3 November 2026

ਇੰਜ ਨਹੀਂ ਕਰੀਦਾ… ਜੀ!! — ਡਾ. ਕੁਲਵਿੰਦਰ ਸਿੰਘ ਬਾਠ

ਸਮੇਂ ਦੇ ਹਾਣੀ ਬਣਦਿਆਂ ਸਮੇਂ ਦਾ ਪਾਬੰਦ ਹੋ ਕੇ ਚਲਣਾ ਇਨਸਾਨ ਦੇ ਜੀਵਨ ਦੀ ਖ਼ੂਬਸੂਰਤ ਨਿਸ਼ਾਨੀ ਹੁੰਦੀ ਹੈ। ਇਹ ਬਹੁਤ ਜ਼ਰੂਰੀ ਵੀ ਹੁੰਦਾ ਹੈ। ਪਰ ਬਹੁਤੀ ਵਾਰੀ ਬਹੁਤ ਵਿਅਕਤੀ ਸਮੇਂ ਦੇ ਪਾਬੰਦ ਹੋਣ-ਨਾ ਹੋਣ ਦੀ ਤਿਲਕਣ ਵਿੱਚ ਤਿਲਕਦੇ ਰਹਿੰਦੇ ਹਨ। ਫਿਰ ਇਸ ਤਿਲਕਣਬਾਜ਼ੀ ਵਿੱਚ ਕੁਝ ਲੋਕਾਂ ਦੀ ਕੱਚੀ ਆਦਤ ਰੜ੍ਹ-ਰੜ੍ਹ ਕੇ ਪੱਕ ਵੀ ਜਾਂਦੀ ਹੈ। ਉਹ ਬੇਵਜ੍ਹਾ ਹੀ ਹਰੇਕ ਕੰਮ ਨੂੰ ਲੇਟ ਕਰਨਾ ਸ਼ੁਰੂ ਕਰ ਦਿੰਦੇ ਨੇ। ਹਰੇਕ ਕੰਮ ਨੂੰ ਅਖੀਰਲੇ ਮਿੰਟ ਤੱਕ ਲਟਕਾਉਂਦੇ ਰਹਿੰਦੇ ਹਨ। ਕਈ ਵਾਰੀ ਤਾਂ ‘ਖੁਦ’ ਵੱਲੋਂ ਹੀ ਤੈਅ ਕੀਤੇ ਹੋਏ ਸਮੇਂ ਤੋਂ ਲੇਟ ਪਹੁੰਚ ਕੇ ਬੜੇ ਆਰਾਮ ਅਤੇ ਸ਼ਾਨ ਨਾਲ ਦੂਸਰਿਆਂ ਦੇ ਸਮੇਂ ਦੀ ਧੱਜੀਆਂ ਉਡਾਉਂਦੇ ਹਨ।

