19 June 2024

ਦੋ ਕਵਿਤਾਵਾਂ: ਨਸੀਹਤ/ਕਰਜ਼ਾ—ਨਛੱਤਰ ਸਿੰਘ ਭੋਗਲ “ਭਾਖੜੀਆਣਾ” (ਯੂ.ਕੇ.)

Nachhatar Singh Bhopal
1. ਨਸੀਹਤ

ਕਿਸੇ ਦਾ ਉੱਚਾ ਵੇਖ ਚੁਬਾਰਾ
ਆਪਣੀ ਕੁੱਲੀ ਢਾਹ ਨਾ ਬੈਠੀਂ,
ਸੁੱਖ ਅਰਾਮ ਦੇ ਲੈ ਕੇ ਸੁਪਨੇ
ਗੂੜ੍ਹੀ ਨੀਂਦ ਗੁਆ ਨਾ ਬੈਠੀਂ।

ਮਾਂ ਪਿਉ ਭੈਣ ਭਰਾ ਦੇ ਨਾਤੇ
ਹੋਰ ਪੁਗਾ ਨਹੀਂ ਸਕਦਾ ਤੀਜਾ,
ਸ਼ਰੀਕਾਂ ਦੀ ਚੁੱਕਤ ਵਿੱਚ ਆਕੇ
ਸਵੱਰਗ ਨੂੰ ਨਰਕ ਬਣਾ ਨਾ ਬੈਠੀਂ।

ਫ਼ਲਸਫ਼ਾ ਬਾਬੇ ਨਾਨਕ ਦਾ ਇਹ
ਦੁੱਖ-ਸੁੱਖ ਜੀਵਨ ਦੇ ਦੋ ਪਹਿਲੂ,
ਜ਼ਿੰਦਗੀ ਵਿੱਚ ਆਊ ਤੰਗੀ ਤੁਰਸ਼ੀ
ਵੇਖੀਂ ਢੇਰੀ ਢਾਹ ਨਾ ਬੈਠੀਂ।

ਆਪਣੀ ਬੋਲੀ ਤੇ ਪਹਿਰਾਵਾ
ਸਾਦਾ ਭੋਜਨ, ਸੁੱਚੀਆਂ ਸੋਚਾਂ,
ਉੱਚਾ-ਸੁੱਚਾ ਵਿਰਸਾ ਆਪਣਾ
ਵੇਖੀਂ ਕਿਤੇ ਭੁਲਾ ਨਾ ਬੈਠੀਂ।

ਚਾਦਰ ਵੇਖ ਕੇ ਪੈਰ ਪਸਾਰੋ
ਸੱਚ ਸਿਆਣਿਆਂ ਦਾ ਹੈ ਆਖਾ,
ਰਈਸਜ਼ਾਦੇ ਦੀ ਰੀਸ ‘ਚ ਆਕੇ
ਝੁੱਗਾ ਚੌੜ ਕਰਾ ਨਾ ਬੈਠੀਂ।

ਹੱਡ ਭੰਨਵੀਂ ਮਿਹਨਤ ਨੂੰ ਰੱਬ
ਮਿੱਠੇ ਮੇਵੇ ਲਾ ਦਿੰਦਾ ਹੈ,
ਵਿਹਲਾ ਰਹਿ ਕੇ ਵਿਗੜ ਨਾ ਜਾਵੀਂ
ਸੁਸਤੀ-ਆਲਸ ਪਾ ਨਾ ਬੈਠੀਂ।

ਐਟਮ ਬੰਬ, ਜ਼ਹਿਰੀਲੀਆਂ ਗੈਸਾਂ
ਧਰਤ-ਮਾਤਾ ਦੇ ਦੁਸ਼ਮਣ ਸਾਰੇ,
ਪ੍ਰਮਾਣੂੰ ਹਥਿਆਰ ਬਣਾ ਕੇ
ਅਮਨ ਨੂੰ ਲਾਂਬੂ ਲਾ ਨਾ ਬੈਠੀਂ।

ਗ਼ੁਰਬਤ ਸਾਰੇ ਜਗ ਨੂੰ ਮੇਹਣਾ
ਕੋਹੜ ਕਲੰਕ ਸਮਾਜ ਨੂੰ ਲੱਗਾ,
ਗਰੀਬ ਦੀ ਹਾਅ ਫ਼ਨਾਹ ਕਰ ਦਿੰਦੀ
ਗਰੀਬ ਨੂੰ ਕਿਤੇ ਸਤਾ ਨਾ ਬੈਠੀਂ।

ਅੰਬਰ ਦੇ ਚੰਨ, ਤਾਰੇ, ਸੂਰਜ
ਕੁਦਰਤ ਦੇ ਨਿਯਮਾਂ ਵਿੱਚ ਬੱਝੇ,
ਰੱਬ ਦੀ ਸ਼ਕਤੀ ਸੱਭ ਤੋਂ ਉੱਚੀ
ਇਹ ਸ਼ਕਤੀ ਠੁਕਰਾ ਨਾ ਬੈਠੀਂ।

ਵਿਸ਼ਵਾਸ ਦੇ ਪਾਤਰ ਬਣਕੇ ਲੁੱਟਣ
ਡੰਗ ਮਾਰਦੇ ਅੱਜ ਕੱਲ ਲੋਕੀਂ,
ਇਹ ਨਾ ਮਾਫ਼ ਕਿਸੇ ਨੂੰ ਕਰਦੇ
ਸੱਪ ਦੀ ਖੁੱਡ ਹੱਥ ਪਾ ਨਾ ਬੈਠੀਂ।

ਮੂਰਖ ਮਿੱਤਰ ਨਾਲ਼ੋਂ ਸੁੱਣਿਆ
ਦਾਨਾਂ ਦੁਸ਼ਮਣ ਚੰਗਾ ਹੁੰਦਾ,
ਹਵਾ ‘ਚ ਕਿਲੇ ਉਸਾਰੇ ਜਿਹੜਾ
ਘਟੀਆ ਯਾਰ ਬਣਾ ਨਾ ਬੈਠੀਂ।

ਨਛੱਤਰ ਭੋਗਲ ਤੱਕ ਤੇਰੀਆਂ ਚੱੜਤਾਂ
ਗ਼ੈਰ ਦੀ ਹਿੱਕ ਤੇ ਸੱਪ ਮੇਲਦਾ,
ਹਰ ਇਕ ਲੱਲੂ-ਪੰਜੂ ਤਾਂਈਂ
ਦਿਲ ਦੇ ਭੇਤ ਵਿਖਾ ਨਾ ਬੈਠੀਂ।
**

2. ਕਰਜ਼ਾ

ਖਤਰਿਆਂ ਨਾਲ ਖੇਡਣਾ ਹੁੰਦਾ
ਮਰਿਆ ਸੱਪ ਗਲ਼ ਪਾਕੇ,
ਕਰਜ਼ੇ ਦੀ ਪੰਡ ਸਿਰ ਤੇ ਚੁੱਕੀ
ਪਰਨੋਟ ਤੇ ਗੂਠਾ ਲਾਕੇ।

ਲੋੜੋਂ ਵਾਧੂ ਖਰਚ ਵਧਾਏ
ਮੁੱਛਾਂ, ਦਾੜ੍ਹੀ ਨਾਲ਼ੋਂ ਲੰਮੀਆਂ,
ਕਰਜ਼ਾ ਦੂਣਾ-ਤੀਣਾ ਹੋਇਆ
ਸੂਦ ਤੇ ਸੂਦ ਲਗਾਕੇ।

ਵਿਆਹ-ਸ਼ਾਦੀ ਦੇ ਖਰਚ ਵਧਾਏ
ਚੁੱਕ ਅੱਡੀਆਂ ਫਾਹਾ ਲੈਂਦੇ,
ਬਾਜੇ-ਗਾਜੇ, ਗਾਉਣ ਵਾਲ਼ੀਆਂ
ਕੋਲੋਂ ਘਰ ਲੁਟਵਾਕੇ।

ਜਾਇਦਾਤਾਂ ਬੈਅ-ਗਹਿਣੇ ਧਰਕੇ
ਨੰਗ-ਮਲੰਗ ਹੋ ਬਹਿੰਦੇ,
ਨੱਕ ਹਮੇਸ਼ਾ ਉੱਚਾ ਰੱਖਿਆ
ਝੁੱਗਾ ਚੌੜ ਕਰਾਕੇ।

ਚਿੰਤਾ, ਚਿਤਾ ਬਰਾਬਰ ਹੁੰਦੀ
ਨੈਣੀਂ ਪਵੇ ਨਾ ਨੀਂਦਰ,
ਸੂਦ-ਖੋਰ ਦੀ ਨੀਅਤ ਖੋਟੀ
ਕੁਰਕੀ ਰਹੂ ਕਰਾਕੇ।

ਸ਼ਾਹੂਕਾਰ ਡਰਾਉਂਦਾ ਵਾਹਲਾ
ਖ਼ਾਬਾਂ ਦੇ ਵਿੱਚ ਆਉਂਦਾ,
ਮੰਦਾ ਬੋਲੇ, ਦਬਕੇ ਮਾਰੇ
ਗੁੰਡੇ ਨਾਲ ਲਿਆਕੇ।

ਕਰਜ਼ੇ ਉੱਤੇ ਲਿਆ ਟਰੈਕਟਰ
ਫ਼ਰਦਾਂ ਬੈਂਕ ‘ਚ ਗਹਿਣੇ,
ਅਣਸੱਦੇ ਮਹਿਮਾਨ ਵਾਂਗਰਾਂ
ਕਿਸ਼ਤਾਂ ਰਹਿਦੀਆਂ ਆਕੇ।

ਕਮਾਈ ਥੋੜ੍ਹੀ, ਖਰਚੇ ਵਾਧੂ
ਅੜ੍ਹੰਭਦਾ ਖੀਸਾ ਖਾਲ਼ੀ,
ਪਾਂਧਾ ਹੌਲ਼ਾ, ਪੱਤਰੀ ਭਾਰੀ
ਰਹੂ ਕੋਈ ਚੰਦ ਚੜ੍ਹਾਕੇ।

ਅੰਨਦਾਤੇ ਨੇ ਖਰਚ ਵਧਾਏ,
ਕਰਜ਼ੇ ਥੱਲੇ ਦੱਬਿਆ,
ਜੀਵਨ ਦੀ ਹੈ ਖੇਡ ਮੁਕਾਉਂਦਾ
ਗਲ਼ ਵਿੱਚ ਰੱਸਾ ਪਾਕੇ।

ਲੋਕਾਂ ਵੱਲੀਂ ਵੇਖੋ-ਵੇਖੀ
ਮਹਿਲ ਜਿਹੀ ਕੋਠੀ ਛੱਤੀ,
ਕਿਸ਼ਤਾਂ ਉੱਤੇ ਕਾਰ ਖਰੀਦੀ
ਖਾਨਿਉ ਅਕਲ ਗੁਆਕੇ।

ਚਾਦਰ ਵੇਖਕੇ ਪੈਰ ਪਸਾਰੋ
ਸਰਫਾ ਕਰ ਦਿਨ ਕੱਟੋ,
ਤੰਗਲ਼ੀ ਨਾਲ ਨਾ ਧੰਨ ਉਡਾਓ
ਅੱਖੀਂ ਖੋਪੇ ਲਾਕੇ।

ਅਨੰਦ ਕਾਰਜ ਕਰੋ ਗੁਰੂਦੁਆਰੇ
ਸਾਦਾ ਛਕ ਲਉ ਲੰਗਰ,
ਘਰੋ-ਘਰੀ ਜਾ ਕਰੋ ਪਾਰਟੀ
ਗਿੱਧੇ ਭੰਗੜੇ ਪਾਕੇ।

ਹਕੂਮਤ ਨੂੰ ਨਾ ਦਿਓ ਉਲਾਂਭੇ
ਔਕਾਤ ‘ਚ ਰਹਿਣਾ ਸਿੱਖੋ,
ਭੋਗਲ, ਸੂਲਾਂ ਉੱਤੇ ਤੁਰਨਾ
ਕਰਜ਼ੇ ਥੱਲੇ ਆਕੇ।
***
192
***

 

About the author

Nachhatar Singh Bhopal
ਨਛੱਤਰ ਸਿੰਘ ਭੋਗਲ, ਭਾਖੜੀਆਣਾ

ਨਛੱਤਰ ਸਿੰਘ ਭੋਗਲ, ਭਾਖੜੀਆਣਾ

View all posts by ਨਛੱਤਰ ਸਿੰਘ ਭੋਗਲ, ਭਾਖੜੀਆਣਾ →