25 July 2024
artist at work

ਕੀ ਬੋਲੀਏ ਅਤੇ ਕੀ ਨਾ ਬੋਲੀਏ?—✍️ਗੁਰਸ਼ਰਨ ਸਿੰਘ ਕੁਮਾਰ

ਪ੍ਰੇਰਨਾਦਾਇਕ:

ਮਨੁੱਖ ਆਪਣੀ ਬੋਲੀ ਕਰ ਕੇ ਹੀ ਸਭ ਜੀਵਾਂ ’ਤੋਂ ਬਿਹਤਰ ਹੈ। ਇਸੇ ਲਈ ਉਸ ਦੀ ਸਭ ਉੱਪਰ ਸਰਦਾਰੀ ਹੈ। ਪ੍ਰਮਾਤਮਾ ਨੇ ਕੇਵਲ ਮਨੁੱਖ ਨੂੰ ਹੀ ਬੋਲੀ ਦੀ ਦਾਤ ਬਖਸ਼ੀ ਹੈ। ਇਹ ਠੀਕ ਹੈ ਕਿ ਬਾਕੀ ਜਾਨਵਰ ਅਤੇ ਪੰਛੀ ਵੀ ਮੁੰਹ ’ਚੋਂ ਕੁਝ ਆਵਾਜ਼ਾਂ ਕੱਢਦੇ ਹਨ ਪਰ ਉਨ੍ਹਾਂ ਦੀ ਆਵਾਜ਼ ਬੋਲੀ ਨਹੀਂ ਬਣਦੀ। ਮਨੁੱਖ ਆਪਣੀ ਬੋਲੀ ਨੂੰ ਲਿਖ ਕੇ ਵੀ ਆਪਣੇ ਵੀਚਾਰ ਦੂਸਰੇ ਤੱਕ ਪਹੁੰਚਾ ਸਕਦਾ ਹੈ। ਬੋਲੀ ਨੂੰ ਤਰਾਸ਼ਣ ਲਈ ਬੰਦੇ ਨੂੰ ਵਿਦਿਆ ਦੀ ਲੋੜ੍ਹ ਹੈ। ਵਿਦਿਆ ਨਾਲ ਬੰਦੇ ਦਾ ਤੀਸਰਾ ਨੇਤਰ ਖੁੱਲ੍ਹਦਾ ਹੈ। ਉਸ ਦੇ ਗਿਆਨ ਵਿਚ ਵਾਧਾ ਹੁੰਦਾ ਹੈ। ਵਿਦਿਆ ਕਾਰਨ ਹੀ ਸਾਨੂੰ ਸ਼ਬਦ ਮਿਲਦੇ ਹਨ ਜਿਨ੍ਹਾਂ ਨੂੰ ਅਸੀਂ ਬੋਲੀ ਦੇ ਰੂਪ ਵਿਚ ਬੋਲਦੇ ਅਤੇ ਲਿਖਦੇ ਹਾਂ। ਵਿਦਿਆ ਸਾਰੀ ਮਨੁੱਖ ਜਾਤੀ ਦੇ ਭਲੇ ਲਈ ਹੈ। ਇਸੇ ਲਈ ਕਹਿੰਦੇ ਹਨ-‘ਵਿਦਿਆ ਵੀਚਾਰੀ ਤਾਂ ਪਰਉਪਕਾਰੀ।’ ਵਿਦਿਆ ਕਾਰਨ ਹੀ ਅਸੀਂ ਇਕ ਦੂਜੇ ਨੂੰ ਸਮਝ ਸਕਦੇ ਹਾਂ। ਇਕ ਦੂਜੇ ਨਾਲ ਤਾਲਮੇਲ ਰੱਖ ਕੇ ਹੀ ਦੂਸਰੇ ਦੇ ਦਿਲ ਤੱਕ ਪਹੁੰਚ ਸਕਦੇ ਹਾਂ। ਅਸੀਂ ਇਕ ਦੂਜੇ ਦੇ ਦਿਲ ਤੱਕ ਤਾਂ ਹੀ ਪਹੁੰਚ ਸਕਦੇ ਹਾਂ ਜੇ ਅਸੀਂ ਮਿੱਠਾ ਬੋਲੀਏ। ਦੂਜੇ ਨਾਲ ਸਾਡੇ ਰਿਸ਼ਤੇ ਸਾਡੀ ਮਿੱਠੀ ਜੁਬਾਨ ਕਾਰਨ ਹੀ ਸੁਖਾਵੇਂ ਰਹਿੰਦੇ ਹਨ। ਮਿੱਠਾ ਬੋਲਣ ਲਈ ਬੰਦੇ ਨੂੰ ਨਿਮਰਤਾ ਧਾਰਨ ਕਰਨੀ ਪੈਂਦੀ ਹੈ। ਆਪਣੇ ਆਪ ਨੂੰ ਢਾਲਣਾ ਪੈਂਦਾ ਹੈ। ਕਈ ਬੰਦਿਆ ਨੂੰ ਸਾਰੀ ਉਮਰ ਹੀ ਸਮਝ ਨਹੀਂ ਪੈਂਦੀ ਕਿ ਕੀ ਬੋਲਣਾ ਹੈ ਅਤੇ ਕਿਸ ਮੌਕੇ ਤੇ ਬੋਲਣਾ ਹੈ। ਉਹ ਬੋਲਣ ਤੋਂ ਬਾਅਦ ਆਪਣੇ ਮਨ ਵਿਚ ਪਛਤਾਉਂਦੇ ਹੀ ਰਹਿੰਦੇ ਹਨ ਕਿ ਉਨ੍ਹਾਂ ਨੇ ਅਜਿਹਾ ਕਿਉਂ ਬੋਲਿਆ। ਇਸੇ ਲਈ ਕਹਿੰਦੇ ਹਨ ਕਿ ਪਹਿਲਾਂ ਤੋਲੋ ਫਿਰ ਬੋਲੋ। ਦੁਨੀਆਂ ਖੂਹ ਦੀ ਆਵਾਜ਼ ਹੈ। ਜੋ ਸ਼ਬਦ ਤੁਸੀਂ ਬੋਲਦੇ ਹੋ ਉਹ ਹੀ ਗੂੰਜ ਕੇ ਤੁਹਾਡੇ ਕੋਲ ਵਾਪਸ ਆਉਂਦੇ ਹਨ। ਇਸ ਲਈ ਬੋਲਣ ਲੱਗਿਆਂ ਸ਼ਬਦਾਂ ਦੀ ਚੌਣ ਬੜੇ ਧਿਆਨ ਨਾਲ ਕਰਨੀ ਚਾਹੀਦੀ ਹੈ। ਕਈ ਵਾਰੀ ਕੌੜਾ ਬੋਲ ਕੇ ਸਾਰੀ ਉਮਰ ਉਸ ਦੇ ਨਤੀਜੇ ਭੁਗਤਣੇ ਪੈਂਦੇ ਹਨ। ਗੱਲ ਤਾਂ ਕਹਿੰਦੀ ਹੈ-‘ਤੂੰ ਮੈਨੂੰ ਮੁੰਹੋਂ ਕੱਢ, ਮੈਂ ਤੈਨੂੰ ਸ਼ਹਿਰੋਂ ਕੱਢਾਂ।‘ ਅਜਿਹਾ ਬੋਲੋ ਕਿ ਜੇ ਤੁਹਾਡੇ ਸ਼ਬਦ ਤੁਹਾਡੇ ਕੋਲ ਵਾਪਸ ਵੀ ਆਉਣ ਤਾਂ ਤੁਸੀਂ ਉਨ੍ਹਾਂ ਨੂੰ ਬਰਦਾਸ਼ਤ ਕਰ ਸੱਕੋ। ਜੇ ਤੁਸੀਂ ਕਿਸੇ ਨੂੰ ਕੌੜਾ ਬੋਲਦੇ ਹੋ ਤਾਂ ਉਹ ਕਦੀ ਨਾ ਕਦੀ ਕਿਸੇ ਨਾ ਕਿਸੇ ਮੌਕੇ ਤੇ ਵਿਆਜ ਸਮੇਤ ਤੁਹਾਡੇ ਸ਼ਬਦ ਤੁਹਾਨੂੰ ਜ਼ਰੂਰ ਮੋੜੇਗਾ।

ਕਿਸੇ ਨਾਲ ਗੱਲ ਬਾਤ ਕਰਨਾ ਵੀ ਇਕ ਜੀਵਨ ਜਾਚ ਹੀ ਹੈ। ਇਸ ਨੂੰ ਵੀ ਸਿੱਖਣਾ ਪੈਂਦਾ ਹੈ। ਜਿਹੜਾ ਕਿਸੇ ਨਾਲ ਸੋਹਣੀ ਤਰ੍ਹਾਂ ਗੱਲ ਬਾਤ ਕਰਨੀ ਸਿੱਖ ਗਿਆ, ਸਮਝੋ ਉਸ ਦੀ ਜ਼ਿੰਦਗੀ ਸਫ਼ਲ ਹੋ ਗਈ। ਕਈ ਲੋਕਾਂ ਨੂੰ ਉੱਚੀ ਪੜਾਈ ਕਰ ਕੇ ਵੀ ਗੱਲ ਬਾਤ ਕਰਨ ਦਾ ਸਲੀਕਾ ਨਹੀਂ ਆਉਂਦਾ। ਉਨ੍ਹਾਂ ਦੀ ਅਜਿਹੀ ਪੜਾਈ ਬੇਕਾਰ ਹੀ ਹੈ। ਉਨ੍ਹਾਂ ਲਈ ਇਹ ਗੱਲ ਢੁਕਦੀ ਹੈ –‘ਮੁਰਦਾ ਬੋਲੇ, ਖੱਫ਼ਣ ਪਾੜੇ।’

