18 September 2024
gursharan singh kumar

ਜਨਮ ਜਨਮ ਦਾ ਸਾਥ— ✍️ਗੁਰਸ਼ਰਨ ਸਿੰਘ ਕੁਮਾਰ

ਕਈ ਲੋਕ ਪਤੀ ਪਤਨੀ ਦੇ ਰਿਸ਼ਤੇ ਨੂੰ ਜਨਮ ਜਨਮ ਦਾ ਸਾਥ ਕਹਿੰਦੇ ਹਨ ਪਰ ਮਨੁੱਖ ਵਿਚ ਏਨੀ ਦਿਬ ਦ੍ਰਿਸ਼ਟੀ ਨਹੀਂ ਕਿ ਉਹ ਆਪਣੇ ਪਿਛਲੇ ਜਾਂ ਅਗਲੇ ਜਨਮ ਬਾਰੇ ਸੱਚ ਹੀ ਕੁਝ ਜਾਣ ਸਕੇ। ਫਿਰ ਵੀ ਜੇ ਅਸੀਂ ਆਪਣੇ ਇਸ ਜਨਮ ਦੇ ਰਿਸ਼ਤੇ ਨੂੰ ਹੀ ਸੁਹਿਰਦਤਾ ਨਾਲ ਨਿਭਾ ਲਈਏ ਤਾਂ ਸਾਡਾ ਗ੍ਰਿਹਸਥ ਜੀਵਨ ਬਹੁਤ ਸ਼ਾਨਦਾਰ ਬਣ ਸਕਦਾ ਹੈ। ਪਤੀ ਪਤਨੀ ਦਾ ਰਿਸ਼ਤਾ ਦੋ ਆਤਮਾਵਾਂ ਦਾ ਮਿਲਣ ਹੁੰਦਾ ਹੈ। ਇਸ ਰਿਸ਼ਤੇ ਨੂੰ ਸਮਾਜ ਅਤੇ ਕਾਨੂੰਨ ਦੀ ਪਰਵਾਨਗੀ ਵੀ ਹਾਸਲ ਹੁੰਦੀ ਹੈ। ਇਸ ਰਿਸ਼ਤੇ ਨਾਲ ਹੀ ਕੁਦਰਤ ਦੀ ਗਤੀ ਅੱਗੇ ਚੱਲਦੀ ਹੈ। ਪਤੀ ਪਤਨੀ ਦੇ ਰਿਸ਼ਤੇ ਦੀ ਕਾਮਯਾਬੀ ਲਈ ਇਹ ਜ਼ਰੂਰੀ ਹੈ ਕਿ ਦੋਵਾਂ ਵਿਚ ਸਰੀਰਕ ਅਤੇ ਆਤਮਿਕ ਤੌਰ ’ਤੇ ਕੋਈ ਪਰਦਾ ਨਾ ਹੋਵੇ। ਜੇ ਇਸ ਰਿਸ਼ਤੇ ਵਿਚ ਕੋਈ ਪਰਦਾ ਜਾਂ ਭੇਦ ਭਾਵ ਆ ਜਾਏ ਤਾਂ ਰਿਸ਼ਤੇ ਵਿਚ ਦਰਾਰ ਆ ਜਾਂਦੀ ਹੈ। ਇਕ ਦੂਜੇ ਪ੍ਰਤੀ ਸ਼ੱਕ ਪੈਦਾ ਹੋ ਜਾਂਦਾ ਹੈ ਅਤੇ ਘਰ ਵਿਚ ਨਿੱਤ ਦਾ ਕਲੇਸ਼ ਰਹਿੰਦਾ ਹੈ ਜੋ ਹੌਲੀ ਹੌਲੀ ਵਧਦਾ ਹੀ ਰਹਿੰਦਾ ਹੈ।

