21 April 2024
ਟਿਉਨਿਸੀਆ ਦਾ ਇੱਕ ਦ੍ਰਿਸ਼

ਪ੍ਰੇਰਨਾਦਾਇਕ ਲੇਖ: ਠੋਕਰਾਂ ਤੋਂ ਕਿਵੇਂ ਬਚੀਏ? — ਗੁਰਸ਼ਰਨ ਸਿੰਘ ਕੁਮਾਰ

ਠੋਕਰ ਇਸ ਕਰ ਕੇ ਨਹੀਂ ਲਗਦੀ ਕਿ ਇਨਸਾਨ ਗ਼ਿਰ ਜਾਏ,
ਠੋਕਰ ਇਸ ਕਰ ਕੇ ਲਗਦੀ ਹੈ ਕਿ ਇਨਸਾਨ ਸੰਭਲ ਜਾਏ।

ਕਈ ਵਾਰੀ ਅਸੀਂ ਕੰਮ ਕੋਈ ਕਰ ਰਹੇ ਹੁੰਦੇ ਹਾਂ ਪਰ ਸਾਡਾ ਧਿਆਨ ਕਿਧਰੇ ਹੋਰ ਹੁੰਦਾ ਹੈ। ਸਾਡੇ ਮਨ ਅਤੇ ਆਤਮਾਂ ਨੂੰ ਹੋਰ ਹੀ ਫੁਰਨੇ ਫੁਰਦੇ ਰਹਿੰਦੇ ਹਨ। ਅਸੀਂ ਹੱਥਲੇ ਕੰਮ ਲਈ ਇਕਾਗਰ ਚਿੱਤ ਨਹੀਂ ਰਹਿੰਦੇ। ਮੰਨ ਲਓ ਅਸੀਂ ਪਾਠ ਕਰ ਰਹੇ ਜਾਂ ਸੁਣ ਰਹੇ ਹਾਂ ਪਰ ਸਾਡਾ ਧਿਆਨ ਪਾਠ ਵਿਚ ਨਹੀਂ ਰਹਿੰਦਾ। ਮਨ ਕਿਧਰੇ ਹੋਰ ਉਡਾਰੀਆਂ ਮਾਰਦਾ ਰਹਿੰਦਾ ਹੈ। ਸਾਨੂੰ ਪਤਾ ਹੀ ਨਹੀਂ ਚਲਦਾ ਕਿ ਪਾਠ ਕਿਹੜੇ ਵੇਲੇ ਸ਼ੁਰੂ ਹੋਇਆ ਅਤੇ ਕਿਹੜੇ ਵੇਲੇ ਪੂਰਾ ਹੋ ਗਿਆ। ਇਸ ਤਰ੍ਹਾਂ ਅਸੀਂ ਅੰਦਰੋਂ ਖਾਲੀ ਦੇ ਖਾਲੀ ਹੀ ਰਹਿੰਦੇ ਹਾਂ। ਜੇ ਅਸੀਂ ਪੈਦਲ ਚਲ ਰਹੇ ਹੋਈਏ ਅਤੇ ਸਾਡਾ ਧਿਆਨ ਕਿਸੇ ਹੋਰ ਪਾਸੇ ਹੋਵੇ ਤਾਂ ਸਾਨੂੰ ਇੱਟਾਂ ਰੋੜਿਆਂ ਤੋਂ ਠੋਕ੍ਹਰਾਂ ਲਗਦੀਆਂ ਹਨ। ਕਈ ਵਾਰੀ ਦੂਸਰੇ ਬੰਦੇ ਜਾਂ ਜਾਨਵਰ ਵਿਚ ਵੀ ਜਾ ਵੱਜਦੇ ਹਾਂ। ਇਸ ਤਰ੍ਹਾਂ ਕਈ ਵਾਰੀ ਸਾਨੂੰ ਜ਼ਿਆਦਾ ਗਹਿਰੀ ਸੱਟ ਵੀ ਲੱਗ ਸਕਦੀ ਹੈ ਅਤੇ ਨੌਬਤ ਡਾਕਟਰ ਕੋਲ ਜਾਣ ਦੀ ਵੀ ਆ ਸਕਦੀ ਹੈ। ਇਸੇ ਤਰ੍ਹਾਂ ਜੇ ਅਸੀਂ ਭਰੀ ਸੜਕ ਤੇ  ਗੱਡੀ ਚਲਾ ਰਹੇ ਹੋਈਏ ਤਾਂ ਉਸ ਸਮੇਂ ਜੇ ਸਾਡਾ ਧਿਆਨ ਸਾਮ੍ਹਣੇ ਸੜਕ ਵਲ ਨਾ ਹੋ ਕੇ ਕਿਧਰੇ ਹੋਰ ਪਾਸੇ ਚਲਾ ਜਾਏ ਤਾਂ ਨਤੀਜਾ ਦੁਰਘਟਨਾ ਵਿਚ ਹੀ ਨਿਕਲੇਗਾ। ਇਸ ਨਾਲ ਸਾਨੂੰ ਜਾਂ ਕਿਸੇ ਦੂਸਰੇ ਨੂੰ ਭਿਆਨਕ ਸੱਟ ਵੀ ਲਗ ਸਕਦੀ ਹੈ ਜਾਂ ਕਿਸੇ ਦੀ ਜਾਨ ਵੀ ਜਾ ਸਕਦੀ ਹੈ। ਜੇ ਅਸੀਂ ਘਰ ਵਿਚ ਵੀ ਬੇਧਿਆਨੇ ਚੱਲੀਏ ਤਾਂ ਸਾਨੂੰ ਘਰ ਦੇ ਬੈੱਡਾਂ, ਅਲਮਾਰੀਆਂ, ਕੁਰਸੀਆਂ ਮੇਜ਼ਾਂ ਅਤੇ ਹੋਰ ਸਮਾਨ ਨਾਲ ਠੋਕਰਾਂ ਲਗਦੀਆਂ ਹੀ ਰਹਿੰਦੀਆਂ ਹਨ ਜੋ ਸਾਨੂੰ ਯਾਦ ਕਰਾਉਂਦੀਆਂ ਹਨ ਕਿ ਸਾਨੂੰ ਆਪਣੀਆਂ ਅੱਖਾਂ ਅਤੇ ਦਿਮਾਗ ਤੋਂ ਪੂਰੀ ਤਰ੍ਹਾਂ ਕੰਮ ਲੈਣਾ ਚਾਹੀਦਾ ਹੈ।ਅਜਿਹੀਆਂ ਘਟਨਾਵਾਂ ਸਾਨੂੰ ਸਾਵਧਾਨ ਕਰਦੀਆਂ ਹਨ ਕਿ ਸੜਕ ਤੇ ਧਿਆਨ ਨਾਲ ਚਲੀਏ। ਅਸੀਂ ਬੇਧਿਆਨੀ ਨਾਲ ਕੋਈ ਕੰਮ ਨਾ ਕਰੀਏ। ਅਸੀਂ ਜੋ ਵੀ ਕੰਮ ਕਰੀਏ ਪੂਰੇ ਹੋਸ਼ੋ ਹਵਾਸ਼ ਨਾਲ ਕਰੀਏ। ਸਾਡਾ ਧਿਆਨ ਕਿਸੇ ਹੋਰ ਪਾਸੇ ਨਾ ਹੋਵੇ। ਇਸੇ ਲਈ ਕਹਿੰਦੇ ਹਨ ਕਿ ‘ਸਾਵਧਾਨੀ ਹਟੀ, ਦੁਰਘਨਾ ਘਟੀ’। ਕਈ ਪਾਸੇ ਧਿਆਨ ਹੋਣ ਕਾਰਨ ਸਾਡੇ ਕੰਮ ਦੀ ਕੁਸ਼ਲਤਾ ਵੀ ਘਟਦੀ ਹੈ। ਹਰ ਸਾਲ ਲੱਖਾਂ ਲੋਕ ਸੜਕ ਦੁਰਘਟਨਾਵਾਂ ਵਿਚ ਆਪਣੀਆਂ ਕੀਮਤੀ ਜਾਨਾਂ ਗੁਆ ਬੈਠਦੇ ਹਨ। ਇਹ ਸਾਰਾ ਬੇਧਿਆਨੀ ਦਾ ਹੀ ਨਤੀਜਾ ਹੁੰਦਾ ਹੈ। ਜੇ ਥੋੜ੍ਹੀ ਜਿਹੀ ਸਾਵਧਾਨੀ ਵਰਤੀ ਜਾਏ ਤਾਂ ਕਈ ਕੀਮਤੀ ਜਾਨਾਂ ਬਚ ਸਕਦੀਆਂ ਹਨ।

ਠੋਕਰਾਂ ਸਾਨੂੰ ਸਾਵਧਾਨ ਕਰਦੀਆਂ ਹਨ ਕਿ ਅਸੀਂ ਸੁਚੇਤ ਹੋ ਕੇ ਅੱਗੇ ਵਧੀਏ। ਜਿਸ ਕੰਮ ਨੂੰ ਅਸੀਂ ਕਰ ਰਹੇ ਹਾਂ, ਉਸ ਵਲ ਆਪਣੀ ਪੂਰੀ ਤਵੱਜੋ ਦੇਵੀਏ । ਆਪਣੀ ਮੰਜ਼ਿਲ ਤੇ ਪਹੁੰਚਣ ਲਈ ਆਪਣੀ ਪੂਰੀ ਸ਼ਕਤੀ ਅਤੇ ਸਾਧਨ ਝੋਂਕ ਦੇਈਏ। ਇਸ ਤਰ੍ਹਾਂ ਅਸੀਂ ਰੁਕਾਵਟਾਂ ਤੋਂ ਬਚਦੇ ਹੋਏ ਆਪਣੇ ਨਿਸ਼ਾਨੇ ਤੇ ਜਲਦੀ ਪਹੁੰਚਾਂਗੇ।

ਆਪਣੀ ਲਾਪਰਵਾਹੀ ਕਾਰਨ ਹੀ ਅਸੀਂ ਕਈ ਵਾਰੀ ਬਿਮਾਰ ਪੈ ਜਾਂਦੇ ਹਾਂ। ਜਿਸ ਸਰੀਰ ਨੇ ਸਾਰੀ ਉਮਰ ਸਾਡਾ ਸਾਥ ਦੇਣਾ ਹੁੰਦਾ ਹੈ ਕਈ ਵਾਰੀ ਅਸੀ ਉਸ ਵਲ ਪੂਰਾ ਧਿਆਨ ਨਹੀਂ ਦਿੰਦੇ। ਬਿਮਾਰ ਹੋਣ ਦਾ ਮਤਲਬ ਹੁੰਦਾ ਹੈ ਕਿ ਅਸੀਂ ਆਪਣੇ ਸਰੀਰ ਵਲ ਪੂਰਾ ਧਿਆਨ ਦੇਈਏ ਅਤੇ ਤੰਦਰੁਸਤ ਰਹੀਏ। ਬਿਮਾਰੀ ਤੋਂ ਬਾਅਦ, ਕੁਝ ਦੇਰ ਅਰਾਮ ਕਰਨ ਨਾਲ ਸਾਡੀ ਸਰੀਰਕ ਊਰਜਾ ਰੀਚਾਰਜ ਹੁੰਦੀ ਹੈ ਅਤੇ ਸਾਨੂੰ ਤੰਦਰੁਸਤ ਹੋ ਕੇ ਫਿਰ ਤੋਂ ਪੂਰੇ ਜੋਸ਼ ਨਾਲ ਕੰਮ ਕਰਨ ਯੋਗ ਬਣਾਉਂਦੀ ਹੈ। ਕਈ ਵਾਰੀ ਕੋਈ ਚੀਜ਼ ਖਾਣ ਲੱਗੇ ਅਸੀਂ ਸੁਆਦਾਂ ਵਲ ਜਾਂਦੇ ਹਾਂ ਅਤੇ ਪੇਟ ਤੂਸੜ ਲੈਂਦੇ ਹਾਂ। ਅਸੀਂ ਇਹ ਨਹੀਂ ਦੇਖਦੇ ਕਿ ਸਾਡੀ ਸਿਹਤ ਲਈ ਇਹ ਠੀਕ ਹੈ ਜਾਂ ਨਹੀਂ।ਨੀਂਦ ਨਾ ਆਉਣਾ, ਪੇਟ ਖਰਾਬ ਹੋਣਾ ਜਾਂ ਕੋਈ ਹੋਰ ਸਰੀਰਕ ਵਿਕਾਰ ਪੈਦਾ ਹੋਣਾ ਸਾਨੂੰ ਆਪਣੇ ਖਾਣ ਪੀਣ ਅਤੇ ਕੰਮ ਕਰਨ ਦੇ ਢੰਗ ਤਰੀਕੇ ਪ੍ਰਤੀ ਸਾਵਧਾਨ ਹੋਣ ਲਈ ਪ੍ਰੇਰਿਤ ਕਰਦਾ ਹੈ।

