10 October 2024
Nachhatar Singh Bhopal

ਦੋ ਕਵਿਤਾਵਾਂਂ: ਮਸ਼ੀਨੀ ਯੁੱਗ ਅਤੇ ਪਰਵਾਸੀ ਦੁਖਾਂਤ—- ਨਛੱਤਰ ਸਿੰਘ ਭੋਗਲ, ਭਾਖੜੀਆਣਾ (U.K)

1. ਮਸ਼ੀਨੀ-ਯੁਗ

ਪਰੂੰ ਜਦੋਂ ਪਿੰਡ ਗੇੜਾ ਲਾਇਆ, ਹਰ ਸ਼ੈਅ ਨੇ ਸੀ ਰੂਪ ਵਟਾਇਆ,
ਮਸ਼ੀਨੀ ਯੁੱਗ ਦੇ ਚਮਤਕਾਰ ਨੇ, ਸਿਰ ਮੇਰਾ ਚਕਰਾਉਣੇ ਲਾਇਆ।।

ਚੱਰਖੀ ਵਿੱਚੋਂ ਘੂਕਾਂ ਮੁੱਕੀਆਂ, ਚੱਕੀ ਧਾਹਾਂ ਮਾਰਦੀ ਆਈ,
ਚੁੱਲਾ-ਭੱਠੀ ਠੰਢੇ ਪਏ ਸੀ, ਚਿਮਟਾ ਭੂਕਨਾ ਦਏ ਦੁਹਾਈ,
ਬੇਬੇ ਦਾ ਸੰਦੂਕ ਸੀ ਟੁੱਟਾ, ਚੰਦਰੇ ਘੁਣ ਨੇ ਹੋਂਦ ਮੁਕਾਈ,
ਸੂਫ਼ ਦੇ ਘੱਗਰੇ ਤੇ ਫੁਲਕਾਰੀ, ਸਾਲੂ ਨੇ ਵੀ ਹੋਸ਼ ਗੁਆਈ,
ਅੱਜ ਨਾ ਕੋਈ ਭੱਠੀ ਤਾਵੇ, ਮੁਰਮਰੇ-ਆਭੂ ਨਹੀਂ ਭੁਨਾਇਆ।
ਮਸ਼ੀਨੀ ਯੁੱਗ ਦੇ ਚਮਤਕਾਰ ਨੇ, ਸਿਰ ਮੇਰਾ ਚਕਰਾਉਣੇ ਲਾਇਆ।।

ਬੱਗੇ-ਸਾਵੇਂ ਰਹੇ ਨਾ ਮੀਣੇ, ਤੱੜਕੇ ਉੱਠ ਨਾ ਜੁੜੇ ਨਹਾੜੀ,
ਜੋੜੀਆਂ ਟੱਲੀਉਂ ਸੱਖਣੀਆਂ ਨੇ, ਨਾ ਸਿੰਗਾਂ ਨੂੰ ਰੰਗਤ ਚਾੜ੍ਹੀ,
ਨਾ ਬੱਲਦਾਂ ਨੂੰ ਪੇੜਾ ਚਾਰੇ, ਅਲਸੀ-ਸੌਂਫ ਦੀ ਚਾਰਦਾ ਕਾੜ੍ਹੀ,
ਮੂਹਰਲੀ ਕੀਲੀ ਦਾ ਹੱਲ਼ ਭੁੱਲੇ, ਜਾਪੇ ਜੱਟ ਦੀ ਕਿਸਮਤ ਮਾੜੀ,
ਤੱਤਾ-ਤੱਤਾ ਨਹੀਂ ਹੁੰਦੀ ਅੱਜ, ਟਰੈਕਟਰਾਂ ਡਾਢਾ ਸ਼ੋਰ ਮਚਾਇਆ।
ਮਸ਼ੀਨੀ ਯੁੱਗ ਦੇ ਚਮਤਕਾਰ ਨੇ, ਸਿਰ ਮੇਰਾ ਚਕਰਾਉਣੇ ਲਾਇਆ।।

