|
ਕੁਦਰਤ ਦੇ ਨਿਯਮ ਅਨੁਸਾਰ ਸਮੇਂ ਨੇ ਤਾਂ ਬਦਲਣਾ ਹੀ ਹੈ। ਬਦਲ ਰਿਹਾ ਹੈ ਅਤੇ ਇਸ ਬਦਲਾਓ ਨੂੰ ਕੋਈ ਨਹੀਂ ਰੋਕ ਸਕਿਆ। ਬਦਕਿਸਮਤੀ ਨਾਲ ਇਸ ਬਦਲਾਓ ਨਾਲ ਮਨੁੱਖੀ ਜੀਵਨ ਦੀਆਂ ਕਦਰਾਂ ਕੀਮਤਾਂ ਨੂੰ ਵੀ ਤਕੜਾ ਖ਼ੋਰਾ ਲੱਗਾ ਅਤੇ ਇਹ ਤਿਲਕਦੀਆਂ-ਤਿਲਕਦੀਆਂ ਡਿੱਗ ਈ ਗਈਆਂ। ਸਮੇਂ ਦੇ ਨਾਲ ਮਨੁੱਖ ਦੇ ਖ਼ਰਚੇ ਵੱਧ ਗਏ ਜਾਂ ਫਿਰ ਖ਼ੁਦ ਹੀ ਵਧਾ ਲਏ ਗਏ। ਮਹਿੰਗਾਈ ਵੀ ਵੱਧ ਗਈ ਅਤੇ ਗੁਜ਼ਾਰੇ ਲਈ ਪੈਸੇ ਅਤੇ ਪਦਾਰਥਾਂ ਦੀ ਥੁੜ ਆਉਣ ਲੱਗੀ। ਇਸ ਕਾਰਨ ਮਨੁੱਖ ਦੀ ਇਮਾਨਦਾਰੀ ਵੀ ਬੇਈਮਾਨੀ ਵੱਲ ਨੂੰ ਖਿਸਕ ਤੁਰੀ। ਹੈਰਾਨੀ ਦੀ ਗੱਲ ਹੈ ਕਿ ਸਾਡੇ ਮਹਾਨ ਭਾਰਤ ਵਿੱਚ ਅਕਸਰ ਕੋਈ ਕੰਮ ਕਾਰ ਜਾਂ ਨੌਕਰੀ ਲੱਭਦਿਆਂ ਲੋਕ ਤਨਖਾਹ ਨਾਲੋਂ “ਉੱਪਰ” ਦੀ ਕਮਾਈ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ। ਸਾਰੇ ਤਾਂ ਨਹੀਂ ਕਹਿ ਸਕਦੇ, ਪਰ ਜ਼ਿਆਦਾਤਰ। ‘ਜੀਤੀ’ ਦੇ ਟੱਬਰ ਦਾ ਖ਼ਾਨਦਾਨੀ ਧੰਦਾ ਦੋਧੀਆਂ ਦਾ ਸੀ। ਉਹਨਾਂ ਦੀ ਆਪਣੀ ਡੇਅਰੀ ਤਾਂ ਨਹੀਂ ਸੀ, ਪਰ ਉਸ ਦੇ ਵੱਡੇ-ਵਡੇਰੇ ਆਪਣੇ ਪਿੰਡ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚੋਂ ਦੁੱਧ ਇਕੱਠਾ ਕਰਕੇ, ਡ੍ਰੰਮੀਆਂ ਵਿੱਚ ਭਰ, ਅਤੇ ਸਾਈਕਲਾਂ ‘ਤੇ ਲੱਦ ਕੇ ਲਾਗਲੇ ਸ਼ਹਿਰ ‘ਚ ਲਾਲਿਆਂ ਤੇ ਹਲਵਾਈਆਂ ਦੀ ਦੁਕਾਨਾਂ ‘ਤੇ ਵੇਚ ਆਉਂਦੇ ਹੁੰਦੇ ਸਨ। ਇਮਾਨਦਾਰ ਬੰਦੇ ਸਨ ਅਤੇ ਉਨ੍ਹਾਂ ਨੂੰ ਦੁੱਧ ਵੇਚਣ ਵਾਲੇ ਪਿੰਡਾਂ ਦੇ ਭੋਲ਼ੇ ਭਾਲ਼ੇ ਜ਼ਿਮੀਂਦਾਰ ਵੀ ਉਤਨੇ ਹੀ ਇਮਾਨਦਾਰ ਅਤੇ ਰੱਬ ਤੋਂ ਡਰਨ ਵਾਲੇ। ਖ਼ਾਲਸ ਮਨ ਨਾਲ ਬਿਲਕੁਲ ਖ਼ਾਲਸ ਦੁੱਧ ਹੀ ਵੇਚਦੇ। ਖ਼ਤਰਨਾਕ ਮਿਲਾਵਟਾਂ ਦਾ ਕੀ ਸੋਚਣਾ, ਅਜੇ ਦੁੱਧ ਵਿੱਚ ਪਾਣੀ ਦੀ ਮਿਲਾਵਟ ਵੀ ਉਨ੍ਹਾਂ ਦੇ ਮਨਾਂ ਤੋਂ ਕੋਹਾਂ ਦੂਰ ਹੀ ਸੀ। ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ। ਮੋਟੀ ਮਲਾਈ ਵਾਲਾ ਦੁੱਧ ਲੈ ਕੇ ਸ਼ਹਿਰ ਦੇ ਹਲਵਾਈ ਵੀ ਬੜੇ ਖੁਸ਼ ਹੁੰਦੇ ਸਨ। ਮਸ਼ੀਨਾਂ ‘ਚ ਪਾਅ ਦੱਬ ਕੇ ਮੱਖਣ ਕੱਢਦੇ, ਦਹੀਂ ਬਣਾਉਂਦੇ, ਜਾਂ ਮਿਲਕ ਕੇਕ ਮਠਿਆਈਆਂ ਬਣਾਉਂਦੇ ਜਿਹਨੂੰ ਖਾਂਦਿਆਂ ਗ੍ਰਾਹਕ ਉਂਗਲੀਆਂ ਚੱਟਦੇ ਰਹਿ ਜਾਂਦੇ। ਸਪਰੇਟਾ ਦੁੱਧ ਵੀ ਦੁੱਧ ਦੇ ਭਾਅ ਈ ਵੇਚੀ ਜਾਂਦੇ। ਕਿਰਤੀ ਤੇ ਇਮਾਨਦਾਰ ਸੁਭਾਉ ਦੇ ਦਾਦੇ ਨੇ ਜੀਤੀ ਦੇ ਪਿਉ ਨੂੰ ਅਤੇ ਪਿਉ ਨੇ ਅਗਾਂਹ ਜੀਤੀ ਨੂੰ ਕਸਮ ਦੁਆਈ ਕਿ ਭਾਵੇਂ ਕੁਝ ਵੀ ਹੋ ਜਾਵੇ ਪਰ “ਦੁੱਧ ਵਿੱਚ ਪਾਣੀ” ਕਦੇ ਵੀ ਨਹੀਂ ਪਾਉਣਾ। ਪਿਓ ਦਾਦੇ ਦਾ ਗੁਜ਼ਾਰਾ ਤਾਂ ਬਹੁਤ ਵਧੀਆ ਚੱਲਦਾ ਰਿਹਾ ਸੀ, ਪਰ ਜੀਤੀ ਦੇ ਦੂਸਰੇ ਦੋਧੀਆਂ ਵੱਲ ਦੇਖ ਕੇ ‘ਪਰ’ ਨਿਕਲ ਆਏ ਸਨ। ਉਹ ਜਲਦੀ ਉੱਡਣਾ ਹੀ ਨਹੀਂ ਬਲਕਿ ਉਨ੍ਹਾਂ ਤੋਂ ਵੀ ਉੱਚੀਆਂ ਅੰਬਰੀਂ ਉਡਾਰੀਆਂ ਮਾਰਨੀਆਂ ਚਾਹੁੰਦਾ ਸੀ। ਦੁੱਧ ਢੋਣ ਨੂੰ ਸਾਇਕਲ ਦੀ ਜਗ੍ਹਾ ਮੋਟਰ ਸਾਇਕਲ ਅਤੇ ਛੋਟੀਆਂ ਡ੍ਰੰਮੀਆਂ ਦੀ ਥਾਂ ਵੱਡੇ-ਵੱਡੇ ਡ੍ਰੰਮ ਖ਼੍ਰੀਦ ਲਏ ਸਨ। ਉਹਨੂੰ ਆਪਣੇ ਦਾਦੇ ਅਤੇ ਭਾਪੇ ਦੁਆਰਾ ਦਿੱਤੀ ਖ਼ਾਨਦਾਨੀ ਕਸਮ ਗਾਹੇ-ਬੇਗਾਹੇ ਤੰਗ ਕਰਦੀ ਰਹਿੰਦੀ। ਪਿੰਡ ਵਿੱਚੋਂ ਹੋਰਨਾ ਤੋਂ ਇਲਾਵਾ ‘ਕਾਕੂ’ ਵੀ ਆਪਣੀਆਂ ਮੱਝਾਂ ਦਾ ਦੁੱਧ ਜੀਤੀ ਨੂੰ ਹੀ ਵੇਚਦਾ ਸੀ। ਮੱਝਾਂ ਨੂੰ ਚੋਣ ਅਤੇ ਪੱਠਾ-ਦੱਥਾ ਕਰਦਿਆਂ ਉਹ ਅਕਸਰ ਦੁੱਧ ਲੈ ਕੇ ਲੇਟ ਈ ਆਉਂਦਾ ਅਤੇ ਜੀਤੀ ਉਹਨੂੰ ਉਡੀਕਦਾ ਹੀ ਰਹਿੰਦਾ ਕਿ ਕਦੋਂ ਕਾਕੂ ਆਵੇ ਤਾਂ ਕਿ ਦੁੱਧ ਡ੍ਰੰਮਾਂ ਵਿੱਚ ਪਾਅ ਕੇ ਸ਼ਹਿਰ ਨੂੰ ਲੈ ਕੇ ਜਾਵੇ। ਰੋਜ਼ ਦੀ ਤਰਾਂ ਈ ਅੱਜ ਫੇਰ ਜੀਤੀ ਆਪਣੇ ਦੁੱਧ ਵਾਲੇ ਵੱਡੇ ਡ੍ਰੰਮ ਨੂੰ ਨਲ਼ਕੇ ਦੇ ਥੱਲੇ ਰੱਖ ਕੇ ਧੋ ਰਿਹਾ ਸੀ। ਕਾਕੂ ਦੇ ਦੇਖਦੇ ਈ ਦੇਖਦੇ ਉਹਨੇ ਨਲ਼ਕਾ ਗੇੜ ਕੇ ਡ੍ਰੰਮ ਦਾ ਤੀਜਾ ਕੁ ਹਿੱਸਾ ਪਾਣੀ ਨਾਲ ਭਰ ਲਿਆ ਅਤੇ ਗੱਲਾਂ ਗੱਲਾਂ ‘ਚ ਕਾਕੂ ਨੂੰ ਪੁੱਛਣ ਲੱਗਾ,..”