15 October 2024

ਸਾਹਿਤਕ ਥਾਣੇਦਾਰੀ—ਰੂਪ ਲਾਲ ਰੂਪ

ਕੋਈ ਸਾਂਝੀ ਪੁਸਤਕ ਛਪਦੀ ਹੈ ਤਾਂ ਉਸ ਵਿੱਚ ਬਹੁਗਿਣਤੀ ਨਵੇਂ ਕਲਮਕਾਰਾਂ ਦੀ ਹੁੰਦੀ ਹੈ। ਉਨ੍ਹਾਂ ਦੀ ਲਿਖਣ ਕਲਾ ਲਈ ਇਹ ਆਕਸੀਜਨ ਦਾ ਕੰਮ ਕਰਦੀ ਹੈ। ਸਥਾਪਤ ਕਲਮਕਾਰਾਂ ਦੀ ਇਸ ਵਿੱਚ ਕੋਈ ਖਾਸ ਦਿਲਚਸਪੀ ਨਹੀਂ ਹੁੰਦੀ ਅਤੇ ਨਾ ਹੀ ਉਹ ਇਸ ਨੂੰ ਕੋਈ ਅਹਿਮੀਅਤ ਦਿੰਦੇ ਹਨ। ਇਸ ਲਈ ਅਜਿਹੀਆਂ ਪੁਸਤਕਾਂ ਤੋਂ ਉਹ ਦੂਰੀ ਬਣਾ ਕੇ ਰੱਖਦੇ ਹਨ।

ਇਕ ਸਾਂਝਾ ਕਾਵਿ ਸੰਗ੍ਰਹਿ ਜੋਰ-ਸ਼ੋਰ ਨਾਲ ਲੋਕ ਅਰਪਣ ਕੀਤਾ ਜਾ ਰਿਹਾ ਸੀ। ਦੋ ਤਿੰਨ ਸਥਾਪਤ ਕਲਮਕਾਰਾਂ ਤੋਂ ਬਿਨਾਂ ਬਹੁਤੇ ਨਵੇਂ ਸਨ ਜੋ ਵਾਰੋ ਵਾਰੀ ਆਪਣੀਆਂ ਰਚਨਾਵਾਂ ਸੁਣਾ ਕੇ ਵਾਹਵਾ ਖੱਟ ਰਹੇ ਸਨ। ਇਕ ਸਥਾਪਤ ਕਲਮਕਾਰ ਦੀ ਵਾਰੀ ਆਈ ਤਾਂ ਉਸ ਨੇ ਆਪਣੀ ਵਿਦਵਤਾ ਝਾੜਦਿਆਂ ਚਾਲੂ ਰਾਜਸੀ ਢਾਂਚੇ ਨੂੰ ਢਹਿ ਢੇਰੀ ਕਰ ਕੇ ਲੋਕ ਹਿੱਤੂ ਨਿਜਾਮ ਸਿਰਜਣ ਦੀ ਵਕਾਲਤ ਕੀਤੀ। ਆਪਣੀ ਪਿੱਠ ਥਾਪੜਦਾ ਕਹਿਣ ਲੱਗਾ, “ਮੈਂ ਆਹ ਕਰ ਕੇ —ਮੈਂ ਔਹ ਕਰ ਕੇ ਉਤਲੇ ਡੰਡੇ ਤੇ ਪਹੁੰਚਿਆਂ–ਕੋਈ ਕਰ ਕੇ ਦੱਸੇ—ਮੈਂ ਸੱਚ ਕਹਿਣੋਂ ਨੀਂ ਟਲ੍ਹਦਾ–ਕਈ ਵਾਰੀ ਬੁਲਾਉਣ ਵਾਲੇ ਔਖੇ ਹੋ ਜਾਂਦੇ ਆ ਪਈ ਸਾਡਾ ਤੋਰੀ ਫੁਲਕਾ ਬੰਦ ਕਰ ਚੱਲਿਆ।” ਚੰਗੀ ਬਾਣ-ਵਰਖਾ ਕਰ ਕੇ ਉਸ ਨੇ ਫਤਿਹ ਬੁਲਾਈ ਤਾਂ ਪ੍ਰੋਗਰਾਮ ਅੱਗੇ ਤੁਰ ਪਿਆ। ਨਵੇਂ ਕਵੀ ਰਚਨਾਵਾਂ ਸੁਣਾਉਂਦੇ ਗਏ।