ਗੱਲ ਖ਼ੁਦ ਤੋਂ ਹੀ ਸ਼ੁਰੂ ਕਰ ਲੈਂਦੇ ਹਾਂ…
ਪਰਵਾਸ ਦੇ ਮਾਹੌਲ ਵਿੱਚ ਵਿਚਰਦਿਆਂ ਸਾਡੀਆਂ (ਮੇਰੇ ਸਮੇਤ) ਕੁਝ ਕੁ ਆਦਤਾਂ ਬਦਲ ਤਾਂ ਗਈਆਂ ਹਨ… ਪਰ ਸ਼ਾਇਦ ਪੂਰੇ ਤੌਰ ‘ਤੇ ਨਹੀਂ। ਪ੍ਰਦੇਸ ਵਿੱਚ ਜਦ ਅਸਾਂ ਕੰਮਾਂ ਕਾਰਾਂ ‘ਤੇ ਪਹੁੰਚਣਾ ਹੁੰਦਾ ਹੈ ਜਾਂ ਫਿਰ ਬੱਸ-ਗੱਡੀ ਜਾਂ ਜਹਾਜ਼ ਫੜਨਾ ਹੁੰਦਾ ਹੈ ਤਾਂ ਲੱਗਭਗ ਹਰ ਇੱਕ ਵਿਅਕਤੀ ਆਰਾਮ ਨਾਲ ਪੂਰੇ ਟਾਇਮ ਸਿਰ ਪਹੁੰਚ ਜਾਂਦਾ ਹੈ। ਕਿਉਂਕਿ, ਉਸ ਨੂੰ ਟਾਇਮ ‘ਤੇ ਨਾ ਪਹੁੰਚਣ ਦੇ ‘ਨਤੀਜਿਆਂ’ ਦਾ ਪਹਿਲਾਂ ਹੀ ਪਤਾ ਹੁੰਦਾ ਹੈ। ਜਦ ਕਿਸੇ ਦੇਸੀ ਭੈਣ ਭਰਾ ਦੇ ਪ੍ਰੋਗਰਾਮ ਜਾਂ ਮਹਿਮਾਨ ਬਣ ਕੇ ਪਹੁੰਚਣਾ ਹੋਵੇ ਤਾਂ ਸਾਡੇ ਦੇਸੀਆਂ ਦੇ ਦੇਸੀਆਂ ਵਾਲੇ ਜੀਨ (genes) ਆਪਣਾ ਰੰਗ ਦਿਖਾਉਣ ਲੱਗ ਪੈਂਦੇ ਹਨ। ਹੋ ਸਕਦਾ ਹੈ ਕੁਝ ਸ਼ਖ਼ਸ ਇਸ ਲਾਪਰਵਾਹੀ ਨੂੰ ਆਪਣੀ ਸ਼ਾਨ ਵੀ ਸਮਝਦੇ ਹੋਣ, ਪਰ ਕਿਸੇ ਵਿਅਕਤੀ ਨਾਲ ਟਾਇਮ ਮੁਕੱਰਰ ਕਰਕੇ ਬੇਵਜ੍ਹਾ ਈ ਟਾਇਮ ‘ਤੇ ਨਾ ਪਹੁੰਚਣਾ… ਉਸ ਦੀ ਤੌਹੀਨ ਦੇ ਬਰਾਬਰ ਹੁੰਦਾ ਹੈ। ਅਸੀਂ ਨਾ ਆਪਣੇ ਅਤੇ ਨਾ ਹੀ ਦੂਸਰੇ ਦੇ ਟਾਇਮ ਦੀ ਕਦਰ ਕਰਦੇ ਹਾਂ ਅਤੇ ਇੰਜ ਕਰਨਾ ਸਾਨੂੰ ਬੁਰਾ ਵੀ ਨਹੀਂ ਲੱਗਦਾ।

ਦੋਸਤੋ, ਯਕੀਨਨ ਹੀ ਤੁਹਾਡੀ ਜ਼ਿੰਦਗੀ ਵਿੱਚ ਵੀ ਕੋਈ ਨਾ ਕੋਈ ਇਸ ਤਰਾਂ ਦੀ ਸ਼ਖ਼ਸੀਅਤ ਜ਼ਰੂਰ ਹੋਵੇਗੀ। ਮੇਰਾ ਵੀ ਘੱਟ ਤੋਂ ਘੱਟ ਇੱਕ ਦੋਸਤ ਤਾਂ ਪੱਕਾ ਹੀ ਹੈ… ਜੇਕਰ ਉਹ ਸਵੇਰ ਦੇ ਨਾਸ਼ਤੇ ‘ਤੇ ਪਹੁੰਚਣ ਦਾ ਵਾਅਦਾ ਕਰਦਾ ਹੈ ਤਾਂ… ਅਸੀਂ ਦੁਪਿਹਰ ਦੇ ਖਾਣੇ ਦਾ ਬੰਦੋਬਸਤ ਕਰਦੇ ਹਾਂ। ਕਿਉਂਕਿ ਏਨਾ ਕੁ ਬੇਵਜ੍ਹਾ ਲੇਟ ਤਾਂ ਉਸ ਨੇ ਹੋਣਾ ਹੀ ਹੁੰਦਾ ਹੈ!!

