18 October 2025

ਚੁਫਿਰਨੀ ਛੰਦ: ਪਿੰਡ ਮੇਰਾ ਭੇਲਾਂ— ਰੂਪ ਲਾਲ ਰੂਪ

 ਚੁਫਿਰਨੀ ਛੰਦ: ਪਿੰਡ ਮੇਰਾ ਭੇਲਾਂ
      
ਛੋਟਾ ਜਿਹਾ ਪਿੰਡ ਮੇਰਾ ਭੇਲਾਂ ਨਾਮ ਹੈ।
ਲੱਗਦਾ ਏ ਸਾਨੂੰ ਸੋਨੇ ਵਾਲਾ ਦਾਮ ਹੈ।
ਜਿੰਦ ਨਾਲੋਂ ਵੱਧ ਲੋਕ ਸਾਂਭ ਰੱਖਦੇ।
ਆਪਸੀ ਪਿਆਰ ਰੱਜ ਰੱਜ ਚੱਖਦੇ।
ਝੇੜਿਆਂ ਦੇ ਵਿਚ ਕੋਈ ਨਹੀਂ ਫੱਸਦਾ।
ਸਾਡੇ ਪਿੰਡ ਵਿਚ ਜਾਣੋ ਰੱਬ ਵੱਸਦਾ।

ਜਲੰਧਰ ਸ਼ਹਿਰ ਪੂਰਾ ਬਾਈ ਮੀਲ ਹੈ।
ਭੋਗਪੁਰ ਵਾਲੀ ਲੱਗਦੀ ਤਸੀਲ ਹੈ।
ਡਾਕਖਾਨਾ ਲੱਗਾ ਸਾਥ ਪਿੰਡ ਨਾਜਕਾ।
ਆਦਮਪੁਰ ਜੀ ਥਾਣਾ ਹੈਗਾ ਆਜ ਕਾ।
ਉੱਡਦੇ ਜਹਾਜ਼ਾਂ ਸੰਗ ਜਿਹੜਾ ਲੱਸਦਾ।
ਸਾਡੇ ਪਿੰਡ ਵਿਚ ਜਾਣੋ ਰੱਬ ਵੱਸਦਾ।

ਗਲ਼ੀ ਗਲ਼ੀ ਹੁੰਦੇ ਰੌਣਕਾਂ ਦੇ ਰੰਗ ਨੇ।
ਗੁਰਾਂ ਦੇ ਪੁਰਬ ਜੁੜ ਜਾਂਦੇ ਸੰਗ ਨੇ।
ਪ੍ਰਭਾਤ ਫੇਰੀ ‘ਤੇ ਸ਼ਬਦ ਗਾਂਵਦੇ।
ਭੇਤ-ਭਾਵ ਸਾਰੇ ਲੋਕ ਨੇ ਮਿਟਾਂਵਦੇ।
ਚੜ੍ਹ ਜਾਂਦਾ ਨੂਰ ਗੁਰਾਂ ਵਾਲੀ ਮੱਸ ਦਾ।
ਸਾਡੇ ਪਿੰਡ ਵਿਚ ਜਾਣੋ ਰੱਬ ਵੱਸਦਾ।

ਵੱਡੇ ਤੇ ਵਡੇਰੇ ਸ਼ੇਰਾਂ ਵਾਂਗੂੰ ਬੁੱਕਦੇ।
ਖਿੱਚਦੇ ਸੀ ਰੱਸੇ ਬੋਰੀਆਂ ਨੂੰ ਚੁੱਕਦੇ।
ਕੌਡ ਕਬੱਡੀ ਨੂੰ ਬਾਬੇ ਲੀਹੀਂ ਪਾ ਗਏ।
ਮਿਹਨਤਾਂ ਦੇ ਨਾਲ ਬੱਚੇ ਕੰਮੀਂ ਲਾ ਗਏ।
ਜ਼ਿਮੀਂ ਨਾਲ ਸਿਗਾ ਅੰਬਰ ਵੀ ਹੱਸਦਾ।
ਸਾਡੇ ਪਿੰਡ ਵਿਚ ਜਾਣੋ ਰੱਬ ਵੱਸਦਾ।

ਲਹਿੰਦੇ ਪਾਸੇ ਬਾਬਾ ਜੀ ਸ਼ੰਕਰ ਪੀਰ ਹੈ।
ਚੜ੍ਹਦੇ ਨੂੰ ਬਾਬਾ ਕਾਲੇ ਸ਼ਾਹ ਬੀਰ ਹੈ।
ਬਾਲ੍ਹਦੇ ਚਿਰਾਗ ਲੋਕੀਂ ਸੁੱਖ ਮੰਗਦੇ।
ਤਨ ਮਨ ਸਾਰਾ ਨਾਮ ਨਾਲ ਰੰਗਦੇ।
ਟੇਕ ਟੇਕ ਮੱਥਾ ਮਨ ਜਾਏ ਘੱਸਦਾ।
ਸਾਡੇ ਪਿੰਡ ਵਿਚ ਜਾਣੋ ਰੱਬ ਵੱਸਦਾ।