ਪਤੀ ਪਤਨੀ ਦਾ ਪਵਿਤਰ ਰਿਸ਼ਤਾ ਪਿਆਰ ਅਤੇ ਤਿਆਗ ਦੀਆਂ ਬਹੁਤ ਹੀ ਸੂਖਮ ਤੰਦਾਂ ਤੇ ਟਿਕਿਆ ਹੁੰਦਾ ਹੈ ਜਿਸ ਨੂੰ ਨਿਭਾਉਣ ਲਈ ਬਹੁਤ ਹੀ ਸਾਵਧਾਨੀ ਦੀ ਲੋੜ ਹੁੰਦੀ ਹੈ। ਪਤੀ ਪਤਨੀ ਦੇ ਰਿਸ਼ਤੇ ਦੀ ਕਾਮਯਾਬੀ ਲਈ ਕੋਈ ਪੱਕੀ ਪਰਿਭਾਸ਼ਾ ਨਹੀਂ ਦਿੱਤੀ ਜਾ ਸਕਦੀ। ਕੋਈ ਅਸੂਲ ਜਾਂ ਹਾਲਾਤ ਐਸੇ ਨਹੀਂ ਬਣਾਏ ਜਾ ਸਕਦੇ ਜੋ ਸਭ ਜੋੜਿਆਂ ’ਤੇ ਇਕੋ ਜਿਹੇ ਲਾਗੂ ਕੀਤੇ ਜਾ ਸਕਣ ਅਤੇ ਉਨ੍ਹਾਂ ਦੇ ਨਤੀਜੇ ਵੀ ਇਕੋ ਜਿਹੇ ਹੀ ਨਿਕਲਣ। ਇਹ ਤਾਂ ਆਪਸੀ ਸੂਝ ਬੂਝ, ਸਿਆਣਪ, ਸਹਿਯੋਗ ਅਤੇ ਸਹਿਣਸ਼ੀਲਤਾ ਨਾਲ ਹੀ ਸਫ਼ਲ ਹੁੰਦੇ ਹਨ। ਹਰ ਮਨੁੱਖ ਦੀ ਪਸੰਦ ਅਤੇ ਬੁੱਧੀ ਅਲੱਗ ਅਲੱਗ ਹੁੰਦੀ ਹੈ। ਹਰ ਇਕ ਦੀਆਂ ਸੂਖਮ ਭਾਵਨਾਵਾਂ ਅਤੇ ਕੁਰਬਾਨੀ ਦਾ ਜਜ਼ਬਾ ਅਲੱਗ ਹੁੰਦਾ ਹੈ। ਇਸ ਤੋਂ ਇਲਾਵਾ ਇਕ ਦੂਜੇ ਨੂੰ ਸਮਝਣ ਦੀ ਅਤੇ ਆਪਣੇ ਆਪ ਨੂੰ ਦੂਸਰੇ ਮੁਤਾਬਕ ਢਾਲਣ ਦੀ ਪਰਵਿਰਤੀ ਵੀ ਅਲੱਗ ਅਲੱਗ ਹੁੰਦੀ ਹੈ। ਫਿਰ ਹਰ ਪਰਿਵਾਰ ਦਾ ਮਾਹੌਲ ਵੱਖੋ ਵੱਖਰਾ ਹੁੰਦਾ ਹੈ। ਪਤੀ ਪਤਨੀ ਦੇ ਰਿਸ਼ਤੇਦਾਰ ਵੀ ਉਨ੍ਹਾਂ ਨਾਲ ਅਲੱਗ ਅਲੱਗ ਤਰ੍ਹਾਂ ਨਾਲ ਵਿਉਹਾਰ ਕਰਦੇ ਹਨ ਜੋ ਉਨ੍ਹਾਂ ਦੇ ਆਪਸੀ ਰਿਸ਼ਤਿਆਂ ਤੇ ਬਹੁਤ ਗ਼ਹਿਰਾ ਪ੍ਰਭਾਵ ਪਾਉਂਦਾ ਹੈ। ਪਤੀ ਪਤਨੀ ਦੇ ਮੁਢਲੇ ਸੰਸਕਾਰ ਵੀ ਉਨ੍ਹਾਂ ਦੇ ਰਿਸ਼ਤਿਆਂ ਤੇ ਅਸਰ ਪਾਉਂਦੇ ਹਨ।