ਅਮਰੀਕਾ ਦੀ ਯੂਨੀਵਰਸਿਟੀ ਵਿੱਚ ਪੜ੍ਹਾਉਂਦੇ ਮੇਰੇ ਅਜ਼ੀਜ਼ ਦੋਸਤ ਪ੍ਰੋਫੈਸਰ ਗੁਰਬਖ਼ਸ਼ ਸਿੰਘ ਭੰਡਾਲ ਅਕਸਰ ਕਹਿ ਦਿੰਦੇ ਹਨ,…”ਬੰਦੇ ਨੂੰ ਆਪਣੇ ਅਤੇ ਦੂਸਰੇ ਦੇ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਨਹੀਂ ਤਾਂ ਸਮਾਂ ਤੁਹਾਡੀ ਕਦਰ ਨਹੀਂ ਕਰਦਾ। ਜੇਕਰ ਮੈਂ ਕਲਾਸ ਵਿੱਚ ਇੱਕ ਮਿੰਟ ਵੀ ਲੇਟ ਪੜ੍ਹਾਉਣ ਜਾਵਾਂ ਤਾਂ ਇਸਦਾ ਮਤਲਬ ਹੈ ਕਿ ਸੱਠ ਵਿਦਿਆਰਥੀਆਂ ਦੀ ਕਲਾਸ ਦੇ ਸੱਠ ਮਿੰਟ, ਜਾਣੀ ਕਿ ਪੂਰਾ ਇੱਕ ਘੰਟਾ ਬਰਬਾਦ! ਮੈਂ ਕਿਉ ਵਿਦਿਆਰਥੀਆਂ ਦਾ ਸਮਾਂ ਬਰਬਾਦ ਕਰਾਂ??”

ਟਾਇਮ ਸਿਰ ਨਾ ਪਹੁੰਚਣ ਵਾਂਗ ਹੀ ਕਈ ਵਾਰੀ ਕਈ ਬੰਦੇ ਕਿਸੇ ਕੰਮ ਕਾਰ ਨੂੰ ਯੋਜਨਾਬੱਧ ਤਰੀਕੇ ਨਾਲ ਨਹੀਂ ਕਰਦੇ…। ‘ਦੇਖੀ ਜਾਊ’ ਕਹਿ ਕੇ ਕੰਮ ਚਲਾ ਲੈਂਦੇ ਹਨ। ਕਿਸੇ ਵੀ ਕੰਮ ਨੂੰ ਸਿਰੇ ਚਾੜ੍ਹਨ ਲਈ ਪਹਿਲਾਂ ਯੋਜਨਾ ਬਣਾਉਣੀ ਹੀ ਪੈਂਦੀ ਹੈ ਅਤੇ ਬਣਾਉਣੀ ਚਾਹੀਦੀ ਵੀ ਹੈ। ਕਈ ਵਾਰੀ ਤਾਂ ਯੋਜਨਾਬੱਧ ਹੁੰਦਿਆਂ ਵੀ ਅੜਿੱਕੇ ਪੈ ਜਾਂਦੇ ਹਨ… ਸੱਚ ਹੀ! ਤੁਸੀਂ ਵੀ ਜ਼ਰੂਰ ਸੁਣਿਆ ਹੋਵੇਗਾ – ਕਿਵੇਂ ਸੋਝੀ ਵਾਲੇ ਲੋਕ ਪਲੈਨ ਏ, ਪਲੈਨ ਬੀ… ਬਣਾਉਂਦੇ ਨੇ।

ਇਹ ਗੱਲ ਵੀ ਸਹੀ ਹੈ ਕਿ ਪੈ ਗਈਆਂ ਆਦਤਾਂ ਦਾ ਤਿਆਗ ਕਰਨਾ ਮਨੁੱਖ ਵਾਸਤੇ ਤਕੜਾ ਸੰਘਰਸ਼ ਹੈ।
ਵਾਰਿਸ ਸ਼ਾਹ ਤਾਂ ਬਹੁਤ ਚਿਰ ਪਹਿਲਾਂ ਹੀ ਹੱਥ ਖੜ੍ਹੇ ਕਰ ਗਿਆ ਸੀ…

ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆ ਨੇ,
ਭਾਵੇਂ ਕੱਟੀਏ ਪੋਰੀਆਂ-ਪੋਰੀਆਂ ਜੀ ॥

ਇਸ ਹਲਵਾਈ ਦਾ ਵੀ ਜਵਾਬ ਨਹੀਂ…
ਗੱਲ ਸੱਚੀ ਹੈ ਅਤੇ ਬਹੁਤ ਦੇਰ ਪਹਿਲਾਂ ਦੀ ਵੀ ਨਹੀਂ ਹੈ। ਮੇਰੇ ਦੋਸਤ ਦੀ ਬੇਟੀ ਦਾ ਵਿਆਹ ਸੀ। ਵਿਆਹ ਵਿੱਚ ਹਲਵਾਈ ਦਾ ਅਹਿਮ ਰੋਲ ਹੁੰਦਾ ਹੈ। ਉਸ ਨੇ ਵਿਆਹ ਵਿੱਚ ਭਾਂਤ-ਭਾਂਤ ਦੇ ਪਕਵਾਨ ਬਣਾਉਣੇ ਹੁੰਦੇ ਨੇ। ਹੋਇਆ ਇੰਜ ਕਿ ਵਿਆਹ ਵਾਲੇ ਦਿਨ, ਕਿਸੇ ਹਿੰਮਤੀ ਬੰਦੇ ਦੀ ਕੋਸ਼ਿਸ਼ ਸਦਕਾ… ਬਰਾਤ ਬਿਲਕੁਲ ‘ਟਾਇਮ ਸਿਰ’ ਹੀ ਪਹੁੰਚ ਗਈ… । ਇਹ ਦੇਖਦਿਆਂ ਹਲਵਾਈ ‘ਬਹੁਤ ਹੈਰਾਨ ਤੇ ਕੁਝ ਪਰੇਸ਼ਾਨ’ ਹੋ ਗਿਆ। ਸ਼ਾਇਦ ਉਸ ਨੇ ਇਹ ਸੋਚਿਆ ਹੀ ਨਹੀਂ ਸੀ ਕਿ ਪੰਜਾਬੀਆਂ ਦੀ ਬਰਾਤ ਕਦੇ ਟਾਇਮ ‘ਤੇ ਪੁੱਜ ਸਕਦੀ ਹੈ! ਹੋਰ ਹੈਰਾਨਗੀ ਦੀ ਗੱਲ ਇਹ ਹੋਈ ਕਿ ਵਿਆਹ ਵਾਲਿਆਂ ਦੀ ਮੇਲਾ ਨੁਮਾ ਬਰਾਤ ਵਿੱਚ… ਮੁੰਡੇ ਵਾਲਿਆਂ ਦੇ ‘ਸਿਰ ਹੀ ਸਿਰ’ ਦਿਖਾਈ ਦੇਵਣ… ਇੰਜ ਲੱਗਿਆ ਜਿਵੇਂ ਵਿਆਂਹਦੜ ਵਾਲੇ ਬਰਾਤ ਵਿੱਚ… ਸਾਰਾ ਸ਼ਹਿਰ ਹੀ ‘ਕੱਠਾ ਕਰ ਕੇ ਲੈ ਆਏ ਹੋਵਣ!!

ਮਿਲਣੀ ਦੀ ਰਸਮ ਤੋਂ ਬਾਅਦ ਬੰਦੇ-ਬੁੜ੍ਹੀਆਂ ਦਾ ਹੜ੍ਹ ਲੰਗਰ ਹਾਲ ਵੱਲ ਆਉਂਦਿਆਂ ਦੇਖ ਕੇ ਹਲਵਾਈਆਂ ਦੇ ਸਰਦਾਰ ਅਤੇ ਉਹਦੇ ਲਾਂਗਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ…। ਇਸ ਖਲਬਲੀ ਵਿੱਚ ਉਨ੍ਹਾਂ ਨੇ ਕਾਹਲ਼ੇ ਪੈਂਦਿਆਂ ਗੈਸ ਵਾਲੀ ਭੱਠੀ ਦੀ ਲਾਟ ‘ਫੁੱਲ’ ਕਰ ਦਿੱਤੀ ਅਤੇ ਅੱਧ-ਪੱਕੇ ਪਕੌੜਿਆਂ ਦੇ ‘ਵੱਡੇ-ਵੱਡੇ’ ਪੂਰ ‘ਜਲਦੀ-ਜਲਦੀ’ ਕੱਢਣੇ ਸ਼ੁਰੂ ਕਰ ਦਿੱਤੇ। ਬਹੁਤੇ ਹਲਵਾਈ ਤਾਂ ਪਹਿਲਾਂ ਹੀ ‘ਅੱਧੇ-ਤਲਿਓ’ ਪਕੌੜੇ ਤਿਆਰ ਕਰਕੇ ਰੱਖ ਲੈਂਦੇ ਹਨ… ਤਾਂ ਕਿ ਅਚਾਨਕ ਪਈ ਭੀੜ ਪੈਣ ‘ਤੇ ਜ਼ਿਆਦਾ ਰਾੜ੍ਹਨੇ ਨਾ ਪੈਣ ਅਤੇ ਟਾਇਮ ਦੀ ਬੱਚਤ ਹੋ ਜਾਵੇ। ਪਰ ਇਸ ਹਲਵਾਈ ਦੀ ‘ਯੋਜਨਾ’ ਵਿੱਚ ਇਹ ਹਿੱਸਾ ਗਾਇਬ ਸੀ…।