ਸ਼ਾਂਤ ਹੋ ਗਿਆ ਹੱਲਟ ਦਾ ਕੁੱਤਾ, ਟਿੱਕ-ਟਿੱਕ ਨਹੀਂ ਹੈ ਕਰਦਾ,
ਨਾ ਹੱਕੇ ਬੱਲਦਾਂ ਦੀ ਜੋੜੀ, ਨਾ ਕੋਈ ਗਾਧੀ ਉੱਤੇ ਚੜ੍ਹਦਾ,
ਪਾਣੀ ਜਾਅ ਪਤਾਲ ਨੂੰ ਲੱਗਾ, ਖੌਰੇ ਕਿਸ ਆਫ਼ਤ ਤੋਂ ਡਰਦਾ,
ਚਾਂਦੀ ਰੰਗਾ ਪਾਣੀ ਨਹੀਂ ਅੱਜ, ਆੜ ‘ਚ ਕਲ-ਕਲ ਕਰਦਾ,
ਖਾਦਾਂ ਦੀ ਬੁਹਤਾਤ ਨੇ ਅੱਜ-ਕੱਲ, ਰੋਗਾਂ ਤਾਂਈਂ ਵਧਾਇਆ।
ਮਸ਼ੀਨੀ ਯੁੱਗ ਦੇ ਚਮਤਕਾਰ ਨੇ, ਸਿਰ ਮੇਰਾ ਚਕਰਾਉਣੇ ਲਾਇਆ।।

ਭੱਤਾ ਸਿਰ ਤੇ ਚੁੱਕ ਕੇ ਨੱਢੀ, ਅੱਜ ਨਾ ਖੇਤਾਂ ਵੱਲੀਂ ਜਾਵੇ,
ਦਹੀਂ-ਲੱਸੀ, ਮੱਖਣਾਂ ਦੇ ਪੇੜੇ, ਕੌਫੀਆਂ ਵਿੱਚ ਗਵਾ ਲਏ,
ਸਾਗ-ਸਰੋਂ ਦੀ ਕੌਲੀ ਦੇ ਵਿੱਚ, ਘਿਉ ਨਾ ਨਜ਼ਰੀਂ ਆਵੇ,
ਬਰਗਰ-ਪੀਜ਼ੇ ਬਣੇ ਖੁਰਾਕਾਂ, ਸਾਦਾ ਖਾਣਾ ਮੂਲ ਨਾ ਭਾਵੇ,
ਹੱਡ ਭੰਨਵੀਂ ਮਿਹਨਤ ਨਾ ਕਰਦੇ, ਫੋਕੀ-ਸ਼ਾਨ ਨੂੰ ਹੈ ਅਪਣਾਇਆ।
ਮਸ਼ੀਨੀ ਯੁੱਗ ਦੇ ਚਮਤਕਾਰ ਨੇ, ਸਿਰ ਮੇਰਾ ਚਕਰਾਉਣੇ ਲਾਇਆ।।

ਪਿੱਪਲ਼ਾਂ-ਬੋਹੜਾਂ ਵੇਚ ਖਾਧੀਆਂ, ਰੋਕੜਾ ਵੱਟ ਕੇ ਖੀਸੇ ਪਾਇਆ,
ਰੁੱਖ ਵੱਢ ਠੰਢੀ ਛਾਂ ਗੁਆਈ, ਵਾਤਾਵਰਨ ਗਿਆ ਗੰਧਲ਼ਾਇਆ,
ਸਕੂਟਰਾਂ ਦੇ ਅਸਵਾਰ ਵਧੇਰੇ, ਪੈਦਲ ਕੋਈ ਨਜ਼ਰ ਨਾ ਆਇਆ,
ਝੂਠਾ ਕਰਦਾ ਚੌਧਰ ਇੱਥੇ, ਸੱਚ ਨੇ ਆਪਣਾ ਮੁੱਖ ਛੁਪਾਇਆ ,
ਵਿਹਲੜ ਲਾਣਾ ਮੇਰੇ ਪਿੰਡ ਦਾ, ਨਸ਼ਿਆਂ ਨੇ ਹੈ ਮਾਰ ਮੁਕਾਇਆ।
ਮਸ਼ੀਨੀ ਯੁੱਗ ਦੇ ਚਮਤਕਾਰ ਨੇ, ਸਿਰ ਮੇਰਾ ਚਕਰਾਉਣੇ ਲਾਇਆ।।

ਧੀ ਭੈਣ ਦੇ ਸਿਰ ਦੀ ਚੁੰਨੀ, ਉੱਡ ਕੇ ਅੰਬਰੀਂ ਚੱੜ੍ਹ ਚੁੱਕੀ ਹੈ,
ਸੋਹਣੇ ਵਾਲ਼ਾਂ ਦੀ ਗੁੱਤ ਲੰਬੀ, ਕੈਂਚੀ ਦੀ ਬਲੀ ਚੱੜ੍ਹ ਚੁੱਕੀ ਹੈ
ਅੱਖਾਂ ਵਿੱਚੋ ਸ਼ਰਮ ਗੁਆਚੀ, ਘਟੀਆ ਦੌਰ ‘ਚ ਹੜ੍ਹ ਚੁੱਕੀ ਹੈ,
ਫ਼ੈਸ਼ਨ ਵਾਲੀ ਆਈ ਹਨੇਰੀ, ਵਿਰਸੇ ਦੇ ਨਾਲ ਲੱੜ ਚੁੱਕੀ ਹੈ,
ਕੂੜ ਪਸਾਰਾ ਫੈਲ ਗਿਆ ਹੈ, ਕੁਫਰ ਦਾ ਸਾਰੇ ਬੱਦਲ਼ ਛਾਇਆ।
ਮਸ਼ੀਨੀ ਯੁੱਗ ਦੇ ਚਮਤਕਾਰ ਨੇ, ਸਿਰ ਮੇਰਾ ਚਕਰਾਉਣੇ ਲਾਇਆ।।

