25 July 2024

ਇਕ ਮੋੜ ਵਿਚਲਾ ਪੈਂਡਾ(ਚੌਥੀ ਕਿਸ਼ਤ)-ਮੇਰੀ ਕੈਂਸਰ ਅਤੇ ਅਗਲਾ ਜੀਵਨ—ਡਾ. ਗੁਰਦੇਵ ਸਿੰਘ ਘਣਗਸ

ਡਾ. ਗੁਰਦੇਵ ਸਿੰਘ ਘਣਗਸਨੋਟ: ਪੰਜਾਬੀ ਸਾਹਿਤ ਨੂੰ ਸਮਰਪਿਤ, ਵਿਗਿਆਨੀ, ਲੇਖਕ-ਕਵੀ ਅਤੇ ਜੀਵਨ ਦੇ ਬਹੁਪੱਖੀ ਅਨੁਭਵਾਂ ਦੇ ਧਾਰਨੀ ਡਾ. ਗੁਰਦੇਵ ਸਿੰਘ ਘਣਗਸ, ਕਿਸੇ ਰਸਮੀ ਜਾਣ-ਪਹਿਚਾਣ ਦੇ ਮੁਹਤਾਜ ਨਹੀਂ ਹੈ। 2005 ਵਿੱਚ ਆਪਣੀ ਪਹਿਲੀ ਕਾਵਿ-ਪੁਸਤਕ ‘ਸੱਠਾਂ ਤੋਂ ਬਾਅਦ’ ਦੀ ਪ੍ਰਕਾਸ਼ਨਾ ਮਗਰੋਂ ਉਸਨੇ ਫਿਰ ਪਿਛਾਂਹ ਮੁੜ ਕੇ ਨਹੀਂ ਦੇਖਿਆ। ‘ਸੱਠਾਂ ਤੋਂ ਬਾਅਦ’ ਉਸਨੇ, ਪੰਜਾਬੀ ਸਾਹਿਤਕ ਜਗਤ ਦੀ ਝੋਲੀ ਵਿੱਚ ਅਗ੍ਹਾਂ ਦਰਜ ਹੋਰ ਕਾਵਿ-ਸੰਗ੍ਰਹਿ/ਪੁਸਤਕਾਂ ਪਾਈਅਾਂ: ਤੁਰਦੇ ਭੁਰਦੇ ਜੁੜਦੇ ਰਿਸ਼ਤੇ(2006), ਕੁਝ ਆਰ ਦੀਅਾਂ ਕੁਝ ਪਾਰ ਦੀਅਾਂ (2008), ਧੁੱਖਦੇ ਅਹਿਸਾਸ( 2009), ਸੱਤਰ ਦੇ ਲਾਗ (2012) ਅਤੇ ਇਕ ਮੋੜ ਵਿਚਲਾ ਪੈਂਡਾ (2019)। ਡਾ. ਘਣਗਸ ਦੀਅਾਂ ਦੋ ਪੁਸਤਕਾਂ ਅੰਗਰੇਜ਼ੀ ਵਿੱਚ ਵੀ ਪ੍ਰਕਾਸ਼ਿਤ ਹੋਈਅਾਂ ਜਿਵੇਂ ਕਿ 1. In Search of Pathways—The Making and Breaking of A Scientist in the Modern World —(Memoir 2015) and 2. Journey Through aTurning Point—My Life During And After Leukemia —(Memoir-2019).

‘ਇਕ ਮੋੜ ਵਿਚਲਾ ਪੈਂਡਾ’ ਇਸ ਅੰਗਰੇਜ਼ੀ ਪੁਸਤਕ ‘Journey Through A Turning Point—My Life After Leukemia ਦਾ ਹੀ ਪੰਜਾਬੀ ਰੂਪ ਹੈ। ਇਹ ਸਵੈ-ਜੀਵਨੀ ਪੜ੍ਹਨ ਨਾਲ ਹੀ ਸੰਬੰਧ ਰੱਖਦੀ ਹੈ ਜਿਸ ਰਾਹੀਂ ਪਤਾ ਲੱਗਦਾ ਹੈ ਕਿ ਇਸ ਸਿਰੜ ਦੇ ਪੱਕੇ ਕਵੀ/ਲੇਖਕ ਨੇ ਕਿੰਨ੍ਹਾਂ ਗੰਭੀਰ ਹਾਲਤਾਂ ਵਿੱਚੋਂ ਲੰਘਦਿਆ ਆਪਣੇ ਜੀਵਨ ਦੇ ਇਸ ‘ਸਮੇਂ’ ਦਾ ਦਲੇਰੀ ਨਾਲ ਨਾ ਕੇਵਲ ਮੁਕਾਬਲਾ ਹੀ ਕੀਤਾ ਸਗੋਂ ਲੋੜੀਂਦੀ ਜਿੱਤ ਵੀ ਪਰਾਪਤ ਕੀਤੀ ਅਤੇ ਜੀਵਨ ਨੂੰ ਨਵੀਅਾਂ ਸੇਧਾਂ ਦੇ ਕੇ ਹਲਕੇ-ਫੁਲਕੇ ਰੁਝੇਵਿਅਾਂ ਨਾਲ ਸੁਖਾਵਾਂ ਬਣਾਇਆ। ਇਸ ਪ੍ਰੇਰਨਾ-ਸਰੋਤ ਪੁਸਤਕ ਦੇ ਪਠਨ ਨੇ ਨਿਰਸੰਦੇਹ ਮੈਂਨੂੰ ਝੰਝੋੜਿਆ, ਸੋਚ ਨੂੰ ਟੁੰਬਿਆ, ਢੇਰੀ ਢਾਉਣ ਤੋਂ ਵਰਜਿਆ ਅਤੇ ਬਲ ਬਖਸ਼ਿਆ। ਇਹ ਸਵੈ-ਜੀਵਨੀ ਪੜ੍ਹਨ ਯੋਗ, ਸੋਚ ਨੂੰ ਡਾਵਾਂ-ਡੋਲ ਹੋਣ ਤੋਂ ਬਚਾਉਣ ਵਾਲੀ ਅਤੇ ਪ੍ਰੇਰਨਾਦਾਇਕ ਹੋਣ ਕਾਰਨ ‘ਲਿਖਾਰੀ’ ਦੇ ਪਾਠਕਾਂ ਗੋਚਰੇ ਕਿਸ਼ਤਾਂ ਵਿੱਚ ਹਾਜ਼ਰ ਕੀਤੀ ਜਾ ਰਹੀ ਹੈ।—-ਲਿਖਾਰੀ 

ਅਧਿਆਇ 9
ਛੁਟਕਾਰਾ ਅਤੇ ਖੁਸ਼ੀ

ਮੈਂ ਅਧਿਆਇ 9ਵਾਂ ਲਿਖਣਾ ਅਜੇ ਖਤਮ ਨਹੀਂ ਸੀ ਕੀਤਾ ਕਿ 2016 ਦਾ ਬਰਫੀਲਾ ਤੂਫਾਨ ਜੋ ਵਾਸ਼ਿੰਗਟਨ, ਡੀ.ਸੀ’ ਵਿਚ ਸ਼ੁਰੂ ਹੋਕੇ, ਉੱਤਰ-ਪੂਰਬ ਦੇ ਕਈ ਸੂਬਿਆਂ ਵਿਚ ਫੈਲ ਗਿਆ। ਓਥੇ ਦੇ ਵਸਨੀਕਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਗਿਆ। ਇਕ ਬੇ-ਘਰ ਬੰਦਾ ਆਪਣੇ ਛਕੜੇ ਤੇ ਨਿੱਕ-ਸੁੱਕ ਲੱਦਕੇ, ਤਿੰਨ ਫੁੱਟ ਬਰਫ ਵਿਚ ਘੜੀਸ ਰਿਹਾ ਸੀ। ਉਹ ਤਸਵੀਰ ਮੇਰੇ ਮਨ ਵਿਚ ਜਾ ਬਸੀ ਅਤੇ ਮੈਂ ਆਪਣੀ ਯਾਦਦਾਸਤ ਲਿਖਦਾ ਗਿਆ। ਉਸ ਇਨਸਾਨ ਨੂੰ ਯਾਦ ਕਰ ਕਰ ਮੈਂ ਸੋਚਦਾ ਕਿ, ਆਖਰਕਾਰ, ਮੈਂ ਇਤਨਾ ਬਦਕਿਸਮਤ ਨਹੀਂ, ਜਿਤਨਾ ਕਈ ਵਾਰ ਮਹਿਸੂਸ ਹੋਇਆ ਹੈ। 

ਅਪਰੈਲ 2000 ਤੱਕ, ਮੇਰੇ ਸਰੀਰ ਤੇ ਕੀਮੋ ਦੇ, ਚਾਰ ਚੱਕਰ ਚੱਲ ਚੁੱਕੇ ਸਨ। ਪਰਖਣ ਲਈ ਬੇਅੰਤ ਵਾਰ  ਮੈਂਨੂੰ ਖੂਨ ਦੇਣਾ ਪਿਆ।  ਜਦ ਕੈਂਸਰ ਦਾ ਕੋਈ ਸੈਲ ਬਚਿਆ ਨਾ ਦਿਸਿਆ, ਡਾਕਟਰਾਂ ਨੇ ਮੇਰਾ ਬਹੁਤ ਸਾਰਾ ਖੂਨ ਕੱਢ ਕੱਢ ਮੇਰੇ ਖੂਨ ‘ਚੋਂ ਸਟੈਮ ਸੈਲ ਵੱਖ ਕਰ ਲਏ, ਤਾਂ ਜੋ ਲੋੜ ਪਈ ਤੇ ਵਰਤ ਲਏ ਜਾਣ, ਜੇਕਰ ਕੈਂਸਰ ਪਰਤ ਆਵੇ ਤਾਂ। ਇਹ ਵੀ ਇਕ ਭਿਆਨਕ ਡਰਾਵਾ ਸੀ ਕਿ ਕੈਂਸਰ ਫੇਰ ਹੋ ਸਕਦੀ ਸੀ। ਪਰ, ਸਮੇਂ ਨਾਲ ਇਹ ਡਰਾਵਾ ਮੱਧਮ ਪੈਂਦਾ ਗਿਆ। 

ਦਿਨ-ਬ-ਦਿਨ ਸਰੀਰਕ ਤਾਕਤ ਵਧਣ ਲੱਗ ਪਈ। ਕੈਂਸਰ ਨੇ ਮੇਰੇ ਸਾਇੰਸ ਪੇਸ਼ੇ ਦੀ ਫੂਕ ਕੱਢ ਦਿੱਤੀ। ਪਰ, ਮੈਂ ਹੋਰ ਰੁਚੀਆਂ ਵੱਲ ਆਕਰਸ਼ਤ ਹੁੰਦਾ ਗਿਆ। ਇਸ ਨਾਲ ਮੇਰੇ ਜੀਵਨ ਵਿਚ ਟਿਕਾਅ ਆਉਣ ਲੱਗ ਪਿਆ, ਭਾਵੇਂ ਮੇਰੀ ਵਿਗਿਆਨਕ ਤੋੜ ਕਾਫੀ ਦੇਰ ਸਤਾਉਂਦੀ ਰਹੀ।

ਨੀਊ ਯਾਰਕ ਦੇ 9/11 ਹਮਲੇ ਸਮੇਂ, ਮੈਂ ਘਰ ਬਿਸਤਰੇ ਵਿਚ ਇਕੱਲਾ ਪਿਆ, ਹਿੱਲਣ ਜੋਗਾ ਨਹੀਂ ਸਾਂ। ਮੈਨੂੰ ਸਮਝਾਇਆ ਗਿਆ ਸੀ ਕਿ ਕਿਸੇ ਦੀ ਹਾਜਰੀ ਬਿਨਾ ਮੈਂਨੂੰ ਘਰ ਵਿਚ ਵੀ ਤੁਰਨਾ ਨਹੀਂ ਚਾਹੀਦਾ। ਕਾਰ ਚਲਾਉਣ ਦੀ ਤਾਂ ਗੱਲ ਕੀ ਕਰਨੀ।

ਕੈਂਸਰ ਦੇ ਦੂਜੇ ਹਮਲੇ ਬਾਅਦ, ਡਾਕਟਰਾਂ ਨੇ ਮੇਰੇ ਲਈ  ਸ਼ੂਗਰ ਤੇ ਕਾਬੂ ਰੱਖਣ ਦੀਆਂ ਦਵਾਈਆਂ ਸ਼ੁਰੂ ਕਰਵਾ ਦਿੱਤੀਆਂ। ਮੈਂ ਪਹਿਲਾਂ ਹੀ ਕਈ ਦਵਾਈਆਂ ਲੈ ਰਿਹਾ ਸਾਂ। ਮੇਰੀ ਖੁਸ਼ਕਿਸਮਤੀ ਬੱਸ ਇਹੀ ਸੀ ਕਿ ਇਹਨਾਂ ਸਾਰਿਆਂ ਇਲਾਜਾਂ ਤੋਂ ਬਾਅਦ ਮੈਂ ਦੁਬਾਰਾ ਲਿਖਣਾ, ਕਸਰਤ ਕਰਨਾ ਅਤੇ ਦੂਜਿਆਂ ਨਾਲ ਮਿਲਕੇ ਸੈਰ-ਸਪਾਟਾ ਸ਼ੁਰੂ ਕਰ ਲਿਆ।

ਸੰਨ 2003 ਦੇ ਅੰਤ ਸਮੇਂ, ਮੈਂ ਰੋਜ਼ਾਨਾ ਲਿਖਦਾ ਅਤੇ ਇਸਦਾ ਆਨੰਦ ਮਾਣਦਾ। ਮੈਂ ‘ਕਾਰਨੈਲ ਯੂਨੀਵਰਸਿਟੀ’ ਦੇ ਇਕ ਛੱਤੇ ਤਲਾਅ ਵਿਚ ਕਸਰਤ ਲਈ ਜਾਣ ਲੱਗ ਪਿਆ। ਇਹ ਮੇਰੇ ਲਈ ਬਹੁਤ ਚੰਗਾ ਫੈਸਲਾ ਸਾਬਤ ਹੋਇਆ। ਤਲਾਅ ਵਿਚ ਜਾਣ ਦੀ ਆਦਤ ਮੇਰਾ ਸਾਥ ਕੈਲੇਫੋਰਨੀਆ ਵਿਚ ਉਦੋਂ ਵੀ ਦੇਂਦੀ ਰਹੀ ਜਦ ਮੈਂ ਅਪਣੀ ਕੈਂਸਰ ਬਾਰੇ ਲਿਖ ਰਿਹਾ ਸੀ। (ਅਧਿਆਇ 24 ਵੀ ਦੇਖੋ)। ਵਿਗਿਆਨਕ ਪੇਸ਼ਾ ਖੁੱਸਣ ਅਤੇ ਇਕੱਲਪਣੇ ਦੀ ਉਦਾਸੀ ਨਜਿੱਠਣ ਲਈ ਮੇਰੇ ਹੋਰ ਵੀ ਬੜੇ ਰੁਝਾਨ ਸਨ। ਜਦ ਵੀ ਮੈਂਨੂੰ ਕੋਈ ਫੁਰਨਾ ਫੁਰਦਾ, ਮੈ ਝੱਟ ਕੁਝ ਲਿਖ ਲੈਂਦਾ।

