1 . “ਮੋਰਚਾ-ਫ਼ਤਿਹ”
ਕਾਮਾ ਅਤੇ ਕਿਰਤੀ-ਕਿਸਾਨ ਜਿੱਤਿਆ,
ਅੰਨਦਾਤਾ ਦੇਸ਼ ਦਾ ਮਹਾਨ ਜਿੱਤਿਆ।
ਕਾਲ਼ਿਆਂ ਕਨੂੰਨਾਂ ਵਾਲੀ ਸੋਚ ਨਾ ਖਰੀ,
ਦੁੱਖਦੀ ਹੋਈ ਰਗ਼ ਉੱਤੇ ਉਂਗਲ ਧਰੀ,
ਸਿਰੜੀ ਕਿਸਾਨਾਂ ਗੱਲ ਮੂਲ ਨਾ ਜਰੀ,
ਹਾਰੀ ਸਰਕਾਰ ਤੇ ਜਵਾਨ ਜਿੱਤਿਆ।
ਕਾਮਾ ਅਤੇ ਕਿਰਤੀ-ਕਿਸਾਨ ਜਿੱਤਿਆ,
ਅੰਨਦਾਤਾ ਦੇਸ਼ ਦਾ ਮਹਾਨ ਜਿੱਤਿਆ।
ਰੱਬ ਉੱਤੇ ਰੱਖਦਾ, ਕਿਸਾਨ ਡੋਰੀਆ,
ਵਲ਼-ਛਲ਼ ਨਹੀਂ, ਗੱਲਾਂ ਕਰੇ ਕੋਰੀਆਂ,
ਧੋਖਾ-ਧੱੜੀਆਂ ਨਾ ਮਾਰੇ ਡਾਕੇ-ਚੋਰੀਆਂ,
ਸਾਦਾ-ਸਾਊ ਸਿੱਧੜਾ ਨਦਾਨ ਜਿੱਤਿਆ।
ਕਾਮਾ ਅਤੇ ਕਿਰਤੀ-ਕਿਸਾਨ ਜਿੱਤਿਆ,
ਅੰਨਦਾਤਾ ਦੇਸ਼ ਦਾ ਮਹਾਨ ਜਿੱਤਿਆ।
ਚੰਨ ਤਾਰਿਆਂ ਨੇ, ਰੱਜ ਖੁਸ਼ੀ ਹੈ ਮਨਾਈ,
ਅੰਬਰ ਦੇ ਵਿਹੜੇ ਸੋਹਣੀ ਮਹਿਫ਼ਲ ਸਜਾਈ,
ਹਵਾਵਾਂ ਗੀਤ ਛੇੜ ਡਾਢੀ ਰੌਣਕ ਲਗਾਈ,
ਸਾਰੀ ਧਰਤੀ ਤੇ ਨੀਲਾ ਅਸਮਾਨ ਜਿੱਤਿਆ।
ਕਾਮਾ ਅਤੇ ਕਿਰਤੀ-ਕਿਸਾਨ ਜਿੱਤਿਆ,
ਅੰਨਦਾਤਾ ਦੇਸ਼ ਦਾ ਮਹਾਨ ਜਿੱਤਿਆ।
ਬੁਛਾੜ ਦਾ ਮੂੰਹ ਗੱਭਰੂ-ਜਵਾਨ ਮੋੜਿਆ,
ਸੜਕ ਵਿੱਚ ਰੱਖੇ, ਪੱਥਰਾਂ ਨੂੰ ਰੋੜ੍ਹਿਆ,
ਧੱਕੇ ਨਾਲ ਬੈਰੀਕੇਡਾਂ ਨੂੰ ਸੀ ਤੋੜਿਆ,
ਹਾਰੀਆਂ ਹਨੇਰੀਆਂ, ਤੂਫ਼ਾਨ ਜਿੱਤਿਆ।
ਕਾਮਾ ਅਤੇ ਕਿਰਤੀ-ਕਿਸਾਨ ਜਿੱਤਿਆ,
ਅੰਨਦਾਤਾ ਦੇਸ਼ ਦਾ ਮਹਾਨ ਜਿੱਤਿਆ।
ਧੁੱਪਾਂ ਤੇ ਕੱਕਰ, ਤਨ ਉੱਤੇ ਝੱਲਿਆ,
ਸੂਰਿਆਂ ਨਾ ਛੱਡਿਆ ਮੈਦਾਨ ਮੱਲਿਆ,
ਹਾਕਮ ਦੇ ਕਹਿਰ ਸਾਡਾ ਸੀਨਾ ਸੱਲਿਆ,
ਕੁਫ਼ਰ ਦੀ ਹਾਰ ਤੇ ਇਮਾਨ ਜਿੱਤਿਆ।
ਕਾਮਾ ਅਤੇ ਕਿਰਤੀ-ਕਿਸਾਨ ਜਿੱਤਿਆ,
ਅੰਨਦਾਤਾ ਦੇਸ਼ ਦਾ ਮਹਾਨ ਜਿੱਤਿਆ।
ਸਿਦਕੋਂ ਨਾ ਹਾਰੇ ਮਾਈਆਂ ਤੇ ਜਵਾਨ ਬਈ,
ਮਰਦਾਂ ਨੂੰ ਮੇਹਣਾ, ਛੱਡਣਾ ਮੈਦਾਨ ਬਈ,
ਜਾਨਾਂ ਉੱਤੇ ਖੇਡ ਪਾਇਆ ਯੋਗਦਾਨ ਬਈ,
ਅਸੀਸਾਂ ਦਾ ਅਸਰ ਵਰਦਾਨ ਜਿੱਤਿਆ।
ਕਾਮਾ ਅਤੇ ਕਿਰਤੀ-ਕਿਸਾਨ ਜਿੱਤਿਆ,
ਅੰਨਦਾਤਾ ਦੇਸ਼ ਦਾ ਮਹਾਨ ਜਿੱਤਿਆ।
ਖੋਏ ਦੀਆਂ ਪਿੰਨੀਆਂ ਤੇ ਮੇਵੇ ਸੁੱਕੇ ਜੀ,
ਲੰਗਰ ਦੇ ਵਿੱਚੋਂ ਕਦੇ ਵੀ ਨਾ ਮੁੱਕੇ ਸੀ,
ਪਾਠ-ਪੂਜਾ ਚੱਲਦੇ ਕਦੇ ਨਾ ਰੁਕੇ ਸੀ,
ਗੁਰੂ ਗ੍ਰੰਥ-ਗੀਤਾ ਤੇ ਕੁਰਾਨ ਜਿੱਤਿਆ।
ਕਾਮਾ ਅਤੇ ਕਿਰਤੀ-ਕਿਸਾਨ ਜਿੱਤਿਆ,
ਅੰਨਦਾਤਾ ਦੇਸ਼ ਦਾ ਮਹਾਨ ਜਿੱਤਿਆ।
ਜਿੱਤ ਗਿਆ ਸੱਚ, ਅਤੇ ਝੂਠ ਹਾਰਿਆ,
ਫ਼ਤਿਹ ਨੇ ਕਿਸਾਨੀ ਦਾ ਭਵਿੱਖ ਤਾਰਿਆ,
ਨੇਕੀ ਨੇ ਬਦੀ ਦੀ ਕੀਤੀ ਹਾਲ ਪਾਹਰਿਆ,
ਨਛੱਤਰ ਭੋਗਲ ਕਿਰਤੀ ਦਾ ਮਾਣ ਜਿੱਤਿਆ।
ਕਾਮਾ ਅਤੇ ਕਿਰਤੀ-ਕਿਸਾਨ ਜਿੱਤਿਆ,
ਅੰਨਦਾਤਾ ਦੇਸ਼ ਦਾ ਮਹਾਨ ਜਿੱਤਿਆ।
**
2. “ਵਿਕਾਊ”
ਤੇਹ-ਮੋਹ ਅਤੇ ਪਿਆਰ, ਮੁਹੱਬਤ-ਯਾਰ ਵਿਕਾਊ ਹੈ,
ਜਾਨੋ ਪਿਆਰਾ ਸੱਜਣ, ਉਹ ਦਿਲਦਾਰ ਵਿਕਾਊ ਹੈ।
ਰਾਜਨੀਤੀ ਦਾ ਅਮਲਾ ਫੈਲਾ, ਬਿਖਰਿਆਂ ਵਰਗਾ ਹੈ,
ਮੰਤਰੀ ਜੀ, ਮੁੱਖ ਮੰਤਰੀ ਦੀ, ਸਰਕਾਰ ਵਿਕਾਊ ਹੈ।
ਅਜੋਕੇ ਜੱਗ ਦਾ ਧੰਦਾ, ਲੱਗਦਾ ਡੰਗ ਟਪਾਊ ਹੈ,
ਇਸ ਪੱਖੋਂ ਇੰਜ ਲੱਗਦਾ, ਸਭ ਸੰਸਾਰ ਵਿਕਾਊ ਹੈ।
ਵੱਡਿਆਂ ਦੀ ਗੱਲ ਮੰਨਣੋ, ਨਾਬਰ ਹੋ ਜਾਣ ਪੁੱਤ-ਭਰਾ,
ਉੱਚੇ ਰੁਤਬਿਆਂ ਵਾਲ਼ਾ ਵੀ, ਸਰਦਾਰ ਵਿਕਾਊ ਹੈ।
ਬੇਵਫ਼ਾਈ ਕਰਕੇ, ਇਸ਼ਕ ਨੂੰ ਧੱਬਾ ਲਾਉਂਦੇ ਜੋ,
ਢੱਠੇ ਖੂਹ ਵਿੱਚ ਪੈਂਦਾ, ਜਿਹੜਾ ਪਿਆਰ ਵਿਕਾਊ ਹੈ।
ਹੱਥ ਮੁੱਠੇ ਨੂੰ ਪਾਕੇ, ਜ਼ੁਲਮ ਦੇ ਆਹੂ ਲਾਹਵੇ ਜੋ,
ਜਾਲਮ ਮੂਹਰੇ ਝੁੱਕਦੀ, ਉਹ ਤਲਵਾਰ ਵਿਕਾਊ ਹੈ।
ਧੀ ਭੈਣ ਦੀ ਇਜ਼ਤ ਚੁੰਨੀ, ਸਿਰ ‘ਤੇ ਹੀ ਸੋਂਹਦੀ,
ਇਜ਼ਤ ਨੂੰ ਢਾਹ ਲਾਵੇ, ਉਹ ਸ਼ਿੰਗਾਰ ਵਿਕਾਊ ਹੈ।
ਕਲਮ ਦੇ ਹੋਣ ਨਾ ਸੌਦੇ, ਵਿਕਣ ਲਿਖਾਰੀ ਨਾ,
ਘਾਤਕ ਹੀ ਸਿੱਧ ਹੋਣਾ, ਜੇ ਪੱਤਰਕਾਰ ਵਿਕਾਊ ਹੈ।
ਯਕੀਨ ਦੀ ਪੀਡੀ ਗੰਢ, ਜਦੋਂ ਟੁੱਟ ਜਾਏ ਭਰਾਵਾਂ ‘ਚੋਂ,
ਸ਼ਰੀਕਾਂ ਤੇ ਕਰੇ ਭਰੋਸਾ, ਉਹ ਇਤਬਾਰ ਵਿਕਾਊ ਹੈ।
ਦੁਨੀਆ ਵਿੱਚ ਇਨਸਾਨ ਅਤੇ ਭਗਵਾਨ ਵਿਕਾਊ ਹੈ,
ਯਕੀਨ ਰਿਹਾ ਨਾ ਭੋਗਲ, ਹਰ ਕਿਰਦਾਰ ਵਿਕਾਊ ਹੈ।
**
3. ਗੁਰਦੁਆਰਾ ਸਿੰਘ ਸਭਾ “ਡਰਬੀ”
“ਅਜਾਇਬ ਘਰ”
ਰਜਿੰਦਰ ਸਿੰਘ ਪੁਰੇਵਾਲ ਨੇ
ਸੰਗਤਾਂ ਤਾਂਈ ਬੁਲਾਇਆ,
ਸਿੰਘ ਸਭਾ ਗੁਰੂ-ਘਰ ਵਿਖੇ
ਅਜਾਇਬ ਘਰ ਸਜਾਇਆ।
ਪਰਵਾਰ ਸਣੇ ਸੱਭ ਸੰਗਤਾਂ
ਗੁਰੂ ਪਿਆਰੇ ਆਏ,