ਹੱਲ਼-ਮੁੰਨੇ, ਪੰਜਾਲ਼ੀ, ਅਰਲ਼ੀ, ਘੱੜਦਾ ਨਹੀਂ ਲੱਕੜ ਤਰਖਾਣ,
“ਆਵੇ”ਅੰਦਰ ਉੱਲੂ ਬੋਲਣ, ਘੁਮਿਆਰ ਦਾ ਹੈ ਡਾਢਾ ਨੁਕਸਾਨ,
ਕਲਾ ਪੁਜਾਰੀ ਟਾਂਵਾਂ-ਟਾਂਵਾਂ, ਪੂਜਣ ਮੱੜ੍ਹੀਆਂ ਅਤੇ ਮਸਾਣ,
ਨਛੱਤਰ ਭੋਗਲ ਲੁਹਾਰ ਦੇ ਹੱਥੀਂ, ਨਾ ਸੰਨੀ ਨਾ ਦਿਸੇ ਵਦਾਣ,
ਬਣੀ ਬਣਾਈ ਹਰ ਸ਼ੈ ਮਿਲਦੀ, ਚੰਦਰਾ ਯੁੱਗ ਮਸ਼ੀਨੀ ਆਇਆ।
ਮਸ਼ੀਨੀ ਯੁੱਗ ਦੇ ਚਮਤਕਾਰ ਨੇ, ਸਿਰ ਮੇਰਾ ਚਕਰਾਉਣੇ ਲਾਇਆ।।
***

2. ਪਰਵਾਸੀ ਦੁੱਖਾਂਤ

ਤੁਰ ਗਏ ਮਾਪੇ, ਮਨ ਭਰ ਆਇਆ
ਖਾਲੀ ਵਿਹੜਾ ਖਾਣ ਨੂੰ ਆਇਆ ,
ਤੱਕ ਬਾਪੂ ਦੀ ਸੱਖਣੀ ਕੁਰਸੀ
ਮੇਰਾ ਕਾਲਜਾ ਮੂੰਹ ਨੂੰ ਆਇਆ।

ਬੰਦ ਪਏ ਨੇ ਅੱਜ ਦਰਵਾਜ਼ੇ
ਜਿੱਥੇ ਵੱਜਦੇ ਸੀ ਕਦੇ ਬਾਜੇ,
ਅੱਜ ਬੂਹੇ ਤੇ ਜਿੰਦਰਾ ਲੱਟਕੇ
ਤਾਹੀਂਉਂ ਨਾ ਕਿਸੇ ਦਰ ਖੱੜਕਾਇਆ।

ਕੋਈ ਸਵਾਰ ਨਾ ‘ਮੈਤੇ ਚੱੜ੍ਹਿਆ
ਨਾ ਕਿਸੇ ਮੈਨੂੰ ਅੱਡੀ ਮਾਰੀ,
ਮਿਰਜ਼ੇ ਦੀ ਬੱਕੀ ਦੇ ਵਾਂਗਰ
ਸਕੂਟਰੀ ਰੋ-ਰੋ ਹਾਲ ਸੁਣਾਇਆ।

ਕੈਂਸਰ ਖਾਧਾ ਮਾਂ ਦਾ ਪਿੰਜਰ
ਮੇਰੇ ਨਾ ਤਾਹਨੋਂ-ਮੇਹਣੀ ਹੋਇਆ,
ਕਿੱਥੇ ਸੀ ਮੇਰੇ ਲਾਡਲਿਆ ਤੂੰ
ਕਿਉਂ ਨਾ ਆਕੇ ਦਰਦ ਵੰਡਾਇਆ।

ਬੰਨ ਰੁਮਾਲੀ ਗੁੱਟੀ ਉੱਤੇ
ਸਕੂਲੇ ਤੋਰਦੀ ਸੀ ਮੇਰੀ ਮਾਤਾ,
ਏਕ-ਉਂਕਾਰ ਦਾ ਸਬਕ ਪੜ੍ਹਾਕੇ
ਗੁਟਕਾ ਮੇਰੇ ਹੱਥ ਫੜਾਇਆ।