ਠੋਕਰਾਂ ਅਤੇ ਛੋਟੀਆਂ ਛੋਟੀਆਂ ਦੁਰਘਟਨਾਵਾਂ ਤੋਂ ਬਚਨ ਦਾ ਇਕੋ ਇਕ ਤਰੀਕਾ ਹੈ- “ਇਕਾਗਰਤਾ”। ਪੰਜਾਬੀ ਯੂਨੀਵਰਸਟੀ ਸ਼ਬਦ-ਕੋਸ਼ ਵਿਚ ਇਕਾਗਰਤਾ ਦਾ ਅਰਥ ਹੈ- ਮਗਨ ਹੋਣਾ, ਲਿਵ ਲੱਗਣਾ ਅਤੇ ਧਿਆਨ ਵਿਚ ਹੋਣਾ ਆਦਿ। ਇਸ ਹਿਸਾਬ ਸਿਰ ਇਕਾਗਰਤਾ ਦਾ ਮਤਲਬ ਹੈ ਇਕੋ ਪਾਸੇ ਧਿਆਨ ਹੋਣਾ। ਇਕ ਬਿੰਦੂ ਤੇ ਨਿਰੰਤਰ ਧਿਆਨ ਰੱਖ ਕੇ ਆਪਣੇ ਸਰੀਰ ਦੇ ਸਾਰੇ ਗਿਆਨ ਇੰਦਰਿਆਂ ਨੂੰ ਕੰਟਰੋਲ ਵਿਚ ਰੱਖਣ ਨਾਲ ਇਕਾਗਰਤਾ ਆਉਂਦੀ ਹੈ। ਇਕਾਗਰਤਾ ਲਈ ਯੋਗ ਦੇ ਕੁਝ ਆਸਨ ਵੀ ਹਨ।ਇਸ ਲਈ ਲਗਾਤਾਰ ਅਭਿਆਸ ਜ਼ਰੂਰੀ ਹੈ। ਇਕਾਗਰਤਾ ਦਾ ਮਹੱਤਵ ਕੇਵਲ ਸੰਸਾਰਿਕ ਪ੍ਰਾਪਤੀਆਂ ਲਈ ਹੀ ਨਹੀਂ ਹੁੰਦਾ ਸਗੋਂ ਅਧਿਆਤਮਿਕ ਪ੍ਰਾਪਤੀਆਂ ਲਈ ਵੀ ਇਕਾਗਰਤਾ ਜ਼ਰੂਰੀ ਹੈ।ਮਨੁੱਖੀ ਮਨ ਬਹੁਤ ਚੰਚਲ ਹੈ। ਇਹ ਥੋੜ੍ਹੀ ਕੀਤਿਆਂ ਟਿਕ ਕੇ ਨਹੀਂ ਰਹਿੰਦਾ।ਸਾਡੇ ਸਰੀਰਕ ਅੰਗ ਭਾਵ ਨੇਤਰ, ਕੰਨ, ਹੱਥ, ਪੈਰ, ਬਾਹਵਾਂ ਅਤੇ ਜੁਬਾਨ ਆਦਿ ਹਰ ਸਮੇਂ ਭਟਕਦੇ ਹੀ ਰਹਿੰਦੇ ਹਨ।ਇਸ ਤਰ੍ਹਾਂ ਕਿਸੇ ਕੰਮ ਵਿਚ ਸਾਡੀ ਇਕਾਗਰਤਾ ਘਟਦੀ ਹੈ ਅਤੇ ਕਈ ਵਾਰੀ ਸਾਨੂੰ ਨੁਕਸਾਨ ਵੀ ਉਠਉਣਾ ਪੈਂਦਾ ਹੈ। ਜ਼ਿੰਦਗੀ ਵਿਚ ਸਾਨੂੰ ਠੋਕਰਾਂ ਵੀ ਲਗਦੀਆਂ ਹਨ। ਇਨ੍ਹਾਂ ਤੇ ਇਕਾਗਰਤਾ ਨਾਲ ਹੀ ਕਾਬੂ ਪਾਇਆ ਜਾ ਸਕਦਾ ਹੈ। ਜਿਸ ਦਾ ਮਨ ਇਕਾਗਰ ਹੋ ਗਿਆ ਉਸ ਨੂੰ ਸਾਰੀਆਂ ਪ੍ਰਾਪਤੀਆ ਹੋ ਜਾਂਦੀਆਂ ਹਨ। ਇਸੇ ਲਈ ਗੁਰਬਾਣੀ ਵਿਚ ਵੀ ਲਿਖਿਆ ਹੈ-“ਮਨਿ ਜੀਤੈ ਜਗੁ ਜੀਤੁ”।

ਪ੍ਰਸਿਧ ਦਾਰਸ਼ਨਿਕ ‘ਮਾਈਕਲ ਜੋਰਡਨ’ ਲਿਖਦਾ ਹੈ ਕਿ “ਜ਼ਿੰਦਗੀ ਵਿਚ ਰੁਕਾਵਟਾਂ ਤੁਹਾਨੂੰ ਕੰਮ ਤੋਂ ਰੋਕਣ ਲਈ ਨਹੀਂ ਆਉਂਦੀਆਂ। ਉਹ ਤੁਹਾਨੂੰ ਤੁਹਾਡੀ ਸਫ਼ਲਤਾ ਲਈ ਨਵਾਂ ਰਾਹ ਦਿਖਾਉਣ ਲਈ ਆਉਂਦੀਆਂ ਹਨ।” ਬੇਸ਼ੱਕ ਮੁਸੀਬਤਾਂ ਸਾਨੂੰ ਪ੍ਰੇਸ਼ਾਨ ਕਰਦੀਆਂ ਹਨ ਪਰ ਮੁਸੀਬਤਾਂ ਸਾਨੂੰ ਮਜ਼ਬੂਤ ਵੀ ਬਣਾੳੇਣਦੀਆਂ ਹਨ। ਜਦ ਅਸੀਂ ਕਿਸੇ ਮੁਸੀਬਤ, ਕਿਸੇ ਪ੍ਰੇਸ਼ਾਨੀ ਜਾਂ ਔਕੜ ਵਿਚੋਂ ਨਿਕਲਦੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਪਹਿਲੇ ਨਾਲੋਂ ਮਜ਼ਬੂਤ ਪਾਉਂਦੇ ਹਾਂ। ਕਠਿਨ ਇਮਤਿਹਾਨ ਵਿਚੋਂ ਸਫ਼ਲ ਹੋ ਕੇ ਸਾਨੁੰ ਜ਼ਿਆਦਾ ਖ਼ੁਸ਼ੀ ਮਿਲਦੀ ਹੈ। ਸਾਡਾ ਰੁਤਬਾ ਵਧਦਾ ਹੈ। ਸਾਡੇ ਵਿਚ ਹੋਰ ਵੀ ਕਠਿਨ ਪ੍ਰੀਖਿਆ ਨੂੰ ਸਰ ਕਰਨ ਦਾ ਹੌਸਲਾ ਪੈਦਾ ਹੁੰਦਾ ਹੈ। ਸਾਡਾ ਪ੍ਰੀਖਿਆ ਪ੍ਰਤੀ ਡਰ ਅਤੇ ਕਾਇਰਤਾ ਖ਼ਤਮ ਹੁੰਦੀ ਹੈ। ਜ਼ਿੰਦਗੀ ਵਿਚ ਕੋਈ ਵੀ ਮੁਕਾਬਲਾ ਹੋਵੇ ਤਾਂ ਸਾਨੂੰ ਪੂਰੀ ਇਕਾਗਰਤਾ ਦੀ ਲੋੜ ਪੈਂਦੀ ਹੈ। ਮੁਕਾਬਲੇ ਕਾਰਨ ਹੀ ਸਾਡੇ ਬਲ ਅਤੇ ਬੁਧੀ ਦੀ ਧਾਰ ਤਿੱਖੀ ਹੁੰਦੀ ਹੈ। ਬਿਨਾ ਮੁਕਾਬਲੇ ਤੋਂ ਮਿਲੀ ਜਿੱਤ ਦੀ ਬਹੁਤੀ ਖ਼ੁਸ਼ੀ ਨਹੀਂ ਹੁੰਦੀ। ਸਾਡੀਆਂ ਅਸਫ਼ਲਤਾਵਾਂ ਸਾਡੇ ਲਈ ਠੋਕਰਾਂ ਹੀ ਹੁੰਦੀਆਂ ਹਨ ਜੋ ਸਾਨੂੰ ਸੰਭਲਣ ਲਈ ਸੁਚੇਤ ਕਰਦੀਆਂ ਹਨ। ਜਦ ਅਸੀ ਕਿਸੇ ਕੰਮ ਵਿਚ ਅਸਫ਼ਲ ਹੁੰਦੇ ਹਾਂ ਤਾਂ ਸਾਨੂੰ ਨਵੇਂ ਸਿਰੇ ਤੋਂ ਆਤਮ ਮੰਥਨ ਦੀ ਜ਼ਰੂਰਤ ਪੈਂਦੀ ਹੈ ਕਿ ਸਾਡੀ ਅਸਫ਼ਲਤਾ ਦੇ ਕੀ ਕਾਰਨ ਹਨ? ਸਾਡੇ ਕੰਮ ਵਿਚ ਕੀ ਤਰੁਟੀਆਂ ਹਨ? ਕਿਵੇਂ ਅਸੀਂ ਆਪਣੇ ਕੰਮ ਵਿਚ ਸੁਧਾਰ ਕਰ ਕੇ ਅੱਗੇ ਤੋਂ ਸਫ਼ਲ ਹੋ ਸਕਦੇ ਹਾਂ? ਇਸੇ ਲਈ ਕਹਿੰਦੇ ਹਨ ਕਿ ਅਸਫ਼ਲਤਾ ਹੀ ਸਫ਼ਲਤਾ ਦੀ ਪੌੜੀ ਹੈ ਕਿਉਂਕਿ ਸਾਡੀਆਂ ਅਸਫ਼ਲਤਾਵਾਂ ਹੀ ਸਾਡੀ ਜ਼ਿੰਦਗੀ ਦੇ ਅਗਲੇ ਪੰਧ ਨੂੰ ਸਫ਼ਲ ਬਣਾਉਂਦੀਆਂ ਹਨ।

