| ਨਸ਼ਿਆਂ ਅਤੇ ਮਾਦਕ ਪਦਾਰਥਾਂ ਦੀ ਲਪੇਟ ‘ਚ ਆਇਆ ਪੰਜਾਬ ! |
|
ਚਮਕਦੇ ਚੰਦ ਦੀ ਚਾਨਣੀ ਚਿਕਨੀ ਧਰਤ ਉੱਤੇ ਆਪਣਾ ਚਾਨਣ ਖਲਾਰ ਰਹੀ ਸੀ। ਚੰਦ ਦੀ ਨਿਗ੍ਹਾ ਇੱਕ ਦ੍ਰਿਸ਼ ਉੱਤੇ ਟਿਕੀ। ਉਸ ਜ਼ਮੀਨ ਉੱਤੇ ਜੁਆਨ ਬੰਦਾ ਲੱਕ ਸਿੱਧਾ ਕਰ ਰਿਹਾ ਸੀ। ਇੱਕ ਬਿੱਛੂ ਓਸ ਬੰਦੇ ਦੀ ਸੱਜੀ ਬਾਂਹ ਉੱਤੇ ਆ ਬੈਠਾ। ਇਰਦ ਗਿਰਦ ਵੇਖਦਾ ਲੜਨ ਲਈ ਰਗ ਲੱਭ ਰਿਹਾ ਸੀ। ਜਦ ਇੱਕ ਜੋਹ ਲਈ, ਪੂਛ ਦਾ ਡੰਗ ਮਾਰਨ ਨੂੰ ਤਿਆਰ ਕਰ ਲਿਆ। ਠੂਹਾਂ ਦਾ ਕਾਲ਼ਾ ਕਰੰਗ ਉਸ ਦੇ ਮਾਸ ਦਾ ਕੱਜ ਸੀ। ਉਸ ਦਾ ਮਾਸ ਅਤੇ ਆਂਦਰਾਂ ਇਸ ਦੇ ਅੰਦਰ ਅਡਿੱਠ ਸਨ। ਇਸ ਤੋਂ ਬਦਲਵਾਂ, ਬੰਦੇ ਦੇ ਹੱਡ ਉਸ ਦੇ ਮਾਸ ਥੱਲੇ ਲੁਕਵੇਂ ਸਨ। ਉਸ ਦਾ ਨੰਗਾ ਮਾਸ ਬਿੱਛੂ ਵਾਸਤੇ ਡਹਿਕ ਸੀ। ਬਿੱਛੂ ਕੋਲ਼ ਬਖਤਰ ਸੀ, ਬੰਦੇ ਕੋਲ਼ ਬਲਹੀਣ ਗੋਸ਼ਤ ਹੀ ਸੀ। ਨੱਢੇ ਦੀ ਨਾੜ ਵੱਲ ਕਾਲ਼ੇ ਕੀਟ ਨੇ ਡੰਗ ਦਾ ਸੂਆ ਵਧਾਇਆ। ਫੇਰ ਬਾਂਹ ਵਿੱਚ ਆਪਣਾ ਸੜਦਾ ਬਿਖ ਘੁਸੇੜ ਦਿੱਤਾ। ਹੁਣ ਬੰਦੇ ਦਾ ਬਦਨ ਮੁੜ੍ਹਕੋ ਮੁੜ੍ਹਕੀ ਹੋ ਪਿਆ। ਜਿੱਥੇ ਬਿੱਛੂ ਬਾਂਹ ਦੀ ਨਾੜ ਨਾਲ਼ ਨਾਤਾ ਜੋੜ ਚੁੱਕਾ ਸੀ, ਹੁਣ ਉੱਥੇ ਧੱਫੁੜ ਪੈ ਚੁੱਕਾ ਸੀ। ਸੂਆ ਕਈ ਵਾਰੀ ਪਹਿਲਾਂ ਵੀ ਓਸ ਬੰਦੇ ਦੀਆਂ ਨਾੜਾਂ ਵਿੱਚ ਖੰਜਰ ਮਾਰ ਚੁੱਕਾ ਸੀ। ਅੱਜ ਫੇਰ ਉਹ ਹੀ ਗੱਲ ਹੋਈ। ਇਸ ਕਰਕੇ ਜੁਆਨ ਨੂੰ ਜ਼ਹਿਰ ਲਈ ਸੁਆਦ ਪੈਦਾ ਹੋ ਚੁੱਕਾ ਸੀ। ਜਦ ਤੀਕਰ ਜ਼ਹਿਰ ਚੜ੍ਹ ਚੁੱਕਾ ਸੀ, ਹਮਭੰਗੜ ਹਲੂਣੇ ਦੇ ਰਿਹਾ ਸੀ ਅਤੇ ਡੱਕੋ ਡੋਲ ਖੱਬੇ ਸੱਜੇ ਖਾ ਰਿਹਾ ਸੀ, ਉਸ ਦੀ ਨਿਗ੍ਹਾ ਸਿਆਹ ਸੰਸਾਰ ਹੀ ਜਾਪ ਰਹੀ ਸੀ, ਉਸ ਦਾ ਕਲ਼ੈਜਾ ਕਸਕਾਂ ਨਾਲ਼ ਬੇਗਤ ਡੱਗਾ ਲਾ ਰਿਹਾ ਸੀ, ਟਕਟਕ…ਟਕ…ਪਿੰਜਰ ਪ੍ਰਤੀਧਿੁਨੀਆਂ ਨਾਲ਼ ਘਬਰਾਇਆ…ਨਹੀਂ! ਇਸ ਇਹਸਾਸ ਨਾਲ਼ ਵਿਰੋਧ ਕਰ! ਇਸ ਸੋਚ ਨਾਲ਼ ਬੰਦਾ ਆਪਣੇ ਆਪ ਉੱਤੇ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਹੁਣ ਬੰਦਾ ਸਰੂਰ ਨਾਲ਼ ਜੱਲੀ ਸੀ, ਕਿਉਂਕਿ ਕਿਸੇ ਧੰਧਲੀ ਜਗ੍ਹਾਂ ਵਿੱਚ ਤਰਦਾ ਸੀ, ਡੱਕੋ ਡੋਲ ਖਾਂਦਾ, ਅਸ਼ੋਕ, ਸੁਪਨੇ ਲੈਂਦਾ, ਜੀਵਨ ਦੀਆਂ ਜੁੰਮੇਵਾਰੀਆਂ ਤੋਂ ਦੂਰ ਵਰਤੀ ਜ਼ਹਿਰ ਲੈ ਕੇ ਹੋ ਚੁੱਕਾ ਸੀ। ਬਿਖ ਨੇ ਦੂਰ ਦੇ ਢੋਲ ਸੁਹਾਵਣੇ ਸੁਣਾ ਦਿੱਤੇ ਸਨ। ਬੰਦਾ ਆਪਣੇ ਆਪ ਤੋਂ ਦੂਰ ਸੀ, ਘਰ ਵਾਲ਼ਿਆਂ ਤੋਂ ਵੀ ਅਤੇ ਸਚਾਈ ਦੀਆਂ ਲੱਦਾਂ ਤੋਂ ਵੀ। ਉਹ ਝਾਲ ਝੱਲਣੀ ਤੋਂ ਨੱਠ ਚੁੱਕਾ ਸੀ। ਓਸ ਦੀਆਂ ਨਾੜਾਂ ਵਿੱਚ ਜ਼ਹਿਰ ਦਾ ਅਸਰ ਸੀ ਅਤੇ ਉਸ ਨੂੰ ਸਨਸਨੀ ਆਈ ਕਿ ਸਭ ਕੁਝ ਤੋਂ ਛਟਕਾਰਾ ਮਿਲ਼ ਚੁੱਕਾ ਸੀ!
ਖ਼ੈਰ ਉਸ ਦਾ ਜੁੱਸਾ ਜਲ਼ਦਾ ਸੀ ਅਤੇ ਉਸ ਦੀ ਅੰਤਰ ਆਤਮਾ ਖ਼ੁਸ਼ ਨਹੀਂ ਸੀ! ਬਿੱਛੂ ਦਾ ਬੂਥਾ ਉਸ ਵੱਲ ਖਿੱਲੀਆਂ ਉਡਾਉਂਦਾ ਸੀ! ਹੁਣ ਉਹ ਹੁਲਾਰੇ ਖਾ ਰਿਹਾ ਸੀ…ਹੁਣ…ਹੁਣ!
ਉਸ ਨੂੰ ਜਾਗ ਆ ਗਈ।
ਠੂਹਾਂ ਦੀ ਪੂਛ ਪਿਚਕਾਰੀ ਸੀ, ਜਿਸ ਦੀ ਸੂਈ ਉਸ ਜੁਆਨ ਬੰਦੇ ਦੇ ਮਾਸ ਨੂੰ ਪਰੁੰਨ੍ਹ ਕੇ ਛਿਲਤ ਰਹੀ ਸੀ…ਠੂਹਾਂ ਸਰਿੰਜ ਦੀ ਤਰਜਮਾਨੀ ਸੀ…ਉਸ ਦੀ ਤਸ਼ਵੀਸ਼ ਦੀ ਤਸ਼ਬੀਹ ਸੀ।
ਹਵਾਲਦਾਰ, ਬਿੱਲਾ ਆਪਣੇ ਡਰਾਉਣੇ ਸੁਪਨੇ ’ਚੋਂ ਉੱਠ ਨਿਕਲ਼ ਗਿਆ ਸੀ ਅਤੇ ਹੁਣ ਮਾਤ ਲੋਕ ਦੇ ਮੁਸਾਫ਼ਰ ਖਾਨੇ ਵਿੱਚ ਜਾਗ ਕੇ ਤਰੇਲੀਓ ਤਰੇਲੀ ਆ ਵੜਿਆ। ਇੱਥੇ ਨਸ਼ੀਲੀ ਵਸਤੂਵਾਂ ਬਿੱਛੂ ਸਨ, ਬਿਮਾਰੀਆਂ ਸਨ। ਅਤੇ ਉਸ ਦਾ ਕਜ਼ੀਆ ਕਾਜ ਸੀ ਕਸੂਰੀ ਠੱਗਾਂ ਨੂੰ ਫੜਨਾ। ਕੰਡਿਆਂ ਦੀ ਸੇਜ ਸੀ। ਸ਼ਾਇਦ ਸੁਪਨੇ ਵਿੱਚ ਠੂਹੇ ਦਾ ਸਾਹਮਣਾ ਕਰਨਾ ਸੌਖਾ ਸੀ?
ਖ਼ੈਰ ਬਿੱਲਾ ਹੁਣ ਬੇਦਾਰ ਸੀ। ਡਿਊਟੀ ਨਿਭਾਉਣੀ ਸੀ!
***
ਬਿੱਲੇ ਨੇ ਵਰਦੀ ਪਾ ਕੇ ਵੇੜ੍ਹੇ ਵਿੱਚ ਮਾਂ ਨੂੰ ਹਰ ਰੋਜ਼ ਵਾਂਙ ਉਡੀਕਿਆ। ਮਾਂ, ਸ਼ੀਰੋ, ਸੁਸਰੀ ਚਾਲ ਨਾਲ਼ ਇਕਲੌਤੇ ਸੁਤ ਵੱਲ ਵਧੀ। ਮਾਂ ਦੇ ਹੱਥ ਵਿੱਚ ਖ਼ੂੰਡੀ ਫੜੀ ਹੋਈ ਸੀ। ਆਪਣੇ ਮੁੰਡੇ ਨੂੰ ਟੋਲਦੀ ਸੀ। ਬਿੱਲਾ, ਮਾਂ ਵਾਸਤੇ ਸੁਖਾਲ਼ਾ ਦੇਖ ਭਾਲ਼ ਕਰਨ ਵਾਸਤੇ, ਹਰ ਦਿਹਾੜ ਉਸ ਹੀ ਥਾਂ ਟਿੱਕਦਾ ਸੀ। ਮਾਂ ਦੇ ਹੱਥ ਉਸ ਦੇ ਚਿਹਰੇ ਨੂੰ ਛਾਣ ਮਾਰਦੇ ਹਨ, ਨੈਣ ਨਕਸ਼ ਨੂੰ ਛੋਹ ਕੇ, ਪੜ੍ਹਦੇ ਅਤੇ ਮਾਂ ਦੀਆਂ ਨਾਸਾਂ ਸੁੰਘ ਕੇ ਆਪਣੇ ਬੱਚੇ ਦਾ ਜਾਇਜ਼ਾ ਕਰਦੇ ਹਨ ਅਤੇ ਮਾਂ ਦੇ ਕੰਨ ਬਿੱਲੇ ਦੇ ਭਾਵ ਕੈੜ ਧਰਦੇ ਹਨ। ਪੁੱਤ ਮਾਂ ਦੇ ਚਰਨਾ ਬੰਦਦਾ। ਫੇਰ ਕੁਝ ਸ਼ਬਦ ਸਾਂਝ ਕਰਦੇ ਨੇ। ਮਾਂ ਨੂੰ ਹਰ ਦਿਨ ਵਾਂਗਰ ਖਾਣ ਵਾਲ਼ੀ ਜਗ੍ਹਾ ਲੈ ਕੇ ਉਸ ਨਾਲ਼ ਨਾਸ਼ਤਾ ਖਾਂਦਾ। ਫੇਰ ਜਦ ਦਰਵਾਜ਼ੇ ਉੱਤੇ ਉਸ ਦੇ ਪੁਲ਼ਸੀਏ ਪੀਚ ਦਸਤਕ ਦਿੰਦੇ, ਉਨ੍ਹਾਂ ਨਾਲ਼ ਜੀਪ ਵਿੱਚ ਆਪਣੀ ਡਿਊਟੀ ’ਤੇ ਜਾਂਦਾ। ਇੰਞ ਹੀ ਨਿੱਤ ਨਿੱਤ ਹੁੰਦਾ।
ਜੀਪ ਦੀ ਬਾਰੀ ਦੇ ਬਾਹਰ ਪਿੰਡ, ਫੇਰ ਖੇਤਾਂ ਰਫ਼ਤਾਰ ਨਾਲ਼ ਨੱਸਦੇ ਜਾਂਦੇ, ਸਰਦਈ ਘਾਹ, ਸਰੋ੍ਹਂ ਅਤੇ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ ਬਿੰਦ ਝੱਟ ਦਰਸ਼ਨ ਦਿੰਦੀਆਂ, ਫੇਰ ਬਤੀਤ ਹੋ ਜਾਂਦੀਆਂ, ਜਿੰਞ ਕੋਈ ਪੁਰਾਣੀ ਵੀਡੀਓ ਟੇਪ ਨੂੰ ਵੇਗ ਨਾਲ਼ ਅਗਾਂਹਾਂ ਕਰੀਦਾ ਹੁੰਦਾ। ਭਾਵੇਂ ਦੁਨੀਆ ਨੂੰ ਚਿੱਟੀ ਜੀਪ ਜਾਪਦੀ ਸੀ, ਫੇਰ ਵੀ ਕੋਈ ਨਾ ਕੋਈ ਹਾਰਨ ਵਜਾ ਕੇ ਸੜਕ ਦੇ ਗ਼ਲਤ ਪਾਸੇ ਕੱਟ ਕੇ ਆਉਂਦੇ ਵਾਹਨ ਵੱਲ ਵੱਧਦਾ, ਜਿੰਞ ਕਿਸੇ ਨੂੰ ਕੋਈ ਖ਼ਤਰਾ ਨਹੀਂ ਹੋ ਸਕਦਾ, ਜਾਂ ਪੁਲਸ ਦੀ ਜੀਪ ਸਾਹਮਣੇ ਹੈ ਨਹੀਂ। ਅਕਲ ਦੇ ਅੰਨ੍ਹੇ ਹੀ ਆਮ ਤੌਰ ਉੱਥੇ ਗਡੀਆਂ ਚਲਾਉਂਦੇ ਨੇ। ਫੇਰ ਵੀ ਇਹ ਹੈ ਇੰਡੀਆ, ਨਾ ਕੇ ਪੱਛਮ ਦੀ ਕੋਈ ਸਿਆਣੀ ਸਰਜ਼ਮੀਨ। ਪੁਲੀਸ ਉਨ੍ਹਾਂ ਨੂੰ ਕੰਨੀ ਬੁੱਜੇ ਦਿੰਦੇ, ਖ਼ਾਸ ਕਰ ਕੇ ਖ਼ੁਦ ਇੰਞ ਚਲਾਉਂਦੇ ਹਨ। ਸਾਰੇ ਉਸ ਹੀ ਜੱਗ ਦੇ ਜੱਗਰ ਹਨ। ਇਹ ਹੈ ਇੰਡੀਆ।
ਪਰ ਇਸ ਵੇਲ਼ੇ ਬਿੱਲੇ ਦਾ ਧਿਆਨ ਆਸ ਪਾਸ ਉੱਤੇ ਨਹੀਂ ਸੀ, ਪਰ ਰਾਤ ਦੇ ਡਰਾਉਣੇ ਸੁਪਨੇ ਉੱਤੇ ਸੀ। ਇੱਕ ਪੱਲ ਲਈ ਬਾਰੀ ਬਾਹਰ ਪੰਜਾਬ ਵੱਲ ਤੱਕਦਾ। ਇੱਥੇ ਹਰ ਰੋਜ਼ ਉਹ ਬਲੈਕੀਆਵਾਂ ਅਤੇ ਅਫ਼ੀਮ ਵੇਚਣ ਵਾਲ਼ਿਆਂ ਨਾਲ਼ ਟੱਕਰ ਦਾ। ਪਰ ਨਿੱਤ ਨਿੱਤ ਕਹਾਣੀ ਬਦਲਦੀ ਨਹੀਂ। ਹਰ ਘਰ ਵਿੱਚ ਕਿਸੇ ਨਾ ਕਿਸੇ ਦੀ ਬਾਂਹ ਉੱਤੇ ਠੂਹਾਂ ਬੈਠਾ ਸੀ। ਹੋਰ ਕੀ ਸੁਪਨੇ ਦਾ ਮਤਲਬ ਹੋ ਸਕਦਾ? ਮੈਂ ਮਾਯੂਸ ਹੋ ਚੁੱਕਾ ਹਾਂ ਪੰਜਾਬ ਦੇ ਹਾਲ ਨਾਲ਼! ਉਸ ਦੀ ਨਿਗ੍ਹਾ ਨੱਸ ਦੇ ਖੇਤਾਂ ਵੱਲ, ਰੁੱਖਾਂ ਵੱਲ ਅਤੇ ਪੈਦਲ ਲੋਕਾਂ ਦੇ ਚਿਹਰਿਆਂ ਵੱਲ ਗਈ। ਹਾਰ ਕੇ ਨਵੇਂ ਹਾਈਵੇ ਸ਼ੁਰੂ ਹੋ ਗਏ, ਪਾਸੋਂ ਦੁਕਾਨਾਂ ਵਾਪਸ ਤਾੜ ਦੀਆਂ ਸਨ। ਸਾਰੇ ਪਾਸੇ ਹਿੰਦੀ ਵਿੱਚ ਸਾਇਨਾਂ ਸਨ। ਜਿਸ ਧਰਤ ਨੂੰ ਬਿੱਲਾ ਜਾਣਦਾ ਸੀ, ਪਿੱਛੇ ਰਹਿ ਗਈ। ਆਲ਼ੇ ਦੁਆਲ਼ੇ ਕਨਕ੍ਰੀਟ ਮਾਰਗ ਜਲੇਬੀ ਵਾਂਙ ਵੱਟ ਕੇ ਬਿੱਲੇ ਨੂੰ ਪ੍ਰਸ਼ਾਨ ਕਰਦੇ ਸੀ। ਸ਼ਹਿਰ ਨੇ ਖੇਤਾਂ ਖਾ ਲਈਆਂ ਸਨ। ਪੇੜਾਂ ਦੀ ਥਾਂ ਹੁਣ ਭੱਦੇ ਪੈਲਸ ਖਲੋਤੇ ਸਨ। ਜਿੰਨੀ ਤੇਜ ਜੀਪ ਚੱਲੀ, ਬਿੱਲੇ ਨੂੰ ਜਾਪਿਆ ਓਨਾ ਤੇਜ ਉਸ ਦਾ ਸੰਸਾਰ ਬਦਲਦਾ ਸੀ। ਜੋ ਕੁਝ ਜਣਿਆਂ ਵਾਸਤੇ ਹੇਜ ਕਰਨ ਯੋਗ ਸੀ, ਹੁਣ ਅੱਖਾਂ ਸਾਹਮਣੇ ਉੱਜੜਦਾ ਸੀ। ਪਰਸੋਂ ਦਾ ਪੰਜਾਬ ਯਾਦਾਂ ਦੀ ਪਰਿਥਵੀ ਵਿੱਚ ਹੀ ਛੱਟੜ ਹੋਣ ਲੱਗਾ ਸੀ। ਬਿੱਲੇ ਨੇ ਆਪਣਾ ਧਿਆਨ ਹੁਣ ਓਸ ਅਫ਼ੀਮ ਦੇ ਮਸਲੇ ਤੋਂ ਪਰ੍ਹਾਂ ਕਰਨਾ ਚਾਹਿਆ। ਉਸ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ, ਛੱਪਰਾਂ ਪਿੱਛੇੇ ਪੰਜਾਬੀ ਪਿੰਡ ਦੇ ਚੇਤੇ ਛੁਪਾਲੇ…ਕਿਉਂਕਿ ਡਰਦਾ ਸੀ, ਜੇ ਇਸ ਨਜ਼ਾਰੇ ਵੱਲ ਤੱਕੀ ਗਿਆ, ਜੋ ਪਿਆਰਾ ਸੀ, ਇਸ ਦ੍ਰਿਸ਼ ਨੇ ਬਟੋਰ ਕੇ ਆਪਣੇ ਅਣਜਾਣ ਗੋਦ ਵਿੱਚ ਹਮੇਸ਼ਾ ਲਈ ਗਵਾ ਦੇਣਾ ਸੀ। ਅੰਦਰਲੀਆਂ ਅੱਖਾਂ ਅਗਾਂਹਾਂ ਮਾਂ ਹੀ ਦਿਸ ਰਹੀ ਸੀ। ਪਰ ਹਾਰ ਕੇ ਦੀਦੇ ਖੋਲ਼੍ਹ ਦਿੱਤੇ। ਡਰਾਈਵਰ ਦੇ ਸ਼ੀਸ਼ੇ ਵਿੱਚੋਂ ਅੱਧੀਆਂ ਅਲੋਪ ਅੱਖਾਂ ਆਪਣੇ ਹੀ ਮੂੰਹ ਵੱਲ ਵਾਪਸ ਵੇਖ ਰਹੀਆਂ ਸਨ। ਪੰਜਾਬ ਨੂੰ ਸਾਫ਼ ਰੱਖਣ ਵਾਸਤੇ ਕਿੰਨੇ ਕੇਸ ਕੀਤੇ ਸਨ? ਮੈਂ ਚੰਗਾ ਬੰਦਾ ਹਾਂ, ਚੰਗਾ ਪੁਲ਼ਸੀਆ ਹਾਂ, ਪਰ ਫੇਰ ਵੀ ਕੁਝ ਚੰਗਾ ਕਰ ਸਕਿਆ? ਲੋਕ ਤਾਂ ਮੇਰੀ ਵਰਦੀ ਵੇਖ ਕੇ ਪਹਿਲਾਂ ਹੀ ਮੈਨੂੰ ਜੱਜ ਕਰ ਜਾਂਦੇ ਨੇ। ਜਿੰਞ ਮੈਂ ਹੀ ਬਦਮਾਸ਼ ਹੋਵਾ। ਪੁਲਸ ਦਾ ਰੁੱਖ਼ ਰਿਸ਼ਵਤਖੋਰੀ ਅਤੇ ਹਿੰਸਾ ਨਾਲ਼ ਸੰਬੰਧ ਹੈ। ਬਿੱਲੇ ਨੂੰ ਪੂਰਾ ਪੱਤਾ ਸੀ ਕਿ ਕਈ ਪੁਲਸੀ ਸਮਗਲਰਾਂ ਨੂੰ ਛੱਡ ਦਿੰਦੀ ਨੇ ਅਤੇ ਕਈ ਆਪਣਾ ਹੱਥ ਗਰਮ ਕਰਵਾਉਂਸੇ ਹਨ। ਕੀ ਮੈਂ ਪੁਲੀਸ ਨੂੰ ਇਸ ਤਰ੍ਹਾਂ ਬਣਾਇਆ ਹੈ? ਨਹੀਂ। ਪਰ ਹਰ ਜਣਾ ਨਹੀਂ ਇਸ ਤਰ੍ਹਾਂ ਦਾ ਹੈ। ਅਸੀਂ ਇਹ ਸਮਾਜ ਤੋਂ ਹੀ ਭਰਤੀ ਹੋਏ ਹਨ, ਓਸ ਹੀ ਸਮਾਜ ਜੋ ਯੁਵਾਕਾਂ ਨੂੰ ਅਫ਼ੀਮ ਦਿੰਦਾ, ਖ਼ਰਾਬ ਕਰਦਾ। ਜਿੱਦਾਂ ਦਾ ਸਮਾਜ ਓਦਾ ਦੇ ਅਸੀਂ ਸਭ ਨੇ। ਹੋਰ ਕਿੰਞ ਹੋ ਸਕਦਾ ਹੈ?
ਬਿੱਲੇ ਦੇ ਪਿੰਡ ਵਿੱਚ ਕਰੀਬ ਪੰਜਾਹ ਸੌ ਦੀ ਅਬਾਦੀ ਹੋਵੇਗੀ। ਉਨ੍ਹਾਂ ’ਚੋਂ ਦੋ ਜਾਂ ਤਿੰਨ ਸੌ ਹੁਣ ਨਸ਼ਾਵਾਂ ਦੇ ਸ਼ਿਕਾਰ ਹੋਣਗੇ। ਬਿੱਲਾ ਇਹ ਗੱਲ ਤਾਂ ਸੋਚਦਾ ਕਿਉਂਕਿ ਹੁਣ ਹਰ ਘਰ ਵਿੱਚ ਕਿਸੇ ਦਾ ਪੱੁਤ, ਕਿਸੇ ਦੀ ਧੀ, ਹੈਰੋਇਨ ਦੇ ਅਮਲ ਹਨ। ਬਿੱਲੇ ਨੂੰ ਇੰਨਾ ਤਾਂ ਪਤਾ ਕਿ ਮੈਡੀਕਲ ਹਟੜੀਆਂ ਜਾਂ ਔਸ਼ਧਾਲਾਵਾਂ ਹਰ ਰੋਜ਼ ਇੱਕ ਸੌ ਪੰਜਾਹ ਸਰਿੰਜਾਂ ਵੇਚਦੀਆਂ ਹਨ। ਸੜਕਾਂ ਪਗਡੰਡੀਆਂ ਸਰਿੰਜਾਂ ਦੇ ਕੂੜਾ ਕਰਕਟਾਂ ਨਾਲ਼ ਸਜੀਆਂ ਹਨ। ਪਿੰਡ, ਸ਼ਹਿਰਾਂ ਅਤੇ ਨਗਰਾਂ ਵਿੱਚ ਜਿੰਨੇ ਵੀ ਕੇਸ ਉਸ ਨੇ ਕੀਤੇ ਹਨ, ਵਾਰ ਵਾਰ ਉਹੀ ਹੀ ਅਫ਼ਸਾਨਾ ਜਪਦਾ ਹੈ।
ਸੁਪਨਿਆਂ ਵਿੱਚ ਸਰਿੰਜਾਂ ਹੀ ਸਜੀਆਂ ਸਨ, ਭਾਵੇਂ ਠੂਹਾਂ ਦੇ ਰੂਪ ਵਿੱਚ ਹੀ ਸਨ। ਇਹ ਸਰਿੰਜਾਂ ਮੱਛਰ ਵਾਂਙ ਇੱਕ ਸਰੀਰ ਤੋਂ ਦੂਜੇ ਸਰੀਰ ਜਾਂਦੀਆਂ ਹਨ ਅਤੇ ਮੱਛਰ ਦੇ ਵਾਂਙ ਮਰਜ਼ ਇੱਕ ਸੰਕਰਮਿਤ ਤੋਂ ਨਿਰੋਗ ਤੀਕਰ ਬਿਮਾਰੀਆਂ ਪਹੁੰਚਾਉਂਦੀਆਂ ਨੇ। ਹਰ ਅਮਲੀ ਇੱਕੋ ਹੀ ਸਰਿੰਜ ਸਾਥੀਆਂ ਨਾਲ਼ ਸਾਂਝ ਕਰਦਾ ਹੈ। ਆਪੇ ਹੀ ਅਲੀਲ ਹੋਣਾ ਹੈ। ਸੂਏ ਨੇ ਸਿੰਘਾਂ ਦਾ ਸੁਭਾਉ ਹੇਰ ਫੇਰ ਦਿੱਤਾ ਸੀ, ਪਰ ਸੂਆ ਕਈ ਸਬੱਬਾਂ ਦਾ ਸਿੱਟਾ ਸੀ। ਉਨ੍ਹਾਂ ਵਿੱਚੋਂ ਕਈ ਕਈ ਦਗੇ ਹਨ, ਜਿੰਞ ਬੇਰੁਜ਼ਗਾਰੀ, ਜੱਟਾਂ ਦਾ ਟੈਂ ਅਤੇ ਮਾਪੇ ਦੀ ਵਾਧੂ ਹਿਫ਼ਾਜ਼ਤੀ। ਮਾਪੇ ਐਵੀਂ ਡਰਦੇ ਨੇ ਕਿ ਜੇ ਮੇਰਾ ਮੁੰਨਾ ਮਾਦੀ ਜੱਗ ਵਿੱਚ ਜਾ ਤੁਰ ਪਿਆ, ਉਸ ਨੂੰ ਜ਼ਮਾਨਾ ਖਾ ਲਵੇਗਾ! ਜੇ ਮੇਰੀ ਲਾਡਲੀ ਵਾਂਢੇ ਗਈ, ਜ਼ਮਾਨਾ ਜ਼ਰੂਰ ਜ਼ਾਲਮਾਨਾ ਹੀ ਹੋਵੇਗਾ। ਪਰ ਸੱਚ ਹੈ ਘਰ ਦੇ ਮੁਸਾਫ਼ਰ ਖ਼ਾਨੇ ਵਿੱਚ ਕੈਦ ਕਰ ਕੇ ਉਹ ਬੱਚਾ ਪਿੰਜਰ ਦਾ ਪਰਿੰਦਾ ਹੀ ਬਣ ਜਾਂਦਾ ਹੈ। ਪਾਗ਼ਲ ਹੋ ਜਾਂਦਾ ਅਤੇ ਬਦ ਮਜ਼ਰੀ ਦੀ ਬਲੀ ਹੋ ਕੇ ਬੇਜ਼ਾਰ ਬਦਮਾਸ਼ਾਂ ਦਾ ਸ਼ਿਕਾਰ ਬਣ ਜਾਂਦਾ। ਅਸਲੀ ਦੁਨੀਆ ਵਿੱਚ ਦੁਸ਼ਮਨ ਟੱਬਰ ਟੀਰ ਦੇ ਦਰ ਪਿੱਛੇ ਚੁੱਪ ਚਪੀਤੇ ਹੁੰਦੇ ਹਨ। ਜਦ ਆਪਣੇ ਬੱਚੇ ਵਰਗੇ ਬੱਚੇ ਬੋਰ ਹੋ ਜਾਂਦੇ ਇੱਕ ਦੂਜੇ ਦੀ ਰੀਸ ਕਰਦੇ ਅਤੇ ਜੇ ਇੱਕ ਜਣਾ ਹੈਰੋਇਨ ਦਾ ਵਾਦੀ ਹੋ ਜਾਂਦਾ ਦੂਜਿਆਂ ਸਾਰਿਆਂ ਨੂੰ ਵੀ ਕਾਇਲ ਕਰ ਦਿੰਦਾ। ਬੋਰ ਬੱਚੇ ਕੋਲ਼ ਹੋਰ ਕੀ ਰਹਿੰਦਾ ਕਰਨ ਵਾਸਤੇ?
ਪੜ੍ਹ ਪੜ੍ਹ ਕੇ ਪੜ੍ਹੇ ਲਿੱਖੇ ਭਰਪੂਰ ਹੋ ਗਏ ਪਰ ਕਮ ਕਾਰ ਗਿਣਤੀ ਦੇ ਹੀ ਹਨ ਅਤੇ ਖ਼ੂਬ ਨੌਕਰੀਆਂ ਨੂੰ ਸ਼ੂਦਰ ਸਮਝਦੇ ਹਨ ( ਭਾਵੇਂ ਬਾਹਰ ਜਾ ਕੇ ਸਿਰਫ਼ ਉਹ ਹੀ ਸ਼ੂਦਰ ਨੌਕਰੀਆਂ ਆਪਣੇ ਸਮਾਜ ਤੋਂ ਪਰ੍ਹਾਂ ਹੀ ਕਰਦੇ ਹਨ!), ਸੋ ਘਰ ਬਹਿ ਕੇ ਨਸ਼ਾਵਾਂ ਦੇ ਨੌਕਰ ਬਣ ਚੁੱਕੇ ਹਨ। ਇਹ ਵੀ ਹਿੰਡ ਕਰਕੇ। ਤਬਾਹੀ ਦਾ ਫ਼ਾਰਮੂਲਾ ਇਸ ਲਈ ਉਨ੍ਹਾਂ ਉੱਤੇ ਆਪਣਾ ਜੰਤਰ ਮੰਤਰ ਕਰ ਚੁੱਕਾ ਹੈ।
ਬਿੱਲਾ ਤਾਂ ਪੜ੍ਹ ਕੇ ਗਰਬ ਪਾਸੇ ਸੁੱਟ ਕੇ ਪੁਲੀਸ ਵਿੱਚ ਭਰਤੀ ਹੋ ਪਿਆ। ਖ਼ੈਰ ਉਸ ਨੂੰ ਤਾਂ ਇਹ ਸਹੀ ਨੌਕਰੀ ਸ਼ੁਰੂ ਉੱਤੇ ਲੱਗੀ ਸੀ। ਪਰ ਉਸ ਸਾਹਮਣੇ ਕਈ ਜਣੇ ਵਰਦੀ ਦੀ ਜਿਹੀ ਤਿਹੀ ਕਰਦੇ ਨੇ…ਵੱਢੀਖੋਰ ਹਨ।
ਹੁਣ ਤੀਕਰ ਬਿੱਲੇ ਨੇ ਕਈ ਕੇਸ ਵੇਖੇ ਹਨ। ਤਰਨ ਤਾਰਨ ਤੋਂ ਸਤਲੁਜ ਦੇ ਆਲ਼ੇ ਦੁਆਲ਼ੇ ਤੀਕਰ ਧਾੜ ਨਸ਼ੇਬਾਜ਼ਾਂ ਦੀ ਵੇਖੀ ਹੈ। ਜਿੰਨਾ ਵੀ ਮਾਲ ਹੈ, ਨਹੀਂ ਤਾਂ ਲਹਿੰਦੇ ਪਾਸਿਓ ਵੜਦਾ, ਨਹੀਂ ਤਾਂ ਉੱਤਰੀ ਸਰਹੱਦ ਦੇ ਗਿਰਾਂ ਦੇ ਪਰਦੇ ਪਿੱਛੋਂ ਪਹੁੰਚਦਾ। ਇੱਕ ਵਾਰ ਤਾਂ ਭੀਂ ਭੀਂ ਕਰਦਾ ਪਰਦੇਦਾਰੀ ਡਰੌਨ ਰੁਕਾਵਟ ਪੈ ਗਈ ਸੀ। ਸਮਗਲਰਾਂ ਨੇ ਉਸ ਵਿੱਚ ਮਾਲ ਲੁਕੋਇਆ ਸੀ। ਓਸ ਦਿਹਾੜ ਬਿੱਲਾ ਬੀ.ਏਸ.ਏਫ਼ ਨਾਲ਼ ਮਾਮੂਰ ਸੀ, ਬਾਰਡਰ ਸੀਕਊਟਰੀ ਫ਼ਾਰਸ। ਹੋਰ ਗੱਲਾਂ ਵੀ ਸਨ, ਹੋਰ ਵਾਰਦਾਤਾਂ, ਖ਼ਾਸ ਕਰ ਕਾਮਯਾਬ ਸਮਗਲੰਿਗ ਵਾਰੇ। ਸ਼ਾਇਦ ਲੂਣ ਮਿਰਚ ਲਾਈ ਹੋਵੇ, ਕੀ ਪਤਾ। ਪਰ ਉਸ ਨੇ ਖ਼ੁਦ ਨਹੀਂ ਵੇਖਿਆ, ਪਰ ਉਡਦੀ ਖ਼ਬਰ ਕਹਿ ਰਹੀ ਸੀ, ਕਿ ਓਲ੍ਹੇ ਓਲ੍ਹੇ ਤਾਂ ਮਾਲ ਆ ਪੁੱਜਦਾ ਸੀ, ਕਿਉਂਕਿ ਪੁਲਸ ਜਾਂ ਨੀਤੀਵਾਨ ਨੂੰ ਹਿੱਸਾ ਮਿਲ਼ ਰਿਹਾ ਸੀ। ਜਿਵੇਂ ਵੀ ਮਾਲ ਅੰਦਰ ਆਉਂਦਾ ਸੀ, ਬਿੱਲੇ ਨੇ ਉਸ ਦਾ ਅਸਰ ਵੇਖਿਆ ਸੀ। ਇੱਕ ਟੁੱਟੀ ਫੁੱਟੀ ਝੁੱਗੀ ਵਿੱਚ ਪੰਜ ਮੁੰਡੇ ਇੰਞ ਬੈਠੇ ਪਏ ਸਨ, ਜਿੰਞ ਉਨ੍ਹਾਂ ਦੀਆਂ ਰੂਹਾਂ ਡਰ ਡਰ ਕੇ ਤਿੱਤਰ ਹੋ ਚੁੱਕੀਆਂ ਸਨ ਅਤੇ ਉਨ੍ਹਾਂ ਦੇ ਬੇਰੂਹ ਰੁਖ਼ ਮੂਰਛਿਤ ਵਿੱਚ ਡੱਕੇ ਸਨ। ਇੱਕ ਦੀ ਬਾਂਹ ਦੇ ਆਲ਼ੇ ਦੁਆਲ਼ੇ ਚਿੱਟੀ ਸੱਪਣੀ ਮੋਰੜੀ ਸੀ, ਨਾੜ ਵਿੱਚ ਸਰਿੰਜ ਦੀ ਸੂਈ ਹਾਲੇ ਵੀ ਖੋਭੀ ਹੋਈ ਸੀ। ਨਾਲ਼ ਦੇ ਮੁੰਡੇ ਕੂੜੇ ਵਿੱਚ ਚਿੱਤ ਕੇ ਪਏ ਸਨ, ਕਿਸੇ ਦੇ ਮੂੰਹ ਉੱਤੇ ਮਦਹੋਸ਼ੀ, ਕਿਸੇ ਦੀ ਸ਼ੱਕਲ ਸਕਤੇ ਨਾਲ਼ ਗ਼ਰਕ। ਸਾਰੇ ਜਣੇ ਇਸ ਦੁਨੀਆ ਤੋਂ ਦੌੜ੍ਹ ਰਹੇ ਸੀ। ਆਪਣੇ ਦੁੱਖਾਂ ਤੋਂ, ਹੁੱਸੜ ਤੋਂ ਅਤੇ ਹਾਲਾਤਾਂ ਤੋਂ! ਜੇ ਕੋਈ ਕਰਨਾ ਵੀ ਨਹੀਂ ਚਾਹੁੰਦਾ ਸੀ, ਦੂਜੇ ਉਸ ਉੱਤੇ ਜ਼ੋਰ ਪਾ ਕੇ ਕਰਵਾ ਦਿੰਦੇ!
ਪਹਿਲਾਂ ਪਹਿਲਾਂ ’ਫ਼ੀਮ ਦਾ ਤਾਜਰ ਡਰੱਗ ਨੂੰ ਜਾਣ ਕੇ ਸਸਤੇ ਭਆ ਉੱਤੇ ਵੇਚਦਾ, ਫੇਰ ਖ਼ਰਚਾ ਵੱਧਦਾ ਤਾਈਂ ਚੋਰ ਲੁਟੇਰੇ ਬਣਦੇ, ਜਿਸ ਦਾ ਨਤੀਜਾ ਸਾਰੇ ਪੰਜਾਬ ਨੂੰ ਲੱਗਦਾ, ਭਾਦੋਂ ਦੇ ਗ਼ਜ਼ਬ ਪਰਲੇ ਹੜ੍ਹ ਵਾਂਗਰ। ਉਨ੍ਹਾਂ ਦੀ ਕਰਨੀ ਭਰਨੀ ਕਰਕੇ ਮੰਦਾ ਹਾਲ ਹੈ। ਘਰ ਤੋਂ ਘਰ ਕਿਆਮਤ ਹੀ ਹੈ।
ਆ ਦਿਨ ਵੀ ਉਨ੍ਹਾਂ ਦਿਨਾਂ ਵਰਗਾ ਬੀਤ ਰਿਹਾ ਹੈ।
ਸ਼ਾਮ ਵੇਲ਼ੇ ਬਿੱਲਾ ਕੁਝ ਸਿਪਾਹੀਆਂ ਨਾਲ਼ ਇੱਕ ਪਲਾਂਟ ਜਾ ਪਹੁੰਚਦਾ। ਖ਼ੁਦ ਹਵਾਲਦਾਰ ਕਰਕੇ ਉਸ ਦੀ ਜ਼ੁੰਮੇਵਾਰੀ ਬਣਦੀ ਹੈ। ਜਦ ਹੜ੍ਹ ਆਇਆ ਸੀ, ਬੇਤਰਸ ਰੱਬ ਰਾਖ਼ਸ਼ ਦੇ ਰੂਪ ਵਿੱਚ ਰੁੱਝਿਆ ਸੀ। ਅਣਗਿਣਤ ਗਰਾਂ ਗਰਕ ਗਏ, ਸ਼ਾਇਦ ਹਜ਼ਾਰ ਤੋਂ ਵੱਧ; ਖੇਤਾਂ ਦੇ ਤਿੰਨ ਲੱਖ ਏਕੜ ਨਿੱਘਰ ਗਏ ਪਰ ਸੇਂਟਰ ਨੇ ਕੁਝ ਵੀ ਨਹੀਂ ਕੀਤਾ। ਜਿੰਨਾ ਜੱਗ ਭਾਰਤ-ਪਾਕਿਸਤਾਨ ਤੋਂ ਬਾਹਰ ਹੈ, ਉਸ ਨੂੰ ਪਤਾ ਵੀ ਨਹੀਂ ਲੱਗਿਆ। ਉਸ ਆਫ਼ਤ ਸੰਕਟ ਤੋਂ ਬਾਅਦ ਮਹੀਨਿਆਂ ਵਾਸਤੇ ਸਭ ਕੁਝ ਗਾਬ ਹੇਠ ਸੀ। ਗੰਘਲ਼ਿਆ ਪਾਣੀ ਸਾਰੇ ਪਾਸੇ ਨੁਕਸਾਨ ਨਾਲ਼ ਲੈ ਕੇ ਗਿਆ। ਸੋ ਜੋ ਉਨ੍ਹਾਂ ਦੇ ਸਾਹਮਣੇ ਹੁਣ ਸੀ, ਹੋ ਸਕਦਾ ਹੜ੍ਹ ਨੇ ਇੱਥੇ ਲਿਆਂਦਾ ਸੀ। ਖ਼ੈਰ ਪਲਾਂਟ ਦਾ ਮਾਲਕ, ਜਿਸ ਨੂੰ ਫ਼ੋਨ ਲਗਾਇਆ ਗਿਆ, ਇਸ ਗੱਲ ਨੂੰ ਪਾਲ਼ਦਾ ਸੀ।
ਬਿੱਲੇ ਦੀ ਨਿਗ੍ਹਾ ਇੱਕ ਵਾਰ ਫੇਰ ਦ੍ਰਿਸ਼ ਉੱਤੇ ਫਿਰੀ। ਗੰਦੇ ਮੈਲ਼ੇ ਕਫ਼ਨਾਂ ਦੀ ਢੇਰੀ ਸੀ। ਖੌਰ੍ਹੇ ਛੇ ਸਤ ਤਾਬੂਤ ਇਰਦ ਗਿਰਦ ਸਨ। ਹੋ ਸਕਦਾ ਹੜ੍ਹ ਨੇ ਉਨ੍ਹਾਂ ਇੱਥੇ ਲਿਆਂਦਾ। ਪਰ ਕਿਵੇਂ? ਕੰਧ ਖਲੋਤੀਆਂ ਸਨ, ਪਲਾਂਟ ਬੰਦ ਸੀ ਅਤੇ…ਚੜ੍ਹਦੇ ਪੰਜਾਬ ਵਿੱਚ ਕਿੰਨੇ ਜਣੇ ਦਫ਼ਨ ਹੁੰਦੇ ਹੈ? ਖ਼ਾਸ ਗੱਲ ਸੀ ਜਦ ਇੱਕ ਕਫ਼ਨ ਨੂੰ ਖੋਲ੍ਹਿਆ, ਤਾਂ ਅੰਦਰ ਲੋਥ ਦੀ ਜਗ੍ਹਾ…ਹੈਰੋਇਨ ਦੇ ਪੁਲੰਦੇ ਸਨ!
