ਹਰ ਮਨੁੱਖ ਆਪਣੀ ਵੱਖਰੀ ਸ਼ਖਸੀਅਤ ਬਣਾ ਸਕਦਾ ਹੈ—
ਮਿਟਾ ਦੇ ਆਪਣੀ ਹਸਤੀ ਕੋ
ਅਗਰ ਕੋਈ ਮਰਤਬਾ ਚਾਹੇ,
ਕਿ ਦਾਣਾ ਖਾਕ ਮੇਂ ਮਿਲ ਕਰ
ਗੁਲ-ਓ-ਗੁਲਜ਼ਾਰ ਹੋਤਾ ਹੈ।
—ਇਕਬਾਲ
ਪ੍ਰਮਾਤਮਾ ਨੇ ਹਰ ਮਨੁੱਖ ਨੂੰ ਕੋਈ ਨਾ ਕੋਈ ਐਸਾ ਹੁਨਰ ਦਿੱਤਾ ਹੈ ਜਿਸ ਨੂੰ ਉਭਾਰ ਕੇ ਉਹ ਆਪਣੀ ਵੱਖਰੀ ਸ਼ਖਸੀਅਤ ਬਣਾ ਸਕਦਾ ਹੈ ਅਤੇ ਜ਼ਿੰਦਗੀ ਵਿਚ ਉਹ ਇਕ ਕਾਮਯਾਬ ਮਨੁੱਖ ਬਣ ਸਕਦਾ ਹੈ। ਦੁਨੀਆਂ ਵਿਚ ਕੋਈ ਮਨੁੱਖ ਐਸਾ ਨਹੀਂ ਜਿਸ ਵਿਚ ਔਗੁਣ ਹੀ ਔਗੁਣ ਹੋਣ ਅਤੇ ਗੁਣ ਕੋਈ ਵੀ ਨਾ ਹੋਵੇ ਜਾਂ ਜਿਸ ਵਿਚ ਗੁਣ ਹੀ ਗੁਣ ਹੋਣ ਅਤੇ ਔਗੁਣ ਕੋਈ ਵੀ ਨਾ ਹੋਵੇ। ਪ੍ਰਮਾਤਮਾ ਸਭ ਨੂੰ ਆਪਣੀਆਂ ਦਾਤਾਂ ਆਪਣੇ ਹਿਸਾਬ ਵਿਚ ਵੰਡ ਕੇ ਦਿੰਦਾ ਹੈ। ਜਿਵੇਂ ਇਕ ਮਾਂ ਨੂੰ ਆਪਣੇ ਸਾਰੇ ਬੱਚੇ ਚੰਗੇ ਲੱਗਦੇ ਹਨ। ਉਸ ਨੂੰ ਆਪਣੇ ਝੱਲ ਬਲੱਲੇ ਬੱਚੇ ਵੀ ਪਿਆਰੇ ਲੱਗਦੇ ਹਨ। ਉਹ ਆਪ ਭਾਵੇਂ ਆਪਣੇ ਬੱਚੇ ਨੂੰ ਜਿੰਨਾ ਮਰਜ਼ੀ ਕੁੱਟ ਲਏ ਜਾਂ ਡਾਂਟ ਲਏ ਪਰ ਮਜ਼ਾਲ ਹੈ ਕਿ ਉਹ ਕਿਸੇ ਦੂਜੇ ਬੰਦੇ ਨੂੰ ਆਪਣੇ ਬੱਚੇ ਬਾਰੇ ਕੋਈ ਮਾੜਾ ਸ਼ਬਦ ਵੀ ਬੋਲਣ ਦਏ। ਉਹ ਹਮੇਸ਼ਾਂ ਦੂਜੇ ਸਾਹਮਣੇ ਆਪਣੇ ਬੱਚੇ ਦੀਆਂ ਭੈੜੀਆਂ ਆਦਤਾਂ ਨੂੰ ਅੱਖੋਂ ਉਹਲੇ ਕਰੇਗੀ। ਇਸੇ ਤਰ੍ਹਾਂ ਹੀ ਪ੍ਰਮਾਤਮਾ ਵੀ ਸਾਰੇ ਮਨੁੱਖਾਂ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਪਿਆਰ ਕਰਦਾ ਹੈ। ਕੋਈ ਮਨੁੱਖ ਜੇ ਪ੍ਰਮਾਤਮਾ ਨੂੰ ਗਾਹਲਾਂ ਵੀ ਕੱਢੇ ਤਾਂ ਵੀ ਉਹ ਉਸ ਨੂੰ ਰੋਟੀ ਅਤੇ ਆਪਣੀਆਂ ਦਾਤਾਂ ਦਿੰਦਾ ਹੈ। ਉਹ ਕਦਮ ਕਦਮ ਤੇ ਹਰ ਮਨੁੱਖ ਨੂੰ ਚੰਗੇ ਕੰਮ ਕਰਨ ਦੀ ਪ੍ਰੇਰਨਾ ਦਿੰਦਾ ਹੈ।
ਬੰਦੇ ਨੂੰ ਆਪਣੀ ਵਿਲੱਖਣ ਸ਼ਖਸੀਅਤ ਬਣਾਉਣ ਲਈ ਆਪਣੇ ਹੁਨਰ ਨੂੰ ਤਰਾਸ਼ਣਾ ਚਾਹੀਦਾ ਹੈ। ਮਨੁੱਖ ਦਾ ਹੁਨਰ ਆਪਣੇ ਆਪ ਹੀ ਅੰਦਰੋਂ ਫੁੱਟਦਾ ਹੈ ਅਤੇ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ। ਤੁਹਾਨੂੰ ਵੀ ਪ੍ਰਮਾਤਮਾ ਨੇ ਕੋਈ ਨਾ ਕੋਈ ਗੁਣ ਜ਼ਰੂਰ ਦਿੱਤਾ ਹੈ। ਉਸ ਨੂੰ ਉਭਾਰੋ। ਆਪਣੀਆਂ ਸੁੱਤੀਆਂ ਸ਼ਕਤੀਆਂ ਨੂੰ ਜਗਾਓ। ਦੇਖੋ ਤੁਹਾਡੀ ਕਿਸ ਕੰਮ ਵਿਚ ਜ਼ਿਆਦਾ ਦਿਲਚੱਸਪੀ ਹੈ। ਉਸ ਕੰਮ ਵਿਚ ਪ੍ਰਵੀਨਤਾ ਹਾਸਿਲ ਕਰੋ। ਉਸ ਗੁਣ ਦੀ ਬਦੌਲਤ ਤੁਸੀਂ ਦੁਨੀਆਂ ਦੇ ਆਸਮਾਨ ਤੇ ਧਰੂ ਤਾਰੇ ਦੀ ਤਰ੍ਹਾਂ ਚਮਕੋ। ਐਵੇਂ ਆਤਿਸ਼ਬਾਜ਼ੀ ਦੀ ਤਰ੍ਹਾਂ ਫੁੱਸ ਹੋ ਕੇ ਹੀ ਨਾ ਰਹਿ ਜਾਵੋ। ਹੀਰਾ ਤਰਾਸ਼ੇ ਜਾਣ ਦੀ ਕ੍ਰਿਆ ਵਿਚੋਂ ਗੁਜ਼ਰ ਕੇ ਹੀ ਆਪਣਾ ਮੁਲ ਪੁਵਾਉਂਦਾ ਹੈ। ਸੋਨੇ ਨੂੰ ਕੁਠਾਲੀ ਵਿਚ ਢਾਲਿਆ ਜਾਂਦਾ ਹੈ ਤਾਂ ਹੀ ਉਸ ਵਿਚ ਚਮਕ ਆਉਂਦੀ ਹੈ ਅਤੇ ਲੋੜ ਅਨੁਸਾਰ ਗਹਿਣੇ ਬਣਦੇ ਹਨ, ਜੋ ਖ੍ਰੀਦਦਾਰ ਦੀਆਂ ਅੱਖਾਂ ਨੂੰ ਚੂੰਧਿਆਉਂਦੇ ਹਨ। ਔਜ਼ਾਰਾਂ ਅਤੇ ਹੱਥਿਆਰਾਂ ਨੂੰ ਜੇ ਕੁਝ ਸਮੇਂ ਤੱਕ ਨਾ ਵਰਤਿਆ ਜਾਏ ਤਾਂ ਉਨ੍ਹਾਂ ਨੂੰ ਜੰਗ ਲੱਗ ਜਾਂਦਾ ਹੈ। ਫਿਰ ਉਹ ਪੂਰੀ ਤਰ੍ਹਾਂ ਕੰਮ ਨਹੀਂ ਕਰਦੇ ਇਸ ਲਈ ਸਮੇਂ ਸਮੇਂ ਚਾਕੂ, ਛੁਰੀ ਅਤੇ ਕਿਰਪਾਨ ਨੂੰ ਧਾਰ ਲਾਣੀ ਪੈਂਦੀ ਹੈ ਅਤੇ ਰੰਬੇ ਅਤੇ ਕਹੀ ਨੂੰ ਚੰਡਣਾ ਪੈਂਦਾ ਹੈ। ਇਸੇ ਤਰ੍ਹਾਂ ਮਨੁੱਖ ਦੇ ਗੁਣਾ ਨੂੰ ਜੇ ਕੁਝ ਸਮੇਂ ਤੱਕ ਨਾ ਵਰਤਿਆ ਜਾਏ ਤਾਂ ਉਨ੍ਹਾਂ ਦੇ ਨਤੀਜੇ ਘਟ ਜਾਂਦੇ ਹਨ। ਇਸ ਲਈ ਮਨੁੱਖ ਨੂੰ ਆਪਣੇ ਗੁਣਾਂ ਦਾ ਲਗਾਤਾਰ ਅਭਿਆਸ ਕਰਦੇ ਰਹਿਣਾ ਚਾਹੀਦਾ ਹੈ। ਜਿਹੜੇ ਲੋਕ ਅੱਜ ਤੱਕ ਦੁਨੀਆਂ ਵਿਚ ਕਾਮਯਾਬ ਹੋਏ ਹਨ ਉਹ ਆਪਣੇ ਹੁਨਰ ਦੀ ਬਦੋਲਤ ਹੀ ਹੋਏ ਹਨ। ਉਨ੍ਹਾਂ ਨੂੰ ਇਸ ਟੀਸੀ ਤੇ ਪਹੁੰਚਣ ਲਈ ਆਪਣੀ ਜ਼ਿੰਦਗੀ ਵਿਚ ਬਹੁਤ ਮਿਹਨਤ ਕਰਨੀ ਪਈ। ਜਿਵੇਂ ਇਕ ਬੁੱਤਸਾਜ ਬੜੀ ਮਿਹਨਤ ਨਾਲ ਇਕ ਪੱਥਰ ਨੂੰ ਤਰਾਸ਼ਦਾ ਹੈ ਤਾਂ ਹੀ ਉਹ ਪੱਥਰ ਇਕ ਸੁੰਦਰ ਮੂਰਤੀ ਵਿਚ ਪ੍ਰਗਟ ਹੁੰਦਾ ਹੈ। ਸੰਗੀਤਕਾਰ ਬੜੀ ਮਿਹਨਤ ਨਾਲ ਸੁਰਾਂ ਨੂੰ ਤਰਤੀਬ ਦਿੰਦਾ ਹੈ ਤਾਂ ਹੀ ਇਕ ਮਧੁਰ ਸੰਗੀਤ ਪੈਦਾ ਹੁੰਦਾ ਹੈ, ਨਹੀਂ ਤੇ ਇਹ ਆਪਣੇ ਆਪ ਵਿਚ ਇਕ ਬੇਸੁਰਾ ਸ਼ੋਰ ਹੀ ਹੁੰਦੀਆਂ ਹਨ। ਇਸ ਤਰ੍ਹਾਂ ਹਰ ਸ਼ਾਹਕਾਰ ਪਿਛੇ ਕਿਸੇ ਹੁਨਰਮੰਦ ਦੀ ਅਥਾਹ ਮਿਹਨਤ ਲੱਗੀ ਹੁੰਦੀ ਹੈ।
ਹਰ ਕਾਮਯਾਬ ਮਨੁੱਖ ਪਿੱਛੇ ਉਸ ਦੇ ੳੇੁਸਤਾਦ ਦੀ ਸੁਚੱਜੀ ਅਗੁਵਾਈ ਦਾ ਵਿਸ਼ੇਸ਼ ਹੱਥ ਹੁੰਦਾ ਹੈ। ਉਸਤਾਦ, ਅਧਿਆਪਕ, ਗੁਰੁ ਜਾਂ ਮੁਰਸ਼ਦ ਅਦਿ ਸਭ ਦਾ ਮਤਲਬ ਲੱਗ ਭੱਗ ਇਕੋ ਜਿਹਾ ਹੀ ਹੈ। ਅਧਿਆਪਕ ਹੀ ਆਪਣੇ ਸ਼ਗਿਰਦ ਦੇ ਗੁਣਾਂ ਨੂੰ ਤਰਾਸ਼ਦਾ ਹੈ। ਉਸ ਦੀ ਜ਼ਿੰਦਗੀ ਸੁਆਰਦਾ ਹੈ। ਇਸ ਲਈ ਕਾਮਯਾਬੀ ਸਮੇਂ ਕਦੀ ਆਪਣੇ ਉਸਤਾਦ ਨੂੰ ਨਹੀਂ ਭੁੱਲਣਾ ਚਾਹੀਦਾ। ਕਹਿੰਦੇ ਹਨ ਕਿ ਗੁਰੁ ਬਿਨ ਗਿਆਨ ਨਾ ਹੋਇ। ਕੋਈ ਹੁਨਰ ਸਿਖੱਣ ਲਈ ਹਰ ਮਨੁੱਖ ਨੂੰ ਕੋਈ ਨਾ ਕੋਈ ਗੁਰੂੂੂੂੂੂੂੂੂੂ ਧਾਰਨ ਕਰਨਾ ਹੀ ਪੈਂਦਾ ਹੈ। ਗੁਰੂੂੂੂੂੂੂੂੂੂੂੂ ਕਿਸੇ ਕਾਬਲ ਉਸਤਾਦ ਨੂੰ ਹੀ ਧਾਰਨਾ ਚਾਹੀਦਾ ਹੈ ਜਿਸ ਨੂੰ ਤਹਾਡੀ ਮੰਜ਼ਿਲ ਅਤੇ ਰਸਤੇ ਦਾ ਪੂਰਾ ਗਿਆਨ ਹੋਵੇ। ਉਹ ਤੁਹਾਡੇ ਗੁਣਾਂ ਨੂੰ ਸੋਹਣੀ ਤਰ੍ਹਾਂ ਤਰਾਸ਼ ਕੇ ਤੁਹਾਨੂੰ ਸਹੀ ਸਲਾਮਤ ਤੁਹਾਡੀ ਮੰਜ਼ਿਲ ਤੇ ਪਹੁੰਚਾਏਗਾ। ਕਈ ਵਾਰੀ ਸੱਚੇ ਗੁਰੁ ਦੀ ਤਲਾਸ਼ ਵਿਚ ਬਹੁਤੱ ਭਟਕਣਾ ਪੈਂਦਾ ਹੈ।। ਕਾਬਲ ਗੁਰੂੂੂੂੂੂੂੂੂੂੂੂੂੂੂ ਬਹੁਤ ਮੁਸ਼ਕਲ ਨਾਲ ਮਿਲਦਾ ਹੈ ਪਰ ਤੁਹਾਡੀ ਗਤੀ ਤੁਹਾਡੇ ਗੁਰੂੂੂੂੂ ਜਾਂ ਉਸਤਾਦ ਨੇ ਹੀ ਕਰਨੀ ਹੁੰਦੀ ਹੈ। ਗੁਰੁੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂ ਆਪਣੇ ਹੁਨਰ ਵਿਚ ਪ੍ਰਵੀਨ ਹੋਣਾ ਚਾਹੀਦਾ ਹੈ। ਉਹ ਦਿਲ ਦਾ ਸਾਫ ਅਤੇ ਸ਼ਗਿਰਦ ਲਈ ਸਮਰਪਿਤ ਹੋਣਾ ਚਾਹੀਦਾ ਹੈ। ਉਸ ਵਿਚ ਸਦਗੁਣ ਹੋਣੇ ਚਾਹੀਦੇ ਹਨ। ਉਹ ਮਤਲਬੀ ਨਹੀਂ ਹੋਣਾ ਚਾਹੀਦਾ। ਉਸ ਵਿਚ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਜਿਹੇ ਔਗੁਣ ਨਹੀਂ ਹੋਣੇ ਚਾਹੀਦੇ। ਉਸ ਵਿਚ ਈਰਖਾ ਅਤੇ ਦਵੈਸ਼ ਦੀ ਭਾਵਨਾ ਨਹੀਂ ਹੋਣੀ ਚਾਹੀਦੀ। ਇਸ ਲਈ ਮੁਰਸ਼ਦ ਦੀ ਉਸਤਤ ਵਿਚ ਬਹੁਤ ਕੁਝ ਲਿਖਿਆ ਗਿਆ ਹੈ। ਅਧਿਆਪਕ ਆਪਣੇ ਸ਼ਗਿਰਦ ਵਿਚ ਗੁਣ ਅਤੇ ਆਤਮਵਿਸ਼ਵਾਸ ਭਰਦੇ ਹਨ ਅਤੇ ਉਸ ਵਿਚਲੇ ਗੁਣਾਂ ਨੂੰ ਤਰਾਸ਼ਦੇ ਹਨ। ਉਨ੍ਹਾਂ ਦਾ ਦਿੱਤਾ ਹੋਇਆ ਗਿਆਨ ਵਿਦਿਆਰਥੀ ਦੇ ਸਾਰੀ ਉਮਰ ਕੰਮ ਆਉਂਦਾ ਹੈ। ਕਾਮਯਾਬ ਲੋਕਾਂ ਦੀ ਜ਼ਿੰਦਗੀ ਵਿਚ ਜੇ ਕਾਬਲ ਅਧਿਆਪਕ ਨਾ ਆਏ ਹੁੰਦੇ ਤਾਂ ਸਾਰੀ ਉਮਰ ਉਹ ਇਨ੍ਹਾਂ ਬੁਲੰਦੀਆਂ ਤੇ ਵੀ ਨਾ ਪਹੁੰਚੇ ਹੁੰਦੇ। ਅਧਿਆਪਕ ਪੱਥ ਪ੍ਰਦਰਸ਼ਕ ਹੁੰਦਾ ਹੈ। ਉਹ ਆਪਣੇ ਵਿਦਿਆਰਥੀ ਦੀਆਂ ਗ਼ਲਤੀਆਂ ਨੂੰ ਸੁਧਾਰ ਕੇ ਉਸ ਨੂੰ ਸਿੱਧੇ ਰਾਹ ਪਾਉਂਦਾ ਹੈ। ਉਸਤਾਦ ਆਪਣੇ ਸ਼ਗਿਰਦ ਨੂੰ ਨਵੇਂ ਸਬਕ ਸਿਖਾਉਂਦਾ ਹੈ। ਜਦ ਸ਼ਗਿਰਦ ਉਨ੍ਹਾਂ ਤੇ ਠੀਕ ਤਰ੍ਹਾਂ ਚੱਲਦਾ ਹੈ ਤਾਂ ਉਹ ਉਸ ਨੂੰ ਸ਼ਾਬਾਸ਼ ਦੇ ਕੇ ਉਸ ਦਾ ਹੌਸਲਾ ਵਧਾਉਂਦਾ ਹੈ। ਜੇ ਸ਼ਗਿਰਦ ਅਧਿਆਪਕ ਦੀ ਸਿੱਖਿਆ ਤੇ ਠੀਕ ਤਰ੍ਹਾਂ ਨਾ ਚੱਲੇ ਤਾਂ ਉਹ ਨਰਾਜ਼ ਹੋ ਕੇ ਉਸ ਨੂੰ ਦੁਬਾਰਾ ਅਭਿਆਸ ਕਰਨ ਲਈ ਕਹਿੰਦਾ ਹੈ । ਇਸ ਤਰ੍ਹਾਂ ਅਧਿਆਪਕ ਦੀ ਸੁਚੱਜੀ ਅਗੁਵਾਈ ਵਿਚ ਬੰਦਾ ਤੀਰ ਦੀ ਤਰ੍ਹਾਂ ਸਿੱਧਾ ਹੋ ਜਾਂਦਾ ਹੈ ਅਤੇ ਜਾ ਕੇ ਸਿੱਧਾ ਆਪਣੇ ਨਿਸ਼ਾਨੇ ਨੂੰ ਫੁੰਡਦਾ ਹੈ। ਉਸ ਦੇ ਗੁਣਾਂ ਨੂੰ ਤਰਾਸ਼ਿਆ ਜਾਂਦਾ ਹੈ ਅਤੇ ਉਸ ਦੀ ਸਿੱਖਿਆ ਪੂਰੀ ਹੁੰਦੀ ਹੈ।