ਵਿਕਰਮ ਸਿੰਘ ਪਿੰਡ ਦਾ ਸ਼ਹੀਦ ਹੈ।
ਪੈਂਹਟ ਵਾਲੀ ਜੰਗ ਸਮੇਂ ਦਾ ਮਰੀਦ ਹੈ।
ਖੇਮਕਰਨ ਦੀ ਥਾਂ ‘ਤੇ ਜਿੰਦ ਵਾਰ ਕੇ।
ਜਿੱਤ ਦੇ ਪਿਆਰੇ ਮਹਿਲ ਨੂੰ ਉਸਾਰ ਕੇ।
ਤੁਰਿਆ ਬੰਦੂਕ ਮੋਢੇ ਉੱਤੇ ਕੱਸਦਾ।
ਸਾਡੇ ਪਿੰਡ ਵਿਚ ਜਾਣੋ ਰੱਬ ਵੱਸਦਾ।

ਟੈਂਕੀ ਬਣੀ ਹੋਈ ਸ਼ੁਧ ਪਾਣੀ ਪੀਣ ਨੂੰ।
ਹਰ ਕੋਈ ਚਾਹਵੇ ਜਿੰਦ ਲੰਮੀ ਜੀਣ ਨੂੰ।
ਨਾਲੀਆਂ ਦੇ ਵਿਚ ਪਾਣੀ ਦਾ ਨਿਕਾਸ ਹੈ।
ਛੱਪੜਾਂ ਦੀ ਜਗ੍ਹਾ ਪਿੰਡ ਵਿਚ ਖਾਸ ਹੈ।
ਚਾਵਾਂ ਵਿਚ ਬੰਦਾ ਦੇਖ ਦੇਖ ਧੱਸਦਾ।
ਸਾਡੇ ਪਿੰਡ ਵਿਚ ਜਾਣੋ ਰੱਬ ਵੱਸਦਾ।

ਮੁਸਲਮਾਨੀ ਤਾਂ ਪਿੰਡ ‘ਚ ਮਸੀਤ ਸੀ।
ਗਾਂਵਦਾ ਨਾ ਕੋਈ ਅੱਲ੍ਹਾ ਵਾਲਾ ਗੀਤ ਸੀ।
ਗੁੱਜਰ ਆ ਵੱਸੇ ਪਿੰਡ ਵਿਚ ਆਣ ਕੇ।
ਅੱਲ੍ਹਾ ਵਾਲਾ ਘਰ ਸੁੰਨਾ ਸੁੰਨਾ ਜਾਣ ਕੇ।
ਖੋਲ੍ਹ ਦਿੱਤਾ ਦਰ ਅੱਲ੍ਹਾ ਵਾਲੇ ਜੱਸ ਦਾ।
ਸਾਡੇ ਪਿੰਡ ਵਿਚ ਜਾਣੋ ਰੱਬ ਵੱਸਦਾ।

ਪਿੰਡ ਵਾਲਾ ਸਾਂਝਾ ਸ਼ਮਸ਼ਾਨਘਾਟ ਹੈ।
ਜਿੱਥੇ ਮੁੱਕ ਜਾਂਦੀ ਸਭਨਾਂ ਦੀ ਵਾਟ ਹੈ।
ਦੁੱਖ ਵਿਚ ਹੁੰਦੇ ਸਾਰੇ ਭਾਈਵਾਲ ਨੇ।
ਜਾਤ ਪਾਤ ਵਾਲੇ ‘ਰੂਪ’ ਨਾ ਜੰਜਾਲ ਨੇ।
ਮੁਰਦੇ ਦੇ ਗੁਣ ਹਰ ਕੋਈ ਦੱਸਦਾ।
ਸਾਡੇ ਪਿੰਡ ਵਿਚ ਜਾਣੋ ਰੱਬ ਵੱਸਦਾ।
***
ਰੂਪ ਲਾਲ ਰੂਪ
ਪਿੰਡ ਭੇਲਾਂ ਡਾਕਖਾਨਾ ਨਾਜਕਾ
ਜ਼ਿਲ੍ਹਾ ਜਲੰਧਰ ( ਪੰਜਾਬ)

+91 94652-25722 

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1466
***

+94652-29722 |  + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਰੂਪ ਲਾਲ ਰੂਪ
ਪ੍ਰਧਾਨ,
ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ)

ਪੁਸਤਕਾਂ:

ਕਾਵਿ ਰਿਸ਼ਮਾਂ (2020) ਸੰਪਾਦਨਾ
ਸਿਆੜ ਦਾ ਪੱਤਣ (2022) ਸੰਪਾਦਨਾ
ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ 

ਪਤਾ:
ਪਿੰਡ ਭੇਲਾਂ ਡਾਕਖਾਨਾ ਨਾਜਕਾ
(ਜਲੰਧਰ) ਪੰਜਾਬ
+94652-29722

✍️ਰੂਪ ਲਾਲ ਰੂਪ

ਰੂਪ ਲਾਲ ਰੂਪ ਪ੍ਰਧਾਨ, ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ) ਪੁਸਤਕਾਂ: ਕਾਵਿ ਰਿਸ਼ਮਾਂ (2020) ਸੰਪਾਦਨਾ ਸਿਆੜ ਦਾ ਪੱਤਣ (2022) ਸੰਪਾਦਨਾ ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ  ਪਤਾ: ਪਿੰਡ ਭੇਲਾਂ ਡਾਕਖਾਨਾ ਨਾਜਕਾ (ਜਲੰਧਰ) ਪੰਜਾਬ +94652-29722

View all posts by ✍️ਰੂਪ ਲਾਲ ਰੂਪ →