1 July 2024

ਸਵਾ ਲੱਖ ਹੋਇਆ ਪਾਤਰ/ ਸ਼ੋਕ ਪ੍ਰਸਤਾਵ— ਸਿੱਖ ਐਜੂਕੇਸ਼ਨ ਕੋਂਸਲ, ਯੂ.ਕੇ.

ਸਵਾ ਲੱਖ ਹੋਇਆ ਪਾਤਰ
———ਜਦੋ ਕਵੀ ਦਾ ਚਿੱਤ ਤੇ ਉਸਦਾ ਕਾਵਿ ਆਪਣੀ ਧਰਤ ਦੇ ਲੋਕਾਂ ਦੇ ਖ਼ਿਆਲਾਂ ਦੀ ਪੌਣ ਵਿੱਚ ਘੁਲਮਿਲ ਜਾਵੇ ਤਾਂ ਉਹ ਕਦੇ ਚੱਲ ਨਹੀਂ ਵਸਦਾ, ਸਗੋਂ ਲੋਕ ਚੇਤਨਾ ਵਿੱਚ ਵਸ ਸਦੀਵੀ ਹੋ ਜਾਂਦਾ। ਅਜਿਹਾ ਹੀ ਇੱਕ ਪੰਜਾਬ ਤੇ ਪੰਜਾਬੀ ਦਾ ਪਾਤਰ ਹਵਾ ਵਿੱਚ ਹਰਫ਼ ਸਿਰਜਦਾ ਅੱਜ ਗੁਰਾਂ ਦੀ ਛੋਹ ਪ੍ਰਾਪਤ ਧਰਤ ‘ਚ ਸਮਾ ਸਦਾ ਲਈ ਸਦੀਵੀ ਹੋ ਗਿਆ।

ਕਵੀ ਮਨ ਸੰਵੇਦਨਸ਼ੀਲ ਹੁੰਦਾ, ਪਾਤਰ ਦੇ ਅੱਠ ਦਹਾਕਿਆਂ ਦੇ ਜੀਵਨ ਸਫ਼ਰ ਵਿੱਚ ਉਸਦੀ ਸਮਾਜਿਕ ਸਾਂਝ ਦੇ ਸਾਕ ਵਿੱਚੋਂ ਜੋ ਉਪਜਿਆ ਉਸਨੂੰ ਉਹ ਸ਼ਬਦਾਂ ਦੀ ਘੁੰਮਣਘੇਰੀ ਵਿੱਚ ਉਡਾਰੀ ਮਾਰ ਸਫ਼ਿਆਂ ਤੇ ਉੱਕਰਦਾ ਗਿਆ। ਪਾਤਰ ਨੂੰ ਬਥੇਰੀਆਂ ਸ਼ਰਧਾਂਜਲੀਆਂ ਮਿਲ ਰਹੀਆਂ ਤੇ ਮਿਲਦੀਆਂ ਰਹਿਣਗੀਆਂ ਪਰ ਉਸਦੀ ਸਖਸ਼ੀਅਤ ਦਾ ਇੱਕ ਪੱਖ ਜਾਣੇ ਅਣਜਾਣੇ ਬਹੁਤਾ ਨਹੀਂ ਛੋਹਿਆ ਗਿਆ ਉਹ ਹੈ ਉਸਦਾ ਸਮੇਂ ਨਾਲ ਸੁਰਜੀਤ ਰਹਿ ਨਾਨਕ ਬਾਣੀ ਨਾਲ ਇੱਕ ਮਿੱਕ ਹੋਣ ਦਾ ਸਫ਼ਰ।
ਚਾਰ ਦਹਾਕੇ ਪਹਿਲਾਂ ਦੇ ਪੰਜਾਬ ਵਿੱਚ ਉਹ ਹੱਥਲਾ ਸ਼ਿਅਰ ਸਿਰਜਦਾ:

ਏਨਾ ਸੱਚ ਨ ਬੋਲ ਕਿ ਕੱਲਾ ਰਹਿ ਜਾਵੇਂ
ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ

ਪਿਛਲੇ ਢਾਈ ਕੁ ਸਾਲ ਪਹਿਲਾਂ ਇਸ ਸ਼ਿਅਰ ਵਿਚੋਂ ਨਵੀਆਂ ਕਰੁੰਬਲਾਂ ਫੁੱਟ ਆਈਆਂ :

ਝੂਠਿਆਂ ਦੇ ਝੁੰਡ ਦੇ ਵਿਚ ਸੱਚ ਕਹਿ ਕੇ
ਮੈਂ ਜਦੋਂ ਬਿਲਕੁਲ ਇਕੱਲਾ ਰਹਿ ਗਿਆ
ਸਤਿਗੁਰਾਂ ਨੂੰ ਯਾਦ ਕੀਤਾ
ਤਾਂ ਸਵਾ ਲੱਖ ਹੋ ਗਿਆ

ਤੇਰੇ ਮੇਰੇ ਹਿੱਸਿਆਂ ਵਿੱਚ ਵੰਡੇ ਪਾਤਰ ਦੇ ਅੱਜ ‘ਸਭ’ ਦਾ ਹੋਣ ਤੇ ਸਿੱਖ ਐਜੂਕੇਸ਼ਨ ਕੋਂਸਲ ਯੂਕੇ ਉਸਦੀ ਗੁਰੂ ਦੀ ਸ਼ਰਨ ਵਿੱਚ ਸਵਾ ਲੱਖ ਹੋਈ ਰੂਹ ਲਈ ਅਰਦਾਸ ਕਰਦੀ ਹੈ।

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1331
***

ਕੰਵਰ ਬਰਾੜ (ਇੰਗਲੈਂਡ)

View all posts by ਕੰਵਰ ਬਰਾੜ (ਇੰਗਲੈਂਡ) →