***
ਉਸ ਰਾਤ ਰੱਤ ਰੰਗੀ ਪੂਰਨਮਾਸ਼ੀ ਤਿੰਨ ਕੁਟਿਲ ਕਾਰਦਾਰਾਂ ਦੀ ਕਾਨਾਫੂਸੀ ਨੂੰ ਕੰਨ ਖੜਿੱਕ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ। ਤਿੰਨ ਹੀ ਜਣੇ ਇੱਕ ਚਕਲੇ ਮੇਜ਼ ਦੇ ਆਲ਼ੇ ਦੁਆਲ਼ੇ ਬੈਠੇ ਸਨ, ਸਾਰੇ ਪਰਸਪਰ ਬਰਾਬਾਰ। ਜੇ ਚਕਲੇ ਮੇਜ਼ ਦਾ ਇੱਕ ਪਾਸਾ ਉੱਤਰੀ ਸੀ, ਉੱਥੇ ਬੂਟਾ ਸਿੰਘ ਰਾਠੌਰ ਬੈਠਾ ਸੀ ਅਤੇ ਜਦ ਉਹ ਆਪਣੇ ਖੱਬੇ ਤੋਂ ਸੱਜੇ ਝਾਕੇ, ਪਹਿਲਾ ਚੇਹਰਾ ਪੰਡਤ ਸੁੱਖਾ ਮਾਹਲ ਦਾ ਸੀ ਅਤੇ ਦੂਜਾ ਕਿਰਨ ਮਾਂਗਟ ਦਾ। ਰਾਠੌਰ ਦੀਆਂ ਉਂਗ਼ਲਾਂ ਵਿੱਚ ਸੱਜਰਾ ਲਾਇਆ ਸਿਗਾਰ ਧੂੰ ਧੂੰ ਕੇ ਖ਼ਤਮ ਹੋ ਚੁੱਕਾ ਸੀ ਅਤੇ ਹੁਣ ਉਸ ਨੇ ਮੇਜ਼ ਉੱਤੇ ਪਿਆ ਨੁਕਰੇ ਗੁਲਦਾਨ ਉੱਤੇ ਨੱਪ ਦਿੱਤਾ। ਭਕ ਭਕ ਕਰਕੇ ਚੁਆਤੀ ਬੁਝ ਗਈ। ਰਾਠੌਰ ਦੀਆਂ ਅੱਖਾਂ ਗਾਜ਼ਰੀ-ਦਾਖੇ ਕੱਚ ਸਨ। ਮੁਖੜੇ ਉੱਤੇ ਖਿੱਚ ਜ਼ਰੂਰ ਸੀ। ਦੁੱਧ ਰਬੜੀ ਰੰਗਿਆ ਰੁਖ਼, ਤਿੱਖੇ ਨੈਣ ਨਕਸ਼ ਅਤੇ ਸ਼ਾਹ ਕਾਲ਼ੀ ਦਾੜ੍ਹੀ ਜ਼ਨਾਨੀਆਂ ਨੂੰ ਖਿਡਾਉਣੇ ਬਣਾ ਦਿੰਦੇ ਸੀ। ਨਿੱਕੀ ਨਾਰੀਅਲ ਰੰਗਤ ਪੱਗ ਬੰਨ੍ਹੀ ਹੋਈ ਸੀ। ਅੱਖਾਂ ਦੇ ਛੱਪਰ ਅੱਧ ਨੀਵੇਂ ਹੀ ਰਹਿੰਦੇ ਸਨ, ਜਿੰਞ ਕੋਈ ਰਿਸ਼ੀ ਵਾਂਙ ਭਜਦਾ ਸੀ। ਪਰ ਹਮੇਸ਼ਾ ਹੋਸ਼ਮੰਦ ਸੀ। ਇਸ ਵੇਲ਼ੇ ਉਸ ਦੀਆਂ ਨਜ਼ਰਾਂ ਦੂਜਿਆਂ ਦੀਆਂ ਨਜ਼ਰਾਂ ਤੋਲ ਰਹੀਆਂ ਸਨ। ਮਾਂਗਟ ਦੀ ਗੱਲ ਸੁਣ ਕੇ ਉਸ ਦੀ ਨਿਗ੍ਹਾ ਸਿਆਸਤਦਾਨ ਉੱਤੇ ਹੀ ਅੜ ਚੁੱਕੀ ਸੀ। ਰਾਠੌਰ ਨੇ ਆਪਣੀ ਵਰਦੀ ਘਰ ਹੀ ਛੱਡ ਦਿੱਤੀ ਸੀ। ਇੱਥੇ ਪੁਲਸ ਦੀ ਵਰਦੀ ਦੀ ਕੋਈ ਲੋੜ ਨਹੀਂ ਸੀ। ਖ਼ੈਰ ਪੁਲੀਸ ਵਿਭਾਗ ਦੇ ਸੂਬੇਦਾਰ ਨੂੰ ਐਵੀਂ ਇਨ੍ਹਾਂ ਦੇ ਪੱਧਰ ਵਿੱਚ ਲੈ ਕੇ ਆਉਂਦਾ? ਜੇ ਕਿਸੇ ਨੇ ਉਸ ਨੂੰ ਮਾਹਲ ਦੇ ਘਰ ਵਿੱਚ ਵੜਦੇ ਵੇਖ ਵੀ ਲਿਆ, ਬਿਨਾਂ ਵਰਦੀ ਹੀ ਵੇਖਿਆ ਸੀ। ਸੱਚ ਸੀ ਤਿੰਨ ਜਣੇ ਹੀ ਇੱਕ ਵੇਲ ਦੇ ਚੂੰਏਂ ਮੂੰਏਂ ਸਨ, ਸਾਰੇ ਜਣੇ ਤਾਕਤ ਰੱਖਣ ਲਈ ਹਰਾਮਖੋਰੀ ਕਰਦੇ ਸੀ। ਭਾਰਤ ਸ਼ੁਰੂ ਤੋਂ ਅਜਿਹਾ ਹੈ ਅਤੇ ਅਜਿਹਾ ਹੀ ਰਹਿਣਾ। ਤਾਂ ਹੀ ਤਾਂ ਲੋਕ ਫਟਾ ਫੱਟ ਦੇਸ ਨੂੰ ਤਰਕ ਕਰ ਰਹੇ ਹਨ। ਉਨ੍ਹਾਂ ਦਾ ਨਿਕਾਸੀ ਮਾਲ ਰਾਠੌਰ ਅਤੇ ਮਾਂਗਟ ਅਤੇ ਮਾਹਲ ਦਾ ਬਣ ਜਾਂਦਾ ਹੈ। ਤਿੰਨ ਜਣੇ ਅਤੇ ਉਨ੍ਹਾਂ ਦੀ ਬਰਾਦਰੀ ਫੇਰ ਐਸ਼ ਹੀ ਕਰਦੇ ਨੇ।
ਬਿਨ ਗੱਲ ਮੇਰੀ ਮੱਖਣ ਲਾਉਣ ਦੀ ਆਦਤ ਨਹੀਂ ਹੈ, ਪਰ ਹੁਣ ਉਸ ਲੱਤ ਅੜਾਉਣੀ ਵਾਲ਼ੇ ਬੇਵਕੂਫ਼ ਬਾਹਰਾ ਬਿੱਲੇ ਬਾਰੇ ਕੀ ਫ਼ੈਸਲਾ ਹੈ? ਕਿਰਨ ਮਾਂਗਟ ਦੇ ਘਾਪਾ ਵਰਗੇ ਬੁੱਲ੍ਹ ਵਿੱਚੋਂ ਬਸੰਤਰ ਬੋਲ ਕਬੋਲ ਤਿੱਤਰ ਬਿੱਤਰ ਹੋਏ?
ਤੂੰ ਫਿਕਰ ਨਾ ਕਰ, ਸਭ ਠੀਕ ਹੋਜੂਗਾ, ਸੁੱਖਾ ਮਾਹਲ ਦੇ ਦੰਦ ਦਮਕ ਦਮਕੇ ਉਸ ਦੀਆਂ ਖੰਡੂ ਖਿੜਕੀਆਂ ਵਿੱਚੋਂ ਖਰਾਂਟ ਤਬੱਸਮ ਨਾਲ਼ ਮਾਂਗਟ ਨੂੰ ਖਾਤਰ ਜਮ੍ਹਾ ਕਰਦੇ ਸਨ।
ਜਿੰਞ ਪਹਿਲੀ ਵਾਰੀ ਰਾਠੌਰ ਨੇ ਕਿਰਨ ਦਾ ਕਾਲ਼ਾ ਮੂੰਹ ਵੇਖਿਆ ਹੋਵੇ, ਧਿਆਨ ਨਾਲ਼ ਉਸ ਮੁਰਦਨੀ ਮੁਖ ਦੀ ਪਰਖ ਪੜਤਾਲ ਹੁਣ ਕਰਨ ਲੱਗਾ। ਕਿਰਨ ਦਾ ਰੰਗ ਪੱਕਾ ਸੀ। ਅੱਖਾਂ ਗੋਧਿਆ ਦੇ ਰੰਗ ਵਾਲ਼ੇ ਦਾਇਰੇ ਸਨ। ਉਹ ਜੰਨ ਨਾਲ਼ ਗ਼ਰਕੇ, ਘੁੱਟਿਆ ਘੁੱਟਿਆ ਅਤੇ ਕੌੜ ਨਾਲ਼ ਭਰੀਆਂ ਸਨ। ਨੱਕ ਸਿੱਧਾ ਅਤੇ ਆਪਣੇ ਆਪ ਵਿੱਚ ਰੂਪਮਤੀ ਸੀ, ਪਰ ਉਸ ਰੁਖ਼ ਉੱਤੇ ਸਹੀ ਨਹੀਂ ਲੱਗਦਾ ਸੀ। ਆਦਮੀ ਦੇ ਮੁਖ ਦੀ ਜਗ੍ਹਾ ਨਾਰੀ-ਰੂਪ ਚਿਹਰਾ ਸੀ। ਜੇ ਮੂੰਹ ਉੱਤੇ ਦਾਗ਼ ਨਹੀਂ ਸਨ, ਉਸ ਦੇ ਦਿਲ ਉੱਤੇ ਦਾਗ਼ ਜ਼ਰੂਰ ਸਨ। ਹੋਠ ਪਾੜ ਵਾਂਙ ਉਸ ਮੂੰਹ ਉੱਤੇ ਜ਼ਖ਼ਮ ਕਰ ਰਹੇ ਸਨ। ਮਾਂਗਟ ਇੱਕ ਸਿਆਸਤਦਾਨ ਸੀ ਅਤੇ ਉਸ ਦੀ ਆਕਰਿਤੀ ਉਸ ਨੂੰ ਜਚਦੀ ਸੀ। ਉਹ ਚੰਗੀ ਤਰ੍ਹਾਂ ਜਾਣਦਾ ਸੀ ਜਨਤਾ ਦੇ ਜਜ਼ਬਿਆਂ ਨਾਲ਼ ਕਿੰਞ ਹੁਸ਼ਿਆਰੀ ਕਰਨੀ ਸੀ। ਜਿਨ੍ਹਾਂ ਨੇ ਪਹਿਲਾਂ ਹੀ ਉਸ ਉੱਤੇ ਭਰੋਸਾ ਕਰ ਲਿਆ ਸੀ, ਉਹ ਜੋ ਵੀ ਕਹਿੰਦਾ ਸੀ ਮਗਰ ਲੱਗ ਜਾਂਦੇ ਸਨ। ਸੱਪ ਦੀ ਜਗ੍ਹਾ ਉਨ੍ਹਾਂ ਨੂੰ ਤਾਂ ਭਰਾ ਹੀ ਜਾਪਦਾ ਸੀ। ਉਸ ਦੀ ਦੱਸੀ ਗੱਲ ਮੰਨ ਜਾਂਦੇ ਸੀ ਅਤੇ ਜਿਨ੍ਹਾਂ ਬਾਰੇ ਚੁਗ਼ਲੀ ਕਰਦਾ, ਉਹ ਗੁਰੂ ਦਾ ਸੱਚ ਸਮਝਦੇ ਸਨ। ਜੇ ਕੋਈ ਉਸ ਦਾ ਪਰਦਾ ਲਾਵੇ ਵੀ, ਲੋਕ ਵਿਚਲੀ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਸਨ। ਉਸ ਦੀਆਂ ਗੱਲਾਂ ਉੱਤੇ ਪੂਰਾ ਵਿਸ਼ਵਾਸ ਸੀ। ਉਨ੍ਹਾਂ ਨੂੰ ਚੰਗੀ ਤਰ੍ਹਾਂ ਚੋਪੜ ਕੇ ਰੱਖਦਾ ਸੀ। ਇਹ ਸੀ ਮਾਂਗਟ ਦਾ ਜਾਦੂ। ਇਸ ਲਈ ਉਹ ਐਸ ਤਿਕੜੀ ਦਾ ਹਿੱਸਾ ਸੀ। ਤਿੰਨ ਜਣਿਆਂ ਵਿੱਚੋਂ, ਸਭ ਤੋਂ ਭਾਰਾ ਕਿਰਨ ਹੀ ਸੀ। ਉਸ ਨੇ ਹਰ ਗਰੀਬ ਪੇਟ ਵਿੱਚੋਂ ਉਨ੍ਹਾਂ ਦਾ ਨੌਂਗਾ ਲੈ ਕੇ ਆਪਣਾ ਗੱਫਾ ਬਣਾ ਲਿਆ ਸੀ।
ਤੇਰੀ ਕੁਰਸੀ ਤਾਂ ਪੱਕੀ ਹੈ। ਕੋਈ ਫਿਕਰ ਦੀ ਲੋੜ ਨਹੀਂ। ਜਨਤਾ ਜਦ ਦੇ ਅੰਗ੍ਰੇਜ਼ਾਂ ਨੇ ਪੁਲੀਸ ਘੜੀ ਹੈ ਵਰਦੀ ਤੋਂ ਡਰਦੀ ਹੈ। ਭਾਵੇਂ ਅਸਨਿ ਕੰਮ ਨੇਕ ਨੀਤੀ ਨਾਲ਼ ਕਰੀਏ ਜਾਂ ਨਹੀਂ, ਉਨ੍ਹਾਂ ਨੂੰ ਤਾਂ ਹਮੇਸ਼ਾ ਲੱਗਦਾ ਇਖਤਿਆਰ ਉਨ੍ਹਾਂ ਦੇ ਖਿਲਾਫ਼ ਹੀ ਹੈ। ਖ਼ਾਸ ਕਰ ਤੇਰੇ ਵਰਗੇ ਨੀਤੀਵਾਨ। ਪਰ ਕੁਝ ਨਹੀਂ ਬਦਲਣਾ ਹੈ। ਮੈਂ ਜਿਹੜਾ ਵੀ ਕਿਹੜਾ ਖੱਪ ਕਰੇ ਨੂਂ ਕੈਦ ਕਰਵਾਂ ਸਕਦਾ ਹਾਂ, ਪੰਡਤ ਜੀ ਵਰਗੇ ਉਨ੍ਹਾਂ ਦਾ ਧਾਰਮਿਕ ਵਿਸ਼ਵਾਸ ਨਾਲ਼ ਉਂਗਲ਼ਾਂ ਉੱਤੇ ਉਨ੍ਹਾਂ ਨੂੰ ਖਿਡਾ ਸਕਦੇ ਹਨ ਅਤੇ ਤੰੂ ਤਾਂ ਆਪਣੇ ਲਫ਼ਜ਼ਾਂ ਨਾਲ਼ ਉਨ੍ਹਾਂ ਨੂੰ ਜਿਹੜੇ ਮਰਜ਼ੀ ਪਾਸੇ ਲੈ ਕੇ ਜਾ ਸਕਦਾ!
ਆਹੋ! ਪਰ ਬਿੱਲਾ ਤਾਂ ਪੁਲਸੀਆ ਹੈ! ਉਹ ਤਾਂ ਖੋਜ ਕਰ ਰਿਹਾ ਹੈ! ਓਸ ਕਫਨਾਂ ਬਾਰੇ ਸਾਰੇ ਪਾਸੇ ਸਵਾਲ ਪੁੱਛ ਰਿਹਾ ਹੈ। ਗੱਲ ਮੀਡੀਆ ਤੱਕ ਪਹੁੰਚ ਚੁੱਕੀ ਹੈ!
ਮੈਂ ਜਦ ਮਰਜ਼ੀ ਖੋਜ ਨੂੰ ਰੋਕ ਸਕਦਾ ਹਾਂ ਅਤੇ ਇੰਞ ਹੀ ਹੋਣ ਲੱਗਾ! ਉਂਞ ਰਾਠੌਰ ਖ਼ੁਦ ਹੀਰੋਇਨ ਦਾ ਆਦੀ ਸੀ ਅਤੇ ਉਸ ਨੂੰ ਪੂਰਾ ਪਤਾ ਸੀ ਕਿਰਨ ਵੀ ਨਸ਼ਈ ਸੀ, ਜਿਸ ਦਾ ਹਾਲ ਜਦ ਟੋਟ ਹੋ ਜਾਂਦਾ ਜਾਂ ਅਧੀਰ ਹੋ ਜਾਂਦਾ, ਉਸ ਨੂੰ ਕਮਜ਼ੋਰ ਭੌ ਭਰਾ ਭੇਡੂ ਬਣਾ ਦਿੰਦਾ ਹੈ। ਬੂਟਾ ਕਿਰਨ ਵਾਂਙ ਨਾ ਕੇ ਕੱਚਾ ਸੀ, ਨਾ ਕੇ ਨਪੁੰਸਦ! ਭਾਵੇਂ ਰਾਠੌਰ ਵੀ ਹੀਰੋਇਨ ਲੈਂਦਾ ਸੀ, ਉਸ ਨੇ ਆਪ ਨੂੰ ਅਮਲੀ ਨਹੀਂ ਸੀ ਬਣਾਇਆ। ਤਿੰਨ ਜਣਿਆਂ ਨੇ ਕਮਾਈ ਕੀਤੀ ਹੈ ਹੀਰੋਇਨ ਦੀ ਦਰਾਮਦ ਬਰਾਮਦ ਨਾਲ਼। ਪੁਲਸ ਧਰਮ ਅਤੇ ਰਾਜਨੀਤੀ ਦੇ ਮੇਲ਼ ਨੇ ਸਮਗਲਰਾਂ ਨੂੰ ਸਕੂਨ ਦਿੱਤਾ ਅਤੇ ਤਿੰਨਾਂ ਵਾਸਤੇ ਜਾਇਦਾਦ ਜਮ੍ਹਾਂ ਕੀਤੀ। ਫੇਰ ਕਿਉਂ ਕਿਸ਼ਤੀ ਨੂੰ ਹਿਲਾਓ? ਪੁਲਸ ਦੇ ਇੱਕ ਹਿੱਸੇ ਨੂੰ ਸਾਫ਼ ਪਤਾ ਸੀ ਕਿ ਬਾਹਰੋਂ ਮਾਲ ਆਉਂਦਾ ਹੈ ( ਖ਼ਾਸ ਕਰ ਕਿਸ ਤੋਂ) ਅਤੇ ਪੰਜਾਬ ਦੇ ਰਾਹੀ ਸਾਰੇ ਦੇਸ ਵਿੱਚ ਵੱੰਡ ਵਰਤਾ ਹੁੰਦਾ ਹੈ। ਪੰਜਾਬ ਦੇ ਹਾਲਾਤਾਂ ਇੰਞ ਸਨ ਕਿ ਇੱਥੇ ਜ਼ਿਆਦਾ ਜੋਹਫ਼ ਪਹੁੰਚਦਾ ਸੀ। ਕਈ ਚਿਰ ਦੀ ਬੇਕਾਰੀ ਸੀ ਅਤੇ ਮਾਪੇ ਬੱਚਿਆਂ ਨੂੰ ਘਰਾਂ ’ਚ ਰੱਖਦੇ ਸਨ ਸੋ ਬਾਹਰ ਜਾ ਕੇ
ਸੇਪ ਟੋਕਰੀ ਢੋਣੀ ਨਾ ਕਰਨ। ਇਸ ਦਾ ਨੁਕਸਾਨ ਨਿਆਣਿਆਂ ਉੱਤੇ ਪਿਆ ਅਤੇ ਪੰਜਾਬ ਦੇ ਅਰਥ ਉੱਤੇ। ਉਹ ਹੀ ਬੱਚੇ ਮੁਲਕ ਤੋਂ ਬਾਹਰ ਜਾ ਕੇ ਸੇਪ ਕਰ ਕੇ ਹੋਰਾਂ ਦੇ ਅਰਥਾਂ ਨੂੰ ਵਸਤਾ ਰਸਦਾ ਬਣਾਉਂਦੇ ਸੀ! ਇਹ ਸਭ ਦਾ ਫ਼ਾਇਦਾ ਪੁਲਸ, ਪੰਡਤ ’ਤੇ ਪਾਲਿਿਟਸ਼ਨ ਲੈਂਦੇ ਸਨ! ਬੱਸ ਬਿੱਲੇ ਵਰਗੇ ਬਲਵੰਤ ਰਣ ਬੀਰਾਂ ਨੂੰ ਹੀ ਚੁੱਪ ਰੱਖਣ ਦੀ ਲੋੜ ਸੀ। ਅਤੇ ਬੂਟੇ ਕੋਲ਼ ਇਲਾਜ਼ ਸੀ!
ਬੂਟੇ ਨੇ ਕਿਰਨ ਦੇ ਮੋਢੇ ਉੱਤੇ ਹੱਥ ਟਿੱਕਾਇਆ ਅਤੇ ਇੱਕ ਇੱਕ ਪਦ ਨਿਖਾਰ ਫਰਮਾਇਆ, ਆਪਾਂ ਬਿੱਲੇ ਨੂੰ ਹੋਰ ਮੁਲਕਾਂ ’ਚ ਮੁੜ ਸੌਂਪਾਗੇ। ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੇ ਉੱਤਰ ਇੱਕ ਦੇਸ ਹੈ ਜਿੱਥੋਂ ਸੱਚ ਮੁੱਚੀ ਕੁਝ ਹੀਰੋਇਨ ’ਤੇ ਅਫ਼ੀਮ ਪੰਜਾਬ ਤੱਕ ਪੁੱਜਦੀ ਹੈ। ਅਸੀਂ ਉਸ ਨੂੰ ਇੱਕ ਸਮਗਲਰ ਪਿੱਛੇ ਲਾ ਦੇਣਾ ਹੈ। ਓਸ ਸਮਗਲਰ ਸਾਡਾ ਹੀ ਯਾਰ ਹੈ ’ਤੇ ਸਾਡੀ ਮਦਦ ਕਰਨ ਨੂੰ ਤਿਆਰ ਹੈ। ਬਿੱਲਾ ਪੁਲਸੀ ਹੈ ’ਤੇ ਉਸ ਨੂੰ ਹੋਰ ਕੁਝ ਕਰਨ ਲਈ ਦੇਣਾ ਤਾਂ ਸਭ ਨੂੰ ਸ਼ੱਕੀ ਕਰਦੇਗਾ ਨਾਲ਼ੇ ਮੁਠ ਭੇੜ ਜਾਂ ਅਨਕਾਉਂਟਰ ਕਰਨਾ ਜ਼ਿਆਦਾ ਸਿਰ ਦਰਦੀ ਦੇਵੇਗਾ। ਸਾਰਾ ਵਿਭਾਗ ਸਵਾਲੀ ਹੋਜੂਗਾ। ਸੌਖੀ ਚਾਲ ਹੈ…ਰਾਠੌਰ ਬਾਕੀ ਲਫ਼ਜ਼ ਸਿਗਾਰ ਵਾਂਙ ਪੀ ਗਿਆ, ਕਿਉਂਕਿ ਕਿਰਨ ਦੇ ਮੂੰਹ ਉੱਤੋਂ ਘਬਰਾਹਟ ਦੇ ਚਿੰਨ੍ਹ ਫੁੱਟ ਚੁੱਕੇ ਸੀ।
ਹੌਲ਼ੀ ਹੌਲ਼ੀ ਮਾਂਗਟ ਨੇ ਸਿਰ ਹਿੱਲਾ ਕੇ ਕਿਹਾ, ਠੀਕ। ਇਸ ਦਾ ਯਤਨ ਕਦੋਂ ਕਰਨਾ?
ਇੱਕ ਦਮ! ਸਵੇਰੇ ਹੀ ਮੈਂ ਉਸ ਨੂੰ ਆਪਣੇ ਹੀ ਸਦਰ ਦਫ਼ਤਰ ਬੁਲਾਵੇਗਾ। ਉਸ ਨੂੰ ਆਗਿਆ ਕਰਨੀ ਹੈ ਕਿ ਇੱਕ ਮਸ਼ਹੂਰ ਮੁਜਰਮਾਨਾ ਹੈ ਜੋ ਉਹ ਕਫਨਾਂ ਰਾਹੀਂ ਹੀ ਹੀਰੋਇਨ ਪੰਜਾਬ ਵਿੱਚ ਗਿਰੀਆਂ ਰਾਹੀਂ ਲਿਆਉਂਦਾ ਹੈ। ਬੱਸ ਪੱਕਾ ਪਰਤੱਖ ਪ੍ਰਮਾਨ ਹੀ ਚਾਹੀਦਾ ਹੈ! ਜਿਸ ਬੰਦੇ ’ਤੇ ਸ਼ੱਕ ਹੈ, ਉਸ ਦੀ ਕੋਈ ਤਸਵੀਰ ਤਸਵੀਰ ਨਹੀਂ ਹੈ! ਕਿਸ ਨੇ ਉਸ ਦੀ ਸ਼ਕਲ ਨਹੀਂ ਵੇਖੀ! ਤੇਰਾ ਕੰਮ ਹੈ ਉਸ ਦੀ ਛਾਣ ਬੀਨ ਕਰਨੀ, ਖੋਜ ਕਰਨੀ ਅਤੇ ਮੁਲਾਕਾਤ ਕਰਨੀ।
ਮੁਲਾਕਾਤ?
ਆਹੋ। ਬਿੱਲੇ ਨੂੰ ਦੱਸ ਦੇਣਾ ਸਾਡੇ ਕੋਲ਼ ਇੱਕ ਸਰਨਾਵਾਂ ਹੈ…ਖ਼ੈਰ ਸ਼ੱਕ ਹੈ ਉਸ ਦਾ ਟਿਕਾਣਾ ਹੈ, ਰਾਠੌਰ ਨੇ ਮਾਂਗਟ ਨੂੰ ਤਸੱਲੀ ਕੀਤੀ, ਫੇਰ ਅੱਗੇ ਬੋਲਿਆ, ਅਤੇ ਸਰਨਾਵਾਂ ਪੰਜਾਬ ’ਚ ਤਾਂ ਹੈ ਨਹੀਂ। ਉਸ ਮੁਲਕ ’ਚ ਹੀ ਬਿੱਲੇ ਨੂੰ ਇਕੱਲੇ ਭੇਜ ਦੇਣਾ ਹੈ।
…ਤੇ ਜੇ ਉਸ ਨੂੰ ਕੁਝ ਹੋਇਆ ਮਾਹਲ ਦੇ ਢਿੱਡ ਵਿੱਚ ਪੇੜੇ ਲਹਿਰ ਨਾਲ਼ ਭਰ ਚੁੱਕੇ ਸਨ।
…ਫੇਰ ਜੇ ਕੁਝ ਹੋ ਪਿਆ ਤਾਂ ਹੋ ਪਿਆ। ਕੀ ਕਰ ਸਕਦੇ ਹਾਂ? ਇਹ ਨਿਯੁਕਤੀ ਸਿਰਫ਼ ਉਸ ਲਈ ਹੈ। ਕਿਸੇ ਨਾਲ਼ ਇਸ ਬਾਰੇ ਗੱਲ ਨਹੀਂ ਕਰ ਸਕਦਾ ਹੈ! ਉਸ ’ਤੇ ਮੇਰੇ ਵਿਚਾਲੇ ਹੀ ਗੱਲ ਹੈ।
ਵਾਹ! ਅਤੇ ਸਮਗਲਰ ਸਾਡਾ ਮਰਟ ਹੈ ਨਾ?
ਆਹੋ, ਰਾਠੌਰ ਨੇ ਇਕੱਲਾ ਸ਼ਬਦ ਪਿਆਰ ਨਾਲ਼ ਬੋਲਿਆ।
ਫੇਰ ਤਾਂ ਉਸ ਨੇ ਕਦੀ ਵਾਸਪ ਨਹੀਂ ਆਉਣਾ! ਜਿੰਞ ਰੇਕੋਰਡ ਉੱਤੇ ਖਰੀਂਦ ਪੈਂਦਾ, ਉਸ ਤਰ੍ਹਾਂ ਪੰਡਤ ਦੀ ਆਵਾਜ਼ ਆਈ।
ਸਾਡਾ ਸਰਦਾਰ, ਮੇਘ ਉਲਤਾਰਕ ਮਰਟ ਇਹ ਕਰਨ ਨੂੰ ਤਿਆਰ ਹੈ? ਮਾਂਗਟ ਨੇ ਫ਼ਿਕਰਾ ਫੜ ਫੜ ਕੇ ਬੋਲਿਆ।
ਆਹੋ! ਬਿੱਲੇ ਨੇ ਕਫਨਾਂ ਦੀ ਰਿਪੋਰਟ ਤਾਂ ਭਰ ਦਿੱਤੀ। ਪਰ ਅਸੀਂ ਤਾਂ ਜ਼ਿਮਨੀ ਦਮਨ ਕਰ ਦੇਣਾ ਹੈ। ਜਦ ਉਹ ਛਲਾਵੇਸਤਾਨ ਪਹੁੰਚ ਚੁੱਕਾ, ਰਿਪੋਰਟ ਤਾਂ ਰੱਦ ਕਰ ਦੇਣੀ ਹੈ।
ਰਾਠੌਰ ਸਾਹਬ ਤੰੂ ਤਾਂ ਕਮਾਲ ਦਾ ਬੰਦਾ ਹੈ! ਮਾਹਲ ਖ਼ੁਸ਼ ਸੀ ਅਤੇ ਮਾਂਗਟ ਵਾਸਤੇ ਵੀ ਇਹ ਚਾਲ ਨੇ ਸਹਿਮਤੀ ਨਾਲ਼ ਅਸਹਿਮੀ ਦੀ ਹਵਾ ਛੱਡ ਦਿੱਤੀ ਸੀ।
ਤੁਹਾਥੋਂ ਤਾਂ ਬੰਦਾ ਹੁਨਰ ਸਿੱਖ ਲੈਂਦਾ ਰਾਠੌਰ ਜੀ! ਬਿੱਲੇ ਲਈ ਐਵੇਂ ਜੁੱਤੀਆਂ ਤੁੜਾਈ ਜਾਣਾ ਛਲਾਵੇਸਤਾਨ ਵਿੱਚ! ਇਹ ਗੱਲ ਹੋਈ! ਖ਼ੈਰ ਮਰਟ ਨੇ ਤਾਂ ਉਸ ਉੱਥੇ ਹੀ ਖ਼ਤਮ ਕਰ ਦੇਣਾ। ਫੇਰ ਤੁਸੀਂ ਕੇਸ ਬੰਦ ਕਰ ਸਕਦੇ!
ਮਾਂਗਟ ਜੀ ਉਸ ਦੀ ਅਲੋਪਤਾ ਬਾਅਦ ਨਕਲੀ ਪੁਛ ਗਿੱਛ ਕਰ ਲਿਓ। ਉਸ ਤੋਂ ਬਾਅਦ ਕੇਸ ਬੰਦ! ਰਾਠੌਰ ਆਪਣੇ ਪੈਂਤੜੇਬਾਜ ’ਤੇ ਬਹੁਤ ਖ਼ੁਸ ਸੀ।
ਉਸ ਨੂੰ ਕਾਇਲ ਕਿਵੇਂ ਕਰਾਂਗਾ? ਫੇਰ ਵੀ ਕਿਰਨ ਨੇ ਠਠੰਬਰ ਜਿਹੀ ਆਵਾਜ਼ ਵਿੱਚ ਪੁੱਛਿਆ।
ਜੇ ਬਿੱਲਾ ਮਰਟ ਤੋਂ ਇਕਬਾਲਨਾਮਾ ਇੱਥੇ ਵਾਪਸ ਲੈ ਕੇ ਆ ਸਕਦਾ, ਤੰੂ, ਜੋ ਮੰਤਰੀ ਹੈ, ਸਾਨੂੰ, ਮਤਲਬ ਪੁਲੀਸ ਨੂੰ ਅਧਿਕਾਰ ਦੇਦੂਗਾ ਮਰਟ ਦੇ ਕਫਨਾਂ ਦੀ ਆਯਾਤ ਨੂੰ ਬੰਦ ਕਰਵਾਉਣ ਸੋ ਨਸ਼ੀਲੀ ਵਸਤੂ ਰੁਕ ਜਾਵੇਗੀ। ਮੈਂ ਬਿੱਲੇ ਨੂੰ ਦੱਸਣਾ ਕਿ ਉਹ ਕਫਨ ਸਾਰੇ ਛਲਾਵੇਸਤਾਨ ਤੋਂ ਆਏ ਹਨ ਦਸੌਰੀ ਦੇ ਧੰਦੇ ਰਾਹੀਂ। ਉਹ ਵੀ ਮੇਘ ਉਲਤਾਰਕ ਮਰਟ ਦੇ ਕਾਰੋਬਾਰ ਰਾਹੀਂ। ਪਰ ਆਪਾਂ ਸਬੂਤ ਬਿਨਾ ਕੁਝ ਨਹੀਂ ਕਰ ਸਕਦੇ। ਉਸ ਦਾ ਕੰਮ ਹੀ ਹੈ ਸਬੂਤ ਲੈਣਾ! ਸਬੂਤ ਕਿੱਤੇ ਮਿਲ਼ਣਾ? ਉਸ ਰਾਖ਼ਸ਼ ਨੇ ਤਾਂ ਬਿੱਲੇ ਨੂੰ ਬਲੀ ਬਣਾ ਦੇਣਾ ਹੈ! ਕੋਈ ਸ਼ੱਕ!
ਤਿੰਨ ਹੀ ਜਣੇ ਸੁਰ ਮਿਲ਼ਾ ਕੇ ਹੱਸੇ।
* * *
ਸਵੇਰੇ ਸ਼ੀਰੋ ਦੀਆਂ ਸ਼ੁਭ ਅਸੀਸਾਂ ਮਿਲ਼ੀਆਂ। ਮਾਂ ਨੇ ਪੁੱਤ ਦੇ ਸੀਸ ਉੱਤੇ ਹੱਥ ਲਾਇਆ ਅਤੇ ਦੁਆ ਜਿਊ ਫ਼ਰਮਾਇਆ। ਉਸ ਹੀ ਪਲ ਪੁੱਤਰ ਨੇ ਮਾਂ ਦੇ ਪੈਰ ਦੀ ਚਰਨ ਛੂਹੀ ਕੀਤੀ। ਮਾਂ ਦੀ ਨਿਗ੍ਹਾ ਅਗਾਂਹਾਂ ਸੀ। ਨਿਗ੍ਹਾ ਕਾਹਦੀ? ਸ਼ੀਰੋ ਦੀ ਨੇਤਰਹੀਣ ਨਜ਼ਰ ਦੂਰ ਤੀਕਰ ਝਾਕਦੀ ਜਾਪਦੀ ਸੀ, ਪਰ ਉਸ ਨੂੰ ਫੇਰ ਵੀ ਪਤਾ ਸੀ ਪੁੱਤ ਕਿੱਥੇ ਨਿਵਣ ਹੋਇਆ ਹਾਜਰ ਸੀ। ਸਪੁੱਤਰ ਮਾਂ ਨੂੰ ਇਸ ਲਈ ( ਮਤਲਬ ਮਾਂ ਦਾ ਹਾਲ) ਇੰਨੀ ਦੇਰ ਵਾਸਤੇ ਕੱਲਮ ’ਕੱਲਾ ਪਿੱਛੇ ਨਹੀਂ ਛੱਡਣਾ ਚਾਹੁੰਦਾ ਸੀ, ਸੋ ਉਸ ਨੇ ਰਾਧਾ ਨੂੰ ਬੇਨਤੀ ਕੀਤੀ ਸੀ, ਕਿ ਹਰ ਰੋਜ਼ ਮਾਂ ਕੋਲ਼ ਗੇੜਾ ਮਾਰਨਾ। ਰਾਧਾ ਚੰਗੀ ਪੁਲਸਣ ਸੀ ਅਤੇ ਸ਼ਫਕਤ ਨਾਲ਼ ਭਰੀ ਸਤਵੰਤੀ। ਬਿੱਲੇ ਨੂੰ ਉਸ ਉੱਤੇ ਮਾਣ ਸੀ। ਜਦ ਰਾਧਾ ਨੇ ਪੁੱਛਿਆ, ਤੂੰ ਕਿੱਥੇ ਚਲਿਆ, ਬਿੱਲੇ ਨੇ ਬੂਟੇ ਰਾਠੌਰ ਦੀ ਗੱਲ ਯਾਦ ਕਰ ਕੇ ਸਿਰਫ਼ ਇੰਨਾ ਹੀ ਬੋਲਿਆ, ਕਿ ਜ਼ਰੂਰੀ ਬੱੁਤੀ ਕੱਢਣੀ ਸੀ ਅਤੇ ਕਫਨਾਂ ਦੇ ਬਾਰੇ ਪੁੱਛ ਪੁਛਾਈ ਕਰਨ ਚਲਾ ਸੀ। ਬਿੱਲਾ ਮਾਂ ਨੂੰ ਕਦੇ ਝੂਠ ਨਹੀਂ ਬੋਲਦਾ ਸੀ, ਸੋ ਉਸ ਨੂੰ ਵੀ ਇੰਨਾ ਹੀ ਦੱਸਿਆ। ਦੋਹਾਂ ਨੂੰ ਕੇਵਲ ਇੱਕ ਹੋਰ ਉੱਘ ਸੁੱਘ ਦੱਸੀ। ਮੈਂ ਕੁਝ ਦਿਨਾਂ ਵਾਸਤੇ ਛਲਾਵੇਸਤਾਨ ਹੋਵਾਂਗਾ।
ਕੀ ਡਿਊਟੀ ’ਤੇ? ਰਾਧਾ ਨੇ ਸਾਰ ਲੈਣ ਦੀ ਕੋਸ਼ਿਸ਼ ਕੀਤੀ।
ਨਹੀਂ, ਮਫ਼ਤੀਆਂ ’ਚ ਚਲਿਆ। ਬੱਸ, ਤੁੱਕਾ ਲਾ ਰਿਹਾ। ਜੇ ਸਹੀ ਹਾਂ, ਪੰਜਾਬ ਲਈ ਕੁਝ ਕਰਲੂਗਾ…ਹੜ੍ਹ ਨੂੰ ਥੋੜ੍ਹਾ ਬਹੁਤਾ ਡੱਕਾ ਦੇਊਗਾ। ਇਸ ਤੋਂ ਵੱਧ ਗੱਲ ਕੀਤੀ ਨਹੀਂ। ਛੁੱਟੀ ਕਰ ਕੇ ਅੰਮ੍ਰਿਤਸਰ ਜਹਾਜ਼ ਅੱਡੇ ਉੱਤੇ ’ਕੱਲਾ ਕਲਾਪਾ ਪੁੱਜ ਚੁੱਕਾ। ਹੁਣ ਭੱਤੇਵੇਲਾ ਸੀ।
ਹਵਾਈ-ਅੱਡਾ ਹਰ ਰੋਜ਼ ਵਾਂਗਰ ਮਸਰੂਫ਼ ਸੀ। ਜਨਤਾ ਜਾਤਰਾ ਪੰਜਾਬ ਤੋਂ ਭਾਰਤ ਦੀ ਹਰ ਵਿੱਥ ਵੱਲ ਕਰ ਰਹੀ ਸੀ, ਅਤੇ ਬਾਹਰ ਜਾਣ ਦੀ ਜਾਤਰਾ ਵੀ ਕਰ ਰਹੀ ਸੀ। ਬਾਹਰ ਤੋਂ ਘੱਟ ਕੌਮਾਂਤਰੀ ਜਹਾਂਦੀਦੇ ਰਾਹੀ ਆ ਰਹੇ ਸਨ, ਪਰ ਬਾਹਰਲੇ ਪੰਜਾਬੀ ਮਾਂ-ਦੇਸ ਦੇ ਦਰਸ਼ਨ ਨੂੰ ਕਰਨ ਨਿੱਤ ਨਿੱਤ ਆਉਂਦੇ ਜਾਂਦੇ ਸੀ। ਖ਼ੈਰ ਜਿਨ੍ਹਾਂ ਕੋਲ਼ ਕਰਾਏ ਦੇ ਪੈਸੇ ਸਨ, ਉਹ ਹੀ ਇੰਞ ਆ ਜਾਹ ਸਕਦੇ ਸਨ। ਵਿਦਾਈ ਵਿਿਦਆ ਕਰਨ ਵਾਲੇ ਵੀ ਗਹਿਮਾ ਗਹਿਮ ਸਨ। ਈ-ਟੈਕਸੀ ਏਅਰਪੋਰਟ ਦੀ ਬਾਹਰਲੀ ਸੜਕ ਉੱਤੇ ਆ ਖਲੋਤੀ ਸੀ ਅਤੇ ਉਸ ਵੇਲ਼ੇ ਬਿੱਲਾ ਉੱਤਰਿਆ, ਉਸ ਸਭ ਵੱਲ ਧਿਆਨ ਮਾਰਿਆ। ਫ਼ੋਨ ਦੇ ਕੈਦੀ ਸੜਕਾਂ ਉੱਤੇ ਹਵਾਈ-ਅੱਡੇ ਬਾਹਰ (’ਤੇ ਅੰਦਰ ਵੀ) ਭੀੜ ਬਣਾਉਂਦੇ ਸਨ। ਉਨ੍ਹਾਂ ਦੀਆਂ ਨਿਗ੍ਹਾਵਾਂ ਸਕਰੀਨਾਂ ਨਾਲ਼ ਜੰਮੀਆਂ ਸਨ, ਇਰਦ ਗਿਰਦ ਬਾਰੇ ਬੇਇਲਮ। ਗਿੱਚੀਆਂ ਟੇਢੀਆਂ ਕੀਤੀਆਂ ਸਨ, ਜਿਸ ਕਰਕੇ ਇੱਕ ਪੈਂਤੜਾ ਰੱਖ ਕੇ ਧੌਣਾਂ ਦੱਬ ਦਬਾ ਕੇ ਦਰਦ ਦੇ ਸ਼ਿਕਾਰ ਸਨ, ਨਾਲ਼ੇ ਅੱਖਾਂ ਮਾਂਦਗੀ ਦੀਆਂ ਮਾਰਾਂ ਸਨ। ਸਕਰੀਨ ਦਾ ਸੰਸਾਰ ਸਚੇਤ ਸੀ, ਪਰ ਮਾਦੀ ਮਾਤ ਲੋਕ ਤਾਂ ਉਨ੍ਹਾਂ ਵਾਸਤੇ ਕੋਈ ਛਾਇਆ ਸੀ। ਚਲਾ ਚਲੀ ਦਾ ਮੇਲਾ ਤਾਂ ਫ਼ੋਨਾ ਉੱਤੇ ਸੀ। ਪਰ ਅੱਜ ਕੱਲ੍ਹ ਤਾਂ ਸਾਰੇ ਮਸ਼ੀਨਾਂ ਵਿੱਚ ਹੀ ਜਿਉਂਦੇ ਸੀ ਨਾ ਕੇ ਆਲ਼ੇ ਵਾਲ਼ੇ ਜਹਾਨ ਵਿੱਚ। ਕੀ ਹਾਲ ਹੋ ਪਿਆ ਸਾਡਾ! ਬਿੱਲੇ ਨੇ ਸੋਚਿਆ।
ਜਦ ਬਿੱਲਾ ਟਰਮਿਨਲ ਵਿੱਚ ਵੜਿਆ, ਜਨਤਾ ਡੈਸਕਾਂ ਤੀਕਰ ਖਿਲਰੀਆਂ ਕਤਾਰਾਂ ਵਿੱਚ ਖਲੋਤੀ ਸੀ। ਜਦ ਵੀ ਅਗਾਂਹਾਂ ਕਦਮ ਚੁੱਕ ਦੀ ਸੀ, ਨਾਲ਼ ਨਾਲ਼ ਭਾਜੜੀਆਂ ਮੁਹਰੇ ਕਰਦੀ ਜਾਵੇ, ਜਿੰਞ ਮਜਬੂਰ ਮਜ਼ਦੂਰ ਗੂਣ ਛੱਟ ਲੱਦ ਰਿਹਾ ਸੀ। ਪਰ ਜਿਸ ਡੈਸਕ ’ਤੇ ਜਾ ਕੇ ਬਿੱਲੇ ਨੇ ਆਪਣਾ ਪਾਸਪੋਰਟ ’ਤੇ ਬੋਰਡਿੰਗ ਪਾਸ ਪੇਸ਼ ਕਰਨਾ ਸੀ, ਕਤਾਰ ਦੀ ਜਗ੍ਹਾ ਸਵਾਰੀਆਂ ਦੀ ਨਿੱਕੀ ਖਿੱਤੀ ਹੀ ਸੀ। ਦੂਜੇ ਹਵਾਈ ਰਸਤੇ ਮਰਨ ਦੀ ਵਿਹਲ ਵੀ ਦਿੰਦੇ ਨਹੀਂ ਸੀ, ਪਰ ਛਲ਼ਾਵੇਸਤਾਨ ਨੂੰ ਕੋਣ ਜਾਣਾ ਚਾਹੁੰਦਾ ਸੀ? ਬਿੱਲੇ ਕੋਲ਼ ਥੋੜ੍ਹੇ ਹੀ ਲੀੜੇ ਸਨ, ਸੋ ਕੇਸ ਵੀ ਬੈਲਟ ਉੱਤੇ ਟਿਕਾਉਣ ਦੀ ਲੋੜ ਨਹੀਂ ਸੀ। ਇਸ ਲਈ ਫਟਾ ਫੱਟ ਆਵਾਸ ਮਹਿਕਮੇ ਦੇ ਅਸਥਾਨ ਅੱਪੜ ਗਿਆ ਸੀ।
ਬਿੱਲਾ ਪਹਿਲੀ ਵਾਰੀ ਜਹਾਜ਼ ਵਿੱਚ ਚੜ੍ਹਨ ਲੱਗਾ ਸੀ। ਉਸ ਦੇ ਦਿਲ ਵਿੱਚ ਵੀ ਹਰ ਦੇਸੀ ਵਾਂਙ ਸੁਪਨਾ ਸੀ ਦੁਨੀਆ ਨੂੰ ਵੇਖਣ, ਇਸ ਦੇਸ਼ ਤੋਂ ਜ਼ਿਆਦਾ ਕਾਮਯਾਬ ਧਰਤੀ ਉੱਤੇ ਕਦਮ ਚੁੱਕਣ, ਇਸ ਦੇਸ਼ ਦੀ ਘੂਸ਼ਖੋਰੀ ਤੋਂ ਅਜ਼ਾਦ ਨਸੀਬ ਜਿਊਣ ਦਾ। ਪੰਜਾਬ ਉਹ ਮਾਂ ਸੀ, ਜਿਸ ਨੇ ਆਪਣੀ ਔਲਾਦ ਨੂੰ ਜਨਮ ਤਾਂ ਦੇ ਦਿੱਤਾ ਸੀ, ਪਰ ਸੰਤਾਨ ਤਾਂ ਹੋਰ ਮਾਂ ਵੱਲ ਨੱਸ ਰਹੇ ਸਨ, ਹੋਰ ਦੇਸ ਵੱਲ, ਜਿੱਥੇ ਦੌੜ੍ਹ ਕੇ ਫੇਰ ਮਮਤਾ ਹੀ ਯਾਦ ਕਰਦੇ ਸਨ। ਸੱਚ ਸੀ ਇਹ ਮਾਂ ਉਨ੍ਹਾਂ ਨੂੰ ਕੀ ਦੇ ਸਕਦੀ ਸੀ? ਗਾ ਕੇ ਕਈ ਕਹਿੰਦੇ ਕੋਈ ਦੇਸ਼ ਪੰਜਾਬ ਵਰਗਾ ਨਹੀਂ ਹੋ ਸਕਦਾ, ਪਰ ਅਸਲੀਅਤ ਸੀ ਬਾਹਰਕੇ ਦੇਸ਼ ਚੰਗੇਰੇ ਸਨ। ਬਿੱਲਾ ਮਾਂ ਨੂੰ ਨਹੀਂ ਛੱਡਣਾ ਚਾਹੁੰਦਾ ਸੀ। ਮਾਂ ਦੇ ਹਾਲਾਤ ਸਵਾਰਨਾ ਚਾਹੁੰਦਾ ਸੀ। ਸਿਰਫ਼ ਤਾਂ ਹੀ ਇਹ ਪੰਧ ਵਿੱਚ ਪੈ ਰਿਹਾ ਸੀ। ਹੁਣ ਅੱਜ ਉਸ ਨੂੰ ਵੀ ਪਤਾ ਲੱਗ ਜਾਣਾ ਸੀ ਕਿ ਹਵਾਈ-ਜਹਾਜ਼ ਸਵਾਰ ਹੋਣ ਦਾ ਕੀ ਵਲਵਲਾ ਸੀ!
ਜਦ ਇਮੀਗ੍ਰੇਸ਼ਨ ਵਾਲ਼ਿਆਂ ਕੋਲ਼ ਪੁੱਜਾ, ਬਿੱਲੇ ਦੇ ਸਾਹਮਣੇ ਦੋ ਗੋਰੇ ਸਨ ਅਤੇ ਇੱਕ ਭਾਰਤੀ। ਭਾਰਤੀ ਦੇ ਹੁਲੀਆ ਰੰਗ ਢੰਗ ਤੋਂ ਸੁੰਘ ਸਕਦੇ ਸੀ ਕਿ ਭਾਰਤ ਦਾ ਜਮਪਲ਼ ਨਹੀਂ ਸੀ, ਪਰ ਬਾਹਰਲੇ ਦੇਸ਼ਾਂ ਦਾ ਵਾਸੀ ਸੀ। ਆਪਣੇ ਗੋਰੇ ਸਾਥੀਆਂ ਵਾਂਙ ਉਹ ਵੀ ਅੰਗ੍ਰੇਜ਼ੀ ਲਹਿਜੇ ਵਿੱਚ ਗੱਲਬਾਤ ਕਰ ਰਿਹਾ ਸੀ। ਜਦ ਗੋਰੇ ਬੂਥ ਵੱਲ ਪਹੁੰਚੇ ਆਵਾਸ ਅਹਿਲਕਾਰ ਨੇ ਬਿਨਾ ਧਿਆਨ ਉਨ੍ਹਾਂ ਦੇ ਪਾਸਪੋਰਟ ਉੱਤੇ ਉੱਡਦੀ ਜਿਹੀ ਝਾਤੀ ਫੇਰੀ ਅਤੇ ਹੱਥ ਨਾਲ਼ ਲੰਘਣ ਦਾ ਇਸ਼ਾਰਾ ਕਰ ਦਿੱਤਾ। ਪਰ ਜਦ ਉਹ ਬਾਹਰਲਾ ਪੰਜਾਬੀ ਉੱਥੇ ਪਲ ਬਾਅਦ ਪੁੱਜਾ, ਇੱਕ ਦਮ ਉਸ ਨੂੰ ਔਖੇ ਸਵਾਲ ਕਰਨ ਲੱਗ ਪਿਆ ਅਤੇ ਗਹੁ ਨਾਲ਼ ਉਸ ਦਾ ਪਾਸਪੋਰਟ ਵਾਚ ਰਿਹਾ ਸੀ। ਫੇਰ ਟੇਢੇ ਤਰੀਕੇ ਨਾਲ਼ ਮੁੰਡੇ ਤੋਂ ਆਪਣੀ ਮੁੱਠ ਗਰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਮੁੰਡਾ ਗ਼ੁੱਸੇ ਵਿੱਚ ਆ ਗਿਆ ਅਤੇ ਬਹਿਸ ਚੱਲ ਪਈ।
ਬਿੱਲੇ ਨੇ ਅਹਿਲਕਾਰ ਵੱਲ ਨਜ਼ਰ ਮਾਰੀ। ਉਸ ਬੰਦੇ ਦੀ ਗੋਗੜ ਚਿੱਟੀ ਕਮੀਜ਼ ਵਿੱਚੋਂ ਤਿੱਤਰ ਹੋਣ ਦੀ ਕੋਸ਼ਿਸ਼ ਕਰ ਰਹੀ ਸੀ। ਬਾਹਾਂ ਦੀ ਜਗ੍ਹਾ ਟਾਹਣੀਆਂ ਸਨ ਅਤੇ ਬੁੱਲ੍ਹਾਂ ਉੱਤੇ ਕਾਲ਼ੀ ਸੁੰਡੀ ਸੁੱਤੀ ਸੀ। ਬਿੱਲੇ ਨੇ ਸੋਚਿਆ ਇਸ ਤਰ੍ਹਾਂ ਸਰਕਾਰੀ ਲੱਲੂ ਭਾਰਤ ਨੂੰ ਭੈੜਾ ਨਾਂ ਦਿੰਦੇ ਹਨ, ਖ਼ੈਰ ਇਸ ਤਰ੍ਹਾਂ ਦੇ ਲੋਕ ਸਾਰੇ ਭਾਰਤੀਆਂ ਨੂੰ ਭੈੜਾ ਨਾਂ ਦਿੰਦੇ ਹਨ।
ਮੁੰਡੇ ਨੇ ਉਸ ਨੂੰ ਕੁਝ ਨਹੀਂ ਦਿੱਤਾ, ਇਸ ਲਈ ਓਸ ਦੇ ਝੌਲ਼ੇ ਨੂੰ ਫਰੋਲ਼ਾ ਫਰੋਲ਼ੀ ਕਰਨ ਲੱਗ ਪਿਆ। ਉਸ ਦੇ ਹੱਥ ਕੋਈ ਯੰਤਰ ਆ ਪਿਆ ਜਿਸ ਵਿੱਚੋਂ ਬੈਟਰੀ ਕੱਢ ਕੇ ਮੁੰਡੇ ਨੂੰ ਕਿਹਾ ਬੈਟਰੀ ਬਾਹਰ ਨਹੀਂ ਲੈ ਕੇ ਜਾ ਸਕਦਾ। ਮੁੰਡਾ ਹਾਰ ਕੇ ਹੰਭ ਕੇ ਬੈਟਰੀ ਬਿਨਾ ਤੁਰ ਪਿਆ। ਜਦ ਉਸ ਕਮਾਰਗ ਕਰਮਚਾਰੀ ਬਿੱਲੇ ਦੇ ਪਾਸਪੋਰਟ ਵੱਲ ਨਿਗ੍ਹਾ ਮਾਰਨ ਲੱਗਾ, ਉਸ ਨੂੰ ਪਤਾ ਸੀ ਕਿ ਬਿੱਲਾ ਭਾਰਤੀ ਹੈ, ਸੋ ਉਸ ਨੇ ਕੁਝ ਨਹੀਂ ਕਿਹਾ। ਸ਼ਾਇਦ ਉਸ ਨੇ ਸੂਝ ਲਿਆ ਕਿ ਬਿੱਲਾ ਉਸ ਵਾਂਙ ਸਰਕਾਰੀ ਬੰਦਾ ਹੈ। ਉਂਞ ਜੇ ਲੋੜ ਸੀ ਬਿੱਲੇ ਦਾ ਹੱਥ ਪੁਲੀਸ ਬੈਜ ਉੱਤੇ ਠਹਿਿਰਆ, ਪਰ ਬੈਜ ਜੇਬ ਵਿੱਚ ਹੀ ਰਿਹਾ। ਬਿੱਲਾ ਲੰਘ ਕੇ ਜਹਾਜ਼ ਵੱਲ ਵੱਧਿਆ। ਉਸ ਸੋਚਿਆ, ਮਾਂ ਨੇ ਮੈਨੂੰ ਸਿਖਾਇਆ ਹੋਇਆ ਹੈ ਇਨ੍ਹਾਂ ਵਾਂਙ ਨਹੀਂ ਬਣਨਾ। ਵਰਦੀ ਦੀ ਇੱਜ਼ਤ ਕਰਨੀ ਸੀ ਜਿੰਞ ਸ਼ਸ਼ੀ ਕਪੂਰ ਦੇ ਪੁਲੀਸ ਕਿਦਾਰ ਫ਼ਿਲਮਾਂ ਵਿੱਚ ਕਰਦੇ ਹਨ। ਅਣਖੀਲਾ ਸੀ ਬਿੱਲਾ ਫੇਰ ਵੀ!
ਜਦ ਜਹਾਜ਼ ਉੱਤੇ ਚੜ੍ਹਿਆ, ਹੈਰਾਨ ਸੀ ਅੰਦਰ ਜਗ੍ਹਾ ਕਿੰਨੀ ਕਸਵੀਂ ਸੀ, ਕਿੰਨੀ ਤੰਗ। ਤਿਲ਼ ਧਰਨ ਨੂੰ ਥਾਂ ਨਾ ਹੋਈ, ਬਿੱਲੇ ਨੇ ਸੋਚਿਆ। ਕਤਾਰੇ ਕਤਾਰ ਕੁਰਸੀਆਂ ਜਿੰਞ ਸਰਕਾਰੀ ਸਿਪਾਹ ਸਾਵਧਾਨ ਉੱਤੇ ਖਲੋਤਾ ਹੁੰਦਾ, ਸੈਟ ਕੀਤੀਆਂ ਸਨ। ਗਭਲੇ ਤਾਂਤੇ ਵਿੱਚ ਤਿੰਨ ਤਿੰਨ ਕੁਰਸੀਆਂ ਨਾਲ਼ ਨਾਲ਼ ਸਨ। ਖੱਬੇ ਪਾਸੇ ਖਿੜਕੀਆਂ ਨਾਲ਼ ਵਾਲ਼ੀਆਂ ਕੁਰਸੀਆਂ ਦਾ ਵੀ ਇਹ ਹਾਲ ਸੀ ਅਤੇ ਉਹ ਹੀ ਹਾਲ ਸੱਜੇ ਪਾਸੇ ਸੀ। ਮਸਾਂ ਇੱਕ ਜਣਾ ਗਲਿਆਰੇ ਥਾਂ ਨੂੰ ਪਾਰ ਕਰ ਸਕਦਾ ਸੀ। ਕੁਰਸੀਆਂ ਦੇ ਉੱਪਰ ਚੋਰ ਖਾਨੇ ਵਾਂਙ ਖਾਨਿਆਂ ਦੀ ਸਤਰ ਸੀ, ਜਿਸ ਵਿੱਚ ਸਮਾਨ ਟਿਕਾ ਸਕਦੇ ਸਨ। ਭਾਰਤ ਦੇ ਬਹੁਤੇ ਲੋਕ ਛਲ਼ਾਵੇਸਤਾਨ ਨਹੀਂ ਸੀ ਜਾਂਦੇ। ਇਸ ਕਰਕੇ ਘੱਟ ਸਵਾਰੀਆਂ ਸਨ, ਸੋ ਬਿੱਲੇ ਦੇ ਨਾਲ਼ ਕੋਈ ਨਹੀਂ ਬੈਠਾ ਸੀ। ਉਸ ਨੂੰ ਖੱਬੀ ਬਾਰੀ ਵਾਲ਼ੀ ਕੁਰਸੀ ਮਿਲ਼ ਗਈ ਸੀ। ਬਾਰੀ ਬਾਹਰੋਂ ਹੋਰ ਜਹਾਜ਼ ਦਿੱਸਦੇ ਸਨ ਅਤੇ ਰਨਵੇਅ ਵੀ। ਕਿਸੇ ਨੇ ਬਿੱਲੇ ਨੂੰ ਦੱਸਿਆ ਹੋਇਆ ਸੀ ਜੇ ਜਹਾਜ਼ ਵਿੱਚ ਟੈਨਸ਼ਨ ਮਹਿਸੂਸ ਕਰਦਾ ਸੀ, ਆਪਣੇ ਜੱੁਤੇ ਜਰਾਬ ਲਾਹ ਕੇ ਪੈਰ ਦੇ ਪੱਬਾਂ ਨਾਲ਼ ਕਲੀਨ ਨੂੰ ਖੋਹ ਕੇ ਵਿਸਮ ਕਰ ਸਕਦਾ ਹੈ। ਜਦ ਜਹਾਜ਼ ਉੱਡਣ ਲੱਗਾ, ਮੂੰਹ ਵਿੱਚ ਮਿਸਰੀ ਚੁਪਣੀ ਚਾਹੀਦੀ ਹੈ। ਇੰਞ ਜਦ ਉੱਚੇ ਹੋ ਕੇ ਹਵਾ ਦੀ ਦੱਬ ਕੰਨਾਂ ਨੂੰ ਸਤਾਵੇਗੀ, ਚੂਸ ਚੂਸ ਕੇ ਕੰਨਾਂ ਨੂੰ ਖਿੜਨਾ ਪੀੜ ਤੋਂ ਬਚਾ ਹੋਵੇਗਾ। ਸੋ ਬਿੱਲੇ ਨੇ ਜੁੱਤੇ ਜਰਾਬਾਂ ਲਾਹ ਕੇ ਮੂੰਹ ਵਿੱਚ ਸਵੀਟ ਪਾ ਲਈ ਅਤੇ ਚੂਸਣ ਲੱਗ ਪਿਆ।
ਜਹਾਜ਼ ਤੁਰ ਪਿਆ ਅਤੇ ਰਨਵੇਅ ਵੱਲ ਟੈਕਸੀ ਕਰਨ ਲੱਗ ਪਿਆ। ਸਾਰੀਆਂ ਸਵਾਰੀਆਂ ਸਾਹਮਣੇ ਹੋਸਟੇਸਾਂ ਸੈਫ਼ਟੀ ਦੀਆਂ ਵਿਧੀਆਂ ਨਿਰੂਪਣ ਕਰਨ ਲੱਗ ਪਈਆਂ। ਸਾਰਿਆਂ ਨੇ ਬੈਲਟਾਂ ਲਾ ਲਈਆਂ ਸਨ। ਫੇਰ ਹੋਸਤੇਸਾਂ ਵੀ ਬਹਿ ਗਈਆਂ। ਫੇਰ ਰਨਵੇਅ ਉੱਤੇ ਜਹਾਜ਼ ਨੇ ਰਫ਼ਤਾਰ ਇੰਨੀ ਸ਼ਤਾਬੀ ਨਾਲ਼ ਚੁੱਕੀ, ਰੋੜ੍ਹ ਰੋੜ੍ਹ ਕੇ ਜਨਤਾ ਨੂੰ ਝਟਕੇ ਹੁਝਕੇ ਪਏ। ਜਿਓਂ ਜਿਓਂ ਜਹਾਜ਼ ਜੰਨਤ ਵੱਲ ਵੱਧਿਆ, ਤਿਓਂ ਤਿਓਂ ਬਿੱਲੇ ਦਾ ਪਿੰਡਾ ਕੁਰਸੀ ਦੀ ਢੋਹ ਵਿੱਚ ਧਕਵਾਇਆ। ਤੇਜੀ, ਹੁੱਲੜ ’ਤੇ ਇੱਕ ਦਮ ਧਰਤ ਛੱਡ ਕੇ ਹਵਾ ਵਿੱਚ ਅਰੜਾਟ ਨਾਲ਼ ਇੰਞ ਉੱਡਣ ਕਰਕੇ ਬਿੱਲੇ ਨੂੰ ਹੈਰਤ ਹੋਈ। ਆਕਰਸ਼ਨ ਸ਼ਕਤੀ ਨੇ ਉਸ ਨੂੰ ਖਿੱਚ ਕੇ ਕੁਰਸੀ ਨਾਲ਼ ਢਾਸ ਦਿੱਤਾ। ਇੰਜਨ ਨੇ ਜਹਾਜ਼ ਨੂੰ ਅੰਬਰ ਵਿੱਚ ਭੇਜਿਆ, ਜਿੰਞ ਚਿੱਲਾ ਖਿੱਚ ਕੇ ਤੀਰ ਚਰਖ਼ ਵੱਲ ਛੱਡਦਾ ਹੈ।
ਬੱਸ ਹੁਣ ਬਾਜ਼ ਵਾਂਙ ਨਭ ਉੱਤੇ ਸੀ!
* * *
ਇੱਕ ਘੰਟਾ,ਨਾ ਕੇ ਉਸ ਤੋਂ ਖਿਣ ਪਹਿਲਾਂ, ਨਾਕੇ ਛਿਣ ਬਾਅਦ, ਜਹਾਜ਼ ਜ਼ਬਰਦਸਤ ਕੁਲਾਹਲ ਨਾਲ਼ ਆਪਣੇ ਪਹੀਏ ਕੱਢ ਕੇ ਜਿੰਞ ਇੱਲ ਚੁੰਗ਼ਲ ਸ਼ਿਕਾਰ ਨੂੰ ਫੜ੍ਹਣ ਵੱਲ ਵਧਾਉਂਦਾ, ਥੱਬਾ ਕੀਤਾ ਅਤੇ ਜ਼ੋਰ ਦੇਣੀ, ਕੁੰਦੀ ਨਾਲ਼ ਰਨਵੇਅ ਉੱਤੇ ਆ ਵਜਿਆ, ਆਪਣੇ ਫੁਲਾਦੀ ਪੰਖਾਂ ਨੂੰ ਹਵਾ ਖਿਲਾਫ਼, ਕਸ਼ਸ਼ ਖਿਲਾਫ਼ ਕਰਦਾ, ਹਾਰ ਕੇ ਗਤੀ ਨੂੰ ਮਿਟਾ ਦਿੱਤਾ ਅਤੇ ਧਰਤ ਉੱਤੇ ਖਲ੍ਹਾਰ ਕੇ ਖਲੋਤਾ, ਬਿੱਲੇ ਨੂੰ ਡਰਾ ਦਹਿਲ ਕੇ; ਖੌਰ੍ਹੇ ਖ਼ੁਸ਼ ਹੋ ਕੇ ਜਹਾਜ਼ ਉੱਤੇ ਰੁਕਿਆ! ਬਿੱਲੇ ਨੂੰ ਕਦੀ ਨਹੀਂ ਲੱਗਿਆ ਕਿ ਇੰਞ ਧਰਤ ਵੱਲ ਵਾਪਸ ਪਰਤਨਾ ਸੀ। ਬਾਰੀ ਦੇ ਬਾਹਰ ਬੰਜਰ ਜ਼ਮੀਨ ਵਾਪਸ ਤਾੜਦੀ ਸੀ। ਧਰਤ ਉੱਪਰ ਟਿਕ ਟਿਕਾ ਕੇ ਹੀ ਸਾਹ ਆਇਆ! ਭੂਮੀ ਸੰਬੰਧ ਹੁੰਦੇ ਹੁੰਦੇ ਸਾਹ ਵਿੱਚ ਸਾਹ ਰਲ ਚੁੱਕਾ ਸੀ।
ਜਦ ਬਿੱਲਾ ਜਹਾਜ਼ ਵਿੱਚੋਂ ਉੱਤਰ ਕੇ ਟਰਮਿਨਲ ਪੁੱਜ ਗਿਆ ਸੀ, ਉਸ ਨੇ ਵੇਖਿਆ ਕਿ ਹਰ ਛਲ਼ਾਵੇਸਤਾਨੀ ਦੀ ਸ਼ੱਕਲ ਆਮ ਪੰਜਾਬੀਆਂ ਤੋਂ ਵਿਲੱਖਣਤਾ ਸੀ, ਉਂਞ ਨੈਣ ਨਕਸ ਭਾਰਤੀਆਂ-ਪਾਕਿਸਤਾਨੀਆਂ ਵਰਗੇ ਸਨ, ਪਰ ਰੰਗ ਸੁਨਿਹਰੀ ਤੋਂ ਕਪੂਰੀ ਵੱਲ ਤਰਤੀਬ ਕਰਦੇ ਸਨ ਅਤੇ ਅੱਖਾਂ ਸ਼ਰਦਈ ਤੋਂ ਕਾਸ਼ਣੀ ਵੱਲ ਲੜੀਬੱਧ ਸਨ। ਤਕਰੀਬਨ ਹਰ ਬੰਦੇ ਨੇ ਟੋਪੀ ਪਾਈ ਹੋਈ ਸੀ, ਜੋ ਸੀਸ ਉੱਤੇ ਤਬਲੇ ਦੀ ਕੁਚਲੀ ਹੋਈ ਪੁੜੀ ਵਾਂਗਰ ਜਾਪਦੀ ਸੀ। ਜਿੰਨੇ ਵੀ ਬੰਦੇ ਸਨ, ਸਾਰੇ ਸਲਵਾਰਾਂ ਕਮੀਜ਼ਾਂ ਵਾਲ਼ੇ ਲੀੜਿਆਂ ’ਚ ਤੁਰਦੇ ਫਿਰਦੇ ਸਨ। ਜ਼ਨਾਨੀ ਤਾਂ ਕਿੱਤੇ ਵੀ ਨਹੀਂ ਸੀ। ਬੱਚੀਆਂ ਵੀ ਨਹੀਂ ਕਿੱਤੇ ਡਿੱਠਦੀਆਂ ਸਨ। ਮਰਦਾਂ ਦਾ ਹੀ ਮੁਲਕ ਲੱਗਦਾ ਸੀ।
ਰਾਠੌਰ ਨੇ ਕੋਈ ਇੰਤਜ਼ਾਮ ਨਹੀਂ ਸੀ ਕੀਤਾ। ਬਿੱਲੇ ਨੂੰ ਕੋਈ ਮੁਕਾਮੀ ਪੁਲੀਸ ਵਾਲ਼ੇ ਨਾਲ਼ ਮਿਲਣ ਦਾ ਆਹਰ ਪਾਹਰ ਨਹੀਂ ਕੀਤਾ ਹੋਇਆ ਸੀ। ਸਿਰਫ਼ ਮੇਘ ਉਲਤਾਰਕ ਮਰਟ ਦਾ ਸਿਰਨਾਵਾਂ ਹੀ ਦਿੱਤਾ ਸੀ ਅਤੇ ਇੱਕ ਫ਼ੋਨ ਨੰਬਰ। ਹੁਣ ਬਾਹਰ ਆ ਕੇ ਬਿੱਲੇ ਨੇ ਅੰਕਾਂ ਨੂੰ ਲਗਾਇਆ, ਪਰ ਕਿਸੇ ਨੇ ਜਵਾਬ ਨਹੀਂ ਦਿੱਤਾ। ਬੱਸ ਛਲ਼ਾਵੇਸਤਾਨੀ ਬੋਲੀ ਵਿੱਚ ਕੋਈ ਪਿਆਮ ਸੀ ਜੋ ਉਹ ਹੀ ਹੋਵੇਗਾ ਕਿ ਮੈਂ ਉੱਤਰ ਨਹੀਂ ਦੇ ਸਕਦਾ ਹਾਂ, ਸੋ ਸਨੇਹਾ ਛੱਡ ਦਿਓ। ਬਿੱਲੇ ਨੂੰ ਅਖਣਾ ਘਲਣਾ ਦਾ ਜੀ ਨਹੀਂ ਕੀਤਾ। ਮਰਟ ਨੂੰ ਪੰਜਾਬੀ ਨਹੀਂ ਆਉਂਦੀ ਹੋਵੇਗੀ ਅਤੇ ਬਿੱਲੇ ਨੂੰ ਲੋਕਲ ਜ਼ੁਬਾਨ ਨਹੀਂ ਸੀ ਆਉਂਦੀ। ਅੰਗ੍ਰੇਜ਼ੀ ਜਾਂ ਉਰਦੂ ਵਿੱਚ ਗੱਲ ਕਰਨੀ ਪੈਣੀ ਹੈ। ਬਿੱਲੇ ਨੇ ਬਾਹਰ ਟੈਕਸੀਆਂ ਦਾ ਸੱਪ ਜਿੰਨਾ ਲੰਮਾ ਕਾਫ਼ਲਾ ਵੱਲ ਤੱਕਿਆ।
ਪਹਿਲੀ ਟੈਕਸੀ ਦਾ ਗੱਡੀਵਾਨ ਨੱਠ ਕੇ ਬਿੱਲੇ ਵੱਲ ਆਇਆ। ਟੈਕਸੀ ਦੀ ਡਿੱਘੀ ਵਿੱਚ ਰੱਖਣ ਨੂੰ ਬਿੱਲੇ ਦੇ ਆਰ ਪਾਰ ਅਸਬਾਬ ਭਾਲ਼ ਰਿਹਾ ਸੀ। ਜਦ ਵੇਖਿਆ ਕਿ ਇੱਕ ਹੀ ਕੇਸ ਸੀ, ਉਸ ਨੂੰ ਖਿੱਚ ਕੇ ਬਿੱਲੇ ਨੂੰ ਇਸ਼ਾਰੇ ਦਿੰਦਾ ਸੀ ਮੇਰੇ ਨਾਲ਼ ਮੇਰੀ ਟੈਕਸੀ ਵਿੱਚ ਆ ਅਤੇ ਛਲ਼ਾਵੇਸਤਾਨੀ ਵਿੱਚ ਪਿਟਰ ਪਿਟਰ ਕਰ ਰਿਹਾ ਸੀ। ਬਿੱਲੇ ਦਾ ਅਸਬਾਬ ਅੱਡੀ ਡਿੱਘੀ ਵਿੱਚ ਟਿੱਕਾ ਦਿੱਤਾ ਅਤੇ ਜਦ ਵਿਹਾਜੂ ਨੇ ਟੈਕਸੀ ਵਾਲ਼ੇ ਨੂੰ ਸੱਤ ਸ਼ਬਦ ਬੋਲੇ, ਮੇਘ ਉਲਤਾਰਕ ਮਰਟ ਦੀ ਹਵੇਲੀ ਜਾਣਾ ਹੈ, ਡਿੱਘੀ ਵਿੱਚੋਂ ਕੇਸ ਕੱਢ ਕੇ ਖੜੰਜੇ ਉੱਤੇ ਛੁੱਟੜ ਕਰ ਦਿੱਤਾ। ਬਿੱਲਾ ਤਾਂ ਹੱਕਾ ਬੱਕਾ ਹੋ ਗਿਆ!
ਫੇਰ ਬਿੱਲੇ ਨੇ ਕੇਸ ਚੁੱਕ ਕੇ ਅਗਲੇ ਡ੍ਰਾਇਵਰ ਕੋਲ਼ ਗਿਆ। ਐਦਕੀਂ ਆਪਣਾ ਸਿਰ ਖੁੱਲ੍ਹੀ ਬਾਰੀ ਵਿੱਚ ਪਾ ਕੇ ਮਰਟ ਦਾ ਸਰਨਾਵਾਂ ਦਿੱਤਾ। ਡ੍ਰਾਈਵਰ ਨੇ ਪੜ੍ਹ ਕੇ ਨਾ ਵਿੱਚ ਸਿਰ ਹਿਲਾਇਆ। ਤੀਜੇ ਟੈਕਸੀਵਾਨ ਨੂੰ ਪੁੱਛ ਕੇ ਉਹ ਹੀ ਅਨੁਕਿਿਰਆ ਸੁਣ ਕੇ ਅਗਾਂਹਾਂ ਜਾਣ ਦੀ ਜਗ੍ਹਾ, ਪਾਸੇ ਜਾਹ ਕੇ ਫੇਰ ਫ਼ੋਨ ਲੱਗਾਉਣ ਲੱਗ ਪਿਆ। ਪਲਾਂ ਵਿੱਚ ਪਹਿਲੀਆਂ ਪੰਜ ਟੈਕਸੀਆਂ ਸਵਾਰੀਆਂ ਨਾਲ਼ ਤੁਰ ਪਈਆਂ। ਗੱਡੀਵਾਨ ਹੋਰ ਸਾਰਿਆਂ ਸੈਲਾਨੀਆਂ ਦੇ ਆਲ਼ੇ ਦੁਆਲ਼ੇ ਸੰਕਲਿਤ ਹੋ ਰਹੇ ਸਨ, ਪਰ ਬਿੱਲੇ ਨੂੰ ਅਡਿੱਠ ਕਰ ਰਹੇ ਸਨ।ਹੁਣ ਕਿਸੇ ਨੇ ਫ਼ੋਨ ਚੁੱਕ ਲਿਆ ਸੀ। ਦੂਜੇ ਪਾਸਿਓਂ ਸੁਲਗਣੀ ਸਵਰ ਕੰਨਾਂ ਵਿੱਚ ਚੌਸਾ ਮਾਰ ਰਹੀ ਸੀ। ਜਦ ਬਿੱਲੇ ਨੇ ਅੰਗ੍ਰੇਜ਼ੀ ਵਿੱਚ ਆਖਿਆ ਕਿ ਮੈਂ ਛਲ਼ਾਵੇਸਤਾਨੀ ਨਹੀਂ ਬੋਲ ਸਕਦਾ ਹਾਂ, ਉੱਧੜਵੀਂ ਉਰਦੂ ਵਿੱਚ ਜਵਾਬ ਆਇਆ। ਬਿੱਲੇ ਨੇ ਸਮਝਾਇਆ ਉਹ ਕੌਣ ਸੀ ਅਤੇ ਕਾਹਤੋਂ ਆਇਆ। ਫ਼ੋਨ ਕਾਫ਼ੀ ਦੇਰ ਵਾਸਤੇ ਚੁੱਪ ਸੀ। ਫੇਰ ਜਵਾਬ ਵੱਟ ਕੇ ਅੰਗ੍ਰੇਜ਼ੀ ਵਿੱਚ ਆਇਆ, ਕਿ ਇੱਕ ਪਿੰਡ ਹੈ, ਜਿਸ ਦਾ ਨਾਂ ਥੋਹਰਕਲਾਂ ਹੈ। ਉੱਥੇ ਜਾਣ ਲਈ ਪੁੱਛਣਾ ਚਾਹੀਦਾ ਹੈ। ਉੱਥੋਂ ਹਵੇਲੀ ਤੀਕਰ ਕੋਈ ਨਾ ਕੋਈ ਬਿੱਲੇ ਨੂੰ ਲੈ ਕੇ ਆਵੇਗਾ। ਸੋ ਬਿੱਲੇ ਨੇ ਅਗਲੀ ਟੈਕਸੀ ਨੂੰ ਇਸ਼ਾਰਾ ਕਰ ਕੇ ਗੱਡੀਵਾਨ ਨੂੰ ਥੋਹਰਕਲਾਂ ਦਾ ਨਾਂ ਦਿੱਤਾ। ਬੰਦਾ ਬਾਹਰ ਨਿਕਲ਼ ਕੇ ਕੇਸ ਨੂੰ ਡਿੱਘੀ ਵਿੱਚ ਰੱਖ ਕੇ ਬਿੱਲੇ ਨੂੰ ਲੈ ਗਿਆ।
* * *
ਜਦ ਟੈਕਸੀ ਥੋਹਰਕਲਾਂ ਦੇ ਸ਼ਾਹ ਰਾਹ ਪੁੱਜ ਗਈ ਸੀ, ਬਿੱਲੇ ਨੇ ਵੇਖਿਆ ਕਿ ਇਰਦ ਗਿਰਦ ਇਮਾਰਤਾਂ ਇੰਗਲਿਸ਼ੀ ਰੀਤੀ ਵਿੱਚ ਉਸਾਰੀਆਂ ਸਨ। ਆਸ ਪਾਸ ਅੰਗ੍ਰੇਜ਼ਾਂ ਦੇ ਰਾਜ ਦੇ ਨਿਸ਼ਾਨ ਸਨ। ਇਸ ਕਰਕੇ ਜਿੱਥੇ ਟੈਕਸੀ ਰੁਕੀ ਪਾਰਲੇ ਪਾਸੇ ਅੰਗ੍ਰੇਜ਼ੀ ਮੈਖਾਨਾ ਸੀ, ਖ਼ੈਰ ਅੱਧ ਅੰਗ੍ਰੇਜ਼ੀ ਪਬ, ਅੱਧ ਛਲ਼ਾਵੇਸਤਾਨੀ ਢਾਬਾ। ਬਿੱਲਾ ਥੌੜ੍ਹਾ ਬਹੁਤਾ ਹੈਰਾਨ ਸੀ, ਕਿਉਂਕਿ ਇਸ ਮੁਲਕ ਵਿੱਚ ਸ਼ਰਾਬ ਪੀਂਣਾ ਹਰਾਮ ਸੀ। ਸ਼ਾਇਦ ਅੱਜ ਕੱਲ੍ਹ ਇਕੱਲਾ ਢਾਬਾ ਹੀ ਸੀ। ਉਸ ਤੋਂ ਜ਼ਿਆਦੀ ਹੈਰਾਨੀ ਸੀ ਬਾਹਰ ਫੱਟਾ ਟੰਗਿਆ ਸੀ, ਜਿਸ ਉੱਤੇ ਸ਼ੇਰ ਦੇ ਮੂੰਹ ਵਿੱਚ ਲਹੂ ਭਿੱਜਾ ਕਟਰੂ ਵਾਹਿਆ ਹੋਇਆ ਸੀ। ਬਹੁਤ ਅਜੀਬ ਤਸਵੀਰ ਸੀ। ਉਸ ਤੋਂ ਅਜੀਬ ਗੱਲ ਸੀ ਫੱਟੇ ਉੱਤੇ ਨਾਂ। ਬਿੱਲੇ ਨੇ ਆਪਣੇ ਫ਼ੋਨ ਦਾ ਕੈਮਰਾ ਮੂਰਤ ਉੱਤੇ ਕੀਤਾ। ਐਪ ਨੇ ਸਕਰੀਨ ਉੱਤੇ ਉਸ ਦੇ ਪੜ੍ਹਨ ਯੋਗ ਰੂਪਾਂਤਰ ਵਿਖਾਇਆ। ਅੱਖਰ ਅੱਖਾਂ ਮੂਹਰੇ ਹੀ ਅੰਗ੍ਰੇਜ਼ੀ ਅਰਥ ਵਿੱਚ ਉਲਥੇ ਗਏ! ਫੱਟੇ ਉੱਤੇ ਨਾਂ ਸੀ, ਕੁੱਠਾ ਕਟਰੂ।
ਟੈਕਸੀਵਾਨ ਨੇ ਕੁੱਠਾ ਕਟਰੂ ਢਾਬੇ ਵੱਲ ਇਸ਼ਾਰਾ ਕੀਤਾ, ਤੁਸਾਂ ਉੱਥੇ ਕੋਈ ਮੁਕਾਮੀ ਮਰਦ ਨੂੰ ਪੁੱਛ ਸਕਦੇ ਹੋ। ਮੈਂ ਤੁਹਾਡਾ ਸਮਾਨ ਲੈ ਕੇ ਆਉਂਦਾ। ਭਾ ਪੰਜ ਸੋਮਨੀ ਹੈ।
ਸਮਾਨ ਕੀ ਸੀ? ਸਿਰਫ਼ ਇੱਕ ਕੇਸ! ਸ਼ਾਹ ਰਾਹ ਤੋਂ ਇਲਾਵਾਂ ਸਾਰਾ ਪਿੰਡ ਕਹਿਗਲ ਝੌਪੜਿਆਂ ਨਾਲ਼ ਉੱਸਿਰਾ ਸੀ। ਪੱਕਾ ਅਵਿਕਾਸ ਸੀ। ਉਂਞ ਇੱਥੇ ਆਉਂਦੇ ਨੇ ਬਾਰੀ ਦੇ ਰਾਹੀਂ ਸਾਰੀ ਸਲਤਨਤ ਵੇਖ ਲਈ ਸੀ। ਗਰਮੀ ਸੀ। ਗੱਡੀ ਵਿੱਚ ਏ.ਸੀ, ਨਹੀਂ ਸੀ, ਸੋ ਬਾਰੀਆਂ ਦੇ ਸ਼ੀਸ਼ੇ ਥੱਲੇ ਕੀਤੇ ਸਨ। ਪਰ ਤੱਤੀ ਤੱਤੀ ਹਵਾ ਅੰਦਰ ਆਕਰਮਣ ਕਰ ਰਹੀ ਸੀ। ਸੇਕ ਤੋਂ ਕੋਈ ਸਹਾਇਤਾ ਨਹੀਂ ਸੀ, ਸਗੋਂ ਸਿਕ ਰਿਹਾ ਸੀ। ਪੰਜਾਬ ਤੋਂ ਵੀ ਜ਼ਿਆਦਾ ਗਰਮੀ ਸੀ। ਇਹ ਵੀ ਉਸ ਨੂੰ ਤਰਹਿ ਗਿਆ। ਉਸ ਨੂੰ ਲੱਗਾ ਸੀ, ਕਿਉਂਕਿ ਗਿਰਾਂ ਦਾ ਮੁਲਕ ਹੈ, ਇੱਥੇ ਠੰਢ ਹੀ ਠੰਢ ਹੋਵੇਗੀ।
ਪਹਿਲਾਂ ਪਹਿਲਾਂ ਭੂਮੀ ਅਜੀਵ ਸੀ। ਕੋਈ ਬੂਟਾ ਨਹੀਂ ਸੀ, ਕੋਈ ਸਾਏਦਾਰ ਜੰਡ ਨਹੀਂ ਸੀ, ਕੋਈ ਉਪਜਾਊ ਖੇਤ ਨਹੀਂ ਸੀ। ਦਾਖਾ ਰੰਗੀ ਜ਼ਮੀਨ ਦਿਸਹੱਦੇ ਉੱਤੇ ਜ਼ਰਦ ਨਿੰਬਲ਼ ਨਾਲ਼ ਮੇਲ ਮਿਲ ਰਹੀ ਸੀ। ਸ਼ਾਇਦ ਸੂਰਜ ਤਿੱਖੀ ਧੁੱਪ ਉਨ੍ਹਾਂ ਦੀਆਂ ਅੱਖਾਂ ਵਿੱਚ ਮਾਰ ਰਿਹਾ ਕਰਕੇ ਇੰਞ ਲੱਗ ਰਿਹਾ ਸੀ। ਬਿੱਲਾ ਕਣਕ ਅਤੇ ਕਪਾਹ ਅਤੇ ਕਮਾਦ ਲਈ ਤਰਸ ਰਿਹਾ ਸੀ। ਫੇਰ, ਅੱਧੇ ਘੰਟੇ ਬਾਅਦ ਸਭ ਕੁਝ ਬਦਲ ਗਿਆ। ਹੁਣ ਤੱਕ ਕਦੀ ਕਦੀ ਸੜਕ ਉੱਤੇ ਇੱਕ ਅਜਾਲ਼ੀ ਬਕਰਵਾਲ ਬੱਕਰੀਆਂ ਦੇ ਇੱਜੜ ਨੂੰ ਤੋਰਦਾ ਸੀ। ਨਹੀਂ ਤਾਂ ਮੁਲਕ ਸੁੰਞਾ ਸੀ। ਪਰ ਹੁਣ ਇੱਕ ਦਮ ਧਰਤ ਕੱਦੂ ਰੰਗੀ ਹੋ ਪਈ ਕਿੱਤੇ ਕਿੱਤੇ ਟੱਪਰੀਆਂ ਸਨ, ਕਿੱਤੇ ਕਿੱਤੇ ਕੋਟਲੇ ਸਨ। ਝੁੱਗੀਆਂ ਵੀ ਖਲੋਤੀਆਂ ਸਨ। ਫੇਰ ਰੁੱਖ ਵੀ ਸਨ, ਘਾਹ ਵੀ ਜ਼ਰਖੇਜ਼ ਖੇਤ ਵੀ। ਜਿਓਂ ਜਿਓਂ ਟੈਕਸੀ ਪਹਾੜੀਆਂ ਉੱਤੇ ਚੜ੍ਹ ਰਹੀ ਸੀ, ਤਿਓਂ ਤਿਓਂ ਸਭ ਕੁਝ ਬਦਲ ਰਿਹਾ ਸੀ। ਦੂਰ ਦੂਰ ਵੱਡੇ ਪਰਬਤ ਸਫ਼ੈਦ ਸੁਰਾਂ ਵਾਂਙ ਅੱਪੜ ਅਣਅੱਪੜ ਸਰਜ਼ਮੀਨ ਵੱਲ ਤਾੜ ਰਹੇ ਸਨ।
ਖੇਤਾਂ ਦੀ ਫ਼ਸਲ ਪੋਸਤ ਦੀ ਸੀ! ਮਤਲਬ ਪੋਸਤ ਦੇ ਡੋਡੇ ਵਾਲ਼ੀ। ਖਸਖਸਾਂ ਵਿੱਚੋਂ ਹੈਰੋਇਨ ਨਸ਼ੀਲੀ ਵਸਤੂ ਬਣਾ ਸਕਦੇ ਸੀ। ਹੁਣ ਇੱਥੇ ਤਾਂ ਖੇਤ ਤੋਂ ਖੇਤ ਤੋਂ ਖੇਤ ਅਫ਼ੀਮ ਬਣਾਉਣ ਵਾਸਤੇ ਫ਼ਸਲ ਫ਼ਸਲ ਦਿੱਸਦੀ ਸੀ। ਭੁੱਕੀਆਂ ਦੇ ਲਫ਼ਾਫੇ ਭਰ ਭਰ ਕੇ ਭਾਰਤ ਵਰਤਾ ਸਕਦੇ ਸੀ! ਇਹ ਇਲਾਕਿਆਂ ਵਿੱਚ ਕਿਸਾਨਾਂ ਦੀ ਧਾੜ ਲੱਗੀ ਸੀ। ਖੇਤਾਂ ਦੇ ਕਿਨਾਰੇ ਪੱਗੜੀਆਂ ਵਿੱਚ ਏ.ਕੇ. ਸੰਤਾਲੀ ਅਸਲੇ ਚੁੱਕ ਕੇ ਰਾਖੇ ਖਲੋਤੇ ਸਨ, ਕਾਸ਼ਰ ਕਾਰਾਂ ਉੱਤੇ ਨਿਗ੍ਹਾ ਰੱਖਦੇ। ਬਿੱਲਾ ਟੈਕਸੀਵਾਨ ਨੂੰ ਕੁਝ ਪੁੱਛਣ ਲੱਗਾ ਸੀ, ਪਰ ਫੇਰ ਆਪਣਾ ਅਣਬੋਲਿਆ ਫੱਕ ਕੇ ਢਿੱਡ ਵਿੱਚ ਹੀ ਕੈਦ ਰੱਖਿਆ। ਜਦ ਪੋਸਤਾਂ ਦੇ ਖੇਤ ਪਿੱਛੇ ਹੋ ਚੁੱਕੇ ਸਨ, ਫੇਰ ਹੀ ਪਹਿਲੀ ਵਾਰੀ ਡ੍ਰਾਈਵਰ ਗਾਲੜੀ ਹੋ ਗਿਆ। ਉਸ ਇਲਾਕੇ ਬਾਰੇ ਕੁਝ ਨਹੀਂ ਕਿਹਾ। ਸਿਰਫ਼ ਬਿੱਲੇ ਨੂੰ ਪੁੱਛਿਆ ਕਿੱਥੋਂ ਆਇਆ ( ਉਸ ਨੂੰ ਪੂਰਾ ਪਤਾ ਸੀ ਭਾਰਤੀ ਸਵਾਰੀ ਸੀ ਜਾਂ ਪਾਕਿਸਤਾਨੀ), ਕੀ ਕਰਨ ਆਇਆ ਅਤੇ ਕਿੰਨੀ ਦੇਰ ਲਈ ਰਹਿਣਾ? ਯਾਤਰ-ਸੈਲਾਨੀ ਗੱਲਾਂ ਬਾਰੇ ਤਾਂ ਖੁੱਲ਼੍ਹਾਂ ਸੀ; ਆਪਣੇ ਵਤਨ ਤਾਰੀਖ਼ ਬਾਰੇ ਵੀ। ਜਦ ਹੌਲ਼ੀ ਹੌਲ਼ੀ ਬਿੱਲੇ ਨੇ ਮੇਘ ਉਲਤਾਰਕ ਮਰਟ ਦਾ ਜ਼ਿਕਰ ਕੀਤਾ, ਕਾਸ਼ਣੀ ਅੱਖਾਂ ਮੂਹਰੇ ਹੀ ਟਿੱਕੀਆਂ ਰਹੀਆਂ; ਇੱਕ ਵਾਰ ਵੀ ਪਿੱਛੇ ਵੇਖਣ ਵਾਲ਼ੇ ਸ਼ੀਸ਼ੇ ਰਾਹੀਂ ਸਵਾਰੀ ਵੱਲ ਨਹੀਂ ਵੇਖਿਆ। ਸਿਰਫ਼ ਕਿਹਾ ਮੈਂ ਤੁਹਾਨੂੰ ਢਾਬੇ ਲਾਗੇ ਛੱਡ ਦੇਣਾ ਹੈ।
ਡ੍ਰਾਈਵਰ ਹੁਣ ਲਫ਼ਜ਼ ਬੱਚ ਬੱਚ ਕੇ ਉਚਰਦਾ ਸੀ। ਬਿੱਲੇ ਨੇ ਫੇਰ ਬਾਰੀ ਰਾਹੀਂ ਬਾਹਰ ਹੀ ਵੇਖਣ ਲੱਗ ਪਿਆ। ਖੇਤਾਂ ਹੁਣ ਪਹਾੜੀ ਦੀ ਘਾਟੀ ਥੱਲੇ ਰਹਿ ਗਈਆਂ ਸਨ। ਪਹਾੜ ਦੀ ਢਾਲ਼ ਨਾਲ਼ ਹੁਣ ਸਭ ਕੁਝ ਬਹੁਤ ਦੂਰ ਦੂਰ ਜਾਪਦਾ ਸੀ। ਚੜ੍ਹ ਚੜ੍ਹ ਕੇ ਮੇਘਾਂ ਵਿੱਚ ਹੇਠ ਉੱਪਰ ਹੋ ਗਏ, ਧੁੰਧ ਲਾਉਣ ਵਿੱਚ ਜਿੰਞ ਗ਼ਾਰ ਸਨ। ਫੇਰ ਇੱਕ ਦਮ ਆਲ਼ੇ ਦੁਆਲ਼ੇ ਪੜਤਲਾਂ ਦੀ ਫ਼ੋਜ ਸੀ। ਸੀਤ ਪੈਣ ਲੱਗ ਪਈ, ਸੋ ਬਿੱਲੇ ਨੇ ਬਾਰੀ ਬੰਦ ਕਰ ਦਿੱਤੀ। ਇੰਞ ਜਾਪਿਆ ਜਿੰਞ ਹੁਣ ਹੋਰ ਕੋਈ ਪਰਭਾਵ ਖੇਤਰ ਵਿੱਚ ਦਾਖ਼ਲ ਹੋ ਚੁੱਕਾ ਹੋਵੇ। ਕੁਝ ਦੇਰ ਲਈ ਅੰਬਰ ਵੀ ਨਹੀਂ ਦਿੱਸਦਾ ਸੀ। ਰਾਹ ਵਿੱਚ ਇੱਥੇ ਉੱਥੇ ਠੱਟੇ ਸਨ। ਉਨ੍ਹਾਂ ਦੇ ਮਕਾਨਾਂ ਦੀਆਂ ਛੱਤਾਂ ਵਿੱਚੋਂ ਧੂੰਆਂ ਦੀ ਪੂਲ਼ੀਆਂ ਛੁੱਟਦੀਆਂ।
ਬਿੱਲੇ ਦੀ ਨਿਗ੍ਹਾ ਇੱਕ ਦਰਖ਼ਤ ਵੱਲ ਜਾਹ ਠਹਿਰੀ। ਇੱਕ ਟਾਹਣ ਤੋਂ ਉਥੱਲਿਆ ਮਹਾਨ ਚਮਗਿੱਦੜ ਚੰਬੜਿਆ ਹੋਇਆ ਸੀ। ਬੰਦੇ ਦੇ ਬਾਲ ਬੱਚੇ ਤੋਂ ਵੀ ਵੱਡਾ ਸੀ! ਪਰ ਅਸਲੀ ਹੈਰਾਨੀ ਹੋਈ ਜਦ ਤਣੇ ਵੱਲ ਤੱਕਿਆ। ਉਸ ਉੱਤੇ ਠਿੱਪਰ ਰੰਗੀ ਠੂਹਾਂ ਲਿਪਟ ਰਿਹਾ ਸੀ। ਉਸ ਨੂੰ ਆਪਣਾ ਸੁਪਨਾ ਯਾਦ ਆ ਗਿਆ ਅਤੇ ਉਸ ਸੁਪਨੇ ਦੀ ਤਾਬੀਰ ਵੀ!
ਟੈਕਸੀਵਾਨ ਨੇ ਟੈਕਸੀ ਰੁਕਾ ਦਿੱਤੀ। ਸਾਹਮਣੇ ਸੜਕ ਉੱਤੇ ਸਿਲ਼ ਪਈ ਹੋਈ ਸੀ। ਟੈਕਸੀ ਨੂੰ ਹੌਲ਼ੀ ਹੌਲ਼ੀ ਉਸ ਦੇ ਗਿਰਦ ਘੁੰਮਾਈ, ਪਰ ਇੰਞ ਕਰ ਕੇ ਇੱਕ ਪਹੀਆ ਖ਼ੰਦਕ ਵਿੱਚ ਖੁਭ ਗਿਆ। ਡ੍ਰਾਈਵਰ ਨੇ ਗੰਦੀ ਗਾਲ਼੍ਹ ਕੱਢੀ। ਬਿੱਲੇ ਨੂੰ ਭਾਸ਼ਾ ਬਾਰੇ ਨਹੀਂ ਪਤਾ ਸੀ, ਪਰ ਉਸ ਦੀ ਆਵਾਜ਼ ਤੋਂ ਅੰਦਾਜ਼ਾ ਸੀ ਕੀ ਆਖ ਰਿਹਾ ਸੀ।
ਆਲ਼ੇ ਦੁਆਲ਼ੇ ਕੁਟੀਆਵਾਂ ਝੁੱਗੀਆਂ ਵਿੱਚੋਂ ਜਨਤਾ ਟੈਕਸੀ ਦੇ ਇਰਦ ਗਿਰਦ ਕੁਰਬਲ ਕੁਰਬਲ ਕਰਨ ਲੱਗ ਪਈ। ਕੁਝ ਬੰਦੇ ਅੱਗੇ ਹੋ ਕੇ ਮੱਦਦ ਕਰਨ ਵੱਧੇ। ਡ੍ਰਾਈਵਰ ਨੇ ਬਾਰੀ ਖੋਲ਼੍ਹ ਕੇ ਉਨਾਂ ਨੂੰ ਕੁਝ ਕਿਹਾ। ਬਿੱਲੇ ਨੂੰ ਮਹਿਸੂਸ ਹੋਇਆ ਕਿ ਜੇ ਮੈਂ ਅੰਦਰ ਬੈਠਾ ਰਿਹਾ, ਮੈਂ ਸਵਾਰਥੀ ਸਵਾਰੀ ਜਾਪਾਂਗਾ। ਉਸ ਨੂੰ ਜਨਤਾ ਦਾ ਫਿਕਰ ਨਹੀਂ ਸੀ, ਪਰ ਉਹ ਆਪਣੇ ਡ੍ਰਾਈਵਰ ਨੂੰ ਸਤਾਉਣਾ ਨਹੀਂ ਸੀ ਚਾਹੁੰਦਾ। ਸੋ ਉਹ ਵੀ ਬਾਹਰ ਨਿਕਲ਼ ਕੇ ਦੂਜਿਆਂ ਵਾਂਗਰ ਡਿੱਘੀ ਪਿੱਛੇ ਹੋ ਕੇ ਗੱਡੀ ਨੂੰ ਘਸੋੜਨ ਲੱਗ ਪਿਆ। ਡ੍ਰਾਈਵਰ ਦੇ ਦਵਾਰ ਤੋਂ ਛੁੱਤ ਹਰ ਬੂਹਾ ਖ਼ੁੱਲ੍ਹਾ ਸੀ। ਬੰਦੇ ਬੂਹਿਆਂ ਨੂੰ ਫੜ੍ਹ ਕੇ ਧੱਕ ਧੱਕ ਕੇ ਜ਼ੋਰ ਲਾ ਰਹੇ ਸੀ। ਘੁੰਮ ਘੁੰਮ ਕੇ ਪਹੀਏ ਗਾਬ ਉਨ੍ਹਾਂ ਦੀਆਂ ਲੱਤਾਂ ਉੱਤੇ ਥੁੱਕਦੇ ਸਨ। ਬਿੱਲੇ ਦੀ ਪੈਂਟ ਵੀ ਲਿਬੜ ਗਈ। ਹਾਰ ਕੇ ਗੱਡੀ ਸੜਕ ਉੱਤੇ ਸਹੀ ਰਾਹ ਪੈ ਗਈ। ਆਪਣੀ ਜ਼ੁਬਾਨ ਵਿੱਚ ਟੈਕਸੀਵਾਨ ਨੇ ਬੰਦਿਆਂ ਨੂੰ ਧੰਨਵਾਦ ਕੀਤਾ।
ਏਸ ਵੇਲ਼ੇ ਇੱਕ ਔਰਤ ਅੱਗੇ ਆ ਕੇ ਬਿੱਲੇ ਨੂੰ ਸਾਹਿਬ ਸਲਾਮ ਕਰ ਰਹੀ ਸੀ। ਉਸ ਦੇ ਪਿੱਛੇ ਸ਼ਾਇਦ ਉਸ ਦੀ ਧੀ ਅਟਕ ਰਹੀ ਸੀ। ਉਸ ਦੇ ਮਗਰ ਇੱਕ ਮੁੰਡਾ ਸੀ, ਜੋ ਸ਼ਕਲ ਵਿੱਚ ਉਸ ਦਾ ਵੱਡਾ ਭਰਾ ਲੱਗਦਾ ਸੀ। ਤਿੰਨ ਜਣੇ ਰੰਗਲੇ ਬਸਤਰਾਂ ’ਚ ਸਜੇ ਸੀ। ਭਾਵੇਂ ਭਰਾ ਵੱਡਾ ਸੀ, ਜਿਸ ਤਰੀਕੇ ਨਾਲ਼ ਮਾਂ-ਧੀ ਉਸ ਵੱਲ ਝਾਕਦੇ ਸਨ, ਦਬੈਲ ਦਮਨ ਲੱਗਦਾ ਸੀ। ਉਹ ਉਸ ਟੈਕਸੀ ਨੂੰ ਧੱਕਣ ਵੀ ਨਹੀਂ ਅੱਗੇ ਆਇਆ ਸੀ। ਬਿੱਲੇ ਨੂੰ ਇੰਞ ਜਾਪਿਆ ਜਿੰਞ ਮਾਂ-ਧੀ ਨੇ ਉਸ ਜਿੰਦੜੀ ਚਗਲ਼ ਦਿੱਤਾੀ ਹੋਵੇ।
ਮਾਂ ਬਿੱਲੇ ਲਾਗੇ ਆ ਕੇ ਆਪਣੀਆਂ ਬਾਹਾਂ ਨਾਲ਼ ਹਵਾ ਵਿੱਚ ਮੋੜਦਾਰ ਘੜਤ ਬਣਾਉਣ ਲੱਗ ਪਈ, ਨਾਲ਼ੋ ਨਾਲ਼ ਮੂੰਹ ਵਿੱਚੋਂ ਕੁਝ ਜਪਦੀ ਸੀ। ਹੱਥਾਂ ਨਾਲ਼ ਨਿਆਰੇ ਨਿਸ਼ਾਨ ਹਵਾਈ ਚੱਕੀ ਵਾਂਙ ਹਵਾ ਵਿੱਚ ਕੋਈ ਭਾਸ਼ਾ ਬੋਲਣ ਦੀ ਕੋਸ਼ਿਸ਼ ਕਰ ਰਹੇ ਸਨ। ਬਿੱਲੇ ਨੂੰ ਕੁਝ ਦੱਸਣ ਦੀ ਕੋਸ਼ਿਸ਼ ਕਰ ਰਹੀ ਸੀ। ਹਾਰ ਕੇ ਹੱਟ ਗਈ। ਫੇਰ ਬਿੱਲੇ ਨੂੰ ਇੱਕ ਚੰਬੇਲੀ ਫੜ੍ਹਾ ਕੇ ਚੁੱਪ ਹੋ ਪਈ। ਬਿੱਲੇ ਨੂੰ ਪਤਾ ਨਾ ਲੱਗਿਆ ਕੀ ਕਹਿਣ ਸੋ ਉਰਦੁ ਵਿੱਚ ਸ਼ੁਕਰ ਗੁਜ਼ਾਰੀ ਕਰ ਕੇ ਡ੍ਰਾਈਵਰ ਵੱਲ ਤੱਕੀ ਗਿਆ। ਉਸ ਬਿੱਲੇ ਨੂੰ ਟੈਕਸੀ ਵਿੱਚ ਵਾਪਸ ਬੈਠਣ ਦਾ ਇਸ਼ਾਰਾ ਕੀਤਾ। ਉਸ ਹੀ ਪਲ ਵਿੱਚ ਔਰਤ ਨੇ ਬਿੱਲੇ ਦੇ ਹੱਥ ਵਿੱਚ ਇੱਕ ਸਿੱਕਾ ਦੱਬ ਕੇ ਬਿੱਲੇ ਦੀਆਂ ਉਂਗਲ਼ੀਆਂ ਨਾਲ਼ ਮੁੱਕੀ ਬਣਾ ਦਿੱਤੀ, ਫੇਰ ਪਿੱਛੇ ਹੱਟ ਗਈ। ਬਿੱਲੇ ਨੇ ਹਥੇਲ਼ੀ ਖ਼ੋਲ਼੍ਹ ਕੇ ਸਿੱਕੇ ਵੱਲ ਝਾਕਿਆ। ਕੁਝ ਫ਼ਾਰਸੀ ਜਾਂ ਅਰਬੀ ਵਿੱਚ ਲਿੱਖਿਆ ਹੋਇਆ ਸੀ। ਵੇਖਣ ਵਿੱਚ ਵਤਨ ਦਾ ਸਿੱਕਾ ਨਹੀਂ ਸੀ। ਇੱਕ ਰਾਖ਼ਸ਼ ਦੀ ਤਸਵੀਰ ਉਸ ਉੱਤੇ ਵਾਹੀ ਹੋਈ ਸੀ!
ਬਿੱਲਾ ਗੱਡੀ ਵਿੱਚ ਬਹਿ ਗਿਆ। ਜਦ ਤੁਰ ਪਏ ਉਸ ਘੁੰਮ ਕੇ ਪਿੱਛੇ ਵੇਖਿਆ। ਹਰ ਜਣਾ ਉਸ ਵੱਲ ਤਾੜ ਰਿਹਾ ਸੀ, ਉਨ੍ਹਾਂ ਦੀਆਂ ਅੱਖਾਂ ਵਿੱਚ ਸੋਗ, ਸ਼ਾਇਦ ਸੰਸਾ।
ਆ ਕਿਉਂ ਮੈਨੂੰ ਦਿੱਤਾ?
ਜੀ। ਜੀ ਸਾਡੇ ਲੋਕ ਵਹਿਮੀ ਹਨ। ਕਿਉਂਕਿ ਉਹ ਸਿਲ਼ ਰਾਸਤੇ ’ਚ ਪਿਆ ਸੀ…ਉਸ ਦਾ ਮਤਲਬ ਹੈ…ਪਰ ਟੈਕਸੀਵਾਨ ਨੇ ਆਪਣੇ ਸ਼ਬਦ ਢਿੱਡ ਵਿੱਚ ਹੀ ਗ਼ੁਲਾਮ ਰੱਖੇ।
ਮਤਲਬ?
ਬੱਸ ਮਤਲਬ…ਕੁਝ ਨਹੀਂ…ਵਹਿਮ ਹੈ ਕੇ ਤੁਹਾਨੂੰ ਕੁਝ ਹੋ ਸਕਦਾ…ਮੰਨਦੇ ਹਨ ਕਿ ਇਹ ਫੁੱਲ ਤੁਹਾਨੂੰ ਬਚਾ ਕੇ ਰੱਖੇ ਗਿਆ…
…ਮੈਨੂੰ ਕੀ ਚੀਜ਼ ਤੋਂ ਬਚਾਉਣਾ?…’ਤੇ ਸਿੱਕਾ? ਉਸ ਨੂੰ ਦੇਣ ਦਾ ਕੀ ਮਤਲਬ ਹੈ?
…ਕਹਿੜਾ ਸਿੱਕਾ?
…ਉਸ ਨੇ ਮੈਨੂੰ ਦਿੱਤਾ…
…ਬੱਸ ਤੁਹਾਡੀ ਆਤਮ ਰੱਖਿਆ ਵਾਸਤੇ ਹੈ…ਇੰਞ ਕਹਿ ਕੇ ਫੇਰ ਸਾਰੇ ਰਾਹ ਟੈਕਸੀ ਵਾਲ਼ਾ ਚੁੱਪ ਰਿਹਾ। ਜਦ ਟਿਕਾਣੇ ਪੁੱਜੇ, ਸਿੱਕਾ ਬਿੱਲੇ ਦੀ ਜੇਬ ਵਿੱਚ ਸੀ, ਪਰ ਫੁੱਲ ਟੈਕਸੀ ਵਿੱਚ ਚੇਤਾ ਭੁਲਾ ਦਿੱਤਾ।
* * *
ਕੁੱਠਾ ਕਟਰੂ ਦੇ ਬਰਾਂਡੇ ਵਿੱਚ ਪੰਜ ਬੰਦੇ ਬਿੱਲੇ ਵੱਲ ਟਿਕ ਟਿਕੀ ਲਾ ਕੇ ਤਾੜਦੇ ਸੀ। ਸਭ ਤੋਂ ਸੱਜੇ ਪਾਸੇ ਵਾਲ਼ਾ ਇੱਕ ਲੱਕੜ ਦੀ ਲਾਠ ਨਾਲ਼ ਸਹਾਰਾ ਲੈ ਰਿਹਾ ਸੀ। ਉਸ ਦੇ ਬੁੱਲ੍ਹਾਂ ਉੱਪਰ ਵੱਡੀ ਮੁੱਛਲ ਸੀ ਜੋ ਘੋੜੇ ਦੀ ਖੁਰੀ ਵਾਂਙ ਡੌਲ਼ੀ ਹੋਈ ਸੀ। ਇਸ ਤੋਂ ਇਲਾਵਾਂ ਮੂੰਹ ਉੱਤੇ ਕੋਈ ਵਾਲ਼ ਨਹੀਂ ਸੀ ਦਿੱਸਦਾ। ਉਸ ਸੌਫ਼ੀਆ ਥਿਗੜਾ ਪਾਇਆ ਹੋਇਆ ਸੀ ਅਤੇ ਇੱਕ ਚੌੜਾ ਜਿਹਾ ਤਾਂਬੇ ਰੰਗਾ ਤੰਬਾ ਵੀ ਪਹਿਿਨਆ ਸੀ। ਉਸ ਦੇ ਮੂੰਹ ਦੇ ਇੱਕ ਪਾਸਿਓਂ ਤੰਬਾਕੂ ਦਾ ਹੁੱਕਾ ਹਵਾ ਵਿੱਚ ਧੂੰਦਾਰ ਮੇਘਾਂ ਨੂੰ ਫੂਕਦਾ ਸੀ। ਉਸ ਦੇ ਨਾਲ਼ ਦਾ ਬੰਦਾ ਲੋਕਲ ਸੁਆਹ ਰੰਗੀ ਸਲਵਾਰ ਕਮੀਜ਼ ਵਿੱਚ ਸਜਿਆ ਸੀ, ਸਿਰ ਉੱਤੇ ਸਥਾਨੀ ਟੇਢੀ ਟੋਪੀ ਟਿਕੀ ਸੀ ਅਤੇ ਹੱਥ ਵਿੱਚ ਗੰਡਾਸਾ। ਉਸ ਦਾ ਚਿਹਰਾ ਚੂਹੇ ਵਾਂਗਰ ਤਿੱਖਾ ਅਤੇ ਲਿੱਸੜਿਆ ਸੀ, ਇੱਕ ਅੱਖ ਕੰਚਾਈ, ਖੌਰ੍ਹੇ ਅੰਧੀ, ਉਸ ਅੱਖ ਦੇ ਆਸ ਪਾਸ ਘਰੂੰਡ ਜਿਵੇਂ ਕੋਈ ਜਨੌਰ ਨੇ ਜ਼ਬਰਦਸਤੀ ਨਾਲ਼ ਨੁਹੰਦਰ ਦਿੱਤਾ ਹੋਵੇ। ਅੱਗਲੇ ਤਿੰਨ ਆਦਮੀ ਅਸਮਾਨੀ, ਪੀਲੇ ਅਤੇ ਪਿਆਜ਼ੀ ਰੰਗ ਦੇ ਲੀੜੇ ਪਾ ਕੇ ਖਲੋਤੇ ਸਨ। ਚੌਥੇ ਦੇ ਸੀਸ ਉੱਤੇ ਰਿੱਛ-ਬੁਰ ਟੋਪਾ ਟਿਕਾਇਆ ਸੀ। ਪੰਜਵਾਂ ਦੇ ਹੱਥ ਵਿੱਚ ਰਫ਼ਲ ਸੀ।
ਬਿੱਲੇ ਨੂੰ ਉੱਚੜ ਪੈੜੇ ਲੱਗੇ। ਉਸ ਨੂੰ ਜਿੰਞ ਪਹਿਲੀ ਵਾਰੀ ਆਪਣੀ ਪੇਂਤ ਉੱਤੇ ਦਾਗ਼ ਮਹਿਸੂਸ ਹੋਏ, ਸੋ ਥੋੜ੍ਹਾ ਜਿਹਾ ਕੱਚਾ ਹੋ ਪਿਆ, ਪਰ ਸਾਹ ਲੈ ਕੇ ਉਨ੍ਹਾਂ ਵੱਲ ਵੱਧਿਆ। ਦਸ ਦੀਦੇ ਉਸ ਨਾਲ਼ ਕਦਮ ਕਦਮ ਬੰਨ੍ਹ ਕੇ ਰਹੇ। ਉਨ੍ਹਾਂ ਦੇ ਲਾਗੇ ਪਹੁੰਚ ਕੇ ਪੁੱਛਿਆ, ਕੀ ਤੁਹਾਡੇ ਵਿੱਚੋਂ ਕੋਈ ਮੈਨੂੰ ਮੇਘ ਉਲਤਾਰਕ ਮਰਟ ਦੀ ਹਵੇਲੀ ’ਤੇ ਲੈ ਕੇ ਜਾਹ ਸਕਦੇ ਹੋ? ਦਸ ਦੀਦੇ ਬਿੱਲੇ ਦੇ ਦੋਹਾਂ ਨਾਲ਼ ਤਾਕ ਲਾਈ ਗਏ। ਪਰ ਕਿਸੇ ਨੇ ਨਹੀਂ ਬੋਲਿਆ। ਫੇਰ ਪੀਲੇ ਪਿਜਾਮੇ ਵਾਲ਼ੇ ਨੇ ਅੰਗੂਠਾ ਅੰਦਰ ਵੱਲ ਔਧਰਿਆ। ਬਿੱਲਾ ਅਗਾਂਹਾਂ ਤੁਰ ਪਿਆ।
ਜਦ ਬਿੱਲਾ ਕੁੱਠਾ ਕਟਰੂ ਵਿੱਚ ਵੜਿਆ, ਕਈ ਮੇਜ਼ ਸਨ, ਉਨ੍ਹਾਂ ਮੇਜ਼ਾਂ ਦੇ ਆਲ਼ੇ ਦੁਆਲ਼ੇ ਬੰਦੇ ਹੀ ਸਨ, ਕੋਈ ਕਾਹਵਾ ਪੀਂਦਾ, ਕੋਈ ਗੋਸ਼ਤ ਖਾਂਦਾ ਅਤੇ ਕੋਈ ਕਸ਼ ਲਾਉਂਦਾ। ਕੁੜ-ਕੁੜ ਖੱਪਖਾਨਾ ਸੀ। ਪਰ ਬਿੱਲੇ ਨੂੰ ਜਿੰਞ ਸਾਰੇ ਜਣਿਆਂ ਨੇ ਉਸ ਅੱਖ ਦੇ ਪਲਕਾਰੇ ਵਿੱਚ ਵੇਖ ਲਿਆ ਹੋਵੇ, ਸਾਰੇ ਜਣੇ ਇੱਕ ਦਮ ਅਵਾਕ ਗੰਗੇ ਹੋ ਪਏ। ਸਾਰੇ ਇਸ ਸੱਤ ਪਰਾਏ ਵੱਲ ਵੇਖ ਕੇ ਲਫ਼ਜ਼ ਪੀ ਗਏ ਅਤੇ ਉਨ੍ਹਾਂ ਦੀ ਨਿਗ੍ਹਾ ਬਿੱਲੇ ਉੱਤੇ ਅੜ ਗਈ। ਬਿੱਲੇ ਨੂੰ ਲਿਫ਼ਟ ਦੀ ਲੋੜ ਸੀ। ਇੱਕ ਵਾਰ ਫੇਰ ਮਰਟ ਨੂੰ ਫ਼ੋਨ ਲੱਗਾ ਸਕਦਾ ਸੀ। ਪਰ ਓਸ ਨੇ ਹੀ ਉਸ ਨੂੰ ਕਿਹਾ ਸੀ ਥੋਹਰਕਲਾਂ ਆ ਕੇ ਲਿਫ਼ਟ ਲੈਣ। ਕਿਸੇ ਨੂੰ ਤਾਂ ਹੱਥ ਵਿੱਚ ਕਰਨਾ ਹੀ ਸੀ!
ਮੈਂ ਪੰਜਾਬ ਤੋਂ ਆਇਆ ਹਾਂ। ਮੈਂ ਮੇਘਾ ਉਲਤਾਰਕ ਮਰਟ ਦੀ ਹਵੇਲੀ ਜਾਣਾ ਹੈ, ਲਿਫ਼ਟ ਚਾਹੀਦੀ ਹੈ ਜਾਂ ਮੈਨੂੰ ਸਹੀ ਰਾਹ ਦੱਸ ਦਿਓ…ਇੰਞ ਹੀ ਬਿੱਲੇ ਨੇ ਗੱਲ ਸ਼ੁਰੂ ਕੀਤੀ। ਕਾਊਂਟਰ ਦੇ ਪਿੱਛੇ ਇੱਕ ਮੋਟਾ ਬੰਦਾ ਸੀ, ਜਿਸ ਦੇ ਖੁਸ਼ਤਬ੍ਹੇ ਮੁਖੜੇ ਤੋਂ ਮੇਜ਼ਬਾਨ ਜਾਪਦਾ ਸੀ। ਉਸ ਨੇ ਹੱਥ ਨਾਲ਼ ਬਿੱਲੇ ਨੂੰ ਇੱਕ ਲਾਗੇ ਮੇਜ਼ ’ਤੇ ਬੈਠਣ ਦਾ ਇਸ਼ਾਰਾ ਕੀਤਾ ਅਤੇ ਨਾਲ਼ੇ ਬਿੱਲੇ ਦੀ ਗੱਲ ਟੁਕ ਦਿੱਤੀ।
ਅੱਸਲਾਮ ਅਲੈਕਮ ਜਨਾਬ, ਉੱਥੇ ਬੈਠੋਂ ’ਤੇ ਮੈਂ ਕਾਹਵਾ ਲੈ ਕੇ ਆਉਂਦਾ।
ਬਿੱਲਾ ਬਹਿ ਗਿਆ। ਲੋਕਾਂ ਦੀਆਂ ਨਜ਼ਰਾਂ ਪਰ੍ਹੇ ਹੋ ਗਈਆਂ ਅਤੇ ਆਪਸ ਵਿੱਚ ਗੁਣ ਗੁਣ ਕਰਨ ਲੱਗ ਪਏ। ਬਿੱਲੇ ਨੇ ਇੱਕ ਵਾਰ ਫੇਰ ਫ਼ੋਨ ਲੱਗਾਇਆ। ਜਵਾਬ ਦੀ ਜਗ੍ਹਾ ਫੇਰ ਉਹ ਹੀ ਸਨੇਹਾ ਸੀ। ਹੁਣ ਮੇਜ਼ਬਾਨ ਕਾਹਵਾ ਨਾਲ਼ ਆ ਖੜ੍ਹਿਆ।
ਜੀ ਜਨਾਬ।
ਮੈਂ…ਨਹੀਂ ਤਾਂ ਕੋਈ ਮੈਨੂੰ ਮਰਟ ਦੀ ਹਵੇਲੀ ਤੀਕਰ ਲਿਫ਼ਟ ਦੇਵੋ ਜਾਂ ਰਾਹ ਹੀ ਦੱਸ ਦਿਓ। ਮੈਂ ਖ਼ੁਦ ਉੱਥੇ ਚਲੇ ਜਾਵਾਂਗਾ। ਬਿੱਲੇ ਦੀ ਅੱਖ ਆਲ਼ੇ ਦੁਆਲ਼ੇ ਔਝੜ ਗਈ ਅਤੇ ਉਸ ਦੀ ਨਜ਼ਰ ਕੰਧਾਂ ਵੱਲ ਪਈ। ਸਾਰੇ ਪਾਸੇ ਉਹ ਹੀ ਫੁੱਲ, ਚੰਬੇਲੀ ਸੀ, ਜੋ ਓਸ ਔਰਤ ਨੇ ਉਸ ਨੂੰ ਫੜ੍ਹਾਇਆ ਸੀ। ਹੁਣ ਯਾਦ ਆਈ ਕਿ ਟੈਕਸੀ ਵਿੱਚ ਛੱਡ ਦਿੱਤਾ ਸੀ।
ਆ ਸਾਰੇ ਚੰਬੇਲੀਆਂ ਕਿਉਂ ਟੰਗੇ ਹਨ?
ਇਹ..ਸਾਡਾ ਵਹਿਮ ਹੈ। ਬੁਰੀ ਨਜ਼ਰ ਤੋਂ ਬਚਾਉਂਣ ਵਾਸਤੇ ਸਮਝ ਲਿਓ।
ਕਿਉਂ? ਕਿਸ ਦਾ ਡਰ ਹੈ? ਮਰਟ ਦਾ? ਉਹ ਗੁੰਡਾ ਹੈ ਨਾ?
ਜਨਾਬ ਤੁਸਾਂ ਅੱਜ ਰਾਤ ਇੱਥੇ ਰਹਿਓ। ਸਵੇਰੇ ਚੱਲੇ ਜਾਵੋ। ਹੁਣ ਕਿਸੇ ਨੇ ਤੁਹਾਨੂੰ ਉੱਥੇ ਲੈ ਕੇ ਨਹੀਂ ਜਾਣਾ ਹੈ। ਤਕਾਲ਼ਾ ਵੇਲ਼ਾ ਹੈ। ਰਹਿ ਲਿਓ।
ਤੁਸੀਂ ਉਸ ਤੋਂ ਬਹੁਤ ਡਰਦੇ ਹੋ, ਹੈ ਨਾ? ਉਹ ਇੱਕ ਡਰੱਗ ਬਾਸ ਹੈ, ਹੈ ਨਾ? ਤਾਂ ਹੀ?
ਨਹੀਂ ਜਨਾਬ। ਇਸ ਇਲਾਕੇ ਵਿੱਚ… ਮੈਂ ਕੀ ਕਹਿ ਸਕਦਾ। ਜਿੰਨ ਰਾਖ਼ਸ਼ਾਂ ਦਾ ਵੇਲ਼ਾ ਹੈ, ਰਾਤ ਆਉਂਣ ਲੱਗੀ। ਬਾਹਰ ਘੁੰਮਣ ਦਾ ਵਕਤ ਨਹੀਂ ਹੈ।
ਰਾਖ਼ਸ਼ਾਂ ’ਚ ਮੰਨਦੇ ਹੋ ਠੀਕ। ਇਹ ਤੁਹਾਡੀ ਮਰਜ਼ੀ ਹੈ। ਮੈਂ ਵਹਿਮਾਂ ’ਚ ਨਹੀਂ ਮੰਨਦਾ। ਤੁਸੀਂ ਰਾਹ ਦੱਸ ਦਿਓ, ਮੈਂ ਆਪੇ ਚਲੇ ਜਾਵਾਂਗਾ।
ਚੰਬੇਲੀਆਂ ਰਾਖ਼ਸ਼ਾਂ ਤੋਂ ਰੱਖਿਆ ਦਿੰਦੇ ਨੇ।
ਅੱਛਾ। ’ਤੇ ਸਿੱਕਾ? ਬਿੱਲੇ ਨੇ ਸਿੱਕਾ ਮੇਜ਼ ਉੱਤੇ ਰੱਖ ਦਿੱਤਾ।
ਮੇਜ਼ਬਾਨ ਦੀ ਅੱਖ ਸਿੱਕੇ ਉੱਤੇ ਟਿੱਕੀ,ਪਰ ਉਸ ਨੇ ਕੁਝ ਕਿਹਾ ਨਹੀਂ। ਬਿੱਲੇ ਨੇ ਕਾਹਵਾ ਵਾਸਤੇ ਸਿੱਕਾ ਛੱਡ ਕੇ ਇੱਕ ਦੋ ਸੁਰਕੀਆਂ ਲਾਈਆਂ, ਫੇਰ ਉੱਠ ਗਿਆ।
ਜਨਾਬ ਗੱਲ ਮੰਨ ਲਿਓ। ਰਾਤ ਇੱਥੇ ਠਹਿਰੋ।
ਹੁਣ ਪੰਜ ਜਣੇ ਅੰਦਰ ਆ ਗਏ ਅਤੇ ਮੇਜ਼ਬਾਨ ਅਤੇ ਬਿੱਲੇ ਵੱਲ ਝਾਕੀ ਗਏ। ਮੇਜ਼ਬਾਨ ਨੇ ਇੱਕ ਵਾਰੀ ਫੇਰ ਤਰਲਾ ਕੀਤਾ। ਪਰ ਬਿੱਲਾ ਜਾਣਾ ਚਾਹੁੰਦਾ ਸੀ।
ਫੇਰ ਮੁੱਛਲ ਵਾਲ਼ੇ ਨੇ ਕਿਹਾ, ਸੜਕ ਉੱਤੇ ਰਹੀ।
ਅਤੇ ਰਫ਼ਲ ਵਾਲ਼ੇ ਨੇ ਕਿਹਾ, ਖੇਤਾਂ ’ਚ ਨਹੀਂ ਤੁਰਨਾ, ਬਣ ਤੋਂ ਬਚ ਕੇ ਜਾਣਾ।
ਬਿੱਲੇ ਨੇ ਇੱਕ ਵਾਰੀ ਮੇਜ਼ਬਾਨ ਵੱਲ ਝਾਕਿਆ, ਫੇਰ ਬੰਦਿਆਂ ਵੱਲ। ਸੋ ਕਿਸੇ ਨੇ ਮੇਰੇ ਨਾਲ਼ ਨਹੀਂ ਜਾਣਾ? ਠੀਕ, ਮੈਂ ਫੇਰ ਫ਼ੋਨ ਲੱਗਾਉਂਦਾ ਹਾਂ…ਨਾਲ਼ੇ ਨਾਲ਼ ਇੰਞ ਕਹਿ ਕੇ ਨਿਕਲ਼ਣ ਲੱਗਾ ਸੀ।
ਜਨਾਬ ਤੁਸਾਂ ਉਸ ਦੇ ਜਵਾਬ ਨੂੰ ਬਹਿ ਕੁ ਉਡੀਕੋ!