ਦੁਨੀਆਂ ਦੇ ਹਰ ਕੰਮ ਦੀ ਕਾਮਯਾਬੀ ਲਈ ਮਿੱਠੀ ਜੁਬਾਨ ਦਾ ਹੋਣਾ ਪਹਿਲੀ ਜ਼ਰੂਰਤ ਹੈ। ਅੱਜ ਕੱਲ੍ਹ ਵਪਾਰੀਕਰਨ ਦਾ ਜ਼ਮਾਨਾ ਹੈ। ਇਸੇ ਲਈ ਵਪਾਰੀ ਲੋਕ ਆਪਣੇ ਵਪਾਰ ਦੀ ਕਾਮਯਾਬੀ ਲਈ ਖ਼ੂਬਸੂਰਤ ਮਿੱਠੀ ਜੁਬਾਨ ਵਾਲੀਆਂ ਲੜ੍ਹਕੀਆਂ ਨੂੰ ਪਹਿਲ ਦਿੰਦੇ ਹਨ। ਜੇ ਤੁਸੀਂ ਖੁਦ ਵਪਾਰੀ ਹੋ ਤਾਂ ਤੁਹਾਨੂੰ ਗਾਹਕ ਨਾਲ ਗੱਲ ਕਰਨ ਦਾ ਢੰਗ ਆਉਣਾ ਚਾਹੀਦਾ ਹੈ। ਉਹ ਹੀ ਸ਼ਬਦ ਬੋਲੋ ਜੋ ਗਾਹਕ ਤੁਹਾਡੇ ਕੋਲੋਂ ਸੁਣਨਾ ਚਾਹੁੰਦਾ ਹੈ। ਗਾਹਕ ਨੂੰ ਇਸ ਨਾਲ ਕੋਈ ਮਤਲਬ ਨਹੀਂ ਕਿ ਉਸ ਨੂੰ ਕੋਈ ਵਸਤੂ ਖਰੀਦ ਕੇ ਦੁਕਾਨਦਾਰ ਨੂੰ ਕੋਈ ਫਾਇਦਾ ਹੋਵੇਗਾ ਜਾਂ ਨਹੀਂ। ਇਸ ਲਈ ਤੁਸੀਂ ਉਸ ਨੂੰ ਕਦੀ ਇਹ ਨਹੀਂ ਕਹਿ ਸਕਦੇ-ਤੁਸੀਂ ਇਹ ਚੀਜ਼ ਖਰੀਦੋ ਇਸ ਨਾਲ ਮੈਨੂੰ ਬਹੁਤ ਲਾਭ ਹੋਵੇਗਾ। ਗਾਹਕ ਤਾਂ ਇਹ ਚਾਹੁੰਦਾ ਹੈ ਕਿ ਉਹ ਜੋ ਵੀ ਖਰੀਦੇ, ਉਹ ਸਸਤਾ, ਸੁੰਦਰ ਅਤੇ ਟਿਕਾਉ ਹੋਵੇ। ਇਸ ਲਈ ਜੇ ਕੋਈ ਕੱਪੜੇ ਦਾ ਵਪਾਰੀ ਹੈ ਤਾਂ ਉਹ ਕਹੇਗਾ-‘ਭੈਣ ਜੀ, ਤੁਸੀ ਇਹ ਸੂਟ ਲਉ। ਇਹ ਤੁਹਾਡੇ ’ਤੇ ਬਹੁਤ ਜਚੇਗਾ। ਇਹ ਹੰਢਣ ਵਾਲਾ ਵੀ ਬਹੁਤ ਹੈ। ਮੈਂ ਇਸ ਵਿਚੋਂ ਕੁਝ ਵੀ ਨਹੀਂ ਕਮਾਉਣਾ। ਬੱਸ ਤੁਹਾਨੂੰ ਭਾਅ ਦੇ ਭਾਅ ਹੀ ਦੇ ਦੇਵਾਂਗਾ। ਕਮਾਈ ਦਾ ਕੀ ਹੈ? ਕਿਸੇ ਹੋਰ ਤੋਂ ਕਮਾ ਲਵਾਂਗੇ। ਤੁਸੀਂ ਆਪਣੇ ਬੰਦੇ ਹੋ, ਤੁਹਾਡੇ ਤੋਂ ਕੀ ਕਮਾਉਣਾ? ਅਜਿਹੇ ਮਿੱਠੇ ਤੇ ਲੱਛੇਦਾਰ ਸ਼ਬਦ ਸੁਣ ਕੇ ਗਾਹਕ ਉਹ ਸੂਟ ਖਰੀਦਣ ਲਈ ਜ਼ਰੂਰ ਲਲਚਾ ਜਾਵੇਗਾ। ਜੇ ਕਿਸੇ ਗਾਹਕ ਨੂੰ ਤੁਸੀਂ ਇੱਜ਼ਤ ਨਾਲ ਬੁਲਾਵੋਗੇ ਤਾਂ ਤੁਸੀਂ ਅੱਧੇ ਤਾਂ ਉਸੇ ਸਮੇਂ ਕਾਮਯਾਬ ਹੋ ਜਾਵੋਗੇ। ਹਰ ਇਕ ਨੂੰ ਆਪਣੀ ਇੱਜ਼ਤ ਪਿਆਰੀ ਹੁੰਦੀ ਹੈ। ਉਸ ਨੂੰ ਹਮੇਸ਼ਾਂ ਅਪਣਾ ਨਾਮ, ਆਪਣੀ ਪਸੰਦ ਅਤੇ ਆਪਣੀਆਂ ਪ੍ਰਾਪਤੀਆਂ ਚੰਗੀਆਂ ਲੱਗਦੀਆਂ ਹਨ। ਖ਼ਰਵੀ ਜੁਬਾਨ ਵਾਲੇ ਦੁਕਾਨਦਾਰ ਕੋਲ ਕੋਈ ਗਾਹਕ ਜਾਣਾ ਪਸੰਦ ਨਹੀਂ ਕਰਦਾ। ਕੜਵੀ ਜੁਬਾਨ ਵਾਲੇ ਦਾ ਸ਼ਹਿਦ ਵੀ ਨਹੀਂ ਵਿਕਦਾ। ਮਿੱਠੀ ਜੁਬਾਨ ਵਾਲਾ ਦੁਕਾਨਦਾਰ ਗੰਜੇ ਨੂੰ ਕੰਘੀ ਵੀ ਵੇਚ ਜਾਂਦਾ ਹੈ।

ਤੁਹਾਡੇ ਬੋਲੇ ਗਏ ਸ਼ਬਦਾਂ ਦੇ ਬਹੁਤ ਦੂਰ ਰਸ ਸਿੱਟੇ ਹੁੰਦੇ ਹਨ। ਤੁਹਾਡੇ ਬੋਲੇ ਹੋਏ ਚੰਗੇ ਮਾੜੇ ਸ਼ਬਦ ਦੂਸਰੇ ’ਤੇ ਤੁਹਾਡੀ ਸ਼ਖਸੀਅਤ ਦਾ ਪ੍ਰਭਾਵ ਪਾਉਂਦੇ ਹਨ। ਕਿਸੇ ਨਾਲ ਮੰਦੇ ਸ਼ਬਦ ਬੋਲ ਕੇ ਤੁਸੀਂ ਦੂਸਰੇ ’ਤੇ ਕਦੀ ਆਪਣੇ ਬਾਰੇ ਚੰਗਾ ਪ੍ਰਭਾਵ ਨਹੀਂ ਪਾ ਸਕਦੇ। ਕਿਸੇ ਤੋਂ ਵਿਛੱੜਣ ਸਮੇਂ ਹਮੇਸ਼ਾਂ ਇਹ ਸੋਚੋ ਕਿ ਇਹ ਤੁਹਾਡੀ ਆਖਰੀ ਮਿਲਣੀ ਹੈ। ਇਸ ਲਈ ਉਸ ਦਾ ਦਿਲ ਦੁਖਾਉਣ ਵਾਲੀ ਕੋਈ ਗੱਲ ਨਾ ਕਰੋ। ਕੁਝ ਸਹਿਨਸ਼ੀਲਤਾ ਵੀ ਰੱਖੋ। ਕਿਸੇ ਨਾਲ ਝਗੜਾ ਨਾ ਕਰੋ। ਨਾ ਹੀ ਦੂਸਰੇ ਨੂੰ ਕੋਈ ਤਾਅਣੇ ਮਿਹਨੇ ਦਿਉ। ਕਿਸੇ ਕੋਲੋਂ ਕੁਝ ਲੈਣ ਦੀ ਕੋਈ  ਇੱਛਾ ਵੀ ਨਾ ਰੱਖੋ। ਇਹ ਦੇਖੋ ਕਿ ਉਸ ਨੂੰ ਤੁਹਾਡੀ ਕਿਹੜੀ ਮਦਦ ਦੀ ਲੋੜ ਹੈ। ਨਿਰਸੁਆਰਥ ਹੋ ਕੇ ਉਸ ਦੀ ਮਦਦ ਕਰੋ। ਵਿਛੱੜਣ ਲੱਗਿਆਂ ਉਸ ਨੂੰ ਸ਼ੁੱਭ ਇੱਛਾਵਾਂ ਲਈ ਪਿਆਰ ਦੇ ਕੁਝ ਮਿੱਠੜੇ ਸ਼ਬਦ ਜ਼ਰੂਰ ਕਹੋ। ਤੁਹਾਡਾ ਇਹ ਪ੍ਰਭਾਵ ਉਸ ’ਤੇ ਸਦਾ ਲਈ ਬਣਿਆ ਰਹੇਗਾ।