ਪਤੀ ਪਤਨੀ ਦਾ ਆਪਸੀ ਸਬੰਧ ਬਹੁਤ ਹੀ ਨਾਜ਼ੁਕ ਅਤੇ ਗੁਪਤ ਹੁੰਦਾ ਹੈ ਜਿਸ ਦਾ ਜ਼ਿਕਰ ਦੂਜੇ ਬੰਦੇ ਅੱਗੇ ਨਹੀਂ ਕੀਤਾ ਜਾਣਾ ਚਾਹੀਦਾ। ਇਸ ਲਈ ਆਪਸੀ ਛੋਟੀ ਛੋਟੀ ਗੱਲ ਨੂੰ ਕਿਸੇ ਤੀਸਰੇ ਬੰਦੇ ਅੱਗੇ ਜ਼ਾਹਿਰ ਨਹੀਂ ਕਰਨਾ ਚਾਹੀਦਾ। ਆਪਣੇ ਜੀਵਨ ਸਾਥੀ ਦੀ ਬੁਰਾਈ ਕਿਸੇ ਸਾਹਮਣੇ ਨਹੀਂ ਕਰਨੀ ਚਾਹੀਦੀ। ਗੱਲ ਤਾਂ ਕਹਿੰਦੀ ਹੈ-‘ਤੂੰ ਮੈਨੂੰ ਮੂੰਹੋ ਕੱਢ, ਮੈਂ ਤੈਨੂੰ ਸ਼ਹਿਰੋਂ ਕੱਢਾਂ।’ ਤੀਸਰੇ ਬੰਦੇ ਦਾ ਦਖਲ ਪਤੀ ਪਤਨੀ ਦੇ ਸਬੰਧਾਂ ਵਿਚ ਦੂਰੀਆਂ ਪੈਦਾ ਕਰ ਦਿੰਦਾ ਹੈ।

ਜੀਵਨ ਸਾਥੀ ਦੀ ਕਿਸੇ ਗ਼ਲਤੀ ਨੂੰ ਬਾਰ ਬਾਰ ਦੁਹਰਾਉਣਾ ਜਾਂ ਕਿਸੇ ਆਪਸੀ ਅਣਸੁਖਾਵੀ ਘਟਨਾ ਦਾ ਬਾਰ ਬਾਰ ਜਿਕਰ ਕਰਨਾ ਵੀ ਠੀਕ ਨਹੀਂ। ਪ੍ਰਮਾਤਮਾ ਨੇ ਮਨੁੱਖ ਨੂੰ ਭੁੱਲਣ ਦੀ ਆਦਤ ਇਕ ਵਰਦਾਨ ਦੀ ਤਰ੍ਹਾਂ ਦਿੱਤੀ ਹੈ। ਇਸ ਨਾਲ ਆਪਸੀ ਤੱਲਖੀ ਲੰਮੀ ਨਹੀਂ ਖਿੱਚਦੀ। ਆਪਣੇ ਜੀਵਨ ਸਾਥੀ ਦੀਆਂ ਗ਼ਲਤੀਆਂ ਨੂੰ ਭੁੱਲਣ ਨਾਲ ਅਤੇ ਕੁਝ ਗੱਲਾਂ ਨੂੰ ਅਣਗੋਲਿਆਂ ਕਰਨ ਨਾਲ ਗ੍ਰਿਹਸਥ ਦੀ ਗੱਡੀ ਸਹਿਜ ਨਾਲ ਚੱਲਦੀ ਹੈ।

ਮਨੁੱਖ ਇਕ ਸਮਾਜਿਕ ਪ੍ਰਾਣੀ ਹੈ ਇਸ ਲਈ ਉਸ ਨੂੰ ਆਪਸੀ ਰਿਸ਼ਤਿਆਂ ਦੇ ਨਾਲ ਨਾਲ ਸਮਾਜਿਕ ਰਿਸ਼ਤਿਆਂ ਨੂੰ ਵੀ ਨਿਭਾਉਣਾ ਪੈਂਦਾ ਹੈ। ਇਨ੍ਹਾਂ ਸਮਾਜਿਕ ਰਿਸ਼ਤਿਆਂ ਨੂੰ ਇਸ ਤਰ੍ਹਾਂ ਨਿਭਾਓ ਕਿ ਤੁਹਾਡੇ ਪਤੀ ਪਤਨੀ ਦੇ ਆਪਸੀ ਰਿਸ਼ਤੇ ਸੁਹਿਰਦਤਾ ਪੂਰਨ ਬਣੇ ਰਹਿਣ। ਇਨ੍ਹਾਂ ਰਿਸ਼ਤਿਆਂ ਨੂੰ ਸੋਹਣੀ ਤਰ੍ਹਾਂ ਨਿਭਾਉਣ ਵਿਚ ਅੋਰਤਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਨੂੰਹ ਅਤੇ ਸੱਸ ਦੇ ਰਿਸ਼ਤੇ ਵਿਚ ਵੀ ਦੋਹਾਂ ਨੂੰ ਆਪਸੀ ਹਉਮੈ ਛੱਡ ਦੇਣੀ ਚਾਹੀਦੀ ਹੈ ਤਾਂ ਕਿ ਘਰ ਦਾ ਮਾਹੌਲ ਖ਼ੁਸ਼ਨੁਮਾ ਰਹੇ। ਪਤੀ ਪਤਨੀ ਦੇ ਆਪਸੀ ਰਿਸ਼ਤੇ ਤਿੜਕਣ ਦੇ ਕਈ ਹੋਰ ਕਾਰਨ ਵੀ ਹੋ ਸਕਦੇ ਹਨ ਜਿਵੇਂ ਕਿ ਜੇ ਪਤੀ ਪਤਨੀ ਦੋਵੇਂ ਕਮਾਊ ਹੋਣ ਤਾਂ ਆਪਣੀ ਕਮਾਈ ਅਲੱਗ ਅਲੱਗ ਰੱਖਣ ਨਾਲ ਵੀ ਫਿੱਕ ਪੈਦਾ ਹੋ ਜਾਂਦੀ ਹੈ। ਆਪਣੇ ਆਪ ਨੂੰ ਦੂਸਰੇ ਤੋਂ ਸਿਆਣਾ ਅਤੇ ਉੱਤਮ ਸਮਝਣਾ ਜਾਂ ਦੂਸਰੇ ਨੂੰ ਆਪਣੇ ਦਬਾ ਹੇਠ ਰੱਖਣ ਦੀ ਕੋਸ਼ਿਸ਼ ਕਰਨਾ ਜਾਂ ਇਹ ਸੋਚਣਾ ਕਿ ਘਰ ਵਿਚ ਹਰ ਸਮੇਂ ਮੇਰੀ ਹੀ ਹਕੂਮਤ ਚੱਲੇ ਅਤੇ ਮੇਰੀ ਹਰ ਗੱਲ ਮੰਨੀ ਜਾਏ ਵੀ ਗ਼ਲਤ ਹੈ। ਇਕ ਦੂਜੇ ਨਾਲ ਸਹਿਯੋਗ ਨਾ ਕਰਨਾ ਜਾਂ ਦੂਸਰੇ ਦੀ ਸਮੱਸਿਆ ਨੂੰ ਨਾ ਸਮਝਣਾ ਵੀ ਕਈ ਨਵੀਂਆਂ ਸਮੱਸਿਆਵਾਂ ਨੂੰ ਜਨਮ ਦਿੰਦਾ ਹੈ। ਘਰ ਦੇ ਕੰਮਾਂ ਦੀ ਅਢੁਕਵੀਂ ਵੰਡ ਹੋਣਾ ਵੀ ਸ਼ੀਤ ਯੁੱਧ ਨੂੰ ਸੱਦਾ ਦਿੰਦਾ ਹੈ। ਦੋਹਾਂ ਦਾ ਮਨ ਇਕ ਦੂਜੇ ਤੋਂ ਭਰ ਜਾਂਦਾ ਹੈ। ਘਰ ਵਿਚ ਕਲੇਸ਼ ਹੋਣ ਕਾਰਨ ਵੀ ਬੰਦਾ ਕਈ ਵਾਰੀ ਇਕ ਦੂਜੇ ਤੋਂ ਛੁਟਕਾਰਾ ਪਾਉਣ ਦੀ ਸੋਚਦਾ ਹੈ। ਕਈ ਵਾਰੀ ਨੌਬਤ ਤਲਾਕ ਤੱਕ ਪਹੁੰਚ ਜਾਂਦੀ ਹੈ। ਤਲਾਕ ਇਸ ਸਮੱਸਿਆ ਦਾ ਹੱਲ ਨਹੀਂ। ਬੰਦਾ ਇਕੱਲਾ ਪੈ ਜਾਂਦਾ ਹੈ। ਲੋਕ ਤੁਹਾਡੀ ਫੁੱਟ ਦਾ ਤਮਾਸ਼ਾ ਦੇਖਦੇ ਹਨ। ਬੰਦਾ ਤਣਾਅ ਵਿਚ ਆ ਜਾਂਦਾ ਹੈ। ਉਸ ਨੂੰ ਕਈ ਮਾਨਸਿਕ ਅਤੇ ਸਰੀਰਕ ਬਿਮਾਰੀਆਂ ਘੇਰ ਲੈਂਦੀਆਂ ਹਨ। ਉਸ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਖ਼ੁਸ਼ੀਆਂ ਉੱਡ ਪੁੱਡ ਜਾਂਦੀਆਂ ਹਨ। ਉਹ ਇਕ ਸਰਾਪੀ ਜ਼ਿੰਦਗੀ ਭੋਗਣ ਲਈ ਮਜ਼ਬੂਰ ਹੋ ਜਾਂਦਾ ਹੈ।ਮਨ ਨੂੰ ਮਾਰਨਾ ਪੈਂਦਾ ਹੈ ਅਤੇ ਖਾਹਿਸ਼ਾਂ ਦਾ ਗਲਾ ਘੁੱਟਣਾ ਪੈਂਦਾ ਹੈ। ਪਰਿਵਾਰ ਟੁੱਟ ਜਾਂਦੇ ਹਨ ਅਤੇ ਮਾਸੂਮ ਬੱਚਿਆਂ ਦਾ ਭਵਿੱਖ ਵੀ ਹਨੇਰਾ ਹੋ ਜਾਂਦਾ ਹੈ। ਇਸ ਲਈ ਜ਼ਰਾ ਸਹਿਣਸ਼ੀਲਤਾ ਤੋਂ ਕੰਮ ਲਉ ਅਤੇ ਅਜਿਹੀ ਸਥਿਤੀ ਨਾ ਪੈਦਾ ਹੋਣ ਦਿਓ। ੰਜੀਵਨ ਸਾਥੀ ਤੋਂ ਵਿਛੜਣ ਤੋਂ ਬਾਅਦ ਹੀ ਪਤਾ ਚੱਲਦਾ ਹੀ ਕਿ ਕਿਸੇ ਨੇ ਜ਼ਿੰਦਗੀ ਵਿਚ ਕੀ ਗੰਵਾਇਆ ਹੈ ਅਤੇ ਕੀ ਪਾਇਆ ਹੈ? ਦੂਜਾ ਵਿਆਹ ਕੋਈ ਆਸਾਨ ਨਹੀਂ ਹੁੰਦਾ। ਇਸੇ ਲਈ ਕਹਿੰਦੇ ਹਨ ਕਿ ਸ਼ਾਦੀ ਤਾਂ ਇਕੋ ਵਾਰੀ ਹੀ ਹੁੰਦੀ ਹੈ। ਦੂਜੀ ਵਾਰੀ ਤਾਂ ਸਮਝੋਤਾ ਹੀ ਹੁੰਦਾ ਹੈ। ਰਿਸ਼ਤੇ ਵੀ ਇਕੋ ਵਾਰੀ ਹੀ ਨਿਭਾਏ ਜਾਂਦੇ ਹਨ। ਦੂਜੀ ਵਾਰੀ ਤਾਂ ਬੇਮੇਲ ਜਾਂ ਦਾਗੀ ਰਿਸ਼ਤਾ ਹੀ ਮਿਲਦਾ ਹੈ।