ਗਤੀਹੀਣ (inert) ਹੋਣ ਤੋਂ ਮੈਂ ਬਹੁਤ ਡਰਦਾ ਹਾਂ। ਇਸ ਲਈ ਮੈਂ ਹੈਂਡੀਕੈਪ ਪਾਰਕਿੰਗ ਦਾ ਫੱਟਾ ਨਹੀਂ ਸੀ ਲਿਆ ਜੋ ਮੈਂਨੂੰ ਕੈਂਸਰ ਤੋਂ ਬਾਅਦ ਸੌਖਾ ਮਿਲ ਸਕਦਾ ਸੀ। ਉਹਦੇ ਨਾਲ ਭੀੜੀਆਂ ਥਾਵਾਂ ਤੇ ਜ਼ਿੰਦਗੀ ਕੁਝ ਸੌਖੀ ਰਹਿੰਦੀ, ਪਰ ਮੈਂਨੂੰ ਤਾਂ ਫੱਟੇ ਤੇ ਲਿਖਿਆ ‘‘ਅਪੰਗ’’ (handicapped) ਜਚਦਾ ਨਹੀਂ ਸੀ। ਨਾਲੇ ਕੈਂਸਰ ਤੋਂ ਬਾਅਦ ਮੈਂ ਕਾਰ ਚਲਾਉਣ ਵਿਚ ਹੋਰ ਨਿਪੁੰਨ ਹੋ ਗਿਆ ਸਾਂ।

ਸਾਇੰਸ ਛੱਡਿਆਂ ਵਰ੍ਹੇ ਬੀਤ ਗਏ। ਨਵੀਂ ਥਾਂ ਦੀ ਯੂਨੀਵਰਸਿਟੀ ਜਾਕੇ ਕਿਤਾਬਾਂ ਫਰੋਲਣਾ ਮੁਸ਼ਕਿਲ ਹੋ ਗਿਆ। ਹੁਣ ਮੈਂ ਜਦ ਡਾਕਟਰਾਂ ਦੇ ਦਫਤਰ ਬੈਠਾ ਅਪਣੀ ਵਾਰੀ ਉਡੀਕ ਰਿਹਾ ਹੁੰਦਾ, ਉਥੇ ਪਏ ਰਸਾਲਿਆਂ ਵਿਚ ਕੈਂਸਰ ਬਾਰੇ ਉੰਗਲਾਂ ਫੇਰਦਾ ਰਹਿੰਦਾ। ਜਾਂ ਚੁਟਕਲੇ ਪੜ੍ਹਦਾ ਰਹਿੰਦਾ। ਅਮਰੀਕਾ ਦੀ ਟੀ.ਵੀ. ਤੇ ਚਲਦੇ ਨਕਲੀਏ ਪਰੋਗਰਾਮ ਮੇਰੇ ਵਿਸ਼ਰਾਮ ਦਾ ਸਮਾਂ ਹੁੰਦਾ। ਮੇਰੇ ਮਨਪਸੰਦ ਪ੍ਰਦਰਸ਼ਨਾਂ ਵਿਚ, ਆਲ ਇਨ ਦੀ ਫੈਮਲੀ, ਸਟੈਨਫੋਰਡ ਐਂਡ ਸਨ, ਅਤੇ ਸਾਈਨਫੈਲਡ  (All in the Family, Stanford and Son, and Seinfeld) ਸ਼ਾਮਲ ਸਨ।

ਮੈਂ ਆਪਣੀ ਉਮਰ ਦੇ ਮਸ਼ਹੂਰ ਲੋਕਾਂ ਬਾਰੇ ਪੜ੍ਹਦਾ। ਮੁਹੰਮਦ ਅਲੀ ਜਗਤ ਪਰਸਿੱਧ ਬੌਕਸਰ(ਘੁਲਾਟੀਆ) ਸੀ।  ਉਹ ਮਖੌਲੀਆ ਵੀ ਸਿਰੇ ਦਾ ਸੀ। ਅਲੀ ਦਾ ਇਕ ਲਤੀਫਾ ਮੈਂਨੂੰ ਅਜੇ ਵੀ ਯਾਦ ਹੈ। ਉਹ ਐਟਲਾਂਟਾ ਸ਼ਹਿਰ ਦੇ ਕਿਸੇ ਰੈਸਟੋਰੈਂਟ ਵਿਚ ਖਾਣਾ ਖਾਣ ਲਈ ਵੜ ਗਿਆ।

‘‘ਅਸੀਂ ਏਥੇ ਕਾਲਿਆਂ ਨੂੰ ਨਹੀਂ ਪਰੋਸਦੇ,’’ ਗੋਰਾ ਬਹਿਰਾ ਕਹਿਣ ਲੱਗਾ।

‘‘ਮੈਂ ਵੀ ਕਾਲਿਆਂ ਨੂੰ ਨਹੀਂ ਖਾਂਦਾ,’’ ਅਲੀ ਨਸਲੀ ਗੱਲ ਦਾ ਮਖੌਲ  ਉਡਾਕੇ, ਲੜੇ ਬਿਨਾਂ, ਰਸਤੇ ਪਿਆ।

ਮੈਂ ਜਦ ਵੀ ਇੰਡੀਆ ਫੇਰੀ ਪਾਉਂਦਾ, ਮੈਂ  ਘੁੰਮਦਾ ਫਿਰਦਾ, ਤਸਵੀਰਾਂ ਖਿਚਦਾ, ਸਾਹਿਤਕ ਸਰਗਰਮੀਆਂ ਵਿਚ ਜਾਂਦਾ, ਅਤੇ, ਖਾਸ ਕਰਕੇ, ਬੱਚਿਆਂ ਨੂੰ ਸੰਗੀਤ ਨਾਲ ਜੋੜਦਾ। ਮੈਂ ਆਪਣੀ ਉਮਰ ਦੇ ਵਿਹਲੇ ਲੋਕ ਲੱਭ ਲੱਭ ਵਕਤ ਨੂੰ ਧੱਕਾ ਨਾ ਲਾਉਂਦਾ। ਇਹ ਮੇਰੀ ਫਿਤਰਤ ਨਹੀਂ।

**

ਭਾਗ II  

ਲਿਖਣਾ

ਅਧਿਆਇ 10

 ਜੀਵਨ ਭਰ ਸਿੱਖਣਾ

ਮੇਰੀ ਪਹਿਲੀ ਯਾਦਦਾਸ਼ਤ ਨੂੰ ਸੰਨ 2015 ਵਿਚ ਕਿਤਾਬੀ ਰੂਪ ਦੇਕੇ ਮੈਂ ਖੁਸ਼ੀ ਜਾਹਰ ਕੀਤੀ। ਸਿਖਲਾਈ ਦੀਆਂ ਕਲਾਸਾਂ ਨੇ ਮੈਂਨੂੰ ਅਗਾਂਹ ਲਿਖਣ ਲਈ ਜੋੜੀ ਰੱਖਿਆ ਅਤੇ ਫਾਲਤੂ ਸ਼ਬਦ ਵਰਤਣ ਤੋਂ ਰੋਕਿਆ। ਹੁਣ ਵਾਲੀ ਨਵੀਂ ਲਿਖਤ ਲਈ ਕੋਸ਼ਿਸ਼ਾਂ ਤਾਂ ਮੈਂ ਕਾਫੀ ਦੇਰ ਤੋਂ ਕਰਦਾ ਰਿਹਾ ਸੀ, ਪਰ ਇਸਨੂੰ ਲਿਖਣ ਦੀ ਅਜੇ ਪੂਰੀ ਜਾਚ ਨਹੀਂ ਆਈ ਸੀ ਅਤੇ ਨਾ ਹੀ ਹੀਆ ਪੈਂਦਾ ਸੀ ਕਿ ਕਦੋਂ ਛਾਪਣਯੋਗ ਸਮਝ ਕੇ ਅੱਗੇ ਵਧਿਆ ਜਾਵੇ। ਮੈਂਨੂੰ ਇਹ ਵੀ ਡਰ ਸੀ ਕਿ ਲਿਖਾਰੀ-ਥਕਾਵਟ (writer’s fatigue) ਦੇ ਅਸਰ ਹੇਠ ਕਿਤੇ ਲਿਖਣ ਦੀ ਰੁਚੀ ਵੀ ਨਾ ਜਾਂਦੀ ਰਹੇ।

ਯਾਦਦਾਸ਼ਤਾਂ ਲਿਖ ਸਕਣ ਤੋਂ ਕਾਫੀ ਦੇਰ ਪਹਿਲਾਂ ਹੀ ਮੈਂਨੂੰ ਗਿਆਨ ਹੋ ਗਿਆ ਸੀ ਕਿ ਮੈਂ ਹੁਣ ਉਹ ਕੁਝ ਨਹੀਂ ਸੀ ਕਰ ਸਕਦਾ ਜੋ ਕੈਂਸਰ ਤੋਂ ਪਹਿਲਾਂ, ਮੇਰੇ ਲਈ ‘‘ਖੱਬੇ ਹੱਥ ਦੇ ਕੰਮ’’ ਹੁੰਦੇ ਸਨ — ਜਿਵੇਂ ਨੌਕਰੀ ਦਾ ਕੰਮ, ਭਾਰ ਚੁੱਕਣਾ, ਤੁਰਨਾ-ਫਿਰਨਾ, ਅਤੇ ਦੁਨੀਆ ਦੇ ਲੋਕਾਂ ਨੂੰ ਖੁਸ਼ ਰੱਖਣਾ। ਏਸ ਲਈ ਮੈਂਨੂੰ ਰਹਿਣ ਸਹਿਣ ਵਿਚ ਤਬਦੀਲੀਆਂ ਕਰਨੀ ਪਈਆਂ। ਉਦੋਂ ਮੈਂਨੂੰ ਇਹ ਵੀ ਅਨੁਭਵ ਹੋਣ ਲੱਗ ਪਿਆ ਕਿ ਇਨ੍ਹਾਂ ਸਮਝੌਤਿਆਂ ਦਾ ਅਸਰ ਚੰਗਾ ਹੈ। ਇਨ੍ਹਾਂ ਨਸੀਅਤਾਂ ਦੀ ਮੈਂ ਲਿਸਟ ਬਣਾਕੇ ਹੇਠਾਂ  ਲਿਖ ਲਈ ਹੈ:

ਜੁੜੇ ਰਹੋ
ਯਕੀਨ ਰੱਖੋ
ਇਕਾਗਰ ਰਹੋ
ਸਮਾਂ ਜਾਇਆ ਨਾ ਕਰੋ
ਬਿਨਾ ਪੁੱਛੇ ਭਾਸ਼ਨ ਨਾ ਝਾੜੋ
ਲੋੜੀਂਦੀ ਕਸਰਤ
ਠੀਕ ਖਾਣਾ
ਢੂਹੀ ਸਿੱਧੀ ਰੱਖੋ
ਖੁੱਲ੍ਹ ਕੇ ਹੱਸੋ
ਚੜ੍ਹਦੀ ਕਲਾ ਵਿਚ ਰਹੋ

ਮੇਰਾ ‘‘200’’ ਨਿਯਮ
ਖੇਡਾਂ ਦੇਖੋ
ਸਾਜ਼ ਵਜਾਉਣੇ ਸਿੱਖੋ
ਪਗਡੰਡੀਆਂ ਦੀ ਵਰਤੋਂ ਕਰੋ
ਨਾਟਕ ਵੀ ਦੇਖੋ
ਕਈ ਵਾਰ ਸੋਚੇ – ਇਕ ਵਾਰ ਕੱਟੋ
ਚੰਗੇ ਮੁਹਾਵਰੇ ਇਕੱਠੇ ਕਰਦੇ ਰਹੋ
ਆਸ ਨੂੰ ਬਣਾਈ ਰੱਖੋ 

ਮੇਰਾ ‘‘200’’ ਨਿਯਮ ਕੀ ਹੈ?

ਇਹ ਮੈਂਨੂੰ ਚੇਤਾ ਕਰਾਉਣ ਵਾਲਾ, ਆਪੇ ਘੜਿਆ ਆਪਣਾ ਨੀਯਮ ਹੈ ਜਿਸ ਨਾਲ ਮੇਰੀ ਰਸਾਇਣਿਕੀ ਬਣਤਰ ਤੇ ਕਾਬੂ ਰਹਿੰਦਾ ਹੈ। ਇਸ ਨੀਯਮ ਅਨੁਸਾਰ ਮੇਰੀ ਲਹੂ ਦੀ ਸ਼ੂਗਰ 200 ਤੋਂ ਥੱਲੇ, ਮੇਰੇ ਜਿਸਮ ਵਿਚ ਫੈਟ 200 ਤੋਂ ਥੱਲੇ,ਅਤੇ ਨਾੜੀਆਂ ‘ਚ ਜੰਮ ਜਾਣ ਵਾਲਾ ਕੋਲੈਸਟਰੋਲ ਵੀ 200 ਤੋਂ ਥੱਲੇ ਰੱਖਿਆ ਜਾਂਦਾ ਹੈ।

ਮੇਰਾ ‘‘200’’ ਨਿਯਮ ਆਮ ਸਮਝਣ ਵਾਲਾ ਨਿਯਮ ਹੈ। ਸੰਤੁਲਿਤ ਜੀਵਨ ਬਤਾਉਣ ਲਈ ਮੇਰੇ ਸਾਰੇ ਨਿਯਮ ਮੇਰੀ ਕਿਤਾਬੀ ਵਿੱਦਿਆ ਅਤੇ ਹੱਡ ਬੀਤੀਆਂ ਦੀ ਪੈਦਾਇਸ਼ ਹਨ। ਖਾਣਿਆਂ ਵਿਚ ਸੰਤੁਲਤਾ ਦੀ ਮਹੱਤਤਾ ਬਾਰੇ ਬਹੁਤ ਨੁਕਤੇ ਲਿਖੇ ਪਏ ਹਨ, ਜਿਵੇਂ ਕਿ:

1. ਭੋਜਨ ਕਿਸੇ ਵਿਆਉਂਤ ਅਨੁਸਾਰ ਖਾਓ।

2. ਸਾਬਤ ਦਾਣਿਆਂ ਵਾਲਾ ਭੋਜਨ ਖਾਓ, ਜੋ ਤਾਕਤ-ਵਰ ਹੁੰਦਾ ਹੈ।

3. ਹਰ ਖਾਣੇ ਵਿਚ ਕੁਝ ਪਰੋਟੀਨ ਜ਼ਰੂਰ ਹੋਵੇ। ਪਰੋਟੀਨ ਦੇ ਚੰਗੇ ਸੋਮਿਆਂ ਵਿਚ ਫਲੀਦਾਰ ਪੌਦੇ, ਦਾਲਾਂ, ਗਿਰੀਆਂ,
ਬੀਜ਼ ਅਤੇ ਟੋਫੂ, ਅਤੇ ਮਛਲੀ, ਮੁਰਗਾ, ਆਂਡੇ, ਦਹੀਂ, ਪਨੀਰ,ਅਤੇ ਦੁਧ ਵੀ ਸ਼ਾਮਲ ਹਨ। 

4.  ਇਕ ਵਾਰ ਕੁੱਖਾਂ ਕੱਢਣ ਨਾਲੋਂ, ਭੋਜਨ ਥੋੜੀ ਥੋੜੀ ਮਾਤਰਾ ਵਿਚ ਕਈ ਵਾਰ ਖਾਓ।

5. ਸਾਫ ਪਾਣੀ ਪੀਂਦੇ ਰਹੋ ਤਾਂ ਜੋ ਸਰੀਰ ਜਲਹੀਣ ਨਾ ਹੋਵੇ।

*

ਯਾਦ ਰਹੇ ਕਿ ਮੇਰੇ ਵੱਲੋਂ ਦਿੱਤੇ ਸੁਝਾਅ, ਜੇ ਹੋ ਸਕੇ ਤਾਂ, ਆਪਣੇ ਡਾਕਟਰ ਨਾਲ ਵਿਚਾਰੇ ਪਰਖੇ ਜਾਣ। 

**

ਅਧਿਆਇ 11
ਇੱਕ ਲਿਖਾਰੀ ਦੀ ਪੈਦਾਇਸ਼

‘‘ਉਹ ਤਾਂ ਆਕੜਾਂ ਕਰਦਾ। ਤੂੰ ਅਪਣੀਆਂ ਲਿਖਤਾਂ ਅੰਬਰਸਰ ਲੈਜਾ, ਰਵੀ ਸਾਹਿਤ ਵਾਲਿਆਂ ਕੋਲ। ਮੈਂ ਰਾਹੀ ਜੀ ਨਾਲ ਗੱਲ ਕੀਤੀ ਹੋਈ ਹੈ,’’  ਡਾ. ਜੋਗਿੰਦਰ ਸਿੰਘ ਨਿਰਾਲਾ ਮੈਂਨੂੰ ਮੇਰੇ ਕਾਗਜ਼ ਪੱਤਰ ਵਾਪਸ ਕਰਦਾ ਬੋਲਿਆ। ਉਹ ਲੁਧਿਆਣੇ ਦੇ ਕਿਸੇ ਸਥਾਨਕ ਪ੍ਰਕਾਸ਼ਕ ਦੀ ਗੱਲ ਕਰ ਰਿਹਾ ਸੀ। ਮੋਹਨ ਸਿੰਘ ਰਾਹੀ, ਅੰਮ੍ਰਿਤਸਰ ਤੋਂ ਕਿਤਾਬਾਂ ਛਾਪਦਾ ਸੀ। ਇਹ ਕਾਗਜ਼ ਪੱਤਰ ਮੇਰੀ ਤਿੰਨ ਸਾਲ ਦੀ ਕਾਵਿ ਰਚਨਾ ਸੀ, ਸਾਰੀ ਦੀ ਸਾਰੀ ਮਾਂ ਬੋਲੀ ਪੰਜਾਬੀ ‘ਚ ਲਿਖੀ ਹੋਈ। ਹਫ਼ਤਾ ਪਹਿਲਾਂ ਮੈਂ ਨਿਰਾਲਾ ਜੀ ਨੂੰ ਨਜ਼ਰ ਮਾਰਨ ਲਈ ਦੇਕੇ ਆਇਆ ਸਾਂ।  ਇਹ ਗੱਲ ਸੰਨ 2005 ਦੀ ਹੈ ਜਦ ਮੈਂ ਅਮਰੀਕਾ ਤੋਂ ਪੰਜਾਬ ਗਿਆ ਹੋਇਆ ਸਾਂ।

ਡਾ. ਨਿਰਾਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਭਾਸ਼ਾਵਾਂ ਦਾ ਪ੍ਰੋਫੈਸਰ ਸੀ, ਜਿੱਥੇ ਚਾਲੀ ਸਾਲ ਪਹਿਲਾਂ, 1959-66 ਵਿਚ, ਮੈਂ  ਸੋਲਵੀਂ ਤੱਕ ਸਾਇੰਸ ਪੜ੍ਹਦਾ ਰਿਹਾ ਸੀ। ਨਿਰਾਲਾ ਸਾਹਿਬ ਦਾ ਭਾਸ਼ਾਵਾਂ ਵਾਲਾ ਮਹਿਕਮਾ ਬਹੁਤ ਬਦਲ ਚੁੱਕਾ ਸੀ, ਜਿੱਥੇ ਹੁਣ ਨਿਰਾਲਾ ਸਾਹਿਬ ਵਰਗੇ ਕਈ ਸਿਰਕੱਢ ਲਿਖਾਰੀ ਆ ਗਏ ਸਨ।

ਡਾ. ਨਿਰਾਲਾ ਜੀ ਕਹਾਣੀਆਂ ਲਿਖਦੇ ਸਨ, ਕਵਿਤਾ ਦੀ ਛਾਣ-ਬੀਣ ਵੀ ਕਰ ਲੈਂਦੇ ਸਨ। ਨਿਰਾਲਾ ਜੀ ਦੀ ਦੇਖ ਰੇਖ ਸਧਾਰਨ ਲੋਕਾਂ ਵਰਗੀ ਹੋਣ ਕਰਕੇ, ਉਹਦੇ ਨਾਲ ਸੰਪਰਕ ਬਨਾਉਣਾ ਸੌਖਾ ਸੀ। ਜਦ ਯੂਨੀਵਰਸਿਟੀ ਵਿਚ ਮੈਂ ਉਹਨੂੰ ਪਹਿਲੀ ਵਾਰ ਮਿਲਿਆ, ਮੈਂ ਗਿਆ ਤਾਂ ਕਿਸੇ ਹੋਰ ਨੂੰ ਮਿਲਣ ਦੀ ਆਸ ਤੇ ਸੀ – –  ਪਰ, ਨਿਰਾਲਾ ਜੀ ਮੈਂਨੂੰ ਅਦਬ ਨਾਲ ਮਿਲੇ ਅਤੇ ਕਿਤਾਬ ਛਾਪਣ ਲਈ ਮੇਰੀ ਮੱਦਦ ਲਈ ਤਿਆਰ ਹੋ ਗਏ। ਇਹ ਕਵਿਤਾਵਾਂ 2002-2005 ਦਰਮਿਆਨ ਲਿਖੀਆਂ ਗਈਆਂ ਸਨ ਜਦ ਮੈਂਨੂੰ ਕੈਂਸਰ ਤੋਂ ਆਰਾਮ ਆ ਰਿਹਾ ਸੀ। ਪਹਿਲੀਆਂ ਕਵਿਤਾਵਾਂ ਨੂੰ ਲਿਖਤੀ ਰੂਪ ਦੇਣਾ ਇਕ ਸੰਘਰਸ ਸੀ। ਚਾਰ ਦਹਾਕੇ ਲਗਾਤਾਰ, ਸਿਰਫ ਸਾਇੰਸ ਵਿਚ ਜੁਟੇ ਰਹਿਣ ਕਰਕੇ, ਮਾਂ ਬੋਲੀ ਪੰਜਾਬੀ ਵਿਚ ਲਿਖਣਾ, ਤੇ ਉਹ ਵੀ ਅਮਰੀਕਾ ਵਿਚ, ਸੌਖਾ ਨਹੀਂ ਸੀ।

ਕੰਮਪਿਊਟਰ ਤੇ ਪੰਜਾਬੀ ਲਿਖਣਾ ਵੱਡੇ ਪੱਧਰ ਤੇ ਸ਼ੁਰੂ ਹੋ ਰਿਹਾ ਸੀ। ਉਸ ਸਮੇਂ ਮੈਂ ਕਨੇਡਾ ਦੇ ਟੋਰਾਂਟੋ ਸ਼ਹਿਰ ਵਿਚ ਚਲਾਈ ਪੰਜਾਬੀ ਲਿਖਾਰੀ ਸਭਾ, ਕਲਮਾਂ ਦਾ ਕਾਫਲਾ, Kalaman Da Kafla, ਵਿਚ ਜਾਣ ਲੱਗ ਪਿਆ। ਟੋਰਾਂਟੋ ਸਾਡੇ ਸ਼ਹਿਰ ਇੱਥਕਾ ਤੋਂ 250 ਮੀਲ ਦੂਰ ਹੈ। ਮੀਟਿੰਗ ਹਰ ਮਹੀਨੇ ਸ਼ਨਿਚਰਵਾਰ ਜਾਂ ਐਤਵਾਰ ਨੂੰ ਹੁੰਦੀ। ਕਦੇ ਅਸੀਂ ਲਾਇਬਰੇਰੀ ਵਿਚ ਮਿਲਦੇ, ਕਦੇ ਕਿਸੇ ਰੈਸਟੋਰੈਂਟ ਵਿੱਚ, ਜਾਂ ਕਿਸੇ ਪੰਜਾਬੀ ਹਿਤੈਸ਼ੀ ਦਫ਼ਤਰ ਵਿਚ। ਕੈਂਸਰ ਤੋਂ ਛੁਟਕਾਰਾ ਪਾਕੇ, ਲਿਖਣਾ ਮੇਰੇ ਲਈ ਦਿਨਕਟੀ ਨਹੀਂ, ਇਕ ਜੋਸ਼ ਵਾਲਾ ਆਹਰ ਬਣ ਗਿਆ। ਫੇਰ ਵੀ, ਇਨ੍ਹਾਂ ਸਾਹਿਤਿਕ ਮਿਲਣੀਆਂ ਸਮੇਂ ਮੈਂ ਕੈਂਸਰ ਬਾਰੇ ਚੁੱਪ ਹੀ ਰਿਹਾ।

ਦੋ ਵਾਰ ਕੈਂਸਰ ਦੇ ਘੇਰੇ ‘ਚੋਂ ਨਿਕਲਕੇ, ਅਤੇ ਇਕ ਸਰਜਰੀ ਓਪਰੇਸ਼ਨ ਤੋਂ ਬਾਅਦ, ਜਿਸਨੇ ਮੈਂਨੂੰ ਮੌਤ ਦੇ ਬੂਹੇ ਤੱਕ ਭੇਜ ਦਿੱਤਾ ਸੀ, ਆਖਰ ਮੈਂ ਖਤਰੇ ਤੋਂ ਬਾਹਰ ਹੋ ਗਿਆ। ਮੇਰੀ ਉਮਰ ਦੇ ਤਿੰਨ ਸਾਲ ਗੁੱਲ ਹੋ ਗਏ। ਮੈਂ ਕੋਈ ਭਾਰਾ ਕੰਮ ਕਰਨ ਜੋਗਾ ਤਾਂ ਨਾ ਰਿਹਾ, ਪਰ ਕਵਿਤਾ ਲਿਖਣਾ ਪੜ੍ਹਨਾ ਸ਼ੁਰੂ ਕਰ ਦਿੱਤਾ। ਕੁਝ ਕਹਾਣੀਆਂ ਵੀ ਲਿਖੀਆਂ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਬੈਠੇ  ਨਿਰਾਲਾ ਜੀ ਤੋਂ ਆਪਣੇ ਕਾਗਜ ਪੱਤਰ ਵਾਪਿਸ ਲੈਕੇ ਮੈਂ ਪਿੰਡ ਅਜਨਾਲੀ ਰਿਸ਼ਤੇਦਾਰਾਂ ਕੋਲ ਚਲਾ ਗਿਆ ਤੇ ਨਿਰਾਲਾ ਜੀ ਦੇ ਸੁਧਾਰਾਂ ਤੇ ਨਜ਼ਰ ਮਾਰੀ। ਅਗਲੇ ਦਿਨ ਮੈਂ ਤੜਕੇ ਉੱਠਿਆ ਤੇ ਜੀ.ਟੀ. ਰੋਡ ਤੋਂ ਅੰਮ੍ਰਿਤਸਰ ਵਲ ਜਾਂਦੀ ਬੱਸ ਫੜ ਲਈ। ਇਸ ਸੜਕ ਤੇ ਬੱਚੇ ਹੁੰਦਿਆਂ ਸਾਈਕਲ ਚਲਾਉਣ ਕਾਰਨ ਮੇਰਾ ਮੋਹ ਪਹਿਲਾਂ ਹੀ ਬਣਿਆ ਹੋਇਆ ਸੀ।

ਬੀਮਾਰੀ ਕਾਰਨ ਸਰੀਰ ਮੇਰਾ ਅਜੇ ਵੀ ਕਮਜ਼ੋਰ ਸੀ ਤੇ ਸੁਰਿੰਦਰ ਤਾਂ ਚਾਹੁੰਦੀ ਸੀ ਕਿ ਮੈਂ ਟੈਕਸੀ ਕਰਕੇ ਅੰਮ੍ਰਿਤਸਰ ਜਾਵਾਂ। ਇਸਦੇ ਉਲਟ ਮੈਂ ਲਿਖਾਰੀਆਂ ਵਾਂਗ ਲੋਕਾਂ ਨਾਲ ਮੋਢੇ ਰਗੜਦੇ ਜਾਣਾ ਚਾਹੁੰਦਾ ਸਾਂ। ਇੰਡੀਆ ਵਿਚ ਮੈਂਨੂੰ ਬਸ ਦਾ ਸਫ਼ਰ ਬਚਪਨ ਤੋਂ ਪਸੰਦ ਰਿਹਾ ਸੀ। ਬਸ ਖੜੀ, ਟਪੂਸੀ ਮਾਰਕੇ ਉੱਤਰ ਜਾਣਾ। ਕੰਡਕਟਰ ਨੇ ਸੀਟੀ ਮਾਰੀ, ਅਸਾਂ ਟਪੂਸੀ ਮਾਰਕੇ ਚੜ੍ਹ ਜਾਣਾ। ਸਾਡੇ ਸਮਿਆਂ ਵਿਚ, 1960 ਦੇ ਲਾਗੇ-ਤਾਗੇ, ਜੀ.ਟੀ. ਰੋਡ ਤੇ ਭੀੜ ਨਹੀਂ ਸੀ ਹੁੰਦੀ। 2005 ਤੱਕ ਬਹੁਤ ਕੁਝ ਬਦਲ ਚੁੱਕਾ ਸੀ। ਬਸ ਵਿਚ ਬੈਠਿਆਂ ਪੱਛਮੀ ਸੱਭਿਅਤਾ ਦਾ ਅਸਰ ਦਿਸ ਰਿਹਾ ਸੀ। ਗੈਸ ਸਟੇਸ਼ਨ, ਨਵੀਂਆਂ ਦੁਕਾਨਾਂ, ਏਥੋਂ ਤੱਕ ਕਿ ਦੋਰਾਹਾ ਸ਼ਹਿਰ ਦੇ ਲਾਗੇ ਇਕ ਮਕਡਾਨਲਡ ਤੇ ਵੈਜੀ-ਬਰਗਰ ਵੀ ਮਿਲਦੇ ਸਨ। ਜਦ ਪੰਜਾਬੀ ਲੋਕ ਅਮਰੀਕਾ-ਕਨੇਡਾ ਵਰਗੇ ਮੁਲਕਾਂ ਵਿਚ ਜਾਂਦੇ, ਤਾਂ ਹਰ ਨਵੀਂ ਸ਼ੈਅ ਨੂੰ ਇੰਡੀਆ ਨਾਲ ਤੋਲਦੇ ਰਹਿੰਦੇ। ਜਦ ਉਹ ਵਾਪਸ ਇੰਡੀਆ ਮਿਲਣ-ਗਿਲਣ ਜਾਂਦੇ, ਤਾਂ ਵੀ ਉਹੀ ਕੁਝ ਕਰਦੇ ਰਹਿੰਦੇ। ਸੜਕਾਂ, ਇਮਾਰਤਾਂ, ਫਸਲਾਂ, ਮੌਸਮ, ਆਦਤਾਂ, ਕੋਈ ਚੀਜ਼ ਬਚੀ ਨਾ ਰਹਿੰਦੀ। ਆਪਣੇ ਤਰੀਕੇ ਨਾਲ ਮੈਂ ਵੀ ਤੁਲਨਾ ਕਰਦਾ ਰਹਿੰਦਾ। ਇਕ ਵਾਰ ਮੈਂ ਵੀ ਦੁਰਾਹੇ ਲਾਗੇ ਜੀ.ਟੀ. ਰੋਡ ਤੇ ਬਣੇ ਮਕਡਾਨਲਡ ਵਿਚ ਜਾ ਵੜਿਆ। ਉਸ ਦਿਨ ਉਹ ਮੁਰਗਾ-ਬਰਗਰ ਅਤੇ ਵੈਜੀ-ਬਰਗਰ ਵਰਤਾ ਰਹੇ ਸਨ। ਗਊ ਦੇ ਮਾਸ ਤੋਂ ਬਣੇ ਬੀਫ-ਬਰਗਰ ਵਰਤਾਣਾ ਮਨਾ ਸੀ।

ਅੱਜ ਮੈਂ ਬਸ ਦੋ ਵਾਰ ਬਦਲਣੀ ਸੀ, ਪਹਿਲਾਂ ਲੁਧਿਆਣੇ, ਤੇ ਫੇਰ ਜਲੰਧਰ। ਬਸਾਂ ਤੇ ਰੰਗ-ਬਰੰਗੇ ਲੇਬਲ ਚਿਪਕਾਏ ਹੋਏ ਸਨ। ਇਕ ਲੇਬਲ ਅਮਰੀਕਾ ਦੇ ਅੰਗਰੇਜ਼ੀ ਵਿਚ ਲਿਖੇ ਲੇਬਲ, ‘‘Run baby, run.’’ ਵਰਗਾ ਵੀ ਸੀ। ਪੰਜਾਬੀ ‘ਚ, ‘‘ਨੱਠ ਚੱਲ ਮੋਰਨੀਏ,’’ ਆਮ ਦੇਖਿਆ ਜਾਂਦਾ ਹੈ।  ਮੋਰਨੀ ਨੱਠਦੀ ਨੱਠਦੀ ਲੁਧਿਆਣੇ ਦੇ ਬੱਸ ਅੱਡੇ ਪਹੁੰਚ ਗਈ।

ਲੁਧਿਆਣੇ ਤੋਂ ਮੈਂ ਜਲੰਧਰ ਵਾਲੀ ਬੱਸ ਫੜ ਲਈ। ਡਰਾਈਵਰ ਦੇ ਲਾਗਦੀ ਸੀਟ ਖਾਲੀ ਪਈ ਸੀ। ਸੀਟ ਦੇ ਪਿੱਛੇ ‘ਕੰਡਕਟਰ’ ਲਿਖਿਆ ਹੋਇਆ ਸੀ। ਮੈਂ ਉਸ ਉੱਤੇ ਜਾ ਬੈਠਿਆ ਤੇ ਆਪਣਾ ਬੈਗ ਇੰਜਣ ਦੇ ਢੱਕਣ ਤੇ ਰੱਖ ਦਿੱਤਾ। ਫਗਵਾੜੇ ਤੋਂ ਬਾਅਦ ਕੰਡਕਟਰ ਮੈਨੂੰ ਆਪਣੀ ਸੀਟ ਤੋਂ ਉਠਾ ਕੇ ਆਪ ਬੈਠ ਗਿਆ ਅਤੇ ਡਰਾਈਵਰ ਨਾਲ ਗੱਪਾਂ-ਛੱਪਾਂ ਮਾਰਨ ਲੱਗ ਪਿਆ। ਕੂਹਣੀਆਂ ਉਹਨੇ ਮੇਰੇ ਬੈਗ ਉੱਤੇ ਰੱਖ ਲਈਆਂ। ਬੈਗ ਵਿਚ ਕਮੀਜ਼, ਤੌਲੀਆ ਬਗੈਰਾ ਤੇ ਇਕ ਛੋਟਾ ਜਿਹਾ ਕੈਮਰਾ ਸੀ, ਇਸ ਲਈ ਉਹਦੀਆਂ ਹਰਕਤਾਂ ਮੈਂਨੂੰ ਚੁੱਭਣ ਲੱਗ ਪਈਆਂ, ਪਰ ਕਿਸੇ ਦੋਸਤ ਦੀ ਪਤਨੀ ਦੇ ਆਖੇ ਲਫਜ਼ਾਂ ‘ਇਹ ਇੰਡੀਆ ਹੈ’, ਨੇ ਮੇਰਾ ਹਰਖ ਮੁਸਕਰਾਹਟ ਵਿਚ ਬਦਲ ਦਿੱਤਾ। ਪਤਾ ਨਹੀਂ ਕਦੋਂ ਕੰਡਕਟਰ ਉੱਥੋਂ ਉੱਠਿਆ ਤੇ ਕੀਹਦਾ ਕੀਹਦਾ ਬਕਾਇਆ ਉਹਨੇ ਮੋੜਿਆ, ਬੱਸ ਜਲੰਧਰ ਜਾ ਪਹੁੰਚੀ।

ਮੈਂ ਆਪਣਾ ਬੈਗ ਚੁੱਕਿਆ ਤੇ ਪੁੱਛਦਾ ਪੁੱਛਦਾ ਅੰਮ੍ਰਿਤਸਰ ਜਾਣ ਵਾਲੀ ਬੱਸ ਵਿਚ ਚੜ੍ਹ ਗਿਆ। ਮੈਥੋਂ ਪਹਿਲਾਂ ਇੱਕ ਅਜਿਹਾ ‘ਮੀਸਣਾ ਸਿੰਘ’ ਬੱਸ ਵਿੱਚ ਬੈਠਾ ਹੋਇਆ ਸੀ, ਜਿਸ ਨੇ ਮੇਰੇ ਨੱਕ ਵਿੱਚ ਦਮ ਕਰ ਦਿੱਤਾ। ਮੈਂ ਉਦੋਂ ਸ਼ੁਕਰ ਕੀਤਾ, ਜਦੋਂ ਉਹ ਕਰਤਾਰਪੁਰ ਲਾਗੇ ਉੱਤਰ ਗਿਆ। ਜਲੰਧਰ ਤੋਂ ਅਗਾਂਹ ਇੱਕ ਪਿੰਡ ਦੇ ਅੱਡੇ ’ਤੇ ਬੱਸ ਕੁੱਝ ਸਮੇਂ ਲਈ ਰੁਕ ਗਈ। ਇੱਥੇ ਇੱਕ ‘ਮੀਸਣੇ ਸਿੰਘ’ ਦੀ ਥਾਂ ਦੋ ‘ਢੌਂਗੀ ਸਿੰਘ’ ਬੱਸ ਵਿੱਚ ਆ ਚੜ੍ਹੇ। ਦੋਵੇਂ ਨੌਜਵਾਨ ਅੱਧ-ਸ਼ਰਾਬੀ ਜਿਹੇ ਸਨ। ਪਤਾ ਨਹੀਂ ਕਿਉਂ ਉਹਨਾਂ ਦੀ ਨਜ਼ਰ ਇਕਦਮ ਉਤਲੇ ਰਖਨੇ ਵਿਚ ਰੱਖੇ ਮੇਰੇ ਬੈਗ ’ਤੇ ਗੱਡੀ ਗਈ। ਇੱਕ ਬੋਲਿਆ, “ਇਹ ਬੈਗ ਕੀਹਦਾ ਹੈ?”

“ਉਸ ਸਰਦਾਰ ਦਾ ਹੈ।” ਕਿਸੇ ਨੇ ਮੇਰੇ ਵੱਲ ਇਸ਼ਾਰਾ ਕਰ ਦਿੱਤਾ।

“ਇਹਦੇ ਵਿੱਚ ਕੀ ਹੈ?” ਫਿਰ ਆਵਾਜ਼ ਆਈ।

“ਤੁਸੀਂ ਕੀ ਲੈਣਾ ਭਾਈ ਇਸ ਬੈਗ ਤੋਂ?” ਮੈਂ ਪੁੱਛਿਆ।

“ਅਸੀਂ ਪੁਲਸ ਵਾਲੇ ਹਾਂ। ਤ੍ਹਾਡੀ ਤਲਾਸ਼ੀ ਲੈਣੀ ਆ। ਕੀ ਪਤਾ ਇਹਦੇ ਵਿਚ ਕੋਈ ਅਸਲਾ ਹੋਵੇ।” ਮੈਨੂੰ ਸੰਨ ਚੁਰਾਸੀ ਦੇ ਮੰਦੇ ਦਿਨ ਯਾਦ ਆ ਗਏ।

“ਪਰ ਤੁਹਾਡੀ ਵਰਦੀ ਕਿੱਥੇ ਹੈ? … ਤੁਹਾਡੇ ਪਾਸ ਕੋਈ ਕਾਗਜ਼-ਪੱਤਰ ਹੈ?’ ਮੈਂ ਫਿਰ ਪੁੱਛ ਲਿਆ।

“ਸਰਦਾਰ ਜੀ, ਤੁਸੀਂ ਦੇਖ ਲੈਣ ਦਿਓ।” ਲਾਗੇ ਬੈਠਾ ਇੱਕ ਮੁਸਾਫਰ ਬੋਲਿਆ।

“ਨਾ ਭਾਈ, ਤੂੰ ਆਪਣੀ ਜੇਬ ’ਚ ਮਾਰ ਲੈਣ ਦੇ ਹੱਥ ਇਹਨਾਂ ਨੂੰ।” ਮੇਰੀ ਆਵਾਜ਼ ਕੁੱਝ ਉੱਚੀ ਹੋ ਗਈ।

“ਤੁਸੀਂ ਹਰੇਕ ਨਾਲ ਪੰਗੇ ਲੈਣ ਲੱਗ ਪੈਂਦੇ ਓ।” ਇੱਕ ਹੋਰ ਬੋਲ ਪਿਆ। ਇਹ ਬੰਦਾ ਮੇਰੇ ਨਾਲ ਜਲੰਧਰ ਤੋਂ ਚੜ੍ਹਿਆ ਸੀ। ਇਸ ਨੂੰ ਪਿਛਲੀ ਘਟਨਾ ਦਾ ਸਾਰਾ ਪਤਾ ਸੀ। ਬੱਸ ਵਿਚ ਘੁਸਰ-ਮੁਸਰ ਹੋਣ ਲੱਗ ਪਈ। ਮੈਂ ਉੱਠ ਕੇ ਆਪਣੇ ਬੈਗ ਕੋਲ ਚਲਾ ਗਿਆ। ਨੌਜਵਾਨਾਂ ਦੇ ਸਾਹਾਂ ’ਚੋਂ ਸ਼ਰਾਬ ਦੀ ਬੂ ਆ ਰਹੀ ਸੀ। ਅੱਗੇ ਜਾਕੇ ਬਸ ਫੇਰ ਰੁਕ ਗਈ। ਦੋ ਕੁ ਸੌ ਗਜ਼ ਦੀ ਵਿੱਥ ’ਤੇ ਪੁਲਸ ਦਾ ਨਾਕਾ ਲੱਗਾ ਦਿਸ ਰਿਹਾ ਸੀ। ਬੱਸ ਅਜੇ ਵੀ ਰੁਕੀ ਹੋਈ ਸੀ।

“ਚਲੋ ਸਾਡੇ ਨਾਲ ਬਾਹਰ, ਵਰਦੀ ਵਾਲੇ ਪੁਲਸੀਆਂ ਕੋਲ।” ਉਹ ਨੌਜਵਾਨ ਫਿਰ ਕਹਿਣ ਲੱਗੇ।

ਉੱਚੀ ਆਵਾਜ਼ ਵਿਚ ਮੈਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਮੇਰੇ ਬੈਗ ਨੂੰ ਉਹ ਹੱਥ ਨਾ ਲਾਉਣ। ਜਦੋਂ ਕੁੱਝ ਵੀ ਪੱਲੇ ਨਾ ਪਿਆ ਤਾਂ ਦੋਵੇਂ ‘ਢੌਂਗੀ ਸਿੰਘ’ ਬੱਸ ਵਿੱਚੋਂ ਜਿਵੇਂ ਚੜ੍ਹੇ ਸਨ, ਓਵੇਂ ਹੀ ਖਾਲੀ ਹੱਥ ਉੱਤਰ ਗਏ। ਮੈਨੂੰ ਕੋਈ ਹੈਰਾਨੀ ਨਾ ਹੋਈ। ਪਹਿਲਾਂ ਵੀ ਇਕ ਵਾਰ ਇਸ ਤਰ੍ਹਾਂ ਦੇ ਬਨਾਉਟੀ ਪੁਲਸੀਆਂ ਨਾਲ ਮੇਰਾ ਵਾਹ ਪੈ ਚੁੱਕਾ ਸੀ। ਉਂਝ ਵੀ ਇਹ ਨੌਬਤ ਉੱਥੋਂ ਤੱਕ ਨਹੀਂ ਸੀ ਪਹੁੰਚੀ, ਜਿੱਥੋਂ ਤੱਕ ‘ਮੀਸਣਾ ਸਿੰਘ’ ਨੇ ਪਹੁੰਚਾ ਦਿੱਤੀ ਸੀ। 

ਮੈਂ ਜਲੰਧਰ ਬੱਸ ਅੱਡੇ ਉੱਤੇ ਅਜੇ ਬੱਸ ਵਿੱਚ ਬੈਠਿਆ ਹੀ ਸਾਂ ਕਿ ਖੱਬੇ ਪਾਸੇ ਬੈਠੇ ਇੱਕ ਸਿੰਘ ਨੇ ਮੂੰਹ ਨੀਵਾਂ ਕਰ ਕੇ ਮੇਰੇ ਵੱਲ ਐਨਕ ਦੇ ਉੱਤੋਂ ਦੀ ਹੋਰੂੰ ਹੋਰੂੰ ਦੇਖਿਆ ਤੇ ਸਾਰੀ ਸੀਟ ਮੱਲ ਲਈ। ਮੇਰੀ ਅੱਖ ਫਰਕੀ ਤੇ ਮੇਰਾ ਧਿਆਨ ਉਹਦੇ ਵੱਲ ਗੱਡਿਆ ਗਿਆ। ਉਹ ਸਿੰਘ ਮੀਸਣਾ ਜਿਹਾ ਬਣ ਕੇ ਮੇਰੇ ਬੈਗ ਵੱਲ ਦੇਖ ਦੇਖ ਅੱਖਾਂ ਘੁਮਾਉਂਦਾ ਰਿਹਾ ਤੇ ਨਾਲੇ ਮੂੰਗਫਲੀ ਦੇ ਫੋਟਕ ਸੁੱਟਦਾ ਰਿਹਾ। ਉਸਦੀ ਉਮਰ ਤਾਂ ਮੇਰੇ ਨਾਲੋਂ ਪੰਜ-ਸੱਤ ਸਾਲ ਛੋਟੀ ਹੋਵੇਗੀ ਪਰ ਢਿੱਡ ਤੋਂ ਮੇਰੇ ਨਾਲੋਂ ਵੀ ਗਿਆ ਗੁਜ਼ਰਿਆ ਲਗਦਾ ਸੀ। ਦੋ ਕੁ ਸੀਟਾਂ ਛੱਡ ਕੇ ਮੈਂ ਅੱਗੇ ਜਾ ਬੈਠਿਆ। ਬੈਗ ਮੈਂ ਉਤਲੇ ਰਖਨੇ ਵਿਚ ਤੁੰਨ ਦਿੱਤਾ ਤੇ ਸੁੱਖ ਦਾ ਸਾਹ ਲਿਆ। ਬੱਸ ਭਰਦੀ ਗਈ ਤੇ ਕੇਲੇ, ਸੰਤਰੇ, ਛੋਲੇ ਵੇਚਣ ਵਾਲੇ ਮੈਲੇ-ਕੁਚੈਲੇ ਬੱਚੇ ਜੁਆਨ ਗੇੜੇ ਮਾਰਨ ਲੱਗ ਪਏ। ਬੱਸ ਇੰਨੀ ਭਰ ਗਈ ਕਿ ਖੜ੍ਹਨ ਨੂੰ ਜਗ੍ਹਾ ਮਿਲਣੀ ਮੁਸ਼ਕਲ ਹੋ ਗਈ। ਛੋਲੇ ਮੂੰਗਫਲੀ ਵਾਲੇ ਅਜੇ ਵੀ ਭਿਣ ਭਿਣ ਕਰਦੇ ਫਿਰ ਰਹੇ ਸਨ। ਇੰਨੇ ਨੂੰ ਇੱਕ ਮੁੰਡੇ ਨੇ ਕੂਹਣੀ ਮਾਰ ਕੇ ਮੇਰੀ ਪਗੜੀ ਵਿੰਗੀ ਕਰ ਦਿੱਤੀ।

“ਚੱਲ ਬਈ ਬੱਸ ਚੱਲਣ ਲੱਗੀ ਆ, ਹੁਣ ਹੋਰ ਕਿਸੇ ਨੂੰ ਲੋੜ ਨੀ।” ਮੈਂ ਕਹਿ ਦਿੱਤਾ।

“ਫਿਰਨ ਦਿਓ ਜੀ ਗਰੀਬਾਂ ਨੂੰ, ਇਹਨਾਂ ਨੇ ਵੀ ਰੋਜ਼ੀ ਕਮਾਉਣੀ ਆ। ਇਹ ਕਿਹੜਾ ਕਨੇਡਿੀਆਈਆ।” ‘ਮੀਸਣਾ ਸਿੰਘ’ ਜੀ ਬੋਲੇ। ਇੱਕ ਦੋ ਬੰਦੇ ਹੱਥ ਵਿੱਚ ਪੈਸੇ ਫੜੀ ਬੈਠੇ ਦਿਸੇ; ਮੈਂ ਚੁੱਪ ਕਰ ਗਿਆ ਤੇ ਪਗੜੀ ਤੇ ਹੱਥ ਰੱਖ ਕੇ ਉਹਨੂੰ ਲੰਘਣ ਦੇ ਦਿੱਤਾ। ਕੰਡਕਟਰ ਨੇ ਸੀਟੀ ਮਾਰੀ, ਬੱਸ ਚੱਲ ਪਈ। ਮੈਂ ਫਿਰ ਆਪਣੇ ਖਿਆਲਾਂ ਵਿੱਚ ਮਗਨ ਹੋ ਗਿਆ ਤੇ ਮੀਸਣਾ ਸਿੰਘ ਦਾ ਧਿਆਨ ਛੱਡ ਦਿੱਤਾ।

ਅਖੇ ‘ਭੁੱਖਾ ਕਰਿਆੜ ਬਹੀਆਂ ਫੋਲੇ।’ ਮੀਸਣਾ ਸਿੰਘ ਜੀ ਭਰੇ-ਪੀਤੇ ਤਾਂ ਪਹਿਲਾਂ ਹੀ ਬੈਠੇ ਸਨ – ਮਸਾਂ ਅੱਧ ਕੁ ਮੀਲ ਬੱਸ ਗਈ ਹੋਵੇਗੀ ਕਿ ਉਸਨੂੰ ਕੋਈ ਹੌਲ ਜਿਹਾ ਉੱਠਿਆ ਤੇ ਉਹ ਬੁੜਬੁੜ ਕਰਨ ਲੱਗ ਪਿਆ।

“ਇਹ ਲੋਕ ਆਪਣੇ ਆਪ ਨੂੰ ਪਤਾ ਨੀ ਕੀ ਸਮਝਦੇ ਆ … ਦੋ-ਚਾਰ ਹਫਤੇ ਟੈਕਸੀਆਂ ਘੁਮਾ ਕੇ ਵਾਪਸ ਚਲੇ ਜਾਂਦੇ ਆ … ਫੇਰ ਆ ਜਾਂਦੇ ਆ ਇੱਧਰਲੇ ਲੋਕਾਂ ’ਤੇ ਰੋਹਬ ਜਮਾਉਣ।” ਇਸ ਤਰ੍ਹਾਂ ਦੇ ਸ਼ਬਦ ਉਹਦੇ ਮੂੰਹੋਂ ਨਿਕਲਦੇ ਗਏ। ਮੈਂ ਉਸਨੂੰ ਬੇ-ਧਿਆਨਾ ਦਿਸਣ ਦਾ ਯਤਨ ਕੀਤਾ, ਪਰ ਸੁਰਤ ਮੇਰੀ ਉਹਦੇ ਵੱਲ ਹੀ ਰਹੀ।

‘ਸ਼ਾਇਦ ਇਹਨੂੰ ਪਰਵਾਸੀਆਂ ਦੇ ਦਮੜੇ ਦਿਸ ਰਹੇ ਸਨ। ਸ਼ਾਇਦ ਇਹਦਾ ਕੋਈ ਬਾਲ-ਬੱਚਾ ਬਾਹਰ ਜਾਣ ਤੋਂ ਰਹਿ ਗਿਆ ਹੋਵੇ ਤੇ ਈਰਖਾ ਕਰਦਾ ਹੋਵੇ। ਇਹਨੂੰ ਕੀ ਪਤਾ, ਸਾਡੀ ਵੀ ਇਹ ਜਨਮ-ਭੂਮੀ ਹੈ। ਮਸਾਂ ਮਰ-ਭਰ ਕੇ ਕਿਤੇ ਆਉਣ ਦਾ ਸਬੱਬ ਬਣਦਾ ਹੈ। ਕੁਝ ਲੋਕ ਦੂਜਿਆਂ ਨੂੰ ਇੱਕੋ ਤੱਕੜੀ ਵਿਚ ਤੋਲਣ ਦੇ ਗੁਲਾਮ ਹੋ ਜਾਂਦੇ ਹਨ।’ ਇਹੋ ਜਿਹੇ ਖਿਆਲ ਮੇਰੇ ਮਨ ਵਿਚ ਗੂੰਜਦੇ ਗਏ। ਉਹਦੀ ਬੁੜਬੁੜ ਵੱਲ ਹੋਰ ਕਿਸੇ ਨੇ ਕੋਈ ਧਿਆਨ ਨਾ ਦਿੱਤਾ ਤੇ ਉਹ ਥੋੜ੍ਹੀ ਦੇਰ ਬਾਅਦ ਚੁੱਪ ਕਰ ਗਿਆ।

‘ਚਲੋ, ਉੱਬਲਦੀ ਤੌੜੀ ਵੀ ਠੰਢੀ ਹੋਣ ਲੱਗੀ ਥੋੜ੍ਹੀ ਭਾਫ ਤਾਂ ਕੱਢਦੀ ਰਹਿੰਦੀ ਹੈ, ਬਲਾ ਟਲ਼ੀ।” ਮੈਂ ਸ਼ੁਕਰ ਕੀਤਾ। ਪਰ ‘ਲਾਤੋਂ ਕੇ ਭੂਤ ਬਾਤੋਂ ਸੇ ਕਭ ਮਾਨਤੇ ਹੈਂ।’ ਉਹ ਫੇਰ ਖਰ੍ਹਵੇ ਬੋਲ ਬੋਲਣ ਲੱਗ ਪਿਆ। ਮੈਂਨੂੰ ਇੱਦਾਂ ਲੱਗਿਆ ਜਿਵੇਂ ਉਹਦੇ ਘੁਸਰ-ਮੁਸਰ ਕਰਦੇ ਬੁੱਲ੍ਹ ਕਿਸੇ ਗਾਲ੍ਹ ਦੇ ਨੇੜੇ-ਤੇੜੇ ਫਿਰਦੇ ਹੋਣ।

“ਭਾਈ ਸਾਹਿਬ, ਤੁਹਾਨੂੰ ਕੀ ਤਕਲੀਫ ਐ? ਮੈਂ ਤੁਹਾਡੇ ਮੂੰਹ ਵੱਲ ਘੰਟੇ ਦਾ ਦੇਖਦਾਂ, ਤੁਸੀਂ ਚੁੱਪ ਨਹੀਂ ਕਰ ਰਹੇ।” ਮੇਰੇ ਕਹਿਣ ਨਾਲ ਉਹ ਚੁੱਪ ਹੋ ਗਿਆ। ਥੋੜ੍ਹੀ ਦੇਰ ਚੁੱਪ ਕਰ ਕੇ ਉਹ ਫੇਰ ਬੁੜਬੁੜਾਉਂਦਾ ਰਿਹਾ।

ਮੈਂ ਸ਼ਸ਼ੋਪੰਜ ਵਿਚ ਪੈ ਗਿਆ ਤੇ ਤਜ਼ਵੀਜਾਂ ਘੜਨ ਲੱਗਿਆ ਕਿ ਇਹਨੂੰ ਕਿਵੇਂ ਸਮਝਾਇਆ ਜਾਵੇ। ਡਰਾਈਵਰ ਬੱਸ ਚਲਾ ਰਿਹਾ ਸੀ, ਕੰਡਕਟਰ ਨੇ ‘ਕੋਈ ਮਰੇ ਕੋਈ ਜੀਵੇ’ ਵਾਲੀ ਅਣਗਹਿਲੀ ਫੜੀ ਹੋਈ ਸੀ। ਕਦੇ ਪੈਰ ਲਿਤਾੜ ਜਾਂਦਾ, ਕਦੇ ਡਰਾਈਵਰ ਪਿੱਛੇ ਖੜ੍ਹਾ ਗੱਪਾਂ ਮਾਰੀ ਜਾਂਦਾ। ਲੋਕ ਵੀ ‘ਚੁੱਪ ਭਲੀ’ ਦੇ ਮੂਡ ਵਿੱਚ ਆਪੋ-ਆਪਣੇ ਟਿਕਾਣਿਆਂ ਵੱਲ ਜਾ ਰਹੇ ਸਨ। ਕਿਸੇ ਨੇ ਵੀ ਉਹਨੂੰ ਕੁਝ ਕਹਿਣ ਦੀ ਜੁਰਅੱਤ ਨਾ ਕੀਤੀ। ਮੈਂਨੂੰ ਲੋਕਾਂ ਦੀ ਇਸ ਕਾਇਰਤਾ ਭਰੀ ਚੁੱਪ ਨੇ ਉਦਾਸ ਜਿਹਾ ਕਰ ਦਿੱਤਾ।

ਮੈਂ ਸੋਚਣ ਲੱਗ ਪਿਆ ਕਿ ਮੈਂ ਇਸ ਸ਼ਖ਼ਸ ਦਾ ਕੀ ਵਿਗਾੜਿਆ ਹੈ? ਇਸ ਬੰਦੇ ਦਾ ਕੀਤਾ ਕੀ ਜਾਵੇ? ਕੁੜਿੱਕੀ ਵਿੱਚ ਫਸਿਆ ਬੰਦਾ ਗਲਤ ਕੰਮ ਵੀ ਕਰ ਬੈਠਦਾ ਹੈ। ਗਾਲ਼ੀ-ਗਲੋਚ ਦੀ ਮੇਰੀ ਆਦਤ ਨਹੀਂ। ਕਾਨੂੰਨ? ਪੁਲਿਸ? ਮੈਂ ਸੋਚਾਂ ਵਿਚ ਗੋਤੇ ਖਾਣ ਲੱਗਾ।

‘ਇਹ ਕੋਈ ਨਵੀਂ ਗੱਲ ਨਹੀਂ, ਇਸ ਤਰ੍ਹਾਂ ਹੁੰਦਾ ਹੀ ਰਹਿੰਦਾ ਹੈ।’ ਮੈਂ ਆਪਣੇ ਆਪ ਨੂੰ ਸੰਭਾਲਿਆ ਅਤੇ ਹੂੰ-ਹਾਂ ਵਿੱਚ ਜਵਾਬ ਦਿੰਦਾ ਰਿਹਾ, ਪਰ ਮੇਰਾ ਆਪਣਾ-ਪਣ ਖੁੱਸ ਗਿਆ।