ਹਰ ਸ਼ੈਅ ਉੱਤੇ ਜਾਲ਼ੇ ਲੱਗੇ
ਧੂੜ-ਘੱਟੇ ਨੇ ਕਬਜ਼ਾ ਕੀਤਾ,
ਘਰ ਸਾਡਾ, ਨਾ ਲੱਗੇ ਸਾਡਾ!!
ਮਾਂ ਨੇ ਸੀਗਾ ਜੋ ਲਿਸ਼ਕਾਇਆ।

ਤਾਸ਼ ਦੇ ਪੱਤਿਆਂ ਵਾਂਗਰ ਖਿੰਡੀ
ਬਾਪੂ ਦੇ ਯਾਰਾਂ ਦੀ ਢਾਣੀ,
ਨਾ ਬਿੱਕਰ ਨਾ ਰੂਪੀ, ਤੇਜਾ
ਦਿਸਦਾ ਨਹੀਂ ਬਖ਼ਸ਼ੀਸ਼ਾ ਤਾਇਆ।

ਨਾ ਬਾਪੂ ਦੀਆਂ ਝਿੱੜਕਾਂ ਲੱਭਣ
ਨਾ ਖੰਘੂਰਾ, ਦੱਬਕਾ, ਘੂਰੀ,
ਉਹਦੀ ਚੁੱਪ ਚੋਂ ਬੋਲਦਾ ਸੁੱਣਿਆ
ਘਰ ਦੀ ਇਜ਼ਤ ਦਾ ਸਰਮਾਇਆ।

ਮਾਂ ਨੇ ਕੱਢੀਆਂ ਪਿਆਰ ‘ਚ ਗਾਲ਼ਾਂ
ਅੱਜ ਬਣੀਆਂ ਨੇ ਘਿਉ ਦੀਆਂ ਨਾਲ਼ਾਂ,
ਦੁਨੀਆ ਦੇ ਸੁੱਖਾਂ ਵਿੱਚ ਬਦਲੀਆਂ
ਮਾਂ ਜੋ ਦਿੱਤੀਆਂ ਸੱਖਤ ਸਜ਼ਾਵਾਂ।

ਬਾਰੀਆਂ-ਬੂਹੇ ਸਿਉਂਕ ਨੇ ਖਾਧੇ
ਤਿੜਕੀਆਂ ਕੰਧਾਂ, ਥੰਮ੍ਹ-ਸ਼ਤੀਰਾਂ,
ਰੰਗ-ਰੋਗ਼ਨ ਦੀ ਹਾਲਤ ਖਸਤਾ
ਆਪਣਾ ਘਰ ਹੀ ਲੱਗੇ ਪਰਾਇਆ।

ਸਾਰੇ ਪਿੰਡ ਦੀ ਖ਼ਾਕ ਫਰੋਲ਼ੀ
ਨਹੀਂ ਲੱਭੇ ਜੋ ਲਾਲ ਗੁਆਚੇ,
ਰੋਣੇ-ਧੋਣੇ, ਪਿੱਟ- ਸਿਆਪੇ
ਆਹ ਕੁੱਝ ਮੇਰੇ ਹਿੱਸੇ ਆਇਆ।

ਪਿਆਰ ਦੀ ਤੱਕੜੀ ਤੁੱਲਣ ਦੇ ਲਈ
ਰੱਬ ਵੀ ਮਾਪਿਆਂ ਤੁੱਲ ਨਹੀਂ ਹੈ,
ਮਾਂ ਦੀ ਮਮਤਾ ਰੱਬ ਤੋਂ ਉੱਚੀ
ਜਾਂ ਜੋ ਬਾਪੂ ਲਾਡ ਲਡਾਇਆ।

ਵੱਸਦਾ ਰਹੇ ਉਹ ਨਗਰ-ਖੇੜਾ
ਜਿੱਥੇ ਮਾਪਿਆਂ ਦੀ ਰੂਹ ਵਸਦੀ,
ਨਛੱਤਰ ਭੋਗਲ, “ਭਾਖੜੀਆਣਾ”
ਮੈਂ ਜਿਸ ਧਰਤੀ ਦਾ ਹਾਂ ਜਾਇਆ।
***
254
***

Nachhatar Singh Bhopal

ਨਛੱਤਰ ਸਿੰਘ ਭੋਗਲ, ਭਾਖੜੀਆਣਾ

View all posts by ਨਛੱਤਰ ਸਿੰਘ ਭੋਗਲ, ਭਾਖੜੀਆਣਾ →