ਅਪਣੇ ਆਪ ਨੂੰ ਹਮੇਸ਼ਾਂ ਸਿੱਖਣ ਦੇ ਨੁਕਤੇ ਤੇ ਰੱਖੋ। ਤੁਸੀਂ ਇਕ ਛੋਟੇ ਜਿਹੇ ਬੱਚੇ ਤੋਂ ਵੀ ਕੁਝ ਸਿੱਖ ਸਕਦੇ ਹੋ। ਕਿਸੇ ਕੋਲੋਂ ਕੋਈ ਗੁਣ ਹਾਸਿਲ ਕਰਨ ਲਈ ਨਿਮਰਤਾ ਧਾਰਨ ਕਰਨੀ ਪੈਂਦੀ ਹੈ। ਆਪਣਾ ਸਾਰਾ ਤਨ ਅਤੇ ਮਨ ਵਿਦਿਆ ਹਾਸਿਲ ਕਰਨ ਵਿਚ ਲਾਣਾ ਪੈਂਦਾ ਹੈ ਅਤੇ ਕਈ ਕਈ ਸਾਲ ਅਭਿਆਸ ਕਰਨਾ ਪੈਂਦਾ ਹੈ। ਇਸ ਕਠਿਨ ਪ੍ਰਿਖਿਆ ਵਿਚੋਂ ਲੰਘ ਕੇ ਹੀ ਕੋਈ ਮਨੁੱਖ ਦੂਜੇ ਕੋਲੋਂ ਕੋਈ ਗੁਣ ਹਾਸਿਲ ਕਰ ਸਕਦਾ ਹੈ। ਵਿਦਿਆ ਗ੍ਰਹਿਣ ਕਰਨਾ ਇਕ ਤਰ੍ਹਾਂ ਦੀ ਤਪੱਸਿਆ ਹੀ ਹੈ। ਗੁਰੂੂੂੂੂੂੂੂ ਦਾ ਹੁਕਮ ਮੰਨਣਾ ਪੈਂਦਾ ਹੈ। ਉਸ ਦੀ ਇੱਜ਼ਤ ਕਰਨੀ ਪੈਂਦੀ ਹੈ ਅਤੇ ਉਸ ਦੇ ਪੈਰਾਂ ਦੀ ਧੂੜ ਵੀ ਮੱਥੇ ਤੇ ਲਾਣੀ ਪੈਂਦੀ ਹੈ। ਕਬੀਰ ਜੀ ਨੇ ਬੜੀ ਮਿਹਨਤ ਅਤੇ ਨਿਮਰਤਾ ਨਾਲ ਰਾਮਾ ਨੰਦ ਜੀ ਨੂੰ ਆਪਣਾ ਗੁਰੂੂੂੂੂੂੂੂੂੂੂੂ ਬਣਾਇਆ ਅਤੇ ਭਗਤ ਦੀ ਪਦਵੀਂ ਹਾਸਿਲ ਕੀਤੀ।
ਜੇ ਕੋਈ ਵਿਦਿਆਰਥੀ ਆਪਣੇ ਹੁਨਰ ਵਿਚ ਅੱਵਲ ਆਉਂਦਾ ਹੈ ਤਾਂ ਉਸ ਦੀ ਸਭ ਤੋਂ ਜ਼ਿਆਦਾ ਖ਼ੁਸ਼ੀ ਉਸ ਦੇ ਗੁਰੂੂੂੂੂੂੂੂੂੂੂੂੂੂੂੂ ਨੂੰ ਹੀ ਹੁੰਦੀ ਹੈ। ਉਸ ਨੂੰ ਤਸੱਲੀ ਹੁੰਦੀ ਹੈ ਕਿ ਅੱਜ ਮੇਰੀ ਮਿਹਨਤ ਸਫ਼ਲ ਹੋਈ ਹੈ। ਇਸ ਲਈ ਕਦੀ ਆਪਣੇ ਆਪ ਨੂੰ ਆਪਣੇ ਗੁਰੁੂੂੂੂੂੂੂੂੂੂ ਤੋਂ ਵੱਡਾ ਨਹੀਂ ਸਮਝਣਾ ਚਾਹੀਦਾ। ਜੇ ਤੁਸੀਂ ਕੋਈ ਵੱਡੇ ਅਫ਼ਸਰ ਬਣ ਜਾਵੋ ਜਾਂ ਕਾਮਯਾਬੀ ਦੀ ਚੋਟੀ ਤੇ ਪਹੁੰਚ ਜਾਵੋ ਤਾਂ ਇਸ ਦਾ ਸਿਹਰਾ ਤੁਹਾਡੇ ਗੁਰੂੂੂੂੂੂੂੂੂੂੂੂ ਜਾਂ ਅਧਿਆਪਕ ਨੂੰ ਹੀ ਜਾਂਦਾ ਹੈ।
ਬਿਲ ਕਲਿੰਟਨ-ਅਮ੍ਰੀਕਾ ਦਾ 42ਵਾਂ ਰਾਸ਼ਟਰਪਤੀ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਸਕੂਲ ਅਧਿਆਪਕ ‘ਵਰਜਿਲ ਸਪਰਲਿਨ (Virgil Spurlin) ਨੂੰ ਦਿੰਦੇ ਹਨ। ਉਹ ਕਹਿੰਦੇ ਹਨ-‘ਮੈਂ ਅੱਜ ਜੋ ਕੁਝ ਵੀ ਹਾਂ, ਉਸ ਦੀ ਸੁਚੱਜੀ ਅਗੁਵਾਈ ਸਦਕਾ ਹੀ ਹਾਂ।’ ਬੋਲੀਵੁੱਡ ਦੀ ਪ੍ਰਸਿਧ ਅਭਿਨੇਤਰੀ ‘ਬਿਪਾਸਾ ਬਾਸੂ’ ਵੀ ਆਪਣੀ ਕਾਮਯਾਬੀ ਦਾ ਸਿਹਰਾ ਆਪਣੀਆਂ ਅਧਿਆਪਕਾਵਾਂ ਨੂੰ ਹੀ ਦਿੰਦੀ ਹੈ, ਜਿਨ੍ਹਾਂ ਨੇ ਉਸ ਦੇ ਸ਼ਰਮੀਲੇਪਣ ਨੂੰ ਖਤਮ ਕੀਤਾ ਅਤੇ ਉਹ ਸਭ ਦੇ ਸਾਹਮਣੇ ਸਟੇਜ਼ ਤੇ ਆਪਣਾ ਹੁਨਰ ਪੇਸ਼ ਕਰਨ ਵਿਚ ਸਫ਼ਲ ਹੋ ਸੱਕੀ। ਇਸੇ ਤਰ੍ਹਾਂ ‘ਬਿਲ ਗੇਟਸ’ ਦੁਨੀਆਂ ਦਾ ਪ੍ਰਸਿਧ ਅਰਬਪਤੀ ਅਤੇ ਮਾਈਕਰੋਸੋਫ਼ਟ ਦਾ ਨਿਰਮਾਤਾ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਅਧਿਆਪਕ ਨੂੰ ਹੀ ਦਿੰਦਾ ਹੈ। ਇਸੇ ਲਈ ਉਹ ਹਰ ਸਾਲ ਵਿਦਿਆ ਦੇ ਪ੍ਰਸਾਰ ਲਈ ਕਰੌੜਾਂ ਰੁਪਏ ਦਾ ਯੋਗਦਾਨ ਦਿੰਦਾ ਹੈ। ਜ਼ਿੰਦਗੀ ਵਿਚ ਕੁਝ ਹਾਸਿਲ ਕਰਨ ਲਈ ਕੁਝ ਗੁਵਾਉਣਾ ਵੀ ਪੈਂਦਾ ਹੈ। ਸਖਤ ਮਿਹਨਤ ਕਰਨੀ ਪੈਂਦੀ ਹੈ। ਕਿਨਾਰਿਆਂ ਤੇ ਬੈਠ ਕੇ ਕੋਈ ਚੰਗਾ ਤੈਰਾਕ ਨਹੀਂ ਬਣ ਸਕਦਾ। ਤੈਰਾਕ ਬਣਨ ਲਈ ਪਾਣੀਆਂ ਵਿਚ ਉਤਰਨਾ ਹੀ ਪੈਂਦਾ ਹੈ। ਅੱਜ ਕੱਲ੍ਹ ਪੜ੍ਹਾਈ ਵਿਚ ਹੁਸ਼ਿਆਰ ਵਿਦਿਆਰਥੀ ਵੀ ਟਿਉਸ਼ਨ ਰੱਖਦੇ ਹਨ ਤਾਂ ਕੇ ਉਹ ਉੱਚ ਪੱਧਰੀ ਮੁਕਾਬਲੇ ਦੇ ਇਮਤਿਹਾਨ ਪਾਸ ਕਰ ਕੇ ਕਿਸੇ ਉੱਚੇ ਅਹੁਦੇ ਤੇ ਬਿਰਾਜਮਾਨ ਹੋ ਸੱਕਣ।
ਮਾਂ ਕਿਸੇ ਮਨੁੱਖ ਦਾ ਸਭ ਤੋਂ ਪਹਿਲਾ ਅਧਿਆਪਕ ਹੁੰਦੀ ਹੈ। ਮਹਾਨ ਵਿਗਿਆਨੀ ਐਡੀਸਨ ਨੂੰ ਬਚਪਨ ਵਿਚ ਪੜ੍ਹਾਈ ਵਿਚ ਕਮਜ਼ੋਰ ਹੋਣ ਕਰ ਕੇ ਸਕੂਲ ਵਿਚੋਂ ਕੱਢ ਦਿੱਤਾ ਗਿਆ। ਉਸ ਦੀ ਮਾਂ ਨੇ ਇਹ ਗੱਲ ਐਡੀਸਨ ਨੂੰ ਪਤਾ ਨਾ ਲੱਗਣ ਦਿੱਤੀ। ਉਸ ਦੀ ਅਗਲੀ ਪੜ੍ਹਾਈ ਆਪ ਘਰ ਵਿਚ ਹੀ ਕਰਵਾਈ ਅਤੇ ਉਸ ਨੇ ਐਡੀਸਨ ਦੇ ਗੁਣਾਂ ਨੂੰ ਚੰਗੀ ਤਰ੍ਹਾਂ ਨਿਖਾਰਿਆ। ਇਸ ਸਦਕਾ ਐਡੀਸਨ ਵੱਡਾ ਹੋ ਕੇ ਇਕ ਮਹਾਨ ਵਿਗਿਆਨੀ ਬਣਿਆ ਅਤੇ ਬਿਜਲੀ ਦੇ ਬਲਬ ਦੀ ਖੋਜ ਕੀਤੀ। ਉਸ ਨੇ ਸਾਰੀ ਦੁਨੀਆਂ ਦੇ ਰਾਤ ਦੇ ਹਨੇਰੇ ਨੂੰ ਚਾਨਣ ਦਾ ਉੱਜਾਲਾ ਦਿੱਤਾ, ਜਿਸ ਦਾ ਲਾਭ ਅੱਜ ਅਸੀਂ ਸਾਰੇ ਉਠਾ ਰਹੇ ਹਾਂ।
ਪਹਿਲਾਂ ਰਾਜੇ ਮਹਾਰਾਜਿਆਂ ਦੇ ਬੱਚਿਆਂ ਨੂੰ ਕਿਸੇ ਰਿਸ਼ੀ ਮੁਨੀ ਕੋਲ ਸ਼ਸਤਰਾਂ ਅਤੇ ਸ਼ਾਸਤਰਾਂ ਦੀ ਵਿਦਿਆ ਦੇ ਗਿਆਨ ਲਈ ਭੇਜਿਆ ਜਾਂਦਾ ਸੀ ਤਾਂ ਕਿ ਵੱਡੇ ਹੋ ਕੇ ਉਹ ਮਹਾਨ ਯੋਧਾ ਅਤੇ ਗੁਣੀ ਗਿਆਨੀ ਬਣ ਸੱਕਣ। ਅਜਿਹੇ ਰਿਸ਼ੀਆਂ ਦਾ ਛੋਟੀ ਜਾਤੀ ਦੇ ਲੋਕਾਂ ਨੂੰ ਵਿਦਿਆ ਦੇਣਾ ਮਨ੍ਹਾ ਸੀ ਤਾਂ ਕਿ ਉਹ ਵੱਡੇ ਹੋ ਕੇ ਰਾਜਕੁਮਾਰਾਂ ਦੀ ਬਰਾਬਰੀ ਨਾ ਕਰ ਸੱਕਣ। ਰਮਾਇਣ ਦੇ ਅਨੁਸਾਰ ਰਾਮਚੰਦਰ ਅਤੇ ਉਸ ਦੇ ਭਰਾਵਾਂ ਨੂੰ ਵਸ਼ਿਸ਼ਟ ਰਿਸ਼ੀ ਕੋਲ ਸ਼ਸਤਰ ਅਤੇ ਸ਼ਾਸਤਰ ਵਿਦਿਆ ਲਈ ਭੇਜਿਆ ਗਿਆ। ਉਨ੍ਹਾਂ ਨੂੰ ਅਗਲੀ ਵਿਦਿਆ ਵਿਸ਼ਵਾਮਿਤੱਰ ਰਿਸ਼ੀ ਨੇ ਦਿੱਤੀ ਤਾਂ ਕਿ ਉਹ ਮਹਾਨ ਯੋਧਾ ਅਤੇ ਗਿਆਨੀ ਬਣ ਸੱਕਣ। ਇਸੇ ਤਰਾਂ ਮਹਾਂਭਾਰਤ ਅਨੁਸਾਰ ਕੌਰੂ ਅਤੇ ਪਾਂਡੂ ਰਾਜਕੁਮਾਰਾਂ ਨੂੰ ਵੀ ਬਚਪਨ ਵਿਚ ਦਰੋਣਾਚਾਰੀਆ ਰਿਸ਼ੀ ਕੋਲ, ਸ਼ਸਤਰਾਂ ਅਤੇ ਸ਼ਾਸਤਰਾਂ ਦੀ ਵਿਦਿਆ ਲਈ ਭੇਜਿਆ ਗਿਆ। ਦਰੋਣਾਚਾਰੀਆ ਨੇ ਏਕਲਵਯ ਨਾਮ ਦੇ ਬਾਲਕ ਨੂੰ ਵਿਦਿਆ ਦੇਣ ਤੋਂ ਇਸ ਲਈ ਇਨਕਾਰ ਕਰ ਦਿੱਤਾ ਕਿਉਂਕਿ ਉਹ ਸ਼ੂਦਰ ਸੀ। ਏਕਲਵਯ ਨੇ ਦਿਲ ਨਾ ਛੱਡਿਆ ਅਤੇ ਦਰੋਣਾਚਾਰੀਆ ਨੂੰ ਆਪਣੇ ਮਨ ਹੀ ਮਨ ਵਿਚ ਗੁਰੂ ਧਾਰ ਕੇ ਉਸ ਦੀ ਮੂਰਤੀ ਬਣਾ ਕੇ ਆਪ ਹੀ ਤੀਰਨਦਾਜ਼ੀ ਦਾ ਅਭਿਆਸ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਇਕ ਦਿਨ ਉਹ ਮਹਾਨ ਤੀਰਨਦਾਜ਼ ਬਣ ਗਿਆ। ਜਦ ਦਰੋਣਾਚਾਰਿਆ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਮਨ ਵਿਚ ਛੱਲ ਕਪਟ ਰੱਖਦੇ ਹੋਏ ਏਕਲਵਯ ਕੋਲੋਂ ਉਸ ਦੇ ਸੱਜੇ ਹੱਥ ਦਾ ਅੰਗੂਠਾ ਹੀ ਗੁਰੁ ਦੱਛਣਾ ਦੇ ਤੋਰ ਤੇ ਭੇਟਾ ਵਿਚ ਮੰਗ ਲਿਆ ਅਤੇ ਉਸ ਨੂੰ ਸਾਰੀ ਉਮਰ ਲਈ ਅਪੰਗ ਬਣਾ ਕੇ ਰੱਖ ਦਿੱਤਾ ਤਾਂ ਕਿ ਉਹ ਤੀਰੰਦਾਜ਼ੀ ਵਿਚ ਅਰਜੁਨ ਦਾ ਮੁਕਾਬਲਾ ਨਾ ਕਰ ਸਕੇ ਅਤੇ ਅਰਜੁਨ ਦੁਨੀਆਂ ਦਾ ਸਰਵਸ੍ਰੇਸ਼ਟ ਤੀਰਨਦਾਜ਼ ਬਣਿਆ ਰਹੇ। ਕੀ ਇਹ ਨੀਚਤਾ ਦੀ ਹੱਦ ਨਹੀਂ? ਏਕਲਵਯ ਨੂੰ ਸ਼ਸਤਰ ਵਿਦਿਆ ਦਿੱਤੀ ਹੀ ਨਹੀਂ, ਫਿਰ ਵੀ ਉਸ ਕੋਲੋਂ ਦੱਛਣਾ ਵਿਚ ਉਸ ਦਾ ਅੰਗੁਠਾ ਹੀ ਮੰਗ ਲਿਆ। ਏਕਲਵਯ ਦੀ ਗੁਰੂੂੂੂੂੂੂੂੂੂੂੂੂੂੂੂੂੂੂੂੂੂੂੂ ਬਾਰੇ ਸ਼ਰਧਾ ਦੀ ਸੂਚਕ ਹੈ ਕਿ ਉਸ ਨੇ ਆਪਣਾ ਅੰਗੂਠਾ ਵੱਢ ਕੇ ਉਸੇ ਸਮੇਂ ਦਰੋਣਾਚਾਰਿਆ ਦੇ ਚਰਨਾ ਵਿਚ ਰੱਖ ਦਿੱਤਾ। ਇਸ ਤਰਾਂ ਉਹ ਸਾਰੀ ਉਮਰ ਲਈ ਆਪਣੇ ਹੁਨਰ ਲਈ ਅਪੰਗ ਹੋ ਕੇ ਰਹਿ ਗਿਆ ਅਤੇ ਦੁਨੀਆਂ ਦੇ ਹਨੇਰਿਆਂ ਵਿਚ ਸਦਾ ਲਈ ਗੁੰਮ ਗਿਆ। ਇੱਥੇ ਵਿਚਾਰ ਕਰਨ ਵਾਲੀ ਗੱਲ ਇਹ ਵੀ ਹੈ ਕਿ ਇਸੇ ਦਰੋਣਾਚਾਰਿਆ ਨੇ ਇਹ ਦੱਛਣਾ ਅਰਜੁਨ ਕੋਲੋਂ ਕਿਉਂ ਨਹੀਂ ਮੰਗੀ? ਜੇ ਉਹ ਅਜਿਹੀ ਦੱਛਣਾ ਅਰਜੁਨ ਕੋਲੋਂ ਮੰਗਦਾ ਤਾਂ ਕੀ ਅਰਜੁਨ ਅਜਿਹੀ ਦੱਛਣਾ ਦੇਣ ਲਈ ਤਿਆਰ ਹੋ ਜਾਂਦਾ?
ਸਾਡੇ ਵਿਚੋਂ ਬਹੁਤੇ ਲੋਕਾਂ ਦੀ ਬਦਨਸੀਬੀ ਇਹ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਗੋਲ ਸੁਰਾਖ ਵਿਚ ਵੀ ਚੋਰਸ ਗੁੱਲੇ ਹੀ ਠੋਕਦੇ ਰਹਿੰਦੇ ਹਨ। ਰੱਬ ਨੇ ਗੁਣ ਤਾਂ ਸਭ ਨੂੰ ਹੀ ਦਿੱਤੇ ਹਨ ਪਰ ਕਈ ਲੋਕਾਂ ਨੂੰ ਆਪਣੇ ਇਸ ਗੁਣ ਦਾ ਸਾਰੀ ਉਮਰ ਹੀ ਪਤਾ ਹੀ ਨਹੀਂ ਲੱਗਦਾ। ਇਸ ਲਈ ਇਹ ਗੁਣ ਬੰਦੇ ਦੇ ਅੰਦਰ ਹੀ ਦਮ ਤੋੜ ਦਿੰਦੇ ਹਨ। ਸਾਡਾ ਦੇਸ਼ ਗ਼ਰੀਬ ਮੁਲਕ ਹੈ ਇਸ ਲਈ ਲੋਕਾਂ ਦੀਆਂ ਰੋਟੀ ਰੋਜ਼ੀ ਅਤੇ ਪਰਿਵਾਰ ਦੀਆਂ ਮਜ਼ਬੂਰੀਆਂ ਵੀ ਗੁਣਾਂ ਨੂੰ ਉਭਰਣ ਨਹੀਂ ਦਿੰਦੀਆਂ। ਗੁਣਾਂ ਨੂੰ ਇਕ ਸ਼ੌਂਕ ਦੀ ਤਰ੍ਹਾਂ ਪਾਲਣਾ ਪੈਂਦਾ ਹੈ। ਇਨ੍ਹਾਂ ਦੇ ਪ੍ਰਗਟਾਵੇ ਲਈ ਜ਼ਰੂਰੀ ਹੈ ਕਿ ਪਹਿਲਾਂ ਬੰਦੇ ਦਾ ਢਿੱਡ ਭਰਿਆ ਹੋਵੇ। ਰੱਜਿਆ ਹੋਇਆ ਬੰਦਾ ਹੀ ਆਪਣੇ ਸ਼ੌਂਕ ਨੂੰ ਪਾਲ ਕੇ ਵਿਕਸਤ ਕਰ ਸਕਦਾ ਹੈ।ਕਿਸੇ ਨੇ ਠੀਕ ਹੀ ਕਿਹਾ ਹੈ ਕਿ,”ਅੱਖਾਂ ਵਿਚ ਸੁਰਮਾ ਤਾਂ ਸਾਰੇ ਹੀ ਪਾ ਲੈਂਦੇ ਹਨ ਪਰ ਮਟਕਾਉਣਾ ਕਿਸੇ ਕਿਸੇ ਨੂੰ ਹੀ ਆਉਂਦਾ ਹੈ।”
ਹੁਨਰ ਕਿਸੇ ਬੰਦੇ ਦਾ ਸ਼ੌਂਕ ਹੁੰਦਾ ਹੈ। ਪਹਿਲਾਂ ਪਹਿਲ ਇਸ ਦਾ ਪ੍ਰਗਟਾਵਾ ਪੈਸੇ ਲਈ ਨਹੀਂ ਕੀਤਾ ਜਾਂਦਾ ਪਰ ਜਦ ਤਰਾਸ਼ੇ ਜਾਣ ਤੋਂ ਬਾਅਦ ਇਹ ਹੁਨਰ ਪ੍ਰਵਾਨ ਚੜ੍ਹਦਾ ਹੈ ਤਾਂ ਕਈ ਵਾਰੀ ਇਹ ਹੁਨਰ ਰੁਜ਼ਗਾਰ ਦਾ ਸਾਧਨ ਵੀ ਬਣ ਜਾਂਦਾ ਹੈ। ਫਿਰ ਪੈਸੇ ਅਤੇ ਸ਼ੋਹਰਤ ਦਾ ਵੀ ਕੋਈ ਘਾਟਾ ਨਹੀਂ ਰਹਿੰਦਾ। ਬੰਦਾ ਸ਼ੋਹਰਤ ਦੀ ਟੀਸੀ ਤੇ ਪਹੁੰਚਦਾ ਹੈ ਅਤੇ ਕਈ ਮੱਲਾਂ ਮਾਰਦਾ ਹੈ।
ਅਪਣੀ ਜ਼ਿੰਦਗੀ ਖੁਲ੍ਹ ਕੇ ਜੀਓ । ਇਹ ਸੋਚਣਾ ਬੰਦ ਕਰੋ ਕਿ ਲੋਕ ਕੀ ਕਹਿਣਗੇ। ਜੀਵਨ ਅਤੇ ਮੌਤ ਸਾਡੇ ਹੱਥ ਵਿਚ ਨਹੀਂ ਪਰ ਜ਼ਿੰਦਗੀ ਨੂੰ ਕਿਵੇਂ ਜਿਉਣਾ ਹੈ, ਇਹ ਤਾਂ ਸਾਡੇ ਹੱਥ ਵਿਚ ਹੈ। ਇਸ ਲਈ ਹਰ ਪਲ ਨੂੰ ਪਿਆਰ ਕਰੋ। ਜੇ ਤੁਸੀਂ ਜ਼ਿੰਦਗੀ ਵਿਚ ਸਫ਼ਲ ਹੋਣਾ ਚਾਹੁੰਦੇ ਹੋ ਤਾਂ ਅਸਫ਼ਲ ਹੋਣ ਤੋਂ ਨਾ ਡਰੋ। ਅਸਫ਼ਲਤਾ ਹੀ ਸਫ਼ਲਤਾ ਦੀ ਪੌੜੀ ਹੈ। ਦੁਨੀਆਂ ਵਿਚ ਜਿੰਨੇ ਵੀ ਕਾਮਯਾਬ ਲੋਕ ਹੋਏ ਹਨ ਉਹ ਸਾਰੇ ਅਸਫ਼ਲਤਾ ਦੇ ਦਰਵਜ਼ੇ ਵਿਚੋਂ ਲੰਘ ਕੇ ਹੀ ਹੋਏ ਹਨ। ਕੋਈ ਇਕ ਦਮ ਸਫ਼ਲਤਾ ਦੀ ਚੌਟੀ ਤੇ ਨਹੀਂ ਪਹੁੰਚ ਜਾਂਦਾ। ਸਾਰੇ ਅਧਿਆਪਕ ਪਹਿਲਾਂ ਵਿਦਿਆਰਥੀ ਹੀ ਹੁੰਦੇ ਹਨ। ਵੱਡੇ ਲੋਕਾਂ ਦੀਆਂ ਜੀਵਨੀਆਂ ਪੜ੍ਹੋ, ਫਿਰ ਪਤਾ ਲੱਗੇਗਾ ਕਿ ਉਨ੍ਹਾਂ ਨੂੰ ਕਾਮਯਾਬ ਹੋਣ ਲਈ ਕਿੰਨੀ ਸਖਤ ਮਿਹਨਤ ਕਰਨੀ ਪਈ ਅਤੇ ਕਿਹੜੀਆਂ ਕਿਹੜੀਆਂ ਦੁਸ਼ਵਾਰੀਆਂ ਦਾ ਤੇ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ। ਉਰਦੂ ਦੇ ਮਹਾਨ ਕਵੀ ਇਕਬਾਲ ਨੇ ਠੀਕ ਹੀ ਲਿਖਿਆ ਹੈ:
ਮਿਟਾ ਦੇ ਆਪਣੀ ਹਸਤੀ ਕੋ
ਅਗਰ ਕੋਈ ਮਰਤਬਾ ਚਾਹੇ,
ਕਿ ਦਾਣਾ ਖਾਕ ਮੇਂ ਮਿਲ ਕਰ
ਗੁਲ-ਓ-ਗੁਲਜ਼ਾਰ ਹੋਤਾ ਹੈ।
ਭਾਵ ਇਹ ਕਿ ਜੇ ਕੋਈ ਬੰਦਾ ਆਪਣੀ ਜ਼ਿੰਦਗੀ ਵਿਚ ਕੋਈ ਉੱਚੀ ਪੱਦਵੀ, ਉੱਚਾ ਅਹੁਦਾ ਜਾ ਕੋਈ ਲਾਜਵਾਬ ਪੁਜ਼ੀਸ਼ਨ ਹਾਸਿਲ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਆਪਣੀ ਹੈਸੀਅਤ ਮਿਟਾ ਦੇਣੀ ਪੈਂਦੀ ਹੈ ਜਿਵੇਂ ਇਕ ਬੀਜ਼ ਮਿੱਟੀ ਵਿਚ ਆਪਣੀ ਹਸਤੀ ਮਿਟਾ ਕੇ ਹੀ ਬਗੀਚੇ ਵਿਚ ਫੁੱਲ ਬਣ ਕੇ ਖਿੜ੍ਹਦਾ ਹੈ ਅਤੇ ਸਭ ਦਾ ਮਨ ਮੋਹ ਲੈਂਦਾ ਹੈ। ਇਸੇ ਤਰ੍ਹਾਂ ਪਾਣੀ ਦੀ ਇਕ ਬੂੰਦ ਵੀ ਆਪਣੀ ਵੱਖਰੀ ਹਸਤੀ ਮਿਟਾ ਕੇ ਸਮੁੰਦਰ ਵਿਚ ਮਿਲ ਕੇ ਸਮੁੰਦਰ ਹੀ ਬਣ ਜਾਂਦੀ ਹੈ।
ਬੰਦੇ ਨੂੰ ਜਿੱਤਣ ਦਾ ਮਜ਼ਾ ਉਦੋਂ ਹੀ ਆਉਂਦਾ ਹੈ ਜਦੋਂ ਸਾਰੇ ਉਸ ਦੇ ਹਾਰਨ ਦੀ ਉਮੀਦ ਰੱਖਣ। ਸਭ ਤੋਂ ਭੈੜੇ ਹਾਲਾਤ ਵਿਚੋਂ ਗੁਜ਼ਰਨ ਤੋਂ ਬਿਨਾ ਕੋਈ ਮਨੁੱਖ ਆਪਣੇ ਹੁਨਰ ਦੇ ਸਿਖਰ ਤੇ ਨਹੀਂ ਪਹੁੰਚ ਸਕਦਾ। ਇਸ ਲਈ ਮਨੁੱਖ ਨੂੰ ਹਰ ਤਰ੍ਹਾਂ ਦੇ ਮਾੜੇ ਹਾਲਾਤ ਨਾਲ ਨਿਬਟਣ ਲਈ ਤਿਆਰ ਰਹਿਣਾ ਚਾਹੀਦਾ ਹੈ। ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਤੁਹਾਡਾ ਉਸਤਾਦ ਹੀ ਸਿਖਾ ਸਕਦਾ ਹੈ।
***