ਰਾਹ ਬਾਰੇ ਦੱਸੋ, ਨਹੀਂ ਤਾਂ ਮੈਂ ਠੀਕ ਹਾਂ।
ਗੰਡਾਸੇ ਵਾਲ਼ਾ ਬੋਲ਼ਿਆ, ਪੱਕੀ ਸੜਕ ’ਤੇ ਰਹਿ। ਈਸ਼ਾਨ ਕੋਣ ਵੱਲ ਜਾਹ। ਰਾਹ ਵਿੱਚ ਕੁਝ ਦਰਖ਼ਤ ਹਨ ਫੇਰ ਪਹਾੜੀਆਂ। ਹਾਰ ਕੇ ਹਵੇਲੀ ਦਿੱਸ ਜਾਣੀ ਹੈ।
ਜਦ ਤੂੰ ਬਾਹਰ ਖੜ੍ਹਾ ਸੀ ’ਤੇ ਮੈਂ ਸਵਾਲ ਪੁੱਛਿਆ, ਓਦੋਂ ਕਿਉਂ ਨਹੀਂ ਦੱਸਿਆ? ਸਾਰੇ ਜਣੇ ਚੁੱਪ ਰਹੇ। ਹੁਣ ਕਿਉਂ ਬੋਲ ਰਹੇ?
ਅਸਾਂ ਚਾਹੁੰਦੇ ਤੁਸਾਂ ਇੱਥੇ ਅੱਜ ਰਾਤ ਅੰਦਰ ਹੀ ਰਹਿਓ। ਸਵੇਰੇ ਜਾਹ ਸਕਦੇ ਹੋ…
ਹੁਣ ਬਿੱਲੇ ਨੇ ਮੇਜ਼ਬਾਨ ਦੀ ਗੱਲ ਟੁੱਕ ਦਿੱਤੀ।
ਨਹੀਂ। ਮੈਂ ਡਰਨ ਵਾਲ਼ਾ ਨਹੀਂ ਹਾਂ। ਇੰਞ ਬੋਲ ਕੇ ਬਾਹਰ ਤੁਰ ਪਿਆ।
ਸਾਰਾ ਕਮਰਾ ਸੰਨਾਟਾ ਨਾਲ਼ ਛਾ ਗਿਆ। ਸੱਚ ਸੀ ਸਾਰੇ ਜਣੇ ਬਿੱਲੇ ਦਾ ਸੰਵਾਦ ਸੁਣ ਰਹੇ ਸੀ। ਹੁਣ ਸਾਰਿਆਂ ਦੇ ਸਾਹਮਣੇ ਮੁੱਛਲ ਵਾਲ਼ੇ ਨੇ ਮੇਜ਼ਬਾਨ ਦੀ ਘੁੱਤਰ ਕੱਢੀ, ਤੰੂ ਰੋਕ ਸਕਦਾ ਸੀ।
ਤੁਸਾਂ ਵੀ ਰੋਕ ਸਕਦੇ ਸੀ
* * *
ਜਿਹੜਾ ਰਾਹ ਬਿੱਲੇ ਨੂੰ ਦੱਸਿਆ ਸੀ, ਉਹ ਪੈ ਗਿਆ। ਰਾਹ ਹੌਲ਼ੀ ਹੌਲ਼ੀ ਚੜ੍ਹਦਾ ਗਿਆ, ਪਹਿਲਾਂ ਮਕਾਨਾਂ ਨੂੰ ਮਗਰ ਛੱਡਦਾ ਜਾਂਦਾ, ਫੇਰ ਆਦਮੀਅਤ ਤੋਂ ਰੁਖ਼ਸਤ ਹੋਂਦਾ ਅਤੇ ਫੇਰ ਅਗਿਆਤ ਆਮਲ ਵੱਧਦਾ। ਖ਼ਾਸ ਕਰ ਬਿੱਲੇ ਵਾਸਤੇ। ਪਹਿਲਾਂ ਖੇਤਾਂ ਆਸ ਪਾਸ ਸਨ, ਫੇਰ ਪਥਰੀਲੀ ਜ਼ਮੀਨ ਅਤੇ ਫੇਰ ਜੰਗਲ਼ ਹੀ ਜੰਗਲ਼ ਸੀ। ਦਰਖ਼ਤਾਂ ਦੀਆਂ ਨੋਕਾਂ ਉਂਗਲ਼ੀਆਂ ਦੇ ਉੱਪਰਲੇ ਪੋਟਿਆਂ ਵਾਂਗਰ ਬੈਂਗਣੀ ਗਹਿਰੇ ਗਗਨ ਵੱਲ ਪੁੱਜਦੇ ਸਨ। ਹਾਰ ਕੇ ਇੰਨੇ ਗਹਿਰੇ ਸਨ ਕਿ ਅਰਸ਼ ਅਲੋਪ ਹੋ ਚੁੱਕਾ ਸੀ। ਹਨ੍ਹੇਰੇ ਵਿੱਚ ਭਟਕਣ ਦਾ ਖ਼ਤਰਾ ਸੀ। ਸਾਏਦਾਰ ਰੁੱਖ ਉੱਤੇ ਸ਼ਾਮ ਨੇ ਅੰਬਰ ਸ਼ਾਹ ਕਾਲ਼ਾ ਕਰ ਦਿੱਤਾ ਸੀ। ਮੱਸਿਆ ਰਾਤ ਸੀ। ਬਿੱਲੇ ਨੇ ਘੁੰਮ ਕੇ ਪਿੱਛੇ ਝਾਕਿਆ। ਪਿੰਡ ਦੀਆਂ ਬੱਤੀਆਂ ਦੂਰੋਂ ਜਲੂਸ ਕਰਦੇ ਜਗਨੂੰਆਂ ਵਾਂਗਰ ਜਗਮਗ ਕਰ ਰਹੀਆਂ ਸਨ। ਦੂਰ ਦੂਰ ਟਿਮ੍ਹਕਦੇ ਸਨ।
ਫੇਰ ਬਿੱਲੇ ਨੇ ਆਪਣਾ ਮੂੰਹ ਅੱਗੇ ਕੀਤਾ। ਸਿਆਹ ਹੀ ਸੀ। ਉਸ ਨੇ ਆਪਣਾ ਫੋਨ ਕੱਢ ਕੇ ਇੱਕ ਵਾਰ ਫੇਰ ਲਗਾਇਆ। ਮੇਘ ਉਲਤਾਰਕ ਮਰਟ ਨੇ ਚੁੱਕਿਆ ਨਹੀਂ। ਉਸ ਦੇ ਸਨੇਹੇ ਦੀ ਆਵਾਜ਼ ਇੱਕ ਵਾਰ ਫੇਰ ਆਈ। ਮਾਯੂਸ ਹੋ ਕੇ ਬਿੱਲਾ ਅਗਾਂਹਾਂ ਤੁਰ ਪਿਆ, ਫੋਨ ਦੀ ਬੱਤੀ ਨਾਲ਼ ਪਗਡੰਡੀ ਟੋਲਦਾ।
ਪਤਾ ਨਹੀਂ ਕਦੋਂ, ਪਰ ਰੁੱਖ ਲੁਪਤ ਹੋ ਗਏ ਅਤੇ ਆਲ਼ੇ ਦੁਆਲ਼ੇ ਕਾਲ਼ੀਆਂ ਚੱਦਰਾਂ ਵਾਂਙ ਜ਼ਮੀਨ ਦਿਸਹੱਦੇ ਤੱਕ ਜਾਹ ਰਹੀ ਸੀ। ਨੰਗੇ ਨੈਣਾਂ ਨਾਲ਼ ਕੁਝ ਨਹੀਂ ਦਿੱਸ ਰਿਹਾ ਸੀ, ਸਿਰਫ਼ ਫੋਨ ਦੀ ਬੱਤੀ ਉਸ ਦੀ ਸੇਧ ਸੀ। ਬਿੱਲਾ ਗਵਾਚ ਗਿਆ। ਇੱਕ ਵਾਰ ਫੇਰ ਫੋਨ ਲੱਗਾਇਆ, ਇੱਕ ਵਾਰ ਫੇਰ ਚੁੱਕਿਆ ਨਹੀਂ ਗਿਆ।
ਹੁਣ ਹਨ੍ਹੇਰੇ ਵਿੱਚੋਂ ਇੱਕ ਰੁਮਾਂਚਕ ਅਵਾਜ਼ ਉੱਠੀ ਜਿਸ ਦਾ ਗਮਕ ਇੰਨਾ ਉੱਚਾ ਸੀ ਕਿ ਜਾਨਵਰ ਨਹੀਂ, ਪਰ ਜਿੰਨ ਦੀ ਤਸਵੀਰ ਬਿੱਲੇ ਦੇ ਮਨ ਵਿੱਚ ਵਾਹ ਚੁੱਕੀ ਸੀ। ਆਵਾਜ਼ ਪਲ ਤੋਂ ਪਲ ਲਾਗੇ ਆ ਖੜ੍ਹੀ। ਡਰ ਨਾਲ਼ ਬਿੱਲਾ ਨੱਠ ਪਿਆ ਅਤੇ ਰਾਹ ਵਿੱਚ ਉਸ ਦਾ ਫੋਨ ਹੱਥੋਂ ਛੁੱਟ ਗਿਆ। ਦੌੜ੍ਹ ਦੌੜ੍ਹ ਕੇ ਓਸ ਕਾਲ਼ੀ ਜ਼ਮੀਨ ਵਿੱਚ ਆ ਪਿਆ, ਪਗਡੰਡੀ ਤੋਂ ਦੂਰ। ਇਰਦ ਗਿਰਦ ਵੇਖਣ ਦੀ ਕੋਸ਼ਿਸ਼ ਕੀਤੀ। ਫੇਰ ਉਸ ਖ਼ੌਫਨਾਕ ਆਵਾਜ਼ ਐਨ ਨਾਲ਼ ਆ ਖੜ੍ਹੋਤੀ! ਉਸ ਦੇ ਮੂੰਹ ਉੱਤੇ ਜਿਵੇਂ ਕੋਈ ਪਹੁੰਚਾ ਵਜਿਆ ਅਤੇ ਉਸ ਦੇ ਢਿੱਡ ਉੱਤੇ ਜਿਵੇਂ ਕੋਈ ਪੌਂਹਚਾ ਮਾਰਿਆ ਗਿਆ। ਥਾਂ ਡਿੱਗ ਪਿਆ!
* * *
ਅੱਖ ਅੱਡੀ। ਅੱਖ ਦੇ ਆਲ਼ੇ ਦੁਆਲ਼ੇ ਠੂਹਿਆਂ ਦਾ ਝੁੰਡ ਰੀਂਗ ਰਿਹਾ ਹੈ। ਅੱਖ ਦਾ ਤਾਰਾ ਇਸ ਸਿਆਹੀ ਵਿੱਚ ਸਾਉਲ਼ਾ ਸੂਰਜ ਹੈ। ਫੇਰ ਅੱਖ ਦੇ ਤਾਰੇ ਵਿੱਚ ਸੂਆ ਖੋਭਿਆ ਗਿਆ। ਸੂਏ ਵਿੱਚੋਂ ਗੰਘਲਿਆ ਭੰਗਵਾ ਗਲ਼ੇਫਾ ਵਾੜ ਰਿਹਾ ਸੀ। ਪਰ ਉਸ ਨੂੰ ਕੌਣ ਵਾੜ ਰਿਹਾ ਸੀ? ਅੱਖ ਚਿੱਲਾਉਣੀ ਚਾਹੁੰਦੀ ਸੀ, ਪਰ ਬੇਆਵਾਜ਼ ਸੀ। ਹੁਣ ਬਿੱਲਾ ਭੁੰਜੇ ਬੈਠਾ ਸੀ, ਉਸ ਦੀ ਬਾਂਹ ਉੱਤੇ ਠੂਹਾਂ ਸਰਕਦਾ, ਫੇਰ ਆਪਣੀ ਪੂੱਛ ਚੁੱਕ ਕੇ ਬਿੱਲੇ ਦੀ ਨਾੜ ਨੂੰ ਲੜਦਾ। ਇੱਕ ਤੁਪਕਾ ਉਸ ਦੇ ਮੱਥੇ ਤੋਂ ਧਰਤ ਵੱਲ ਡਿੱਗ ਰਿਹਾ ਸੀ। ਉਸ ਤੁਪਕੇ ਵਿੱਚ ਹਰ ਪਿੰਡੂ ਦਾ ਮੂੰਹ ਸੀ, ਜਿੰਨੇ ਵੀ ਬਿੱਲੇ ਨੇ ਥੋਹਰਕਲਾਂ ਮਿਲ਼ੇ ਸਨ, ਅਤੇ ਜਿੰਨੀ ਵੀ ਜਨਤਾ ਝੁੱਗੀਆਂ ਵਿੱਚੋਂ ਨਿਕਲ਼ ਕੇ ਟੈਕਸੀ ਨੂੰ ਧੱਕ ਰਹੀ ਸੀ। ਉਨ੍ਹਾਂ ਦੀ ਬੋਲੀ ਵਿੱਚ ਗੱਲ ਬਾਤ ਸੁਣ ਰਹੀ ਸੀ। ਮਾਂ ਮੋੜਦਾਰ ਘੜਤ ਬਣਾਉਂਦੀ, ਜਪਦੀ ਅਤੇ ਬਿੱਲੇ ਨੂੰ ਚੰਬਲੀ ਫੜਾਉਂਦੀ। ਫੇਰ ਤੁਪਕਾ ਜ਼ਮੀਨ ਉੱਤੇ ਬੰਬ ਵਾਂਙ ਡਿੱਗ ਗਿਆ। ਠੁਹਿਆਂ ਦਾ ਕਾਫ਼ਲਾ ਕਤਾਰ ਵਿੱਚ ਕੂਚ ਰਿਹਾ ਸੀ। ਉਨ੍ਹਾਂ ਦੀਆਂ ਪਿੱਠਾਂ ਉੱਤੇ ਪੰਜਾਬ ਦੇ ਮੁੰਡੇ ਕੁੜੀਆਂ ਬੈਠੇ, ਮੂੰਹ ਉੱਤੇ ਨਸ਼ਿਆਂ ਦਾ ਅਸਰ ਅਪਰੋਖ। ਫੇਰ…ਬਿੱਲੇ ਨੇ ਆਪਣੀਆਂ ਅਸਲੀ ਅੱਖਾਂ ਅੱਡੀਆਂ। ਆਲ਼ੇ ਦੁਆਲ਼ੇ ਪਹਾੜ ਸਨ ਅਤੇ ਉਹ ਥੋਹਰਕਲਾਂ ਤੋਂ ਕਾਫ਼ੀ ਦੂਰ ਸੀ। ਹੌਲ਼ੀ ਹੌਲ਼ੀ ਉੱਠ ਖੜ੍ਹਿਆ ਅਤੇ ਥੱਲੇ ਨਿਗ੍ਹਾ ਮਾਰੀ ਜਿੱਥੇ ਦਰਖ਼ਤ ਸਨ ਅਤੇ ਕਾਫ਼ੀ ਵਿੱਥ ’ਤੇ ਥੋਹਰਕਲ਼ਾ। ਉਸ ਨੂੰ ਸੁਰਤ ਨਹੀਂ ਸੀ ਕਿੰਞ ਇਸ ਜਗ੍ਹਾ ਪੁੱਜ ਚੁੱਕਾ ਸੀ ਅਤੇ ਰਾਤ ਕੀ ਹੋਇਆ ਸੀ। ਆਸ ਪਾਸ ਕੋਰਾ ਜੰਮਿਆ ਸੀ ਅਤੇ ਉਸ ਦੇ ਲੀੜਿਆਂ ਉੱਤੇ ਵੀ ਕੱਕਰ ਪੈ ਚੁੱਕਾ ਸੀ। ਕੁਝ ਨਹੀਂ ਯਾਦ ਸੀ। ਹੌਲ਼ੀ ਹੌਲ਼ੀ ਉੱਠ ਗਿਆ ਅਤੇ ਇੱਧਰ ਉੱਧਰ ਤੁਰ ਤੁਰ ਕੇ ਆਪਣੇ ਫੋਨ ਨੂੰ ਭਾਲ਼ਣ ਦਾ ਯਤਨ ਕੀਤਾ। ਕਈ ਦੇਰ ਵਾਸਤੇ ਉਸ ਨੂੰ ਸਮਝ ਨਹੀਂ ਲੱਗੀ ਕਿੱਥੇ ਵੇਖਾ। ਆਸ ਪਾਸ ਸਾਰੀ ਸਰਜ਼ਮੀਨ ਹਾਂਢ ਕਰਦਾ ਕਰੋਲ਼ ਕੇ ਅੱਕ ਗਿਆ ਅਤੇ ਤਲਾਸ਼ ਸ਼ਾਇਦ ਤੀਹ ਮਿੰਟਾਂ ਲਈ ਕਰੀ ਜਦ ਤਕਦੀਰ ਨੇ ਉਸ ਦਾ ਪੈਰ ਫੋਨ ਉੱਤੇ ਟਿਕਾ ਦਿੱਤਾ। ਥੱਲੇ ਵੇਖ ਕੇ ਉਸ ਦਾ ਮੂੰਹ ਖ਼ੁਸ਼ੀ ਨਾਲ਼ ਫੁੱਲ ਗਿਆ ਅਤੇ ਫੋਨ ਚੁੱਕ ਲਿਆ। ਹੁਣ ਤੀਕਰ ਤਲਾਸ਼ੀ ਵਿੱਚ ਤੌੜ ਪਰਿਥਵੀ ਨੂੰ ਹੀ ਧਿਆਨ ਦੇ ਰਿਹਾ ਸੀ। ਹੁਣ ਸਾਰੇ ਉਦਾਲ਼ੇ ਉੱਤੇ ਉਸ ਦੀ ਨਜ਼ਰ ਪਈ। ਕਿਹੜੇ ਰਾਹ ਜਾਣਾ ਹੈ? ਜੋ ਸੁਪਨੇ ਵਿੱਚ ਸਾਫ਼ ਦਿੱਸਦਾ ਸੀ, ਉਸ ਨੂੰ ਚੇਤਾ ਭੁਲਾਉਣਾ ਚਾਹੁੰਦਾ ਸੀ।
ਉਸ ਨੇ ਫੋਨ ਨੂੰ ਚੈਕ ਕੀਤਾ। ਬੈਟਰੀ ਹਾਲੇ ਵੀ ਚਾਲੂ ਸੀ। ਕਿਸਮਤ ਚੰਗੀ ਨਿਕਲ਼ੀ ਉਸ ਦੀ। ਬੈਟਰੀ ਦਾ ਪਰਤੀਕ ਅੱਧਾ ਭਰਿਆ ਹੋਇਆ ਸੀ।ਇਸ ਤਰ੍ਹਾਂ ਰਾਤ ਦਾ ਡਿੱਗਿਆ ਹੋਇਆ ਫੋਨ ਲੱਭਣ ਦੀ ਸੰਭਾਵਨਾ ਬਹੁਤ ਘੱਟ ਸੀ। ਫੇਰ ਵੀ ਮਿਲ਼ ਚੁੱਕਾ! ਫੇਰ ਬੈਟਰੀ ਖ਼ਤਮ ਨਹੀਂ ਹੋਈ! ਹੁਣ ਜੇ ਉਸ ਦੇ ਕਰਨ ਨੇ ਉਦ ਨੂੰ ਸਹੀ ਰਾਹ ਪਾ ਸਕੇ! ਫੋਨ ਉੱਤੇ ਕੰਪਾਸ ਚਲਾ ਕੇ ਜਿਸ ਰਾਹ ਬਾਰੇ ਉਸ ਨੂੰ ਦੱਸਿਆ ਸੀ, ਤੁਰ ਪਿਆ। ਇੰਞ ਪਹਾੜਾਂ ਦੀ ਉੱਪਰਲੀ ਜਗ੍ਹਾ ਪਹੁੰਚ ਚੁੱਕਾ ਸੀ, ਜਦ ਉਸ ਨੇ ਇੱਕ ਵਾਰ ਫੇਰ ਫੋਨ ਲੱਗਾਇਆ। ਹੁਣ ਆਵਾਜ਼ ਨੇ ਜਵਾਬ ਦਿੱਤਾ। ਉਸ ਨੂੰ ਦੱਸ ਦਿੱਤਾ ਕਿਹੜਾ ਰਾਹ ਲੈਣ ਅਤੇ ਕਿਵੇਂ ਕੱਚੇ ਰਾਹ ਤੋਂ ਪੱਕੇ ਰਾਹ ਕੋਲ਼ ਪਹੁੰਚਣਾ। ਹਾਰ ਕੇ ਹਵੇਲੀ ਆ ਗਈ, ਪਹਾੜਾਂ ਦੇ ਦੋ ਚੋਟੀਆਂ ਵਿਚਾਲੇ ਨਿਕਾਸੀ ਜਾਪਦਾ ਮਕਾਨ। ਹੁਣ ਬੈਟਰੀ ਦਾ ਪਰਤੀਕ ਕਾਫ਼ੀ ਖਾਲ਼ੀ ਹੋ ਚੁੱਕਾ ਸੀ ਅਤੇ ਰੱਤ ਰੰਗ ਵਿਖਾ ਰਿਹਾ ਸੀ ਕਿ ਸ਼ਕਤੀ ਮੱਧਮ ਪੈਣ ਲੱਗੀ ਸੀ। ਖ਼ੈਰ ਫੋਨ ਨੇ ਹਵੇਲੀ ਤੱਕ ਉਸ ਨੂੰ ਲਿਆ ਦਿੱਤਾ ਸੀ!
ਜਦ ਤੱਕ ਹਵੇਲੀ ਕੋਲ਼ ਪੁੱਜ ਗਿਆ ਸੀ, ਸ਼ਕਤੀ ਫੋਨ ਨੂੰ ਛੱਡ ਚੁੱਕੀ ਸੀ। ਜਿਵੇਂ ਡਾਕਟਰ ਨਵਜੰਮੇ ਦਾ ਨਾੜੂ ਨੂੰ ਕੱਟਦਾ ਹੈ, ਉਸ ਤਰ੍ਹਾਂ ਬਿੱਲਾ ਬੰਦ ਫੋਨ ਕਰਕੇ ਸਮਾਜ ਤੋਂ ਤਿਲਾਂਜਲੀ ਹੋ ਚੁੱਕਾ ਸੀ।
ਪੰਜਾਬੀ ਹਵੇਲੀ ਤੋਂ ਬਹੁਤ ਅਲੱਗ ਸੀ। ਉਸ ਦੀ ਭਿੰਨਤਾ ਦੀ ਤਾਮੀਰ ਵਿੱਚ ਜ਼ਾਹਰ ਸੀ। ਕੰਧਾਂ ਪੱਥਰ ਦੀਆਂ ਬਣੀਆਂ ਸਨ। ਉਸ ਦਾ ਮੁਖ ਦਰਵਾਜ਼ਾ ਕਾਲ਼ੇ ਲੋਹੇ ਤੋਂ ਰਚਿਆ ਸੀ ਅਤੇ ਬਣਤਰ ਗੜ੍ਹਾਂ ਦੇ ਗੇਟਾਂ ਵਰਗਾ ਸੀ। ਇਸ ਦੇ ਆਲ਼ੇ ਦੁਆਲ਼ੇ ਮਹਿਰਾਬ ਸੀ। ਹੇਠਲੀ ਮੰਜ਼ਲ ਉੱਤੇ ਬੂਹੇ ਦੇ ਦੋਵੇਂ ਪਾਸੇ ਅੰਗ੍ਰੇਜ਼ੀ ਦਰੀਚਿਆਂ ਦੀਆਂ ਕਤਾਰਾਂ ਸਨ, ਸ਼ਾਇਦ ਅੱਠ ਅੱਠ ਕੱਚ ਦੀਆਂ ਅੱਖਾਂ ਬਾਹਰ ਤਾੜਦੀਆਂ ਸਨ। ਦੂਜੀ ਮੰਜ਼ਲ ਉੱਤੋਂ ਚਾਰ ਹੋਰ ਖਿੜੀਆਂ ( ਮਹਿਰਾਬ ਦੇ ਉੱਪਰ) ਥੱਲੇ ਝਾਕ ਰਹੀਆਂ ਸਨ, ਜਿਵੇਂ ਮਕੜੇ ਦੇ ਨੈਣਾਂ ਤੋਂ ਦੁਗਣੀਆਂ ਗਿਣਤੀ ਵਾਲ਼ੀਆਂ ਅੱਖਾਂ ਆਪਣੇ ਸ਼ਿਕਾਰ ਨੂੰ ਛਹਿ ਕਰਨ ਤਤਪਰ ਸਨ। ਹਵੇਲੀ ਦੀ ਛੱਤ ਸਪੇਨੀ ਸ਼ੇਲੀ ਦੀ ਸੀ, ਗੇਰੂਏ ਰੰਗ ਖਪਰੈਲ ਨਾਲ਼ ਸਜਾਈ।
ਹਵੇਲੀ ਦੇ ਸਾਹਮਣੇ ਚੌੜ੍ਹੀ ਜਿਹੀ ਫੁਲਵਾੜੀ ਸੀ ਜੋ ਹੋਰ ਸਭ ਕੁਝ ਤੋਂ ਬਰਖਿਲਾਫ਼ ਜਾਪਦੀ ਸੀ। ਇਸ ਬਾਗ਼ ਦੇ ਵਿੱਚ ਰਾਹ ਹਵੇਲੀ ਦੇ ਲੋਹੇ ਬੂਹੇ ਤੋਂ ਗੇਟ ਤੱਕ ਵੱਧਦਾ, ਜਿਸ ਦੇ ਆਸ ਪਾਸ ਸੁਸੱਜਿਤ ਪੱਤੇਦਾਰ ਵਾੜਾਂ ਰਾਹ ਨੂੰ ਰਾਖੀ ਦਿੰਦੀਆਂ ਸਨ। ਇਹ ਰਾਹ ਹਾਰ ਕੇ ਗੇਟ ਨੂੰ ਪਾਰ ਕਰ ਕੇ ( ਇਹ ਵੀ ਕਾਲ਼ੇ ਲੋਹੇ ਦਾ ਹੀ ਬਣਾਇਆ ਹੋਇਆ ਸੀ) ਇੱਕ ਪੱਥਰ ਪੁਲ਼ ਤੱਕ ਆਉਂਦਾ ਸੀ, ਜਿਸ ਦੇ ਥੱਲੇ ਡੂੰਘੀ ਖੱਡ ਸੀ। ਪੁਲ਼ ਇੰਨਾ ਪਤਲਾ ਸੀ ਕਿ ਬੜੇ ਹੱਦ ਮਸਾਂ ਹੀ ਘੋੜਾ ਪਾਰ ਕਰ ਸਕਦਾ ਸੀ। ਬੰਦਾ ਮਸੀਂ ਤੁਰ ਸਕਦਾ ਸੀ ਅਤੇ ਕੋਈ ਗੱਡੀ ਬੁੱਘੀ ਜਾਂ ਕਾਰ ਨਹੀਂ ਚਲ ਸਕਦੀ ਸੀ। ਓਸ ਪੁਲ਼ ਦੇ ਉਰਲੇ ਪਾਸੇ ਕੱਚੀ ਕਾਰ ਪਾਰਕ ਸੀ, ਮਸੀਂ ਤਿੰਨ ਗੱਡੀਆਂ ਵਾਸਤੇ ਜਗ੍ਹਾ। ਪੁਲ਼ ਦੇ ਕੋਲ਼ ਕੋਈ ਫੜ੍ਹਣ ਵਾਲ਼ਾ ਡੰਡਾ ਜਾਂ ਸਹਾਰਾ ਨਹੀਂ ਸੀ। ਹਵੇਲੀ ਦਾ ਸੱਜਾ ਪਾਸਾ ਪਹਾੜ ਨਾਲ਼ ਲੱਗਾ ਸੀ ਅਤੇ ਖੱਬੇ ਪਾਸੇ ਖੱਡ ਪਹਾੜ ਦੇ ਦਾਮਨ ਤੱਕ ਜਾਂਦੀ ਸੀ। ਘਾਟੀ ਕਿੱਥੇ ਸੀ, ਪੱਕੀ ਗਿਰਾਵਟ ਸੀ। ਬਿੱਲੇ ਦੀਆਂ ਅੱਖਾਂ ਉਸ ਖਲੀਜ ਵੱਲ ਗਈਆਂ। ਕਲਾਈ ਕੰਬ ਰਹੀ ਸੀ!
ਪੁਲ਼ ਦੇ ਇਰਦ ਗਿਰਦ ਵੇਖਣਾ ਕੱਸਣ ਔਖੀ ਕਰ ਰਹੀ ਸੀ। ਫ਼ੋਨ ਦੀ ਜਾਨ ਹੁਣ ਛੁਟ ਚੁੱਕੀ ਸੀ। ਉਸ ਨੇ ਜੇਬ ਵਿੱਚ ਪਾ ਕੇ ਆਪਣੇ ਸਮਾਨ ਨੂੰ ਲੱਦ ਕੇ ਪੁਲ਼ ਪਾਰ ਕੀਤਾ। ਹਰ ਕਦਮ ਧਿਆਨ ਨਾਲ਼ ਵਧਿਆ, ਉੱਖੜਣ ਤੋਂ ਡਰ ਸੀ। ਕੇਸ ਪਹਿਲਾਂ ਪੁਲ਼ ਉੱਤੇ ਰੇੜ੍ਹ ਕੇ ਅਗਾਂਹਾਂ ਗਿਆ। ਫੇਰ ਆਪਣੀਆਂ ਬਾਹਾਂ ਨਾਲ਼ ਜੱਫੀ ਮਾਰੀ। ਉਸ ਦੇ ਆਲ਼ੇ ਦੁਆਲ਼ੇ ਮੇਘ-ਧੁੰਧ ਡੋਰੇ ਪਾ ਕੇ ਉਸ ਨੂੰ ਖੱਡ ਵਿੱਚ ਫੁਸਲਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਜਦ ਕੇਸ ਬਾਹਾਂ ਹਿੱਕ ਨਾਲ਼ ਲਾਉਣਾ ਔਖਾ ਹੋ ਗਿਆ, ਉਸ ਨੇ ਧਿਆਨ ਨਾਲ਼ ਸੀਸ ਉੱਤੇ ਟਿਕਾ ਕੇ ਅਗਾਂਹਾਂ ਕਦਮ ਚੁੱਕੇ। ਇੰਞ ਪੁਲ਼ ਨੂੰ ਸਵਾ ਘੰਟੇ ਵਿੱਚ ਪਾਰ ਕਰ ਲਿਆ ਸੀ। ਹੁਣ ਦਿਨ ਦਾ ਪਹਿਲਾ ਪਹਿਰ ਪੂਰਾ ਹੋਣ ਲੱਗਾ ਸੀ। ਜਦ ਤੱਕ ਹਵੇਲੀ ਦੇ ਗੇਟ ਤੀਕਰ ਪੁੱਜਾ, ਧੰਧ ਖ਼ੁਦ ਅਵਕਾਸ਼ ਲੈ ਚੁੱਕੀ ਸੀ।
ਗੇਟ ਨੂੰ ਪਾਰ ਕਰ ਕੇ ਵੇਖਿਆ ਕਿ ਬਾਗ਼ ਦੇ ਬੂਟੇ ਫੁੱਲ ਪਹਾੜੀ ਕਿਸਮ ਦੇ ਸਨ। ਸਿਰਫ਼ ਇੱਕ ਕਿਸਮ ਦਾ ਫੁੱਲ ਗਾਇਬ ਸੀ: ਚੰਬੇਲੀ। ਵਾੜਾਂ ਨੂੰ ਜੋ ਅੰਗ੍ਰੇਜ਼ੀ ਵਿੱਚ ਟੋਪਰੀ ਸੱਦਦੇ ਹਨ, ਕੀਤਾ ਹੋਇਆ ਸੀ। ਮਤਲਬ ਸਜਵਾੜੀ ਸਨ, ਹਰ ਵਾੜ ਦਾ ਰੂਪ ਬਾਗਬਾਨ ਨੇ ਕੱਟ ਕੱਟ ਕੇ ਕੋਈ ਜਾਨਵਰ ਦੇ ਰੂਪ ਵਿੱਚ ਸਿਰਜਿਆ ਸੀ। ਕੋਈ ਹਾਥੀ ਦੇ ਰੂਪ ਵਿੱਚ ਸੀ ਅਤੇ ਕੋਈ ਸ਼ੇਰ ਦੇ ਰੂਪ ਵਿੱਚ ਅਤੇ ਕੋਈ ਬਾਂਦਰ ਦੇ ਰੂਪ ਵਿੱਚ। ਅਜੀਬ ਜਿਹੀਆਂ ਘਾੜਤਾਂ ਸਨ। ਗੇਟ ਦੇ ਉੱਤੇ ਇੱਕ ਕਾਲ਼ਾ ਠੂਹਾਂ ਅਰਾਮ ਨਾਲ਼ ਬੈਠਾ ਸੀ, ਬਿੱਲੇ ਵੱਲ ਤਾੜਦਾ। ਬਿੱਲੇ ਨੇ ਉਸ ਨੂੰ ਧਿਆਨ ਦੇਣ ਤੋਂ ਵਗੈਰ ਕੇਸ ਧਰਤ ਉੱਤੇ ਰੱਖ ਕੇ ਰੇੜ੍ਹਣ ਲੱਗ ਪਿਆ ਅਤੇ ਪੱਤੇਦਾਰ ਜਾਨਵਰ ਘਾੜਤਾਂ ਨੂੰ ਲੰਘ ਕੇ ਹਵੇਲੀ ਦੇ ਪਰਵੇਸ਼ ਵੱਲ ਵੱਧਿਆ। ਸਭ ਤੋਂ ਆਖਰੀ ਪੱਤੇਦਾਰ ਜਾਨਵਰ ਠੂਹਾਂ ਦੇ ਰੂਪ ਵਿੱਚ ਘੜੇ ਸਨ। ਕੁਝ ਚਿਰ ਵਾਸਤੇ ਉਨ੍ਹਾਂ ਵੱਲ ਤੱਕੀ ਗਿਆ ਅਤੇ ਆਪਣੇ ਸੁਪਨਿਆਂ ਨੂੰ ਪਲ ਵਾਸਤੇ ਮਨ ਵਿੱਚ ਅੰਦਰ ਵਾੜਣਾ ਪਿਆ। ਫੇਰ ਲੋਹੇ ਬੂਹੇ ਵੱਲ ਜਾ ਖਲੋਤਾ।
ਬੂਹੇ ਨਾਲ਼ ਘੰਟੀ ਨਹੀਂ ਸੀ। ਪਰ ਇੱਲ ਵੱਡਾ ਖੜਕਦਾਰ ਸੀ, ਜਿਸ ਦੇ ਉੱਪਰ ਝਰੋਖਾ ਬਿੱਲੇ ਵੱਲ ਵਾਪਸ ਝਾਕ ਰਿਹਾ ਸੀ। ਬਿੱਲੇ ਨੇ ਆਲ਼ੇ ਦੁਆਲ਼ੇ ਵੇਖਿਆ ਅਤੇ ਇੱਕ ਖੂੰਜੇ ਵਿੱਚੋਂ ਕੈਮਰੇ ਦੀ ਕਾਲ਼ੀ ਅੱਖ ਉਸ ਨੂੰ ਜਾਂਚ ਰਹੀ ਸੀ। ਅੱਖ ਥੱਲੇ ਲਾਲ ਬੱਤੀ ਚਮਕ ਰਹੀ ਸੀ। ਉਸ ਦੇ ਬੂਹੇ ਨੂੰ ਠੰਗਰਿਆ। ਕਾਫ਼ੀ ਚਿਰ ਲਈ ਚੁੱਪ ਸੀ। ਫੇਰ ਝਰੋਖਾ ਖੁੱਲ਼੍ਹਿਆ। ਉਸ ਦੇ ਮੂੰਹ ਵਿੱਚੋਂ ਦੋ ਕਾਲ਼ੀਆਂ ਅੱਖਾਂ ਪਲ ਵਾਸਤੇ ਬਿੱਲੇ ਵੱਲ ਤੱਕੀਆਂ। ਬਿੱਲੇ ਨੂੰ ਇੰਞ ਲੱਗਾ ਜਿਵੇਂ ਉਸ ਕਾਲ਼ੀਆਂ ਕਾਕੀਆਂ ਦੇ ਆਲ਼ੇ ਦੁਆਲ਼ੇ ਆਨੇ ਕੱਚੇ ਪੀਲੇ ਭਹਿ ਦੇ ਸਨ। ਬਿੱਲੇ ਨੂੰ ਇੰਞ ਜਾਪਿਆ ਜਿਵੇਂ ਇੱਲ ਦੀਆਂ ਲੋਇਣਾਂ ਸਨ। ਫੇਰ ਝਰੋਖਾ ਬੰਦ ਹੋ ਗਿਆ। ਹਾਲੇ ਤਾਂ ਬਿੱਲੇ ਨੇ ਆਪਣਾ ਨਾਂ ਵੀ ਨਹੀਂ ਸੀ ਦਿੱਤਾ। ਲੋਹਾ ਦਰਵਾਜ਼ਾ ਚਰਚਰ ਕੇ ਖੁੱਲ਼੍ਹ ਗਿਆ। ਅੰਦਰੋਂ ਹਨ੍ਹੇਰਾ ਬਿੱਲੇ ਉੱਤੇ ਕੋਈ ਕਾਲ਼ੇ ਸੂਰਜ ਦੀਆਂ ਕਲੰਕੀ ਰਿਸ਼ਮਾਂ ਵਾਂਗਰ ਡਿੱਗ ਪਿਆ। ਦਰਵਾਜ਼ੇ ਤੋਂ ਦੂਰੀ ਦਰ ਖੋਲ਼੍ਹਣ ਵਾਲ਼ਾ ਘੁਸਮੁਸੇ ਵਿੱਚ ਪਨਾਹ ਲੈ ਰਿਹਾ ਸੀ, ਖ਼ੌਰ੍ਹੇ ਧੁੱਪ ਤੋਂ?
ਬਿੱਲੇ ਨੇ ਕਿਹਾ, ਮੈਂ ਹਵਾਲਦਾਰ ਬਿੱਲਾ ਹਾਂ। ਮੈਂ ਮੇਘ ਉਲਤਾਰਕ ਮਰਟ ਨੂੰ ਮਿਲ਼ਣ ਆਇਆ ਹਾਂ। ਰਾਤੀ ਆਉਣਾ ਸੀ ਪਰ…ਮੈਂ ਗਵਾਚ ਗਿਆ। ੳੇਸ ਨਾਲ਼ ਮੁਲਾਕਾਤ ਹੈ। ਮੈਂ ਪੰਜਾਬ ਤੋਂ ਆਇਆ ਹਾਂ। ਉਸ ਨੂੰ ਦੱਸ ਦਿਓ ਮੈਂ ਪਹੁੰਚ ਗਿਆ। ਕੋਈ ਮੇਰਾ ਸਮਾਨ ਸੰਭਾਲ਼ ਸਕਦਾ ਹੈ? ਜਵਾਬ ਦੀ ਜਗ੍ਹਾ ਇੱਕ ਹੱਥ ਪਰਛਾਵੇਂ ਵਿੱਚੋਂ ਬਿੱਲੇ ਵੱਲ ਵੱਧਿਆ, ਹੱਡੀ ਉਂਗਲ਼ੀਆਂ ਉਸ ਨੂੰ ਮਿਨਤ ਕਰਦੀਆਂ ਅੰਦਰ ਆਉਣ ਨੂੰ।
ਬੇਇਖਤਿਆਰ ਬਿੱਲੇ ਦੀ ਨਿਗ੍ਹਾ ਉਸ ਉਂਗਲ਼ੀਆਂ ਦੇ ਨੌਂਹਾਂ ਉੱਤੇ ਜੰਮ ਗਈ। ਨੌਂਹ ਕਾਲ਼ੀਆਂ ਤਿੱਖੀਆਂ ਤੂਈਆਂ ਸਨ। ਫੇਰ ਉਹ ਬੋਲਿਆ, ਸਿਰਫ਼ ਅਸਾਂ ਹੀ ਇੱਥੇ ਹਾਂ। ਆ ਅੰਦਰ ਵੜੋ, ਮੈਂ ਤੁਹਾਡਾ ਕੇਸ ਚੁੱਕਦਾ। ਲੱਗਦਾ ਸਫ਼ਰ ਔਖਾ ਸੀ। ਫੇਰ ਕਿੱਸੇ ਨੇ ਤੁਹਾਨੂੰ ਲਿਫ਼ਟ ਨਹੀਂ ਦਿੱਤੀ? ਆ ਅੰਦਰ। ਬਿੱਲੇ ਨੇ ਸਰਦਲ ਪਾਰ ਕਰ ਲਿਆ। ਉਸ ਪਿੱਛੇ ਆਪਣੇ ਆਪ ਹੀ ਦਰਵਾਜ਼ਾ ਬੰਦ ਹੋ ਗਿਆ। ਬੰਦ ਹੋਣ ਨਾਲ਼ ਹੀ ਚਾਨਣ ਨਿਕਾਲ਼ਾ ਗਿਆ। ਅੰਦਰ ਅੱਖਾਂ ਲਈ ਵੇਖਣਾ ਔਖਾ ਸੀ। ਬੰਦਾ ਅੱਗੇ ਆ ਗਿਆ ਅਤੇ ਇੱਕ ਹੱਡੀ ਹੱਥ ਨੇ ਕੇਸ ਚੁੱਕ ਲਿਆ, ਜਿਵੇਂ ਕਾਗ਼ਜ਼ ਹੀ ਚੁੱਕ ਰਿਹਾ ਹੋਵੇ!