ਜਦੋਂ ਕਿਸੇ ਨੂੰ ਔਕੜ ਆਉਂਦੀ ਹੈ ਤਾਂ ਦੱਸ ਕੇ ਨਹੀਂ ਆਉਂਦੀ। ਇਹਦੀ ਰੌਸ਼ਨੀ ਹੀ ਐਨੀ ਤੇਜ਼ ਹੁੰਦੀ ਹੈ ਕਿ ਦੇਖਣ ਵਾਲ਼ੇ ਦੀਆਂ ਅੱਖਾਂ ਚੁੰਧਿਆ ਜਾਂਦੀਆਂ ਹਨ। ਗੱਲ ਕਿਤੇ ਗਲਤ ਪਾਸੇ ਨੂੰ ਮੋੜ ਨਾ ਕੱਟ ਜਾਵੇ, ਇਸ ਲਈ ਪਹਿਲਾਂ ਮੈਂ ਉਹਦੀਆਂ ਹਰਕਤਾਂ ਨੂੰ ਬੇ-ਧਿਆਨ ਕਰਨ ਦਾ ਯਤਨ ਕੀਤਾ। ਕਦੇ ਮੈਂਨੂੰ ਉਸ ਆਦਮੀ ਉੱਤੇ ਗੁੱਸਾ ਆਵੇ, ਕਦੇ ਤਰਸ ਆਵੇ। ਬੱਸ ਇਕ ਜਗ੍ਹਾ ਰੁਕੀ, ਰੌਲਾ ਕੁੱਝ ਘਟ ਗਿਆ। ਉਹ ਬੰਦਾ ਅਜੇ ਵੀ ਬੁੜਬੁੜ ਕਰੀ ਜਾ ਰਿਹਾ ਸੀ।

“ਸਰਦਾਰ ਜੀ, ਤੁਹਾਡਾ ਪਿੰਡ ਕਿਹੜਾ?” ਆਖਰ ਮੇਰੇ ਤੋਂ ਰਿਹਾ ਨਾ ਗਿਆ।

“ਮੇਰੇ ਪਿੰਡ ਤੋਂ ਤੂੰ ਬਤਾਊਂ ਲੈਣੇ ਆ?” ਉਹ ਵੀ ਕਿਹੜਾ ਢਿੱਲ ਕਰਨ ਵਾਲਾ ਸੀ। ਮੈਨੂੰ ਲੱਗਿਆ ਕਿ ਗੱਲ ਬਤਾਊਆਂ ਤੋਂ ਵਧਦੀ ਵਧਦੀ ਗਾਲੀ-ਗਲੋਚ ਵੱਲ ਜਾਣ ਵਾਲੀ ਹੈ। ਮੈਂ ਮਨ ਬਣਾ ਲਿਆ ਕਿ ਜੇਕਰ ਉਹਨੇ ਮਾਂ-ਭੈਣ ਦੀ ਗਾਲ੍ਹ ਕੱਢ ਦਿੱਤੀ ਤਾਂ ਮੈਂ ਗਾਲ੍ਹ ਦਾ ਜਵਾਬ ਥੱਪੜ ਨਾਲ ਦੇਵਾਂਗਾ। ਮੇਰੇ ਡੌਲੇ ਫਰਕਣ ਲੱਗ ਪਏ, ਅੱਖਾਂ ਵਿਚ ਖੂਨ ਉੱਤਰ ਆਇਆ। ਪਰ ਰਿਹਾ ਮੈਂ ਚੁੱਪ ਹੀ। ਮੈਨੂੰ ਚੁੱਪ-ਗੜੁੱਪ ਦੇਖ ਕੇ ਉਹ ਫੇਰ ਬੋਲ ਉੱਠਿਆ, “ਤੂੰ ਮੇਰੇ ’ਤੇ ਧੌਂਸ ਜਮਾਉਣੀ ਚਾਹੁਨੈਂ? ਬਥੇਰੇ ਦੇਖੇ ਆ ਮੈਂ ਤੇਰੇ ਵਰਗੇ।”

“ਚੱਲ ਫੇਰ, ਆ ਬੱਸ ਤੋਂ ਬਾਹਰ; ਤੇਰਾ ਕਰਾਂ ਇਲਾਜ।” ਅੱਭੜਵਾਹੇ ਮੁੱਕਾ ਬਣਾ ਕੇ ਮੈਂ ਆਪਣੀ ਸੀਟ ਤੋਂ ਉੱਠ ਖੜ੍ਹਾ ਹੋਇਆ। ਜਿਉਂ ਹੀ ਮੈਂ ਉੱਠਿਆ, ਮੇਰੇ ਲੱਕ ਨੂੰ ਪਿੱਛੋਂ ਕਿਸੇ ਨੇ ਸਰਾਲ੍ਹ ਵਾਂਗ ਜੱਫਾ ਪਾ ਲਿਆ ਤੇ ਮੈਂਨੂੰ ਨਿੱਸਲ਼ ਕਰ ਦਿੱਤਾ। ਬਤਾਊਂਆਂ ਵਾਲਾ ਉੱਠਦਾ ਉੱਠਦਾ ਫਿਰ ਬੈਠ ਗਿਆ। ਜੇ ਉਹ ਚਾਹੁੰਦਾ ਤਾਂ ਮੇਰਾ ਮੂੰਹ-ਮੱਥਾ ਭੰਨ ਸਕਦਾ ਸੀ। ਪਰ ਉਹ ਬੈਠ ਗਿਆ ਤੇ ਚੁੱਪ ਵੀ ਹੋ ਗਿਆ। ਉਸਨੂੰ ਬੈਠਾ ਦੇਖ ਕੇ ਮੇਰਾ ਮੁੱਕਾ ਵੀ ਢਿੱਲਾ ਹੋ ਗਿਆ। ਪਿੱਛੋਂ ਸਰਾਲ਼ ਨੇ ਵੀ ਆਪਣਾ ਜੱਫਾ ਛੱਡ ਦਿੱਤਾ। ਮੈਂ ਚੁੱਪ-ਚਾਪ ਬੈਠ ਗਿਆ। ਮੇਰੇ ਸੱਜੇ ਪਾਸੇ ਇੱਕ ਛੋਟੇ ਕੱਦ ਵਾਲਾ ਸੁੱਕਿਆ ਜਿਹਾ ਬਜ਼ੁਰਗ ਬੈਠਾ ਸੀ। ਇਹ ਸਭ ਕੁਝ ਜਿਵੇਂ ਅੱਖ ਦੇ ਫਰਕੇ ਵਿਚ ਹੋ ਗਿਆ ਹੋਵੇ। ਬੱਸ ਫਿਰ ਚੱਲ ਪਈ।

“ਬਾਬਾ ਜੀ, ਤੁਸੀਂ ਮੇਰਾ ਕੂੰਡਾ ਕਰਵਾ ਦੇਣਾ ਸੀ।” ਮੈਂ ਬਜ਼ੁਰਗ ਵੱਲ ਦੇਖ ਕੇ ਨਿਰਾਸਤਾ ਭਰੇ ਗੁੱਸੇ ਵਿਚ ਕਿਹਾ। ਬਾਬੇ ਨੇ ਕੋਈ ਜਵਾਬ ਨਾ ਦਿੱਤਾ, ਸਗੋਂ ਮੂੰਹ ਫੇਰ ਲਿਆ।

“ਚਲੋ, ਮੇਰਾ ਤਾਂ ਜੋ ਬਣਦਾ, ਸੋ ਬਣਦਾ; ਤੁਸੀਂ ਤਾਂ ਮੁਫਤ ਵਿੱਚ ਦਰੜੇ ਜਾਣਾ ਸੀ ਜੇ ਉਹ ਢਿੱਡਲ਼ ਮੇਰੇ ਤੇ ਵਾਰ ਕਰ ਦਿੰਦਾ।” ਬਾਬੇ ਨੇ ਖਚਰੀ ਜਿਹੀ ਮੁਸਕੜੀ ਨਾਲ ਮੇਰੇ ਵੱਲ ਦੇਖਿਆ ਪਰ ਜਵਾਬ ਕੋਈ ਨਾ ਦਿੱਤਾ। ਮੈਂਨੂੰ ਲੱਗਿਆ ਜਿਵੇਂ ਉਹ ਮੇਰੀ ਮੂਰਖਤਾ ਉੱਤੇ ਹੱਸ ਰਿਹਾ ਹੋਵੇ।

ਪੁਲਸ … ਡਰਾਈਵਰ … ਕੰਡਕਟਰ, ਸਭ ਖਿਆਲ ਮੇਰੇ ਮਨ ਵਿਚ ਘੁੰਮ ਰਹੇ ਸਨ।

ਮੈਂ ਬਾਬੇ ਨੂੰ ਉਹਦੇ ਦੌਲਤਖਾਨੇ ਵਾਰੇ ਪੁੱਛਿਆ ਪਰ ਉਹ ਚੁੱਪ ਹੀ ਰਿਹਾ। ਕੋਲ ਬੈਠਾ ਇਕ ਨਿਹੰਗ ਸਿੰਘ ਮੂੰਹ ਹਿਲਾ ਰਿਹਾ ਸੀ, ਜਿਵੇਂ ਕੁਝ ਚੱਬ ਰਿਹਾ ਹੋਵੇ। ਕੰਡਕਟਰ ਬਾਂਦਰ ਵਾਂਗ ਲਟਕ ਕੇ ਬੱਸ ਵਿੱਚੋਂ ਉੱਤਰ ਜਾਂਦਾ ਤੇ ਸੀਟੀ ਮਾਰ ਕੇ ਬਾਂਦਰ ਵਾਂਗ ਟਪੂਸੀ ਮਾਰ ਕੇ ਬੱਸ ਵਿਚ ਆ ਵੜਦਾ। ਲੋਕ ਚੜ੍ਹੀ ਉੱਤਰੀ ਜਾ ਰਹੇ ਸਨ।

“ਬਾਬਾ ਜੀ, ਤੁਸੀਂ ਖਿਆਲ ਰੱਖਿਆ ਕਰੋ ਆਪਣਾ।” ਇੱਕ ਥਾਂ ਬੱਸ ਰੁਕੀ ਤਾਂ ਮੈਂ ਬਾਬੇ ਨੂੰ ਕਿਹਾ।

“ਦੱਸ ਭਾਈ, ਮੈਂ ਹੋਰ ਕੀ ਕਰਦਾ? ਉਹ ਮੇਰਾ ਅਪਣਾ ਲਹੂ ਹੈ।” ਕਹਿੰਦਾ ਹੋਇਆ ਬਾਬਾ ਮੇਰੇ ਨਾਲ ਘਿਸਰ ਕੇ ਬੱਸ ਤੋਂ ਉੱਤਰ ਗਿਆ। ਬਾਬੇ ਦਾ ਮੀਸਣਾ ਸਿੰਘ ਉਸ ਤੋਂ ਪਹਿਲਾਂ ਹੀ ਉੱਤਰ ਚੁੱਕਿਆ ਸੀ। ਬਾਬਾ ਨੀਵੀਂ ਪਾਈ ਆਪਣੇ ਲਹੂ ਦੇ ਪਿੱਛੇ ਪਿੱਛੇ ਤੁਰਿਆ ਜਾ ਰਿਹਾ ਸੀ। ਕੰਡਕਟਰ ਨੇ ਸੀਟੀ ਮਾਰੀ ਤੇ ਬੱਸ ਤੁਰ ਪਈ।

**

ਅਧਿਆਇ 12
ਅਗਲੀ ਯਾਦਦਾਸ਼ਤ ਲਿਖਣ ਦੇ ਅੜਿਕੇ

ਜੇਕਰ ਤੁਸੀਂ ਇਹ ਸੋਚਦੇ ਹੋ ਕਿ, ਪਹਿਲੀ ਯਾਦਦਾਸ਼ਤ ਲਿਖਣ ਨਾਲੋਂ, ਦੂਜੀ ਯਾਦਦਾਸ਼ਤ ਲਿਖਣੀ ਸੌਖੀ ਹੁੰਦੀ ਹੈ, ਤਾਂ ਤੁਸੀਂ ਭੁਲੇਖੇ ਵਿਚ ਹੋ।

ਦੁਬਾਰਾ ਸੋਚੋ।

ਪਹਿਲੀ ਕਿਤਾਬ ਦੇ ਕਹਾਣੇ/ਕਹਾਣੀਆਂ ਮੇਰੇ ਦਿਮਾਗ ‘ਚ ਅਜੇ ਵੀ ਘੁੰਮਦੇ ਰਹਿੰਦੇ ਹਨ।

ਪਹਿਲਾ ਖਰੜਾ ਤਿਆਰ ਕਰਕੇ, ਮੈਂ ਆਪਣੇ ਪ੍ਰੋਫੈਸਰ ਦੋਸਤ ਨੂੰ  ਫੈਡ-ਐਕਸਪ੍ਰੈਸ (FedEx) ਰਾਹੀਂ ਸਿਰਾਕਯੂਜ, ਨੀਊ ਯਾਰਕ ਭੇਜ ਦਿੱਤਾ, ਜਿਸਦੇ ਨਾਲ ਇਕ ਲਫਾਫਾ ਵੀ ਸੀ ਜਿਸਤੇ ਵਾਪਸੀ ਦੀਆਂ ਟਿਕਟਾਂ ਵੀ ਲੱਗੀਆਂ ਹੋਈਆਂ ਸਨ। ਫੈਡ-ਐਕਸਪ੍ਰੈਸ ਵਾਲਿਆਂ ਗਲਤੀ ਨਾਲ ਦੋਸਤ ਨੂੰ ਬਿਲ ਭੇਜ ਦਿੱਤਾ, ਜਿਸ ਕਰਕੇ ਮੇਰੇ ਅਤੇ ਦੋਸਤ ਲਈ ਕੁਝ ਚਿਰ ਪ੍ਰੇਸ਼ਾਨੀ ਦਾ ਵਿਸ਼ਾ ਬਣਿਆ ਰਿਹਾ। ਏਦਾਂ ਦੀਆਂ ਗੱਲਾਂ ਹੁੰਦੀਆਂ ਹੀ ਰਹਿੰਦੀਆਂ ਹਨ।

ਪਹਿਲੀ ਯਾਦ-ਦਾਸ਼ਤ ਲਿਖਣੀ ਕੋਈ ਸੌਖੀ ਗੱਲ ਨਹੀਂ ਸੀ। ਉਸਦਾ ਛਾਪਣਾ ਵੀ ਸਿਰਦਰਦੀ ਬਣੀ ਰਹੀ। ਮੈਂਨੂੰ ਮੇਰੇ ਲਿਖਤੀ ਤਰੀਕੇ ਦੀਆਂ ਉਣਤਾਈਆਂ ਦੀ ਤਾਂ ਗੱਲ ਛੱਡੋ, ਮੈਂ ਬਹੁਤ ਵਿਆਕਰਨਿਕ ਗਲਤੀਆਂ ਕੀਤੀਆਂ। ਉਹ ਤਾਂ ਸੌਖਿਆਂ ਸੂਤ ਹੋ ਗਈਆਂ, ਜਿਨ੍ਹਾਂ ਕਾਰਨ ਮੈਂ ਲਿਖਣੇ ਵਿਚ ਰੁਝਿਆ ਰਿਹਾ। ਔਖੀਆਂ ਤਾਂ ਉਹ ਸਨ ਜੋ ਅਚਾਨਕ ਹੱਲੇ ਮਾਰਦੀਆਂ ਰਹੀਆਂ। ਜਿਵੇਂ ਪ੍ਰਿੰਟਰ ਦਾ ਰੁਕ ਜਾਣਾ, ਟਾਈਪ ਕਰਦੇ ਸਮੇਂ ਲਿਖਤ ਨੂੰ ਸਾਂਭਣਾ ਭੁੱਲ ਜਾਣਾ, ਇਤ ਆਦਿ।

