29 March 2024
ਹਰਮੀਤ ਸਿੰਘ ਅਟਵਾਲ

ਅਦੀਬ ਸਮੁੰਦਰੋਂ ਪਾਰ ਦੇ: ਹਕੀਕਤ ਪਸੰਦ ਸ਼ਾਇਰ ਰਾਜ ਲਾਲੀ ਬਟਾਲਾ—ਹਰਮੀਤ ਸਿੰਘ ਅਟਵਾਲ

ਰਾਜ ਲਾਲੀ ਬਟਾਲਾ
001-647-361 4325

ਧੁਨੀ ਦੀ ਪਛਾਣ ਅੱਖਰਾਂ ਨਾਲ ਹੈ। ਅੱਖਰਾਂ ਨਾਲ ਸ਼ਬਦ ਤੇ ਸ਼ਬਦਾਂ ਨਾਲ ਮਿਸਰੇ ਬਣਦੇ ਹਨ। ਮਿਸਰਿਆਂ ਨਾਲ ਸ਼ਿਅਰ ਤੇ ਸ਼ਿਅਰਾਂ ਨਾਲ ਗ਼ਜ਼ਲਾਂ ਬਣਦੀਆਂ ਹਨ। ਗ਼ਜ਼ਲਾਂ ਵਿਚ ਖ਼ਿਆਲਾਂ ਦਾ ਪਾਸਾਰ ਹੁੰਦਾ ਹੈ। ਖ਼ਿਆਲਾਂ ਦੀ ਉਤਪਤੀ ਜਾਂ ਆਮਦ ਅਨੁਭਵ ’ਚੋਂ ਹੁੰਦੀ ਹੈ। ਅਨੁਭਵ ਨੂੰ ਕਲਾ-ਕੌਸ਼ਲਤਾ ਜਾਂ ਕਹਿ ਲਓ ਸੰਜਮੀ, ਸੰਕੋਚਵੀਂ, ਜੀਵੰਤ, ਮਾਂਜੀ ਹੋਈ ਤੇ ਸ਼ਕਤੀਸ਼ਾਲੀ ਸ਼ੈਲੀ ਸੰਵਾਰਦੀ ਹੈ ਤੇ ਸਿਰਜਣਾ ਨੂੰ ਸਹੀ ਸਰੂਪ ਦਿੰਦੀ ਹੈ। ਇੰਜ ਅੰਤ ਨੂੰ ਸ਼ਾਇਰੀ ਆਪਣੇ ਅਸਲੀ ਰੰਗ ਵਿਚ ਪਾਠਕਾਂ/ਸਰੋਤਿਆਂ ਦੇ ਮਨ-ਮਸਤਕ ਨੂੰ ਟੁੰਬਦੀ ਹੋਈ ਪਾਠਕਾਂ ਵਿਚ ਪ੍ਰਵਾਨਗੀ ਪ੍ਰਾਪਤ ਕਰਦੀ ਹੈ। ਉਂਝ ਵੀ ਕਹਿੰਦੇ ਨੇ ਸ਼ਾਇਰੀ ਜਾਂ ਕਵਿਤਾ ਕੰਧ ’ਤੇ ਬੈਠੀ ਚਿੜੀ ਨਹੀਂ ਹੁੰਦੀ ਜਿਹੜੀ ਛੋਟਾ ਜਿਹਾ ਜਾਲ਼ ਸੁੱਟਕੇ ਫੜ ਲਈ ਜਾਵੇ। ਤੱਤ ਵਾਲੀ ਗੱਲ ਇਹ ਹੈ ਕਿ ਕਵਿਤਾ ਕਵੀ ਨੂੰ ਇੰਝ ਆਉਣੀ ਚਾਹੀਦੀ ਹੈ ਜਿਵੇਂ ਰੁੱਖ ਨੂੰ ਪੱਤੇ ਆਉਦੇ ਹਨ ਤੇ ਜੇ ਇੰਝ ਨਹੀਂ ਆਉਂਦੀ ਤਾਂ ਏਦੂੰ ਨਾ ਆਈ ਚੰਗੀ। ਜਿਵੇਂ ਪਾਣੀ ਰਿੜਕਿਆਂ ਕੁਝ ਨਹੀਂ ਨਿਕਲਦਾ, ਉਵੇਂ ਤਨ ਮਨ ਦਾ ਜ਼ੋਰ ਲਾ ਕੇ ਲਿਖੀ ਕਵਿਤਾ ਅੱਬਲ ਤਾਂ ਕਵਿਤਾ ਹੁੰਦੀ ਹੀ ਨਹੀਂ, ਜੇ ਹੋਵੇ ਵੀ ਤਾਂ ਉਹ ਸਬੰਧਿਤ ਕਰਤੇ ਜੋਗੀ ਹੀ ਰਹਿ ਜਾਂਦੀ ਹੈ। ਹੋਰ ਕਿਸੇ ਦਾ ਕੁਝ ਨਹੀਂ ਸੁਆਰ ਸਕਦੀ।