ਖ਼ੈਰ, ਆਦਤ ਤੋਂ ਮਜਬੂਰ ਸਾਡੇ ਜੋ ਪੰਜਾਬੀ ‘ਚੰਗੀ ਭਲੀ ਸੁਆਦਲੀ’ ਚੀਜ਼ ਨੂੰ ਖਾ ਕੇ ਅਤੇ ਡਕਾਰ ਮਾਰਦਿਆਂ ਵੀ ਇਹ ਕਹਿ ਕੇ ਆਪ ਵੱਡੇ ਬਣ ਜਾਂਦੇ ਹਨ ਕਿ…. ‘ਸੁਆਦ ਜਿਹਾ ਨਹੀਂ ਆਇਆ’, ਉਹ ਇਹ ਅੱਧ-ਪੱਕੇ ਪਕੌੜਿਆਂ ਨੂੰ ਕਿਸ ਤਰਾਂ ਆਸਾਨੀ ਨਾਲ ਨਿਗਲ ਲੈਂਦੇ?? ਝੱਟ ਪੱਟ ਹੀ ਬਰਾਤੀਆਂ ਦੇ ਦਲ ਵਿੱਚ ਘੁਸਰ-ਮੁਸਰ ਜਿਹੀ ਹੋਣ ਲੱਗ ਪਈ ਅਤੇ ਕਈ ਤਰਾਂ ਦੀਆ ‘ਵਾਜ਼ਾਂ ਵਾਲੇ ਵਾਜੇ ਵੱਜਣ ਲੱਗੇ…।
ਕੋਈ ਆਖੇ..
ਹਲਵਾਈ ਕਿਹੜਾ ਆ? ਆਹ ਕੋਈ ਪਕੌੜੇ ਆ?
ਆਲੂ ਤਾਂ ਕੱਚੇ ਈ ਆ! ਗੋਭੀ ਵੀ ਨਿਰੀ ਕੱਚੀ !!
ਆਹ… ਕੱਚੀ ਕਰਿਆਟੀ ਖਾ ਕੇ ਢਿੱਡ ਦੁਖਾਉਣਾ… ਆ?

ਉੱਡਦੀ-ਉੱਡਦੀ ਗੱਲ ਵਿਆਹ ਵਾਲੇ ਦੋਸਤ ਦੇ ਕੰਨੀਂ ਵੀ ਪੈ ਗਈ… ਜਾਂ ਫਿਰ ਕਿਸੇ ਛੋਹਲ਼ੇ ਬੰਦੇ ਨੇ ਜਾਣ-ਬੁੱਝ ਕੇ ਉਹਦੇ ਕੰਨੀਂ ਪਾ ਦਿੱਤੀ… । ਉਹ ਗਰਮੋ-ਗਰਮ ਹੋਇਆ ਹਲਵਾਈ ਨੂੰ ਧੌਣ ਤੋਂ ਫੜ ਕੇ ਢਾਉਣ ਨੂੰ ਹੀ ਫਿਰੇ!!