ਮੇਰੀਆਂ ਗਲਤੀਆਂ ਕੱਢਣ ਸਮੇਂ, ਛਾਪਣ ਵਾਲਿਆਂ ਨੇ ਵੀ ਕੁਝ ਆਪਣੀਆਂ ਗਲਤੀਆਂ ਘਸੋੜ ਦਿੱਤੀਆਂ, ਜੀਹਨਾਂ ਨੂੰ ਫੜਕੇ ਦਰੁਸਤ ਕਰਵਾਉਣਾ ਨਵੀਂ ਸਿਰਦਰਦੀ ਬਣੀ ਰਹੀ। ਇਸ ਖੱਟੇ ਤਜਰਬੇ ਨੇ ਮੈਂਨੂੰ ਸ਼ਾਂਤ ਰਹਿਣਾ ਸਿਖਾਇਆ, ਜਿਵੇਂ ਮੈਂ ਕੋਈ ਜਵਾਨ ਹੋ ਰਿਹਾ ਹੋਵਾਂ। ਮੇਰੀ ਉਮਰ ਵਿਚ ਮੈਂ ਜਵਾਨ ਰਹਿਣ ਬਾਰੇ ਸੋਚਦਾ ਰਹਿੰਦਾ ਸੀ, ਨਾ ਕਿ ਸ਼ਾਂਤ ਰਹਿਣ ਬਾਰੇ। ਸ਼ਾਂਤ ਰਹਿਣਾ ਨਖੱਟੂ ਬਣਕੇ ਬੈਠੇ ਰਹਿਣ ਦਾ ਦੂਜਾ ਨਾਮ ਹੈ।

ਮੇਰੀ ਨਵੀਂ ਯਾਦ-ਦਾਸ਼ਤ ਮੇਰੀ ਬੀਮਾਰ ਜ਼ਿੰਦਗੀ ਦੀ ਦਾਸਤਾਨ ਹੈ ਜਿਸਨੇ ਮੈਂਨੂੰ ਦੁੱਖ-ਦਰਦ-ਸੰਤਾਪ ਦਿੱਤਾ, ਨੌਕਰੀ ਤੋਂ ਕਿਨਾਰਾ ਦਿੱਤਾ, ਅਤੇ ਬੇਅੰਤ ਹੋਰ ਪੰਗੇ ਪਾਏ, ਜਿਨ੍ਹਾਂ ਵਿਚ ਲਿਖਣ ਦੀ ਆਦਤ ਵੀ ਸ਼ਾਮਲ ਹੈ। ਲਿਖਣਾ ਮੇਰੇ ਲਈ ਖੱਬੇ ਹੱਥ ਦਾ ਕੰਮ ਨਹੀਂ, ਸਗੋਂ ਇਕ ਘਾਲਣਾ ਹੈ। ਇਹਦੇ ਨਾਲੋਂ ਤਾਂ ਚੰਗਾ ਹੁੰਦਾ ਜੇ ਮੈਂ ਤੰਦਰੁਸਤ ਰਹਿਕੇ ਸਾਇੰਸ ਨਾਲ ਜੁੜਿਆ ਰਹਿੰਦਾ। ਹੋ ਸਕਦਾ ਸੀ ਕਿ ਮੈਂ ਕੋਈ ਸਾਜ ਵੀ ਸਿੱਖ ਲੈਂਦਾ। ਸਾਇੰਸ ਅਤੇ ਸੰਗੀਤ ਦੋਨੋਂ ਸਰਬਵਿਆਪਕ ਭਾਸ਼ਾਵਾਂ ਹਨ।

ਆਪਣੀ ਭਿਆਨਕ ਬੀਮਾਰੀ ਬਾਰੇ ਮੈਂ ਖੁਦ ਕਿੱਦਾਂ ਲਿਖਦਾ? ਸਵੈਜੀਵਨੀਆਂ ਲਿਖਣ ਦਾ ਮੈਂਨੂੰ ਤਜਰਬਾ ਨਹੀਂ ਸੀ। ਬੀਮਾਰੀ ਸਮੇਂ, ਨਾ ਮੈਂ ਬੈਠਣ ਜੋਗਾ ਸੀ ਤੇ ਨਾ ਹੀ ਕਲਮ ਚੁੱਕਣ ਜੋਗਾ। ਮੇਰੀ ਜੀਵਨ-ਸਾਥਣ ਸੁਰਿੰਦਰ ਦੀ ਯਾਦ-ਦਾਸ਼ਤ 100% ਤੋਂ ਉੱਤੇ ਹੈ, ਇਸ ਲਈ ਉਹ ਲਿਖਣ ਦੇ ਕਾਬਲ ਸੀ। ਪਰ ਲਿਖਣਾ ਉਹਦੇ ਲਈ ਗੋਰਖ ਧੰਦਾ। ਜੇ ਉਹ ਮੈਂਨੂੰ ਬੋਲ ਬੋਲ ਲਿਖਾਈ ਜਾਵੇ, ਤਾਂ ਮੈਂ ਇਕ ਸਫਲ ਗੁਪਤ (ghost) ਲੇਖਕ ਬਣ ਸਕਦਾ ਹਾਂ। ਪਰ, ਸੁਰਿੰਦਰ ਕੈਂਸਰ ਬਾਰੇ ਸੋਚਣਾ ਵੀ ਨਹੀਂ ਚਾਹੁੰਦੀ – – ਦੁਖਦਾਈ ਜੀਵਨ ਦੁਬਾਰਾ ਜੀਉਣਾ ਸੌਖਾ ਨਹੀਂ ਹੁੰਦਾ।

ਸਤੰਬਰ 2016 ਵਿਚ ਖਰੜਾ ਤਿਆਰ ਕਰਕੇ ਮੈਂ ਛਾਪਣ ਦੀ ਕਿਰਿਆ ਸ਼ੁਰੂ ਕਰ ਦਿੱਤੀ, ਜਾਂ ਸਮਝੋ ਖੇਡ। ਮੇਰੇ ਲਈ ਛਾਪਣ ਦਾ ਕੰਮ ਹਰ ਵਾਰ ਖੇਡ ਬਣ ਜਾਂਦਾ ਹੈ।

ਇਕ ਪ੍ਰਕਾਸ਼ਕ ਕਹਿੰਦਾ ਕਿ ਉਸਦੀ ਸੰਸਥਾ ਲਈ ਮੇਰਾ ਖਰੜਾ ਛੋਟਾ ਹੈ। ਮੈਂ ਹੋਰ ਲਿਖਦਾ ਗਿਆ। ਕਦੇ ਕਦੇ ਹਫਤਿਆਂ ਬੱਧੀ ਲਿਖਣ ਨੂੰ ਜੀ ਨਾ ਕਰਦਾ। ਮੈਂ ਆਪਣੀ ਢਿੱਲ-ਮੱਠ ਦੇ ਕਾਰਨ ਅਤੇ ਹੱਲ ਲਭਦਾ ਰਹਿੰਦਾ।

ਇਕ ਦਿਨ ਮੈਂ, ਇੰਡੀਆ ਜਾਣ ਤੋਂ ਪਹਿਲਾਂ, ਡਾਕਟਰ ਤੋਂ ਦਵਾਈਆਂ ਦੀ ਪੁੱਛ ਗਿੱਛ ਕਰਨ ਗਿਆ, ਤੇ ਉਥੇ ਮੈਂ ਰਸਾਲੇ ਦੇਖਣ  ਲੱਗ ਪਿਆ। ਇਕ ਰਸਾਲੇ ਵਿਚ ਢਿੱਲ-ਮੱਠ ਦਾ ਲੇਖ ਪੜ੍ਹਿਆ। ਉਸ ਲੇਖ ਮੁਤਾਬਕ ਮੇਰੀ ਢਿੱਲ ਦੇ 15 ਕਾਰਨ ਹੋ ਸਕਦੇ ਸਨ। ਹਰ ਕਾਰਨ ਲਈ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ।

‘‘ਰੱਬ ਦਾ ਵਾਸਤਾ, ਮੈਂਨੂੰ ਹੋਰ ਦਵਾਈਆਂ ਨਾ ਦਿਓ।’’

ਮੈਂ ਕਾਫੀ ਕੁਝ ਲਿਖਣਾ ਸ਼ੁਰੂ ਕਰ ਲਿਆ ਸੀ।

ਮੇਰੇ ਨਾਲ ਪੜ੍ਹਦੀ ਇਕ ਜ਼ਨਾਨੀ ਦਾ ਨਾਂ ‘ਮੇਰੀ ਰੋਅਏ’ ਹੈ। ‘ਮੇਰੀ’ ਦੀ ਕਿਤਾਬ ਲਈ ਸਰਵਰਕ ਉਸਦੇ ਚਿਤਰਕਾਰ ਬੇਟੇ ਨੇ ਬਣਾਇਆ ਸੀ। ਮੈਂ ਸੈਕਰਾਮੈਂਟੋ ਦੇ ਕਈ ਚਿਤਰਕਾਰਾਂ ਨੂੰ ਫੋਨ ਕੀਤੇ ਜਿਨ੍ਹਾਂ ਦੇ ਰੇਟ ਵਾਜਬ ਲਗਦੇ ਸਨ। ਹਫਤਾ ਭਰ ਕਿਸੇ ਨੇ ਫੋਨ ਨਾ ਚੱਕਿਆ। ਆਖਰ ਮੈਂ ਚਿਤਰਕਾਰ ਸੁਖਵੰਤ ਨੂੰ ਇੰਡੀਆ ਫੋਨ ਕੀਤਾ ਜਿਸਨੇ ਮੇਰੀ ਪਹਿਲੀ ਅਤੇ ਦੂਜੀ ਪੁਸਤਕ ਦੇ ਸਰਵਰਕ ਬਣਾਏ ਸਨ। ਮੈਂ ਸੁਖਵੰਤ ਨੂੰ ਕਦੇ ਨਹੀਂ ਮਿਲਿਆ। ਫੋਨ ਤੇ ਮੈਂ ਉਹਨੂੰ ਆਪਣੀ ਸੰਖੇਪ ਗਾਥਾ ਸੁਣਾ ਦਿੱਤੀ।

ਸੁਖਵੰਤ ਜੀ ਨੇ ਮੇਰੇ ਲਈ ਸਰਵਰਕ ਬਣਾਕੇ ਨਮੂਨੇ ਭੇਜ ਦਿੱਤੇ। ਮੈਂ ਉਹਦਾ ਬਣਦਾ ਚੈੱਕ ਭੇਜ ਦਿੱਤਾ, ਪਰ ਉਹ ਸਮੇਂ ਸਿਰ ਕੈਸ਼ ਨਾ ਕਰਵਾ ਸਕਿਆ। ਜਦ ਮੈਂ ਪੁੱਛਣ ਲਈ ਫੋਨ ਕੀਤਾ ਤਾਂ ਪਤਾ ਲੱਗਿਆ ਕਿ ਸੁਖਵੰਤ ਦਿਲ ਦੇ ਦੌਰੇ ਕਾਰਨ ਦਸੰਬਰ 2016 ਵਿਚ ਸਦੀਵੀ ਅਲਵਿਦਾ ਕਹਿ ਗਿਆ ਸੀ। 2017 ਦੀ ਇੰਡੀਆ ਫੇਰੀ ਸਮੇਂ ਜਲੰਧਰ ਜਾ ਕੇ ਮੈਂ ਸੁਖਵੰਤ ਦੇ ਘਰ ਬਕਾਇਆ ਅਦਾ ਕਰਕੇ ਆਇਆ।

**
ਅਧਿਆਇ 13
ਸਭ ਯਾਦਦਾਸ਼ਤਾਂ ਮਾਅਨੇ ਯੋਗ

ਇਕ ਚੰਗੇ ਸਮਾਜ ਵਿਚ ਬਹੁਤ ਕਿਸਮ ਦੇ ਕਲਾਕਾਰ ਪ੍ਰਫੁੱਲਤ ਹੁੰਦੇ ਹਨ। ਗੰਦਾ ਸਮਾਜ ਕਲਾਕਾਰਾਂ ਤੇ ਬੋਝ ਪਾਉਂਦਾ ਹੈ ਤਾਂਕਿ ਉਹ ਭਿੰਨ ਪਰਕਾਰ ਦੇ ਸੱਚ ਪ੍ਰਕਾਸ਼ਿਤ ਨਾ ਕਰ ਸਕਣ।- Iris Murdoch

ਸਵੈ-ਜੀਵਨੀ ਲਿਖਣ ਵਾਲੇ ਲਈ, ਹੋਰ ਜੀਵਨੀਆਂ ਪੜ੍ਹਨਾ ਸਿਆਣੀ ਗੱਲ ਹੈ। ਜੇ ਲਿਖਾਰੀ ਕਿਸੇ ਜਮਾਤ ਵਿਚ ਜਾਂਦਾ ਹੋਵੇ, ਉਹਦੇ ਲਈ ਤਾਂ ਪੜ੍ਹਨਾ ਲਾਜ਼ਮੀ ਹੈ। ਸਿਆਰਾ ਕਾਲਜ ਦੀ ਇਕ ਸਵੈ-ਜੀਵਨੀ ਕਲਾਸ ਵਿਚ ਸਾਨੂੰ ਵੀ ਕਿਸੇ ਦੀ ਕਿਤਾਬ ਪੜ੍ਹਕੇ ਕੁਝ ਮਿੰਟਾਂ ਲਈ ਬੋਲਣਾ ਪੈਂਦਾ ਸੀ। ਇਸਦਾ ਮੰਤਵ ਸਾਨੂੰ ਸਫ਼ਲ ਪਾਠਕ, ਅਤੇ ਚੰਗੇਰੇ ਲਿਖਾਰੀ ਬਨਾਉਣ ਲਈ ਸੀ। 