ਕਿਸੇ ਨਾਲ ਜ਼ਿਆਦਾ ਉੱਚੀ ਬੋਲ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਨਾ ਕਰੋ ਕਿ ਤੁਸੀਂ ਉਸ ਤੇ ਹੁਕਮ ਚਲਾ ਰਹੇ ਹੋ ਜਾਂ ਤੁਸੀਂ ਉਸ ਤੋਂ ਬਹੁਤ ਜ਼ਿਆਦਾ ਤਾਕਤਵਰ ਅਤੇ ਸਿਆਣੇ ਹੋ। ਸਹਿਜ ਵਿਚ ਰਹੋ। ਹੋ ਸਕਦਾ ਹੈ ਤੁਹਾਡਾ ਕੋਈ ਮਤਾਹਿਤ ਤੁਹਾਡੀ ਉੱਚੀ ਆਵਾਜ਼ ਤੋਂ ਕੁਝ ਸਮੇਂ ਲਈ ਪ੍ਰਭਾਵਿਤ ਵੀ ਹੋ ਜਾਏ। ਤੁਹਾਡੇ ਸ਼ਬਦਾਂ ਵਿਚ ਜੋਰ ਨਹੀਂ ਹੋਣਾ ਚਾਹੀਦਾ ਸਗੋਂ ਤੁਹਾਡੇ ਕੰਮ ਬੋਲਣੇ ਚਾਹੀਦੇ ਹਨ।। ਜਦ ਕੰਮ ਬੋਲਦੇ ਹਨ ਤਾਂ ਉਮਰ ਭਰ ਲਈ ਆਪਣਾ ਅਸਰ ਛੱਡਦੇ ਹਨ।

ਕਾਹਲੀ ਨਾਲ ਨਾ ਬੋਲੋ। ਕਾਹਲੀ ਵਿਚ ਬੋਲੇ ਸ਼ਬਦਾਂ ਦਾ ਉਚਾਰਨ ਠੀਕ ਨਹੀਂ ਰਹਿੰਦਾ। ਬੋਲਣ ਵਾਲੇ ਨੂੰ ਵੀ ਬਾਅਦ ਵਿਚ ਹੀ ਪਤਾ ਲੱਗਦਾ ਹੈ ਕਿ ਮੈਂ ਕੁਝ ਗ਼ਲਤ ਬੋਲ ਗਿਆ ਹਾਂ। ਸੁਣਨ ਵਾਲੇ ਦੇ ਅੰਦਰ ਤਾਂ ਅਜਿਹੀ ਗੱਲ ਜਾਂਦੀ ਹੀ ਨਹੀਂ। ਉਸ ਦੇ ਕੰਨਾਂ ਦੇ ਉੱਪਰੋਂ ਹੀ ਲੰਘ ਜਾਂਦੀ ਹੈ। ਫਿਰ ਤੁਹਾਡੇ ਅਜਿਹੇ ਸ਼ਬਦਾਂ ਦਾ ਦੂਜੇ ’ਤੇ ਕੀ ਪ੍ਰਭਾਵ ਹੋ ਸਕਦਾ ਹੈ? ਕਿਸੇ ਨੇਤਾ ਦੇ ਮੁੰਹੋਂ ਅਜਿਹੀ ਗ਼ਲਤ ਗੱਲ ਨਿਕਲੀ ਹੋਈ ਫੜੀ ਜਾਂਦੀ ਹੈ ਅਤੇ ਉਸ ਦੀ ਬੜੀ ਖਿਚਾਈ ਹੁੰਦੀ ਹੈ।

ਕਈ ਲੋਕ ਸ਼ਬਦਾਂ ਦੇ ਜਾਦੂਗਰ ਹੁੰਦੇ ਹਨ। ਇੰਜ ਲੱਗਦਾ ਹੈ ਜਿਵੇਂ ਸੋਹਣੇ ਸ਼ਬਦ ਉਨ੍ਹਾਂ ਕੋਲ ਕਤਾਰ ਲਾ ਕੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਹੋਣ। ਰਾਜਨੇਤਾਵਾਂ ਅਤੇ ਧਾਰਮਿਕ ਰਹਿਨੁਮਾਵਾਂ ਵਿਚ ਇਹ ਗੁਣ ਬਹੁਤ ਹੁੰਦਾ ਹੈ। ਕਾਮਯਾਬ ਲੋਕਾਂ ਦੀਆਂ ਜੀਵਨੀਆਂ ਪੜ੍ਹੋ। ਇਹ ਦੇਖੋ ਕਿ ਉਨ੍ਹਾਂ ਦੀ ਕਾਮਯਾਬ ਜ਼ਿੰਦਗੀ ਦੇ ਕੀ ਰਾਜ਼ ਹਨ। ਉਨ੍ਹਾਂ ਵਿਚ ਵੀ ਸਭ ਤੋਂ ਪਹਿਲੀ ਗੱਲ ਉਨ੍ਹਾਂ ਦੀ ਮਿੱਠੀ ਜੁਬਾਨ ਹੀ ਮਿਲੇਗੀ। ਜੇ ਤੁਸੀਂ ਚੰਗੇ ਬੁਲਾਰੇ  ਬਣਨਾ ਚਾਹੁੰਦੇ ਹੋ ਤਾਂ ਪਹਿਲਾਂ ਆਪਣਾ ਭਾਸ਼ਨ ਲਿਖ ਕੇ ਅਭਿਆਸ ਕਰ ਲਉ। ਇਸ ਨਾਲ ਕੋਈ ਜ਼ਰੂਰੀ ਗੱਲ ਨਹੀਂ ਛੁੱਟੇਗੀ ਨਹੀਂ ਅਤੇ ਨਾ ਹੀ ਕੋਈ ਗ਼ੈਰ ਜ਼ਰੂਰੀ ਗੱਲ ਮੁੰਹੋਂ ਨਿਕਲਣ ਦਾ ਡਰ ਰਹੇਗਾ।

ਕਈ ਲੋਕ ਆਪਣੀ ਬੋਲੀ ਦਾ ਗ਼ਲਤ ਉਪਯੋਗ ਵੀ ਕਰਦੇ ਹਨ। ਉਹ ਚਾਪਲੂਸ, ਮਤਲਬੀ ਅਤੇ ਬਹੁਤ ਹੀ ਮਿੱਠੇ ਹੁੰਦੇ ਹਨ। ਅਜਿਹੇ ਲੋਕਾਂ ਤੋਂ ਬਚਣਾ ਚਾਹੀਦਾ ਹੈ। ਡੇਰਿਆਂ ਦੇ ਬਾਬੇ ਅਤੇ ਰਾਜਨੇਤਾ ਆਪਣੇ ਭਾਸ਼ਨਾ ਵਿਚ ਲੱਛੇਦਾਰ ਗੱਲਾਂ ਕਰਦੇ ਹਨ ਇਨ੍ਹਾਂ ਪਿੱਛੇ ਉਨ੍ਹਾਂ ਦੇ ਛੁਪੇ ਹੋਏ ਸੁਆਰਥ ਹੁੰਦੇ ਹਨ। ਬਾਬੇ ਲੋਕਾਂ ਨੂੰ ਵਹਿਮਾਂ ਭਰਮਾਂ ਵਿਚ ਪਾ ਕੇ ਉਨ੍ਹਾਂ ਦਾ ਧਨ ’ਤੇ ਇੱਜ਼ਤ ਲੁੱਟਦੇ ਹਨ। ਰਾਜਨੇਤਾ ਲੋਕਾਂ ਨੂੰ ਇਕ ਦੂਸਰੇ ਦੇ ਖਿਲਾਫ਼ ਭੜਕਾ ਕੇ ਆਪਣਾ ਵੋਟ ਬੈਂਕ ਕਾਇਮ ਕਰਦੇ ਹਨ। ਅਜਿਹੇ ਲੋਕਾਂ ਤੋਂ ਵੀ ਬਹੁਤ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਰਾਜਨੇਤਾਵਾਂ ਅਤੇ ਧਾਰਮਿਕ ਆਗੂਆਂ ਦੇ ਮੁੰਹੋਂ ਨਿਕਲੇ ਹੋਏ ਠੀਕ ਸ਼ਬਦ ਲੋਕਾਂ ਦੀ ਜ਼ਿੰਦਗੀ ਬਣਾ ਦਿੰਦੇ ਹਨ ਪਰ ਉਨ੍ਹਾਂ ਦੇ ਮੁੰਹੋਂ ਨਿਕਲੇ ਹੋਏ ਗ਼ਲਤ ਸ਼ਬਦ ਲੋਕਾਂ ਦੀ ਜ਼ਿੰਦਗੀ ਸਦਾ ਲਈ ਬਰਬਾਦ ਵੀ ਕਰ ਦਿੰਦੇ ਹਨ ਅਤੇ ਬੋਲਣ ਵਾਲੇ ਦਾ ਭਵਿੱਖ ਵੀ ਸਦਾ ਲਈ ਹਨੇਰਾ ਹੋ ਜਾਂਦਾ ਹੈ। ਕਿਸੇ ਦੀ ਕੜਵੀ ਗੱਲ ਦਾ ਜੇ ਤੁਸੀਂ ਜੁਵਾਬ ਨਹੀਂ ਦਿੰਦੇ ਤਾਂ ਸਮਾਂ ਉਸ ਦਾ ਜੁਵਾਬ ਦਿੰਦਾ ਹੈ। ਇਸੇ ਲਈ ਕਹਿੰਦੇ ਹਨ ਕਿ-ਰੱਬ ਦੀ ਲਾਠੀ ਦੀ ਆਵਾਜ਼ ਨਹੀਂ ਹੁੰਦੀ ਹੈ ਪਰ ਜਦ ਵੱਜਦੀ ਹੈ ਤਾਂ ਹੀ ਉਸ ਦਾ ਪਤਾ ਲੱਗਦਾ ਹੈ।

ਸ਼ਬਦਾਂ ਵਿਚ ਬਹੁਤ ਤਾਕਤ ਹੁੰਦੀ ਹੈ। ਇਸ ਲਈ ਸੋਚ ਸਮਝ ਕੇ ਹੀ ਸ਼ਬਦ ਮੁੰਹੋਂ ਕੱਢਣੇ ਚਾਹੀਦੇ ਹਨ। ਤੁਹਾਡੇ ਬੋਲੇ ਹੋਏ ਸ਼ਬਦ ਤੁਹਾਨੂੰ ਰਾਜ ਵੀ ਕਰਾ ਸਕਦੇ ਹਨ ਅਤੇ ਭੀਖ ਵੀ ਮੰਗਵਾ ਸਕਦੇ ਹਨ। ਸ਼ਬਦ ਕੋਈ ਤੀਰ, ਤਲਵਾਰ ਜਾਂ ਪਿਸਤੋਲ ਆਦਿ ਹੱਥਿਆਰ ਨਹੀਂ ਹੁੰਦੇ ਪਰ ਇਨ੍ਹਾਂ ਨਾਲ ਕਈ ਵਾਰੀ ਸਿੰਘਾਸਣ ਡੋਲ ਜਾਂਦੇ ਹਨ।