ਠੋਕਰਾਂ ਤੋਂ ਬਚਣ ਲਈ ਸਾਨੂੰ ਹੱਥਲੇ ਕੰਮ ਵਿਚ ਪੂਰੇ ਧਿਆਨ ਦੀ ਲੋੜ ਹੈ ਭਾਵ ਇਕਾਗਰਤਾ ਦੀ ਲੋੜ ਹੈ। ਅਸੀਂ ਜੋ ਵੀ ਕੰਮ ਕਰੀਏ ਸਾਰਾ ਧਿਆਨ ਅਤੇ ਸ਼ਕਤੀ ਉਸ ਵਲ ਹੀ ਲਾਈਏ। ਇਕ ਸਮੇਂ ਇਕੋ ਕੰਮ ਪੂਰੀ ਹੋਸ਼ ਅਤੇ ਪ੍ਰਤੀਬੱਧਤਾ ਨਾਲ ਕਰਨਾ ਚਾਹੀਦਾ ਹੈ। ਜੇ ਅਸੀਂ ਇਕੋ ਸਮੇਂ ਦੋ ਜਾਂ ਦੋ ਤੋਂ ਵੱਧ ਕੰਮ ਕਰਾਂਗੇ ਤਾਂ ਉਹ ਵਿਗੜ ਜਾਣਗੇ। ਅਜਿਹੇ ਕੰਮਾਂ ਵਿਚ ਕਈ ਗਲਤੀਆਂ ਵੀ ਹੋ ਜਾਣਗੀਆਂ। ਮੰਨ ਲਓ ਅਸੀਂ ਦਫ਼ਤਰ ਦਾ ਕੋਈ ਕੰਮ ਕਰ ਰਹੇ ਹਾਂ ਅਤੇ ਨਾਲ ਦੇ ਨਾਲ ਟੈਲੀਵੀਜ਼ਨ ਵੀ ਦੇਖ ਰਹੇ ਹਾਂ ਜਾਂ ਮੋਬਾਇਲ ਤੇ ਕਿਸੇ ਨਾਲ ਗੱਲਾਂ ਵੀ ਕਰ ਰਹੇ ਹਾਂ ਤਾਂ ਸਾਡੇ ਤੋਂ ਦੂਜੇ ਲੋਕ ਗੱਲਾਂ ਗੱਲਾਂ ਵਿਚ ਹੀ ਕਈ ਐਸੇ ਕਾਗਜ਼ਾਂ ਤੇ ਦਸਤਖਤ ਕਰਾ ਸਕਦੇ ਹਨ ਜਿੰਨ੍ਹਾਂ ਦਾ ਅੱਗੇ ਜਾ ਕੇ ਬਹੁਤ ਨੁਕਸਾਨ ਅਤੇ ਪਛਤਾਵਾ ਹੁੰਦਾ ਹੈ ਪਰ ਅਬ ਪਛਤਾਏ ਕਿਆ ਹੋਤ ਜਬ ਚਿੜੀਆਂ ਚੁਗ ਗਈ ਖੇਤ ਭਾਵ ਅਜਿਹੇ ਨੁਕਸਾਨ ਦੀ ਭਰਪਾਈ ਨਹੀਂ ਹੋ ਸਕਦੀ।