ਮੈਂ ਵੱਖ ਵੱਖ ਕਿਸਮ ਦੇ ਲੋਕਾਂ ਦੀਆਂ ਸਵੈ-ਜੀਵਨੀਆਂ, ਯਾਦ-ਦਾਸਤਾਂ ਪੜ੍ਹਦਾ ਰਿਹਾ। ਇਸ ਨਾਲ ਨਾ ਸਿਰਫ ਜੀਵਨ ਜਾਚਾਂ ਦੀ ਵਿਸ਼ਾਲਤਾ ਅਤੇ ਡੁੰਘਾਈ ਬਾਰੇ ਪਤਾ ਲੱਗਦਾ ਰਿਹਾ, ਇਸ ਨਾਲ ਵੱਖ ਵੱਖ ਲਿਖਣ ਦੇ ਢੰਗਾਂ ਬਾਰੇ ਵੀ ਪਤਾ ਲਗਦਾ ਰਿਹਾ। ਯਾਦ-ਦਾਸਤਾਂ ਲਿਖਣ ਦੇ ਕੁਝ ਆਪਣੇ ਅਸੂਲ ਹਨ। ਕਦੇ ਕਦੇ ਮੈਂ ਖਾਸ ਇਤਿਹਾਸਕ ਲੋਕਾਂ ਬਾਰੇ ਪੜ੍ਹਦਾ, ਜੋ ਮੇਰੀ ਖੋਜ ਨਾਲ ਸੰਬੰਧ ਰਖਦੇ ਸਨ। ਇਨ੍ਹਾਂ ਨੂੰ ਮੈਂ ਹੋਰ ਵੀ ਦਿਲ ਲਾਕੇ ਪੜ੍ਹਦਾ, ਭਾਵੇਂ ਪੜ੍ਹਨ ਵਿਚ ਔਖ ਵੀ ਹੁੰਦੀ।

ਇਸ ਤਰ੍ਹਾਂ ਦੀ ਲਿਖੀ ਯਾਦ-ਦਾਸ਼ਤ, ਬਾਬਰਨਾਮਾ ਹੈ, ਜੋ ਬਾਬਰ ਨੇ ਲਿਖੀ ਸੀ। ਬਾਬਰ ਚੰਗੇਜ਼ ਖਾਨ (Genghis Khan) ਦੀ ਕੁੱਲ ਵਿਚੋਂ ਸੀ, ਜਿਸਨੂੰ ਇੰਡੀਆ ਦਾ ਪਹਿਲਾ ਮੁਗਲ ਬਾਦਸ਼ਾਹ ਜਾਣਿਆ ਜਾਂਦਾ ਹੈ। ਬਾਬਰ ਅਤੇ ਉਸਦੀ ਪੀੜ੍ਹੀ ਨੇ ਸ਼ਾਨਦਾਰ ਇਮਾਰਤਾਂ ਦੇ ਨਾਲ ਨਾਲ ਅੱਤਿਆਚਾਰ ਦੀਆਂ ਹੱਦਾਂ ਵੀ ਟੱਪੀਆਂ, ਜਿਸਦੇ ਸਿੱਟੇ ਭਾਰਤ ਦੀ ਭੂਮੀ ਅਜੇ ਵੀ ਭੁਗਤ ਰਹੀ ਹੈ। ਬਾਬਰ ਇਕ ਦਸਤਾਵੇਜ਼ ਵੀ ਛੱਡ ਗਿਆ, ਜੋ ਪੀੜਤ ਵਿਸਥਾਰ ਨਾਲ ਲਿਖੀ ਲਗਦੀ ਹੈ। ਇਸਦਾ ਤਰਜਮਾ ਅੰਗਰੇਜ਼ੀ ਵਿਚ ਮਿਲਦਾ ਹੈ। ਜੋ ਗੱਲਾਂ ਬਾਬਰ ਉਸ ਵੇਲੇ ਦੇ ਪੌਦਿਆਂ ਦੀਆਂ ਕਰਦਾ ਹੈ, ਪੜ੍ਹਕੇ ਅਨੰਦ ਆਉਂਦਾ ਹੈ।

ਕਿਉਂਕਿ ਮੇਰੇ ਨਾਮ ਨਾਲ ਘਣਗਸ ਜੁੜਿਆ ਹੈ, ਕਈ ਲੋਕ ਤੋੜ-ਮ੍ਰੋੜ ਕੇ ਇਹਨੂੰ ਚੰਗੇਜ਼ ਨਾਲ ਜੋੜ ਲੈਂਦੇ ਹਨ। ਇਸ ਵਿਚ ਕੁਝ ਵੀ ਸੱਚ ਨਹੀਂ। ਮੇਰੇ ਪਿੰਡ ਦਾ ਨਾਮ ਘਣਗਸ ਹੈ ਜੋ ਹਾਈ ਸਕੂਲ ਵਿੱਚ ਪੜ੍ਹਦੇ ਸਮੇਂ ਮੇਰੇ ਨਾਮ ਨਾਲ ਚਿਮਟ ਗਿਆ।

ਕਿਤਾਬਾਂ ਪੜ੍ਹਣ ਸਮੇਂ ਸਭ ਤੋਂ ਪਹਿਲਾਂ ਮੈਂ ਤਤਕਰਾ ਦੇਖਦਾ ਹਾਂ, ਤੇ ਫੇਰ ਮੁੱਖ ਬੰਧ। ਜੇ ਮੁੱਖ ਬੰਧ ਨਾ ਹੋਵੇ ਤਾਂ ਇਕ ਦੋ ਅਧਿਆਇ ਪੜ੍ਹਕੇ ਕਿਤਾਬ ਦੀ ਸਮਗਰੀ ਅਤੇ ਲਿਖਣ ਢੰਗ ਬਾਰੇ ਪਤਾ ਚੱਲ ਜਾਂਦਾ ਹੈ। ਕਈ ਸਵੈ-ਜੀਵਨੀਆਂ ਦੇ ਤਤਕਰੇ ਕੁਝ ਨੀ ਦੱਸਦੇ। ਅਧਿਆਇ 1, 2, 3, 4, 5 ਇਤ-ਆਦਿ ਲਿਖ ਲਿਖ ਕੰਮ ਸਾਰਿਆ ਹੁੰਦਾ ਹੈ। ਇਸ ਤਰ੍ਹਾਂ ਦੀਆਂ ਅਕਾਊ ਯਾਦ-ਦਾਸ਼ਤਾਂ ਮੈਂ ਨਹੀਂ ਪੜ੍ਹ ਸਕਦਾ।

ਲਿੰਕਨ ਸ਼ਹਿਰ ਦੀ ਲਾਇਬਰੇਰੀ, ਜਿੱਥੇ ਸਾਡੀ ਯਾਦ-ਦਾਸ਼ਤਾਂ ਵਾਲੀ ਕਲਾਸ ਲਗਦੀ ਸੀ, ਕਿਤਾਬਾਂ ਨਾਲ ਉੱਛਲਦੀ ਰਹਿੰਦੀ ਸੀ। ਵਾਧੂ ਕਿਤਾਬਾਂ ਉਹ  ਵਰਾਂਡੇ ਵਿਚ ਰੱਖ ਦਿੰਦੇ, ਜਿਨ੍ਹਾਂ ਦੀ ਕੀਮਤ ਜ਼ੀਰੋ ਹੁੰਦੀ। 2017 ਵਿਚ ਮੈਂ ਏਥੋਂ ਇਸਮੇਲ ਬੀਅਹ (Ishmael Beah) ਦੀ ਯਾਦ-ਦਾਸ਼ਤ ਚੁੱਕੀ ਜਿਸਦਾ ਤਰਜਮਾ ‘‘ਬਹੁਤ ਪੈਂਡਾ ਬੀਤਿਆਂ (“A Long Way Gone”) ਹੈ। ਇਹ ਅਫਰੀਕਾ ਮਹਾਂਦੀਪ ਦੇ ਸਿਐਰਾ ਲੀਓਨ ਇਲਾਕੇ ਦੇ ਇਕ ਲੜਕੇ ਦੀ ਦਾਸਤਾਨ ਹੈ, ਜੋ ਹਿੰਸਾ ਦੀ ਜਕੜ ‘ਚੋਂ ਨਿਕਲਕੇ ਅਮਰੀਕਾ ਆ ਵਸ ਗਿਆ ਸੀ। ਉਹ ਚੰਗੇ ਸਕੂਲਾਂ ਵਿਚ ਪੜ੍ਹਿਆ ਅਤੇ ਉਸਦੀ ਅੰਗਰੇਜ਼ੀ ਲਿਖਤ ਸਿੱਧੀ, ਸਾਦੀ ਅਤੇ ਪ੍ਰਭਾਵਸ਼ਾਲੀ ਹੈ।

ਇਹ ਕਹਾਣੀ ਇਸਮੇਲ ਦੇ ਬਚਪਨ ਦੀ ਹੈ ਜਦ ਉਹਦੇ ਇਰਦ ਗਿਰਦ ਚਾਰੇ ਪਾਸੇ ਹਿੰਸਾ ਵਰੵ ਰਹੀ ਸੀ, ਜਿਸ ਕਾਰਨ ਬੱਚੇ ਦੀਆਂ ਜੜਾਂ ਉਖੜ ਗਈਆਂ। ਕਈ ਥਾਵਾਂ ਤੇ ਗਾਥਾ ਪੜ੍ਹਦਿਆਂ ਅੱਖਾਂ ਚੁੰਧਿਆ ਜਾਂਦੀਆਂ। ਇਸਮੇਲ ਬੱਚੇ ਨੂੰ ਜ਼ਬਰਦਸਤੀ ਸੈਨਿਕ ਬਣਾਇਆ ਗਿਆ ਅਤੇ ਅੱਠ ਸਾਲ ਦੀ ਉਮਰ ਵਿਚ ਉਸਨੂੰ ਵੈਰੀ ਮਾਰਨੇ ਪਏ। ਕਿਤਾਬ ਪੜ੍ਹਨ ਸਮੇਂ ਅਮ੍ਰੀਕਾ ਵਿਚਲੇ ਟੀ.ਵੀ. ਪ੍ਰੋਗਰਾਮਾਂ ਵਿਚ ਵੋਟਾਂ ਦਾ ਮੌਸਮ ਸੀ, ਅਤੇ ਅਫਗਾਨਿਸਤਾਨ, ਮਿਡਲ ਈਸਟ, ਅਤੇ ਕੋਰੀਆ ਹਿੰਸਾ ਵਿਸ਼ੇ ਬਣੇ ਹੋਏ ਸਨ।

ਇਸਮੇਲ ਦੀ ਲਿਖੀ ਯਾਦ-ਦਾਸ਼ਤ ਵਿਚ ਕੋਈ ਤਸਵੀਰ ਨਹੀਂ, ਜਿਸ ਕਾਰਨ ਵਾਰਤਿਕ ਸਮਝਣੀ ਥੋੜੀ ਔਖੀ ਹੈ। ਇਹ ਇਸਮੇਲ ਦੀ ਲਿਖਤ ਤੇ ਇਲਜ਼ਾਮ ਨਹੀਂ, ਸਗੋਂ ਸਬੂਤ ਹੈ ਕਿ ਉਸ ਸਮੇਂ ਉਹ ਇਕ ਗਰੀਬ, ਭੁੱਖਾ, ਦੁੱਖ ਭੋਗਦਾ ਹਿੰਸਾ ਵਿਚੋਂ ਨਿਕਲ ਰਿਹਾ ਸੀ। ਮੈਂ ਛੇ ਹਫਤਿਆਂ ਦੀ ਕਲਾਸ ਵਿਚ ਸਾਰੀ ਕਿਤਾਬ ਨਾ ਪੜ੍ਹ ਸਕਿਆ, ਪਰ ਜੋ ਵੀ ਪੜ੍ਹਿਆ, ਲਿਖਣ ਲਈ ਲਾਭਦਾਇਕ ਰਿਹਾ।

ਇਸੇ ਤਰ੍ਹਾਂ ਮੈਂ ਸੁਡਾਨ ‘ਚੋਂ ਬਚ ਨਿਕਲੇ ਬੰਦੇ ਦੀ ਦਾਸਤਾਨ ਪੜ੍ਹੀ ਜੋ, ਹਿੰਸਾ ਵਿਚੋਂ ਨਿਕਲਕੇ, ਹੁਣ ਐਟਲਾਂਟਾ ਦੀ ਪੁਲਸ ਵਿਚ ਭਰਤੀ ਹੋ ਗਿਆ ਹੈ। 

ਇਸਮੇਲ ਦੀ ਲਿਖੀ ਯਾਦ-ਦਾਸ਼ਤ ਪੜ੍ਹਨ ਨੂੰ ਦਿਲਚਸਪ ਸੀ, ਪਰ ਮੈਂ ਹੋਰ ਕਿਤਾਬਾਂ ਵੀ ਪੜ੍ਹੀਆਂ ਜਿਨ੍ਹਾਂ ਵਿਚਲੇ ਲਿਖਣ ਢੰਗ ਕਈ ਗੁਣਾਂ ਬੇਹਤਰ ਸਨ।

ਕਈ ਕਿਤਾਬਾਂ ਮੈਂ ਅੱਧ-ਪਚੱਧ ਹੀ ਪੜ੍ਹੀਆਂ। ਚੰਗੀਆਂ ਤੇ ਮਾੜੀਆਂ ਜੋ ਵੀ ਹੱਥ ਲੱਗੀਆਂ। ਸਾਰਿਆਂ ਨਾਲੋ ਵੱਧ ਅਕਾਊ ਯਾਦ-ਦਾਸ਼ਤਾਂ ਸਿਆਸਤਦਾਨਾਂ ਦੀਆਂ ਪਾਈਆਂ ਜਾਂਦੀਆਂ ਹਨ, ਜੋ ਤੋੜ-ਮਰੋੜ ਕੇ ਗੰਦ ਪਰੋਸੀ ਜਾਂਦੇ ਹਨ। 

ਉਹਨਾਂ ‘ਚ ਕਈ ਚੰਗੇ ਵੀ ਹੁੰਦੇ ਹਨ। 

ਪਰ, ਸਭ ਯਾਦਦਾਸ਼ਤਾਂ ਮਾਅਨੇ ਰਖਦੀਆਂ ਹਨ ਅਤੇ ਵਿਚਾਰਾਂ ਦੀ ਸਮੱਗਰੀ ਬਣ ਜਾਂਦੀਆਂ ਹਨ।

***
341
***

ਕੈਲੇਫੋਰਨੀਆਂ ਦੇ ਲਿੰਕਨ ਸ਼ਹਿਰ ਦੀ ਲਾਇਬਰੇਰੀ ਵਿਚ ਯਾਦ-ਦਾਸ਼ਤਾਂ ਲਿਖਣ ਲਈ ਇਕੱਤਰ ਹੋਈ ਕਲਾਸ   ਫਰਵਰੀ 16, 2016  

ਡਾ. ਗੁਰਦੇਵ ਸਿੰਘ ਘਣਗਸ

ਡਾ. ਗੁਰਦੇਵ ਸਿੰਘ ਘਣਗਸ

View all posts by ਡਾ. ਗੁਰਦੇਵ ਸਿੰਘ ਘਣਗਸ →