ਤੁਹਾਡੇ ਸ਼ਬਦਾਂ ਤੋਂ ਜ਼ੋਰਦਾਰ ਇਕ ਹੋਰ ਭਾਸ਼ਾ ਵੀ ਹੁੰਦੀ ਹੈ। ਇਸ ਵਿਚ ਸ਼ਬਦਾਂ ਦੀ ਕੋਈ ਲੋੜ ਨਹੀਂ ਹੁੰਦੀ। ਉਹ ਹੈ ਪਿਆਰ ਦੀ ਭਾਸ਼ਾ। ਇਸ ਭਾਸ਼ਾ ਨੂੰ ਪਸ਼ੂ, ਪੰਛੀ ਵੀ ਭਲੀ ਭਾਂਤੀ ਸਮਝ ਜਾਂਦੇ ਹਨ। ਬਿਨਾ ਕੁਝ ਬੋਲਿਆਂ ਹੀ ਉਹ ਤੁਹਾਡੇ ਪਿਆਰ ਦੀ ਭਾਸ਼ਾ ਨੂੰ ਸਮਝ ਕੇ ਤੁਹਾਡੇ ਵੱਲ ਖਿੱਚੇ ਚਲੇ ਆਉਂਦੇ ਹਨ ਅਤੇ ਆਪਣੀ ਵਫਾਦਾਰੀ ਵੀ ਪ੍ਰਗਟਾਉਂਦੇ ਹਨ। ਪਿਆਰ ਨਾਲ ਤੁਸੀਂ ਸ਼ੇਰ ਜਿਹੇ ਖੁੰਖਾਰ ਜੰਗਲੀ ਜਾਨਵਰ ਨੂੰ ਵੀ ਕਾਬੂ ਕਰ ਸਕਦੇ ਹੋ। ਇੱਥੇ ਇਕ ਕਹਾਣੀ ਯਾਦ ਆ ਰਹੀ ਹੈ ਜੋ ਇਸ ਪ੍ਰਕਾਰ ਹੈ-ਇਕ ਦੇਸ਼ ਵਿਚ ਇਕ ਬਹੁਤ ਗੁੱਸੇ-ਖੋਰ ਰਾਜਾ ਰਾਜ ਕਰਦਾ ਸੀ। ਉਹ ਜਦ ਵੀ ਕਿਸੇ ਨਾਲ ਨਰਾਜ਼ ਹੁੰਦਾ ਤਾਂ ਉਸ ਨੂੰ ਉਹ ਖੁੰਖਾਰ ਕੁੱਤਿਆਂ ਅੱਗੇ ਪਾ ਦਿੰਦਾ ਸੀ। ਕੁੱਤੇ ਉਸ ਦਾ ਮਾਸ ਨੋਚ ਨੋਚ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਸਨ। ਇਕ ਵਾਰੀ ਉਹ ਰਾਜਾ ਆਪਣੇ ਵਜੀਰ ਦੀ ਕਿਸੇ ਗੱਲ ’ਤੇ ਨਰਾਜ਼ ਹੋ ਗਿਆ ਅਤੇ ਉਸ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। ਵਜੀਰ ਕੋਲੋਂ ਉਸ ਦੀ ਆਖਰੀ ਇੱਛਾ ਪੁੱਛੀ ਗਈ। ਵਜੀਰ ਨੇ ਕਿਹਾ ਕਿ ਮੈਨੂੰ ਖੂੰਖਾਰ ਕੁੱਤਿਆਂ ਅੱਗੇ ਪਾਣ ਤੋਂ ਪਹਿਲਾਂ 30 ਦਿਨ ਦਾ ਸਮਾਂ ਦਿੱਤਾ ਜਾਵੇ। ਰਾਜੇ ਨੇ ਕਿਹਾ ਠੀਕ ਹੈ ਤੈਨੂੰ 30 ਦਿਨਾਂ ਬਾਅਦ ਕੁੱਤਿਆਂ ਅੱਗੇ ਸੁੱਟ ਕੇ ਮਾਰ ਦਿੱਤਾ ਜਾਵੇਗਾ। 30 ਦਿਨ ਬਾਅਦ ਵਜੀਰ ਨੂੰ ਖੁੱਲ੍ਹੇ ਮੈਦਾਨ ਵਿਚ ਖੜ੍ਹਾ ਕੀਤਾ ਗਿਆ। ਲੋਕਾਂ ਦੀ ਭੀੜ ਇਹ ਨਜ਼ਾਰਾ ਦੇਖਣ ਲਈ ਇਕੱਠੀ ਹੋ ਗਈ। ਖੂੰਖਾਰ ਕੁੱਤਿਆਂ ਦੇ ਪਿੰਜਰੇ ਖੋਲ੍ਹ ਦਿੱਤੇ ਗਏ ਕੁੱਤੇ ਦਹਾੜਦੇ ਹੋਏ ਆਪਣੇ ਆਪਣੇ ਪਿੰਜਰਿਆਂ ਵਿਚੋਂ ਬਾਹਰ ਨਿਕਲੇ। ਪਰ ਇਹ ਕੀ? ਉਨ੍ਹਾਂ ਨੇ ਵਜੀਰ ਨੂੰ ਬਿਲਕੁਲ ਵੱਢਿਆ ਨਹੀਂ। ਸਗੋਂ ਉਹ ਪੂਛ ਹਿਲਾਉਂਦੇ ਰਹੇ ਅਤੇ ਉਸ ਦੇ ਪੈਰ ਚੱਟਦੇ ਰਹੇ। ਸਾਰੇ ਇਹ ਦ੍ਰਿਸ਼ ਦੇਖ ਕੇ ਹੈਰਾਨ ਹੋ ਗਏ। ਰਾਜੇ ਨੇ ਵਜੀਰ ਨੂੰ ਇਸ ਦਾ ਕਾਰਨ ਪੁੱਛਿਆ। ਤਾਂ ਵਜੀਰ ਨੇ ਹੱਸ ਕੇ ਉੱਤਰ ਦਿੱਤਾ-‘ਮਹਾਰਾਜ ਮੈਂ ਇਨ੍ਹਾਂ 30 ਦਿਨਾਂ ਵਿਚ ਰੋਜ ਪਿਆਰ ਨਾਲ ਇਨ੍ਹਾਂ ਕੁੱਤਿਆਂ ਨੂੰ ਰੋਟੀ ਖੂਆਉਂਦਾ ਰਿਹਾ ਹਾਂ। ਇਹ ਮੇਰੇ ਪਿਆਰ ਨੂੰ 30 ਦਿਨਾਂ ਵਿਚ ਹੀ ਸਮਝਣ ਲੱਗ ਪਏ ਹਨ। ਇਸ ਲਈ ਮੈਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਰਹੇ। ਪਰ ਤੁਸੀਂ ਮੇਰੀ 30 ਸਾਲ ਦੀ ਵਫ਼ਾਦਾਰੀ ਦੀ ਵੀ ਕੋਈ ਕਦਰ ਨਹੀਂ ਪਾਈ। ਰਾਜਾ ਇਹ ਸੁਣ ਕੇ ਬਹੁਤ ਸ਼ਰਮਿੰਦਾ ਹੋਇਆ ਅਤੇ ਵਜੀਰ ਦੀ ਸਜ਼ਾ ਮੁਆਫ ਕਰ ਕੇ ਉਸ ਨੂੰ ਅਹੁਦੇ ਤੇ ਬਹਾਲ ਕਰ ਦਿੱਤਾ।

ਪਿਆਰ ਦੀ ਭਾਸ਼ਾ ਤੋਂ ਇਲਾਵਾ ਇਕ ਹੋਰ ਵੀ ਭਾਸ਼ਾ ਹੈ ਜਿਸ ਨੂੰ ਸ਼ਬਦਾਂ ਦੀ ਲੋੜ ਨਹੀਂ ਹੁੰਦੀ ਪਰ ਹੈ ਉਹ ਬਹੁਤ ਤਾਕਤਵਰ। ਉਹ ਹੈ ਚੁੱਪ ਦੇ ਬੋਲ। ਸਿਆਣੇ ਬੰਦੇ ਦੱਸਦੇ ਹਨ ਕਿ ਫ਼ਾਲਤੂ ਬੋਲਣ ਨਾਲੋਂ ਖਾਮੋਸ਼ੀ ਹੀ ਚੰਗੀ ਹੈ। ਇਸ ਦਾ ਅਸਰ ਆਪਣੇ ਆਪ ਹੀ ਹੁੰਦਾ ਹੈ। ਬੋਲਣ ਨਾਲ ਤਾਂ ਲੋਕ ਰੁੱਸਦੇ ਹੀ ਬਹੁਤ ਹਨ। ਚੁੱਪ ਰਿਹਾਂ ਵੀ ਦੂਜੇ ’ਤੇ ਤੁਹਾਡਾ ਚਾਹਿਆ ਹੋਇਆ ਪ੍ਰਭਾਵ ਪੈਂਦਾ ਹੈ। ਉਸ ਨੂੰ ਪਤਾ ਲੱਗਦਾ ਹੈ ਤੁਸੀਂ ਉਸ ਨਾਲ ਮਨੋ ਨਰਾਜ਼ ਹੋ ਜਾਂ ਤੁਸੀਂ ਉਸ ਦੀ ਕਿਸੇ ਗੱਲ ਨੂੰ ਪਸੰਦ ਨਹੀਂ ਕਰਦੇ। ਪੁਰਾਣੇ ਜ਼ਮਾਨੇ ਵਿਚ ਮਨ ਦੀ ਸ਼ਾਂਤੀ ਲਈ ਲੋਕ ਚੁੱਪ ਰਹਿ ਕੇ ਕਈ ਕਈ ਦਿਨ ਸਮਾਧੀ ਲਾ ਕੇ ਬੈਠ ਜਾਂਦੇ ਸਨ। ਰਿਸ਼ੀ ਮੁਨੀ ਵੀ ਪ੍ਰਮਾਤਮਾ ਦਾ ਧਿਆਨ ਰੱਖਦੇ ਸਨ ਤਾਂ ਮੋਨ ਵਰਤ ਰੱਖਦੇ ਸਨ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਰੱਬ ਨੂੰ ਪਾਉਣ ਲਈ ਅਸੀਂ ਐਂਵੇ ਹੀ ਇੱਧਰ ਉੱਧਰ ਭਟਕਦੇ ਰਹਿੰਦੇ ਹਾਂ। ਉਹ ਤਾਂ ਸਾਡੇ ਅੰਦਰ ਵੱਸਦਾ ਹੈ।ਰੱਬ ਕੋਈ ਬੋਲਾ ਨਹੀਂ। ਉਸ ਨੂੰ ਐਡੇ ਉੱਚੇ ਉੱਚੇ ਲਾਉਡ ਸਪੀਕਰ ਅਤੇ ਟੱਲ ਵਜਾ ਕੇ ਸੁਨਾਉਣ ਦੀ ਲੋੜ ਨਹੀਂ। ਰੱਬ ਨੂੰ ਤਾਂ ਚੁੱਪ ਕਰ ਕੇ, ਅੰਤਰ ਧਿਆਨ ਹੋ ਕੇ ਹੀ ਪਾਇਆ ਜਾ ਸਕਦਾ ਹੈ। ਮਨ ਦੀ ਸ਼ੁੱਧੀ ਲਈ ਜਿੰਨਾ ਹੀ ਚੁੱਪ ਰਹੋਗੇ ਉਨਾ ਹੀ ਚੰਗਾ ਹੈ। ਦਿਮਾਗ਼ ਦੀ ਉਥੱਲ ਪੁਥੱਲ ਅਤੇ ਭਟਕਣਾ ਸਮਾਧੀ ਨਾਲ ਹੀ ਸ਼ਾਂਤ ਹੁੰਦੀ ਹੈ। ਅਸੀਂ ਵਰਤ ਅਤੇ ਰੋਜ਼ੇ ਰੱਖਦੇ ਹਾਂ ਪੇਟ ਦੀ ਸ਼ੁੱਧੀ ਲਈ ਅਤੇ ਮੋਨ ਵਰਤ ਰੱਖਦੇ ਹਾਂ ਮਨ ਦੀ ਸ਼ੁੱਧੀ ਲਈ।