ਧੁੱਰ ਕੀ ਬਾਣੀ ਗੁਰੂ ਦੀ
ਰਾਗੀਆਂ ਜੱਸ ਗਾਇਆ।
ਵੇਖੀ ਸਿੱਖ ਪ੍ਰਦਰਸ਼ਨੀ
ਵਿਰਸੇ ਦੀਆਂ ਯਾਦਾਂ,
ਚਿੱਤਰ ਮੂੰਹੋਂ ਬੋਲਦੇ
ਤੱਕ ਮਨ ਨਸ਼ਿਆਇਆ।
ਚਿੱਤਰਕਾਰੀ ਦੀ ਕਲਾ
ਸਰੂਪ ਸਿੰਘ ਵਿਖਲਾਈ,
ਮਿਹਨਤ ਅੱਧੀ ਸਦੀ ਦੀ
ਨੂੰ ਰੰਗ ਚੱੜ੍ਹ ਆਇਆ।
ਜੋ ਤੋਪਾਂ ਸਿੰਘਾਂ ਵਰਤੀਆਂ
ਯੋਧਿਆਂ ਜੌਹਰ ਵਿਖਾਏ,
ਮਰਦਾਂ ਦਾ ਤੱਕ ਹੌਸਲਾ
ਮਾਣ ਕੌਮ ਤੇ ਆਇਆ।
ਬੰਦਾ ਸਿੰਘ ਸਰਦਾਰ ਦੀ
ਤੋਪ ਜੱਗੋਂ ਨਿਆਰੀ,
ਕਰੀ ਤਬਾਹੀ ਯੁੱਧ ਵਿੱਚ
ਸਰਹੰਦ ਢੇਰੀ-ਢਾਹਿਆ।
ਸੇਵਾ ਵਿੱਚ ਮਸਰੂਫ ਸੀ
ਹਰਜਿੰਦਰ ਸਿੰਘ ਮੰਡੇਰ,
ਸਿੱਖੀ ਬਾਣੇ ਵਿੱਚ ਸੀ
ਸਜਦਾ ਦੂਣ-ਸਵਾਇਆ।
ਸਰੂਪ ਸਿੰਘ ਕਲਾਕਾਰ ਜੋ
ਰੰਗ ਬੁਰਸ਼ ‘ਨਾ ਭਰਦਾ,
ਪੋਟਿਆਂ ਵਿੱਚਲੀ ਕਲਾ ਨੇ
ਸਭ ਨੂੰ ਭਰਮਾਇਆ।
ਕੌਮ ਦੀ ਚੱੜ੍ਹਦੀ ਕਲਾ ਦੇ
ਸਿੰਘਾਂ ਛੱਡ ਜੈਕਾਰੇ,
ਬੋਲੇ ਸੋ ਨਿਹਾਲ ‘ਨਾ
ਅੰਬਰ ਗੂੰਜਣ ਲਾਇਆ।
ਰੇਡੀਓ, ਸੋਸ਼ਲ-ਮੀਡਿਆ
ਪੰਜਾਬ ਟਾਈਮਜ਼ ਵੀਕਲੀ,
ਸਰਬਜੀਤ ਸਿੰਘ ਢੱਕ ਵੀ
ਪੀ.ਟੀ.ਸੀ ਵੱਲੋਂ ਆਇਆ।
ਕਾਲ਼ੇ ਤਿੰਨ ਕਨੂੰਨਾਂ ਦੀ
ਰੱਜ ਕਰੀ ਨਿਖੇਧੀ,
ਕਿਸਾਨ ਅੰਦੋਲਨ ਚੱਲ ਰਿਹੈ
ਨਹੀਂ ਦਿਲੋਂ ਭੁਲਾਇਆ।
ਅਜਾਇਬ ਘਰ ਤੱਕ ਕੌਮ ਦਾ
ਹਰ ਕੋਈ ਕਰੇ ਸ਼ਲਾਘਾ,
ਨਛੱਤਰ ਭੋਗਲ, ਅੱਖੀਂ ਵੇਖਿਆ
ਸਿੱਖੀ ਦਾ ਸਰਮਾਇਆ।
**
ਨਛੱਤਰ ਸਿੰਘ ਭੋਗਲ “ਭਾਖੜੀਆਣਾ” (U.K) |