ਆਹ ਤੇਰੀ ਕੈਨੀ ਵਿੱਚ ਦੁੱਧ ਕੱਲ੍ਹ ਜਿੰਨਾ ਈ ਆ??” ਕਾਕੂ ਦੇ ਹਾਂ ‘ਚ ਸਿਰ ਮਾਰਨ ਤੇ ਉਸਨੇ ਅੱਜ ਦੁੱਧ ਨੂੰ ਆਪਣੇ ਕੱਪ ਨਾਲ ਮਿਣਨ ਦੀ ਖੇਚਲ ਵੀ ਨਾ ਕੀਤੀ। ਕਾਕੂ ਹੱਥੋਂ ਕੈਨੀ ਫੜ ਦੁੱਧ ਆਪਣੇ ਪਾਣੀ ਵਾਲੇ ਡ੍ਰੰਮ ਵਿੱਚ ਹੀ ਉਲੱਦ ਦਿੱਤਾ। ਕਾਕੂ ਦੀਆਂ ਅੱਖਾਂ ਅੱਡੀਆਂ ਈ ਰਹਿ ਗਈਆਂ… ਸੋਚ ਕਿ ਇਹ ਕੀ ਹੋਇਆ, ਬਈ!! ਉਹਨੇ ਜੀਤੀ ਦੇ ਹੱਥੋਂ ਆਪਣੀ ਖ਼ਾਲੀ ਕੈਨੀ ਫੜਦਿਆਂ ਅਤੇ ਹੈਰਾਨੀ ਨਾਲ ਕਈ ਸਵਾਲ ਇਕੱਠੇ ਈ ਦਾਗ ਦਿੱਤੇ,… ਹੈਂਅ.. ਆਹ ਕੀ ਕੀਤਾ, ਜੀਤੀ?? ਕਾਕੂ ਦੇ ਮੂੰਹੋਂ ‘ਬੇਈਮਾਨੀ’ ਤੇ ‘ਸ਼ੱਕ’ ਵਰਗੇ ਭਿਆਨਕ ਬੋਲ ਸੁਣ ਕੇ ਚੁਕੰਨਾ ਹੋਇਆ ਜੀਤੀ ਬੋਲਿਆ,… ਨਾ.. ਬਈ.. ਨਾ… ਇਹ ਕੰਮ ਨਹੀਂ ਚੁੱਪ ਕਰ ਕਾਕੂ, ਮੇਰੇ ਵੀਰ!… ਉਹਨੇ ‘ਪਾਪ ਦਾ ਹਊਆ’ ਕਾਕੂ ਵੱਲ ਨੂੰ ਉਲਾਰਦਿਆਂ ਕਿਹਾ,… ਮੈਂ ਤਾਂ ਆਪਣੇ ਬਾਬੇ ਤੇ ਭਾਪੇ ਨੂੰ ਵੀ ਕਸਮ ਦਿੱਤੀ ਆ ਕਿ… “ਦੁੱਧ ਵਿੱਚ ਕਦੇ ਵੀ ਪਾਣੀ ਨਹੀਂ ਪਾਉਣਾ” !! ਇਹ ਸਭ ਸੁਣ ਕੇ ਕਾਕੂ ਦਾ ਸਿਰ ਘੁੰਮਣ ਲੱਗ ਪਿਆ। ਉਹ ਆਪਣੀ ਸੰਘਣੀ ਦਾਹੜੀ ਨੂੰ ਖੁਰਕਦਿਆਂ ਹੋਇਆ ਸੋਚਾਂ ਵਿੱਚ ਪੈ ਗਿਆ ਕਿ ਇਹ ਦਿਨ ਹੈ… ਕਿ.. ਰਾਤ? ਇੱਕ ਹੱਥ ਵਿੱਚ ਫੜੀ ਖਾਲੀ ਦੁੱਧ ਵਾਲੀ ਕੈਨੀ ਨੂੰ ਜ਼ਮੀਨ ਤੇ ਰੱਖਦਿਆਂ ਅਤੇ ਫਿਰ ਅੱਖਾਂ ਅਤੇ ਮੂੰਹ ਉੱਪਰ ਹੱਥ ਫੇਰਦਿਆਂ ਉਹ ਆਪਣੀ ਤਸੱਲੀ ਖ਼ਾਤਰ ਫਿਰ ਬੋਲਿਆ,… ਕੀ ਗੱਲ ਕਰਦਾਂ ਆ? ਗੱਲ ਨੂੰ ਲੱਸੀ ਵਾਂਗ ਲੰਮੀ ਹੁੰਦਿਆਂ ਅਤੇ ਤਿੱਖੇ ਸਵਾਲਾਂ ਦੇ ਤੀਰਾਂ ਵਰਗੀ ਵਾਛੜ ਜਿਹੀ ਹੁੰਦੀ ਦੇਖ ਕੇ ਜੀਤੀ ਫਿਰ ਬੋਲਿਆ,… “ਮੈਂ ਦੁੱਧ ਵਿੱਚ ਪਾਣੀ ਨੂੰ ਨਹੀਂ ਪਾਇਆ”। ਇਹ ਤਾਂ ਐਵੇਂ ਤੈਨੂੰ ਵਹਿਮ ਈ ਆ… ਪਾਣੀ-ਦੁੱਧ ਤੇ ਦੁੱਧ-ਪਾਣੀ ਦਾ ਭੰਬਲ਼ਭੂਸਾ ਜਿਹਾ ਸੁਣ ਕੇ ਕਾਕੂ ਦਾ ਸਿਰ ਹੋਰ ਵੀ ਪੁੱਠਾ-ਸਿੱਧਾ ਘੁੰਮਣ ਲੱਗ ਪਿਆ ਅਤੇ ਉਹ ਆਪਣੀਆਂ ਲੰਮੀਆਂ ਮੁੱਛਾਂ ਦੇ ਵਾਲ ਬੁੱਲ੍ਹਾਂ ਅਤੇ ਦੰਦਾਂ ਨਾਲ ਪੀਸਦਾ-ਪੀਸਦਾ ਉਥੋਂ ਤੁਰ ਪਿਆ। ਰਾਹ ਵਿੱਚ ਆਪਣੇ ਆਪ ਨਾਲ਼ ਈ ਗੱਲਾਂ ਕਰਦਾ ਜਾਵੇ.. “ਕੀ ਮੇਰੇ ਮਨ ਦਾ ਹਾਦਸਾ ਜੀਤੀ ਦੇ ਅੱਖਰਾਂ ਦੀ ‘ਅਦਲਾ ਬਦਲੀ’ ਦੀ ਚਲਾਕੀ ਕਾਰਨ ਟਲ ਗਿਆ?” ਦੁੱਧ ਲੈ ਕੇ ਅਕਸਰ ਲੇਟ ਹੁੰਦਾ-ਹੁੰਦਾ ਕਾਕੂ ਇੱਕ ਦਿਨ ਰਹਿ ਈ ਗਿਆ। ਉਸ ਨੂੰ ਉਡੀਕ-ਉਡੀਕ ਕੇ ਜੀਤੀ ਆਪ ਈ ਉਹਦੇ ਖੂਹ ਤੋਂ ਦੁੱਧ ਲੈਣ ਚਲੇ ਗਿਆ। ‘ਮੋਟਰਸ਼ੈਕਲ ਦੀ ਅਵਾਜ਼ ਸੁਣ ਕੇ ਕਾਕੂ ਕਾਹਲੀ-ਕਾਹਲੀ ਦੁੱਧ ਵਾਲੀ ਕੈਨੀ ਖੂਹ ਨੂੰ ਜਾਂਦੇ ਪਹੇ ਉਪਰ ਈ ਲੈ ਆਇਆ। ਮੋਟਰ ਸਾਇਕਲ ਰੋਕ ਕੇ ਜੀਤੀ ਬੋਲਿਆ,… ਕੀ ਗੱਲ ਅੱਜ ਤੂੰ ਆਇਆ ਨਹੀਂ, ਕਾਕੂ?? ਮੈਂ ਅੱਗੇ ਈ ਲੇਟ ਹੋਈ ਜਾਨਾ ਸ਼ਹਿਰ ਜਾਣ ਨੂੰ..। ਕਾਕੂ ਕੁਝ ਨਾ ਬੋਲਿਆ ਪਰ ਉਹਨੇ ਦੁੱਧ ਨਾਲ ਨੱਕੋਂ-ਨੱਕ ਭਰੀ ਤੇ ਡੁੱਲ੍ਹਦੀ ਹੋਈ ਕੈਨੀ ਜੀਤੀ ਵੱਲ ਨੂੰ ਕਰ ਦਿੱਤੀ। ਐਨ ਉੱਪਰ ਤੀਕਰ ਭਰੀ ਅਤੇ ਡੁੱਲ੍ਹਦੀ ਹੋਈ ਕੈਨੀ ਨੂੰ ਦੇਖ ਕੇ ਜੀਤੀ ਨੂੰ ਕੁਝ ਸ਼ੱਕ ਜਿਹਾ ਪੈ ਗਿਆ ਤੇ ਉਹ ਇਕਦਮ ਈ ਬੋਲਿਆ,… “ਕੋਈ ਹੋਰ ਸੂਈਓ ਮੱਝ ਲੈ ਲਈ ਆ?? ਜੀਤੀ ਨੇ ਆਪਣਾ ਦੁੱਧ ਮਿਣਨ ਵਾਲਾ ਕੱਪ ਕੱਢਿਆ ਅਤੇ ਕਾਹਲੀ ਕਾਹਲੀ ਨਾਲ ਕਾਕੂ ਦੀ ਕੈਨੀ ਵਿੱਚੋਂ ਦੁੱਧ ਮਿਣ-ਮਿਣ ਕੇ ਆਪਣੇ ਵੱਡੇ ਡ੍ਰੰਮ ਵਿੱਚ ਸੁੱਟਣ ਲੱਗ ਪਿਆ। ਕੱਪ ਦੇ ਤੀਜੇ – ਚੌਥੇ ਕੁ ਗੇੜੇ ਕਾਕੂ ਦੀ ਕੈਨੀ ਵਿੱਚੋਂ ਹਰੇ ਰੰਗ ਦੇ ਡੱਡੂ ਨੇ ਜੀਤੀ ਦੇ ਮੂੰਹ ਉੱਪਰ ਲੌਂਗ-ਜੰਪ ਵਾਂਗ ਛਲਾਂਗ ਮਾਰੀ। ਪਾਣੀ ਵਾਲੇ ਜਾਨਵਰ ਦਾ ਅਚਾਨਕ ਸੁੱਕੇ ਰੇਤਲੇ ਪਹੇ ‘ਚ ਖੜ੍ਹਿਆਂ ਦੁੱਧ ਵਿੱਚੋਂ ਛੜੱਪਾ ਮਾਰਨਾ ਜੀਤੀ ਦੀ ਜਾਨ ਹੀ ਕੱਢ ਕੇ ਲੈ ਗਿਆ! ਡਰ ਦੇ ਮਾਰਿਆਂ ਜੀਤੀ ਦੇ ਹੱਥੋਂ ਦੁੱਧ ਮਿਣਨ ਵਾਲਾ ਕੱਪ ਈ ਡਿਗ ਪਿਆ। ਕਾਕੂ, ਯਾਰ ਤੂੰ ਤਾਂ ਮੇਰਾ ਵੀ ਸਿਰਾ ਨਿਕਲਿਆ!! ਕਾਕੂ ਬੋਲਿਆ,… ਨਾ.. ਜੀ.. ਨਾ ਆਪਣੀ ਕਾਲੀ ਦਾਹੜੀ ਵਿੱਚੋਂ ਦੁੱਧ ਰੰਗੇ ਛਿੱਟੇ ਪੂੰਝਦਾ ਹੋਇਆ ਜੀਤੀ ਖਿਝ ਕੇ ਬੋਲਿਆ,… ਕਾਕੂ ਬੋਲਿਆ,… “ਪਤਾ ਨਹੀਂ ਇਹ ਤਾਂ ਸਾਲੇ ਨਿਆਣਿਆਂ ਨੂੰ ਈ ਸਮਝ ਨਹੀਂ ਆਉਂਦੀ। ਕੱਲ੍ਹ ਮੱਝਾਂ ਨੂੰ ਵੇਈਂ ਤੇ ਚਾਰਨ ਲੈ ਗਏ ਸੀ। ਉੱਥੋਂ ਮੱਝ ਨੇ ਕਿਤੇ ਡੱਡੂ ਮੂੰਹ ‘ਚ ਪਾ-ਪੂ ਲਿਆ ਹੋਣਾ ਆ ਤੇ ਉਹ ਦੁੱਧ ਵਿੱਚ ਆ ਗਿਆ।” ਜੀਤੀ ਦੀਆਂ ਅੱਖਾਂ ਅੱਡੀਆਂ ਈ ਰਹਿ ਗਈਆਂ। ਉਹਨੂੰ ਪਤਾ ਲੱਗ ਗਿਆ ਕਿ ਅੱਜ ਨਹਿਲੇ ਤੇ ਦਹਿਲਾ ਪੈ ਗਿਆ। ਉਹ ਕਾਕੂ ਨੂੰ ਕਹਿਣ ਲੱਗਾ,… “ਬਈ, ਗੱਲ ਐਦਾਂ ਪਈ.. ਅੱਗੇ… ਤਾਂ ਤੇਰਾ ਦੁੱਧ ਖਰਾ ਹੁੰਦਾ ਸੀ, ਪਰ ਆਹ ਡੱਡੂਆਂ ਵਾਲਾ ਪਾਣ-ਧੋਣ ਮੈਂ ਨਹੀਂ ਖ਼ਰੀਦਣਾ। ਤੂੰ ਕੋਈ ਹੋਰ ਦੋਧੀ ਲੱਭ ਲੈ… ਤੇ ਉਹ ਵੀ ਕੱਲ੍ਹ ਤੋਂ ਹੀ! ਅਸਲ ਵਿੱਚ ਅੱਜ ਕਾਕੂ ਦੀ ਇੱਕ ਮੱਝ ਛੜਾਂ ਮਾਰਦੀ-ਮਾਰਦੀ ਦੁੱਧ ਦੀ ਅੱਧੀ ਕੁ ਬਾਲਟੀ ਡੋਲ੍ਹ ਗਈ ਸੀ। ਦੋਧੀ ਨੂੰ ਜਾਂਦੀ ਕੈਨੀ ਪੂਰੀ ਕਰਨ ਲਈ ਕਾਕੂ ਨੇ ਮੋਟਰ ਦੇ ਚਲ੍ਹੇ ਵਿੱਚ ਕੈਨੀ ਡਬੋ ਕੇ ਬੇਹਿਸਾਬਾ “ਪਾਣੀ ਵਰਤ” ਲਿਆ ਤੇ ਹਰੇ ਰੰਗਾ ਡੱਡੂ ਵੀ ‘ਰੂੰਗ੍ਹੇ’ ਵਿੱਚ ਹੀ ਆ ਗਿਆ। ਜੀਤੀ ਵਾਂਗ ਹੇਰਾ-ਫੇਰੀ ਕਰਨੀ ਤਾਂ ਚਾਹੀ ਪਰ ਭੁੱਲ ਗਿਆ ਕਿ ਨਕਲ ਲਈ ਅਕਲ ਵੀ ਜ਼ਰੂਰੀ ਹੁੰਦੀ ਹੈ। ਉੱਧਰ ਜੀਤੀ ਨੂੰ ਲੱਗਾ ਕਿ ਜੇਕਰ ਕਾਕੂ ਨੇ ਪਹਿਲਾਂ ਹੀ ‘ਦੁੱਧ ਵਿੱਚ ਪਾਣੀ’ ਪਾ ਕੇ ਲਿਆਉਣਾ ਸ਼ੁਰੂ ਕਰ ਦਿੱਤਾ ਤਾਂ ਉਹ ਆਪ ‘ਪਾਣੀ ਵਿੱਚ ਕਿਹੜਾ ਦੁੱਧ ਪਾਏਗਾ’?? |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਭਾਪੇ ਦੀ ਕਸਮ !! — ਡਾ. ਕੁਲਵਿੰਦਰ ਸਿੰਘ ਬਾਠ
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

by 