ਆਪਣੇ ਘਰ ਤੋਂ ਬਾਹਰੋਂ ਪਿਆਰ ਅਤੇ ਵਫ਼ਾ ਦੀ ਉਮੀਦ ਰੱਖਣਾ ਵੀ ਪਾਪ ਹੈ ਅਤੇ ਜੀਵਨ ਸਾਥੀ ਨੂੰ ਧੋਖਾ ਦੇਣਾ ਹੀ ਹੈ। ਵਫ਼ਾਦਾਰੀ ਦਾ ਸਬੂਤ ਤਾਂ ਪਿੱਠ ਪਿੱਛੇ ਹੀ ਹੁੰਦਾ ਹੈ ਸਾਹਮਣੇ ਤਾਂ ਸਾਰੇ ਗੱਲਾਂ ਨਾਲ ਸੱਚੇ ਬਣ ਜਾਂਦੇ ਹਨ। ਕੋਈ ਵੀ ਗ਼ਲਤ ਕਦਮ ਚੁੱਕਣ ਦੀ ਬਜਾਏ ਥੋੜ੍ਹੀ ਸਿਆਣਪ ਤੋਂ ਕੰਮ ਲਓ। ਆਪਣੇ ਜੀਵਨ ਸਾਥੀ ਲਈ ਇਮਾਨਦਾਰ ਰਹੋ। ਇਹ ਹੀ ਕਾਮਯਾਬ ਜ਼ਿੰਦਗੀ ਦਾ ਅਧਾਰ ਹੈ। ਏਕੇ ਵਿਚ ਹੀ ਬਰਕਤ ਹੈ। ਜਦ ਤੱਕ ਪਤੀ ਪਤਨੀ ਆਪਸੀ ਗੱਲ ਬਾਹਰ ਨਹੀਂ ਕੱਢਦੇ ਤਦ ਤੱਕ ਕੋਈ ਤੀਸਰਾ ਬੰਦਾ ਉਨ੍ਹਾਂ ਵਲ ਉਂਗਲ ਨਹੀਂ ਉਠਾ ਸਕਦਾ। ਘਰ ਵਿਚ ਇੱਜ਼ਤ ਅਤੇ ਸ਼ਾਂਤੀ ਬਣੀ ਰਹਿੰਦੀ ਹੈ। ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਆ ਜਾਏ ਤਾਂ ਉਸ ਨੂੰ ਭੁੱਲਿਆ ਨਹੀਂ ਕਹਿੰਦੇ। ਜੇ ਆਪਸ ਵਿਚ ਕੋਈ ਮਨ ਮਟਾਵ ਹੋ ਵੀ ਜਾਏ ਤਾਂ ਮਿਲ ਬੈਠ ਕੇ ਅਤੇ ਵੱਡਾ ਦਿਲ ਰੱਖ ਕੇ ਆਪਸੀ ਮਸਲੇ ਸੁਲਝਾ ਲਓ। ਆਪਣੀ ਗ੍ਰਿਹਸਥੀ ਨੂੰ ਨਾ ਟੁੱਟਣ ਦਿਓ।