“ਨਾਲੇ ਰਾਹ ਵਿੱਚ ਹੱਗੇ, ਨਾਲੇ ਆਨੇ ਪਿਆ ਟੱਡੇ”… ਵਾਂਗ ਹਲਵਾਈ ਬੋਲਿਆ,… “ਚਲੋ… ਜੀ ਮੰਨ ਲੈਂਦੇ ਹਾਂ ਕਿ ਆਲੂ-ਗੋਭੀ ਵਾਲੇ ਪਕੌੜੇ ਮਾੜੇ-ਮੋਟੇ ਕੱਚੇ ਹੋਵਣ, ਪਰ ਪਨੀਰ ਵਾਲੇ ਪਕੌੜੇ ਤਾਂ ਸਹੀ ਈ ਸਨ!! …
ਹੋਰ ਐਨਾ ਕੁਛ ਉੱਥੇ ਪਿਆ ਹੋਇਆ ਸੀ… ਲੋਕੀਂ.. ਤਾਂ ਬਸ… ਐਵੇਂ ਈ… ਨੁਕਸ ਲੱਭਣ ਲਈ ਬਹਾਨੇ ਲੱਭਦੇ ਰਹਿੰਦੇ ਨੇ! ਨਾਲ਼ੇ ਮੈਨੂੰ ਇਹ ਕੀ ਪਤਾ ਸੀ… ਬਰਾਤ ਐਨ ‘ਟੈਮ ਤੇ’ ਆ.. ਜੂ.. ਗੀ…?
ਹੋਰ ਤਾਂ ਹੋਰ… ਬਰਾਤ ‘ਚ ਵੀ ਐਨੇ ਬੰਦਿਆਂ ਦੇ ਆਉਣ ਦਾ ਵੀ ਕੀ ਇਲਮ ਸੀ?”

ਉਸ ਨੂੰ ਲੰਮੀ-ਚੌੜੀ ਬਰਾਤ ਦਾ ‘ਟਾਇਮ ਸਿਰ ਪਹੁੰਚਣਾ’ ਅਣਹੋਣੀ ਜਾਪਿਆ ਅਤੇ ਉਸਨੇ ਇੱਧਰ ਉੱਧਰ ਹੱਥ ਮਾਰਦਿਆਂ… ਆਪਣੀ ਅਧੂਰੀ ਯੋਜਨਾ ‘ਤੇ ਪੂਰਾ ਪਰਦਾ ਪਾ ਲਿਆ!

ਘਬਰਾਹਟ ਵਿੱਚ ਦੋਸਤ ਸਾਡੇ ਵੱਲ ਦੌੜਾ ਆਇਆ ਤੇ ਬੋਲਿਆ,…
”ਹੁਣ ਤਸੀਂ ਦੇਖਿਓ… ਕਿਤੇ ਰੋਟੀ ਵੇਲੇ ਵੀ ਇਹ ਔਂਤਰਾ ਹਲਵਾਈ… ਇਹੀ ਗੰਦ ਨਾ ਪਾਵੇ! ਮੈਂ ਇਹਦੇ ਨਾਲ ਤਾਂ ਬਾਅਦ ‘ਚ ਗੱਲ ਕਰਾਂਗਾ! ਬੇਇੱਜ਼ਤੀ ਕਰਾ ਦਿੱਤੀ ਸਾਲੇ ਨੇ!”

ਆਨੰਦ ਕਾਰਜ ਦੀ ਰਸਮ ਅੱਧ ਕੁ ਤੱਕ ਪਹੁੰਚੀ ਤਾਂ ਮੈਂ ਅਤੇ ਮੇਰਾ ਇੱਕ ਹੋਰ ਦੋਸਤ ਰੋਟੀ ਦਾ ਪ੍ਰਬੰਧ ਦੇਖਣ ਲਈ ਹਲਵਾਈ ਦੀ ਭੱਠੀ ਵੱਲ ਨੂੰ ਤੁਰ ਪਏ…। ਕਿਚਨ ਵਿੱਚ ਪਹੁੰਚੇ ਤਾਂ… ਦੇਖਿਆ ਕਿ ਹਲਵਾਈ ਦੇ ਚੇਹਰੇ ਦਾ ਰੰਗ ਫੇਰ ਉੱਡਿਆ ਪਿਆ ਸੀ। ਸਾਡੇ ਵੱਲ ਦੇਖਦਿਆਂ ਈ ਉਸ ਨੇ ਮੋਬਾਇਲ ਫੋ਼ਨ ਨੂੰ ਕੰਨ ਨਾਲ ਲਾ ਲਿਆ। ਦੋ ਕੁ ਮਿੰਟ ਦੀ ਗੱਲ-ਬਾਤ ਸੁਣਦਿਆਂ ਸਾਨੂੰ ਭਾਂਪਿਆ ਕਿ… “ਸਭ ਕੁਛ ਅੱਛਾ ਨਹੀਂ ਹੈ…।”

ਹੌਂਸਲਾ ਕਰਕੇ ਪੁੱਛ ਲਿਆ,… “ਕਿੱਦਾਂ… ਹਲਵਾਈ ਜੀ! ਸਭ ਤਿਆਰੀਆਂ ਠੀਕ ਈ ਚੱਲ ਰਹੀਆਂ ਹਨ??”
ਸਲਾਦ, ਚੌਲਾਂ, ਦਾਲਾਂ-ਸਬਜ਼ੀਆਂ ਅਤੇ ਗਜਰੇਲੇ ਵੱਲ ਨੂੰ ਵਾਰ ਵਾਰ ਹੱਥ ਕਰਦਿਆਂ ਬੋਲਿਆ,… “ਆਹ ਬਾਕੀ ਸਭ ਕੁਛ ਤਾਂ ਤਿਆਰ ਈ ਆ… ਸਿਰਫ ਨਾਨ੍ਹ ਹੀ ਬਣਨ ਵਾਲੇ ਨੇ !”
ਕੁਛ ਫ਼ਿਕਰ ਜ਼ਾਹਰ ਕਰਦਿਆਂ ਅਸਾਂ ਕਿਹਾ,… “ਜ਼ਰਾ ਜਲਦੀ ਕਰੋ, ਹਲਵਾਈ ਸਾਹਿਬ ! … ਵਿਆਹ ਦੀ ਰਸਮ ਲਗਭਗ ਪੂਰੀ ਹੋ ਈ ਗਈ ਆ! ਕਿਤੇ ‘ਓਹੀ ਗੱਲ’ ਫੇਰ ਨਾ ਹੋਵੇ!

‘ਓਹੀ ਗੱਲ’ ਸੁਣ ਕੇ ਹਲਵਾਈ ਸਾਨੂੰ ‘ਹੌਸਲਾ’ ਦਿੰਦੇ ਹੋਏ ਬੋਲਿਆ,… “ਕੋਈ ਗੱਲ ਨਹੀਂ ਜੀ… ਐਵੇਂ ਓਦਰੀ ਨਾ ਜਾਇਆ ਕਰੋ! ਅਜੇ ਆਖਰੀ ਦੋ ਲਾਵਾਂ ਨੂੰ ਪੂਰੇ ਹੁੰਦਿਆਂ… ਤੇ ਸ਼ਗਨ ਪਾਉਂਦਿਆਂ ਬਰਾਤੀਆਂ ਨੂੰ ਟੈਮ ਲੱਗ ਈ ਜਾਣਾ,…। ਵੈਸੇ, ਹੁਣ ਤੱਕ ਤਾਂ ਸਭ ਕੁਛ ਹੋ ਹੀ ਜਾਣਾ ਸੀ… ਬਸ ‘ਥੋੜ੍ਹੀ ਜਿਹੀ ਪ੍ਰਾਬਲਮ’ ਆ ਗਈ…। ਸਾਡੇ ਮੁੰਡੇ ਦਾ ਪਿੱਕਾ (ਪਿੱਕ-ਅਪ ਟਰੱਕ) ਰਾਹ ਵਿੱਚ ਖ਼ਰਾਬ ਹੋ ਗਿਆ!”
ਹੈਂਅ ?…. ਅਸਾਂ ਘਾਬਰ ਗਿਆਂ ਨੇ ਇੱਕ ਦੂਸਰੇ ਦੇ ਮੂੰਹ ਵੱਲ ਦੇਖਦਿਆਂ ਉਹਨੂੰ ਪੁੱਛਿਆ,… “ਨਾਨ੍ਹ ਕਿਤਨੇ ਕੁ ਬਣਨ ਵਾਲੇ ਰਹਿੰਦੇ ਆ, ਅਜੇ? ਕਿਸੇ ਹੋਰ ਮੁੰਡੇ ਨੂੰ ਨਾਲ਼ ਲਾ ਕੇ ਨਾਨ੍ਹ ਬਣਾ ਲੈ… ਕਿਤੇ ਸਵੇਰ ਵਾਂਗਰ ਈ ਨਾ ਹੋਵੇ!”
ਅੱਗਿਉਂ ਬੋਲਿਆ,… “ਇਹੀ ਤਾਂ ਜੀ ਮੈਂ ਤੁਹਾਨੂੰ ਦੱਸ ਰਿਹਾ ਹਾਂ… ਮੁੰਡੇ ਤਾਂ ਹੋਰ ਵੀ ਹੈਗੇ ਆ… ਪਰ ਓਸ ਮੁੰਡੇ ਦਾ ਪਿੱਕ-ਅਪ ਟਰੱਕ ਰਾਹ ‘ਚ ਖ਼ਰਾਬ ਹੋ ਗਿਆ!”

ਗੱਲ ਕਿਸੇ ਸਿਰੇ ਪੱਤਣ ਨਾ ਲਗਦੀ ਦੇਖ ਮੇਰਾ ਦੋਸਤ ਕੁੱਝ ਖਿੱਝ ਕੇ ਬੋਲਿਆ,…
”ਜੇ ਹੋਰ ਮੁੰਡੇ ਹੈਗੇ ਆ… ਤਾਂ ਨਾਨ੍ਹ ਬਣਾ ਫੇਰ!
ਤੇ… ਖ਼ਰਾਬ ਹੋਏ ਪਿੱਕ-ਅਪ ਟਰੱਕ ਦਾ ਨਾਨ੍ਹ ਬਣਾਉਣ ਨਾਲ਼ ਕੀ ਦੇਣਾ-ਲੈਣਾ?”
ਹਲਵਾਈ ਥੋੜ੍ਹਾ ਜਿਹਾ ਪਰ੍ਹੇ ਨੂੰ ਹੋ ਕੇ ਬੋਲਿਆ,…
”ਤੁਹਾਨੂੰ ਦੱਸਿਆ ਤਾਂ ਹੈ… ਪਿੱਕ-ਅਪ ਟਰੱਕ ਖ਼ਰਾਬ ਹੋ ਗਿਆ, ਰਾਹ ਵਿੱਚ… ਤੇ… ਤੇ… ਨਾਨ੍ਹ ਬਣਾਉਣ ਵਾਲਾ ਤੰਦੂਰ ਓਸ ਟਰੱਕ ਵਿੱਚ ਹੀ ਆਉਣਾ ਸੀ !”

ਅਸੀਂ ਆਪਣੇ ਮੱਥੇ ਹੱਥ ਮਾਰਦਿਆਂ ਸੋਚਣ ਲੱਗ ਪਏ ਕਿ…
.. ਕਦੋਂ ਤੰਦੂਰ ਆਊਗਾ?
.. ਕਦੋਂ ਤੰਦੂਰ ਲਾਲ ਗਰਮ ਹੋਵੇਗਾ?
.. ਤੇ ਕਦੋਂ ਨਾਨ੍ਹ ਬਣਨਗੇ?

ਖ਼ੈਰ, ਸ਼ਗਨਾਂ ਦੀ ਲੰਮੀ ਰਸਮ ਖ਼ਤਮ ਹੁੰਦਿਆਂ ਤੀਕਰ… ਹਲਵਾਈ ਦੀ ਟੀਮ ਨੇ ਹਿੰਮਤ ਮਾਰਦਿਆਂ ‘ਕੱਚੇ-ਭੁੰਨੇ’ ਜਿਹੇ ਨਾਨ੍ਹ ਬਣਾ ਕੇ ਬਰਾਤ ਨੂੰ ਪਰੋਸ ਦਿੱਤੇ!!
***
ਡਾ. ਕੁਲਵਿੰਦਰ ਬਾਠ
ਕੈਲੀਫ਼ੋਰਨੀਆ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
***
1967
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

ਡਾ. ਕੁਲਵਿੰਦਰ ਸਿੰਘ ਬਾਠ

ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

View all posts by ਡਾ. ਕੁਲਵਿੰਦਰ ਸਿੰਘ ਬਾਠ →