸ਼ਕ ਨੂੰ ਮਹੱਤਵ ਦੇਣ ਨਾਲ ਮਨੁੱਖ ਅਤੇ ਰੱਬੀ ਸ਼ਕਤੀ ਦੇ ਰਿਸ਼ਤੇ ਨੂੰ ਦੇਖਣ ਦਾ ਨਵਾਂ ਨਜ਼ਰੀਆ ਪੈਦਾ ਹੋਇਆ। ਰੂਹਾਨੀ ਅਧਿਕਾਰ ਨੂੰ ਸਿਰਫ਼ ਧਾਰਮਿਕ ਆਗੂਆਂ, ਸਥਾਪਿਤ ਧਾਰਮਿਕ ਸੰਸਥਾਵਾਂ ਜਾਂ ਮਾਨਤਾ ਪ੍ਰਾਪਤ ਪਵਿੱਤਰ ਥਾਵਾਂ ਉੱਤੇ ਨਿਰਭਰ ਕਰਨ ਦੀ ਬਜਾਏ, ਸੂਫ਼ੀ ਚਿੰਤਕਾਂ ਅਤੇ ਕਵੀਆਂ ਨੇ ਮਨੁੱਖੀ ਹਿਰਦੇ, ਪ੍ਰੇਮ, ਤਾਂਘ, ਸਮਰਪਣ ਅਤੇ ਅੰਦਰੂਨੀ ਤਬਦੀਲੀ ਰਾਹੀਂ ਰੱਬੀ ਸ਼ਕਤੀ ਨਾਲ ਸਿੱਧਾ ਰੂਹਾਨੀ ਸਬੰਧ ਕਾਇਮ ਕਰਨ ਦੀ ਸੰਭਾਵਨਾ ਉੱਤੇ ਵੱਧ ਜ਼ੋਰ ਦਿੱਤਾ (ਜ਼ਰਾ ਦੇਖ ਤਾਂ ਅੰਦਰ ਧਿਆਨ ਦੇ ਕੇ, ਸ਼ਾਇਦ ਉਹ ਹੋਵੇ ਜਿਹਨੂੰ ਟੋਲਦਾ ਈ — ਬੁੱਲ੍ਹੇ ਸ਼ਾਹ) । ਮਿਸਾਲ ਵਜੋਂ, ਵਾਰਿਸ ਸ਼ਾਹ ਇਸ਼ਕ ਨੂੰ ਹੀ ਪੀਰ-ਫ਼ਕੀਰ ਦਾ ਰੁਤਬਾ ਦੱਸਦੇ ਹਨ: “ਇਸ਼ਕ ਪੀਰ ਫ਼ਕੀਰ ਦਾ ਮਰਤਬਾ ਹੈ…ਜਿਨ੍ਹਾਂ ਕੀਤਾ ਹੈ ਇਸ਼ਕ ਕਬੂਲ ਮੀਆਂ।“ ਇਸ ਤਰ੍ਹਾਂ ਰੂਹਾਨੀ ਦਰਜਾ ਕਿਸੇ ਸਮਾਜਿਕ, ਧਾਰਮਿਕ ਜਾਂ ਹੋਰ ਕਿਸੇ ਸੰਸਥਾ ਨਾਲ ਜੁੜੀ ਪਦਵੀ/ਅਹੁਦੇ ਦੀ ਬਜਾਏ ਇਸ਼ਕ ਦੇ ਅਨੁਭਵ ਨਾਲ ਜੁੜ ਜਾਂਦਾ ਹੈ। ਬੁੱਲ੍ਹੇ ਸ਼ਾਹ ਸਮਾਜਿਕ ਅਤੇ ਧਾਰਮਿਕ ਪਛਾਣਾਂ ਦੀਆਂ ਹੱਦਾਂ ਤੋਂ ਪਾਰ ਜਾਂਦਿਆਂ ਕਹਿੰਦੇ ਹਨ, “ਨਾ ਮੈਂ ਮੋਮਨ ਵਿਚ ਮਸੀਤਾਂ, ਨਾ ਮੈਂ ਵਿਚ ਕੁਫ਼ਰ ਦੀਆਂ ਰੀਤਾਂ…ਬੁੱਲ੍ਹਾ ਕੀ ਜਾਣਾ ਮੈਂ ਕੌਣ?” ਇਸ ਜ਼ੋਰ ਦੇ ਮਹੱਤਵਪੂਰਨ ਸਮਾਜਿਕ ਪ੍ਰਭਾਵ ਵੀ ਸਨ। ਜਦੋਂ ਸੂਫ਼ੀ ਕਾਵਿ ਨੇ ਰੂਹਾਨੀ ਮਹੱਤਤਾ ਦਾ ਆਧਾਰ ਜਮਾਤ, ਜਾਤ, ਪਰਿਵਾਰ, ਵੰਸ਼, ਕਿੱਤੇ ਜਾਂ ਵਿਰਸੇ ਵਿੱਚ ਮਿਲੇ ਸਮਾਜਿਕ ਦਰਜੇ ਦੀ ਬਜਾਏ ਇਨਸਾਨ ਦੀ ਅੰਦਰੂਨੀ ਸੁੰਦਰਤਾ ਅਤੇ ਨੈਤਿਕ ਆਚਰਨ ਨੂੰ ਬਣਾਇਆ, ਤਾਂ ਇਸ ਨੇ ਆਮ ਇਨਸਾਨ ਲਈ ਰੂਹਾਨੀ ਸਨਮਾਨ ਦੀ ਇੱਕ ਅਜਿਹੀ ਭਾਸ਼ਾ ਪੈਦਾ ਕੀਤੀ ਜਿਸ ਉੱਤੇ ਉਹ ਆਪਣਾ ਹੱਕ ਸਮਝ ਸਕਦਾ ਸੀ। ਰੱਬੀ ਮਹਿਬੂਬ ਦੀ ਭਾਲ ਗਰੀਬ ਵੀ ਕਰ ਸਕਦਾ ਸੀ ਅਤੇ ਅਮੀਰ ਵੀ; ਔਰਤ ਵੀ ਅਤੇ ਮਰਦ ਵੀ; ਅਤੇ ਉਹ ਲੋਕ ਵੀ ਜੋ ਸਥਾਪਿਤ ਸਮਾਜਿਕ/ਧਾਰਮਿਕ ਗਲਬੇ ਤੋਂ ਬਾਹਰ ਸਨ। ਇਸ ਅਰਥ ਵਿੱਚ ਸੂਫ਼ੀਵਾਦ ਨੇ ਇਸ ਧਾਰਨਾ ਨੂੰ ਇੱਕ ਮਹੱਤਵਪੂਰਨ ਚੁਣੌਤੀ ਦਿੱਤੀ ਕਿ ਰੱਬ ਦੇ ਨੇੜੇ ਪਹੁੰਚਣ ਦਾ ਅਧਿਕਾਰ ਕਿਸੇ ਖ਼ਾਸ ਸਮਾਜਿਕ ਜਾਂ ਧਾਰਮਿਕ ਉੱਚ ਵਰਗ ਦੀ ਮਲਕੀਅਤ ਹੋ ਸਕਦਾ ਹੈ। ਇਸ ਮਾਰਗ ਤੇ ਚੱਲਣ ਲਈ ਕਿਸੇ ਪੁਜਾਰੀ ਵਰਗ ਜਾਂ ਉਨ੍ਹਾਂ ਵਲੋਂ ਪੈਦਾ ਕੀਤੀਆਂ ਰਸਮਾਂ ਦੀ ਜਰੂਰਤ ਨਹੀ। ਸੂਫ਼ੀਆਂ ਦਾ ਪੈਗਾਮ ਸੀ ਕਿ ਬਾਹਰੋਂ “ਪਵਿੱਤਰ” ਹੋਣ ਦਾ ਦਿਖਾਵਾ, ਮੰਦਰ, ਮਸੀਤ ਜਾਂ ਧਰਮਸਾਲਾ ਵਿੱਚ ਸਿਰਫ਼ ਰਸਮ ਵਜੋਂ ਝੁਕਣਾ, ਜਾਂ ਗੰਗਾ, ਗਯਾ ਅਤੇ ਕਾਬੇ ਦੇ ਦਰਸ਼ਨ ਕਰ ਆਉਣਾ ਆਪਣੇ ਆਪ ਵਿੱਚ ਰੱਬ ਦੀ ਪ੍ਰਾਪਤੀ ਦਾ ਸਾਧਨ ਨਹੀਂ। ਅਸਲ ਸੰਘਰਸ਼ ਮਨੁੱਖ ਦੇ ਅੰਦਰ ਬੈਠੇ ਪਾਖੰਡ, ਝੂਠ-ਫਰੇਬ, ਲੋਭ ਅਤੇ ਹੰਕਾਰ ਨਾਲ ਹੈ (ਬੁੱਲ੍ਹੇ ਸ਼ਾਹ ਇਸ ਅੰਦਰੂਨੀ ਸੰਘਰਸ਼ ਨੂੰ ਹਉਮੈ ਨਾਲ ਜੋੜਦੇ ਫਰਮਾਉਂਦੇ ਹਨ: “ਐਵੇਂ ਰੋਜ਼ ਸ਼ੈਤਾਨ ਨਾਲ ਲੜਨੇਂ, ਕਦੇ ਨਫ਼ਸ ਆਪਣੇ ਨਾਲ ਲੜਿਆ ਨਹੀਂ, ਬੁੱਲ੍ਹੇ ਸ਼ਾਹ ਅਸਮਾਨੀਂ ਉੱਡਦਿਆਂ ਫੜਨੇਂ, ਜਿਹੜਾ ਘਰ ਬੈਠਾ ਉਹਨੂੰ ਫੜਿਆ ਨਹੀਂ।“ ਸੂਫੀ ਕਾਵਿ ਵਿੱਚ ਇਸ਼ਕ ਸਿਰਫ਼ ਦੁਨਿਆਵੀ ਪ੍ਰੇਮ ਨਹੀਂ ਰਹਿੰਦਾ, ਸਗੋਂ ਰੱਬ ਨੂੰ ਮਿਲਣ ਦੀ ਡੂੰਘੀ ਤਾਂਘ ਅਤੇ ਰੂਹਾਨੀ ਖੁਮਾਰੀ ਬਣ ਜਾਂਦਾ ਹੈ। ਇਸ ਕਾਵਿ ਵਿੱਚ ਮੈਖ਼ਾਨਾ, ਸ਼ਰਾਬ, ਮਹਿਬੂਬ ਅਤੇ ਰੂਹਾਨੀ ਮਸਤੀ ਇਸ ਤਰ੍ਹਾਂ ਇੱਕ ਵੱਖਰੀ ਰੂਹਾਨੀ ਕਲਪਨਾ ਦੇ ਸ਼ਕਤੀਸ਼ਾਲੀ ਰੂਪ ਬਣ ਗਏ। ਸੂਫ਼ੀਆਂ ਲਈ ਬਾਹਰੀ ਧਾਰਮਿਕ ਰਸਮਾਂ ਨਾਲੋਂ ਆਪਣੇ ਅੰਦਰ ਰੱਬ ਨੂੰ ਲੱਭਣਾ ਵਧੇਰੇ ਮਹੱਤਵਪੂਰਨ ਸੀ। ਉਸ ਨੂੰ ਇਸ਼ਕ ਦਾ ਅਨੁਭਵ ਕਰਨਾ ਅਤੇ ਆਪਣੇ ਅੰਦਰ ਤਬਦੀਲੀ ਲਿਆਉਣੀ ਪੈਂਦੀ ਸੀ। ਬਾਹਰੀ ਅਧਿਕਾਰ ਤੋਂ ਅੰਦਰੂਨੀ ਅਨੁਭਵ ਵੱਲ, ਸਮਾਜਿਕ ਲੇਬਲਾਂ ਤੋਂ ਇਨਸਾਨੀ ਸਨਮਾਨ ਵੱਲ ਅਤੇ ਧਾਰਮਿਕ ਰਸਮਾ ਤੋਂ ਰੱਬੀ ਇਸ਼ਕ ਵੱਲ ਇਹ ਤਬਦੀਲੀ ਉਨ੍ਹਾਂ ਮਹੱਤਵਪੂਰਨ ਬੁਨਿਆਦਾਂ ਵਿੱਚੋਂ ਇੱਕ ਬਣੀ ਜਿਨ੍ਹਾਂ ਉੱਤੇ ਪਹਿਲਾਂ ਅਰਬੀ ਤੋਂ ਫਾਰਸੀ ਅਤੇ ਬਾਅਦ ਵਿੱਚ ਪੰਜਾਬੀ ਸੂਫ਼ੀ ਕਾਵਿ ਦਾ ਵਿਕਾਸ ਹੋਇਆ। ਇਸ ਤਰ੍ਹਾਂ ਸੂਫ਼ੀ ਇਸ਼ਕ ਨੇ ਰੱਬ ਦੀ ਭਾਲ ਨੂੰ ਬਾਹਰੀ ਧਾਰਮਿਕ ਅਧਿਕਾਰ ਤੋਂ ਇਨਸਾਨ ਦੇ ਅੰਦਰਲੇ ਅਨੁਭਵ ਵੱਲ, ਸਮਾਜਿਕ ਲੇਬਲਾਂ ਤੋਂ ਇਨਸਾਨੀ ਬਰਾਬਰੀ ਵੱਲ ਅਤੇ ਰਸਮੀ ਧਾਰਮਿਕਤਾ ਤੋਂ ਅੰਦਰੂਨੀ ਰੂਹਾਨੀ ਤਬਦੀਲੀ ਵੱਲ ਮੋੜ ਦਿੱਤਾ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
Dr. Shinder Purewal currently serves as a Professor of Political Science at Kwantlen Polytechnic University, following faculty roles at various other BC institutions. He is also a former Citizenship Judge for the BC and Yukon region. After moving to Canada at age seventeen, he spent most of his career focusing on academic research and writing. Though he wrote satire in his youth, he is now expanding into fiction and story publications.
**
Dr. Shinder Purewal
e-mail:shinderpurewal@gmail.com
+1 604-729-4592

by
ਰੱਬੀ ਸ਼ਕਤੀ ਦੇ ਇਸ਼ਕ/ਪਿਆਰ ਵਿਚ ਮਸਤ ਇਰਾਕ ਦੀ ਰਾਬੀਆ ਬਸਰੀ (717–801 AD ) ਨੂੰ ਅਕਸਰ ਅੱਠਵੀਂ ਸਦੀ ਦੇ ਇਸਲਾਮਿਕ ਸੂਫ਼ੀਵਾਦ ਨਾਲ ਜੁੜੀ ਪਹਿਲੀ ਆਗੂ ਔਰਤ ਸਮਝਿਆ ਜਾਂਦਾ ਹੈI ਇਸ ਰੱਬੀ ਸ਼ਕਤੀ ਦੇ ਇਸ਼ਕ/ਪਿਆਰ ਦਾ ਵਰਨਣ ਕਰਦੀ ਉਹ ਕਹਿੰਦੀ ਹੈ: 