ਕਿਸੇ ਕੰਮ ਦੀ ਸਫ਼ਲਤਾ ਲਈ ਦ੍ਰਿੜ ਇਰਾਦੇ, ਬੁਲੰਦ ਹੌਸਲੇ ਅਤੇ ਸਖ਼ਤ ਮਿਹਨਤ ਦਾ ਹੋਣਾ ਜ਼ਰੂਰੀ ਹੈ ਪਰ ਇਸ ਦੇ ਨਾਲ ਨਾਲ ਹੀ ਮਨ ਦੀ ਇਕਾਗਰਤਾ ਦਾ ਹੋਣਾ ਸਭ ਤੋਂ ਜ਼ਰੂਰੀ ਹੈ। ਮਨ ਦੀ ਇਕਾਗਰਤਾ ਦਾ ਭਾਵ ਇਹ ਹੈ ਕਿ ਇਕ ਮਨ ਇਕ ਚਿੱਤ ਹੋ ਕੇ ਕਿਸੇ ਕੰਮ ਨੂੰ ਕਰਨਾ। ਕਈ ਲੋਕ ਬੈਠੇ ਬੈਠੇ ਹੀ ਆਪਣੇ ਹੱਥ ਪੈਰ ਬੇਕਾਰ ਹੀ ਹਿਲਾਉਂਦੇ ਰਹਿੰਦੇ ਹਨ। ਕਈ ਵਾਰੀ ਉਹ ਕਿਸੇ ਦਾ ਪ੍ਰਵਚਨ ਸੁਣਦੇ ਹੋਏ ਵੀ ਐਵੇਂ ਹੀ ਮੂੰਹ ਮਾਰਦੇ ਰਹਿੰਦੇ ਹਨ ਜਿਵੇਂ ਕੁਝ ਚਬਾ ਰਹੇ ਹੋਣ। ਦੇਖਣ ਵਾਲੇ ਨੂੰ ਅਜਿਹਾ ਦ੍ਰਿਸ਼ ਬਹੁਤ ਭੈੜਾ ਲਗਦਾ ਹੈ। ਇਸ ਤੋਂ ਇਹ ਵੀ ਪਤਾ ਚਲਦਾ ਹੈ ਕਿ ਸੁਣਨ ਵਾਲੇ ਦਾ ਧਿਆਨ ਇਕਾਗਰ ਨਹੀਂ। ਅਜਿਹੀ ਹਾਲਤ ਵਿਚ ਉਸ ਨੂੰ ਦਿੱਤੇ ਪ੍ਰਵਚਨ ਦਾ ਕੋਈ ਲਾਭ ਨਹੀਂ। ਸਫ਼ਲਤਾ ਲਈ ਇਕਾਗਰਤਾ ਬਹੁਤ ਜ਼ਰੂਰੀ ਹੈ। ਫਿਰ ਭਾਵੇਂ ਉਹ ਯੁੱਧ ਦਾ ਮੈਦਾਨ ਹੋਵੇ ਜਾਂ ਖੇਡ ਦਾ ਮੈਦਾਨ ਹੋਵੇ ਜਾਂ ਫਿਰ ਵਿਦਿਆ ਦਾ ਇਮਤਿਹਾਨ ਹੋਵੇ ਜਾਂ ਹੋਰ ਕੋਈ ਕੰਮ ਹੋਵੇ, ਸਾਨੂੰ ਦ੍ਰਿੜ ਇਰਾਦੇ ਅਤੇ ਸਖਤ ਮਿਹਨਤ ਦੇ ਨਾਲ ਨਾਲ ਇਕਾਗਰਤਾ ਵੀ ਬਹੁਤ ਜ਼ਰੂਰੀ ਹੈ। ਇਕਾਗਰਤਾ ਕੇਵਲ ਮਨ ਦੀ ਹੀ ਨਹੀਂ ਸਗੋਂ ਪੂਰੇ ਸਰੀਰਕ ਅੰਗਾਂ ਅਤੇ ਗਿਆਨ ਇੰਦਰਿਆਂ ਦੀ ਉਸ ਕੰਮ ਵਿਚ ਇਕਾਗਰਤਾ ਚਾਹੀਦੀ ਹੈ। ਇਹ ਨਹੀਂ ਕਿ ਤੁਸੀਂ ਹੱਥਾਂ ਨਾਲ ਕੋਈ ਕੰਮ ਕਰ ਰਹੇ ਹੋਵੋ ਅਤੇ ਤੁਹਾਡਾ ਧਿਆਨ ਕਿਧਰੇ ਹੋਰ ਹੋਵੇ। ਇਹ ਖਿੰਡੀ ਹੋਈ ਮਾਨਸਿਕਤਾ ਦੀ ਨਿਸ਼ਾਨੀ ਹੈ, ਜਿਵੇਂ ਕੋਈ ਭਟਕਿਆ ਹੋਇਆ ਮਨੁੱਖ ਹੋਵੇ। ਭਟਕਿਆ ਹੋਇਆ ਮਨੁੱਖ ਕਦੀ ਮੰਜ਼ਿਲ ਤੇ ਨਹੀਂ ਪਹੁੰਚਦਾ।। ਅਜਿਹੀ ਹਾਲਤ ਵਿਚ ਤੁਹਾਡੇ ਹੱਥਲੇ ਕੰਮ ਦੀ ਪ੍ਰਵੀਨਤਾ ਤੇ ਵੀ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਹੈ। ਇਹ ਵੀ ਨਹੀਂ ਕਿ ਤੁਸੀਂ ਗੱਲ ਕਿਸੇ ਨਾਲ ਕਰ ਰਹੇ ਹੋਵੋ ਅਤੇ ਤੁਹਾਡੀ ਨਜ਼ਰ ਕਿਧਰੇ ਹੋਰ ਹੋਵੇ ਅਤੇ ਤੁਸੀਂ ਹੱਥਾਂ ਪੈਰਾਂ ਨਾਲ ਕੁਝ ਹੋਰ ਹੀ ਹਰਕਤਾਂ ਕਰ ਰਹੇ ਹੋਵੋ। ਇਸ ਤੋਂ ਪਤਾ ਚਲਦਾ ਹੈ ਕਿ ਤੁਹਾਡਾ ਮਨ ਸਾਹਮਣੇ ਵਾਲੇ ਬੰਦੇ ਵਲ ਨਹੀਂ। ਕਿਸੇ ਕੰਮ ਦੀ ਸਫ਼ਲਤਾ ਲਈ ਸਾਡਾ ਮਨ ਅਤੇ ਸਰੀਰਕ ਅੰਗ ਉਸ ਕੰਮ ਦੇ ਬਿੰਦੂ ਤੇ ਕੇਂਦ੍ਰਿਤ ਹੋਣੇ ਜ਼ਰੂਰੀ ਹਨ ਤਾਂ ਹੀ ਅਸੀਂ ਉਸ ਕੰਮ ਵਿਚ ਪੂਰੀ ਤਰ੍ਹਾਂ ਸਫ਼ਲ ਹੋ ਕੇ ਦੁਨੀਆਂ ਤੇ ਆਪਣੀ ਵਿਲੱਖਣ ਸ਼ਖਸੀਅਤ ਕਾਇਮ ਕਰ ਸਕਦੇ ਹਾਂ।

