ਨਾਵਲ : ਪੂਰਬ ਦੀਆਂ ਧੀਆਂ ‘ਪੂਰਬ ਦੀਆਂ ਧੀਆਂ’ ਨਾਵਲ ਅਹਿਮਦ ਅਬੂ ਬਕਸ ਦਾ ਲਿਖਿਆ ਹੋਇਆ ਹੈ, ਸੁਖਬੀਰ ਨੇ ਇਸਦਾ ਰਸ਼ੀਅਨ ਤੋਂ ਅਨੁਵਾਦ ਕਰਕੇ ਨਵਯੁਗ ਪਬਲਿਸ਼ਰਜ਼ ਰਾਹੀਂ ਸਾਡੇ ਤੱਕ ਪੁੱਜਦਾ ਕੀਤਾ। ਲਗਦਾ ਹੈ ਇਹ ਨਾਵਲ ਪਹਿਲਾਂ ਦਾਰਗਿਨ ਭਾਸ਼ਾ ਵਿੱਚ ਲਿਖਿਆ ਗਿਆ ਹੋਵੇਗਾ, ਫਿਰ ਰੂਸੀ ਵਿੱਚ ਤੇ 2012 ਵਿਚੱ ਪੰਜਾਬੀ ਵਿਚ ਇਸਦਾ ਅਨੁਵਾਦ ਛਪਿਆ। ਹੱਥਲੇ ਲੇਖ ਨੂੰ ਪੜ੍ਹ ਕੇ ਜਿਹਨਾਂ ਦੋਸਤਾਂ ਨੇ ਇਹ ਨਾਵਲ ਪਹਿਲਾਂ ਪੜ੍ਹਿਆ ਹੋਵੇਗਾ ਉਹਨਾਂ ਦੀਆਂ ਯਾਦਾਂ ਵੀ ਤਾਜ਼ਾ ਹੋ ਸਕਦੀਆਂ ਹਨ। 191 ਸਫਿਆਂ ਦੇ ਇਸ ਨਾਵਲ ਨੂੰ ਪੜ੍ਹ ਕੇ ਬਹੁਤ ਹੀ ਅਨੰਦ ਆਇਆ। ਕਹਾਣੀ ਰਸ ਐਨਾ ਹੈ ਕਿ ਇਸ ਨੂੰ ਪੜ੍ਹ ਕੇ ਹੀ ਸਾਹ ਲਿਆ। ਐਨਾ ਵਧੀਆ ਅਨੁਵਾਦ ਕਰਨ ਲਈ ਸੁਖਬੀਰ ਜੀ ਦਾ ਖਾਸ ਧੰਨਵਾਦ ਕਰਨਾ ਬਣਦਾ ਹੈ। ਉਹਨਾਂ ਨੇ ਨਾਵਲ ਦੀ ਕਥਾ ਨੂੰ ਪੰਜਾਬੀ ਸਭਿਆਚਾਰ ਦੇ ਬਹੁਤ ਨੇੜੇ ਕਰਕੇ ਲਿਖਿਆ ਹੈ ਇੰਝ ਲਗਦਾ ਹੈ ਜਿਵੇਂ ਅਜ਼ਾਦੀ ਤੋਂ ਪਹਿਲਾਂ ਦੇ ਪੰਜਾਬੀ ਪਿੰਡਾਂ ਦੀ ਤਸਵੀਰ ਹੋਵੇ। ਇਸ ਨਾਵਲ ਦੇ ਪਲਾਟ ਦਾ ਘਟਨਾ ਕਰਮ ਜਾਂ ਸਥਾਨਿਕ ਦਾਗਿਸਤਾਨ ਦੇ ਇਕ ਪਿੰਡ ਉਰਗਨ ਦੇ ਪਹਾੜੀ ਇਲਾਕੇ ਵਿਚ ਘੱਟਦਾ ਹੈ ਜੋ ਕਿ ਮਸੂਰੀ ਉਤਰਾਖੰਡ ਵਰਗਾ ਲਗਦਾ ਹੈ। ਕੈਨੇਡਾ ਵਿੱਚ ਬਰਫਬਾਰੀ ਦੇ ਤੂਫਾਨ ਅਕਸਰ ਹੰਢਾਉਣ ਦਾ ਮੌਕਾ ਹਰ ਸਾਲ ਮਿਲਦਾ ਹੈ। ਮੱਕੀ ਵੀ ਇਥੇ ਬਹੁਤ ਹੁੰਦੀ ਹੈ। ਇਸ ਲਈ ‘ਪੂਰਬ ਦੀਆਂ ਧੀਆਂ’ ਨਾਵਲ ਦਾ ਸਥਾਨਿਕ ਅਤੇ ਕਥਾ ਵਸਤੂ ਬਹੁਤ ਜਾਣਿਆਂ ਪਛਾਣਿਆ ਜਾਪਿਆ ਅਤੇ ਇਸ ਨਾਲ ਮੋਹ ਹੋ ਗਿਆ। ਪਹਿਲੇ 8 ਸਫਿਆਂ ਵਿੱਚ ਲੇਖਕ ਬਾਰੇ ਜਾਣਕਾਰੀ ਮਿਲਦੀ ਹੈ ਜਿਸ ਵਿਚ ਲੇਖਕ ਦਾ ਨਾਂ “ਅਖਮਦ ਅਬੂ-ਬਕਰ” ਦੱਸਿਆ ਗਿਆ ਹੈ। ਇਸਦੇ ਮੁੱਖ-ਬੰਦ ਵਿੱਚ ਉਸਦੇ ਕਲਾ ਕੌਸ਼ਲਤਾ, ਸਾਹਿਤ ਤੇ ਪਰਿਵਾਰਕ ਜੀਵਨ ਦੀ ਝਲਕ ਮਿਲਦੀ ਹੈ। ਖਾਸ ਕਰਕੇ ਪਿੰਡੋਂ ਦੂਰ ਸ਼ਹਿਰ ਵਿੱਚ ਪੜ੍ਹਦਿਆਂ, ਇਕ ਕੁੜੀ ਕੋਲੋਂ ਆਪਣੀ ਮਾਂ ਬੋਲੀ ਦਾਰਗਨ ਵਿਚ ਡਾਂਟ ਸੁਣ ਕੇ ਉਸਨੂੰ ਆਪਣੀ ਪਤਨੀ ਫਾਤਮਾ ਮਿਲਦੀ ਹੈ। ਹਾਂ ਸੱਚ ਮੈਂ ਇਥੇ ਹੀ ਦੱਸ ਦਿਆਂ ਕਿ ਭੁਲੇਖਾ ਨਾ ਖਾ ਲਿਓ ਇਸ ਨਾਵਲ ਦੀ ਇਕ ਪਾਤਰ ਦਾ ਨਾਂ ਵੀ ਫਾਤਮਾ ਹੈ। ਇਹ ਨਾਵਲ ਪੰਜ ਕੁੜੀਆਂ ਦੀ ਕਹਾਣੀ ਹੈ ਜਿਹਨਾਂ ਦੇ ਨਾਂ ਹਨ ਫਾਤਮਾ, ਜ਼ੈਨਬ, ਨਸੀਬਾ, ਕਿਮ-ਤਮਾਨ ਤੇ ਸਕੀਨਤ ਜੋ ਕਿ ਇਸ ਨਿੱਕੇ ਜਿਹੇ ਪਿੰਡ ਵਿੱਚ ਇਕੋ ਰਾਤ ਨੂੰ ਜਨਮ ਲੈਂਦੀਆਂ ਹਨ। ਦਸ਼ਤਮੀਰ ਚਾਚਾ ਜਿਸ ਨੂੰ ‘ਜੌਂਇਆਂ ਦੀ ਬੋਰੀ’ ਵੀ ਕਿਹਾ ਜਾਂਦਾ ਸੀ, ਹੈ ਤਾਂ ਸੜੀਅਲ ਪਰ ਜੇ ਗੱਲਾਂ ਸ਼ੁਰੂ ਕਰ ਲਏ ਫਿਰ ਖਤਮ ਨਹੀਂ ਕਰਦਾ ਸੀ। ਪਿੰਡ ਦੇ ਨਵੇਂ ਬਣੇ ‘ਆਰਕੀਟੈਕਟ ਜ਼ੋਰ” ਨੂੰ ਇਹ ਕਹਾਣੀ ਸੁਣਾੳਦਾ ਹੈ: ਉਹ ਦਸਦਾ ਹੈ ਕਿ ਕਿਵੇਂ ਇਕ ਕੁੜੀ ਦੇ ਪਿਉ ਨੇ “ਉਸ ਦਿਨ” ਨੂੰ ਗਾਲਾਂ ਕੱਢੀਆਂ ਜਿਸ ਦਿਨ ਸਿਰਫ ਕੁੜੀਆਂ ਹੀ ਜੰਮੀਆਂ ਤੇ ਇਕ ਵੀ ਮੁੰਡਾ ਨਹੀਂ ਜੰਮਿਆਂ ….ਉਸ ਦਿਨ ਨੂੰ ਬਦਕਿਸਮਤੀ ਵਾਲਾ ਦੱਸਦਾ। ਲੇਖਕ ਇਹਨਾਂ ਪੰਜਾਂ ਕੁੜੀਆਂ ਦੀ ਜੀਵਨ ਝਲਕ ਨੂੰ ਚਿਤਰਦਿਆਂ ਬਹੁਤ ਹੀ ਮਾਰਮਿਕ ਗੱਲਾਂ ਕਰਦਾ ਹੋਇਆ, ਇਥੇ ਦੇ ਰਸਮੋਂ ਰਿਵਾਜ਼, ਪਹਿਰਾਵਾ, ਖਾਣ ਪਾਣ, ਬੋਲ ਵਿਹਾਰ, ਚਾਲ ਢਾਲ, ਕਾਰ ਵਿਹਾਰ, ਰੀਝਾਂ ਝੋਰਿਆਂ ਸੰਭਾਵਨਾਵਾਂ ਅਤੇ ਬੇਬਸੀਆਂ ਦਾ ਜ਼ਿਕਰ ਕਰਦਾ ਹੈ। ਇਨਕਲਾਬ ਦੇ ਬਾਅਦ ਹੌਲੀ ਬਦਲ ਰਹੇ ਸੋਵੀਅਤ ਯੂਨੀਅਨ ਦੀ ਪੇਂਡੂ ਤਸਵੀਰ ਪੇਸ਼ ਕੀਤੀ ਹੈ ਜੋ ਕਿ ਪਾਠਕ ਦੇ ਮਨ ਤੇ ਆਪਣਾ ਪ੍ਰਭਾਵ ਛੱਡਦਿਆਂ ਬਹੁਤ ਸਾਰੀਆਂ ਉਹਨਾਂ ਮਿੱਥਾਂ ਤੇ ਭ੍ਰਾਂਤੀਆਂ ਨੂੰ ਤੋੜਦਾ ਹੈ ਜੋ ਸਾਡੇ ਜ਼ਿਹਨ ਵਿੱਚ ਸੁਣਨ ਕਰਕੇ ਬਣੀਆਂ ਹੋਈਆਂ ਸਨ। ਨਾਵਲਕਾਰ ਔਰਤ ਮਰਦ ਦਾ ਆਪਸੀ ਰਿਸ਼ਤਾ, ਬੁੱਢੀਆਂ ਸੱਸਾਂ ਦੀ ਧੌਂਸ, ਇਸਤਰੀ ਦੀ ਬੇਬਸੀ, ਔਰਤ ਦੀ ਵੇਦਨਾ, ਮਜਬੂਰੀ ਅਤੇ ਅੰਦਰੂਨੀ ਦਰਦ ਨੂੰ ਚਿਤਰਦਾ ਹੋਇਆ, ਇਨਕਲਾਬ ਤੋਂ ਬਾਅਦ ਬਦਲ ਰਹੇ ਰੂਸੀ ਤੇ ਖਾਸ ਕਰਕੇ ਉਰਖਨ ਦੇ ਸਮਾਜ ਬਾਰੇ ਲਿਖਦਾ ਹੈ ਜੋ ਹੁਣ ਔਰਤਾਂ ਦੀ ਪੜ੍ਹਾਈ, ਗਾਣਾ ਗਾਉਣ, ਨਾਟਕਾਂ ਵਿੱਚ ਹਿੱਸਾ ਲੈਣ ਆਦਿ ਕਲਾਵਾਂ ਪ੍ਰਤੀ ਸਹਿਜ ਹੋ ਰਿਹਾ ਹੈ। ਲੇਖਕ ਨੇ ਮਰਦਾਂ ਦੇ ਕਿੱਤੇ ਜਿਵੇਂ ਫੌਜ ਵਿੱਚ ਭਰਤੀ ਹੋਣਾ, ਖੇਤੀ ਕਰਨਾ, ਆਜੜੀ ਬਣਨਾ ਆਦਿ ਬਾਰੇ ਵੀ ਦੱਸਿਆ ਹੈ। ਫਾਤਮਾ, ਜ਼ੈਨਬ, ਨਸੀਬਾ, ਕਿਸ-ਤਮਾਨ ਤੇ ਸਕੀਨਤ ਪੰਜਾਂ ਨੇ ਸਕੂਲ ਵਿੱਚ ਪੜ੍ਹਦਿਆਂ ਕਸਮ ਖਾਧੀ ਕਿ ਉਹ ਲਗਾਤਾਰ ਪੜ੍ਹਨਗੀਆਂ ਅਤੇ ਵਿਆਹ ਕਰਨ ਵੱਲ ਧਿਆਨ ਨਹੀਂ ਦੇਣਗੀਆਂ ਪਰ ਸਕੂਲ ਪੂਰਾ ਕਰਨ ਤੋਂ ਪਹਿਲਾਂ ਹੀ ਬਾਕੀ ਚਾਰਾਂ ਦੇ ਵਿਆਹ ਹੋ ਜਾਂਦੇ ਹਨ ਤੇ ਇੱਕਲੀ ਕਿਸ-ਤਮਾਨ ਹੀ ਯੂਨੀਵਰਸਟੀ ਤੱਕ ਪੜ੍ਹਨ ਜਾਂਦੀ ਹੈ ਅਤੇ ਕਸਮ ਪੂਰੀ ਕਰਦੀ ਹੈ। ਸਫਾ 86: ਅੱਜ ਜ਼ੁਲਫਕਾਰ ਨੇ ਘਰ ਵਿੱਚ ਪਾਰਟੀ ਰੱਖੀ ਸੀ ਉਸਦੇ ਘਰ ਮੂਹਰੇ ਪੱਥਰ ਲਾਇਆ ਜਾਣਾ ਸੀ। ਉਹ ਸੱਭ ਮੰਨੇ ਪ੍ਰੰਮਨੇ ਲੋਕਾਂ ਨੂੰ ਹੀ ਨਹੀਂ ਸਗੋਂ ਆਪਣੇ ਵਿਰੋਧੀਆਂ ਨੂੰ ਵੀ ਬੁਲਾ ਕੇ ਜੁਆਬ ਦੇ ਰਿਹਾ ਸੀ ਕਿ “ਅੱਖਾਂ ਖੋਲ ਕੇ ਵੇਖੋ, ਗੱਲਾਂ ਬਣਾਉਣ ਵਾਲਿਉ, ਇਹ ਮੇਰੀ “ਸ਼ਾਲ” (ਬੇਟੀ) ਤੁਹਾਡੇ ਇਕ ਦਰਜਨ ਪਾਪਾਖਿਆ (ਮੁੰਡਿਆਂ) ਤੇ ਭਾਰੂ ਏ।“ ਇਹ ਲਫਜ਼ ਉਸਨੇ ਕਹੇ ਨਹੀਂ ਸਨ ਮਹਿਸੂਸ ਕੀਤੇ ਸਨ। “ਮੇਰੀ ਘੁੱਗੀ ਆਪਣਾ ਆਲ੍ਹਣਾ ਛੱਡ ਕੇ ਜਾ ਰਹੀ ਏ, ਮੁਸਤਫਾ। ਉਹ ਯੂਨੀ-ਵਰ-ਸਿਟੀ ਜਾ ਰਹੀ ਏ,’ ਜ਼ੁਲਫਕਾਰ ਨੇ ਮਾਣ ਨਾਲ ਸ਼ਬਦਾਂ ਨੂੰ ਲਮਕਾ ਕੇ ਕਿਹਾ। ਪਹਿਲੀ ਵਾਰ ਪਿੰਡ ਦੇ ਲੋਕ ਇਕ ਲੜਕੀ ਨੂੰ ਨੇੜਲੇ ਰੇਲਵੇ ਸਟੇਸ਼ਨ ਤੇ ਛੱਡਣ ਜਾਂਦੇ ਹਨ। ਉਰਗਨ ਵਿੱਚ ਫਾਤਮਾ ਪਹਿਲੀ ਔਰਤ ਹੈ ਜੋ ਇਲਾਕੇ ਵਿੱਚ ਇਕ ਆਜੜੀ ਬਣਦੀ ਹੈ। ਉਹ ਬੜੀ ਸੋਹਲ ਸੀ ਪਰ ਇਕ ਘਟਨਾ ਨੇ ਉਸਦਾ ਜੀਵਨ ਬਦਲ ਦਿੱਤਾ। ਆਜੜੀ ਦਾ ਇਹ ਰੁਤਬਾ ਉਹ ਆਪਣੀ ਬਹਾਦਰੀ, ਹਿੰਮਤ ਤੇ ਹੌਂਸਲੇ ਦੇ ਬਲਬੂਤੇ ਤੇ ਹਾਸਿਲ ਕਰਦੀ ਹੈ। ਜਦੋਂ ਇਕ ਬਰਫੀਲੇ ਤੂਫਾਨ ਵਿਚ ਉਸਦਾ ਪਤੀ ਜ਼ਮਵ ਆਪਣੇ ਸਾਥੀ ਸੁਰਖਈ ਅਤੇ ਇੱਜੜ ਨੂੰ ਛੱਡ ਕੇ ਘਰ ਆ ਜਾਂਦਾ ਹੈ। ਫਾਤਮਾ ਨੂੰ ਆਪਣੇ ਪਤੀ ਜ਼ਮਵ ਦੀ ਇਸ ਡਰਪੋਕਾਨਾ ਹਰਕਤ ਤੇ ਗੁੱਸਾ ਆਉਂਦਾ ਤੇ ਆਪਣੇ ਪਤੀ ਦੇ ਥੱਪੜ ਮਾਰ ਕੇ ਉਸ ਭਿਆਨਕ ਬਰਫੀਲੇ ਤੂਫਾਨੀ ਰਾਤ ਵਿੱਚ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨ੍ਹਾਂ, ਆਜੜੀ ਸੁਰਖਈ ਤੇ ਇੱਜੜ ਨੂੰ ਲੱਭਣ ਚਲੀ ਜਾਂਦੀ ਹੈ। ਲੋਕ ਤੇ ਹੋਰ ਆਜੜੀ ਉਸਦੇ ਇਸ ਦਲੇਰਾਨਾ ਕਾਰਜ ਤੋਂ ਬੇਹੱਦ ਪ੍ਰਭਾਵਿਤ ਹੁੰਦੇ ਹਨ। ਇਥੇ ਦੱਸਣਾ ਜਰੂਰੀ ਹੈ ਕਿ ਇਕ ਆਜੜੀ ਦਾ ਕੰਮ ਆਮ ਨਹੀਂ ਹੁੰਦਾ ਬਲਕਿ ਬਹੁਤ ਦੀ ਖਤਰਿਆਂ ਭਰਪੂਰ ਹੁੰਦਾ ਹੈ। ਮੀਂਹ ਹਨੇਰੀ ਬਰਫਾਨੀ ਤੁਫਾਨਾਂ ਦੇ ਨਾਲ ਜੰਗਲੀ ਜਾਨਵਰਾਂ ਤੇ ਖਾਸ ਕਰਕੇ ਬਘਿਆੜਾਂ ਨਾਲ ਵੀ ਲੜ੍ਹਨਾ ਪੈਂਦਾ ਜੋ ਅਕਸਾਰ ਭੇਡਾਂ ਦਾ ਸ਼ਿਕਾਰ ਕਰਨ ਲਈ ਹਮਲੇ ਕਰਦੇ ਹਨ। ਬਹੁਤ ਸਾਰੇ ਆਜੜੀ ਮਾਰੇ ਜਾਂਦੇ ਹਨ। ਜ਼ੈਨਬ ਦੇ ਪਤੀ ਸੁਰਖਈ ਦੀ ਮੌਤ ਉਸ ਰਾਤ ਬਘਿਆੜਾਂ ਨਾਲ ਇਕਲਿਆਂ ਲੜਦਿਆਂ ਹੋ ਜਾਂਦੀ ਹੈ ਤਾਂ ਉਸਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਂਦਾ ਹੈ। ਪਿੰਡ ਵਿੱਚ ਉਸਦੇ ਨਾਂ ਦਾ ਪੱਥਰ ਸ਼ਹੀਦਾਂ ਦੀ ਕਤਾਰ ਵਿੱਚ ਲਾਇਆ ਜਾਂਦਾ ਹੈ। ਇਸ ਘਟਨਾ ਦੀ ਤੁਲਨਾ ਸਾਡੇ ਮੁਲਕ ਵਿੱਚ ਮੋਰਚੇ ਤੇ ਬੈਠੇ 700 ਤੋਂ ਵੱਧ ਕਿਸਾਨਾਂ ਦੀ ਮੌਤ ਨਾਲ ਕੀਤੀ ਜਾ ਸਕਦੀ ਹੈ ਪਰ ਉਹਨਾਂ ਨੂੰ ਸ਼ਹੀਦ ਆਖਣ ਤੇ ਮੁਲਕ ਦੇ ਕਈ ਲੋਕਾਂ ਨੂੰ ਕਿਉਂ ਇਤਰਾਜ਼ ਹੈ? ਅਕਤੂਬਰ 3, 2021 ਨੂੰ ਲਖੀਮ ਖੇੜੀ ਉਤਰਪ੍ਰਦੇਸ਼ ਵਿੱਚ ਮਾਸੂਮ ਕਿਸਾਨਾਂ ਅਤੇ ਇਕ ਪੱਤਰਕਾਰ ਨੂੰ ਗੱਡੀ ਥੱਲੇ ਕੁਚਲ ਕੇ ਮਾਰ ਦਿੱਤਾ ਜਾਂਦਾ ਹੈ ਤਾਂ ਸਰਕਾਰ ਉਹਨਾਂ ਦੀ ਪੁੱਛ ਪੜ੍ਹਤਾਲ ਕਰਨ ਅਤੇ ਦੋਸ਼ੀਆਂ ਨੂੰ ਪਕੜਨ ਵਿੱਚ ਢਿੱਲ ਮੱਠ ਕਿਉਂ ਵਿਖਾਉਂਦੀ ਹੈ? ਲੇਖਕ ਨੇ ਬਦਲ ਰਹੇ ਰਾਜਨੀਤਕ, ਆਰਥਿਕ, ਸਮਾਜਿਕ ਸਰੋਕਾਰਾਂ, ਕਿਸਾਨੀ ਤੇ ਬਾਗਬਾਨੀ ਨਾਲ ਜੁੜੇ ਲੋਕਾਂ ਦੀ ਖੂਬਸੂਰਤ ਬਾਤ ਵੀ ਪਾਈ ਹੈ। ਰੂਸੀ ਇਨਕਲਾਬ ਤੋਂ ਬਾਅਦ ਸਾਂਝੀ ਖੇਤੀ ਦਾ ਕੰਮ ਵੀ ਨਵਾਂ ਨਵਾਂ ਸ਼ੁਰੂ ਹੋਇਆ ਹੈ। ਇਸ ਪਿੰਡ ਦਾ ਇਕ ਜਵਾਨ ਉਮਲਾਤ ਇਕ ਟਾਂਡੇ ਨੂੰ ਚਾਰ ਚਾਰ ਛੱਲੀਆਂ ਉਗਾਉਣ ਦਾ ਮਾਹਿਰ ਬਣਦਾ ਹੈ ਤੇ ਸਟੇਟ ਕੋਲੋਂ ਉਸਨੂੰ ਇਨਾਮ ਮਿਲਦਾ ਹੈ। ਉਹ ਚੰਗਾ ਵੀ ਬਹੁਤ ਹੈ ਖਿਡਾਰੀ ਵੀ ਤਕੜਾ ਤੇ ਕਾਰੋਬਾਰੀ ਵੀ। ਉਮਲਾਤ ਇਕ ਗਲਤੀ ਕਰਦਾ ਹੈ ਕਿ ਆਪਣੇ ਪਿੰਡ ਤੋਂ ਬਾਹਰ ਦੀ ਰੂਸੀ ਕੁੜੀ ਨੂੰ ਪਿਆਰ ਕਰਦਾ ਹੈ ਜੋ ਕਿ ਉਸਦੇ ਪਿੰਡ ਵਿੱਚ ਕੁਝ ਚਿਰ ਰਹੀ ਸੀ। ਉਸਦੇ ਮਾਪੇ ਤੇ ਉਰਗਨ ਵਾਸੀ ਉਸਦਾ ਕਬੀਲੇ ਤੋਂ ਬਾਹਰ ਦੀ ਕੁੜੀ ਨਾਲ ਪਿਆਰ ਕਰਨਾ ਤੇ ਵਿਆਹ ਕਰਨ ਦਾ ਸੋਚਣਾ ਕਬੂਲ ਨਹੀਂ ਕਰਦੇ। ਉਮਲਤਾ ਦਾ ਵਿਆਹ ਨਸੀਬਾ ਨਾਲ ਰਚਾ ਦਿੰਦੇ ਹਨ ਜਿਸ ਤੋਂ ਉਹ ਖੁਸ਼ ਨਹੀਂ ਹੁੰਦਾ। ਜਦੋਂ ਉਸ ਨੂੰ ਡਾਕੀਏ ਕੋਲੋਂ ਇਹ ਪਤਾ ਲਗਦਾ ਕਿ ਰੂਸੀ ਡਾਕਟਰ ਮਾਰਗਰੀਤਾ ਸ਼ਹਿਰ ਵਿਚ ਉਸਨੂੰ ਉਡੀਕ ਰਹੀ ਹੈ ਤਾਂ ਉਹ ਆਪਣੇ ਵਿਆਹ ਵਾਲੇ ਦਿਨ ਪਿੰਡ ਛੱਡ ਕੇ ਭੱਜ ਜਾਂਦਾ ਹੈ। ਰੂਸੀ ਡਾਕਟਰ ਮਰਗਰੀਤਾ ਨਾਲ ਵਿਆਹ ਕਰਕੇ ਸ਼ਹਿਰ ਵਿੱਚ ਰਹਿਣ ਲ਼ਗਦਾ ਹੈ। ਖਾਸ ਤੌਰ ਤੇ ਨਸੀਬਾ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ। ਉਸਦੀ ਸੱਸ ਜ਼ਾਜ਼ਾ, ਨਸੀਬਾ ਨੂੰ ਬਹੁਤ ਤੰਗ ਕਰਦੀ ਹੈ।