ਛੇਕੜ ਜਿਹੇ ਇਕ ਦੂਸਰੇ ਸ਼ਾਇਰ ਦੀ ਵਾਰੀ ਆਈ। ਉਹ ਸ਼ੇਅਰ ਚੰਗੇ ਕਹਿ ਲੈਂਦਾ ਹੈ। ਮਾਈਕ ਫੜ ਕੇ ਕਹਿਣ ਲੱਗਾ, “ਮੈਂ ਅਜ ਦੇ ਸਮਾਗਮ ਦੇ ਆਪਣੇ ਅਨੁਭਵ ਸਾਂਝੇ ਕਰਾਂਗਾ — ਫਲਾਣੇ ਕਵੀ ਨੇ ਅਮਕੇ ਅਰਕਾਨ ਵਿੱਚ ਗ਼ਜ਼ਲ ਬੋਲੀ–ਬੋਲਣੀ ਈ ਨੀਂ ਆਈ— ਗ਼ਜ਼ਲ ਦਾ ਭੱਠਾ ਬਹਿ ਗਿਆ– ਨਵੇਂ ਕਲਮਕਾਰ ਪਿਆਰ ਤੇ ਈ ਲਿਖੀ ਜਾਂਦੇ ਆ—ਜਿਸ ਉਪਰ ਢਿਮਕੇ ਨੇ ਲਿਖ ਦਿੱਤਾ—ਕਿਉਂ ਲਿਖਦੇ ਹੋ—ਕਿਉਂ ਕਰਦੇ ਹੋ ਕਾਗ਼ਜ਼ ਕਾਲੇ–ਨਾ ਲਿਖੋ–।” ਉਸਨੇ 350 ਡਿਗਰੀ ‘ਤੇ ਬਾਂਹ ਘੁੰਮਾਈ ਤੇ ਕਹਿਣ ਲੱਗਾ, “ਕਈ ਸਿੱਧਾ ਈ ਲਿਖੀ ਜਾਂਦੇ ਆ–ਮੈਂ ਸਿੱਧੇ ਸ਼ੇਅਰ ਨੂੰ ਕਵਿਤਾ ਈ ਨੀਂ ਮੰਨਦਾ–।” ਮੈਂ ਸੋਚੀਂ ਪੈ ਗਿਆ ਕਿ ‘ਮਾਂ ਵਰਗਾ ਘਣ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ’, ‘ਅਜ ਆਖਾਂ ਵਾਰਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ’, ‘ਗੋਰੀ ਦੀਆਂ ਝਾਜਰਾਂ ਬੁਲਾਉਦੀਆਂ ਗਈਆਂ’, ‘ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ’, ‘ਪਗੜੀ ਸੰਭਾਲ ਜੱਟਾ’ ਆਦਿ ਵਿੱਚ ਘੁੰਮਿਆਂ ਤਾਂ ਕੁਝ ਵੀ ਨਹੀਂ ਪਰ ਲੋਕ ਗਾਈ ਜਾਂਦੇ ਹਨ। ਉਨ੍ਹਾਂ ਸ਼ਾਇਰਾਂ ਦਾ ਮੁਕਾਮ ਬੜਾ ਉੱਚਾ ਹੈ। ਉਹ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦੇ ਹਨ। ਉਨ੍ਹਾਂ ਦੇ ਨਾਮ ਉੱਤੇ ਮੇਲੇ ਲੱਗਦੇ ਹਨ। ਕਿਉਂ? ਮੈਂ ਉਧੇੜ ਬੁਣ ਕਰ ਹੀ ਰਿਹਾ ਸਾਂ, ਉਹ ਕਹਿੰਦਾ, “ਫਲਾਣੇ ਮੈਨੂੰ ਸ਼ਾਇਰ ਈ ਨਹੀਂ ਮੰਨਦੇ–ਮੈਂ ਪ੍ਰਵਾਹ ਨੀਂ ਕਰਦਾ–ਮੈਂ ਮਿਹਨਤ ਕੀਤੀ ਹੈ–ਮੈਂ ਡੰਡੇ ਦੇ ਜ਼ੋਰ ਇਹ ਮੁਕਾਮ ਹਾਸਲ ਕੀਤਾ ਹੈ — ਕੋਈ ਖੋਹ ਕੇ ਦੱਸੇ— ਮੇਰੇ ਪੱਠੇ ਦੇਸ਼ ਵਿਦੇਸ਼ ਦੋਹੀਂ ਥਾਈਂ ਆਂ– ਮੈਂ ਨੀਂ ਪ੍ਰਵਾਹ ਕਰਦਾ –ਲਿਖਣਾ ਸਿੱਖੋ।” ਮੈਨੂੰ ਪਹਿਲੀ ਵਾਰ ਲੱਗਾ ਕਿ ਸਾਹਿਤਕ ਥਾਣੇਦਾਰੀ ਵੀ ਕੋਈ ਸ਼ੈਅ ਹੈ ਜੋ ਮਲੋਮਲੀ ਬੋਲਦੀ ਸੇਧ ਨਾਲੋਂ ਸਾਹ ਜਿਆਦਾ ਸੁਕਾਉਂਦੀ ਹੈ।

ਮੇਰਾ ਮਨ ਕਰੇ ਜੇ ਸਟੇਜ ‘ਤੇ ਜਾਣ ਦਾ ਮੌਕਾ ਮਿਲੇ ਤਾਂ ਆਖਾਂ, ” ਨਵੇਂ ਕਲਮਕਾਰੋ ਹੌਸਲਾ ਰੱਖੋ। ਚਲਦੇ ਚਲੋ। ਵਿੰਗਾ ਲਿਖੋ ਜਾਂ ਸਿੱਧਾ। ਸਮਾਜ ਲਈ ਲਿਖੋ। ਤੁਸੀਂ ਵੀ ਪੁਰਾਣੇ ਹੋਵੋਗੇ ਪਰ ਤੁਸੀਂ ਸਾਹਿਤਕ ਥਾਣੇਦਾਰੀ ਨੇੜੇ ਨਹੀਂ ਢੁਕਣ ਦੇਣੀ।” ਪਰ ਸ਼ਾਮ ਪੈਂਦੀ ਦੇਖ ਸਟੇਜ ਸਕੱਤਰ ਨੇ ਸਮੇਂ ਦੀ ਘਾਟ ਕਹਿੰਦਿਆਂ ਸਭ ਦਾ ਧੰਨਵਾਦ ਕਰ ਦਿੱਤਾ।
***
309
***

ਰੂਪ ਲਾਲ ਰੂਪ
ਪਿੰਡ ਭੇਲਾਂ ਡਾਕਖਾਨਾ ਨਾਜਕਾ
(ਜਲੰਧਰ) ਪੰਜਾਬ
94652-25722

+94652-29722 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਰੂਪ ਲਾਲ ਰੂਪ
ਪ੍ਰਧਾਨ,
ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ)

ਪੁਸਤਕਾਂ:

ਕਾਵਿ ਰਿਸ਼ਮਾਂ (2020) ਸੰਪਾਦਨਾ
ਸਿਆੜ ਦਾ ਪੱਤਣ (2022) ਸੰਪਾਦਨਾ
ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ 

ਪਤਾ:
ਪਿੰਡ ਭੇਲਾਂ ਡਾਕਖਾਨਾ ਨਾਜਕਾ
(ਜਲੰਧਰ) ਪੰਜਾਬ
+94652-29722

✍️ਰੂਪ ਲਾਲ ਰੂਪ

ਰੂਪ ਲਾਲ ਰੂਪ ਪ੍ਰਧਾਨ, ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ) ਪੁਸਤਕਾਂ: ਕਾਵਿ ਰਿਸ਼ਮਾਂ (2020) ਸੰਪਾਦਨਾ ਸਿਆੜ ਦਾ ਪੱਤਣ (2022) ਸੰਪਾਦਨਾ ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ  ਪਤਾ: ਪਿੰਡ ਭੇਲਾਂ ਡਾਕਖਾਨਾ ਨਾਜਕਾ (ਜਲੰਧਰ) ਪੰਜਾਬ +94652-29722

View all posts by ✍️ਰੂਪ ਲਾਲ ਰੂਪ →