ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਬਹੁਤੇ ਇਹ ਮਹਿਸੂਸ ਕਰਦੇ ਨੇ ਕਿ ਪੰਜਾਬੀ ਭਾਸ਼ਾ ਦੀ ਹਾਲਤ ਅੱਜ ਅਤਿ-ਨਾਜ਼ੁਕ ਹੈ, ਪਰ ਪੰਜਾਬੀਆ ਵਿੱਚ ਸਮਾਜਿਕ ਤੇ ਸਮੂਹਿਕ ਤੌਰ ਤੇ ਇਸ ਸੰਬੰਧੀ ਕੋਈ ਬਹੁਤੀ ਫ਼ਿਕਰਮੰਦੀ ਨਜ਼ਰ ਨਹੀਂ ਪੈਂਦੀ।
ਬਹੁਤੇ ਵਾਰ ਪੰਜਾਬੀ ਭਾਸ਼ਾ ਦੇ ਹੋ ਰਹੇ ਨਿਘਾਰ ਦਾ ਭਾਂਡਾ ਪੰਜਾਬੀ ਵਿਦਵਾਨਾਂ ਦੇ ਸਿਰ ਭੰਨ ਦਿੱਤਾ ਜਾਂਦਾ ਹੈ। ਆਮ ਭਾਸ਼ਾ ਵਿੱਚ ਅੱਜ ਜਦੋਂ ਲੋਕੀਂ ਪੰਜਾਬੀ ਵਿਦਵਾਨਾਂ ਦੀ ਗੱਲ ਕਰਦੇ ਹਨ ਤਾਂ ਉਹਨਾਂ ਦਾ ਖ਼ਾਸ ਮਤਲਬ ਪਟਿਆਲੇ ਪੰਜਾਬੀ ਭਾਸ਼ਾ ਦੇ ਨਾਂ ਤੇ ਬਣੀ ਇੱਕ ਯੂਨੀਵਰਸਿਟੀ ਵਿੱਚ ਪੰਜਾਬੀ ਭਾਸ਼ਾ ਨੂੰ ਪੜ੍ਹਨ- ਪੜ੍ਹਾਉਣ, ਖੋਜ ਤੇ ਵਿਕਾਸ ਦੇ ਕਾਰਜ ਵਿਚ ਜੁਟੇ ਅਧਿਆਪਕਾਂ ਤੋਂ ਹੁੰਦਾ ਹੈ। ਇਹ ਭਾਂਡਾ ਭੰਨਣ ਦੇ ਹੋ ਸਕਦਾ ਬਹੁਤ ਸਾਰੇ ਕਾਰਨ ਹੋਣ, ਪਰ ਦੂਰੋਂ ਤੱਕਦਿਆਂ ਸਭ ਨੂੰ ਸ਼ਾਇਦ ਇਹੀ ਲੱਗਦਾ ਹੈ ਕਿ ਪਤਾ ਨਹੀਂ ਕਿੰਨੇ ਕੁ ਪੰਜਾਬੀ ਅਧਿਆਪਕ, ਬਿਨਾਂ ਕੁਝ ਕੀਤੇ ਕਰਾਏ, ਪੰਜਾਬੀ ਭਾਸ਼ਾ ਦੇ ਨਾਂ ਤੇ ਪੈਸਿਆਂ ਨਾਲ ਢਿੱਡ ਭਰੀ ਜਾ ਰਹੇ ਨੇ। ਇਸੇ ਨੁਕਤੇ ਨੂੰ ਮੁੱਖ ਰੱਖ ਕੇ ਮੈਂ ਇੱਕ ਛੋਟੀ ਤੇ ਸਰਲ ਜਿਹੀ ਖੋਜ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ, ਜਿਸ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਵੈੱਬਸਾਈਟ ਅਤੇ ਇੰਟਰਨੈੱਟ ਤੇ ਪਈ ਹੋਰ ਸਮੱਗਰੀ ਦਾ ਨਿਰਪੱਖ ਤੇ ਅੰਕੜਿਆਂ ਆਧਾਰਿਤ ਸਰਵੇਖਣ ਕਰ ਕੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਸ ਇਲਜ਼ਾਮ ਵਿੱਚ ਕਿੰਨੀ ਕੁ ਸਚਾਈ ਹੈ? ਹੇਠ ਦਿੱਤੀ ਅੰਕੜਿਆਂ ਤੇ ਅਧਾਰਿਤ ਜਾਣਕਾਰੀ ਸ਼ਾਇਦ ਤੁਹਾਨੂੰ ਹੈਰਾਨ ਜਾਂ ਹੋਰ ਭਾਵੁਕ ਕਰੇ। ਕੀ ਪੰਜਾਬੀ ਯੂਨੀਵਰਸਿਟੀ ਸਿਰਫ਼ ਪੰਜਾਬੀ ਵਾਸਤੇ ਭਾਸ਼ਾ ਦੇ ਵਿਕਾਸ ਵਾਸਤੇ ਹੈ?
