|
ਮਹਿੰਦਰ, ਛਿੰਦਰ ਤੇ ਬਿੰਦਰ ਭੈਣਾਂ ਵਿੱਚੋਂ ਮਹਿੰਦਰ ਸਭ ਤੋਂ ਵੱਡੀ ਸੀ। ਜਿਸ ਨੂੰ ਘਰ ਵਿੱਚ ਸਾਰੇ ਮਿੰਦੋ ਅਤੇ ਦੂਜੀਆਂ ਨੂੰ ਛਿੰਦੀ ਤੇ ਬਿੰਦੀ ਕਹਿ ਕੇ ਬਲਾਉਂਦੇ ਸੀ। ਮਿੰਦੋ ਸਾਰੀਆਂ ਭੈਣਾਂ ਵਿੱਚੋਂ ਉੱਚੀ ਲੰਮੀ ਪਰ ਰੰਗ ਕਣਕ ਭਿੰਨਾ ਸੀ। ਨੈਣ ਨਕਸ਼ ਉਸ ਦੇ ਸੋਹਣੇ ਸਨ। ਮਾਂ ਹਮੇਸ਼ਾ ਮਿੰਦੋ ਨੂੰ ਵੱਡੀ ਹੋਣ ਦੇ ਨਾਤੇ ਨਸੀਹਤਾਂ ਦਿੰਦੀ ਰਹਿੰਦੀ ਸੀ। ਭਾਵੇਂ ਮਿੰਦੋ ਦੀ ਉਮਰ ਅਜੇ ਛੋਟੀ ਹੀ ਸੀ ਪਰ ਫੇਰ ਵੀ ਮਾਂ ਦਾ ਇਹੋ ਕਹਿਣਾ ਹੁੰਦਾ, ਕਿ ਕੁੜੇ ਮਿੰਦੋ ਪੁੱਤ ਤੂੰ ਵੱਡੀ ਹੈਂ ਜੇ ਤੂੰ ਸਿਆਣੀ ਬਣ ਕੇ ਰਹੇਂਗੀ ਤਾਂ ਇਹ ਛੋਟੀਆਂ ਵੀ ਤੇਰੇ ਵਾਂਗੂੰ ਸਿਆਣੀਆਂ ਹੋਣਗੀਆਂ। ਪੁੱਤ ਤੈਨੂੰ ਦੇਖ ਕੇ ਇਨ੍ਹਾਂ ਨੇ ਤੇਰੀ ਪੈੜ ਵਿੱਚ ਪੈਰ ਧਰਨੇ ਹਨ। ਮਿੰਦੋ ਮਾਂ ਦੀਆਂ ਇਹ ਸਾਰੀਆਂ ਗੱਲਾਂ ਨੂੰ ਧਿਆਨ ਨਾਲ਼ ਸੁਣਦੀ ਵੀ ਤੇ ਅਮਲ ਵੀ ਕਰਦੀ। ਉਸ ਦੀ ਮਾਂ ਜੇਕਰ ਪਾਠ ਕਰਨ ਬੈਠਦੀ ਤਾਂ ਉਹ ਉਸ ਬਾਰੇ ਵੀ ਪੁੱਛਦੀ ਤੇ ਫੇਰ ਆਪ ਵੀ ਪਾਠ ਕਰਨ ਦੀ ਕੋਸ਼ਿਸ਼ ਕਰਦੀ। ਇਸ ਤਰ੍ਹਾਂ ਕਰਨ ਨਾਲ਼ ਉਸ ਦੇ ਆਪਣੇ ਵਿਚਾਰ ਧਰਮਕ ਹੋ ਗਏ। ਉਸ ਨੇ ਆਪਣੀ ਮਾਂ ਨਾਲ਼ ਆਪਣਾ ਸਾਰਾ ਦੁੱਖ ਸੁੱਖ ਸਾਂਝਾ ਕਰਨਾ ਸ਼ੁਰੂ ਕਰ ਦਿੱਤਾ। ਉਸ ਦੀ ਮਾਂ ਹਰ ਇੱਕ ਗੱਲ ਉਸ ਨੂੰ ਪੁੱਛਦੀ ਤੇ ਕਹਿੰਦੀ ਪੁੱਤ ਤੂੰ ਸਿਅਣੀ ਹੈਂ। ਮਾਂ ਦੇ ਸਿਆਣੀ ਕਹਿਣ ਤੇ ਉਹ ਹੋਰ ਵੀ ਸੋਚਦੀ ਤੇ ਹੋਰ ਸਿਆਣੀ ਹੁੰਦੀ ਗਈ। ਉਸ ਨੇ ਪੜ੍ਹਾਈ ਵਿੱਚ ਵੀ ਚੰਗੇ ਨੰਬਰ ਲੈ ਕੇ ਪਾਸ ਹੋਣਾ। ਇਸ ਤਰ੍ਹਾਂ ਛੋਟੀਆਂ ਵੀ ਪੜ੍ਹਦੀਆਂ ਗਈਆਂ। ਮਾਂ ਨੂੰ ਵੀ ਸਕੂਨ ਮਿਲ਼ਦਾ ਕਿ ਮੇਰੀਆਂ ਬੱਚੀਆਂ ਚੰਗੀ ਪੜ੍ਹਾਈ ਕਰਦੀਆਂ ਤੇ ਇਸ ਤਰ੍ਹਾਂ ਇਨ੍ਹਾਂ ਦੇ ਰਿਸ਼ਤੇ ਵੀ ਚੰਗੇ ਘਰੀਂ ਹੋ ਜਾਣਗੇ। ਪਰ ਛਿੰਦੀ ਤੇ ਬਿੰਦੀ ਦੋਨੋ ਹੀ ਕੁੱਝ ਸ਼ਰਾਰਤੀ ਸਨ। ਇੱਕ ਵਾਰ ਮਾਂ ਕੁੱਝ ਸੂਟ ਖਰੀਦ ਕੇ ਲੈਕੇ ਆਈ। ਉਨ੍ਹਾਂ ਵਿੱਚੋਂ ਕੁੱਝ ਵਿਸ਼ੇਸ਼ ਕਰ ਕੇ ਮਿੰਦੋ ਲਈ ਸਨ। ਕਿ ਉਹ ਹੁਣ ਕਾਲਜ ਜਾਣ ਲੱਗ ਪਈ ਹੈ। ਪਰ ਛਿੰਦੀ ਤੇ ਬਿੰਦੀ ਨੇ ਰੌਲ਼ਾ ਪਾ ਲਿਆ ਕਿ ਨਹੀਂ ਇਹ ਸੂਟ ਤਾਂ ਅਸੀਂ ਲੈਣੇ ਹਨ। ਮਾਂ ਕਹਿੰਦੀ ਕੋਈ ਨਹੀਂ ਪੁੱਤ ਇਹ ਵੱਡੀ ਹੈ ਤੁਸੀਂ ਇਸ ਨੂੰ ਦੇ ਦੇਵੋ। ਜਦੋਂ ਤੁਸੀਂ ਵੱਡੀਆਂ ਹੋ ਗਈਆਂ ਉਦੋਂ ਤੁਹਾਨੂੰ ਵੀ ਲੈ ਦੇਵਾਂਗੀ। ਦੋਵੇਂ ਹੀ ਬੋਲਣ ਲੱਗੀਆਂ ਅਸੀਂ ਤਾਂ ਵੱਡੀਆਂ ਹੋਣਾ ਹੀ ਨਹੀਂ ਵੱਡੀ ਤਾਂ ਇਹੋ ਹੀ ਰਹੇਗੀ। ਅਸੀ ਤਾਂ ਇਸ ਤੋਂ ਪਿੱਛੋਂ ਜੰਮੀਆਂ ਸਾਨੂੰ ਮਾਂ ਤੂੰ ਕਦੋਂ ਕਹੇਂਗੀ ਕਿ ਅਸੀਂ ਵੱਡੀਆਂ ਹਾਂ। ਸੋ ਹਾਰ ਕੇ ਮਾਂ ਕਹਿੰਦੀ ਪੁੱਤ ਮਿੰਦੋ ਤੂੰ ਸਿਆਣਾ ਪੁੱਤ ਹੈਂ ਇਹ ਸੂਟ ਇਹਨਾਂ ਨੂੰ ਸਵਾ ਲੈਣਦੇ। ਮੈਂ ਤੈਨੂੰ ਹੋਰ ਲਿਆ ਦੇਵਾਂਗੀ। ਇਸੇ ਤਰ੍ਹਾਂ ਦਿਨ ਬੀਤਦੇ ਗਏ। ਮਿੰਦੋ ਨੇ ਐੱਮ.ਏ ਪਾਸ ਕਰ ਲਈ। ਉਸ ਦਾ ਵਿਆਹ ਵੀ ਇੱਕ ਚੰਗੇ ਘਰ ਵਿੱਚ ਹੋ ਗਿਆ। ਸਮਾਂ ਪਾ ਕੇ ਛਿੰਦੀ ਤੇ ਬਿੰਦੀ ਵੀ ਪੜ੍ਹ ਲਿਖ ਕੇ ਚੰਗੀਂ ਘਰੀ ਵਿਆਹੀਆਂ ਗਈਆਂ। ਮਿੰਦੋ ਚੰਗਾ-ਚੰਗਾ ਅਨੁਭਵ ਕਰਦੀ ਕਿ ਮੇਰੀਆਂ ਭੈਣਾਂ ਮੇਰੀਆਂ ਬਾਹਾਂ ਹਨ ਤੇ ਆਪਣੇ ਘਰੀਂ ਸੌਖੀਆਂ ਹਨ। ਪਰ ਉਹ ਐਨੀਆਂ ਸੌਖੀਆਂ ਹੋ ਗਈਆਂ ਕਿ ਉਨ੍ਹਾਂ ਨੇ ਮਿੰਦੋ ਭੈਣ ਵੱਲ ਧਿਆਨ ਦੇਣਾ ਹੀ ਛੱਡ ਦਿੱਤਾ। ਜੇ ਮਿੰਦੋ ਨੇ ਛਿੰਦੀ ਨੂੰ ਕਹਿਣਾ ਕਿ ਭੈਣੇ ਦੋ ਦਿਨ ਆ ਕੇ ਮੈਨੂੰ ਮਿਲ਼ ਜਾ। ਦੋਵੇਂ ਭੈਣਾਂ ਬੈਠ ਕੇ ਆਪਣਾ ਦੁੱਖ ਸੁੱਖ ਕਰਾਂਗੀਆਂ। ਤਾਂ ਛਿੰਦੀ ਨੇ ਕਹਿਣਾ ਕਿ ਹਾਂ ਭੈਣ ਆਊਂਗੀ ਜਦੋਂ ਵਿਹਲ ਮਿਲਿਆ। ਪਰ ਵਿਹਲ ਅੱਜ ਮਿਲ਼ਦਾ ਹੈ। ਜਾਂ ਉਸ ਨੇ ਕਹਿਣਾ ਕਿ ਜਦੋਂ ਬਿੰਦੀ ਭੈਣ ਨੂੰ ਵਿਹਲ ਹੋਇਆ ਫੇਰ ਅਸੀਂ ਦੋਵੇਂ ਗੇੜਾ ਮਾਰ ਕੇ ਜਾਵਾਂਗੀਆਂ। ਇੱਕ ਨੂੰ ਵਿਹਲ ਨਹੀਂ ਸੀ ਮਿਲ਼ਦਾ ਦੋਹਾਂ ਨੂੰ ਕੱਠੀਆਂ ਨੂੰ ਕਦੋਂ ਵਿਹਲ ਮਿਲਣਾ ਸੀ। ਗੱਲ ਕੀ ਨਾ ਨੌ ਮਣ ਤੇਲ ਹੋਇਆ ਤੇ ਨਾ ਰਾਧਕਾ ਨੱਚੀ। ਸਮਾਂ ਪਾ ਕੇ ਮਿੰਦੋ ਦੀ ਮਾਂ ਵੀ ਰੱਬ ਨੂੰ ਪਿਆਰੀ ਹੋ ਗਈ। ਹੁਣ ਮਿੰਦੋ ਕੋਲ ਕੋਈ ਵੀ ਆਪਣਾ ਸਕਾ ਨਹੀਂ ਸੀ ਸਿਵਾਇ ਅਪਣੀਆਂ ਭੈਣਾਂ ਦੇ। ਭਾਵੇਂ ਮਿੰਦੋ ਆਪਣੇ ਘਰ ਸੌਖੀ ਸੀ ਪਰ ਫੇਰ ਵੀ ਉ ਸੋਚਦੀ ਕਿ ਮੈਂ ਭੈਣਾਂ ਲਈ ਐਨਾਂ ਕੀਤਾ ਹੈ ਇਹ ਮੈਨੂੰ ਕਦੇ ਵੀ ਪਿੱਠ ਨਹੀਂ ਦਿਖਉਣਗੀਆਂ। ਮਿੰਦੋ ਨੇ ਛਿੰਦੀ ਨੂੰ ਕਿਹਾ ਭੈਣੇ ਬੱਚਿਆਂ ਨੂੰ ਬੜੇ ਦਿਨਾਂ ਦੀਆਂ ਛੁੱਟੀਆਂ ਹਨ ਬੱਚੇ ਕਹਿੰਦੇ ਹਨ ਕਿ ਅਸੀਂ ਮਾਸੀ ਨੂੰ ਮਿਲ਼ ਕੇ ਆਉਣਾ ਹੈ। ਤਾਂ ਛਿੰਦੀ ਨੇ ਫਟ ਦੇਣੇ ਜੁਆਬ ਦਿੱਤਾ। ਭੈਣੇ ਅਸੀਂ ਤਾਂ ਆਪ ਕਿਤੇ ਬਾਹਰ ਜਾ ਰਹੇ ਹਾਂ ਤੁਸੀਂ ਕਦੇ ਫੇਰ ਪ੍ਰੋਗਰਾਮ ਬਣਾ ਲੈਣਾ। ਇਹ ਉੱਤਰ ਸੁਣ ਕੇ ਮਿੰਦੋ ਦਾ ਦਿਲ ਬੜਾ ਹੀ ਖਰਾਬ ਹੋਇਆ। ਜਦ ਕਦੇ ਛਿੰਦੀ ਜਾਂ ਬਿੰਦੀ ਨੂੰ ਕੋਈ ਕੰਮ ਪੈਂਦਾ ਤਾਂ ਮਿੰਦੋ ਵੱਡੀ ਹੋਣ ਦੇ ਨਾਤੇ ਕਦੀ ਵੀ ਇਨਕਾਰ ਨਾ ਕਰਦੀ ਭਾਵੇਂ ਆਪ ਔਖੀ ਹੀ ਕਿਓਂ ਨਾ ਹੋਣਾ ਪਵੇ। ਉਹ ਉਨ੍ਹਾਂ ਦੇ ਹਰ ਇੱਕ ਕੰਮ ਆਉਣ ਲਈ ਤੱਤਪਰ ਰਹਿੰਦੀ। ਕਿਉਂਕਿ ਉਸ ਦੀ ਮਾਂ ਨੇ ਇਹੋ ਹੀ ਸਿੱਖਿਆ ਦਿੱਤੀ ਸੀ ਕਿ ਪੁੱਤ ਇਹ ਤੇਰੀਆਂ ਛੋਟੀਆਂ ਭੈਣਾਂ ਹਨ। ਮਾਂ ਦੀ ਉਸਾਰੀ ਇਹ ਭਾਵਨਾ ਉਸ ਦੀ ਰੂਹ ਵਿੱਚ ਰਚ ਗਈ ਸੀ। ਹਾਂ ਜਦੋਂ ਕਦੇ ਛਿੰਦੀ ਤੇ ਬਿੰਦੀ ਨੇ ਕਹਿ ਦੇਣਾ ਭੈਣ ਤੂੰ ਤਾਂ ਸਾਡੀ ਮਾਵਾਂ ਵਰਗੀ ਭੈਣ ਹੈਂ ਸਾਨੂੰ ਪਤਾ ਹੈ ਤੂੰ ਸਾਡਾ ਇਹ ਕੰਮ ਜਰੂਰ ਕਰ ਦੇਵੇਂਗੀ। ਉਸ ਸਮੇਂ ਮਿੰਦੋ ਨੂੰ ਸਭ ਕੁੱਝ ਭੁੱਲ ਜਾਂਦਾ ਕਿ ਇਹ ਤਾਂ ਮੈਨੂੰ ਠਾਹ ਕੋਰਾ ਜਵਾਬ ਦੇ ਦਿੰਦੀਆਂ ਹਨ ਤੇ ਉਹ ਫੇਰ ਔਖੀ ਸੌਖੀ ਉਨ੍ਹਾਂ ਦਾ ਬੁੱਤਾ ਸਾਰਦੀ। ਤਿੰਨ ਕੁ ਸਾਲ ਦੀ ਗੱਲ ਹੈ। ਛਿੰਦੀ ਨੇ ਆਪਣੇ ਮੁੰਡੇ ਦਾ ਵਿਆਹ ਰੱਖ ਲਿਆ ਤੇ ਮਿੰਦੋ ਨੂੰ ਬੜੀ ਖੁਸ਼ੀ ਹੋਈ ਕਿ ਮੇਰੇ ਭਾਣਜੇ ਦਾ ਵਿਆਹ ਹੈ। ਉਹ ਮਹੀਨਾ ਪਹਿਲੋਂ ਹੀ ਭੈਣ ਕੋਲ਼ ਚਲੀ ਗਈ ਤੇ ਕਿਹਾ ਕਿ ਭੈਣੇ ਕੋਈ ਕੰਮ ਹੈ ਤਾਂ ਦੱਸ। ਛਿੰਦੀ ਨੇ ਹੋਰ ਗੱਲਾਂ ਕਰਨ ਤੋਂ ਪਿੱਛੋਂ ਕਿਹਾ ਕਿ ਭੈਣੇ ਆਪਾਂ ਮਿਠਾਈ ਤਾਂ ਮੁੱਲ ਲੈ ਲਵਾਂਗੇ। ਮੈਨੂੰ ਇਹ ਝੰਝਟ ਘਰੇ ਕਰਨਾ ਔਖਾ ਲੱਗਦਾ ਹੈ। ਮਿੰਦੋ ਨੇ ਜਦੋਂ ਹਲਵਾਈ ਨੂੰ ਘਰ ਸੱਦ ਕੇ ਮਿਠਾਈ ਚੈੱਕ ਕੀਤੀ ਜਿਹੜੀ ਛਿੰਦੀ ਨੇ ਮੰਗਵਾਉਣੀ ਕੀਤੀ ਸੀ ਉਸ ਵਿੱਚੋਂ ਤਾਂ ਘਟੀਆ ਤੇਲ ਦੀ ’ਸਮੈੱਲ’ ਆ ਰਹੀ ਸੀ। ਮਿੰਦੋ ਕਹਿੰਦੀ ਕੁੜੇ ਭੈਣੇ ਤੂੰ ਆਹ ਮਿਠਾਈ ਮਹਿਮਾਨਾਂ ਨੂੰ ਪਰੋਸੇਂਗੀ? ਸੁੱਖ ਨਾਲ ਤੇਰਾ ਐਨਾ ਵੱਡਾ ਘਰ ਹੈ। ਚੰਗੀ ਜਮੀਨ ਜਾਇਦਾਦ ਦੀ ਤੂੰ ਮਾਲਕ ਹੈਂ। ਛਿੰਦੀ ਕਹਿੰਦੀ ਚੰਗਾ ਫੇਰ ਤੂੰ ਹੀ ਕਰੀਂ ਇਹ ਕੰਮ। ਜੇਹੜੇ ਹਲਵਾਈ ਨੂੰ ਲਾਉਣੈ ਹੈ ਓਹੋ ਹੀ ਲਾ ਲੈ। ਮੈਂ ਕਿਸੇ ਨੂੰ ਨਹੀਂ ਸਾਂਭਣਾ। ਗੱਲ ਕੀ ਕਿ ਇਹ ਸਾਰੀ ਜੁੰਮੇਵਾਰੀ ਮਿੰਦੋ ਦੇ ਸਿਰ ਆ ਪਈ। ਮਿੰਦੋ ਨੇ ਸਾਰਾ ਕੁੱਝ ਬਹੁਤ ਧੀਰਜ ਭਾਅ ਨਾਲ਼ ਨਿਭਾਇਆ। ਅਤੇ ਵਧੀਆ ਤਰੀਕੇ ਨਾਲ਼ ਨਿਭਾਇਆ। ਮਿੰਦੋ ਦਾ ਪਤੀ ਕਹਿਣ ਲੱਗਾ ਕਿ ਤੂੰ ਆਪੇ ਸਿਰਦਰਦੀ ਸਹੇੜ ਲੈਂਦੀ ਹੈਂ, ਫਿਰ ਔਖੀ ਹੁੰਦੀ ਹੈਂ। ਮਿੰਦੋ ਕਹਿੰਦੀ ਕੀ ਕਰਾਂ ਵੱਡੀ ਜੋ ਹੋਈ। ਇਹ ਰਿਸ਼ਤੇ ਵੀ ਧੁੱਪ ਤੇ ਛਾਂ ਵਾਂਗ ਹੁੰਦੇ ਨੇ ਸਦਾ ਨਾਲ਼-ਨਾਲ਼ ਚੱਲਦੇ ਹਨ। ਚਲੋ ਕੋਈ ਗੱਲ ਨਹੀਂ ਸੋਹਣਾ ਵਿਆਹ ਹੋ ਗਿਆ ਹੈ। ਸਭ ਖੁਸ਼ੀਆਂ ਕੀਤੀਆਂ ਪਰ ਵਿਆਹ ਦੇ ਮਹੀਨੇ ਬਾਅਦ ਜਦੋਂ ਤਿੰਨੇ ਭੈਣਾਂ ਇਕੱਠੀਆਂ ਹੋਈਆਂ ਤਾਂ ਛਿੰਦੀ ਨੇ ਸਭ ਦੇ ਸਾਹਮਣੇ ਮਿੰਦੋ ਨੂੰ ਮਿਹਣਾ ਮਾਰ ਦਿੱਤਾ। ਤੁਸੀਂ ਮੇਰੇ ਲਈ ਕੀ ਕੀਤਾ ਹੈ। ਤੁਹਾਡੇ ਨਾਲੋਂ ਤਾਂ ਮੇਰੀ ਸਹੇਲੀ ਅਮਰੋ ਹੀ ਚੰਗੀ ਹੈ ਜਿਸ ਨੇ ਮੇਰੇ ਬੇਟੇ ਦੇ ਵਿਆਹ ਦਾ ਸਾਰਾ ਕਾਰਜ ਆਪਣਾ ਸਮਝ ਕੇ ਕੀਤਾ। ਮੈਂ ਤਾਂ ਅਮਰੋ ਦਾ ਦੇਣ ਨਹੀਂ ਦੇ ਸਕਦੀ। ਅਮਰੋ ਉਨ੍ਹਾਂ ਦੇ ਪਿੰਡ ਦੀ ਹੀ ਲੜਕੀ ਸੀ ਅਤੇ ਅਮਰੋ ਤੇ ਛਿੰਦੀ ਸਹੇਲੀਆਂ ਬਣੀਆਂ ਹੋਈਆਂ ਸਨ। ਅਮਰੋ ਨੇ ਵਿਆਹ ਵਿੱਚ ਛਿੰਦੀ ਨੂੰ ਸੋਨੇ ਦਾ ਸੈੱਟ ਤੇ ਸ਼ਾਇਦ ਉਸ ਦੇ ਬੇਟੇ ਨੂੰ ਵੀ ਕੋਈ ਗਹਿਣਾ ਪਾਇਆ ਸੀ। ਬੱਸ ਇਸ ਗੱਲ ਤੋਂ ਹੀ ਉਹ ਅਮਰੋ ਦੇ ਗੁਣ ਗਾਉਂਦੀ ਨਹੀਂ ਸੀ ਥੱਕਦੀ। ਇੱਕ ਦਿਨ ਮਿੰਦੋ ਦੇ ਪਤੀ ਨੇ ਕਿਹਾ ਕਿ ਮਿੰਦੋ ਤੈਨੂੰ ਤੇਰੀਆਂ ਦੋਵੇਂ ਭੈਣਾਂ ਵਰਤ ਰਹੀਆਂ ਹਨ। ਤੇਰੇ ਨਾਲ਼ ਉਹ ਢਿੱਡੋਂ ਸੁਥਰੀਆਂ ਨਹੀਂ ਹਨ। ਤੈਨੂੰ ਪਤਾ ਨਹੀਂ ਕਿਓਂ ਨਹੀਂ ਸਮਝ ਪੈ ਰਹੀ। ਮਿੰਦੋ ਇਹ ਸੁਣ ਕੇ ਡੂੰਘੀਆਂ ਸੋਚਾਂ ਵਿੱਚ ਪੈ ਗਈ ਤੇ ਉਹ ਸੋਚਦੀ ਕਿ ਗੱਲ ਤਾਂ ਇਨ੍ਹਾਂ ਦੀ ਠੀਕ ਹੈ। ਜਦੋਂ ਕਦੇ ਭੈਣਾਂ ਦਾ ਕੋਈ ਅੜਿਆ ਹੋਇਆ ਕੰਮ ਹੁੰਦਾ ਹੈ ਤਾਂ ਮਿੰਦੋ ਨੂੰ ਹੀ ਆਵਾਜ਼ ਪੈਂਦੀ ਹੈ ਕਿ ਆਜਾ ਭੈਣੇ ਤੂੰ ਵੱਡੀ ਵੀ ਹੈ ਅਤੇ ਸਿਆਣੀ ਵੀ। ਇਹ ਤਾਂ ਓਹੀ ਗੱਲ ਹੋਈ ਕਿ ‘ਪੈਸਿਆਂ ਸੰਗ ਰਿਸ਼ਤੇਦਰੀ, ਮਾਂ, ਬਾਪ ਨਾ ਭੈਣ ਪਿਆਰੀ।’ ਉਹ ਸੋਚਦੀ ਇਹ ਵੱਡੀ ਭੈਣ ਦੀ ਰਿਸ਼ਤੇਦਾਰੀ ਕੇਵਲ ਦੋਵੇਂ ਭੈਣਾਂ ਦੇ ਆਪਣੇ ਮਤਲਬ ਲਈ ਹੀ ਹੈ। ਇਨ੍ਹਾਂ ਸੋਚਾਂ-ਵਿਚਾਰਾਂ ਦੇ ਚੱਕਰ ਵਿੱਚ ਮਿੰਦੋਂ ਨੂੰ ਮਾਂ ਦੀ ਸੁਣਾਈ ਹੋਈ ਇੱਕ ਕਹਾਣੀ ਯਾਦ ਆ ਗਈ। ‘ਇੱਕ ਰਾਜਾ ਸੀ। ਪਰ ਸੀ ਉਹ ਬੜਾ ਕੰਜੂਸ। ਨਾ ਉਹ ਆਪ ਕਿਸੇ ਨੂੰ ਇਨਾਮ-ਕਿਨਾਮ ਦਿੰਦਾ ਸੀ ਅਤੇ ਨਾ ਹੀ ਆਪਣੇ ਕਿਸੇ ਅਹਿਲਕਾਰ ਨੂੰ ਦੇਣ ਦਿੰਦਾ ਸੀ। ਇੱਕ ਵੇਰ ਉਸਦੇ ਦਰਬਾਰ ਵਿੱਚ ਇੱਕ ਨਾਟ ਮੰਡਲੀ ਆਈ। ਜਿਨ੍ਹਾਂ ਦਾ ਕੰਮ ਸੀ ਰਾਜਿਆਂ ਮਹਾਰਾਜਿਆਂ ਕੋਲ਼ ਜਾ ਕੇ ਆਪਣੇ ਕਰਤਬ ਪੇਸ਼ ਕਰਨੇ ਅਤੇ ਇਨਾਮ-ਕਿਨਾਮ ਲੈਣੇ। ਰਾਤ ਨੂੰ ਰਾਜੇ ਦੇ ਦਰਬਾਰ ਵਿੱਚ ਮਹਿਫਲ ਸਜੀ। ਨਾਟ ਮੰਡਲੀ ਨੇ ਆਪਣੀ ਕਲਾ ਦੇ ਕਮਾਲ ਜੌਹਰ ਦਿਖਾਏ। ਪਰ ਨਾ ਰਾਜੇ ਨੇ ਕੋਈ ਇਨਾਮ ਦਿੱਤਾ ਅਤੇ ਨਾ ਹੀ, ਚਾਹੁੰਦੇ ਹੋਏ ਵੀ, ਕਿਸੇ ਦਰਬਾਰੀ ਨੇ ਹੀ ਕੋਈ ਇਨਾਮ ਦਿੱਤਾ। ਕਿਉਂਕਿ ਰਾਜ ਦੀ ਮਰਿਆਦਾ ਸੀ ਕਿ ਰਾਜੇ ਤੋਂ ਪਹਿਲੋਂ ਕੋਈ ਦਰਬਾਰੀ ਕਿਸੇ ਨੂੰ ਇਨਾਮ ਨਹੀਂ ਦੇ ਸਕਦਾ ਸੀ ਅਤੇ ਨਾ ਕੋਈ ਰਾਜੇ ਤੋਂ ਵੱਧ ਦੇ ਸਕਦਾ ਸੀ। ਜਦੋਂ ਰਾਤ ਦਾ ਚੌਥਾ ਪਹਿਰ ਚੱਲ ਪਿਆ ਤਾਂ ਨਟਣੀ ਨੇ ਸਾਜ ਬਜਾ ਰਹੇ ਆਪਣੇ ਪਤੀ ਨਟ ਨੂੰ ਗਾਇਕੀ ਵਿੱਚ ਸੈਨਤ ਕੀਤੀ, “ਬਹੁਤੀ ਗਈ ਥੋੜੀ ਰਹੀ, ਥੋੜੀ ਵੀ ਹੁਣ ਜਾਏ। ਨਟਣੀ ਕਹੇ ਸੁਣ ਨਾਟ ਰੇ, ਤਾਲ ਨੂੰ ਧੀਮਾਂ ਪਾਏ।” ਅੱਗੋਂ ਨਟ ਨੇ ਤਾਲ ਨੂੰ ਟੌਪ ਗੇਅਰ ਵਿੱਚ ਹੀ ਰੱਖਦਿਆਂ ਉੱਤਰ ਦਿੱਤਾ, “ਬਹੁਤੀ ਗਈ ਥੋੜੀ ਰਹੀ, ਥੋੜੀ ਵੀ ਹੁਣ ਜਾਏ। ਨਟ ਕਹੇ ਸੁਣ ਨਟਣੀ ਤਾਲ ਨਾ ਧੀਮਾ ਪਾਏ।” ਇਹ ਸੁਣਦੇ ਸਾਰ ਹੀ ਰਾਜ-ਕੁਮਾਰ ਨੇ ਵੇਗ ਵਿੱਚ ਆ ਕੇ ਆਪਣਾ ਸਭ ਤੋਂ ਕੀਮਤੀ ਮੋਤੀਆਂ ਦਾ ਹਾਰ ਗਲ਼ ਵਿੱਚੋਂ ਲਾਹ ਕੇ ਨਟਣੀ ਉੱਤੋਂ ਬਾਰ ਦਿੱਤਾ। ਉਸ ਦੇ ਮਗਰ ਹੀ ਹੌਸਲਾ ਕਰ ਕੇ ਰਾਜ-ਕੁਮਾਰੀ ਨੇ ਵੀ ਆਪਣਾ ਕੀਮਤੀ ਹਾਰ ਨਟਣੀ ਤੋਂ ਬਾਰ ਦਿੱਤਾ। ਦੇਖਦਿਆਂ-ਦੇਖਦਿਆਂ ਦਰਬਾਰੀਆਂ ਨੇ ਵੀ ਤੋਹਫਿਆਂ ਦੇ ਢੇਰ ਲਾ ਦਿੱਤੇ। ਪੂਰੀ ਨਾਟ ਮੰਡਲੀ ਦੇ ਪੁਸ਼ਤਾਂ ਦੇ ਧੋਣੇ ਧੋਤੇ ਗਏ। ਪਰ ਰਾਜੇ ਨੂੰ ਚੜ੍ਹ ਗਿਆ ਵੱਟ। ਅਗਲੀ ਸਵੇਰ ਹੀ ਰਾਜੇ ਨੇ ਸਾਰਿਆਂ ਨੂੰ ਤਲਬ ਕਰ ਲਿਆ। ਸਭ ਤੋਂ ਪਹਿਲੋਂ ਉਸ ਨੇ ਰਾਜ-ਕੁਮਾਰ ਨੂੰ ਹੀ ਉਸਦੀ ਗੁਸਤਾਖੀ ਦਾ ਸਬੱਬ ਪੁੱਛਿਆ। ਰਾਜ-ਕੁਮਾਰ ਬੋਲਿਆ, “ਹਜ਼ੂਰ ਮੇਰੀ ਜੁਆਨੀ ਢਲ਼ ਚੱਲੀ ਹੈ। ਨਾ ਤੁਸੀਂ ਆਪ ਰਾਜ ਦਾ ਸੁਖ ਮਾਣਦੇ ਹੋ ਅਤੇ ਨਾ ਹੀ ਮੈਨੂੰ ਮਾਨਣ ਦਿੰਦੇ ਹੋ। ਦੁਖੀ ਹੋ ਕੇ ਮੈਂ ਤੁਹਾਨੂੰ ਕਤਲ ਕਰਨ ਦਾ ਮਨ ਬਣਾ ਲਿਆ ਸੀ। ਨਟ ਦੇ ਬਚਨ ਸੁਣਕੇ ਮੈਂ ਫੈਸਲਾ ਕਰ ਲਿਆ ਹੈ ਕਿ ਪਿਤਾ ਸ਼੍ਰੀ ਕਿਤਨੀ ਕੁ ਦੇਰ ਬੈਠੇ ਰਹਿਣਗੇ। ਮੈਨੂੰ ਸਬਰ ਕਰਨਾ ਚਾਹੀਦਾ ਹੈ ਅਤੇ ਇਸ ਪਾਪ ਦਾ ਕਲੰਕ ਆਪਣੇ ਮੱਥੇ ਉੱਤੇ ਨਹੀਂ ਲਾਉਣਾ ਚਾਹੀਦਾ।” ਰਾਜੇ ਨੇ ਰਾਜ-ਕੁਮਾਰੀ ਨੂੰ ਪੁੱਛਿਆ, “ਰਾਜ-ਕੁਮਾਰ ਦੀ ਦਲੀਲ ਸਹੀ ਹੈ। ਪਰ ਤੂੰ ਕਿਓਂ ਗੁਸਤਾਖੀ ਕੀਤੀ।” ਰਾਜ-ਕੁਮਾਰੀ ਬੋਲੀ, “ਮੇਰੀ ਆਪਣੀ ਸਮੱਸਿਆ ਹੈ। ਮੇਰੀ ਵੀ ਜੁਆਨੀ ਢਲ਼ ਚੱਲੀ ਹੈ ਪਰ ਹਜ਼ੂਰ ਮੇਰਾ ਵਿਆਹ ਨਹੀਂ ਕਰਦੇ। ਮੈਂ ਵੀ ਫੈਸਲਾ ਕੀਤਾ ਸੀ ਕਿ ਮੌਕਾ ਮਿਲ਼ਦਿਆਂ ਹੀ ਵਜ਼ੀਰ ਦੇ ਲੜਕੇ ਨਲ਼ ਕਿਧਰੇ ਦੌੜ ਜਾਣਾ ਹੈ। ਮੈਂ ਵੀ ਨਟ ਦੇ ਬੋਲ ਸੁਣਕੇ ਆਪਣਾ ਇਰਾਦਾ ਬਦਲ ਕੇ ਧੀਰਜ ਦਾ ਪੱਲਾ ਫੜ ਲਿਆ ਹੈ ਕਿ ਆਖਰ ਕਦੇ ਤਾਂ ਮੇਰਾ ਵਿਆਹ ਹੋਵੇਗਾ ਹੀ। ਮੈਂ ਕਿੱਡੇ ਵੱਡੇ ਗੁਨਾਹ ਤੋਂ ਬਚ ਗਈ ਹਾਂ। ਇਸ ਲਈ ਮੈਂ ਆਪਣਾ ਕੀਮਤੀ ਹਾਰ ਉਨ੍ਹਾਂ ਨੂੰ ਦੇ ਦਿੱਤਾ।” ਇਸ ਤੋਂ ਅੱਗੇ ਪੁੱਛ ਪੜਤਾਲ਼ ਕਰਨ ਦੀ ਰਾਜੇ ਦੀ ਹਿੰਮਤ ਹੀ ਨਾ ਰਹੀ। ਅਤੇ ਉਹ ਆਪਣੇ ਵਿਵਹਾਰ ਨੂੰ ਨਵਾਂ ਰੂਪ ਦੇਣ ਬਾਰੇ ਸੋਚਣ ਲੱਗਾ। ‘ਕੀ ਮੈਨੂੰ ਵੀ ਚੰਗਿਆਈ ਦਾ ਪੱਲਾ ਅਡੋਲ ਨਹੀਂ ਫੜੀ ਰੱਖਣਾ ਚਾਹੀਦਾ?’ ਮਿੰਦੋ ਸੋਚ ਰਹੀ ਸੀ! |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਹਰਜੋਗਿੰਦਰ ਤੂਰ
Brampton, Ontario, Canada
Phone: +1 647-926-9797
Email: hargur.toor1@gmail.com

by 