ਦਰਅਸਲ ਸਹੀ ਸਿਰਜਣਾ ਇਕ ਸੁਭਾਵਿਕ ਅਮਲ ਹੈ। ਸੁਭਾਵਿਕਤਾ ਹੀ ਸਾਰਥਕ ਤੇ ਭਾਵਪੂਰਤ ਹੁੰਦੀ ਹੈ। ਸੁਭਾਵਿਕਤਾ ਵੀ ਆਪਣੇ ਆਪ ’ਚ ਮਾਹੀਯਤ, ਸੱਚਾਈ, ਅਸਲ, ਯਥਾਰਥ ਜਾਂ ਹਕੀਕਤ ਤੋਂ ਪ੍ਰੇਰਤ ਹੁੰਦੀ ਹੈ। ਜਿਸ ਸ਼ਾਇਰ ਵਿਚ ਇਸ ਹਕੀਕਤ ਜਾਂ ਸੱਚ ਨੂੰ ਸਿਰਜਣ ਦੀ ਸਮਝ ਤੇ ਸਮਰੱਥਾ ਹੋਵੇ, ਉਹੀ ਸਫ਼ਲ ਹੁੰਦਾ ਹੈ। ਐਸਾ ਹੀ ਸਫ਼ਲਤਾ ਸੰਪੰਨ ਹੈ ਸਾਡਾ ਸ਼ਿਕਾਗੋ (ਅਮਰੀਕਾ) ਵੱਸਦਾ ਹਕੀਕਤ ਪਸੰਦ ਸ਼ਾਇਰ ਰਾਜ ਲਾਲੀ ਬਟਾਲਾ ਜਿਸ ਦੀਆਂ ਗ਼ਜ਼ਲਾਂ ਪਾਠਕਾਂ ਤੇ ਸਰੋਤਿਆਂ ਨੂੰ ਬਹੁਤ ਕੁਝ ਐਸਾ ਸਾਹਿਤਕ ਸੱਚ ਨਾਲ ਭਰਪੂਰ ਪ੍ਰਦਾਨ ਕਰਦੀਆਂ ਹਨ ਜਿਹੜਾ ਅੰਤ ਨੂੰ ਉਨ੍ਹਾਂ ਦੀ ਹੋਂਦ-ਹੋਣੀ ਨਾਲ ਵੀ ਜੁੜਿਆ ਹੁੰਦਾ ਹੈ।

ਹਕੀਕਤ ਪਸੰਦੀ ਨੂੰ ਦਰਸਾਉਦੇ ਰਾਜ ਲਾਲੀ ਦੇ ਕੁਝ ਚੋਣਵੇਂ ਸ਼ਿਅਰ ਆਪ ਦੀ ਨਜ਼ਰ ਹਨ :-

ਬਣ ਜਾਂਦਾ ਜੋ ਦਰਸ਼ਕ ਏਥੇ ਨਾ ਜਿਤਦਾ ਨਾ ਹਰਦਾ ਬੰਦਾ।
ਮਾੜੇ ਦੀ ਇਹ ਬਾਤ ਨਾ ਪੁੱਛੇ ਤਕੜੇ ਕੋਲੋਂ ਡਰਦਾ ਬੰਦਾ।

ਢਿੱਡ ਕਿਸੇ ਦਾ ਭਰ ਨਹੀਂ ਸਕਦਾ ਬੈਂਕਾਂ ਨੂੰ ਹੈ ਭਰਦਾ ਬੰਦਾ।
ਮੇਰੇ ਨਾਲ ਦਗਾ ਜਿਸ ਕੀਤਾ ਮੇਰਾ ਸੀ ਉਹ ਘਰਦਾ ਬੰਦਾ।