ਨਿਭਾਉਣ ਵਾਲੇ ਤਾਂ ਕੰਡਿਆਂ ਨਾਲ ਵੀ ਨਿਭਾ ਹੀ ਲੈਂਦੇ ਹਨ। ਸਾਊ ਬੰਦੇ ਥੋੜ੍ਹਾ ਮੰਨ ਮਨਾ ਕੇ, ਥੋੜ੍ਹਾ ਅਣਦੇਖਿਆ ਕਰ ਕੇ ਅਤੇ ਥੋੜ੍ਹਾ ਬਰਦਾਸ਼ਤ ਕਰ ਕੇ ਨਿਭਾ ਹੀ ਲੈਂਦੇ ਹਨ ਪਰ ਪਰਿਵਾਰ ਨੂੰ ਟੁੱਟਣ ਨਹੀਂ ਦਿੰਦੇ। ਗ੍ਰਿਹਸਥੀ ਜੀਵਨ ਨੂੰ ਪਤੀ ਪਤਨੀ ਨੇ ਰਲ ਕੇ ਹੀ ਕਾਮਯਾਬ ਬਣਾਉਣਾ ਹੁੰਦਾ ਹੈ। ਅਜਿਹੇ ਘਰਾਂ ਵਿਚ ਬੱਚਿਆਂ ਨੂੰ ਪਿਆਰ ਅਤੇ ਬਜ਼ੁਰਗਾਂ ਨੂੰ ਸਤਿਕਾਰ ਮਿਲਦਾ ਹੈ। ਉੱਥੇ ਬਜ਼ੁਰਗ ਮੁਸਕਰਾਉਂਦੇ ਹੋਏ ਮਿਲਦੇ ਹਨ ਅਤੇ ਬੱਚਿਆਂ ਦੀਆਂ ਕਿਲਕਾਰੀਆਂ ਗੂੰਜਦੀਆਂ ਹਨ। ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਹਰ ਇਨਸਾਨ ਦਾ ਸੁਭਾਅ ਵੱਖੋ ਵੱਖਰਾ ਹੁੰਦਾ ਹੈ। ਜਿੱਥੇ ਹਰ ਮਨੁੱਖ ਵਿਚ ਕੋਈ ਨਾ ਕੋਈ ਗੁਣ ਹੁੰਦਾ ਹੈ ਉੱਥੇ ਉਸ ਵਿਚ ਕੋਈ ਨਾ ਕੋਈ ਕਮੀ ਵੀ ਹੁੰਦੀ ਹੈ। ਸਰਬ ਗੁਣ ਸੰਪਨ ਕੋਈ ਨਹੀਂ ਹੁੰਦਾ। ਜੇ ਅਸੀਂ ਆਪਣੇ ਜੀਵਨ ਸਾਥੀ ਨੂੰ ਉਸ ਦੇ ਗੁਣਾਂ ਅਤੇ ਅੋਗੁਣਾਂ ਸਮੇਤ ਹੀ ਸਵੀਕਾਰ ਕਰਾਂਗੇ ਤਾਂ ਹੀ ਸਾਡੀ ਜ਼ਿੰਦਗੀ ਖ਼ੁਸ਼ੀ ਅਤੇ ਖ਼ੇੜੇ ਭਰੀ ਹੋਵੇਗੀ ਅਤੇ ਸਾਨੂੰ ਇਹ ਕਹਿਣ ਵਿਚ ਮਾਣ ਹੋਵੇਗਾ ਕਿ ਸਾਡਾ ਜਨਮ ਜਨਮ ਦਾ ਸਾਥ ਹੈ।
***
157
***

ਗੁਰਸ਼ਰਨ ਸਿੰਘ ਕੁਮਾਰ

ਗੁਰਸ਼ਰਨ ਸਿੰਘ ਕੁਮਾਰ

View all posts by ਗੁਰਸ਼ਰਨ ਸਿੰਘ ਕੁਮਾਰ →