ਜੋ ਲੋਕ ਛੋਟੀਆਂ ਛੋਟੀਆਂ ਘਟਨਾਵਾਂ ਨੂੰ ਪਹਾੜ ਸਮਝ ਕੇ ਡਰਦੇ ਰਹਿੰਦੇ ਹਨ ਉਹ ਠੋਕਰਾਂ ਖਾਣ ਤੇ ਵੀ ਨਹੀਂ ਸੰਭਲਦੇ, ਉਹ ਜ਼ਿੰਦਗੀ ਵਿਚ ਕਦੀ ਕਾਮਯਾਬ ਨਹੀਂ ਹੋ ਸਕਦੇ। ਇਸ ਲਈ ਉਹ ਲੋਕ ਦੂਸਰੇ ਦੀ ਕਾਮਯਾਬੀ ਨੂੰ ਦੇਖ ਕੇ ਈਰਖਾ ਵੀ ਕਰਦੇ ਹਨ। ਉਹ ਦੂਸਰੇ ਦੇ ਕੰਮਾਂ ਵਿਚ ਰੋੜੇ ਅਟਕਾਉਂਦੇ ਹਨ ਅਤੇ ਉਨ੍ਹਾਂ ਦੀਆਂ ਲੱਤਾਂ ਖਿੱਚਦੇ ਹਨ ਅਤੇ ਹਰ ਸਮੇਂ ਉਨ੍ਹਾਂ ਦੀ ਨਿੰਦਿਆ ਹੀ ਕਰਦੇ ਰਹਿੰਦੇ ਹਨ। ਉਨ੍ਹਾਂ ਪਾਸ ਆਪ ਸਫ਼ਲ ਹੋਣ ਦਾ ਹੌਸਲਾ ਨਹੀਂ ਹੁੰਦਾ ਕਿਉਂਕਿ ਉਹ ਇਸ ਪਾਸੇ ਮਿਹਨਤ ਨਹੀਂ ਕਰਦੇ। ਸਾਨੂੰ ਐਸੇ ਲੋਕਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਬੇਫ਼ਿਕਰ ਹੋ ਕੇ ਆਪਣੀ ਮੰਜ਼ਿਲ ਵਲ ਵਧਣਾ ਚਾਹੀਦਾ ਹੈ।

ਸਾਡੀ ਜ਼ਿੰਦਗੀ ਦੇ ਛੋਟੇ ਛੋਟੇ ਸੁਧਾਰ ਸਾਡੀ ਸ਼ਖਸੀਅਤ ਨੂੰ ਨਿਖ਼ਾਰਦੇ ਹਨ। ਹਰ ਚੀਜ਼ ਦਾ ਆਪਣਾ ਮਹੱਤਵ ਹੁੰਦਾ ਹੈ। ਜ਼ਿੰਦਗੀ ਵਿਚ ਛੋਟੀ ਜਿਹੀ ਘਟਨਾ ਜਾਂ ਛੋਟੇ ਜਿਹੇ ਨੁਕਸਾਨ ਤੋਂ ਕਦੀ ਅਵੇਸਲੇ ਨਹੀਂ ਹੋਣਾ ਚਾਹੀਦਾ। ਸਾਡੀਆਂ ਛੋਟੀਆਂ ਛੋਟੀਆਂ ਸਾਵਧਾਨੀਆਂ ਸਾਨੂੰ ਵੱਡੀਆਂ ਵੱਡੀਆਂ ਦੁਰਘਟਨਾਵਾਂ ਤੋਂ ਬਚਾਉਂਦੀਆਂ ਹਨ। ਇਕ ਛੋਟਾ ਜਿਹਾ ਸੁਰਾਖ ਪੂਰੇ ਜਹਾਜ ਨੂੰ ਡੁਬੋ ਸਕਦਾ ਹੈ।ਇਕ ਮਾਚਸ ਦੀ ਤੀਲੀ ਪੂਰੇ ਸ਼ਹਿਰ ਨੂੰ ਸਾੜ ਕੇ ਸੁਆਹ ਕਰ ਸਕਦੀ ਹੈ। ਇਕ ਛੋਟੀ ਜਿਹੀ ਚਾਬੀ ਦੀ ਅਣਹੋਂਦ ਘਰ ਦੇ ਮਾਲਿਕ ਨੂੰ ਘਰ ਅੰਦਰ ਦਾਖਲ ਹੋਣ ਤੋਂ ਰੋਕ ਸਕਦੀ ਹੈ। ਦੂਜੇ ਪਾਸੇ ਪ੍ਰੇਰਨਾ ਦੇ ਦੋ ਸ਼ਬਦ ਕਿਸੇ ਦੀ ਜ਼ਿੰਦਗੀ ਬਦਲ ਸਕਦੇ ਹਨ। ਸ਼ਾਬਾਸ਼ ਦਾ ਕਿਹਾ ਹੋਇਆ ਇਕ ਸ਼ਬਦ ਕਿਸੇ ਨੂੰ ਸਫ਼ਲਤਾ ਦੀ ਟੀਸੀ ਤੇ ਪਹੁੰਚਾ ਸਕਦਾ ਹੈ। ਗ਼ਲਤੀ ਹੋ ਗਈ, ਮੁਆਫ਼ ਕਰਨਾ ਦੇ ਕਹੇ ਹੋਏ ਕੁਝ ਸ਼ਬਦ ਵੱਡੀ ਲੜਾਈ ਨੂੰ ਟਾਲ ਸਕਦੇ ਹਨ। ਇਸ ਲਈ ਛੋਟੀਆਂ ਛੋਟੀਆਂ ਗੱਲਾਂ ਨੂੰ ਅਣਗੋਲਿਆਂ ਨਹੀਂ ਕਰਨਾ ਚਾਹੀਦਾ। ਉਦਾਹਰਨ ਦੇ ਤੌਰ ਤੇ ਇਕ ਰੁਪਏ ਦੀ ਕੋਈ ਜ਼ਿਆਦਾ ਕੀਮਤ ਨਹੀਂ ਮੰਨੀ ਜਾਂਦੀ ਪਰ ਜੇ ਲੱਖਪਤੀ ਬੰਦੇ ਕੋਲ ਇਕ ਰੁਪਇਆ ਵੀ ਘਟ ਜਾਏ ਤਾਂ ਉਹ ਲੱਖਪਤੀ ਨਹੀਂ ਰਹਿੰਦਾ। ਇਸੇ ਲਈ ਕਹਿੰਦੇ ਹਨ ਕਿ ਬੂੰਦ ਬੂੰਦ ਨਾਲ ਹੀ ਘੜਾ ਭਰਦਾ ਹੈ।

