21 September 2024
Nachhatar Singh Bhopal

“ਮਜ਼ਦੂਰ”—ਨਛੱਤਰ ਸਿੰਘ ਭੋਗਲ (ਭਾਖੜੀਆਣਾ)

“ਮਜ਼ਦੂਰ”

ਕਿਰਤੀ ਕੰਮ-ਮਜ਼ਦੂਰੀ ਕਰਦਾ
ਮਿਹਨਤ ਕਰ ਦਿਨ ਕਟੀਆਂ ਕਰਦਾ,
ਜਰਵਾਣੇ ਦੀ ਮੰਦੀ ਚੰਗੀ
ਮੰਦੇ ਬੋਲ ਤੇ ਝਿੱੜਕਾਂ ਜਰਦਾ,
ਸੱਭ ਕੁੱਝ ਕਰਕੇ ਵੀ ਨਹੀਂ ਸਰਦਾ।
ਢਿੱਡ ਦੀ ਖ਼ਾਤਰ ਸੱਭ ਕੁੱਝ ਕਰਦਾ।
ਕਿਰਤੀ ਕੰਮ-ਮਜ਼ਦੂਰੀ ਕਰਦਾ।

ਖੇਤ ਦੀ ਕਿਰਤ ਦਿਹਾੜੀ ਟੱਪਾ
ਫਸਲਾਂ ਗੁੱਡਦਾ ਚੱਪਾ-ਚੱਪਾ,
ਦੋ ਟੁੱਕ ਰੋਟੀ, ਦਾਲ ਦੀ ਖ਼ਾਤਰ
ਨਿੱਤ ਸਹਿੰਦਾ ਉਹ ਰੌਲ਼ਾ-ਰੱਪਾ,

ਤਨ ਤੇ ਲੀਰਾਂ, ਢਿੱਡ ਨਹੀਂ ਭਰਦਾ।
ਫਿਰ ਵੀ ਰਹੇ ਦੁਆਵਾਂ ਕਰਦਾ।
ਕਿਰਤੀ ਕੰਮ-ਮਜ਼ਦੂਰੀ ਕਰਦਾ।

ਕੱਖਾਂ ਦੀ ਉਹਦੀ ਕੁੱਲੀ ਸੋਹਣੀ
ਪੰਜ ਤਾਰੇ ਤੋਂ ਵੀ ਮਨਮੋਹਣੀ,

ਇਸ ਵਿੱਚ ਮੰਦਰ ਤੇ ਮੈਖ਼ਾਨਾ
ਇਕ ਖੂੰਜੇ ਵਿੱਚ ਰੋਟੀ ਲੌਹਣੀ,
ਉਥੇ ਇਸ਼ਟ ਦੀ ਪੂਜਾ ਕਰਦਾ।
ਗ਼ਰੀਬਖ਼ਾਨੇ ਵਿੱਚ ਕੋਈ ਨਾ ਪਰਦਾ।
ਕਿਰਤੀ ਕੰਮ-ਮਜ਼ਦੂਰੀ ਕਰਦਾ।

ਪਾਟੀਆਂ ਪੈਰਾਂ ਦੀਆਂ ਬਿਆਈਆਂ
ਹੰਭੀਆਂ ਖੁੱਚਾਂ, ਪਿੱਠ-ਕਲਾਈਆਂ,

ਨੰਨੇ-ਮੁੰਨੇ ਬਾਲ ਨਿਆਣੇ
ਭੁੱਖੇ ਢਿੱਡ, ਬੁੱਲੀਆਂ ਤਿਰਹਾਈਆਂ,
ਤਨ ਤੋਂ ਨੰਗੇ ਵੇਖ ਨਾ ਜਰਦਾ।
ਮਜ਼ਬੂਰੀ ਦੇ ਸਾਗਰ ਤਰਦਾ।
ਕਿਰਤੀ ਕੰਮ-ਮਜ਼ਦੂਰੀ ਕਰਦਾ।

ਜਰਵਾਣੇ ਦੀਆਂ ਹਵਸੀ ਅੱਖੀਆਂ
ਜਵਾਨ ਔਰਤ ਦੇ ਬਦਨ ਤੇ ਰੱਖੀਆਂ,
ਵੇਖ ਕੇ ਮੱਖੀ ਨਿਗਲ਼ ਨਹੀਂ ਹੁੰਦੀ
ਦੰਦ ਪੀਹ ਘੁੱਟ ਕਚੀਚੀਆਂ ਵੱਟੀਆਂ,
ਸੱਪ ਨਿਗਲ਼ਿਆ ਹੈ ਉਹ ਜਰਦਾ।
ਮਾਲਕ ਦੇ ਪਰਛਾਵਿਓਂ ਡਰਦਾ।
ਕਿਰਤੀ ਕੰਮ-ਮਜ਼ਦੂਰੀ ਕਰਦਾ।

ਢੋਲੇ-ਮਾਹੀਏ ਗਾ ਲੈਂਦਾ ਹੈ
ਟੱਮਕ-ਢੋਲ ਵਜਾ ਲੈਂਦਾ ਹੈ,
ਦੋ ਪੱਲ, ਗ਼ਮ ਭੁਲਾਵਣ ਖ਼ਾਤਰ
ਮਸਤੀ ਦੇ ਵਿੱਚ ਆ ਲੈਂਦਾ ਹੈ,
ਖੁਸ਼ੀ ਹੰਢਾਉਣ ਦੀ ਕੋਸ਼ਿਸ਼ ਕਰਦਾ।
ਅੰਤ ਨੂੰ ਗ਼ੁਰਬਤ ਕੋਲੋਂ ਹੱਰਦਾ।
ਕਿਰਤੀ ਕੰਮ-ਮਜ਼ਦੂਰੀ ਕਰਦਾ।

ਸਬਰ-ਸ਼ੁਕਰ ਦਾ ਹੈ ਉਹ ਬਾਨੀ
ਮਿਹਨਤ ਵਿੱਚ ਨਾ ਉਹਦਾ ਸਾਨੀ,
ਨਛੱਤਰ ਭੋਗਲ ਨੂੰ ਗਲ਼ੇ ਲਗਾਕੇ
ਦੁੱਖ ਵੰਡਾਕੇ, ਬਣ ਦਿਲ-ਜਾਨੀ,
ਆਹ ਲੇਖਕ ਤੈਨੂੰ ਸਜ਼ਦਾ ਕਰਦਾ।
ਚਾਰ ਅੱਖਰ, ਤੇਰੇ ਨਾਂ ਕਰਦਾ।
ਕਿਰਤੀ ਕੰਮ-ਮਜ਼ਦੂਰੀ ਕਰਦਾ।
***
164
***

Nachhatar Singh Bhopal

ਨਛੱਤਰ ਸਿੰਘ ਭੋਗਲ, ਭਾਖੜੀਆਣਾ

View all posts by ਨਛੱਤਰ ਸਿੰਘ ਭੋਗਲ, ਭਾਖੜੀਆਣਾ →