ਭਾਵੇਂ ਸ਼ੁਰੂ ਵਿਚ ਯੂਨੀਵਰਸਿਟੀ ਦਾ ਮੁੱਖ ਉਦੇਸ਼ ਪੰਜਾਬੀ ਭਾਸ਼ਾ, ਕਲਾ ਅਤੇ ਸਾਹਿਤ ਦਾ ਸਰਬਪੱਖੀ ਵਿਕਾਸ ਕਰਨਾ ਸੀ। ਪਰ ਸਹਿਜੇ ਸਹਿਜੇ ਇਸ ਦਾ ਘੇਰਾ ਵਿਸ਼ਾਲ ਹੁੰਦਾ ਗਿਆ ਅਤੇ ਹੁਣ ਇਹ ਇਕ ਬਹੁ-ਪੱਖੀ ਅਤੇ ਬਹੁ-ਫੈਕਲਟੀ ਵਾਲੇ ਵਿਸ਼ਾਲ ਵਿੱਦਿਅਕ ਅਦਾਰੇ ਦਾ ਰੂਪ ਧਾਰਨ ਕਰ ਗਈ ਹੈ। ਪੰਜਾਬੀ ਯੂਨੀਵਰਸਿਟੀ ਦੀ ਖ਼ੁਦ ਦੀ ਵੈੱਬਸਾਈਟ ਮੁਤਾਬਿਕ ਅਜੋਕੇ ਪੰਜ ਪੰਜਾਬੀ ਨਾਲ ਸੰਬੰਧਿਤ ਵਿਭਾਗਾਂ ਦਾ ਦਾਇਰਾ ਤੇ ਕੰਮ-ਕਾਜ ਕੀ ਹੈ? ਪੰਜਾਬੀ ਵਿਭਾਗ
ਭਾਸ਼ਾ ਵਿਗਿਆਨ ਤੇ ਕੋਸ਼ਕਾਰੀ ਵਿਭਾਗ
ਪੰਜਾਬੀ ਸਾਹਿਤ ਅਧਿਐਨ ਵਿਭਾਗ
ਪੰਜਾਬੀ ਭਾਸ਼ਾ ਵਿਕਾਸ ਵਿਭਾਗ
ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਖੋਜ ਕੇਂਦਰ
ਉੱਭਰਦੇ ਸਵਾਲ ਤੇ ਸਾਰ ਜਦੋਂ ਮੈਂ ਖੋਜ ਸ਼ੁਰੂ ਕੀਤੀ ਤਾਂ ਮੈਂ ਸੋਚਿਆ ਪਤਾ ਨਹੀਂ ਕਿੰਨੇ ਕੁ ਸੌ ਪੰਜਾਬੀ ਵਿਦਵਾਨ ਪੰਜਾਬੀ ਯੂਨੀਵਰਸਿਟੀ ਤੋਂ ਤਨਖ਼ਾਹਾਂ ਲੈ ਕੇ ਪੰਜਾਬੀ ਦੇ ਨਾਂ ਤੇ ਢਿੱਡ ਭਰੀ ਜਾਂਦੇ ਨੇ ਪਰ ਅੰਕੜੇ ਦੇਖ ਕੇ ਲੱਗਦਾ ਕਿ ਕੁੱਲ ਗਿਣਤੀ ਵੀਹ ਤੀਹ ਕੁ ਤੋਂ ਪਾਰ ਨਹੀਂ ਜਾਂਦੀ ਤੇ ਜਿਨ੍ਹਾਂ ਵਿੱਚੋਂ ਸਿਰਫ਼ ਚਾਰ ਪੰਜ ਹੀ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸਿੱਧੇ ਤੌਰ ਤੇ ਭਰਤੀ ਕੀਤੇ ਹੋਏ ਹਨ। ਹਰ ਸੰਸਥਾ ਵਿੱਚ ਕਈ ਅਜਿਹੇ ਹੁੰਦੇ ਨੇ ਜੋ ਸ਼ਿੱਦਤ ਨਾਲ ਆਪਣਾ ਕੰਮਕਾਰ ਕਰਦੇ ਨੇ ਤੇ ਕਈ ਅਜਿਹੇ ਜੋ ਸਿਰਫ਼ ਆਪਣੀ ਸੌਂਪੀ ਜ਼ੁੰਮੇਵਾਰੀ ਤੱਕ ਸੀਮਤ ਹੁੰਦੇ ਨੇ। ਇਹ ਨੁਕਤਾ ਪੰਜਾਬੀ ਯੂਨੀਵਰਸਿਟੀ ਵਿੱਚ ਕੰਮ ਕਰ ਰਹੇ ਵਿਦਵਾਨਾਂ ਤੇ ਵੀ ਲਾਗੂ ਹੁੰਦਾ- ਜੇ ਸਰਸਰੀ ਜਿਹੀ ਖੋਜ ਕਰੋ ਤਾਂ ਲੱਭ ਲਵੋਗੇ ਕਿ ਕਈ ਆਪਣੀ ਜ਼ਿੰਮੇਵਾਰੀ ਤੋਂ ਵੱਧ ਕੰਮ ਕਰ ਰਹੇ ਨੇ ਤੇ ਕਈਆਂ ਬੱਸ ਲੋੜਾਂ ਜੋਗਾ। ਮੈਂ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਦਵਾਨਾਂ ਨੂੰ ਕੋਈ ਦੋਸ਼-ਮੁਕਤ ਹੋਣ ਦੀ ਚਿੱਟੀ ਪਰਚੀ ਨਹੀਂ ਦੇਣਾ ਚਾਹੁੰਦਾ, ਜਿਸ ਨੂੰ ਅੱਜਕੱਲ੍ਹ “ਕਲੀਨ ਚਿੱਟ” ਵੀ ਬੋਲਦੇ ਨੇ, ਪਰ ਇੱਥੇ ਲਗਦਾ ਘਾਟ ਯੋਜਨਾਵਾਂ, ਨਿਵੇਸ਼ ਤੇ ਪ੍ਰਬੰਧ ਦੀ ਹੈ ਨਾ ਕਿ ਵਿਅਕਤੀਗਤ ਤੌਰ ਤੇ ਕਿਸੇ ਦੇ ਵੱਧ ਘੱਟ ਕੰਮ ਕਰਨ ਦੀ। ਮਸਲਾ ਗਿਣਤੀ ਤੇ ਸਮਰੱਥਾ ਦਾ ਲੱਗਦਾ ਨਾ ਕਿ ਮੁਹਾਰਤ ਦਾ। ਨਾਲੇ ਜੇ ਪ੍ਰਬੰਧ ਸਹੀ ਹੋਵੇ ਤਾਂ ਸਭ ਆਪੇ ਹੀ ਤੀਰ ਵਾਂਗ ਸਿੱਧੇ ਕੰਮ ਕਰਨ – ਪਰ ਕੰਮ ਉਹੀ ਜਿਸ ਕੰਮ ਦੀ ਜ਼ਿੰਮੇਵਾਰੀ ਹੈ ਤੇ ਜਿਸ ਦੇ ਪੈਸੇ ਮਿਲਦੇ ਹਨ। ਪੱਛਮੀ ਮੁਲਕਾਂ ਵਿੱਚ ਲੋਕ ਕੰਮਕਾਰ ਤੇ ਝੱਟ ਇਹ ਕਹਿ ਦਿੰਦੇ ਨੇ ਕਿ “ਦੈਟ ਇਜ਼ ਨਾਟ ਮਾਈ ਜੌਬ (That’s not my job!) “, ਪਰ ਇੱਥੇ ਵੱਖੋ ਵੱਖ ਪੰਜਾਬੀ ਵਿਭਾਗਾਂ ਵਿੱਚ ਕੰਮ ਕਰਦੇ ਵਿਦਵਾਨਾਂ ਤੋਂ ਅਸੀਂ ਇਹ ਕਿਉਂ ਆਸ ਲਾ ਕੇ ਬੈਠੇ ਹਾਂ ਕਿ ਉਹੀ ਸਾਰਾ ਕੁਝ ਕਰਨ ਉਹ ਵੀ ਉਹਨਾਂ ਵਿੱਚੋ ਕਈ ਆਰਜ਼ੀ ਨੌਕਰੀਆਂ ਦੌਰਾਨ? ਕਿਸੇ ਦੀ ਤਾਲੀਮ, ਮੁਹਾਰਤ ਤੇ ਤਜਰਬਾ ਪੜ੍ਹਾਉਣ ਦਾ ਹੋਵੇਗਾ ਤੇ ਕਿਸੇ ਦਾ ਖੋਜ ਦਾ – ਸਾਰਿਆਂ ਤੋ ਇੱਕੋ ਜਿਹੀ ਆਸ ਰੱਖਣੀ ਕਿੰਨੀ ਕੁ ਵਾਜਬ ਹੈ? ਹੁਣ ਮੇਰਾ ਆਹ ਵਾਕ ਪੜ੍ਹ ਕੇ ਕਈ ਕਹਿਣਗੇ ਕਿ ਇਹਨਾਂ ਨੂੰ ਲੱਖਾਂ ਰੁਪਏ ਤਨਖ਼ਾਹਾਂ ਮਿਲਦੀਆਂ। ਪਰ 2023- 2024 ਦੇ ਅਖ਼ਬਾਰ ਦੱਸਦੇ ਨੇ ਕਿ ਕਈ ਹਫ਼ਤੇ ਧਰਨੇ ਲਾ ਕੇ ਵੀ ਚਾਰ ਚਾਰ ਮਹੀਨੇ ਤਨਖ਼ਾਹਾਂ ਨਹੀਂ ਮਿਲਦੀਆਂ। – ਢਿੱਡ ਨੇੜੇ ਕੇ ਭਾਸ਼ਾ ਦਾ ਵਿਕਾਸ? ਸਾਡੇ ਵਿੱਚੋਂ ਕਿੰਨਿਆਂ ਕੁ ਨੂੰ ਆਪਣਾ ਬਣਦਾ ਮਿਹਨਤਾਨਾ ਲੈਣ ਲਈ ਧਰਨੇ ਲਾਉਣੇ ਪੈਂਦੇ ਨੇ? ਕੁੱਲ ਮਿਲਾ ਕਿ ਮੈਨੂੰ ਇਹ ਲੱਗਦਾ ਕਿ ਪੰਜਾਬੀ ਭਾਸ਼ਾ ਦੇ ਰੁਕੇ ਵਿਕਾਸ ਇਕੱਲੇ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਦਵਾਨਾਂ ਸਿਰ ਭਾਂਡਾ ਭੰਨਣਾ ਬੱਸ ਦਿਲ ਸਮਝਾਉਣ ਵਾਲੀ ਗੱਲ ਲੱਗਦਾ ਜਾਂ ਕਹਿ ਲਵੋ ਪਾਣੀ ਵਿੱਚ ਸੋਟੀਆਂ ਮਾਰਨ ਬਰਾਬਰ। ਇਹ ਤਾਂ ਉਹ ਗੱਲ ਆ ਬਈ ਕੁੱਬੇ ਬੂਟੇ ਤੇ ਹਰ ਕੋਈ ਜਾ ਚੜ੍ਹਦਾ ਹੈ। ਕਹਿੰਦੇ ਨੇ ਜਿੰਨਾ ਗੁੜ ਪਾਓਗੇ ਉੱਨਾ ਹੀ ਮਿੱਠਾ ਹੋਵੇਗਾ, ਪੰਜ ਸੱਤ ਜਣਿਆਂ ਨਾਲ ਅਕਾਦਮਿਕ ਪੱਧਰ ਤੇ ਕੀ ਪੰਜਾਬੀ ਭਾਸ਼ਾ ਦਾ ਵਿਕਾਸ ਕਰੋਗੇ ਤੇ ਕੀ ਛੱਡੋਗੇ? ਪੰਜਾਬੀ ਯੂਨੀਵਰਸਿਟੀ ਆਪਣੇ ਮੁੱਢਲੇ ਉਦੇਸ਼ ਤੋਂ ਭਟਕ ਗਈ, ਇਹ ਗੱਲ ਪੜ੍ਹਨ ਨੂੰ ਔਖੀ ਲੱਗਦੀ ਹੈ ਪਰ ਜੇ ਹੋਰ ਦ੍ਰਿਸ਼ਟੀਕੋਣ ਤੋਂ ਦੇਖੀਏ ਤਾਂ ਜੇ ਪੰਜਾਬੀ ਯੂਨੀਵਰਸਿਟੀ ਬਹੁਪੱਖੀ ਨਾ ਬਣਦੀ ਤਾਂ ਕੀ ਮਾਲਵੇ ਵਿੱਚ ਲੱਖਾਂ ਵਿਦਿਆਰਥੀਆਂ ਨੂੰ ਵਾਜਬ ਤੇ ਘੱਟ ਫ਼ੀਸਾਂ ਤੇ ਵੱਖ ਵੱਖ ਵਿਸ਼ਿਆਂ ਵਿੱਚ ਪੜ੍ਹਾਉਣ ਲਈ ਕੋਈ ਹੋਰ ਸੰਸਥਾ ਸੀ ਜਾਂ ਹੈ? ਸਵਾਲ ਇਹ ਹੈ ਕਿ ਇਸ ਸੰਸਥਾ ਨੂੰ ਮੁਢਲੇ ਉਦੇਸ਼ ਤੋ ਕਿਉਂ ਭਟਕਣਾ ਪਿਆ? ਜੇ ਇਸ ਦਾ ਮੁੱਢਲਾ ਉਦੇਸ਼ ਪੰਜਾਬੀ ਦਾ ਵਿਕਾਸ ਨਹੀਂ ਰਹਿ ਗਿਆ ਸੀ ਤਾਂ ਇਹ ਜ਼ਿੰਮੇਵਾਰੀ ਕਿਸੇ ਹੋਰ ਨੂੰ ਕਿਉਂ ਨਹੀਂ ਸੌਂਪੀ ਗਈ ਤੇ ਇਹ ਜ਼ਿੰਮੇਵਾਰੀ ਕਿਸ ਨੇ ਕਿਸ ਨੂੰ ਸੌਂਪਣੀ ਸੀ? ਪੰਜਾਬੀ ਯੂਨੀਵਰਸਿਟੀ ਦੇ ਬਹੁ-ਪੱਖੀ ਅਤੇ ਬਹੁ-ਫੈਕਲਟੀ ਹੋਣ ਦਾ ਵਰਤਾਰਾ ਪਿਛਲੇ ਚਾਰ ਦਹਾਕਿਆਂ ਤੋਂ ਚੱਲ ਰਿਹਾ ਤੇ ਕਿਉਂ ਨਹੀਂ ਪੰਜਾਬ ਵਿੱਚ ਕੋਈ ਸਮਾਜਿਕ, ਰਾਜਨੀਤਿਕ ਤੇ ਆਰਥਿਕ ਲਹਿਰ ਦਾ ਆਗਾਜ਼ ਹੋਇਆ ਇਸ ਮਸਲੇ ਦੇ ਹੱਲ ਲਈ? ਲੋੜ ਹੈ ਬਿਮਾਰੀ ਦੀ ਅਸਲ ਜੜ੍ਹ ਨੂੰ ਲੱਭਣ ਦੀ ਤਾਂ ਜੋ ਇਸ ਦੇ ਹੱਲ ਲਈ ਕੋਈ ਹੀਲਾ ਕੀਤਾ ਜਾ ਸਕੇ ਨਹੀਂ ਤਾਂ ਫਿਰ ਨਮਾਜ਼ ਬਖ਼ਸਾਉਣ ਗਏ ਗਲ਼ ਰੋਜ਼ੇ ਪਾਏ ਵਾਲੀ ਗੱਲ ਹੋ ਜਾਣੀ ਆ। ਇਸ ਤੋਂ ਪਹਿਲਾਂ ਕੇ ਮੇਰੇ ਸਮੇਤ ਸਭ ਸਮੱਸਿਆ ਦਾ ਹੱਲ ਪੇਸ਼ ਕਰਨ ਲਈ ਤਤਪਰ ਹੋਣ, ਸਭ ਤੋਂ ਵੱਧ ਲੋੜ ਹੈ ਅੱਜ ਅਜਿਹੀਆਂ ਵਿਚਾਰ ਚਰਚਾਵਾਂ ਕਰਨ ਦੀ ਜਿੱਥੇ ਸਿਰਫ਼ ਤੇ ਸਿਰਫ਼ ਪੰਜਾਬੀ ਭਾਸ਼ਾ ਦੇ ਵਿਕਾਸ ਨਾਲ ਜੁੜੀਆਂ ਸਮੱਸਿਆਵਾਂ ਨੂੰ ਨਿਰਪੱਖ ਤੌਰ ਤੇ ਸਮਝਣ ਉੱਤੇ ਜ਼ੋਰ ਦਿੱਤਾ ਜਾਵੇ ਤਾਂ ਜੋ ਅੱਗਾ ਦੌੜ ਤੇ ਪਿੱਛਾ ਚੌੜ ਨਾ ਹੋ ਜਾਏ। ਖ਼ਾਸ ਟਿੱਪਣੀਆਂ
ਕੁਝ ਹੋਰ ਵਾਧੂ ਟਿੱਪਣੀਆਂ:
ਹਵਾਲੇ: https://punjabiuniversity.ac.in/ |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |