|
ਉਸ ਨੇ ਮੇਰੇ ਹੱਥੋਂ ਵੈਸਟ ਨੂੰ ਪਕੜ ਕੇ, ਕੱਪੜੇ ਨੂੰ ਉੱਪਰ ਥੱਲੇ ਜਿਹੇ ਨੂੰ ਟਪਾਉਂਦਿਆਂ, ‘ਪਰਾਈਸ ਟੈਗ’ ਦੇਖ, ਅਤੇ ਫਿਰ ਇੱਕ ਪਲ ਸੋਚ ਕੇ, ਉਲਟਾ ਮੈਨੂੰ ਹੀ ਕਈ ਸਵਾਲ ਕਰ ਦਿੱਤੇ – “ਰੰਗ ਤਾਂ … ਸੋਹਣਾ ਈ ਆ,… ਇਸ ਸੰਖੇਪ ਜਿਹੀ ਗੱਲ-ਬਾਤ ਤੋਂ ਬਾਅਦ ਉਹ ਆਪਣੀ ਖ਼ਰੀਦੋ ਫ਼ਰੋਖ਼ਤ ‘ਚ ਲੱਗ ਗਈ। ਸ਼ਾਇਦ, ਉਸਨੂੰ ਮੁੱਲ ਦੇ ਸਾਹਮਣੇ ‘ਕੁਆਲਟੀ ਅਤੇ ਕੁਆਂਟਟੀ’ ਦਾ ਪਲੜਾ ਹਲਕਾ ਲੱਗ ਰਿਹਾ ਸੀ। ‘ਝੱਗੀ ਅਤੇ ਪੈਸਿਆਂ’ ਦੇ ਇਸ ਅਚਨਚੇਤ ‘ਮੇਲ-ਮਿਲਾਪ’ ਦੇ ਹੁੰਦਿਆਂ ਹੀ ਮੈਨੂੰ ਕਈ ਦਹਾਕਿਆਂ ਪਹਿਲਾਂ ਵਾਪਰੀ ਇੱਕ “ਬਾਬੇ ਦੀ ਮਾਇਆ ਝੱਗੀ” ਦੀ ਘਟਨਾ ਨੇ ਆ ਝੰਜੋੜਿਆ….। 1987-88 ਦੇ ਆਸ ਪਾਸ ਦੀ ਗੱਲ ਹੈ ਜਦੋਂ ਸਾਡੇ ਪਿੰਡ ਦੇ ਬਿਲਕੁਲ ਨਾਲ ਦੇ ਪਿੰਡ ‘ਚ ਮੇਰੇ ਬਾਪੂ ਜੀ ਨੇ ਕੁਝ ਖੇਤੀ ਵਾਲੀ ਜ਼ਮੀਨ ਖ਼ਰੀਦਣ ਲਈ ਪੈਸੇ ਦੇਣ ਅਤੇ ਖ਼ਰੀਦ ਪੇਪਰਾਂ ਤੇ ਦਸਤਖ਼ਤ ਕਰਨ ਲਈ ਲਾਗਲੇ ਸ਼ਹਿਰ ਦੀਆਂ ਕਚਹਿਰੀਆਂ ਨੂੰ ਜਾਣਾ ਸੀ। ਮੈਨੂੰ ਕਹਿਣ ਲੱਗੇ,. “ਐਥੇ ਕੀ ਕਰਨਾ ਆ, ਤੂੰ ਵੀ ਨਾਲ ਹੀ ਚੱਲ ਪਾ!” ਉਮਰ ਦੇ ਉਸ ਪੜਾਅ ਦੌਰਾਨ ਮੇਰੀ ਜ਼ਮੀਨ ਖ਼ਰੀਦਣ ਜਾਂ ਫਿਰ ਨਾ-ਖ਼ਰੀਦਣ ‘ਚ ਕੋਈ ਦਿਲਚਸਪੀ ਨਾ ਹੋਣ ਦੇ ਬਾਵਜੂਦ ਵੀ ਮੈਂ ਉਹਨਾਂ ਦਾ ਕਹਿਣਾ ਮੰਨ ਕੇ ਨਾਲ ਚੱਲ ਪਿਆ। ਜ਼ਮੀਨ ਵੇਚਣ ਵਾਲੇ ਮੁੰਡੇ ਆਪਣੇ ਬਜ਼ੁਰਗ ਨੂੰ ਵੀ ਨਾਲ ਲਿਆਏ ਹੋਏ ਸੀ ਅਤੇ ਇੱਕ ਵਕੀਲ ਦੇ “ਦੁਕਾਨ” ਵਰਗੇ ਦਫ਼ਤਰ ਵਿੱਚ ਬੈਠੇ ਉਤਸੁਕਤਾ ਨਾਲ ਸਾਡਾ ਇੰਤਜ਼ਾਰ ਕਰ ਰਹੇ ਸਨ। ਵਕੀਲ ਵੀ ਇੱਕ ਦੁਕਾਨਦਾਰ ਵਾਂਗ ਹੀ ਸਾਡਾ ਇੰਤਜ਼ਾਰ ਕਰ ਰਿਹਾ ਸੀ, ਜੋ ਖ਼ੈਰ ਬਹੁਤੇ ਵਕੀਲ ਕਰਦੇ ਹੀ ਹਨ। ਰਸਮੀ ਦੁਆ ਸਲਾਮ ਤੋਂ ਬਾਅਦ ਅਸੀਂ ਸਾਰੇ ਅੰਦਰ ਲੰਘ ਗਏ। ਮੈਂ ਇੱਕ ਪਾਸੇ ਜਿਹੇ ਰੱਖੇ ਲੱਕੜੀ ਦੇ ਬੈਂਚ ਉੱਪਰ ਬੈਠ ਗਿਆ, ਇਹ ਸੋਚਦਿਆਂ ਕਿ ਵੱਡਿਆਂ ਦੇ ਕੰਮ-ਕਾਰ ‘ਚ ਮੈਂ ਕੀ ਬੋਲਣਾ, ਕਹਿਣਾ ਜਾਂ ਕਰਨਾ? ਵਕੀਲ ਦੀ ਲਿਖ-ਲਿਖਾਈ ਤੋਂ ਬਾਅਦ ਪੈਸੇ ਦੇਣ ਲੱਗੇ ਤਾਂ ਖੂੰਜੇ ਵਿੱਚ ਬੈਠੇ ਬਜ਼ੁਰਗ ਨੂੰ ਉਸ ਦੇ ਮੁੰਡਿਆਂ ਨੇ ਸਹਾਰੇ ਨਾਲ ਜਾਂ ਇੱਕ ਕਿਸਮ ਨਾਲ ਚੁੱਕ ਕੇ ਹੀ ਐਨ ਵਿੱਚਕਾਰ ਬਿਠਾ ਦਿੱਤਾ। ਮੇਰੀ ਵਿਹਲੜ ਮਨ ਐਵੇਂ ਹੀ ਕੁਝ ਸੋਚ ਰਿਹਾ ਸੀ ਅਤੇ ਨਾਲ਼ ਹੀ ਬਜ਼ੁਰਗ ਵੱਲ ਧਿਆਨ ਨਾਲ ਦੇਖ ਰਿਹਾ ਸੀ। ਪੈਸਿਆਂ ਵੱਲ੍ਹ ਦੇਖਦਿਆਂ ਹੀ ਉਸ ਕਾਲੇ ਰੰਗ ਦੇ ਪਤਲੇ ਅਤੇ ਕੰਬਦੇ ਸਰੀਰ ਵਾਲੇ ਬਜ਼ੁਰਗ ਦੀਆਂ ਅੱਖਾਂ ਵਿੱਚ ਬਿਜਲਈ ਚਮਕ ਆ ਬਹੁੜੀ। ਉਸਦੇ ਮੁੰਡਿਆਂ ਨੇ ਬਜ਼ੁਰਗ ਦੇ ਚਿੱਟੇ ਕੁੜਤੇ ਦੇ ਗਲ਼ੇ ਦੇ ਬਟਨ ਪੂਰੇ ਖੋਲ੍ਹ ਦਿੱਤੇ ਅਤੇ ਕੁੜਤਾ ਸਿਰ ਉੱਪਰ ਦੀ ਉਤਾਂਹ ਨੂੰ ਖਿੱਚ ਕੇ ਲਾਹ ਦਿੱਤਾ। ਬਜ਼ੁਰਗ ਦੀ ਢਿੱਲੀ ਜਿਹੀ ਨੀਲ ਨਾਲ ਰੰਗੀ ਹੋਈ ਚਿੱਟੀ ਪੱਗ ਮਸਾਂ ਡਿਗਦੇ-ਡਿਗਦੇ ਹੀ ਬਚੀ। ਸਫੇਦ ਕੁੜਤੇ ਦੇ ਹੇਠਾਂ ਪਾਈ ਹੋਈ, ਕਈ ਲੰਬੀਆਂ ਜੇਬਾਂ ਵਾਲੀ ਮੈਲ਼ੀ “ਝੱਗੀ” ਬਜ਼ੁਰਗ ਦੀਆਂ ਮਾੜਕੂ ਪਸਲੀਆਂ ਵਾਲੇ ਸਰੀਰ ਦਾ ਪਰਦਾ ਬਣੀ ਹੋਈ ਸੀ। ਮੁੰਡਿਆਂ ਨੇ ਪੈਸਿਆਂ ਦੀ ਥੱਬੀਆਂ ਗਿਣ ਕੇ ਬਜ਼ੁਰਗ ਦੀਆਂ ਲੰਬੀਆਂ ਅਤੇ ਖੀਸੇ-ਨੁਮਾ ਲਟਕਦੀਆਂ ਜੇਬਾਂ ‘ਚ ਉੱਪਰ-ਥੱਲੇ, ਅੱਗੇ-ਪਿੱਛੇ, ਸੱਜੇ-ਖੱਬੇ ‘ਤੁੰਨ’ ਦਿੱਤੀਆਂ। ਬਜ਼ੁਰਗ ਦੀਆਂ ਜੇਬਾਂ ਨੂੰ ਮੁੰਡਿਆਂ ਨੇ ਖ਼ੁਦ ਦੀਆਂ ਜੇਬਾਂ ਵਿੱਚੋਂ ਕੱਢ ਕੇ ਬਕਸੂਏ ਰੂਪੀ ਜਿੰਦਰੇ ਲਾ ਦਿੱਤੇ। ਫਿਰ ਪਹਿਲਾਂ ਲਾਹੇ ਚਿੱਟੇ ਕੁੜਤੇ ਦਾ ਪਰਦਾ ਉੱਪਰ ਦੀ ਦੁਬਾਰਾ ਪਾਏ ਦਿੱਤਾ। ਜਿਉਂਦੇ-ਜਾਗਦੇ ਬਜ਼ੁਰਗ ਦੀਆਂ ਜੇਬਾਂ ਵਿੱਚ ਪੈਸੇ ਤੁੰਨ ਕੇ ਉਸ ਨੂੰ ‘ਪੈਸਾ-ਬੰਬ’ ਜਿਹਾ ਹੀ ਬਣਾ ਦਿੱਤਾ। ਫਿਰ ਮੇਰੇ ਦੇਖਦੇ ਹੀ ਦੇਖਦੇ ਉਸ ਦੇ ਮੁੰਡਿਆਂ ਨੇ ਉਸ ਨੂੰ ਇੱਕ ‘ਮਾਇਆ ਦੀ ਗਠੜੀ’ ਦੀ ਤਰਾਂ ਚੁੱਕ ਕੇ ਟਰੈਕਟਰ ਦੀ ਸਾਈਡ ਵਾਲੀ ਸੀਟ ਤੇ ਬਿਠਾ ਕੇ ਆਪਣੇ ਪਿੰਡ ਵੱਲ ਨੂੰ ਚਾਲੇ ਪਾ ਲਏ…। ਮੈਂ ਅਤੇ ਮੇਰਾ ਬਾਪੂ ਵੀ ਪੇਪਰ ਝੋਲੇ ‘ਚ ਪਾ ਆਪਣੇ ਪਿੰਡ ਵੱਲ ਨੂੰ ਤੁਰ ਪਏ… ਇਸ ਅਭੁੱਲ ਘਟਨਾ ਤੋਂ ਬਾਅਦ, ਮੈਂ ਵੀ ਬਹੁਤ ਪਰਦੇਸੀਆਂ ਵਾਂਗ ਚੰਗੇ ਭਵਿੱਖ ਖਾਤਰ ਉਡਾਰੀ ਮਾਰਦਿਆਂ ਸਦਾ ਲਈ ਪਰਦੇਸੀ ਬਣ ਗਿਆ। ਕੁਝ ਕੁ ਸਾਲ ਬਾਅਦ ਦੁਬਾਰਾ ਪਿੰਡ ਗਿਆ ਤਾਂ ਮਨ ਕੀਤਾ ਕੇ ਉਸ ਝੱਗੀ ਵਾਲੇ ਬਜ਼ੁਰਗ ਨੂੰ ਦੋਬਾਰਾ ਦੇਖਿਆ ਅਤੇ ਮਿਲਿਆ ਜਾਵੇ। ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕੇ ਬਹੁਤ ਚਿਰ ਪਹਿਲਾਂ ਹੀ ਉਹ ਆਪਣੀ ਉਮਰ ਦੀ ਆਖਰੀ ਉਡਾਰੀ ਮਾਰ ਗਿਆ… । ਮੈਨੂੰ ਉਸ ਬਜ਼ੁਰਗ ਦੀਆਂ ਅੱਖਾਂ ‘ਚ ਆਈ ਚਮਕ, ਲੰਬੀ-ਚਿੱਟੀ ਮਖਮਲੀ ਦਾਹੜੀ, ਮੁੱਛਾਂ ਚੀਰਦੀ ਦੰਦ-ਰਹਿਤ ਮੁਸਕਾਨ, ਅਤੇ “ਮਾਇਆ ਨਾਲ ਲੱਦੀ ਝੱਗੀ“ ਦੀਆ ਜੇਬਾਂ ‘ਚ ਮਾਇਆ ਦੇ ਭਾਰ ਜਾਂ ਫਿਰ ਪੈਸੇ ਦੇ ਹੌਂਸਲੇ ਨਾਲ ਫੁੱਲਦੇ ਸਾਹ ਸੁਣ ਅਤੇ ਮਹਿਸੂਸ ਹੋ ਰਹੇ ਸਨ…. ਉਸ ਦਿਨ ਵੀ…. ਅਤੇ ਕਈ ਦਹਾਕਿਆਂ ਬਾਅਦ ਅਤੇ ਦਸ ਹਜ਼ਾਰ ਮੀਲ ਦੂਰ, ਇਸ ਅਮਰੀਕੀ ਮਾਲ ਦੇ ਸਟੋਰ ਵਿੱਚ ਸੋਚੀਂ ਡੁੱਬੇ ਨੂੰ ਵੀ… ਘਰਵਾਲੀ ਨੇ ਪਿਛਿਓਂ ਆ ਹਲੂਣਾ ਦਿੱਤਾ, … “ਹੁਣ ਏਸ ‘ਕੁੱਤੇ ਝੱਗੀ’ ਦੇ ਪੈਸੇ ਲੁਆਓਗੇ ਵੀ ਕਿ ਨਹੀਂ ?… ਪਰ ਇਹ ਏਨੇ ਦੀ ਹੈ ਨਹੀਂ! |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਕੁੱਤੇ-ਝੱਗੀ ਅਤੇ ਬਾਬੇ ਦੀ ਮਾਇਆ-ਝੱਗੀ… ਡਾ. ਕੁਲਵਿੰਦਰ ਬਾਠ
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

by
ਕੁਝ ਕੁ ਵਰ੍ਹੇ ਪਹਿਲਾਂ ਇੱਕ ਅਮਰੀਕੀ ਮਾਲ ‘ਚ ਕੱਪੜਿਆਂ ਦੀ ਖ਼ਰੀਦੋ ਫ਼ਰੋਖ਼ਤ ਕਰਦਿਆਂ, ਮੈਂ ਘਰਵਾਲੀ ਨੂੰ ਇੱਕ ਵੈਸਟ (Vest) ਦਿਖਾਉਂਦਿਆਂ ਪੁੱਛਿਆ,… 