ਫਿਰ ੳੁਹ ਬਗਾਵਤ ਕਰਦੀ ਹੈ ਤੇ ਆਪਣੀ ਸੱਸ ਜ਼ਾਜ਼ਾ ਤੇ ਸਹੁਰੇ ਹਸਨ ਦਾ ਘਰ ਛੱਡ ਦਿੰਦੀ ਹੈ। ਕ੍ਰਾਂਤੀ ਪੜ੍ਹਨ ਸੁਣਨ ਨੂੰ ਜਾਂ ਸਟੇਜਾਂ ਤੇ ਲੈਕਚਰ ਦੇਣ ਵਿੱਚ ਜਿੰਨੀ ਚੰਗੀ ਲਗਦੀ ਹੈ, ਓਨੀ ਸੌਖੀ ਪਰਾਪਤ ਨਹੀਂ ਹੁੰਦੀ। ਸਫਾ 180- ਨਸੀਬਾਂ ਦਾ ਆਖਰੀ ਫੈਸਲਾ ਇਸ ਤਰਾਂ ਆਇਆ ਜਿਸ ਦੀ ਪ੍ਰੋੜਤਾ ਉਸ ਦਾ ਪਿਤਾ ਖਬੀਬ ਉਸਦਾ ਸਾਥ ਦਿੰਦਾ ਹੈ। – ਨਸੀਬਾ: ਐਥੇ ਨਸੀਬਾ ਵਾਰਿਸ ਦੀ ਹੀਰ ਵਰਗੀ ਲਗਦੀ ਹੈ: ਨਸੀਬਾ ਆਪਣੀ ਗਠੜੀ ਤੇ ਕਿਤਾਬਾਂ ਚੁੱਕ ਕੇ ਚਲੀ ਜਾਂਦੀ ਹੈ। ਉਸਦਾ ਪਿਤਾ ਖਬੀਬ ਵੀ ਨਾਲ ਚਲਾ ਜਾਂਦਾ ਹੈ। ਪੁਰਾਣੇ ਖਿਆਲਾਂ ਵਾਲੀ ਸ਼ਾਮਾਈ ਚੀਕਦੀ ਰਹਿੰਦੀ ਹੈ। ਇਹ ਇਕ ਪ੍ਰਗਤੀਸ਼ੀਲ ਬਗਾਵਤ ਹੈ। ਨਸੀਬਾ ਪੜਾਈ ਕਰਦੀ, ਕੰਮ ਕਰਦੀ ਤੇ ਗਾਉਣ ਦੇ ਸ਼ੌਕ ਨੂੰ ਵੀ ਕੰਮ ਵਿਚ ਬਦਲਦੀ ਹੈ। ਨਸੀਬਾ ਜਿਸ ਬਾਰੇ ਮਸ਼ਹੂਰ ਸੀ ਕਿ ਉਹ ਬੁੱਲਬੁੱਲ ਵਾਗ ਗਾਉਂਦੀ ਹੈ। ਅੰਤ ਉਸਦਾ ਐਕਟਰ ਦੋਸਤ ਖਿਜ਼ਰੀ, ਨਸੀਬਾ ਨਾਲ ਵਿਆਹ ਕਰ ਲੈਂਦਾ ਹੈ। ਪਿੰਡ ਦੇ ਡਾਕੀਏ ਰਾਸ਼ੀਦ ਦੀ ਇਹ ਆਦਤ ਜੋ ਕਦੀ ਕਦੀ ਲੋਕਾਂ ਦੀਆਂ ਚਿੱਠੀਆਂ ਵੀ ਪੜ੍ਹ ਲੈਂਦਾ ਸੀ ਬਹੁਤ ਗਲਤ ਲੱਗੀ। ਉਸਨੇ ਰੂਸੀ ਕੁੜੀ ਮਾਰਗਰੀਤਾ ਦੀਆਂ ਚਿੱਠੀਆਂ ਨਾ ਸਿਰਫ ਛੁਪਾ ਕੇ ਰੱਖੀਆਂ ਬਲਕਿ ਸਾੜ ਵੀ ਦਿੱਤੀਆਂ। ਉਸਦੀ ਇਸ ਹਰਕਤ ਕਰਕੇ ਤਿੰਨ ਲੋਕਾਂ ਦਾ ਜੀਵਨ ਦਾਅ ਤੇ ਲੱਗ ਜਾਂਦਾ ਹੈ। ਮੈਨੂੰ ਇਸ ਗੱਲ ਤੇ ਹੈਰਾਨੀ ਵੀ ਹੋਈ ਤੇ ਹਾਸਾ ਵੀ ਆਇਆ ਕਿ ਕੁੱਝ ਇਕ ਡਾਕੀਏ ਭਾਈਆਂ ਦੀ ਇਹ ਆਦਤ ਵੀ ਸਾਲਾਂ ਪੁਰਾਣੀ ਹੈ ਤੇ ਸੱਭ ਮੁਲਕਾਂ ਵਿੱਚ ਪਾਈ ਜਾਂਦੀ ਹੈ। ਸਫਾ 105: ਤੇ ਵਾਰਤਾਲਾਪ ਸੁਣੋ: “ਲਾਹਨਤ ਏ ਤੇਰੇ ਤੇ! ਤੂੰ ਮੇਰੀ ਰੀਤਾ ਦੇ ਖਤਾਂ ਨਾਲ ਰਾਖ ਪੰਘਰਾਉਂਦਾ ਰਿਹੈਂ!” ਉਮਲਾਤ ਗੁੱਸੇ ਵਿੱਚ ਸੀ, ਜੇ ਉਹ ਖਤ ਉਸਨੂੰ ਮਿਲ ਗਏ ਹੁੰਦੇ ਤਾਂ ਅੱਜ ਇਹ ਵਿਆਹ ਨਾ ਹੁੰਦਾ। “ਤੈਨੂੰ ਜੇਲ੍ਹ ਵਿੱਚ ਸੁੱਟਣਾ ਚਾਹੀਦਾ ਹੈ….ਤੈਨੂੰ ਤਾਂ ਗੋਲੀ ਮਾਰ ਦੇਣੀ ਚਾਹੀਦੀ ਹੈ” ਉਮਲਾਤ ….ਵੇਖ ਤੂੰ ਮੇਰੇ ਨਾਲ ਵਾਅਦਾ ਕੀਤਾ ਸੀ … ਵੇਖ ਤੂੰ ਮੇਰੀ ਨਵੀਂ ਕਮੀਜ਼ ਪਾੜ ਰਿਹਾ …ਜੋ ਖਾਸ ਤੇਰੇ ਵਿਆਹ ਲਈ ਪਾਈ ਏ…ਚੇਤੇ ਕਰ। ਆਪਣਾ ਵਾਅਦਾ ਚੇਤੇ ਕਰ … ਉਮਲਾਤ ਮਰਗਰੀਤਾ ਦਾ ਉਹ ਆਖਰੀ ਖ਼ਤ ਪੜ੍ਹ ਕੇ ਆਪਣੇ ਵਿਆਹ ਵਾਲੀ ਰਾਤ ਨੂੰ ਹੀ ਭੱਜ ਜਾਂਦਾ ਹੈ ਅਤੇ ਨਸੀਬਾ ਦੀ ਜ਼ਿੰਦਗੀ ਦੁੱਖਾਂ ਨਾਲ ਭਰ ਜਾਂਦੀ ਹੈ। ਕਿਸ-ਤਮਾਨ ਬਹੁਤ ਤਕੜੀ, ਬਹਾਦਰ, ਪੜ੍ਹਾਈ ਵਿੱਚ ਹੁਸ਼ਿਆਰ ਤੇ ਦ੍ਰਿੜ ਇਰਾਦੇ ਵਾਲੀ ਹੈ। ਉਸਦੇ ਪਿਤਾ ਜ਼ੁਲਪਕਾਰ ਨੂੰ ਉਸਤੇ ਬੜਾ ਮਾਣ ਹੈ। ਕਿਸ-ਤਮਾਨ ਦੀ ਪੜ੍ਹਾਈ ਕਰਕੇ ਉਸਦਾ ਮਾਣ ਇਲਾਕੇ ਵਿੱਚ ਵਧਿਆ ਹੈ । ਭਾਵੇਂ ਕਈ ਪੁਰਾਣੀਆਂ ਬੁੱਢੀਆਂ ਉਸ ਨਾਲ ਖੁਸ਼ ਨਹੀਂ ਪਰ ਨਵੀਂ ਪੀੜੀ ਵਧੇਰੇ ਮਰਦ ਉਸ ਤੇ ਰਸ਼ਕ ਕਰਦੇ ਹਨ। ਕਾਸਮ ਨਾਲ ਉਸਦਾ ਰਿਸ਼ਤਾ ਬਣਦਾ ਨਜ਼ਰ ਆਉਂਦਾ ਹੈ। ਤਸਕੀਨ ਮਸੁਤਫਾ ਦੀ ਕੁੜੀ ਪੰਜਾਂ ਭਰਾਵਾਂ ਦੀ ਇਕੱਲੀ ਭੈਣ ਸੀ। ਉਹ ਬੜੀ ਬੇਬਾਕ ਬਹਾਦਰ ਨਿੱਡਰ ਤੇ ਕੰਮ ਕਾਜ ਵਿੱਚ ਮਰਦਾਂ ਦਾ ਮੁਕਾਬਲਾ ਕਰਨ ਵਾਲੀ ਦੱਸੀ ਗਈ ਹੈ। ਉਹ ਸ਼ਰਤ ਲਾਕੇ ਰਾਤ ਨੂੰ ਕਬਰਾਂ ਵਿੱਚ ਜਾਕੇ ਮੀਟ ਭੁੰਨਕੇ ਖਾ ਜਾਣ ਦਾ ਚੈਲੰਜ਼ ਜਿੱਤ ਸਕਦੀ ਹੈ। ਆਪਣੀ ਜ਼ਿਦ ਕਰਕੇ ਬਚਪਨ ਦੇ ਦੋਸਤ ਸੁਲੇਮਾਨ ਫੌਜੀ ਨਾਲ ਵਿਆਹ ਕਰਦੀ ਹੈ। ਭਾਵੇਂ ਸੁਲੇਮਾਨ ਉਸਦੇ ਬਾਪ ਮੁਸਤਫਾ ਦੀ ਸ਼ਰਤ ਮੰਨੀ ਸੀ ਕਿ ਉਹ ਭਗੌੜੇ ਉਮਲਾਤ ਨਾਲੋਂ ਵੱਡਾ ਕਿਸਾਨ ਬਣ ਕੇ ਵਿਖਾਵੇਗਾ। ਉਸਮਾਨ ਉਰਗਾਨ ਪਿੰਡ ਵਿੱਚ ਇਕੋ ਇਕ ਬਾਲਸ਼ਵਿਕ ਸੀ ਜਿਸਦੀ ਬੜੀ ਇਜ਼ਤ ਸੀ। ਲੋਕ ਉਸਨੂੰ ਉਸਮਾਨ ਚਾਚਾ ਕਹਿ ਕੇ ਬੁਲਾਉਂਦੇ ਸਨ। ਉਸਨੇ ਜਵਾਨੀ ਵੇਲੇ ਇਲਾਕੇ ਦੇ ਸੱਭ ਤੋਂ ਵੱਡੇ ਡਾਕੂ ਨੂੰ ਉਸੇ ਪਿਸਤੌਲ ਨਾਲ ਪਿੰਡ ਦੀ ਸੱਥ ਵਿੱਚ ਸੱਭ ਦੇ ਸਾਹਮਣੇ ਮਾਰਿਆ ਸੀ ਤੇ ਉਸ ਦੇ ਸਾਰੇ ਡਾਕੂ ਸਾਥੀ ਭੱਜ ਗਏ ਸਨ ਮੁੜ ਕਦੇ ਨਾ ਆਏ। ਰਵਾਨੀ ਕਿਸੇ ਨਾਵਲ ਦੀਆਂ ਸਾਰੀਆਂ ਕੜੀਆਂ ਨੂੰ ਇਕ ਦੂਜੇ ਨਾਲ ਸਫਲਤਾ ਨਾਲ ਜੋੜ ਕੇ ਪੈਦਾ ਹੁੰਦੀ ਹੈ। ਨਾਵਲ ਸ਼ੈਲੀ ਦਾ ਇਕ ਵੱਡਾ ਗੁਣ ਪੀਡੀ ਗੋਂਦ ਹੈ। ਇਸ ਨਾਲ ਪਾਠਕ ਸਿੱਧਾ ਰਚਨਾ ਦੇ ਨਾਲ ਹੋ ਤੁਰਦਾ ਹੈ ਕਹਾਣੀ ਰਸ ਬਣਿਆ ਰਹਿੰਦਾ ਹੈ ਕਿਤੇ ਵੀ ਕੋਈ ਵਿਵਰਣ ਅਕਾਉ ਤੇ ਵਾਧੂ ਨਹੀਂ ਲਗਦਾ। ਬੋਲੀ ਬਹੁਤ ਸਰਲ ਤੇ ਸਪਸ਼ਟ ਹੈ। ਵਾਰਤਾਲਾਪ ਬੜੇ ਰੌਚਕ ਤੇ ਅਸਰਦਾਇਕ ਹਨ। ਨਾਵਲਕਾਰ ਨੇ ਵਾਰਤਾਲਾਪ ਸ਼ੈਲੀ ਸਫਲ ਪ੍ਰਯੋਗ ਕਰਕੇ ਇਕ ਕਹਾਣੀ ਨੂੰ ਦੂਜੀ ਨਾਲ ਜੋੜ ਕੇ ਅੱਗੇ ਵਧਾਇਆ। ਰਸਮੋ ਰਿਵਾਜ਼ ਪੁਰਾਣੇ ਪੰਜਾਬ ਵਰਗੇ ਸਨ। ਲੋਕ ਸੱਥ ਵਿੱਚ ਜਾਂ ਕਲੱਬ ਵਿਚ ਬਹਿ ਕੇ ਵਿਚਾਰਾਂ ਕਰਦੇ ਹਨ। ਔਰਤਾਂ ਪਾਣੀ ਭਰਨ ਜਾਂਦੀਆਂ ਤੇ ਚੁਗਲੀਆਂ ਕਰਦੀਆਂ, ਹਾਸੇ ਮਜ਼ਾਕ ਵੀ ਕਰਦੀਆਂ ਤੇ ਅਕਸਰ ਲੜ ਵੀ ਪੈਂਦੀਆਂ ਸਨ। ਧੀਆਂ ਦੀ ਵਿਦਿਆ ਵੱਲ ਧਿਆਨ ਘੱਟ ਸੀ ਕੁੜੀਆਂ ਦਾ ਛੋਟੀ ਉਮਰੇ ਵਿਆਹ ਕਰ ਦਿੱਤਾ ਜਾਂਦਾ ਸੀ। ਔਰਤਾਂ ਘਰ ਦੇ ਕੰਮ ਕਾਜ ਕਰਦੀਆਂ ਸਨ। ਇਨਕਲਾਬ ਤੋ ਬਾਅਦ ਤਬਦੀਲੀਆਂ ਸ਼ੁਰੂ ਹੁੰਦੀਆਂ ਹਨ ਤੇ ਸਮਾਜ ਬਦਲਦਾ ਹੈ। ਪੁਰਾਣੀਆਂ ਰੀਤਾਂ ਟੁੱਟਦੀਆਂ ਹਨ ਤੇ ਨਵਾਂ ਸਮਾਜ ਕਨੂੰਨੀ ਤੌਰ ਤੇ ਉਸਰਨਾ ਸ਼ੁਰੂ ਹੁੰਦਾ ਹੈ। |
*** 494 *** |