ਸਰਦਾ ਨਾ ਉਸ ਕੋਲੋਂ ਕੁਝ ਵੀ ਉਂਝ ਤਾਂ ਬਣਦਾ ਸਰਦਾ ਬੰਦਾ।
ਠਰਦਾ ਹੈ ਤਾਂ ਬਸ ਅੰਦਰ ਦੇ ਪਾਲੇ ਕੋਲੋਂ ਠਰਦਾ ਬੰਦਾ।

ਪਰਵਾਸ ਦੇ ਪ੍ਰਭਾਵ ਦੀ ਅਸਲੀਅਤ ਵੀ ਰਾਜ ਲਾਲੀ ਨੇ ਖ਼ੂਬ ਚਿਤਰੀ ਹੈ। ਮਸਲਨ :-

ਪਰਦੇਸਾਂ ਵਿਚ ਪੂਰਨ ਪੁੱਤ ਭਟਕਣ ਰੋਜ਼ੀ ਰੋਟੀ ਖ਼ਾਤਿਰ
ਪਿੱਛੇ ਦੇਸ਼ ’ਚ ਰੁਲ ਗਈਆਂ ਨੇ ਇੱਛਰਾਂ ਵਰਗੀਆ ਮਾਵਾਂ।

ਕੰਧਾਂ ਹੀ ਕੰਧਾਂ ਨੇ ਇੱਥੇ, ਦਮ ਘੁੱਟਦਾ ਹੈ ਘਰ ਅੰਦਰ
ਦਿਲ ਕਰਦਾ ਹੈ ਕੰਧਾਂ ਅੰਦਰ ਰੌਸ਼ਨਦਾਨ ਬਣਾਵਾਂ।

ਜੋ ਰੁੱਖ ਵੱਧਦੇ ਵੱਧਦੇ ਲਾਲੀ ਹੱਦੋਂ ਵੱਧ ਲੰਮੇ ਹੋ ਜਾਵਣ
ਪਰਛਾਵਾਂ ਹੁੰਦਾ ਏ ਉਹਨਾਂ ਦਾ ਪਰ ਹੋਣ ਨਾ ਠੰਢੀਆਂ ਛਾਵਾਂ।

ਅੱਜ ਦੇ ਮਨੁੱਖ ਦੇ ਚਿਹਰੇ ਤੋਂ ਝਲਕਦੀ ਨਿਰਾਸ਼ਾ ਦੀ ਅਸਲੀਅਤ ਨੂੰ ਰਾਜ ਲਾਲੀ ਇੰਝ ਉਜਾਗਰ ਕਰਦਾ ਹੈ :-

ਦਿਲ ਦੀ ਪੀੜ ਲੁਕੋ ਨਾ ਸਕਿਆ,
ਬੇਸ਼ੱਕ ਮੁੱਖੜਾ ਧੋਇਆ ਲਗਦਾ।

ਲਗਦਾ ਆਸ ਮੁਕਾ ਦਿੱਤੀ ਹੈ,
ਤਾਂ ਹੀ ਬੂਹਾ ਢੋਇਆ ਲਗਦਾ।

ਰਾਜ ਲਾਲੀ ਦਾ ਜਨਮ 17 ਦਸੰਬਰ 1971 ਈ: ਨੂੰ ਪਿਤਾ ਮੰਗਲ ਦਾਸ ਸ਼ਰਮਾ (ਹੈੱਡ ਮਾਸਟਰ) ਅਤੇ ਮਾਤਾ ਸ਼ਕੁੰਤਲਾ ਦੇਵੀ ਦੇ ਘਰ ਪਿੰਡ ਮਲਕਵਾਲ (ਗੁਰਦਾਸਪੁਰ) ਵਿਖੇ ਹੋਇਆ। ਰਾਜ ਲਾਲੀ ਨੇ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਤੋਂ ਐੱਮ.ਟੈੱਕ ਕੀਤੀ ਹੈ। ਸ਼ਿਕਾਗੋ (ਅਮਰੀਕਾ) ਜਾ ਕੇ ਮਕੈਨੀਕਲ ਇੰਜਨੀਅਰਿੰਗ ਦੀ ਪੜ੍ਹਾਈ ਕੀਤੀ ਹੈ। ਅੱਜ ਕੱਲ੍ਹ ਉਹ ਅਮਰੀਕਾ ਵਿਚ ਬਤੌਰ ਮਕੈਨੀਕਲ ਇੰਜੀਨੀਅਰ ਹੀ ਇਕ ਐੱਮ.ਐੱਨ.ਸੀ. ਕੰਪਨੀ ਵਿਚ ਨੌਕਰੀ ਕਰਦਾ ਹੈ। ਸ਼ਿਕਾਗੋ ਵਿਚ ਹੀ ਰਿਹਾਇਸ਼ ਹੈ। ਪਤਨੀ ਰਾਗਿਨੀ, ਬੇਟਾ ਸ਼ਾਨ ਤੇ ਬੇਟੀ ਸ਼ਾਇਨਾ ਨਾਲ ਵਧੀਆ ਜ਼ਿੰਦਗੀ ਬਸਰ ਕਰ ਰਿਹਾ ਹੈ।