ਕਿਸੇ ਦੇ ਕੌੜੇ ਬੋਲਾਂ ਨੂੰ ਸੁਣ ਕੇ ਵੀ ਜੇ ਤੁਸੀਂ ਉਸਨੂੰ ਕੋਈ ਉੱਤਰ ਦੇਣ ਦੀ ਬਜ਼ਾਏ ਚੁੱਪ ਕਰ ਜਾਂਦੇ ਹੋ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਹ ਜ਼ਿਆਦਾ ਠੀਕ ਹੈ ਅਤੇ ਤੁਸੀਂ ਗ਼ਲਤ ਹੋ। ਇਸ ਦਾ ਮਤਲਬ ਇਹ ਹੈ ਕਿ ਤੁਹਾਡਾ ਆਪਣੇ ਗੁੱਸੇ ਤੇ ਕਾਬੂ ਹੈ ਅਤੇ ਤੁਸੀਂ ਰਿਸ਼ਤਿਆਂ ਦੀ ਕਦਰ ਕਰਦੇ ਹੋ। ਚੁੱਪ ਰਹਿ ਕੇ ਤੁਸੀਂ ਆਉਣ ਵਾਲਿਆਂ ਕਈ ਝਗੜਿਆਂ ਨੂੰ ਟਾਲ ਸਕਦੇ ਹੋ। ਚੁੱਪ ਰਹਿਣ ਨਾਲ ਸੱਪ ਵੀ ਮਰ ਜਾਂਦਾ ਹੈ ਅਤੇ ਲਾਠੀ ਵੀ ਨਹੀਂ ਟੁੱਟਦੀ। ਜੇ ਤੁਸੀਂ ਲੋਕਾਂ ਦੇ ਮੁੰਹ ਬੰਦ ਨਹੀਂ ਕਰ ਸਕਦੇ ਤਾਂ ਆਪਣੇ ਕੰਨ ਤਾਂ ਬੰਦ ਕਰ ਹੀ ਸਕਦੇ ਹੋ। ਕਿਸੇ ਨੇ ਠੀਕ ਹੀ ਕਿਹਾ ਹੈ- ‘ਇਕ ਚੁੱਪ ਸੋ ਸੁੱਖ’। ਬੁੱਢਾਪੇ ਵਿਚ ਵੀ ਬੰਦੇ ਨੂੰ ਬਹੁਤ ਸਹਿਜ ਰਹਿਣ ਦੀ ਜ਼ਰੂਰਤ ਹੁੰਦੀ ਹੈ। ਸਮੇਂ ਦੇ ਬਦਲਣ ਨਾਲ ਘਰ ਵਿਚ ਬੱਚਿਆਂ ਦਾ ਰਾਜ ਹੋ ਜਾਂਦਾ ਹੈ। ਬਜ਼ੁਰਗਾਂ ਲਈ ਤਾਂ ਇਕ ਯੁੱਗ ਹੀ ਬਦਲ ਜਾਂਦਾ ਹੈ। ਇਕ ਪੀੜ੍ਹੀ ਦਾ ਫਾਸਲਾ ਪੈ ਜਾਂਦਾ ਹੈ। ਬੱਚਿਆਂ ਨੂੰ ਉਨ੍ਹਾਂ ਦੀ ਕੋਈ ਗੱਲ ਪਸੰਦ ਨਹੀਂ ਆਉਂਦੀ। ਬਜ਼ੁਰਗ ਦੇਖਦੇ ਸਭ ਕੁਝ ਹਨ ਪਰ ਬੋਲਦੇ ਘੱਟ ਹਨ ਤਾਂ ਕਿ ਘਰ ਵਿਚ ਸ਼ਾਂਤੀ ਬਣੀ ਰਹੇ।

ਜੇ ਤੁਸੀਂ ਜ਼ਿੰਦਗੀ ਵਿਚ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਦੂਜੇ ਨਾਲ ਸਦਭਾਵਨਾ ਰੱਖੋ ਅਤੇ ਸਦਗੁਣਾਂ ਨੂੰ ਅਪਣਾਓ। ਆਪਣੇ ਕ੍ਰੋਧ ’ਤੇ ਕਾਬੂ ਰੱਖੋ ਅਤੇ ਨਿਮਰਤਾ ਨਾਲ ਰਹੋ। ਸਦਾ ਮਿੱਠਾ ਬੋਲੋ। ਇਸ ਲਈ ਲੰਬੇ ਅਭਿਆਸ ਦੀ ਲੋੜ ਹੈ। ਮਿੱਠਾ ਬੋਲਣਾ ਦੂਸਰੇ ਦੇ ਮਨ ਨੂੰ ਠਾਰਦਾ ਹੈ ਅਤੇ ਆਪਣਾ ਹਿਰਦਾ ਵੀ ਸ਼ੁੱਧ ਕਰਦਾ ਹੈ। ਇਸ ਦੁਨੀਆਂ ਵਿਚ ਸਭ ਨਾਲ ਮਿਲ ਜੁਲ ਕੇ ਅਤੇ ਪਿਆਰ ਨਾਲ ਰਹੋ। ਜੇ ਤੁਸੀਂ ਕਿਸੇ ਨਾਲ ਪਿਆਰ ਦਾ ਵਰਤਾਉ ਕਰੋਗੇ ਉਹ ਵੀ ਤੁਹਾਨੂੰ ਪਿਆਰ ਨਾਲ ਹੀ ਉੱਤਰ ਦੇਵੇਗਾ। ਬੋਲੋ ਘੱਟ ਅਤੇ ਸੁਣੋ ਜ਼ਿਆਦਾ। ਜੇ ਤੁਸੀ ਕਿਸੇ ਨੂੰ ਕੁਝ ਬੋਲ ਕੇ ਦੱਸਦੇ ਹੋ ਤਾਂ ਤੁਹਾਨੂੰ ਕੇਵਲ ਉਨ੍ਹਾਂ ਗੱਲਾਂ ਦਾ ਹੀ ਪਤਾ ਲੱਗਦਾ ਹੈ ਜਿਨ੍ਹਾ ਦਾ ਗਿਆਨ ਤੁਹਾਨੂੰ ਪਹਿਲਾਂ ਹੀ ਹੁੰਦਾ ਹੈ। ਜੇ ਤੁਸੀਂ ਕਿਸੇ ਨੂੰ ਸੁਣਦੇ ਹੋ ਤਾਂ ਤੁਹਾਨੂੰ ਕਈ ਨਵੀਆਂ ਗੱਲਾਂ ਦਾ ਪਤਾ ਚੱਲਦਾ ਹੈ, ਜਿੰਨ੍ਹਾਂ ਦਾ ਤੁਹਾਨੂੰ ਪਹਿਲਾਂ ਕੋਈ ਗਿਆਨ ਨਹੀਂ ਹੁੰਦਾ। ਇਸ ਲਈ ਘੱਟ ਬੋਲੋ। ਆਪਣੇ ਮੁੰਹ ਵਿਚੋਂ ਕੋਈ ਸ਼ਬਦ ਤਾਂ ਹੀ ਕੱਢੋ ਜਦ ਤੁਹਾਨੂੰ ਯਕੀਨ ਹੋਵੇ ਕਿ ਉਨ੍ਹਾਂ ਦਾ ਅਸਰ ਤੁਹਾਡੀ ਚੁੱਪ ਤੋਂ ਜ਼ਿਆਦਾ ਹੈ।

***
(105)
***

ਗੁਰਸ਼ਰਨ ਸਿੰਘ ਕੁਮਾਰ

ਗੁਰਸ਼ਰਨ ਸਿੰਘ ਕੁਮਾਰ

View all posts by ਗੁਰਸ਼ਰਨ ਸਿੰਘ ਕੁਮਾਰ →