ਤੁਸੀਂ? ਬਿੱਲੇ ਦੇ ਮੂੰਹ ਵਿੱਚੋਂ ਇੱਕ ਹੀ ਲਫ਼ਜ਼ ਮੁਕਤੀ ਲੈ ਸੱਕਿਆ।
ਜੀ ਜਨਾਬ। ਹੁਣ ਉਸ ਦੇ ਹੱਥਾਂ ਨੇ ਕੰਧ ਉੱਤੇ ਸੱਵਿਚ ਜਗਾ ਦਿੱਤੀ ਅਤੇ ਧੀਮੀਆਂ ਬੱਤੀਆਂ ਅੱਧ ਜਗੀਆਂ। ਹਨ੍ਹੇਰਾ ਘੱਟ ਗਿਆ। ਪਰ ਫੇਰ ਵੀ ਧੁੰਧਲਕਾ ਸੀ। ਬਿੱਲੇ ਨੇ ਮੇਘ ਉਲਤਾਰਕ ਮਰਟ ਦਾ ਮੁਖੜਾ ਪਹਿਲੀਂ ਵਾਰੀ ਵੇਖਿਆ। ਉਸ ਦੀ ਅੱਜ ਤੱਕ ਕਿੱਤੇ ਤਸਵੀਰ ਨਹੀਂ ਸੀ। ਉਸ ਬਾਰੇ ਕੋਈ ਖ਼ਬਰ ਨਹੀਂ ਸੀ। ਸਿਰਫ਼ ਨਾਂ ਬਾਰੇ ਹੀ ਜਾਣਦੇ ਸੀ। ਮਰਟ ਫੇਰ ਬੋਲਿਆ, ਆਹੋ ਮੈਂ ਤੁਹਾਨੂੰ ਤੁਹਾਡੇ ਕਮਰੇ ਲੈ ਕੇ ਜਾਂਦਾ। ਫੇਰ ਆਪਾਂ ਖਾਂਦੇ ’ਤੇ ਗੱਲ ਬਾਤ ਕਰਦੇ। ਮਰਟ ਦੀ ਮੁਸਕਰਾਹਟ ਨਿੰਮ੍ਹਾ ਲਾਂਬੂ ਸੀ।
ਮਰਟ ਦਾ ਕੱਦ ਛੇ ਫੁੱਟ ਤੋਂ ਉੱਚਾ ਸੀ, ਖੌਰ੍ਹੇ ਸੱਤ ਫੁੱਟ ਦੇ ਕਰੀਬ। ਉਸ ਨੇ ਪਿੰਡ ਦੇ ਵਾਸੀਆਂ ਵਰਗੇ ਲੀੜੇ ਪਾਏ ਸਨ, ਪਰ ਫ਼ਰਕ ਸੀ। ਕੱਪੜਾ ਅਤਲਸ ਤੋਂ ਸੁਆਇਆ ਹੋਇਆ ਸੀ। ਮਹਿੰਗਾ ਜਾਪਦਾ ਸੀ। ਕਮੀਜ਼ ਨੀਲੱਤਣ ਪਟੰਬਰ ਦੀ ਸੀ, ਸ਼ੇਰਵਾਨੀ ਜਰੀਦਾਰ ਰੇਸ਼ਮ ਦੀ ਬਣਾਈ ਸੀ ਅਤੇ ਪਿਜਾਮੇ ਕੋਬਾਲਟ ਨੀਲ ਦੇ ਸੀ। ਟੋਪੀ ਸਮੂਰ ਤੋਂ ਬਣਾਈ ਸੀ ਅਤੇ ਮੱਧਮ ਬੱਤੀਆਂ ਹੇਠ ਵੀ ਫਰ ਲਿਸ਼ਕਦੀ ਸੀ।
ਮਰਟ ਦਾ ਬੋਤਾ ਬੁੱਥਾ ਲੰਬਾ ਸੀ, ਮੰਗੋਲਾਂ ਦੀ ਝਲਕ ਵਾਲ਼ਾ ਨੱਕ ਸੀ ਅਤੇ ਅੱਖਾਂ ਖਾਨਾਂ ਦੀ ਗੈਰਤ ਉੱਗਰ ਦੀਆਂ ਸਨ। ਪੀਲੇ ਆਨਿਆਂ ਵਿੱਚ ਡਰਾਉਣੀਆਂ ਕਾਲ਼ੀਆਂ ਬੇਜਿੰਦ ਪੁਤਲੀਆਂ ਸਨ। ਡਰ ਤਾਂ ਪੈਦਾ ਹੁੰਦਾ ਸੀ, ਪਰ ਅਸਲੀ ਡਰ ਓਦੋਂ ਪੈਦਾ ਹੁੰਦਾ ਸੀ ਜਦ ਉਹ ਮੁਸਕਾਨ ਦਿੰਦਾ ਮੂੰਹ ਅੱਡਦਾ ਸੀ। ਲੰਬੇ ਤਿੱਖੇ ਸੂਏ ਦੰਦ ਕਿਸੇ ਹਮਲੇ ਵਿੱਚੋਂ ਸੰਗੀਨਾਂ ਵਾਂਙ ਬਾਹਰ ਨਿਕਲ਼ ਆਉਂਦੇ ਸੀ। ਇਹੀ ਭਿਆਨਕ ਤਬੱਸਮ ਬਿੱਲੇ ਨੇ ਕਈ ਵਾਰ ਅੱਗਲੇ ਦਿਹਾੜਾਂ ਰਾਤਾਂ ਵਿੱਚ ਵੇਖਣਾ ਸੀ।
ਹੁਣ ਪਰੇਸ਼ਾਨੀ ਨਾਲ਼ ਬਿੱਲਾ ਆਪਣੇ ਮੇਜ਼ਬਾਨ ਮਗਰ ਤੁਰ ਪਿਆ। ਆਸ ਪਾਸ ਹਵੇਲੀ ਦੇ ਘਰੇ ਵੇਖਦਾ ਜਾਂਦਾ ਗਿਆ।
ਸੋ ਹੋਰ ਇੱਥੇ ਕੋਈ ਨਹੀਂ ਹੈ? ਗੱਲੀਂ ਕੱਥੀਂ ਬਿੱਲੇ ਨੇ ਪੁੱਛਿਆ।
ਸਿਰਫ਼ ਮੈਂ।
ਸਾਰੇ ਜਣੇ ਛੁੱਟੀ ’ਤੇ ਹਨ?
ਨਹੀਂ। ਕੇਵਲ ਮੈਂ ਹੀ ਇੱਥੇ ਰਹਿੰਦਾ ਹਾਂ। ਸਭ ਕੁਝ ਮੈਂ ਹੀ ਕਰਦਾ ਹਾਂ। ਜੇ ਮੇਰੇ ਕੋਲ਼ ਗੱਡੀ ਹੁੰਦੀ ਮੈਂ ਤੁਹਾਨੂੰ ਖ਼ੁਦ ਇੱਥੇ ਲੈ ਕੇ ਆ ਜਾਣਾ ਸੀ। ਅਸਾਂ ਇੱਥੇ ਦੁਨੀਆਂ ਤੋਂ ਇੰਨੇ ਦੂਰ ਹੈ ਕਿ ਕਦੀ ਕਦੀ ਫ਼ੋਨ ਦਾ ਸਿਗਨਲ਼ ਵੀ ਨਹੀਂ ਕੰਮ ਕਰਦਾ ਹੈ। ਤਾਂ ਹੀ ਤੁਹਾਡੇ ਨਾਲ਼ ਫ਼ੋਨ ’ਤੇ ਗੱਲ ਕਰਨੀ ਸੁਖਾਲੀ ਨਹੀਂ ਸੀ। ਤੁਹਾਡੀ ਚੰਗੀ ਕਿਸਮਤ ਹੈ ਕਿ ਤੁਸਾਂ ਇੱਥੇ ਠੀਕ ਠਾਕ ਪਹੁੰਚ ਗਏ ਹੋ। ਮੇਰੇ ਕੋਲ਼ ਬਹੁਤੇ ਪਰਾਹੁਣੇ ਆਉਂਦੇ ਨਹੀਂ। ਤੁਰਦਾ ਤੁਰਦਾ ਬਿਨਾ ਬਿੱਲੇ ਵੱਲ ਵੇਖਣ, ਮਰਟ ਹਰ ਲਫ਼ਜ਼ ਨੂੰ ਜਿੰਞ ਪਰੌਂਠੇ ਚੱਬਦਾ ਸੀ, ਬੋਲੀ ਗਿਆ। ਬਿੱਲੇ ਨੇ ਸੋਚਿਆ ਕਿ ਉਸ ਦੀ ਆਵਾਜ਼ ਜਿਵੇਂ ਹੋਰ ਜਹਾਨ ਦੀ ਹੁੰਦੀ, ਜਾਪਦੀ ਹੈ। ਪਹਿਲਾਂ ਗਲਿਆਰ ਲੰਘੇ, ਫੇਰ ਧਨਾਢ ਪੱਥਰ ਵਾਲ਼ੀਆਂ ਪੌੜ੍ਹੀਆਂ ਚੜ੍ਹੇ, ਅਤੇ ਫੇਰ ਹੋਰ ਗਲਿਆਰ ਲੰਘਗੇ। ਹਾਰ ਕੇ ਜਿਸ ਕਮਰੇ ਵਿੱਚ ਬਿੱਲੇ ਨੇ ਸੌਣਾ ਸੀ, ਆ ਪਹੁੰਚੇ। ਰਾਹ ਵਿੱਚ ਬਿੱਲੇ ਨੇ ਵੇਖਿਆ ਕਿ ਫਰਨੀਚਰ ਚਣਾਖਾਂ ਨਾਲ਼ ਕੱਜ ਹੋਇਆ ਸੀ। ਮਕਾਨ ਵੱਡਾ ਸੀ, ਪਰ ਸਫਾਈ ਨਹੀਂ ਸੀ। ਖ਼ੈਰ ਮਰਟ ਨੇ ਕਿਹਾ ਸੀ ਉਹ ਹੀ ਇਕੱਲਾ ਰਹਿੰਦਾ ਹੈ। ਜੇ ਉਹ ਸੱਚ ਬੋਲ ਰਿਹਾ ਸੀ।
ਆਪਣੇ ਆਪ ਨੂੰ ਤਰੋਤਾਜ਼ਾ ਕਰਲਾ। ਫੇਰ ਹੇਠਾਂ ਆ ਕਿ ਮੈਨੂੰ ਦਸਤਰਖ਼ਾਨ ਕਮਰੇ ’ਚ ਲੱਭੀ। ਮੈਂ ਤੈਨੂੰ ਉਡੀਕਦਾ ਹਾਂ। ਇੰਞ ਕਹਿ ਕੇ ਤੁਰ ਪਿਆ।
ਬਿੱਲਾ ਆਪਣੇ ਆਲ਼ੇ ਦੁਆਲ਼ੇ ਵੇਖਣ ਲੱਗਾ। ਸੋਚ ਰਿਹਾ ਸੀ, ਕਿ ਖੌਰ੍ਹੇ ਮੇਰੇ ਵਾਸਤੇ ਕਮਰਾ ਤਿਆਰ ਕੀਤਾ ਸੀ। ਸਾਫ਼ ਜਾਪਦਾ ਸੀ। ਉਹ ਇੱਕ ਸ਼ੀਸ਼ੇ ਵੱਲ ਝਾਕਿਆ। ਉਸ ਨੇ ਆਪਣੇ ਅਕਸ ਨੂੰ ਆਖਿਆ, ਮੈਂ ਇੱਥੇ ਕੀ ਕਰ ਰਿਹਾ ਹਾਂ? ਕੀ ਲੌੜ ਸੀ ਆਉਣ ਦੀ? ਇਹ ਸਭ ਕੁਝ ਫ਼ੋਨ ਰਾਹੀਂ ਜਾਂ ਇਸ ਮੁਲਕ ਦੀ ਪੁਲੀਸ ਰਾਹੀਂ ਨਹੀਂ ਹੋ ਸਕਦਾ ਸੀ? ਨਾਲ਼ੇ ਉਨ੍ਹਾਂ ਨੇ ਮੈਨੂੰ ਕਿਉਂ ’ਕੱਲਾ ਭੇਜਿਆ? ਮੈਂ ਕਿਉਂ ਉਨ੍ਹਾਂ ਨਾਲ਼ ਸਹਿਮਤ ਹੋਇਆ? ਮਰਟ ਨੇ ਕਿੱਥੇ ਮੇਰੇ ਸਵਾਲਾਂ ਦਾ ਸੱਚ ਜਵਾਬ ਦੇਣਾ ਹੈ? ਕਿਹੜੇ ਕੱਢੇ ਲੱਗਣੇ ਹੈ?
ਅਕਸ ਨੇ ਆਖੇ ਸਵਾਲ ਦਾ ਉੱਤਰ ਨਹੀਂ ਦਿੱਤਾ।
* * *
ਠਹਿਰ ਕੇ ਬਿੱਲਾ ਉਸ ਡਾਈਨਿੰਗ ਕਮਰੇ ਵਿੱਚ ਲੰਬੇ ਦਸਤਰਖ਼ਾਨੇ ’ਤੇ ਬੈਠਾ ਸੀ, ਉਸ ਦੇ ਦੂਜੇ ਪਾਸੇ ਮੇਜ਼ਬਾਨ, ਮਰਟ। ਜਦ ਪੌੜ੍ਹੀਆਂ ਉੱਤਰ ਕੇ ਥੱਲੇ ਆਇਆ ਸੀ, ਆਸ ਪਾਸ ਵੇਖ ਕੇ ਮੱਕੜੀਆਂ ਦੇ ਸੰਘਣੇ ਜਾਲ਼ੇ ਵੱਲ, ਫਰਨੀਚਰ ’ਤੇ ਖੇਹ ਖਾ ਵੱਲ ਅਤੇ ਸਜਾਵਟੀ ਸ਼ੈਵਾਂ ਉੱਤੇ ਜੰਮੀ ਧੂੜ ਵੱਲ, ਹੈਰਾਨ ਸੀ। ਹੋ ਸਕਦਾ ਸੀ ਕਿ ਮਰਟ ਸੱਚ ਦੱਸ ਰਿਹਾ ਸੀ ਕਿ ਉਸ ਤੋਂ ਇਲਾਵਾਂ ਏਸ ਹਵੇਲੀ ਵਿੱਚ ਹੋਰ ਕੋਈ ਨਹੀਂ ਸੀ, ਨਾ ਕੇ ਕੋਈ ਇੱਥੇ ਆਉਂਦਾ ਸੀ। ਹੋ ਨਹੀਂ ਸੀ ਸਕਦਾ ਕਿ ਕੋਈ ਵੱਡਾ ਡਰਗ ਸਮਗਲਰ ਇਸ ਤਰ੍ਹਾਂ ਜੀਵੇਂ! ਨਾਲ਼ੇ ਸਾਰਾ ਮਕਾਨ ਹਨ੍ਹੇਰੇ ਵਿੱਚ ਹੀ ਰੱਖਿਆ ਹੋਇਆ ਸੀ! ਅਕਸਰ ਕਿਉਂ? ਕੰਧਾਂ ਉੱਤੇ ਜਾਂ ਫਰਨੀਚਰ ਉੱਤੇ ਘੜੀ ਜਾਂ ਕਲਾਕ ਦਿਖਾਈ ਨਹੀਂ ਦਿੰਦੇ ਸਨ। ਬਿੱਲੇ ਨੇ ਆਪਣੇ ਕਮਰੇ ਵਿੱਚ ਆਲ਼ੇ ਦੁਆਲ਼ੇ ਫ਼ੋਨ ਚਾਰਜ ਕਰਨ ਨੂੰ ਪਲੱਗ ਭਾਲ਼ਿਆ। ਕਿੱਤੇ ਵੀ ਹੈ ਨਹੀਂ ਸੀ। ਗਲਿਆਰਿਆਂ ਵਿੱਚ ਵੀ ਨਹੀਂ ਸਨ! ਇਸ ਲਈ ਆਪਣੇ ਕਮਰੇ ਵਿੱਚ ਮੋਬਾਇਲ ਛੱਡ ਦਿੱਤਾ। ਹਵੇਲੀ ਵਿੱਚ ਘਰ ਵਾਲ਼ਾ ਫ਼ੋਨ ਵੀ ਨਹੀਂ ਦਿੱਸਦਾ ਸੀ। ਸੋ ਜਦ ਮਰਟ ਕੋਲ਼ ਪਹੁੰਚਿਆ ਇਹ ਹੀ ਸਭ ਤੋਂ ਪਹਿਲਾਂ ਸਵਾਲ ਸੀ ਉਸ ਦਾ। ਮਰਟ ਦੇ ਮੂੰਹ ਵਿੱਚੋਂ ਤਿੱਖੇ ਦੰਦ ਹੀ ਦਿੱਸਦੇ ਸਨ ਜਦ ਉਸ ਨੇ ਮੁਸਕੜੀ ਦੇ ਕੇ ਕਿਹਾ, ਨਹੀਂ ਇੱਥੇ ਕੋਈ ਬਿਜਲੀ ਬੁਜਲੀ ਜਾਂ ਟੀਵੀ ਟੂਵੀ ਨਹੀਂ ਹਨ, ਕੇਵਲ ਬੈਠਕ ਵਿੱਚ ਬਿਜਲੀ ਦੀ ਤਾਰ ਲੱਗੀ ਹੈ, ਉਹ ਵੀ ਹਵੇਲੀ ਦੇ ਇੱਕੋ ਫ਼ੋਨ ਵਾਸਤੇ। ਤਾਂ ਹੀ ਫ਼ੋਨ ਕਰਨਾ ਔਖਾ ਹੈ। ਮੈਂ ਹਰ ਪਲ ਬੈਠਕ ਵਿੱਚ ਨਹੀਂ ਹੋ ਸਕਦਾ, ਤਾਂ ਹੀ ਤੁਹਾਡੀ ਕਾਲ਼ ਨਹੀਂ ਚੁੱਕੀ ਗਈ। ਸੋ ਪਹਿਲਾਂ ਖਾਵੋ ’ਤੇ ਆਪਾਂ ਗੱਲਾਂ ਕਰਦੇ ਹਾਂ। ਤੁਸਾਂ ਸਵਾਲ ਪੁੱਛਣ ਬਹੁਤ ਦੂਰ ਆਏ ਹੋ। ਗੱਲ ਕਰੀਏ। ਜੀ ਬੈਠੋਂ। ਉਸ ਦੀਆਂ ਲੰਬੀਆਂ ਉਂਗਲ਼ਾਂ ਨੇ ਕੁਰਸੀ ਵੱਲ ਇਸ਼ਾਰਾ ਕੀਤਾ।
ਜਦ ਬਿੱਲਾ ਅੰਦਰ ਵੜਿਆ ਸੀ ਸਭ ਤੋਂ ਪਹਿਲੀਂ ਚੀਜ਼ ਉਸ ਦੀ ਨਿਗ੍ਹਾ ਨੂੰ ਬੰਧਕ ਬਣਾ ਚੁੱਕੀ ਸੀ ਕਿ ਮਰਟ ਨੇ ਟੋਪੀ ਲਾਹ ਦਿੱਤੀ ਸੀ ਅਤੇ ਉਸ ਦੇ ਸਿਰ ਉੱਤੇ ਨਿੱਕੇ ਕੰਡੇ ਵਰਗੇ ਲਾਲ ਵਾਲ਼ ਲਾਟਾਂ ਵੰਗਰ ਭੜਕਦੇ ਸਨ। ਬਿੱਲੇ ਨੇ ਪਹਿਲੀਂ ਵਾਰੀ ਮਰਟ ਦਾ ਮੂੰਹ ਚਜ ਦੇਣੀ ਵੇਖਿਆ ਸੀ। ਪਰ ਕਿਉਂਕਿ ਹਵੇਲੀ ਵਿੱਚ ਬਿਜਲੀ ਵਾਲ਼ੀਆਂ ਬੱਤੀਆਂ ਨਹੀਂ ਸਨ, ਜਿਵੇਂ ਹੀ ਮਰਟ ਨੇ ਕਿਹਾ ਸੀ: ਇਸ ਲਈ ਮੇਜ਼ ਉੱਤੇ ਸ਼ਮ੍ਹਾਦਾਨਾਂ ਵਿੱਚੋਂ ਮੋਮ ਬੱਤੀਆਂ ਬਾਲ਼ ਰਹੀਆਂ ਸਨ। ਭਾਵੇਂ ਹਾਲੇ ਦਿਨ ਸੀ, ਮਰਟ ਨੇ ਸਾਰੀ ਹਵੇਲੀ ਵਿੱਚ ਪਰਦੇ ਛੱਡੇ ਹੋਏ ਸਨ, ਜਿੰਞ ਰਾਤ ਸੀ, ਜਾਂ ਉਹ ਚਾਨਣ ਤੋਂ ਡਰਦਾ ਸੀ। ਇਹ ਸਭ ਕੁਝ ਕਰਕੇ ਸ਼ਾਇਦ ਬਿੱਲੇ ਨੂੰ ਭੁਲੇਖਾ ਹੋਇਆ ਅਤੇ ਓਸ ਮੋਮ ਬੱਤੀਆਂ ਦੀਆਂ ਲਾਟਾਂ ਨੇ ਬਿੱਲੇ ਦੀਆਂ ਅੱਖਾਂ ਨੂੰ ਛਲ਼ ਦਿੱਤਾ ਹੋਵੇ। ਫੇਰ ਵੀ ਮਰਟ ਦੇ ਵਾਲ਼ ਲਾਲ ਹੀ ਸਨ। ਹੁਣ ਉਸ ਦੀਆਂ ਅੱਖਾਂ ਵੀ ਲਾਲ ਲੱਗਦੀਆਂ ਸਨ, ਜਿੰਞ ਮਰਟ ਸੱਚ ਮੁੱਚ ਰਾਖ਼ਸ਼ ਹੀ ਸੀ।
ਬਿੱਲਾ ਬਹਿ ਗਿਆ ਅਤੇ ਉਸ ਸਾਹਮਣੇ ਇੱਕ ਸਕੰਜਵੀ ਗਲਾਸ ਸੀ, ਡਬਲ ਰੋਟੀ ਦੀਆਂ ਕੱਟੀਆਂ ਫਾੜੀਆਂ ਥਾਲੀ ਉੱਤੇ ਸਜਾਈਆਂ ਅਤੇ ਲੋਹੇ ਦੀ ਰਕਾਬੀ ਉੱਤੇ ਮੀਟ ਚੌਲ਼ ਦਾ ਚੌਲ੍ਹਾ। ਮਾਸ ਛੇਲੇ ਦਾ ਸੀ। ਮਰਟ ਦੇ ਸਾਹਮਣੇ ਇੱਕ ਫੋਕਾ ਪਾਣੀ ਨਾਲ਼ ਭਰਿਆ ਕਟੋਰਾ ਸੀ। ਜਿੱਥੋਂ ਬਿੱਲਾ ਬੈਠਾ ਸੀ, ਲੱਗਦਾ ਜਿਵੇਂ ਮਰਟ ਦੇ ਸਾਹਮਣੇ ਰਕਾਬੀ ਉੱਤੇ ਕੱਚਾ ਲਾਲ-ਉਨਾਭੀ ਰੰਗ ਦਾ ਮਾਸ ਸੀ। ਕੋਈ ਚੌਲ਼ ਨਾਲ਼ ਨਹੀਂ ਸਨ, ਕੋਈ ਸਬਜ਼ੀ ਚਟਣੀ ਜਾਂ ਤਰੀ ਨਹੀਂ ਸੀ। ਸਿਰਫ਼ ਕੱਚਾ ਲੋਥੜਾ ਸੀ। ਬਿੱਲੇ ਦੀਆਂ ਅੱਖਾਂ ਉਸ ਦੀ ਹੈਰਾਨੀ ਨੂੰ ਨਾ ਲੁਕੋ ਸਕੀਆਂ। ਮਰਟ ਮੁਸਕਾਨ ਦਿੰਦਾ ਮਾਸ ਨੂੰ ਕੱਟ ਕੇ ਖਾਣ ਲੱਗ ਪਿਆ। ਬਿੱਲੇ ਦੇ ਅਣਪੁੱਛੇ ਸਵਾਲ ਦਾ ਜਵਾਬ ਦਿੱਤਾ, ਮੈਂ ਮਾਸ ਹੀ ਖਾਂਦਾ ਹਾਂ, ਉਹ ਵੀ ਕੱਚਾ। ਮੈਨੂੰ ਪਕਵਾਨ ਚੋਲੇ ਪਸੰਦ ਨਹੀਂ ਹਨ। ਤੁਹਾਡੇ ਵਾਸਤੇ ਬਣਾ ਦਿੱਤਾ। ਖਾ ਕੇ ਵੇਖ। ਮੈਂ ਮਾਸ ਨੂੰ ਇਸ ਤਰ੍ਹਾਂ ਹੀ ਖਾਂਦਾ ਹਾਂ।
ਬਿੱਲੇ ਨੇ ਇਹ ਵੀ ਵੇਖਿਆ ਕਿ ਉਸ ਦੇ ਪਕਾਏ ਖਾਣੇ ਪੀਣੇ ਅਤੇ ਮਰਟ ਦੇ ਕੱਚੇ ਮਾਸ ਗਭੇ ਖਾਣ ਲਈ ਕਈ ਕੁਝ ਰੱਖਿਆ ਹੋਇਆ ਸੀ। ਪਰ ਇਹ ਚੀਜ਼ਾਂ ਪੁਰਾਣੀਆਂ ਸਨ। ਜਾਲ਼ ਉਨ੍ਹਾਂ ਦੇ ਉੱਤੇ ਕਿਸੇ ਖੱਫ਼ਣ ਵਾਂਙ ਵਿਛਾਏ ਸਨ। ਖਾਣਾ ਪੁਰਾਣਾ ਸੀ। ਜਿਵੇਂ ਕੋਈ ਸ਼ਾਦੀ ਗਮੀ ਦੀਆਂ ਛੱਡੀਆਂ ਬਚੀਖੁਰੀ ਹੋਣ। ਇਸ ਸੋਚ ਨੂੰ ਵੀ ਆਵਾਜ਼ ਦੇਣ ਤੋਂ ਪਹਿਲਾਂ ਹੀ ਮਰਟ ਨੇ ਵਾਜ਼ਿਆਂ ਕਰ ਦਿੱਤੀ।
ਕਈ ਸਾਲ ਪਹਿਲਾਂ…ਮੇਰੀ ਸ਼ਾਦੀ ਹੋਣ ਲੱਗੀ ਸੀ। ਅਸਾਂ ਤਾਂ ਜ਼ਿਆਫ਼ਤ ਤਿਆਰ ਕੀਤੀ ਸੀ। ਸਾਰੀ ਦੁਨੀਆਂ ਇੱਥੇ ਆਈ ਸੀ। ਪਰ…ਜ਼ਨਾਨੀ ਨੇ ਨਿਕਾਹ ਕਬੂਲ ਨਹੀਂ ਕੀਤਾ। ਉਸ ਦਿਹਾੜੇ ਤੋਂ ਇਹ ਸਭ ਕੁਝ ਇੱਥੇ…ਰਿਹਾ।
ਬਿੱਲਾ ਹੈਰਾਨ ਸੀ। ਕੀ ਇਹ ਬੰਦਾ ਕਿਵੇਂ ਡਰੱਗ ਦੇ ਧੰਦੇ ਵਿੱਚ ਸ਼ਾਮਲ ਹੋ ਸਕਦਾ? ਇਹ ਤਾਂ ਕੋਈ ਪਿਆਰ ਦਾ ਕਿੱਸਾ ਸੀ। ਕੀ ਉਸ ਦਿਨ ਤੋਂ ਸਭ ਕੁਝ ਇੰਞ ਹੀ ਰਿਹਾ? ਅਤੇ ਸਾਰੇ ਪਰਦੇ?
ਪਰਦੇ ਮੈਨੂੰ ਜਹਾਨ ਦੀ ਨਿਗ੍ਹਾ ਤੋਂ ਬਚਾਉਂਦੇ ਹਨ। ਮੈਨੂੰ ਦਿਹਾੜ ਦੇ ਚਾਨਣ ਦੀ ਕੋਈ ਲੋੜ ਨਹੀਂ ਹੈ, ਕੋਈ ਸਹਾਰਾ ਨਹੀਂ ਹੈ, ਕੋਈ ਸਕੂਨ ਨਹੀਂ। ਖ਼ੈਰ ਤੁਸਾਂ ਤਾਂ ਕੋਈ ਸਵਾਲ ਪੁੱਛਣ ਹੀ ਆਏ ਸਨ। ਖਾਓ ਜੀ। ਫੇਰ ਅਸਾਂ ਗੱਲ ਕਰਦੇ। ਜਿਹੜੀ ਗੱਲ ਫ਼ੋਨ ਕਰ ਕੇ ਨਹੀਂ ਪੁੱਛੀ ਜਾ ਸਕਦੀ ਹੁਣ…ਬੱਸ ਸਵਾਲ ਕਰ ਲਿਓ ਜਨਾਬ।
ਬਿੱਲੇ ਨੂੰ ਸਮਝ ਨਹੀਂ ਲੱਗੀ ਇਹ ਸਭ ਕੁਝ ਬਾਰੇ ਕੀ ਕਹਿਵੇਂ ਜਾਂ ਕਰੇ? ਕੀ ਕਰ ਸਕਦਾ ਸੀ? ਅਰਾਮ ਨਾਲ਼ ਆਪਣਾ ਖਾਣਾ ਪੀਣਾ ਖਾ ਕੇ ਆਪਣੇ ਮੇਜ਼ਬਾਨ ਵੱਲ ਝਾਕੀ ਗਿਆ। ਜਦ ਮਰਟ ਮਾਸ ਵਿੱਚੋਂ ਚੱਕ ਵੱਢੇ, ਖੱਖ ਖ਼ੂਨ ਨਾਲ਼ ਕਲੰਕ ਹੋ ਰਹੀਆਂ ਸਨ। ਮਾਸ ਦਾ ਲਹੂ ਦਾ ਲਹੂ ਟਪ ਕੇ ਠੋਡੀ ਦੇ ਟੋਏ ਵੱਲ ਵਗ ਰਿਹਾ ਸੀ। ਕਦੀ ਕਦੀ ਉਸ ਨੇ ਆਪਣੇ ਹੱਥ ਦੇ ਪਿਛਲੇ ਪਾਸੇ ਨਾਲ਼ ਮੂੰਹ ਪੁੰਝਿਆ। ਬਿੱਲੇ ਨੂੰ ਇੰਞ ਲੱਗਾ ਜਿਵੇਂ ਕੋਈ ਲਗੜ ਭਗੜ ਲੋਥ ਨੂੰ ਸਮੇਟ ਰਿਹਾ ਸੀ। ਇੱਕ ਗਿੱਦੜ, ਨਹੀਂ, ਇੱਕ ਰਾਖ਼ਸ਼! ਹਾ ਰਾਖ਼ਸ਼! ਜੇ ਸੱਚ ਮੁੱਚ ਪੰਜਾਬ ਵੱਲ ਡਰੱਗ ਇਸ ਤਰ੍ਹਾਂ ਦੇ ਬੰਦੇ ਤੋਂ ਆ ਰਹੇ ਸਨ, ਇਹ ਇਸ ਤਰ੍ਹਾਂ ਹੀ ਪੰਜਾਬ ਦੇ ਲੋਕਾਂ ਨੂੰ ਖਾ ਰਿਹਾ ਸੀ।
ਬਿੱਲੇ ਤੋਂ ਬਹੁਤਾ ਕੁਝ ਖਾ ਨਾ ਹੋਇਆ। ਸੋ ਆਪਣੇ ਆਲ਼ੇ ਦੁਆਲ਼ੇ ਤੋਂ ਧਿਆਨ ਦੂਰ ਲੈ ਜਾਣ ਮਾਰੇ, ਸਿੱਧਾ ਸਵਾਲ ਕਰ ਦਿੱਤਾ। ਉਸ ਨੂੰ ਕੋਈ ਫ਼ਾਇਦਾ ਨਹੀਂ ਦਿੱਸਦਾ ਸੀ ਬਰੀਕੀ ’ਚ ਗੱਲ ਕਰਨ ਦਾ। ਸਿੱਧੀ ਗੱਲ ਤਾਂ ਇੱਥੇ ਆਉਣ ਤੋਂ ਬਿਨਾਂ ਵੀ ਹੋ ਸਕਦੀ ਸੀ। ਇਸ ਦੇਸ਼ ਦੇ ਪੁਲੀਸ ਨੂੰ ਪੁੱਛਿਆ ਜਾ ਸਕਦਾ ਸੀ। ਪਰ ਕੀ ਕਰੇ, ਰਾਠੌਰ ਨੇ ਜਿਦ ਕੀਤੀ। ਨਾਲ਼ੇ ਮਰਟ ਨੇ ਵੇਖ ਕੇ ਮਨ ਵਿੱਚ ਬਿੱਲੇ ਨੇ ਆਪਣਾ ਤੱਤ ਨਚੋੜ ਕੱਢ ਲਿਆ ਸੀ। ਹੁਣ ਤਾਂ ਪੁਸ਼ਟੀ ਹੀ ਲੈਣੀ ਸੀ।
ਵੇਖੋ ਜੀ, ਜੇ ਮੈਂ ਸਿੱਧੀ ਗੱਲ ਨਹੀਂ ਕਰਦਾ, ਮੇਰੇ ਖਿਆਲ ’ਚ ਤੁਸੀਂ ਸਿੱਧਾ ਜਵਾਬ ਨਹੀਂ ਦੇਣਾ। ਜੇ ਸਿੱਧਾ ਸਵਾਲ ਪੁੱਛਦਾ ਫੇਰ ਵੀ ਕੌਣ ਸੱਚ ਬੋਲੇਗਾ ਜਦ ਉਸ ਵੱਲ ਮੇਰਾ ਵਰਗਾ ਪੁਲਸੀ ਉਂਗਲ਼ੀ ਕਰੇ। ਕੀ ਮੇਰੇ ਕੋਲ਼ ਸਬੂਤ ਹੈ? ਨਹੀਂ। ਸਿਰਫ਼ ਜੋ ਕੁਝ ਮੈਂ ਤੁਹਾਡੇ ਦੇਸ਼ ਆ ਕੇ ਵੇਖਿਆ ਹੈ, ਜੋ ਮੇਰੇ ਬੋਸ ਨੇ ਕਿਹਾ ਹੈ।
ਅੱਛਾ। ’ਤੇ ਤੇਰੇ ਬੋਸ ਨੇ ਕੀ ਕਿਹਾ ਹੈ?
ਬੂਟਾ ਸਿੰਘ ਰਾਠੌਰ ਨੇ ਕਿਹਾ ਹੈ ਕਿ ਜਿੰਨੇ ਵੀ ਨਸ਼ੇ ਸਾਡੇ ਦੇਸ਼ ’ਚ ਐਸ ਵੇਲ਼ੇ ਆ ਰਹੇ, ਉਨ੍ਹਾਂ ਦੇ ਪਿੱਛੇ…ਆ ਦੇਸ਼ ਹੈ…ਖ਼ਾਸ ਤੁਸੀਂ। ਮੈਨੂੰ ਕੋਈ ਫ਼ਾਇਦਾ ਨਹੀਂ ਦਿੱਸ ਰਿਹਾ ਇੱਧਰ ਉੱਧਰ ਦੀਆਂ ਗੱਲਾਂ ਕਰਨ ਦਾ। ਤੁਹਾਡੀ ਗੱਲ ਸਹੀ ਹੈ ਕਿ ਇਹ ਸਭ ਕੁਝ ਫ਼ੋਨ ਉੱਤੇ ਪੁੱਛਿਆ ਜਾ ਸਕਦਾ ਸੀ…ਖ਼ੈਰ ਤੁਹਾਡਾ ਫ਼ੋਨ…ਪਰ ਮੈਨੂੰ ਲੱਗਦਾ ਰਾਠੌਰ ਚਾਹੁੰਦਾ ਸੀ ਕਿ ਮੈਂ ਤੁਹਾਡੀਆਂ ਅੱਖਾਂ ’ਚ ਸਿੱਧਾ ਵੇਖ ਕੇ ਤੁਹਾਡਾ ਜਵਾਬ ਸੁਣਾ…ਤੁਹਾਡਾ ਮੂੰਹ ਤੋੜ ਜਵਾਬ…
ਅੱਛਾ। ਤੁਸਾਂ ਨੂੰ ਇਹ ਨਹੀਂ ਲੱਗਦਾ ਸ਼ਾਇਦ ਉਹ ਚਾਹੁੰਦਾ ਸਾਂ ਕਿ ਮੈਂ ਤੁਹਾਡਾ ਪ੍ਰਤਿਕਰਮ ਵੇਖਾ? ਜੇ ਮੈਂ ਸੱਚ ਮੁੱਚ ਤੁਹਾਡੇ ਮੁਲਕ ਮਾਲ ਭੇਜ ਰਿਹਾ ਹਾਂ, ਮੈਂ ਕਿਉਂ ਇਕਬਾਲ ਕਰਾਂ? ਕੀ ਤੁਸਾਂ ਆਪਣੇ ਫ਼ੋਨ ਉੱਤੇ ਰੀਕਾਰਡ ਕਰ ਰਹੇ ਹੋ ਮੈਨੂੰ? ( ਮਰਟ ਨੂੰ ਖ਼ੌਰ੍ਹੇ ਚੇਤਾ ਭੁੱਲ ਚੁੱਕਾ ਸੀ ਕਿ ਬਿੱਲੇ ਦਾ ਮੋਬਾਇਲ ਕੰਮ ਨਹੀਂ ਸੀ ਕਰ ਰਿਹਾ ਅਤੇ ਉਸ ਕੋਲ਼ ਇਸ ਵੇਲ਼ੇ ਨਹੀਂ ਸੀ) ਅਤੇ ਜੇ ਮੈਂ ਮੰਨ ਵੀ ਲਿਆ, ਬਕਾ ਕੇ ਜੋ ਮੈਂ ਇੱਥੇ ਦੱਸਦਾ, ਤੁਹਾਡੀ ਅਦਾਲਤ ’ਚ ਪੇਸ਼ ਕਰ ਸਕਦੇ? ਕੀ ਮੇਰੇ ਮੁਲਕ ਇੱਕ ਪੋਲੀਸਮੈਨ ਨੂੰ ਮੈਨੂੰ ਇੱਥੋਂ ਲੈ ਕੇ ਜਾਣ ਦੇਣਾ ਹੈ? ਮੈਂ ਇੱਥੇ ਇਕੱਲਾ ਰਹਿੰਦਾ ਹਾਂ। ਸੋ ਮੇਰਾ ਸਮਗਲਿੰਗ ਗੈਂਗ ਕਿੱਥੇ ਹੈ? ਮੈਂ ਕਿੰਞ ਇਹ ਸਭ ਕੁਝ ਕਰਦਾ ਹਾਂ? ਆਪਣਾ ਆਲ਼ਾ ਦੁਆਲ਼ਾ ਵੇਖ। ਮੇਰੇ ਵੱਲ ਵੇਖ। ਹੋ ਸਕਦਾ? ਮੈਂ ਇਹ ਨਹੀਂ ਕਹਿ ਰਿਹਾ ਮੇਰੇ ਮੁਲਕ ਵਿੱਚੋਂ ਮਾਲ ਨਹੀਂ ਜਾਂਦਾ। ਪਰ ਇਹ ਸਭ ਦਾ ਮੇਰੇ ਨਾਲ਼ ਕੀ ਮਤਲਬ ਹੈ? ਸੋਚੋ!
ਬਿੱਲੇ ਨੂੰ ਇਰਦ ਗਿਰਦ ਸਮਗਲੰਿਗ ਦਾ ਸਬੂਤ ਨਹੀਂ ਦਿੱਸਦਾ ਸੀ। ਸਿਰਫ਼ ਦੈਵੀ ਡਰਾਉਣੇ ਅਜੀਬ ਜੀਵਨ ਢੰਗ ਦਿੱਸਦਾ ਸੀ। ਉਂਞ ਹਾਲੇ ਉਸ ਨੇ ਸਾਰੀ ਹਵੇਲੀ ਨਹੀਂ ਵੇਖੀ ਸੀ ਅਤੇ ਮਰਟ ਨੇ ਮਾਲ ਕਿੱਤੇ ਲੁਕੋਇਆ ਹੋਵੇਗਾ। ਕੋਈ ਰਾਹ ਨਾਲ਼ ਸਾਰੀ ਹਵੇਲੀ ਵੇਖਣੀ ਪੈਣੀ ਹੈ। ਪਰ ਇਹ ਇੱਕ ਇਕੱਲਾ ਸੱਚ ਮੁੱਚ ਕਰ ਸਕਦਾ ਹੈ? ਹਵੇਲੀ ਅਮੀਰ ਸਮਗਲਰ ਦੀ ਨਹੀਂ ਲੱਗਦੀ ਸੀ। ਅਤੇ ਅੰਦਰ ਬਾਹਰ ਜਾਣ ਦਾ ਰਾਹ? ਤੰਗ ਪੁਲ਼ ਰਾਹੀਂ?