ਇਸ ਵਕਤ ਰਾਜ ਲਾਲੀ ਬਟਾਲਾ ਮਾਫ਼ੌਕ, ਬੁਲੰਦ ਜਾਂ ਕਹਿ ਲਓ ਸ਼੍ਰੇਸ਼ਟ ਸ਼ਾਇਰ ਹੈ। ਉਹ ਨਜ਼ਮ ਦੀ ਨਜੀਫ਼ ਨੂੰ ਵੀ ਜਾਣਦਾ ਹੈ ਤੇ ਗ਼ਜ਼ਲ ਦੇ ‘ਆਸ਼ਕਾਨਾ’, ‘ਰਿੰਦਾਨਾ’ ਤੇ ‘ਸੂਫ਼ੀਅਨਾ’ ਰੰਗਾਂ ਨੂੰ ਵੀ ਜਾਣਦਾ ਹੈ। ਉਸ ਨੂੰ ‘ਫਨ-ਏ-ਸ਼ਾਇਰੀ’ ਦੀ ਵੀ ਖਾਸੀ ਸਮਝ ਹੈ। ‘ਰੰਗ-ਏ-ਤਗੱਜ਼ੁਲ’ ਦੀ ਵੀ ਉਸ ਵਿਚ ਲੋੜੀਂਦੀ ਯੋਗਤਾ ਹੈ। ਉਹ ਆਪਣੇ ਸ਼ਿਅਰਾਂ ਵਿਚ ਓਪਰੇ ਜਿਹੇ ਬੁਝਾਰਤਾਂ ਵਰਗੇ ਸਮਾਮੀ ਸ਼ਬਦ ਨਹੀਂ ਬਣਾਉਦਾ ਸਗੋਂ ਲੋਕ ਮੁਹਾਵਰੇ ਦੇ ਅੰਗ-ਸੰਗ ਵਿਚਰਦਾ ਹੈ। ਉਸ ਦੀਆਂ ਹੁਣ ਤਕ ਦੋ ਕਾਵਿ-ਪੁਸਤਕਾਂ ਪਾਠਕਾਂ ਕੋਲ ਪੱੁਜੀਆਂ ਹਨ। ਇਕ ਹੈ ‘ਲਾਲੀ’ (ਗ਼ਜ਼ਲ ਸੰਗ੍ਰਹਿ) ਤੇ ਦੂਜੀ ਹੈ ‘ਸੂਰਜਾ ਵੇ ਸੂਰਜਾ’ (ਕਾਵਿ-ਸੰਗ੍ਰਹਿ)।