ਸਾਨੂੰ ਚਾਹੀਦਾ ਹੈ ਕਿ ਅਸੀਂ ਜੋ ਵੀ ਕੰਮ ਕਰੀਏ ਉਸ ਵਿਚ ਪੂਰਾ ਧਿਆਨ ਲਾ ਕੇ ਕਰੀਏ ਯਾਨੀ ਕਿ ਦਿਲ, ਦਿਮਾਗ ਅਤੇ ਬਾਕੀ ਸਰੀਰਕ ਅੰਗਾਂ ਦਾ ਕੇਂਦਰ ਹੱਥਲਾ ਕੰਮ ਹੀ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਹੱਥਲਾ ਕੰਮ ਜਲਦੀ ਹੋਵੇਗਾ ਅਤੇ ਉਸ  ਕੰਮ ਦੀ ਕੁਸ਼ਲਤਾ ਵੀ ਵਧੇਗੀ। ਅਸੀਂ ਕਿਸੇ ਨੁਕਸਾਨ ਜਾਂ ਦੁਰਘਟਨਾ ਤੋਂ ਵੀ ਬਚ ਜਾਵਾਂਗੇ। ਕਲਾਕਾਰ ਆਪਣਾ ਸ਼ਾਹਕਾਰ ਵੀ ਤਾਂ ਹੀ ਬਣਾ ਪਾਉਂਦੇ ਹਨ ਜਦ ਆਪਣੀ ਕਲਾ ਵਿਚ ਉਹ ਆਪਣਾ ਮਨ, ਬੁੱਧੀ ਅਤੇ ਸਰੀਰ ਦੀਆਂ ਸਾਰੀਆਂ ਸ਼ਕਤੀਆਂ ਕੇਂਦਰਤ ਕਰ ਦਿੰਦੇ ਹਨ। ਉੱਖੜੇ ਮਨ ਨਾਲ ਕਦੀ ਸ਼ਾਹਕਾਰ ਨਹੀਂ ਬਣਦੇ। ਆਪਣੇ ਕੰਮ ਵਿਚ ਖੁੱਭੇ ਹੋਣ ਕਾਰਨ ਉਨ੍ਹਾਂ ਨੂੰ ਉਸ ਸਮੇਂ ਨਾਂ ਤਾਂ ਭੁੱਖ ਪਿਆਸ ਦਾ ਪਤਾ ਲੱਗਦਾ ਹੈ ਅਤੇ ਨਾ ਹੀ ਇਹ ਪਤਾ ਚਲਦਾ ਹੈ ਕਿ ਕਦ ਸਵੇਰ ਤੋਂ ਸ਼ਾਮ ਹੋ ਗਈ।। ਸੰਸਾਰ ਵਿਚ ਜਿੰਨ੍ਹੇ ਵੀ ਸਫ਼ਲ ਵਿਅਕਤੀ ਹੋਏ ਹਨ ਉਸ ਪਿੱਛੇ ਉਨ੍ਹਾਂ ਦੀ ਇਕਾਗਰਤਾ ਦਾ ਵੱਡਾ ਯੋਗਦਾਨ ਹੈ। ਇਸ ਲਈ ਜੋ ਵੀ ਕੰਮ ਕਰਨਾ ਹੈ ਉਸ ਨੂੰ ਤਪੱਸਿਆ ਵਾਂਗ ਕਰੋ। ਆਪਣੇ ਕੰਮ ਵਿਚ ਆਪਣੀਆਂ ਸਾਰੀਆਂ ਸ਼ਕਤੀਆਂ ਝੋਂਕ ਦਿਓ। ਇਸ ਤਰ੍ਹਾਂ ਤੁਸੀਂ ਲਗਾਤਾਰ ਕਾਮਯਾਬੀ ਦੀਆਂ ਮੰਜ਼ਿਲਾਂ ਤਹਿ ਕਰਦੇ ਜਾਵੋਗੇ।ਤੁਹਡੀ ਜ਼ਿੰਦਗੀ ਖ਼ੁਸ਼ੀਆਂ ਅਤੇ ਖ਼ੇੜਿਆਂ ਵਿਚ ਗੁਜ਼ਰੇਗੀ।

*****

ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
094631-89432
83608-42861
email:  gursharan1183@yahoo.in

About the author

ਗੁਰਸ਼ਰਨ ਸਿੰਘ ਕੁਮਾਰ
ਗੁਰਸ਼ਰਨ ਸਿੰਘ ਕੁਮਾਰ
Mobile:094631-89432/83608-42861 | gursharan1183@yahoo.in | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਸ਼ਰਨ ਸਿੰਘ ਕੁਮਾਰ

View all posts by ਗੁਰਸ਼ਰਨ ਸਿੰਘ ਕੁਮਾਰ →