ਪਰਦੇ ਹੈ ਇੱਥੇ, ਮੇਰੇ ਦੁਸ਼ਮਨ, ਸੂਰਜ ਨੂੰ ਪਰ੍ਹਾਂ ਰੱਖਣ ਵਾਸਤੇ, ਪਰ ਬਿੱਲਾ ਸਾਹਬ, ਤੁਹਾਥੋਂ ਕੁਝ ਨਹੀਂ ਲੁਕੋਇਆ ਹੈ। ਕੋਈ ਪਰਦਾ ਜੋ ਤੁਸਾਂ ਸੋਚ ਰਹੇ ਹੋ ਨੂੰ ਨਹੀਂ ਲੁਕੋ ਰਿਹਾ ਹਾਂ। ਨਹੀਂ। ਆਹੋ ਮੈਂ ਆਮ ਤੌਰ ਦਿਨੀ ਬਾਹਰ ਨਹੀਂ ਜਾਂਦਾ। ਰਾਤ ਦਾ ਬੰਦਾ ਹਾਂ। ਅੱਜ ਗੈਰ ਮਮੂਲੀ ਗੱਲ ਸੀ, ਕਿਉਂਕਿ ਤੁਸਾਂ ਹਾਜ਼ਰ ਹੋ। ਤੁਸਾਂ ਮੇਰੀ ਖਾਣ ਦੀ ਆਦਤ ਵੇਖ ਕੇ ਸਹਿਮਦੇ ਹੋ। ਪਿੰਡ ਵਾਲ਼ੇ ਮੈਥੋਂ ਡਰਦੇ ਹਨ। ਤੁਹਾਨੂੰ ਲੱਗਦਾ ਮੈਂ ਇਹ ਹਾਲ ’ਚ ਰਹਿਣਾ ਚਾਹੁੰਦਾ ਹਾਂ? ਕੀ ਕੋਈ ਵੱਡਾ ਮੁਜਰਮ ਦੋਸ਼ੀ ਇੰਞ ਜੀਓਂਵੇ? ਹੋ ਸਕਦਾ? ਮੈਨੂੰ ਦਿਨੇ ਵੈਸੇ ਥੋੜ੍ਹਾ ਜਿਹਾ ਸਕੂਨ ਮਿਲਦਾ ਹੈ। ਸੌਣਾ ਸੌਖਾ ਹੈ। ਹਰ ਰਾਤ ਨੀਂਦ ਮੈਨੂੰ ਗਲ਼ ਲਾਉਣ ਤੋਂ ਝਕਦੀ ਹੈ, ਇਨਕਾਰ ਕਰਦੀ ਹੈ…ਸੁਪਨੇ ਮੈਥੋਂ ਡਰਦੇ ਹਨ…ੳਨ੍ਹਾਂ ਤੋਂ ਵਗੈਰ ਕਿੰਞ ਹਕੀਕਤ ਸਮਝ ਸਕਦਾ ਹਾਂ? ਤਾਰੇ ਗਿਣ ਗਿਣ ਕੇ ਹਰ ਪਲ ਜਿਊਂਦਾ ਹਾਂ…ਮਗਰ ਕਿਸ ਲਈ? ਦਿਨ…ਮੇਰੇ ਵਾਸਤੇ ਚਿਰ ਲਈ ਪਰਾਏ ਹਨ। ਜਦ ਤੂੰ ਜਾਗਦਾ…ਖ਼ੈਰ ਓਦੋਂ ਹੀ ਮੈਂ ਸੁਪਨਿਆਂ ਦੇ ਭਰਮਾਂ ਮਗਰ ਜਾਹ ਸਕਦਾ ਹਾਂ। ਖੁੱਲ੍ਹ ਕੇ ਹਰ ਰਾਤ ਹਵੇਲੀ ਤੇਰੀ ਹੈ…ਪਰ ਦਿਨ ਹੁਣ…ਸੁਪਨਿਆਂ ਵਾਸਤੇ ਹਨ।
ਇਹ ਸੁਣ ਕੇ ਬਿੱਲੇ ਦੀ ਪਹਿਲੀਂ ਸੋਚ ਸੀ ਕਿ ਕਾਸ਼! ਜੇ ਮੈਂ ਵੀ ਆਪਣੇ ਸੁਪਨਿਆਂ ਤੋਂ ਦੌੜ ਸਕਦਾ ਹਾਂ! ਉਸ ਦੀ ਦੂਜੀ ਸੋਚ ਸੀ ਕਿ ਹਰ ਰਾਤ? ਮੈਂ ਤਾਂ ਕੱਲ੍ਹੋਂ ਹੀ ਪੰਜਾਬ ਵਾਪਸ ਚਲੇ ਜਾਣਾ। ਮੈਂ ਇੱਥੇ ਕਿਉਂ ਰਾਤ ਕੱਟਾ? ਇਹ ਬੰਦਾ ਅਜੀਬ ਜ਼ਰੂਰ ਹੈ, ਪਰ ਸਮਗਲਰ? ਨਹੀਂ ਰਾਠੌਰ ਨੇ ਐਵੀਂ ਇੱਥੇ ਮੈਨੂੰ ਭੇਜਿਆ!
ਬਿੱਲੇ ਦੇ ਮੋਢਿਆਂ ਉੱਤੇ ਦੋ ਲੰਮੀਆਂ ਲੰਮੀਆਂ ਉਂਗਲ਼ਾ ਅਤੇ ਨਹੁੰਆਂ ਵਾਲ਼ੇ ਹੱਥ ਆ ਟਿੱਕੇ। ਇੱਕ ਸੱਜੇ ਕੰਧੇ ਉੱਤੇ, ਇੱਕ ਖੱਬੇ ਉੱਤੇ। ਇੰਞ ਜਾਪਿਆ ਜਿੰਞ ਸਿਰ ਨੂੰ ਸੇ ਲਾ ਰਹੇ ਸਨ! ਉਹ ਹੈਰਾਨ ਰਹਿ ਗਿਆ। ਇੱਕ ਪਲ ਪਹਿਲਾਂ, ਆਹੋ, ਇੱਕ ਪਲ ਪਹਿਲਾਂ ਮਰਟ ਮੇਜ਼ ਦੇ ਪਾਰਲੇ ਪਾਸੇ ਬੈਠਾ ਸੀ। ਹੁਣ ਉਰਲੇ ਪਾਸੇ ਕਿਵੇਂ ਹੋ ਗਿਆ? ਕੀ ਕੋਈ ਛਲ਼ ਹੈ? ਕੀ ਮੈਂ ਪਾਗਲ਼ ਹਾਂ ਜਾਂ ਮੇਰੀ ਨਿਗ੍ਹਾ ਝੂਠ ਬੋਲ ਰਹੀ ਹੈ?
ਫਿਕਰ ਨਾ ਕਰ! ਜੇ ਤੁਸਾਂ ਰਾਤ ਤੋਂ ਵੱਧ ਨਹੀਂ ਰਹਿਣਾ ਨਾ ਰਹਿਓ! ਮੈਂ ਸਿਰਫ਼ ਸੁਝਾਉ ਦਿੱਤਾ, ਕਿ ਤੁਸਾਂ ਭਾਰਤ ਤੋਂ ਇੰਨਾ ਦੂਰ ਆਏ ਹੋ, ਇੱਕ ਦੋ ਦਿਹਾੜ ਤਾਂ ਸਾਡੇ ਛਲ਼ਾਵੇਸਤਾਨ ਵਿੱਚ ਅਰਾਮ ਕਰੋ! ਜੇ ਤੁਹਾਡੀ ਹਵਾਈ ਉਡਾਨ ਕੱਲ੍ਹੋਂ ਹੀ ਹੈ, ਫੇਰ ਠੀਕ, ਮੈਂ ਕਿਸੇ ਨਾਲ਼ ਨਾਲ਼ ਥੋਹਰਕਲਾਂ ਤੋਂ ਆ ਕੇ ਤੁਹਾਨੂੰ ਹਵਾਈ ਅੱਡੇ ਲੈ ਕੇ ਜਾਣ ਦਾ ਇੰਤਜ਼ਾਮ ਕਰਲਾਂਗਾ। ਆਵੋਂ ਮੈਂ ਸਾਰੀ ਹਵੇਲੀ ਵਿਖਾਉਂਦਾ…ਖ਼ੈਰ ਥਾਂ ਥਾਂ ਲੈ ਕੇ ਜਾਂਦਾ। ਜੇ ਤੁਸਾਂ ਮਨ ਬਦਲ ਲਿਆ, ਤੁਹਾਨੂੰ ਹਵੇਲੀ ਨਾਲ਼ ਜਾਣਕਾਰੀ ਹੋਜਾਵੇਗੀ। ਖ਼ੈਰ ਇੱਕ ਦੋ ਥਾਂ, ਤੁਹਾਡੀ ਸਲਾਮਤੀ ਵਾਸਤੇ, ਸੀਮੇ ਤੋਂ ਬਾਹਰ ਹਨ। ਹੁਣ ਮਰਟ ਦਾ ਮੂੰਹ ਬਿੱਲੇ ਦੇ ਮੁਖਰੇ ਨਾਲ਼ ਸੀ ਅਤੇ ਉਸ ਦੇ ਮੂੰਹ ਉੱਤੇ ਹਸੂੰ ਹਸੂੰ ਮੁਸਕਾਨ ਕੋਈ ਸੋਰ ਦੇ ਦੰਦਾਂ ਵਰਗੀ ਲੱਗਦੀ ਸੀ, ਹਰ ਦੰਦ ਤਿੱਖੀ ਤਲਵਾਰ, ਟੋਟੇ ਕਰਨ ਨੂੰ ਤਿਆਰ। ਡਰਦਾ ਡਰਦਾ ਬਿੱਲਾ ਉੱਠ ਗਿਆ ਅਤੇ ਹੌਲ਼ੀ ਹੌਲ਼ੀ ਸਾਰੀ ਹਵੇਲੀ ਦਾ ਸੈਰ ਸਪਾਟਾ ਸ਼ੁਰੂ ਹੋ ਗਿਆ।
ਬਿੱਲੇ ਨੂੰ ਇੰਞ ਲੱਗਿਆ ਜਿਵੇਂ ਮਰਟ ਨੇ ਉਸ ਨੂੰ ਹਵੇਲੀ ਦਾ ਹਰ ਕਮਰਾ ਵਿਖਾਇਆ, ਹਰ ਇਕਲਵੰਜੇ ਕੁੰਜਾ ਅਤੇ ਦਾਲਾਲ ਅਤੇ ਲਾਂਘਾ। ਜਾਂਦਾ ਜਾਂਦਾ ਉਸ ਨੂੰ ਸੁਚੇਤ ਕਰਦਾ ਕਿ ਕੇਵਲ ਮੈਂ ਹੀ ਇੱਥੇ ਰਹਿੰਦਾ ਹਾਂ ਅਤੇ ਹੋਰ ਕੋਈ ਨਹੀਂ ਹੈ। ਸੋ ਕਿਸ ਹਿਸਾਬ ਨਾਲ਼ ਮੈਂ ਗੈਰ ਕਾਨੂੰਨੀ ਗੈਂਗ ਚਲਾ ਸਕਦਾ ਹਾਂ? ਜਿੱਥੇ ਮਰਟ ਨੂੰ ਲੱਗਦਾ ਸੀ ਕਿ ਕੋਈ ਲਾਕਾਨੂਨੀ ਮਾਲ ਲੁਕੋ ਸਕਦਾ ਹੈ; ਉਹ ਗੋਸ਼ਾ ਇਨਕਸ਼ਾਫ਼ ਕਰ ਰਿਹਾ ਸੀ। ਉਸ ਨੂੰ ਕਾਇਲ ਕਰਨ ਵਾਸਤੇ ਜਿਵੇਂ ਸਭ ਕੁਝ ਜਾਹਰ ਕਰ ਰਿਹਾ ਹੋਵੇ। ਨਾਲ਼ ਨਾਲ਼ ਹਵੇਲੀ ਦੀ ਹਿਸਟਰੀ ਦੀ ਧਤੀਰੀ ਵਗਦਾ ਸੀ, ਨਾਲ਼ ਨਾਲ਼ ਛਲ਼ਾਵੇਸਤਾਨ ਦੀ ਤਾਰੀਖ਼। ਮਰਟ ਅੰਦਰ ਅਣਖ ਸੀ। ਆਪਣੇ ਮੁਲਕ ਨੂੰ ਮੁਹੱਬਤ ਕਰਦਾ ਸੀ, ਇਹ ਗੱਲ ਸਾਫ਼ ਦਿੱਸਦੀ ਸੀ। ਹਵੇਲੀ ਦੇ ਚੁਬਾਰੇ ਲਾਗੇ ਪੌੜ੍ਹੀਆਂ ਸਨ ਜੋ ਥੱਲੇ ਉੱਤਰ ਕੇ ਕੋਈ ਭੋਰੇ ਵੱਲ ਕੂਚਦੀਆਂ ਸਨ। ਜਦ ਇਨ੍ਹਾਂ ਦੇ ਨੇੜੇ ਪੁੱਜੇ, ਮਰਟ ਨੇ ਪਹਿਲੀ ਵਾਰੀ ਚੁੱਪ ਹੋ ਕੇ ਧਿਆਨ ਨਾਲ਼ ਬਿੱਲੇ ਵੱਲ ਤੱਕਿਆ। ਸਿਰਫ਼ ਅੱਖ ਦੇ ਪਲਕਾਰੇ ਲਈ, ਫੇਰ ਉਨ੍ਹਾਂ ਨੂੰ ਖੁੱਡੇ ਲਾ ਕੇ ਚੁਬਾਰੇ ਵੱਲ ਕਦਮ ਚੁੱਕ ਰਿਹਾ ਸੀ, ਜਦ ਸਿਰਫ਼ ਘੜੀ ਪਲ ਬਿੱਲਾ ਰੁਕ ਗਿਆ।
ਮਰਟ ਘੁੰਮ ਕੇ ਬੋਲਿਆ, ਮੈਂ ਤੁਹਾਨੂੰ ਕਿਹਾ ਸੀ ਕਿ ਇੱਕ ਵਰਜਿਤ ਜਗ੍ਹਾ ਹੈ, ਹੈ ਨਾ? ਬੱਸ ਓਸ ਜਗ੍ਹਾ ਆਹ ਹੈ ਅਤੇ ਪੌੜ੍ਹੀਆਂ ਉੱਤਰਨਾ ਮਨ੍ਹਾ ਹੈ। ਤੁਹਾਡੇ ਲਈ ਖ਼ਤਰਾ ਹੈ। ਅਕਸਰ ਹਵੇਲੀ ਗਿਰ ਦੇ ਕੰਧਿਆਂ ’ਤੇ ਬੈਠੀ ਹੈ। ਥੱਲੇ ਘਾਤੀ ਹੈ। ਤੁਸਾਂ ਡਿੱਗ ਕੇ ਮਰ ਸਕਦੇ ਹ। ਤੁਹਾਡੇ ਭਲੇ ਵਾਸਤੇ ਕਹਿੰਦਾ ਹਾਂ। ਓਥੇ ਜਾਣਾ ਮਨ੍ਹਾ ਹੈ। ਜੇ ਤੁਸਾਂ ਸੋਚਦੇ ਹੋ ਕਿ ਥੱਲੇ ਕੋਈ ਡਰੱਗਾਂ ਦਾ ਭੰਡਾਰ ਹੈ, ਤੁਸਾਂ ਤਾਂ ਗ਼ਲਤ ਸੋਚ ਰਹੇ ਹੋ, ਐਸੇ ਬਿਲਕੁਲ ਨਹੀਂ ਹੈ। ਜਦ ਦਿਹਾੜ ਚੜ੍ਹ ਪਿਆ, ਜਿੱਥੇ ਮਰਜ਼ੀ ਫਿਰ ਸਕਦੇ ਹੋ। ਪਰ ਓਥੇ ਨਾ ਜਾਵੋ। ਸਾਰਾ ਆਲ਼ਾ ਦੁਆਲ਼ਾ ਵੇਖ ਲਿਓ, ਹਵੇਲੀ ਜੀ ਸਦਕੇ ਵੇਖ ਲਿਓ, ਲੇਕਨ ਦਿਨੇ। ਹੁਣ, ਚਲੋ ਮੇਰੇ ਮਗਰ।
ਬਿੱਲੇ ਨੇ ਪੌੜ੍ਹੀਆਂ ਵੱਲ ਇੱਕ ਵਾਰ ਫੇਰ ਅੱਖ ਰੱਖੀ। ਪਾਰਲੀ ਕੰਧ ਉੱਤੇ ਜੁੰਬਸ਼ ਜਾਪੀ। ਇੱਕ ਕਾਲ਼ਾ ਠੂਹਾਂ ਸੀ! ਅੱਜ ਕੱਲ੍ਹ ਬਿੱਲੇ ਦੀ ਬਰਾਤ ਵਿੱਚ ਬਿੱਛੂ ਹੀ ਹਨ! ਉਸ ਦਾ ਧਿਆਨ ਮਰਟ ਦੇ ਇਸ਼ਾਰੇ ਵੱਲ ਗਿਆ। ਕੁਝ ਬੋਲਣ ਬਿਨਾਂ ਮਰਟ ਦੇ ਮਗਰ ਮਾਰਚ ਕੀਤਾ ਫੇਰ। ਹਾਰ ਕੇ ਦੂਜੀ ਮੰਜ਼ਲ ਦੇ ਕਮਰੇ ਵਿਖਾਏ ਗਏ। ਪਰ ਬਿੱਲੇ ਦੀ ਦਿਲਚਸਪੀ ਥੱਲੇ ਹੀ ਰਹੀ। ਉਸ ਨੂੰ ਸ਼ੱਕ ਸੀ ਕਿ ਉੱਥੇ ਕੋਈ ਤਹਿਖ਼ਾਨਾ ਸੀ। ਇਹ ਸੋਚ ਉਸ ਨੇ ਮਨ ਦੇ ਡੂੰਘੇ ਖੂੰਜੇ ਵਿੱਚ ਲੁਕੋ ਕੇ ਰੱਖੀ। ਉਸ ਨੇ ਵੇਖਿਆ ਜਦ ਵੀ ਕੋਈ ਸੋਚ ਆਉਂਦੀ ਸੀ, ਪਲ ਬਾਅਦ ਉਸ ਬਾਰੇ ਮਰਟ ਕੁਝ ਨਾ ਕੁਝ ਕਹਿੰਦਾ ਸੀ! ਕੀ ਉਹ ਸੱਚ ਮੁੱਚ ਮੇਰਾ ਮਨ ਪੜ੍ਹ ਸਕਦਾ ਸੀ? ਕੀ ਵਾਕਈ ਮੇਰੀਆਂ ਸੋਚਾਂ ਫਰੋਲ ਸਕਦਾ ਸੀ? ਹਾਰ ਕੇ ਮਰਟ ਨੇ ਬਿੱਲੇ ਨੂੰ ਉਸ ਦੇ ਕਮਰੇ ਅੰਦਰ ਛੱਡ ਦਿੱਤਾ ਅਤੇ ਆਪ ਅਲੋਪ ਹੋ ਗਿਆ।
* * *
ਉਸ ਰਾਤ ਬਿੱਲੇ ਨੂੰ ਨੀਂਦ ਨਹੀਂ ਆਈ। ਡਰ ਨਾਲ਼ ਭਰਿਆ ਸੀ। ਕਾਹਤੋਂ ਇਸ ਨਿਰਖ਼ਾਲਕ ਥਾਂ ਆਇਆ ਹਾਂ? ਕੋਈ ਲੋੜ ਨਹੀਂ ਸੀ, ਕੋਈ ਲੋੜ ਨਹੀਂ ਸੀ। ਹੈਰੋਇਨ ਦੇ ਧੰਦੇ ਨਾਲ਼ ਕੋਈ ਸੰਬੰਧ ਨਹੀਂ ਸੀ! ਮਰਟ ਕੋਈ ਸਮਗਲਰ ਜਾਂ ਨਸ਼ਾ ਵਪਾਰੀ ਦਾ ਮਾਸਟਰਮਾਈਂਡ ਨਹੀਂ ਸੀ, ਪਰ ਕੋਈ ਹੌਲਨਾਕ ਇਕਲੌਤਾ ਬੌਰਾ ਬੰਦਾ ਸੀ! ਜੇ ਬੰਦਾ ਵੀ ਹੈ! ਇਹ ਕੀ ਮੈਂ ਕਹਿ ਰਿਹਾ ਹਾਂ, ਬਿੱਲੇ ਨੇ ਸੋਚਿਆ! ਬੰਦ ਅੱਖਾਂ ਪਿੱਛੇ ਸੁਪਨੇ ਨੇ ਉਸ ਨੂੰ ਕਮਰਾ ਵਿਖਾਇਆ। ਉਸ ਕਮਰੇ ਅੰਦਰ, ਉਸ ਦੇ ਬਿਸਤਰੇ ਦੀ ਪੁਆਂਦ ਨਾਲ਼ ਇੱਕ ਘੋੜੇ ਤੋਂ ਵੀ ਵੱਡਾ ਬਿੱਛੁ ਖਲੋਤਾ ਸੀ, ਆਪਣਾ ਢਿੱਡ ਬਿੱਲੇ ਨੂੰ ਵਿਖਾਉਂਦਾ, ਜਿਸ ਦੇ ਦੋਹਾਂ ਪਾਸੋਂ ਸੰਨ੍ਹੀਆਂ ਖੁੱਲ਼੍ਹ ਬੰਦ ਹੋ ਕੇ ਬਿੱਲੇ ਨੂੰ ਡਰ ਪਾਉਂਦੀਆਂ ਸਨ। ਬਿੱਲੇ ਦੀਆਂ ਅੱਖਾਂ ਛੱਤ ਵੱਲ ਗਈਆਂ। ਸਾਰੀ ਛੱਤ ਚਮਕ ਕੇ ਹਿਲ਼ਦੀ ਸੀ। ਕਿਉਂਕਿ ਹਲਚਲ ਠੂਹਾਂ ਦੀ ਸੀ! ਅਣਗਿਣਤ ਠੂਹੇ ਸਨ! ਉਨ੍ਹਾਂ ਦੇ ਗੱਭੇ ਇੱਕ ਨਿਆਣਾ ਸੀ ਜਿਸ ਨੇ ਇੱਕ ਠੂਹੇ ਨੂੰ ਚੁੱਕ ਕੇ ਉਸ ਦੀ ਡੰਗ ਮਾਰਨ ਵਾਲ਼ੀ ਦੁੰਮ ਨਾਲ਼ ਆਪਣੀ ਨਾੜ ਨੂੰ ਮਲੀਨ ਕੀਤਾ! ਬਿੱਲੇ ਦੀਆਂ ਅੱਖਾਂ ਖੁੱਲ਼੍ਹ ਗਈਆਂ। ਕਮਰੇ ਵਿੱਚ ਕੁਝ ਨਹੀਂ ਸੀ। ਉਹ ਤਰੇਲੀਓ ਤਰੇਲੀਓ ਸੀ। ਜੋ ਉਸ ਨੇ ਵੇਖਿਆ, ਇੱਕ ਭਰਮ ਦਾ ਝਾਂਸਾ ਸੀ! ਕੀ ਮੈਂ ਪਾਗ਼ਲ ਹੋ ਗਿਆ? ਵਾਰ ਵਾਰ ਠੂਹੇ!
ਹੁਣ ਜੇ ਨੀਂਦ ਆਉਣੀ ਵੀ ਸੀ, ਰਾਤ ਵਿੱਚ ਢਲ਼ ਚੁੱਕੀ ਸੀ। ਬਿਨਾਂ ਬੱਤੀ ਨੂੰ ਜਗਾਏ ਬਿੱਲਾ ਬਾਰੀ ਵੱਲ ਡਗਮਗਾਇਆ। ਬਾਰੀ ਰਾਹੀਂ ਵੇਖ ਭਾਲ਼ ਕੇ ਬਾਹਰ ਨਜ਼ਰ ਪਾਈ। ਉਜਾਲ਼ਾ ਉਤਰਨ ਲੱਗਾ ਸੀ। ਉਂਞ ਇਹ ਗੱਲ ਸਾਫ਼ ਨਹੀਂ ਦਿੱਸਦੀ ਸੀ। ਕਲਾਕ ਦੱਸ ਰਿਹਾ ਸੀ। ਟੇਢੀਆਂ ਚਿੱਟੀਆਂ ਚਾਦਰਾਂ ਬਾਰੀ ਦੇ ਸ਼ੀਸ਼ੇ ਉੱਤੇ ਵਜਦੀਆਂ ਸਨ। ਵਾਰ ਵਾਰ ਬਾਰੀ ਅਤੇ ਹਵੇਲੀ ਦੀਆਂ ਕੰਧਾਂ ਵੱਲ ਕੂਚ ਕਰ ਦੀਆਂ ਸਨ। ਬਾਰੀ ਬਾਹਰ ਬਰਫ਼ ਹੀ ਬਰਫ਼ ਸੀ। ਇੱਥੇ ਆਪਣੀ ਮਰਜ਼ੀ ਦਾ ਮੌਸਮ ਸੀ। ਪਹਾੜਾਂ ਉੱਤੇ ਠੰਡ ਹੀ ਹੁੰਦੀ ਹੈ ਜਦ ਇੰਨੀ ਉੱਚੀ ਹੋਈ ਦਾ। ਇਹ ਮਰਟ ਕਿਸ ਤਰ੍ਹਾਂ ਇਕੱਲਾ ਦੁਨੀਆਂ ਤੋਂ ਇੰਨੀ ਦੂਰ ਰਹਿੰਦਾ ਹੈ? ਇੱਥੇ ਤਾਂ ਸਾਹ ਲੈਣਾ ਔਖਾ ਸੀ। ਹੌਲ਼ੀ ਹੌਲ਼ੀ ਬਿੱਲੇ ਨੇ ਆਪਣੇ ਕੱਪੜੇ ਪਾ ਲਏ। ਨੀਂਦ ਟੁੱਟ ਗਈ ਸੀ। ਫੇਰ ਬੈਡ ਉੱਤੇ ਬਹਿ ਕੇ ਬਾਰੀ ਵੱਲ ਤੱਕੀ ਗਿਆ। ਕਦੀ ਕਦੀ ਗੁੱਟ ਉੱਤੇ ਬੰਨ੍ਹੀ ਘੜੀ ਵੱਲ ਝਾਕਦਾ ਸੀ। ਹਾਲੇ ਸੂਰਜ ਬਰਫ਼ਾਨੀ ਬਦਲਾਂ ਦੀ ਬੁੱਕਲ਼ ਵਿੱਚ ਲੁਕਿਆ ਹੋਇਆ ਸੀ। ਜਦ ਸੂਰਜ ਸਾਹਮਣੇ ਆਵੇਗਾ, ਉਸ ਵੇਲ਼ੇ ਹਵੇਲੀ ਦਾ ਫਰੋਲਾ ਫਰਾਲੀ ਕਰੇਗਾ। ਮਰਟ ਨੇ ਕਿਹਾ ਸੀ ਦਿਨੇ ਜੋ ਮਰਜ਼ੀ ਕਰ ਸਕਦਾ। ਫੇਰ ਜਾਣ ਦੀ ਤਿਆਰੀ ਕਰਨੀ ਹੈ। ਟੈਕਸੀ ਚਾਹੀਦੀ ਹੈ। ਕਾਸ਼! ਮੋਬਾਇਲ ਹਾਲ਼ੇ ਵੀ ਨਹੀਂ ਕੰਮ ਕਰਦਾ ਸੀ! ਜਿਸ ਤਰ੍ਹਾਂ ਮਰਟ ਨੇ ਗੱਲ ਕੀਤੀ ਸੀ, ਉਸ ਨੇ ਬਿੱਲੇ ਦੀ ਰੁਖ਼ਸਤ ਕਰਨ ਵਾਸਤੇ ਅਲਵਿਦਾ ਕਹਿਣ ਆਉਣਾ ਵੀ ਨਹੀਂ ਸੀ! ਉਡਾਰੀ ਦੀ ਟਿਕਟ ਫ਼ੋਨ ਵਿੱਚ ਸੀ। ਜੇ ਮਰਟ ਨੇ ਟੈਕਸੀ ਦਾ ਇੰਤਜ਼ਾਮ ਨਹੀਂ ਸੀ ਕੀਤਾ ਫੇਰ ਥੱਲੇ ਜਾਹ ਕੇ ਉਸ ਫ਼ੋਨ ਵਰਤ ਕੇ ਬਿੱਲਾ ਕਿਸੇ ਨੂੰ ਬੁਲਾਵੇਗਾ! ਹੁਣ ਧੁੱਪ ਦੀਆਂ ਸ਼ੁਆਵਾਂ ਸੇਕ ਦੇ ਰਹੀਆਂ ਸਨ, ਸੂਰਜ ਬਰਫ਼ ਪਿੱਛੋਂ ਨਿਕਲ਼ ਰਿਹਾ ਸੀ। ਰਿਸ਼ਮ ਬਿੱਲੇ ਦੇ ਰੁਖ਼ ਉੱਤੇ ਰਕਸ ਕਰ ਰਹੀਆਂ ਸਨ ਜਿਵੇਂ ਉਹ ਉਨ੍ਹਾਂ ਦਾ ਹਿਜਰ ਮਹਿਬੂਬ ਹੋਵੇ। ਉਸ ਨੂੰ ਹਲਾ ਸ਼ੇਰੀ ਦੇ ਰਹੀਆਂ ਸਨ ਕਿ ਇੱਕ ਦਮ ਇਸ ਵਿਕਰਾਲ ਹਵੇਲੀ ਵਿੱਚੋਂ ਜਾਵੇ! ਇਸ ਹੌਸਲਾ ਅਫ਼ਜਾਈ ਲੈ ਕੇ ਬਿੱਲਾ ਬਾਹਰ ਚਲੇ ਗਿਆ। ਉਸ ਨੇ ਟੈਕਸੀ ਨੂੰ ਫ਼ੋਨ ਕਰਨ ਜਾਣਾ ਸੀ, ਪਰ ਉਸ ਦੀ ਜਿਿਗਆਸੇ ਨੇ ਉਸ ਨੂੰ ਉਸਕਾਇਆ ਕਿ ਜਿਹੜੀਆਂ ਪੌੜ੍ਹੀਆਂ ਉੱਤਰਨ ਮਨ੍ਹਾ ਕੀਤਾ ਸੀ, ਉਹ ਉੱਥੇ ਹੀ ਗਸ਼ਤ ਕਰਨੀ ਚਾਹੁੰਦਾ ਸੀ! ਪਰ ਪਹਿਲਾਂ ਹਵੇਲੀ ਦਾ ਫੇਰ ਦੌਰਾ ਕੀਤਾ। ਉੱਥੇ ਘੁਸਣ ਤੋਂ ਪਹਿਲਾਂ ਮਰਟ ਵਗੈਰ ਸਭ ਕੁਝ ਚੈਕ ਕਰੇਗਾ। ਫੇਰ…ਚੁੱਲ੍ਹੇ ਵਿੱਚ ਪੈਣਾ।
ਜਿਹੜਿਆਂ ਕਮਰਿਆਂ ਵਿੱਚ ਮਰਟ ਉਸ ਨੂੰ ਲੈ ਕੇ ਗਿਆ, ਜਿਹੜਿਆਂ ਕਮਰਿਆਂ ਵਿੱਚ ਮਰਟ ਉਸ ਨੂੰ ਲੈ ਕੇ ਗਿਆ, ਉਸ ਨੇ ਤਫ਼ਸੀਲ ਨਾਲ਼ ਕਰੋਲ਼ੇ। ਛਾਣ ਮਾਰਨਾ ਸੌਖਾ ਸੀ। ਮਰਟ ਦਿਨੇ ਸੁੱਤਾ ਸੀ। ਇਹ ਹੀ ਮਰਟ ਨੇ ਬਿੱਲੇ ਨੂੰ ਦੱਸਿਆ ਸੀ। ਫੇਰ ਫ਼ੋਨ ਵਾਲ਼ੇ ਕਮਰੇ ਵਿੱਚ ਗਿਆ। ਜਦ ਫ਼ੋਨ ਚੁੱਕਿਆ, ਉਸ ਨੇ ਕੰਨ ਲਾ ਕੇ ਭੀਂ ਭੀਂ ਸੁਣੀ। ਫ਼ੋਨ ਕੰਮ ਕਰਦਾ ਸੀ! ਫ਼ੋਨਾਟੀਆ ਨੂੰ ਲਗਾਇਆ, ਮਤਲਬ ਟੈਲੀਫ਼ੋਨ ਓਪਰੇਟਰ ਨੂੰ। ਦੂਜੇ ਪਾਸਿਓਂ ਧੀਮੀ ਪਰ ਸਾਫ਼ ਆਵਾਜ਼ ਆਈ। ਉਸ ਨੇ ਪੁੱਛਿਆ ਜੇ ਫ਼ੋਨਾਟੀਆ ਉਰਦੂ ਜਾਣਦਾ ਸੀ ਜਾਂ ਨਹੀਂ। ਜਦ ਦੂਜਾ ਜੀ ਬੋਲਿਆ, ਉਸ ਨੇ ਉਰਦੂ ਵਿੱਚ ਟੈਕਸੀ ਮੰਗੀ, ਅਤੇ ਮਰਟ ਦਾ ਸਿਰਨਾਵਾਂ ਦੱਸਿਆ। ਪਹਿਲਾਂ ਆਵਾਜ਼ ਪੁਰਸੋਜ਼ ਹੋ ਕੇ ਚੁੱਪ ਹੋ ਗਈ ਸੀ, ਫੇਰ ਬੋਲੀ ਅਤੇ ਵੇਰਵੇ ਲੈ ਲਏ। ਹੁਣ ਬਿੱਲਾ ਖ਼ੁਸ਼ ਸੀ। ਮਰਟ ਨੂੰ ਅਲਵਿਦਾ ਕਰਨ ਦੇ ਬਹਾਨੇ ਸਾਰੀ ਹਵੇਲੀ ਇੱਕ ਵਾਰ ਫੇਰ ਵੇਖੀ। ਜੇ ਹੋਰ ਕਿੱਤੇ ਮਰਟ ਲਭ ਨਹੀਂ ਰਿਹਾ ਸੀ, ਫੇਰ ਤਾਂ ਉਸ ਨੂੰ ਭਾਲ਼ਣ ਥੱਲੇ ਹੀ ਜਾਣਾ ਪੈਣਾ, ਹੈ ਨਾ?
ਪੌੜ੍ਹੀਆਂ ਉੱਤਰਨ ਤੋਂ ਪਹਿਲਾਂ ਮੁਖ ਦਰਵਾਜ਼ੇ ਨੂੰ ਖੋਲ਼੍ਹਣ ਗਿਆ। ਉਸ ਦੇ ਮਨ ਅੰਦਰ ਕੁਝ ਸੀ ਜਿਸ ਨੇ ਉਸ ਨੂੰ ਇੰਞ ਕਰਨ ਸ਼ਹਿ ਦਿੱਤੀ। ਬਿੱਲਾ ਹੈਰਾਨ ਸੀ ਜਦ ਉਸ ਨੇ ਵੇਖਿਆ ਕਿ ਬੂਹਾ ਬੰਦ ਸੀ। ਹੁਣ ਕਿਵੇਂ ਬਾਹਰ ਜਾਹ ਸਕਦਾ ਸੀ? ਉਸ ਨੇ ਦੂਜੇ ਕਮਰਿਆਂ ਦੇ ਬਾਹਰਲੇ ਬੂਹਿਆਂ ਨੂੰ ਚੈਕ ਕੀਤਾ। ਹਰ ਬਾਹਰਲਾ ਦਰ ਬੰਦ ਸੀ। ਹੁੜਕੇ ਬੰਦ ਸਨ, ਕੁੰਜੀਆਂ ਲਾਈਆਂ ਸਨ! ਹੁਣ ਤਾਂ ਮਰਟ ਨੂੰ ਲਭਣਾ ਹੀ ਪੈਣਾ ਸੀ! ਸੋ ਬਿੱਲਾ ਪੌੜ੍ਹੀਆਂ ਵੱਲ ਵੱਧਿਆ।
ਹੌਲ਼ੀ ਹੌਲ਼ੀ ਥੱਲੇ ਗਿਆ, ਇੱਕ ਹੱਥ ਬੈਨਿਸਟਰ ਉੱਤੇ, ਜਾਂਦਾ ਜਾਂਦਾ ਮਰਟ ਦਾ ਨਾਂ ਉੱਚੀ ਦੇਣੀ ਇਲਾਨ ਕਰਦਾ। ਪੌੜ੍ਹੀਆਂ ਗੇੜ੍ਹਾ ਮਾਰ ਕੇ ਹੇਠਾਂ ਵੱਲ ਵੱਟ ਕੇ ਉੱਤਰ ਦੀਆਂ ਸਨ। ਅੱਧੇ ਰਾਹ ਬਿੱਲੇ ਦੇ ਮੂੰਹ ਉੱਤੇ ਝੌਂਕੇ ਨੇ ਠੰਡਾ ਠੱਕਾ ਮਾਰਿਆ। ਜਿਸ ਖ਼ਤਰੇ ਬਾਰੇ ਮਰਟ ਨੇ ਗੱਲ ਕੀਤੀ ਸ਼ਾਇਦ ਸਹੀ ਸੀ। ਸ਼ਾਇਦ ਬਿੱਲੇ ਨੂੰ ਵਾਪਸ ਉੱਪਰ ਪਰਤਨਾ ਚਾਹੀਦਾ ਸੀ। ਪਰ ਉਹ ਪੰਜਾਬ ਤੋਂ ਇੰਨੀ ਦੂਰ ਆਇਆ, ਅਤੇ ਜੇ ਕੋਈ ਸਬੂਤ ਥੱਲੇ ਸੀ? ਫੇਰ? ਖ਼ੈਰ ਮਰਟ ਨੇ ਤਾਂ ਜੰਦਰੇ ਮਾਰੇ ਸਨ! ਉਸ ਨੂੰ ਲਭਣਾ ਪੈਣਾ ਹੈ ਜੇ ਇਸ ਥਾਂ ਤੋਂ ਬਿੱਲਾ ਖੁਰੀ ਕਰ ਜਾਣਾ ਚਾਹੁੰਦਾ ਸੀ। ਮਰਟ ਹੋਰ ਕਿੱਥੇ ਹੋ ਸਕਦਾ ਹੈ? ਬਿੱਲੇ ਨੇ ਹਰ ਖਾਬਗਾਹ ਨੂੰ ਵੀ ਚੈਕ ਕੀਤਾ ਸੀ। ਸਾਰੀ ਹਵੇਲੀ ਨਿਕਾਸੀ ਸੀ। ਜੇ ਮਰਟ ਹੇਠਾਂ ਨਹੀਂ ਲੱਭਿਆ, ਕੀ ਫੇਰ ਤਾਂ ਬਿੱਲਾ ਇੱਕ ਬੰਦੀ ਸੀ? ਸੋ ਬਿੱਲਾ ਥੱਲੇ ਗਿਆ। ਜਦ ਪੌੜ੍ਹੀਆਂ ਦਾ ਚੱਕਰ ਤਮਾਮ ਹੋ ਚੁੱਕਾ ਸੀ, ਬਿੱਲੇ ਦੇ ਸਾਹਮਣੇ ਸੱਜੇ ਪਾਸੇ ਪਹਾੜਾਂ ਦਾ ਪਥਰ ਸੀ ਅਤੇ ਖੱਬੇ ਪਾਸੇ ਢਲ਼ਾਣ! ਲੁੜ੍ਹਕਾਉਣ ਦਾ ਡਰ ਸੀ! ਇੱਥੇ ਹਵਾ ਜ਼ੋਰ ਦੇਣੀ ਵਗਦੀ ਸੀ! ਬਰਫ਼ ਦੇ ਚਿੱਟੇ ਚਾਦਰੇ ਚਿਹਰੇ ਉੱਤੇ ਚਪੇੜ ਮਾਰਦੇ ਸਨ! ਹਵਾ ਟੀ ਟੀ ਕਰਦੀ ਸੀ। ਦੂਜੇ ਪਾਸੇ ਫਾਟਕ ਸੀ। ਉੱਥੇ ਤੁਰ ਕੇ ਪਹੁੰਚਣਾ ਪੈਣਾ ਸੀ। ਦਿਲਚਸਪੀ ਵੀ ਕੁੱਤੀ ਸ਼ੈ ਸੀ! ਖ਼ੈਰ ਢੇਰੀਂ ਢੇਰ ਉਤਸੁਕਤਾ ਚੰਗੀ ਨਹੀਂ ਹੈ, ਇਹ ਨਾ ਹੋਵੇ ਨਮਾਜ਼ ਬਖ਼ਸਾਉਣ ਗਏ ਗਲ ਰੋਜੇ ਪਾਏ। ਅਗਾਂਹਾਂ ਜਾਣਾ ਹੀ ਪੈਣਾ , ਜੋ ਮਰਜ਼ੀ! ਸੋ ਬਿੱਲਾ ਅੱਗੇ ਗਿਆ ਫ਼ਾਟਕ ਵੱਲ, ਉਸ ਦੇ ਆਲ਼ੇ ਦੁਆਲ਼ੇ ਹਿਮ ਕਣ ਸ਼ਫ਼ੈਦ ਭੰਬਦਾ ਵਾਂਙ ਉਡਦੇ।
ਕਦਮੋ ਕਦਮੀ ਫ਼ਾਟਕ ਵੱਲ ਕੂਚਦਾ ਕੂਚਦਾ ਕਟਕ ਚੜ੍ਹ ਚੁੱਕਾ। ਫ਼ਾਟਕ ਭਾਰਾ ਸੀ। ਹਵਾ ਹਿਮ ਅਤੇ ਹੁੜਕੇ ਨਾਲ਼ ਹੱਥ ਪੈਰ ਮਾਰਨੇ ਪਏ। ਇੱਕ ਬੰਦੇ ਵਾਸਤੇ ਬੂਹਾ ਭਾਰਾ ਸੀ! ਫੇਰ ਵੀ ਕਿਸੀ ਤਰ੍ਹਾਂ ਬਿੱਲੇ ਨੇ ਖੋਲ਼੍ਹ ਹੀ ਦਿੱਤਾ! ਦਰ ਦੇ ਦੂਜੇ ਪਾਸੇ ਤਹਿਖ਼ਾਨਾ ਸੀ, ਸ਼ਾਇਦ ਤੋਸ਼ਾਖ਼ਾਨਾ ਸੀ। ਅੰਦਰ ਹਨੇਰਾ ਸੀ। ਪਰ ਸਾਹ ਲੈਣ ਹਵਾ ਨਹੀਂ ਸੀ, ਹਿਮ ਬਰਫ਼ ਨਹੀਂ ਸੀ। ਅੰਦਰ ਵੜ ਕੇ ਬਿੱਲੇ ਨੇ ਆਪਣੇ ਪਿੱਛੇ ਫ਼ਾਟਕ ਬੰਦ ਕਰ ਦਿੱਤਾ। ਹੁਣ ਹਵਾ ਨਾ ਕੇ ਸੁਣ ਰਹੀ ਸੀ, ਨਾ ਕੇ ਉਸ ਨੂੰ ਤੰਗ ਕਰ ਸਕਦੀ ਸੀ। ਫ਼ਾਟਕ ਬੰਦ ਹੋਣ ਨਾਲ਼ ਨੂਰ ਨੱਸ ਪਿਆ ਸੀ। ਬਿੱਲੇ ਦੇ ਹੱਥ ਬੱਤੀ ਨੂੰ ਲਭਣ ਕੰਧ ਵੱਲ ਗਏ। ਕੁਝ ਨਹੀਂ ਸੀ। ਕੁਝ ਦੇਰ ਲਈ ਚੁੱਪ ਹੋ ਕੇ ਖਲੋਇਆ। ਫੇਰ ਅੰਧਕਾਰ ’ਚ ਅੱਗੇ ਤੁਰ ਪਿਆ। ਬਾਹਾਂ ਹਵਾ ਵਿੱਚ ਹਾਂਢ ਰਹੀਆਂ ਸਨ। ਪੈਰ ਫਿਕਰ ਨਾਲ਼ ਅਗਾਂਹਾਂ ਪੁੱਟ ਰਹੇ ਸਨ। ਬਿੱਲਾ ਗੰਡੋਆ ਵਾਂਙ ਸੀ। ਅੰਗ ਬਿਨਾਂ, ਅੱਖ ਬਿਨਾਂ, ਢੋਆ ਦਾ ਸ਼ਿਕਾਰ।
ਹਾਰ ਕੇ ਬਿੱਲੇ ਦਾ ਗੋਡਾ ਕੋਈ ਚੀਜ਼ ਵਿੱਚ ਵੱਜ ਗਿਆ। ਉਸ ਨੇ ਹੱਥ ਫੇਰੇ। ਲੱਕੜ ਸੀ। ਕਾਸ਼! ਕੋਈ ਡਬਾ ਸੀ ਜਾਂ ਕੈਬੀਨਟ। ਉਸ ਉੱਪਰ ਗਿਰ ਗਿਆ। ਜਦ ਬਾਹਾਂ ਇੱਧਰ ਉੱਧਰ ਮਾਰੀਆਂ, ਕੰਧ ਫੇਰ ਲਭ ਗਈ। ਕੰਧ ਦੇ ਆਸਰੇ ਨਾਲ਼ ਉੱਠ ਗਿਆ। ਕਿਸਮਤ ਨਾਲ਼ ਹੱਥ ਕੋਈ ਕੱਪੜੇ ਉੱਤੇ ਗਿਆ ਜਿਸ ਨੂੰ ਖੜ੍ਹਣ ਵਾਸਤੇ ਉਸ ਨੇ ਖਿੱਚਿਆ। ਕੱਪੜਾ ਥੱਲੇ ਆ ਡਿੱਗਿਆ। ਉਸ ਦੇ ਪਿੱਛੇ ਬੇਸ਼ੀਸ਼ਾ ਬਾਰੀ ਲੁਕੋਈ ਸੀ। ਹੁਣ ਉਸ ਝਰੀ ਵਿੱਚੋਂ ਚਾਨਣ ਦੀਆਂ ਰਿਸ਼ਮਾਂ ਜਿਸ ਚੀਜ਼ ਵਿੱਚ ਬਿੱਲਾ ਵਜਿਆ ਸੀ, ਉੱਤੇ ਧੱੁਪ ਸੁੱਟ ਰਹੀਆਂ ਸਨ। ਕਾਲ਼ਾ ਕਫ਼ਨ ਸੀ! ਮਤਲਬ ਤਾਬੂਤ! ਉਸ ਬੇਸ਼ੀਸ਼ੇ ਬਾਰੀ ਬਾਹਰ ਬਰਫ਼ ਹਾਲੇ ਵੀ ਡਿੱਗ ਰਹੀ ਸੀ। ਬਿੱਲੇ ਦੇ ਅੰਦਰ ਕੁਝ ਜਾਗਿਆ। ਹੁਣ ਬੇਫਿਕਰ ਅਤੇ ਬੇਡਰ ਹੋ ਗਿਆ। ਉਸ ਦੇ ਮਨ ਵਿੱਚ ਇੱਕ ਸ਼ੱਕ ਜ਼ਰੂਰ ਸੀ ਅਤੇ ਉਸ ਨੂੰ ਪਰਤਾਉਣ ਸਾਰੀ ਹਿੰਮਤ ਕਫ਼ਨ ਦੇ ਕੱਜਣ ਨੂੰ ਚੁੱਕਣ ਉੱਤੇ ਲਾ ਦਿੱਤੀ। ਹੌਲ਼ੀ ਹੌਲ਼ੀ ਭਾਰੇ ਕੱਜਣ ਨੂੰ ਧੱਕਿਆ। ਹਿਲਾਇਆ। ਹਾਰ ਕੇ ਉੱਪਰਲਾ ਹਿੱਸਾ ਪਾਸੇ ਹੋ ਪਿਆ ਅਤੇ ਰਿਸ਼ਮਾਂ ਦੀਆਂ ਸੰਕੀਰਨ ਉਂਗਲ਼ੀਆਂ ਨੇ ਲਾਸ਼ ਵਿਖਾਈ! ਪਰ ਲਾਸ਼ ਕਿੱਥੇ ਸੀ! ਲਾਸ਼ ਹੋ ਨਹੀਂ ਸੀ ਸਕਦੀ! ਆ ਤਾਂ ਮਰਟ ਦਾ ਮੂੰਹ ਸੀ! ਅਰਾਮ ਨਾਲ਼ ਕਫ਼ਨ ਵਿੱਚ ਪਿਆ ਸੀ! ਹੁਣ ਬਿੱਲਾ ਡਰ ਗਿਆ। ਉਸ ਨੇ ਲੁਕਣ ਲਈ ਥਾਂ ਹਨੇਰ ’ਚ ਟੋਲਿਆ। ਅਫ਼ੀਮ ਲਭਣ ਦੀ ਗੱਲ ਹੁਣ ਮਨ ਵਿੱਚ ਰਹੀ ਨਹੀਂ! ਆਪਣਾ ਹੀ ਸੋਚ ਰਿਹਾ ਸੀ। ਇੱਕ ਖੂੰਜਾ ਸੀ ਜਿੱਥੇ ਕੋਈ ਅਲਮਾਰੀ ਸੀ। ਉਸ ਦੇ ਪਿੱਛੇ ਲੁਕਣ ਲੱਗਾ ਸੀ, ਜਦ ਉਸ ਨੂੰ ਯਾਦ ਆ ਗਿਆ ਕਿ ਉਸ ਨੇ ਪਰਦਾ ਭੂੰਜੇ ਸੁੱਟ ਦਿੱਤਾ ਸੀ। ਪਰਦੇ ਨੂੰ ਬਾਰੀ ਦੇ ਸਾਹਮਣੇ ਵਾਪਸ ਟੰਗਣਾ ਪੈਣਾ ਸੀ! ਹਾਲੇ ਇਸ ਤਰ੍ਹਾਂ ਹੀ ਸੋਚ ਰਿਹਾ ਸੀ ਜਦ ਅਲਮਾਰੀ ਦੇ ਪਿੱਛੇ ਇੱਕ ਲੱਕੜ ਦਾ ਲਾਂਬੂ ਕੰਧ ਨਾਲ਼ ਜੋੜਿਆ ਹੋਇਆ ਭਾਲ਼ ਗਿਆ।
ਬਿੱਲੇ ਨੇ ਅਲਮਾਰੀ ਉੱਤੇ ਹੱਥ ਮਾਰਿਆ ਅਤੇ ਤੀਲੀਆਂ ਤੱਕ ਲਈਆਂ। ਸੋ ਲਾਂਬੂ ਨੂੰ ਤੀਲੀ ਲਾਈ ਅਤੇ ਲਾਂਬੂ ਉੱਚਾ ਕੀਤਾ। ਬਿੱਲਾ ਡਰ ਨਾਲ਼ ਭਰ ਗਿਆ। ਮਰਟ ਦੇ ਖੋਲ਼੍ਹੇ ਕਫ਼ਨ ਦੇ ਆਲ਼ੇ ਦੁਆਲ਼ੇ ਖੌਰ੍ਹੇ ਦਸ ਹੋਰ ਕਫ਼ਨ ਸਨ। ਫ਼ਰਸ਼ ’ਤੇ ਕੰਧਾਂ ਉੱਤੇ ਅਣਗਿਣਤ ਠੂਹੇ ਸਨ! ਕਈ ਕਫ਼ਨਾਂ ਉੱਤੇ ਵੀ ਪਏ ਸਨ! ਹੁਣ ਡਟ ਕੇ ਕਰ ਜੋ ਕਰਨਾ! ਬਹਾਦਰੀ ਦੀ ਲੋੜ ਹੈ ਬਿੱਲਿਆ!