ਕ੍ਰਮਵਾਰ ਗੱਲ ਕਰੀਏ ਤਾਂ ‘ਲਾਲੀ’ ਰਾਜ ਲਾਲੀ ਦਾ 90 ਪੰਨਿਆਂ ਦਾ ਗ਼ਜ਼ਲਾਂ ਦਾ ਦੀਵਾਨ ਹੈ ਜਿਸ ਵਿਚ ਕੁਲ 60 ਗ਼ਜ਼ਲਾਂ ਹਨ। ਇਨ੍ਹਾਂ ਗ਼ਜ਼ਲਾਂ ਨੂੰ ਪੜ੍ਹਦਿਆਂ ਪਾਠਕ ਨੂੰ ਜਿੱਥੇ ਇਕ ਵੱਖਰੀ ਕਿਸਮ ਦਾ ਸ਼ਾਇਰਾਨਾ ਲੁਤਫ਼ ਮਿਲਦਾ ਹੈ ਉਥੇ ਅੱਜ ਦੇ ਮਾਨਵੀ ਸਮਾਜ ਦੀ ਫ਼ਿਤਰਤ ਵੀ ਸਮਝ ਆਉਂਦੀ ਹੈ। ਇਹ ਵੀ ਪਤਾ ਲਗਦਾ ਹੈ ਕਿ ਕਿਵੇਂ ਚਰਗ ਚੜ੍ਹੀ ਤੇ ਚਾਂਭਲੀ ਮਾਨਸਿਕਤਾ ਮਾਤ੍ਹੜ ਤੋਂ ਮੁੱਖ ਮੋੜਕੇ ਲੰਘਦੀ ਹੈ। ਇਹ ਵੀ ਕਿ ਕਿਵੇਂ ਮਜਹੂਲ ਮਨੁੱਖ ਦਾਅ-ਲੱਗੇ ਥਾਂਵੀਂ ਮਾਲਕੀ ਦਾ ਪ੍ਰਭਾਵ ਦਿੰਦਾ ਹੈ। ਹੋਰ ਬੜਾ ਕੁਝ ਹੈ ਲਾਲੀ ਦੇ ਸ਼ਿਅਰਾਂ ’ਚ ਜਿਹੜਾ ਪੜ੍ਹਨ-ਸੁਣਨ ਵਾਲੇ ਨੂੰ ਆਪਣਾ-ਆਪਣਾ ਲਗਦਾ ਹੈ। ਅਜਿਹੀ ਸਥਿਤੀ ਸ਼ਾਇਰੀ ਦੀ ਪ੍ਰਾਪਤੀ ਵਾਲੀ ਹੁੰਦੀ ਹੈ। ਇਸ ਪੱਖੋਂ ਰਾਜ ਲਾਲੀ ਬਖ਼ਤਾਵਰ ਹੈ। ਉਸ ਦੀ ਇਸ ਪੁਸਤਕ ਬਾਰੇ ਤਰਸੇਮ ਨੂਰ, ਕ੍ਰਿਸ਼ਨ ਭਨੋਟ, ਅਜੇ ਤਨਵੀਰ, ਰਾਜਵੰਤ ਰਾਜ ਤੇ ਰਾਕੇਸ਼ ਤੇਜਪਾਲ ਜਾਨੀ ਨੇ ਵੀ ਆਪਣੇ ਪੜਚੋਲਵੇਂ ਵਿਚਾਰ ਵਿਅਕਤ ਕੀਤੇ ਹਨ। ਅਜੇ ਤਨਵੀਰ ਨੇ ਲਿਖਿਆ ਹੈ ਕਿ ਗ਼ਜ਼ਲ ਰਾਜ ਨੂੰ ਇਸ ਤਰ੍ਹਾਂ ਮਿਲਦੀ ਹੈ ਜਿਵੇਂ ਹਵਾ ਰੁੱਖਾਂ ਨੂੰ ਮਿਲਦੀ ਹੈ ਤੇ ਮਹਿਕ ਫੁੱਲਾਂ ਨੂੰ ਮਿਲਦੀ ਹੈ। …ਰਾਜ ਦੀ ਸ਼ਾਇਰੀ ਨੂੰ ਮਾਪਣ ਲਈ ਫ਼ੀਤੇ ਦੀ ਲੋੜ ਨਹੀਂ। ਉਸ ਨੂੰ ਸਮਝਣ ਦੀ ਲੋੜ ਹੈ। ਉਸ ਅੰਦਰ ਡੁੱਬਣ ਦੀ ਲੋੜ ਹੈ। ਨਾਮਵਰ ਸ਼ਾਇਰ ਕ੍ਰਿਸ਼ਨ ਭਨੋਟ ਨੇ ਲਾਲੀ ਨੂੰ ‘ਆਧੁਨਿਕ ਭਾਵ ਬੋਧ’ ਦਾ ਸ਼ਾਇਰ ਆਖਿਆ ਹੈ। ਰਾਜਵੰਤ ਰਾਜ ਮੁਤਾਬਕ ਲਾਲੀ ‘ਕੋਮਲ ਇਨਸਾਨੀ ਭਾਵਨਾਵਾਂ ਦਾ ਸ਼ਾਇਰ ਹੈ।’

ਰਾਜ ਲਾਲੀ ਬਟਾਲਾ ਦੀ ਦੂਜੀ ਕਾਵਿ-ਪੁਸਤਕ ਹੈ ‘ਸੂਰਜਾ ਵੇ ਸੂਰਜਾ।’ ਇਹ ਹੈ ਭਾਵੇਂ ਨਜ਼ਮਾਂ ਦੀ ਪੁਸਤਕ ਪਰ ਇਨ੍ਹਾਂ ਨਜ਼ਮਾਂ ਅੰਦਰ ਵੀ ਸਰੋਦੀ ਤੱਤ ਆਪਣੇ ਅਥਾਹ ਵੇਗ ਨਾਲ ਚਲਦਾ ਹੈ। ਇਨ੍ਹਾਂ ਨਜ਼ਮਾਂ ਵਿਚ ਵੀ ਸ਼ਾਇਰ ਨੇ ਨਿਵੇਕਲੀਆਂ ਤੇ ਨਰੋਈਆਂ ਗੱਲਾਂ ਕੀਤੀਆਂ ਤੇ ਆਪਣੀ ਕਾਵਿ-ਚੇਤਨਾ ਦੇ ਉੱਚੇ ਮਿਆਰ ਨੂੰ ਬਰਕਰਾਰ ਰੱਖਿਆ ਹੈ। ਇਸ ਪੁਸਤਕ ਬਾਰੇ ਭੁਪਿੰਦਰ ਦੁਲੇ ਬਰੈਂਪਟਨੀ ਨੇ ਕਾਫ਼ੀ ਵਿਸਤਾਰ ’ਚ ਲਿਖਿਆ ਹੈ।

‘ਆਪਣੇ ਵੱਲੋਂ’ ਰਾਜ ਲਾਲੀ ਨੇ ਵੀ ਲਿਖਿਆ ਹੈ ਕਿ ਮੇਰੀ ਕਵਿਤਾ ਸੱਚੀਂ ਉਦਰੇਵੇਂ ’ਚੋਂ ਹੀ ਜਨਮਦੀ ਹੈ। …ਓਹੀਓ ਉਦਰੇਵਾਂ ਜਦੋਂ ਸ਼ਬਦਾਂ ਦਾ ਰੂਪ ਅਖ਼ਤਿਆਰ ਕਰਦਾ ਹੈ ਤਾਂ ਮੈਂ ਦੁਬਾਰੇ ਆਪਣੀ ਮਿੱਟੀ ਨਾਲ ਜੁੜ ਜਾਂਦਾ ਹਾਂ।’ ਦਰਅਸਲ ਇਹ ਮਿੱਟੀ ਦਾ ਮੋਹ ਵੀ ਇਕ ਐਸੀ ਸੱਚਾਈ ਹੈ, ਐਸੀ ਹਕੀਕਤ ਹੈ ਜਿਸ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ। ਅਸਲ ਜ਼ਿੰਦਗੀ ਤਾਂ ਜੜ੍ਹਾਂ ਵਿਚ ਹੀ ਹੁੰਦੀ ਹੈ। ਜੜ੍ਹਾਂ ਤੋਂ ਦੂਰੀ ਉਦਰੇਵੇਂ ਦਾ ਸਬੱਬ ਬਣਦੀ ਹੈ। ਇਹ ਸਬੱਬ ਈ ਆਪਣੇ ਪੱਧਰ ’ਤੇ ਸਾਹਿਤਕ ਸਿਰਜਣਾ ਨੂੰ ਸਾਰਥਕਤਾ ਬਖਸ਼ਦਾ ਹੈ। ਇਸ ਪੁਸਤਕ ’ਚੋਂ ਇਕ ਨਜ਼ਮ ਦੇ ਕੁਝ ਕਾਵਿ-ਅੰਸ਼ ਇਉ ਹਨ :-

ਮਾੜਿਆਂ ਦੇ ਚੱੁਲ੍ਹੇ ਦਾ ਖ਼ਿਆਲ ਰੱਖੀ ਰਾਣੀਏ ਨੀਂ
ਥੋੜ੍ਹਾ-ਬਹੁਤਾ ਲਵੀਂ ਤੂੰ ਵਿਚਾਰ

ਝੁੱਗੀਆਂ ’ਚੋਂ ਰਤਾ ਤਾਂ ਹਨੇਰਾ ਦੂਰ ਕਰ ਦੇਵੀਂ
ਸੁਣੀ ਸੱਚੀਂ ਉਹਨਾਂ ਦੀ ਪੁਕਾਰ

ਰਾਜ ਲਾਲੀ ਬਟਾਲਾ ਦੀ ਵਿਲੱਖਣਤਾ ਉਸ ਦੇ ਸੁਭਾਅ ਵਿਚ ਵੀ ਹੈ। ਚੰਗੇ ਸੁਭਾਅ ਦੇ ਮਾਲਕ ਇਸ ਸ਼ਾਇਰ ਨਾਲ ਸਾਡੀ ਅਦਬੀ ਗੱਲਬਾਤ ਚਲਦੀ ਰਹਿੰਦੀ ਹੈ। ਉਸ ਵੱਲੋਂ ਕੁਝ ਅੰਸ਼ ਇਥੇ ਤੁਹਾਡੀ ਨਜ਼ਰ ਹਨ:-

*ਮੈਨੂੰ ਮਨੁੱਖੀ ਸਰੋਕਾਰ, ਖ਼ਾਸ ਕਰਕੇ ਉਦਾਸ ਪਲ ਬਹੁਤ ਪ੍ਰਭਾਵਿਤ ਕਰਦੇ ਹਨ। ਉਹ ਮੇਰੀ ਕਲਮ ਨੂੰ ਕੁਝ ਲਿਖਣ ਦੇ ਸਮਰੱਥ ਕਰ ਜਾਂਦੇ ਹਨ।

*ਬਹੁਤੀਆਂ ਗ਼ਜ਼ਲਾਂ ਮੈਨੂੰ ਯਾਦ ਰਹਿ ਜਾਂਦੀਆਂ ਹਨ।

*ਉਸਤਾਦ ਕਮਲ ਦੇਵ ਪਾਲ ਜੀ ਤੋਂ ਮੈਂ ਅਰੂਜੀ ਇਲਮ ਦੀ ਪ੍ਰਾਪਤੀ ਕੀਤੀ।

* ਮੇਰੀ ਹਰ ਗ਼ਜ਼ਲ ਵਿਚ ਇਕ ਹਕੀਕਤ ਹੈ, ਇਕ ਪੀੜ ਹੈ, ਇਕ ਦਰਦ ਹੈ ਜੋ ਮੈਂ ਮਹਿਸੂਸ ਕੀਤਾ ਹੈ। ਦੁੱਖ ਚਾਹੇ ਕਿਸੇ ਦਾ ਵੀ ਹੋਵੇ। ਇਕ ਖ਼ਾਸ ਦੇਣ ਹੈ ਕੁਦਰਤ ਦੀ ਮੈਨੂੰ ਪੀੜ ਨੂੰ ਮਹਿਸੂਸ ਕਰਨ ਦੀ।

* ਸੁਰਜੀਤ ਪਾਤਰ, ਸੁਖਵਿੰਦਰ ਅੰਮ੍ਰਿਤ, ਉਸਤਾਦ ਕਮਲ ਦੇਵ ਪਾਲ, ਮਿਰਜ਼ਾ ਗ਼ਾਲਿਬ, ਅਲਾਮਾ ਇਕਬਾਲ, ਫ਼ਰਾਜ ਸਾਹਿਬ, ਸ਼ਿਵ ਕੁਮਾਰ ਬਟਾਲਵੀ ਤੇ ਅਜੋਕੇ ਦੌਰ ਵਿਚ ਹਿੰਦੀ ਸ਼ਾਇਰ ਕੁਮਾਰ ਵਿਸ਼ਵਾਸ ਦੀ ਸ਼ਾਇਰੀ ਬਹੁਤ ਪ੍ਰਭਾਵਿਤ ਕਰਦੀ ਹੈ।

* ਰਿਸ਼ਤਿਆਂ ਦੀ ਅਹਿਮੀਅਤ ਬਹੁਤ ਹੁੰਦੀ ਹੈ। ਰਿਸ਼ਤਿਆਂ ਨੂੰ ਖੁੱਲ੍ਹ ਕੇ ਜਿਊਣ ਦਿਓ, ਤੁਸੀਂ ਆਪ ਜਿਊਣ ਲੱਗ ਪਵੋਗੇ।