ਇੱਕ ਹੱਥ ’ਚ ਲਾਂਬੂ ਉਸ ਨੇ ਅਗਾਂਹਾਂ ਜਾਹ ਕੇ ਪਹਿਲਾ ਪਰਦਾ ਵਾਪਸ ਟੰਗ ਦਿੱਤਾ। ਫੇਰ ਕਫ਼ਨ ਦਾ ਕੱਜਣ ਵਾਪਸ ਕਰ ਦਿੱਤਾ। ਹੁਣ ਕੀ? ਜਾਵਾ, ਜਾਂ ਅਲਮਾਰੀ ਪਿੱਛੇ ਲੁਕਾ? ਕੀ ਫ਼ੈਸਲਾ? ਡਰ ਕਹਿੰਦਾ ਸੀ ਇੱਥੋਂ ਚਲੇ ਜਾਹ! ਅਕਲ ਵੀ ਇੰਞ ਕਹਿੰਦੀ ਸੀ। ਪਰ ਹਵੇਲੀ ਦੇ ਸਾਰੇ ਬਾਹਰਲੇ ਬੂਹੇ ਬੰਦ ਸਨ! ਚਾਬੀ ਸ਼ਾਇਦ ਮਰਟ ਦੀ ਜੇਬ ਵਿੱਚ ਸੀ, ਉਹ ਵੀ ਕਫ਼ਨ ਵਿੱਚ! ਚਾਬੀ ਲੈਣੀ ਪੈਣੀ ਹੈ! ਉਸ ਦੇ ਜੁੱਸੇ ਉੱਤੇ ਜਿੱਥੇ ਮਰਜ਼ੀ ਹੋ ਸਕਦੀ ਹੈ। ਪਰ ਬਿੱਲੇ ਦਾ ਚਿੱਤ ਨਹੀਂ ਕਰਦਾ ਸੀ ਉਸ ਦੇ ਜਿਸਮ ਨੂੰ ਹੱਥ ਲਾਉਣ ਲਈ। ਜਿਉਂਦੇ ਜੀ ਦਿਨੇ ਕਫ਼ਨਾਂ ’ਚ ਸਾਉਂਦੇ ਨਹੀਂ ਸੀ! ਮਰਟ ਤਾਂ ਰਾਖ਼ਸ਼ ਹੀ ਸੀ! ਸੋਚਦਾ ਸੋਚਦਾ ਬਿੱਲਾ ਅਲਮਾਰੀ ਪਿੱਛੇ ਪਿਆ…ਨੀਂਦ ਨੇ ਉਸ ਨੂੰ ਆਪਣੀ ਦੁਨੀਆਂ ਵਿੱਚ ਅੰਜਾ ਦਿੱਤਾ।
* * *
ਬਿੱਲੇ ਨੂੰ ਪਤਾ ਨਹੀਂ ਲੱਗਿਆ ਕਦ ਉਸ ਦੀ ਅੱਖ ਖੁਲ਼੍ਹੀ। ਪਹਿਲੀ ਵਾਰੀ ਉਸ ਦੇ ਖ਼ਾਬਾਂ ਵਿੱਚ ਠੂਹੇ ਨਹੀਂ ਆਏ। ਦਰਅਸਲ ਤਾਬੀਰ ਕਰਨ ਦੀ ਲੋੜ ਨਹੀਂ ਸੀ, ਕਿਉਂਕਿ ਸੁਪਨਾ ਤਾਂ ਆਇਆ ਵੀ ਨਹੀਂ। ਮਗ਼ਜ਼ ਇੱਕ ਖਾਲੀ ਰਿਕਤ ਚਿੱਤਰ ਸੀ। ਜੇ ਕੁਝ ਸੋਚਿਆ ਵੀ ਸੀ, ਉਸ ਦਾ ਚੇਤਾ ਚਲੇ ਗਿਆ ਸੀ। ਕਾਫ਼ੀ ਦੇਰ ਬਾਅਦ ਅਰਾਮ ਵਾਲ਼ੀ ਨੀਂਦ…ਨਹੀਂ! ਹੁਣ ਬਿੱਲੇ ਨੂੰ ਯਾਦ ਆਇਆ। ਮੈਂ ਇੱਥੇ ਕਿਉਂ ਹੈ! ਉਸ ਨੂੰ ਅਲਮਾਰੀ ਦੇ ਦੂਜੇ ਪਾਸਿਓਂ ਵੇਖਣ ਗਿਆ। ਰਾਤ ਸੀ। ਪਰ ਹਨੇਰਾ ਨਹੀਂ ਸੀ। ਕੰਧਾਂ ਉੱਤੇ ਕਈ ਬਲ਼ਦੇ ਲਾਂਬੂ ਸਨ। ਚੋਰੀ ਚੋਰੀ ਸਭ ਕੁਝ ਉੱਤੇ ਨਿਗ੍ਹਾ ਮਾਰੀ ਉਸ ਨੇ। ਮਰਟ ਕਫ਼ਨਾਂ ਨੂੰ ਭਰਦਾ ਸੀ! ਹੈਰੋਇਨ ਦੇ ਪੁਲੰਦੇ ਕਫ਼ਨਾਂ ਵਿੱਚ ਪਾ ਰਿਹਾ ਸੀ। ਹੁਣ ਹੋਰ ਕੀ ਸਬੂਤ ਚਾਹੀਦਾ ਸੀ! ਲੱਗਦਾ ਕਿ ਰਾਠੌਰ ਸਹੀ ਸੀ। ਪਰ ਬਿੱਲਾ ਕੀ ਕਰ ਸਕਦਾ ਸੀ? ਫ਼ੋਨ ਹੈ ਨਹੀਂ ਸੀ, ਸੋ ਫੋਟੋਆਂ ਤਾਂ ਖਿੱਚ ਵੀ ਨਹੀਂ ਸਕਦਾ ਸੀ। ਜੇ ਭਾਰਤ ਵਿੱਚ ਗਵਾਹ ਵੀ ਦੇ ਦਿੱਤਾ, ਫੇਰ ਕੀ? ਅਕਸਰ ਮਰਟ ਤਾਂ ਛਲ਼ਾਵੇਸਤਾਨ ਦਾ ਵਾਸੀ ਸੀ। ਇੰਞ ਸੋਚ ਰਿਹਾ ਸੀ ਜਦ ਉਸ ਨੇ ਵੇਖਿਆ ਕਿ ਮਰਟ ਕਫ਼ਨਾਂ ਵਿੱਚ ਸਿਰਫ਼ ਹੈਰੋਇਨ ਨਹੀਂ ਪਾ ਰਿਹਾ ਸੀ। ਚਿੱਟੇ ਦੇ ਆਲ਼ੇ ਦੁਆਲ਼ੇ ਠੂਹੇ ਸਨ। ਕਫ਼ਨਾਂ ਵਿੱਚ ਠੂਹੇ ਭਰ ਰਿਹਾ ਸੀ!
ਬਿੱਲੇ ਨੂੰ ਕੁਝ ਵੀ ਸਮਝ ਨਾ ਆਇਆ। ਬਿਨਾਂ ਸੋਚੇ ਖੜ੍ਹ ਗਿਆ। ਹੋ ਸਕਦਾ ਮਰਟ ਨੂੰ ਤਾਂ ਜਦ ਦਾ ਬਿੱਲਾ ਸੁੱਤਾ ਸੀ, ਉਸ ਬਾਰੇ ਪਤਾ ਲੱਗ ਚੁੱਕਾ ਸੀ, ਪਰ ਮਰਟ ਨੇ ਕੁਝ ਕੀਤਾ ਨਹੀਂ। ਹੁਣ ਜੋ ਕਰਦਾ ਸੀ ਕਰਨੋ ਹੱਟ ਗਿਆ ਅਤੇ ਰਿੜ੍ਹ ਕੇ ਬਿੱਲੇ ਕੋਲ਼ ਆ ਖਲੋਇਆ। ਫੇਰ ਬਿਨਾਂ ਬੋਲ਼ਣ ਬਿੱਲੇ ਨੂੰ ਬਾਂਹ ਨਾਲ਼ ਬਾਰੀ ਵੱਲ ਮਾਰਿਆ। ਬਿੱਲਾ ਵੀ ਆਪਣੇ ਜੀ ਭਿਆਣੇ ਨਾਲ਼ ਪਰਤਿਕਰਮ ਕਰ ਚੁੱਕਾ। ਉਸ ਨੇ ਪਰਦਾ ਲਾਹ ਕੇ ਮਰਟ ਉੱਤੇ ਸੁੱਟ ਦਿੱਤਾ ਅਤੇ ਉਸ ਪਰਦੇ ਦੀ ਬੱਲੀ ਉੱਤੇ ਚੜ੍ਹ ਕੇ ਬੇਸ਼ੀਸ਼ ਬਾਰੀ ਵੱਲ ਛਾਲ਼ ਮਾਰੀ। ਜਦ ਤੀਕਰ ਮਰਟ ਨੇ ਕੱਪੜਾ ਲਾਹ ਕੇ ਥੱਲੇ ਸੁੱਟ ਦਿੱਤਾ, ਬਿੱਲਾ ਬਾਰੀ ਵਿੱਚੋਂ ਪਿੱਛੇ ਗਿਰ ਗਿਆ; ਖੱਡ ਨੇ ਉਸ ਨੂੰ ਖਾ ਲਿਆ।
ਮਰਟ ਫਟਾਫਟ ਅਰਾਮ ਨਾਲ਼ ਕੰਧ ਚੜ੍ਹ ਕੇ ਬਾਰੀ ਰਾਹੀਂ ਬਾਹਰ ਤਾੜਣ ਲੱਗ ਪਿਆ। ਉਸ ਦੀਆਂ ਉਕਾਬੀ ਅੱਖਾਂ ਨੂੰ ਕੁਝ ਨਹੀਂ ਦਿੱਸਦਾ ਸੀ। ਬਿੱਲਾ ਤਾਂ ਢਾਹਾ ’ਚ ਡਿੱਗ ਕੇ ਮਰ ਚੁੱਕਾ ਸੀ!
ਰਾਠੌਰ, ਮਾਂਗਟ ’ਤੇ ਮਾਹਲ ਦਾ ਕੰਮ ਹੋ ਚੁੱਕਾ ਸੀ! ਹੁਣ ਮਰਟ ਦੀ ਵਾਰੀ ਸੀ ਇਹ ਮਾਲ਼ ਉਹ ਖ਼ੁਦ ਪੰਜਾਬ ਲੈ ਕੇ ਜਾਵੇਗਾ!
* * *
ਐਤਕੀਂ ਮਰਟ ਇੰਨਾ ਹੁਸ਼ਿਆਰ ਨਹੀਂ ਨਿਕਲ਼ਿਆ। ਬਿੱਲਾ ਸਿੱਧਾ ਨਦੀ ਵਿੱਚ ਡਿੱਗ ਚੁੱਕਾ ਸੀ। ਉਸ ਦੀ ਰੌ ਨੇ ਬਿੱਲੇ ਨੂੰ ਇੱਕ ਬਣ ਦੇ ਕੰਢੇ ਤੀਕਰ ਪਹੁੰਚਾ ਦਿੱਤਾ। ਉੱਥੇ ਕੁਝ ਦੇਰ ਬਾਅਦ ਉੱਠ ਕੇ ਬਣ ਵਿੱਚ ਜਖਮੀ ਘੁੰਮਣ ਲੱਗ ਪਿਆ ਖੱਜਲ ਕਰਦਾ ਕਰਦਾ ਇੱਕ ਲੱਕੜਦਾਰ ਕੋਲ਼ ਆ ਖਲੋਇਆ। ਲੱਕੜਦਾਰ ਨੇ ਉਸ ਦੀਆਂ ਸੱਟਾਂ ਵੇਖ ਕੇ ਉਸ ਨੂੰ ਹਸਪਤਾਲ ਲੈ ਗਿਆ।
* * *
ਅਗਲੇ ਦਿਨ ਕਿਰਨ ਅਤੇ ਬੂਟੇ ਅਤੇ ਸੁੱਖੇ ਲਈ ਸੁਫਲ ਸਮੇਂ ਦੇ ਸਨ। ਤਿੰਨ ਹੀ ਜਣੇ ਇਕੱਠੇ ਹੋ ਕੇ ਅਪਣੀ ਭਾਰੀ ਜਿੱਤ ਨੂੰ ਪੀ ਪੀ ਕੇ ਮਨਾ ਰਹੇ ਸਨ। ਚੰਡੀਗੜ੍ਹ ਤੋਂ ਚੂਹੜ ਤੱਕ ਚਿੱਟਾ ਚੋਖਾ ਸੀ। ਤਿੰਨ ਹੀ ਜਣੇ ਹਾਸਲ ਕਰ ਰਹੇ ਸਨ। ਬਿੱਲੇ ਬਾਰੇ ਤਕਰੀਬਨ ਕਿਸੇ ਨੇ ਨਹੀਂ ਪੁੱਛਿਆ। ਇਸ ਲਈ ਬਿੱਲੇ ਦੀ ਤਹਿਕੀਕ ਰੁਕ ਗਈ ਅਤੇ ਬੂਟੇ ਨੇ ਬੰਦ ਕਰ ਦਿੱਤੀ ਸੀ। ਸੋ ਕਫ਼ਨਾਂ ਬਾਰੇ ਕੁਝ ਨਹੀਂ ਹੋਇਆ। ਪੰਜਾਬ ਨੂੰ ਰੋਗ ਲੱਗਿਆ ਸੀ। ਅਮਲੀ ਆਪਣੀ ਆਦਤ ਨੂੰ ਪੂਰੀ ਕਰਨ ਲਈ ਕਤਲ ਕਰਦਾ ਸੀ, ਖ਼ਾਸ ਕਰਕੇ ਜਦ ਪੈਸੇ ਮੁੱਕ ਜਾਂਦੇ। ਚੋਰੀ ਕਰ ਕੇ ਚਿੱਟਾ ਖਰੀਦ ਦਾ ਸੀ। ਸਾਰੇ ਦੁੱਖੀ ਸਨ। ਕਿਸਾਨ ਤੋਂ ਲੈ ਕੇ ਕਰਮਚਾਰੀ ਇਸ ਜ਼ਾਲ ਦੇ ਮਜ਼ਲੂਮ ਸਨ। ਅਮਲੀ ਭਾਵੇਂ ਜੇਲ੍ਹ ਵੀ ਜਾਂਦੇ ਹੋਣ, ਉਨ੍ਹਾਂ ਦਾ ਮਾਲ ਪੁਲਸ ਹੀ ਫੇਰ ਜਨਤਾ ਵਿੱਚ ਵੇਚ ਵਰਤਾ ਦਿੰਦੀ ਸੀ। ਉਸ ਦਾ ਨਫ਼ਾ ਰਾਠੌਰ ਨੂੰ ਹੀ ਮਿਲ਼ਦਾ ਸੀ। ਇੱਕ ਪਾਸੇ ਜਦ ਜੇਲ੍ਹ ਪੁੱਜਦੇ ਥਾਪਣਾ ਮਾਂਗਟ ਨੂੰ ਮਿਲ਼ਦੀ ਹੈ, ਦੂਜੇ ਪਾਸੇ ਉਸ ਨੂੰ ਆਮਦਨ ਵੀ ਮਿਲ਼ਦੀ ਸੀ!
ਸੋ ਉਹੀ ਕੁਝ ਲੋਕਾਂ ਦੇ ਘਰਾਂ ਵਿੱਚ ਚਲੀ ਗਿਆ। ਗਵੱਈਏ ਗੈਂਗਾਂ ਬਾਰੇ ਗੀਤ ਗਾਈ ਗਏ। ਅਗਲੀ ਪੀੜ੍ਹੀ ਨੂੰ ਹੋੜਨ ਦੀ ਥਾਂ ਸਿਤਾਰੇ ਭੂਹੇ ਕਰਦੇ ਸਨ। ਪੰਜਾਬ ਦਾ ਰਾਜ ਚਿੱਟਾ, ਚੋਰੀ ’ਤੇ ਚਕਮਾ ’ਤੇ ਚਲਦਾ ਸੀ। ਜਿਨ੍ਹਾਂ ਕੋਲ਼ ਜ਼ਮੀਰ ਸੀ, ਔਖੀ ਦੇਣੀ ਸੌਂਦੇ ਸੀ; ਬੂਟਾ, ਕਿਰਨ ’ਤੇ ਸੁੱਖ ਵਰਗੇ ਅਰਾਮ ਨਾਲ਼ ਨੀਂਦ ਲੈਂਦੇ ਸੀ। ਬੇਜ਼ਮੀਰ ਬੰਦੇ ਨੂੰ ਬੇਅਰਾਮੀ ਨਹੀਂ ਲਿਆਉਂਦੀ ਸੀ।
ਉਸ ਰਾਤ ਸ਼ੀਰੋ ਨੂੰ ਸੁਪਨਾ ਆਇਆ। ਸ਼ੀਰੋ ਦੇ ਸੁਪਨੇ ਸਰਬਜਨਕ ਅਬਾਦੀ ਤੋਂ ਅਲੱਗ ਤਰ੍ਹਾਂ ਦੇ ਸੁਪਨੇ ਹੁੰਦੇ ਸਨ। ਇਸ ਦੀ ਵਜ੍ਹਾ ਖਰੀ ਸੀ। ਸ਼ੀਰੋ ਅੰਨ੍ਹੀ ਸੀ ਅਤੇ ਉਸ ਨੇ ਕਦੀ ਕੁਝ ਵੇਖਿਆ ਨਹੀਂ ਸੀ। ਇਸ ਲਈ ਉਸ ਦੇ ਖ਼ਾਬ ਤਸੱਵਰ ਲੁਕਾਈ ਦੀ ਤਸਵੀਰ ਨਹੀਂ ਬਣਾ ਸਕਦੇ ਸੀ। ਕਿਸੇ ਦੀ ਸ਼ਕਲ ਸਿਰਫ਼ ਸਪਰਸ਼ ਕਰ ਕੇ ਹੀ ਸਮਝ ਸਕਦੀ ਸੀ। ਜੋ ਵੀ ਕੁਝ ਸਮਝਦੀ ਸੀ ਸਪਰਸ਼ ਗਿਆਨ, ਅਵਾਜ਼ ਗਿਆਨ ਅਤੇ ਮਹਿਕ ਗਿਆਨ ਰਾਹੀਂ ਹੀ ਸੰਬੋਧ ਕਰ ਸਕਦੀ ਸੀ। ਮੂੰਹਾਂ ਦੇ ਨਕਸ਼ ਪੋਟਿਆ ਨਾਲ਼ ਬਣਤਰ ਕਰਦੀ ਸੀ। ਉਸ ਵਾਸਤੇ ਦੁਨੀਆਂ ਦੀ ਸਮਝ ਹੀ ਹੋਰ ਸੀ। ਬਚਪਨ ਵਿੱਚ ਬੰਸ ਨੇ ਉਸ ਨੂੰ ਅੰਧਹਾਲ ਬਾਰੇ ਹੋਸ਼ ਹਵਾਸ ਹੋਣ ਨਹੀਂ ਦਿੱਤਾ। ਉਸ ਨੂੰ ਮਹਿਸੂਸ ਨਹੀਂ ਹੋਇਆ ਕਿ ਉਸ ਵਿੱਚ ਕਸਰ ਸੀ। ਜਦ ਵਿਆਹ ਹੋਇਆ ਅਤੇ ਬਿੱਲੇ ਦੇ ਪਿਓ ਨੂੰ ਮਿੱਲੀ ਪਹਿਲੀ ਵਾਰੀ ਉਸ ਨੇ ਆਪ ਦੀ ਆਬ ਤਾਬ ਬਾਰੇ ਸੁਣਿਆ। ਉਸ ਦੇ ਆਦਮੀ ਨੇ ਉਸ ਨੂੰ ਉਸ ਦੀ ਸ਼ਕਲ ਬਾਰੇ ਸਮਝਾਇਆ। ਦੁਨੀਆਂ ਦੀਆਂ ਸ਼ੈਵਾਂ ਬਾਰੇ ਦੱਸਿਆਂ। ਜੋ ਕੁਝ ਖ਼ੁਦ ਵੇਖ ਨਹੀਂ ਸੀ ਸਕਦੀ!
ਪਹਿਲਾਂ ਪਹਿਲਾਂ ਸ਼ੀਰੋ ਦਾ ਦਿਲ ਟੁੱਟ ਗਿਆ। ਉਹ ਸਮਝ ਗਈ ਕਿ ਅੱਖਾਂ ਬਿਨਾਂ ਕੁਝ ਨਹੀਂ ਪਤਾ ਲੱਗਦਾ। ਪਰ ਹਾਰ ਕੇ ਉਸ ਦਾ ਘਰ ਵਾਲ਼ਾ ਵੀ ਸਮਝ ਗਿਆ ਸੀ ਕਿ ਸ਼ੀਰੋ ਨੂੰ ਅਸਧਾਰਨ ਫ਼ੀਲ ਕਰਨ ਤੋਂ ਬਚਾਉਣਾ ਚਾਹੀਦਾ ਸੀ ਅਤੇ ਉਸ ਹਿਸਾਬ ਨਾਲ਼ ਵਿਆਹ ਚਲੀ ਗਿਆ। ਜਿਵੇਂ ਪੇਕਿਆਂ ਨੇ ਕੀਤਾ ਸੀ, ਉਂਞ ਹੀ ਉਸ ਨੇ ਕੀਤਾ।
ਸ਼ੀਰੋ ਕੋਲ਼ ਕੁਝ ਸੁਰਾਗ ਸਨ। ਜਦ ਉਹ ਰੋਂਦੀ ਹੁੰਦੀ ਸੀ ਅਤੇ ਉਸ ਦੇ ਛੱਪਰ ਬਿਨਾਂ ਛੋਹੇ ਕੋਈ ਬੋਲ ਦਿੰਦਾ ਸੀ, ਤੂੰ ਰੋਂਦੀ ਕਾਹਤੋਂ ਆ? ਸ਼ੀਰੋ ਹੈਰਾਨ ਹੁੰਦੀ ਸੀ ਕਿ ਮੇਰੇ ਮੂੰਹ ’ਤੇ ਹੱਥ ਲਾਏ ਬਿਨਾਂ ਕਿੰਞ ਪਤਾ ਹੈ? ਜਦ ਸਵਾਲ ਪੁੱਛਦੀ ਸੀ ਜਵਾਬ ਜਗ੍ਹਾ ਗੱਲ ਨੂੰ ਹੋਰ ਕਿੱਤੇ ਲੈ ਜਾਂਦੇ ਸਨ। ਪਰ ਸ਼ੀਰੋ ਨੇ ਬਹੁਤਾ ਸੋਚਿਆ ਨਹੀਂ।
ਵਿਆਹ ਤੋਂ ਪਹਿਲਾਂ ਸ਼ੀਰੋ ਦੇ ਆਲ਼ੇ ਦੁਆਲ਼ੇ ਸਭ ਨੂੰ ਮਨ੍ਹਾ ਸੀ ਚਾਨਣ ਬਾਰੇ, ਸੁੰਦਰਤਾ ਬਾਰੇ ਜਾਂ ਜੋ ਵੀ ਜੋਤਨਾ ਗਿਆਤ ਕਰ ਸਕਦੀ ਸੀ ਬਾਰੇ ਬੋਲਣਾ। ਆਸ ਸੀ ਅੱਖਾਂ ਠੀਕ ਕਰਵਾ ਕੇ ਕੁੜੀ ਦੀ ਸ਼ਾਦੀ ਹੋ ਜਾਣੀ ਸੀ। ਸੋ ਘਰ ਦੇ ਬਾਹਰ ਕਿਸੇ ਨੂੰ ਸੱਚ ਨਹੀਂ ਦੱਸਿਆ ਗਿਆ। ਕੁੜੀ ਨੂੰ ਤਾਂ ਸਕੂਲ ਵੀ ਨਹੀਂ ਭੇਜਿਆ ਗਿਆ। ਨਾਰੀ ਹੋਣ ਕਰਕੇ ਰੋਟੀ ਪਕਾਉਣ ਅਤੇ ਖਾਣਾ ਤਿਆਰ ਕਰਨ ਕੁਝ ਹੱਦ ਤੱਕ ਸਿਖਾਇਆ। ਪਰ ਅੰਨ੍ਹੇ ਜਣੇ ਨੂੰ ਕੀ ਸਿਖਾ ਸਕਦੇ ਹਨ? ਇਹ ਹੇਰਾ ਫੇਰੀ ਸ਼ੀਰੋ ਨਾਲ਼ ਸੀ ਅਤੇ ਜਿਸ ਦੇ ਨਾਲ਼ ਵਿਆਹ ਹੋਣਾ ਸੀ ਦੇ ਨਾਲ਼ ਕੀਤੀ ਗਈ। ਇਸ ਤਰ੍ਹਾਂ ਕਰਨ ਦੀ ਆਦਤ ਆਮ ਆਦਮੀ ਦੀ ਨਹੀਂ ਸੀ, ਖਰ ਖ਼ਾਸ ਪੰਜਾਬੀਆਂ ਦੀ ਹੀ ਸੀ। ਸੱਚ ਬਾਰੇ ਘੱਟ ਸੋਚਦੇ ਸੀ, ਪਰ ਜੋ ਸਮਾਜ ਸੋਚੇਗਾ ਬਾਰੇ ਸੋਚਦੇ ਸੀ ਲੱਖ ਵਾਰ! ਜਦ ਤੀਕਰ ਕੁਝ ਗੱਲ ਦਾ ਭੇਤ ਨਿਕਲ਼ਦਾ ਸੀ, ਅੱਗਲਾ ਕੁਝ ਨਹੀਂ ਕਰ ਸਕਦਾ ਸੀ।
ਇਨ੍ਹਾਂ ਕਰਨੀਆਂ ਕਰਕੇ ਸ਼ੀਰੋ ਤਾਂ ਕੋਰਮ ਕੋਰੀ ਸੀ। ਉਸ ਨੇ ਆਪਣੇ ਵਰ ਦਾ ਮਾਯੂਸੀ ਮੁਖੜਾ ਨਹੀਂ ਵੇਖਿਆ। ਉਸ ਨੇ ਸਹੁਰੇ ਦੀਆਂ ਤਪਦੀਆਂ ਸੂਰਤਾਂ ਤੱਕੀਆਂ ਨਹੀਂ। ਸੋ ਉਸ ਨੂੰ ਕਿੱਥੇ ਸਮਝ ਸੀ? ਸ਼ੀਰੋ ਦਾ ਸੰਸਾਰ ਸਿਆਹੀ ਸੀ।
ਸੋ ਜਦ ਵੀ ਸ਼ੀਰੋ ਨੂੰ ਸੁਪਨਾ ਆਉਂਦਾ ਸੀ, ਉਸ ਨੂੰ ਗੁਲਦਸਤਿਆਂ ਦਾ ਗੰਧਲ਼ਾ ਗਿਆਨ ਹੁੰਦਾ ਸੀ, ਰੁੱਖਾਂ ਦਾ ਰੂਹ ਰਿਝਾਉਂਦਾ ਸੀ ਅਤੇ ਗੱਡੀਆਂ ਦਾ ਧੂੰਆਂ ਉੱਥੂ ਕਰਵਾਉਂਦਾ ਸੀ। ਹਰ ਜਾਨਵਰ ਜਨੌਰ ਦੀ ਆਵਾਜ਼ ਜਾਣਦੀ ਸੀ। ਹਵਾ ਦੀ ਛੁਹ ਪਛਾਣਦੀ ਸੀ। ਸੋ ਜਦ ਉਸ ਰਾਤ ਸੁਪਨਾ ਆਇਆ, ਇਨ੍ਹਾਂ ਗੱਲਾਂ ਦੇ ਹਿਸਾਬ ਨਾਲ਼ ਆਇਆ। ਫੇਰ ਵੀ ਬੇਤਸਵੀਰ ਸੁਪਨਾ ਉਸ ਰਾਤ ਸ਼ੀਰੋ ਵਾਸਤੇ ਵੀ ਅਜੀਬ ਜਿਹਾ ਸੀ। ਬਹੁਤ ਅਜੀਬ।
ਆਪਣੇ ਮੁੰਡੇ ਦੀ ਆਵਾਜ਼ ਫੁਸਰ ਫੁਸਰ ਕਰ ਰਹੀ ਸੀ। ਉਸ ਦੀ ਸੁਗੰਧ ਮੁੜ੍ਹਕੋ ਮੁੜ੍ਹਕੀ ਨਾਲ਼ ਭੰਡਵਾ ਰਹੀ ਸੀ। ਪੁੱਤਰ ਪਸੀਨੋ ਪਸੀਨੀ ਸੀ, ਸੰਸੇ ਨਾਲ਼ ਭਰਿਆ ਸੀ। ਸੁਪਨਾ ਖਟਕਾ ਨਾਲ਼ ਲਤਪਤ ਸੀ। ਸ਼ੀਰੋ ਦਾ ਸੁਪਨਾ ਹੌਲਭਾਵਾਂ ਨਾਲ਼ ਭਰਿਆ ਸੀ। ਬੇਕਰਾਰ ਗ਼ੁਬਾਰ ਮਨ ਨੂੰ ਟੁੱਟ ਕੇ ਪਏ ਸਨ। ਮਹਿਕ ਦੀ ਜਗ੍ਹਾ ਲਹੂ ਦੀ ਸੜ੍ਹਾਂਦ ਆ ਰਹੀ ਸੀ; ਸਗੋਂ ਸ਼ੀਰੋ ਨੂੰ ਰੱਤ ਦੀ ਕੁੜਾਂਘ ਚੋਕ ਕਰ ਰਹੀ ਸੀ। ਸ਼ੀਰੋ ਨੂੰ ਠੰਡ ਮਹਿਸੂਸ ਹੋ ਰਹੀ ਸੀ। ਅਤੇ, ਕੁਝ…ਕੁਝ ਲੜ ਰਿਹਾ ਸੀ…ਵਾਰ ਵਾਰ ਲੜ ਰਿਹਾ ਸੀ…ਸ਼ੀਰੋ ਦਾ ਸਾਰਾ ਮਾਸ ਡੰਗਾਂ ਨਾਲ਼ ਸਕਤਾ ਹੋ ਚੁੱਕਾ ਸੀ। ਮਨ ਵਿੱਚ ਵਾਰ ਵਾਰ ਉਸ ਦੇ ਪੁੱਤਰ ਦੀ ਲੇਰ ਲਮਕਦੀ ਸੀ, ਕੋਈ ਕਾਲ਼ੀ ਕਾਂਗ ਵਿੱਚ ਵਗਦੀ, ਮਾਂ ਤੀਕਰ ਫੈਲਦੀ। ਵਾਰ ਵਾਰ ਸ਼ੀਰੋ ਦੀਆਂ ਰਗਾਂ ਨੂੰ ਡੰਗ ਮਾਰਦੇ ਸੀ। ਬੇਨਿਗ੍ਹਾ ਸ਼ੀਰੋ ਦੇ ਦੀਦੇ ਉੱਘੜ ਗਏ। ਉੱਠ ਬੈਠੀ। ਉਸ ਦੇ ਮੂੰਹੋਂ ਇੱਕ ਹੀ ਲਫ਼ਜ਼ ਖ਼ਾਰਜ ਹੋਇਆ। ਇੱਕ ਖ਼ਾਲਸ ਕਥਨ ਕੁਸਕਿਆ। ਬਿੱਲਾ!
ਸ਼ੀਰੋ ਨੇ ਸਾਹ ਲਏ। ਆਪਣਾ ਜੋਸ਼ ਠੰਡਾ ਕੀਤਾ। ਫੇਰ ਦੂਜਾ ਸ਼ਬਦ ਆ ਨਿਕਲ਼ਿਆ। ਰਾਧਾ।
* * *
ਰਾਧਾ ਹਰ ਰੋਜ਼ ਵਾਂਗਰ ਆਪਣੀ ਡਿਊਟੀ ਸ਼ੁਰੂ ਕਰਨ ਤੋਂ ਪਹਿਲਾਂ ਬਿੱਲੇ ਦੇ ਘਰ ਗਈ। ਹਰ ਸਵੇਰ ਵਾਂਗਰ ਬੂਹੇ ’ਤੇ ਖ਼ੂੰਡੀ ਫੜ ਕੇ ਸ਼ੀਰੋ ਉਸ ਨੂੰ ਉਡੀਕਦੀ ਸੀ। ਹਰ ਸਾਝਰੇ ਵਾਂਗਰ ਰਾਧਾ ਨੂੰ ਉਮੀਦ ਸੀ ਕਿ ਬਿੱਲੇ ਬਾਰੇ ਬਚਨ ਬਿਲਾਸ ਹੋਵੇਗਾ। ਜਦ ਦਾ ਛਲ਼ਾਵੇਸਤਾਨ ਗਿਆ ਸੀ, ਨਾ ਕੇ ਉਸ ਨੇ ਫ਼ੋਨ ਲੱਗਾਇਆ ਸੀ , ਨਾ ਕਿ ਚੁੱਕਿਆ ਸੀ। ਉਸ ਨੇ ਰਾਧਾ ਨੂੰ ਕੁਝ ਨਹੀਂ ਦੱਸਿਆ, ਮਾਂ ਸ਼ੀਰੋ ਨੂੰ ਕੀ ਦੱਸਣਾ ਸੀ? ਦਫ਼ਤਰ ’ਚ ਕਿਸੇ ਨੂੰ ਕੁਝ ਨਹੀਂ ਪਤਾ ਸੀ, ਅਤੇ ਖ਼ਾਸ ਗੱਲ ਸੀ ਕਿਸ ਨੇ ਚਿੰਤਾ ਵੀ ਨਹੀਂ ਕੀਤੀ! ਮਾਂ ਨੂੰ ਤਾਂ ਫ਼ਿਕਰ ਹੀ ਹੋਣਾ ਸੀ। ਹੁਣ ਤਾਂ ਅਠਵਾਰਾ ਤੋਂ ਅੱਠ ਔਰ ਦਿਹਾੜੇ ਹੋ ਚੁੱਕੇ ਸਨ। ਫ਼ਿਕਰ ਹੀ ਸੀ। ਪਰ ਰਾਠੌਰ ਬੇਫ਼ਿਕਰ ਸੀ। ਜਦ ਰਾਧਾ ਨੇ ਰਾਠੌਰ ਨੂੰ ਰਾਏ ਦਿੱਤੀ ਕਿ ਪੁੱਛ ਪੁਛਾਈ ਕਰਨੀ ਚਾਹੀਦੀ ਹੈ, ਬੂਟੇ ਨੇ ਝਾੜ ਝੰਬ ਕੀਤੀ ਅਤੇ ਬਹਿਕਾਵਾ ਦਿੱਤਾ ਕਿ ਸ਼ਾਇਦ ਛੁੱਟੀ ’ਤੇ ਗਿਆ ਸੀ। ਰਾਧਾ ਮਾਂ ’ਤੇ ਅੱਖ ਰੱਖ ਰਹੀ ਹੈ। ਹੋਰ ਕੁਝ ਕਰਨ ਦੀ ਕੀ ਲੋੜ ਸੀ? ਜੇ ਨੌਕਰੀ ਵੱਲ ਗੈਰ ਜ਼ੁੰਮੇਵਾਰ ਹੋ ਗਿਆ ਫੇਰ ਤਾਂ ਬਿੱਲੇ ਨੂੰ ਪੁਲੀਸ ਬਰਤਰਫ਼ ਕਰੇਗੀ। ਰਾਧਾ ਦੀ ਮਰਜ਼ੀ ਸੀ ਜੋ ਉਹ ਫੇਰ ਵੀ ਮਾਂ ਸ਼ੀਰੋ ਦੀ ਮੱਦਦ ਕਰਨੀ ਚਾਹੁੰਦੀ ਸੀ। ਆਖਰੀ ਗੱਲ ਇਹ ਪੁਲਸ ਦਾ ਜੰਜਾਲ਼ ਨਹੀਂ ਸੀ! ਉਸ ਦਿਹਾੜ ਗੁੱਸੇ ਵਿੱਚ ਰਾਧਾ ਰਾਠੌਰ ਤੋਂ ਗਈ। ਹੁਣ ਕੀ ਕਰ ਸਕਦੀ ਸੀ? ਸੋ ਹਰ ਦਿਨ ਵਾਂਗਰ ਅੱਜ ਵੀ ਖਾਣਾ ਪਕਵਾਉਣ ਆਈ। ਉਂਞ ਕਦੇ ਕਦੇ ਬਣਾ ਕੇ ਲੈ ਕੇ ਵੀ ਆਉਂਦੀ ਸੀ।
ਮੈਂ ਸ਼ਾਮ ਨੂੰ ਫੇਰ ਆਵਾਂਗੀ।
.***
|
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |

by 