* ਸਮਾਜਵਾਦੀ ਸੋਚ ਦਾ ਪੂਰੀ ਤਰ੍ਹਾਂ ਹਾਮੀ ਹਾਂ।

* ਮੇਰਾ ਮੰਨਣਾ ਹੈ ਕਿ ਕਿਤਾਬਾਂ ਤੁਹਾਨੂੰ ਬੇਸ਼ੱਕ ਸਭ ਕੁਝ ਸਿਖਾ ਦਿੰਦੀਆਂ ਹਨ ਪਰ ਕੁਝ ਨੁਕਤੇ ਅਜਿਹੇ ਵੀ ਨੇ ਜੋ ਅੱਜ ਤਕ ਕਿਸੇ ਦੀ ਪਕੜ ’ਚ ਨਹੀਂ ਆਏ। …ਇਸ ਲਈ ਉਸਤਾਦੀ-ਸ਼ਾਗਿਰਦੀ ਪਰੰਪਰਾ ਚਲਦੀ ਰਹਿਣੀ ਚਾਹੀਦੀ ਹੈ।

* ਅਮਰੀਕਾ ਵਿਚ ਕੁਝ ਕੁ ਥਾਵਾਂ ’ਤੇ ਸਾਹਿਤ ਸਭਾਵਾਂ ਵਧੀਆ ਕਾਰਜ ਕਰ ਰਹੀਆਂ ਹਨ। ਸੁਰਿੰਦਰ ਸੋਹਲ ਦਾ ਕਲਾਮ ਵੀ ਮੈਨੂੰ ਚੰਗਾ ਲਗਦਾ ਹੈ।

* ਆਲੋਚਨਾ ਸਕਾਰਾਤਮਕ ਹੋਣੀ ਚਾਹੀਦੀ ਹੈ ਜਿਸ ਨਾਲ ਲੇਖਕ ਨੂੰ ਵੀ ਕੁਝ ਸਿੱਖਣ ਨੂੰ ਮਿਲੇ।

* ਪਾਠਕਾਂ ਦੀ ਕਮੀ ਸ਼ਾਇਦ ਨਾ ਹੋਵੇ ਪਰ ਉਸ ਮਿਆਰ ਦੀ ਕਮੀ ਜ਼ਰੂਰ ਹੈ ਜੋ ਪਾਠਕਾਂ ਨੂੰ ਫਿਰ ਤੋਂ ਕਵਿਤਾ ਨਾਲ ਜੋੜ ਸਕੇ।

ਨਿਰਸੰਦੇਹ ਹਕੀਕਤ ਪਸੰਦ ਸ਼ਾਇਰ ਰਾਜ ਲਾਲੀ ਬਟਾਲਾ ਦੀਆਂ ਸਾਰੀਆਂ ਗੱਲਾਂ ਆਪਣੇ ਆਪ ਵਿਚ ਹਕੀਕਤ ਜਾਂ ਸਚਾਈ ਭਰੀਆਂ ਹੀ ਹਨ। ਆਪਣੀਆਂ ਕਾਵਿ-ਰਚਨਾਵਾਂ ’ਚ ਉਸਨੇ ਮਨੁੱਖੀ ਸਰੋਕਾਰਾਂ ਦੀ, ਔਰਤ ਦੇ ਹੱਕਾਂ ਦੀ, ਸਮਾਜ ਦੇ ਪਿੱਛੇ ਰਹਿ ਜਾਣ ਦੀ, ਮਨ ਨੂੰ ਤੰਗ ਕਰਦੇ ਉਦਰੇਵੇਂ ਜਾਂ ਭੂ-ਹੇਰਵੇ ਦੀ ਗੱਲ ਖੁੱਭ ਕੇ ਕੀਤੀ ਹੈ। ਉਸ ਦੀਆਂ ਇਨ੍ਹਾਂ ਸਤਰਾਂ ਨਾਲ ਹੀ ਇਜਾਜ਼ਤ ਦਿਓ:-

ਮਿਲੇ ਰੋਟੀ ਦੋ ਵੇਲੇ ਦੀ,
ਕੋਈ ਭੁੱਖਾ ਨਹੀਂ ਸੌਵੇਂ
ਸਿਵਾ ਇਸ ਦੇ ਮੇਰੀ ਚਾਹਤ,
ਮੇਰੀ ਸੱਧਰ ਨਹੀਂ ਕੋਈ।
***
179
***

About the author

ਹਰਮੀਤ ਸਿੰਘ ਅਟਵਾਲ
ਹਰਮੀਤ ਸਿੰਘ ਅਟਵਾਲ
+9815505287 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