29 May 2022

ਅਸੀਂ ਮੌਤ ਬਾਰੇ ਗੱਲ ਕਰਨ ਤੋਂ ਕਿਓਂ ਝਿਜਕਦੇ ਹਾਂ?—ਕੰਵਰ ਬਰਾੜ

ਅਸੀਂ ਮੌਤ ਬਾਰੇ ਗੱਲ ਕਰਨ ਤੋਂ ਕਿਓਂ ਝਿਜਕਦੇ ਹਾਂ?

ਜਿਉਂਦੇ, ਸਾਹ ਲੈਂਦੇ ਸਰੀਰ ਦਾ ਇੱਕੋ ਅੰਤ ਹੈ – ਉਹ ਹੈ ਮੌਤ। ਮੌਤ ਹੀ ਅਟੱਲ ਸੱਚ ਹੈ। ਮਨੁੱਖ ਚਾਹੇ ਕਿੰਨੀ ਵੀ ਵਿਗਿਆਨਿਕ ਤਰੱਕੀ ਕਰ ਲਵੇ, ਪਰ ਮੌਤ ਨੂੰ ਸਦੀਵੀ ਚਕਮਾ ਦੇਣਾ ਸਿਰਫ ਮੁਸ਼ਕਲ ਹੀ ਨਹੀਂ, ਸਗੋਂ ਅਸੰਭਵ ਹੈ।

ਅਸੀਂ ਸੋਚਦੇ ਮਨੁੱਖ, ਸਾਰਾ ਦਿਨ ਤੇ ਕਈ ਵਾਰ ਸਾਰੀ ਉਮਰ, ਇਹਨਾਂ ਗੱਲਾਂ ਨੂੰ ਸੋਚਣ ਤੇ ਕਿਆਸਰਾਈਆਂ ਲਗਾਉਣ ਵਿੱਚ ਲੰਘਾ ਦਿੰਦੇ ਹਾਂ ਕਿ ਜਿਉਂਦੇ ਜੀਅ ਆਉਣ ਵਾਲੇ ਸਮੇਂ ਵਿੱਚ ਸਾਡੀ ਵਿਅਕਤੀਗਤ ਤੇ ਪਰਿਵਾਰਕ ਜਿੰਦਗੀ ਵਿੱਚ ਕੀ ਹੋਣਾ ਜਾਂ ਨਾ ਹੋਣ ਦੀ ਸੰਭਾਵਨਾ ਹੈ – ਪਰ ਮੌਤ, ਜੋ ਯਕੀਨਨ ਸਾਡੀ ਸਭ ਦੀ ਜ਼ਿੰਦਗੀ ਦਾ ਅੰਤਲਾ ਮੀਲ-ਪੱਥਰ ਹੋਵੇਗਾ ਬਾਰੇ ਗੱਲ ਕਰਨ ਤੋਂ ਅਸੀਂ ਅਕਸਰ ਕੰਨੀ ਕਤਰਾਉਂਦੇ ਹਾਂ ਜਾਂ ਚਾਹੁੰਦੇ ਹੋਏ ਵੀ ਗੱਲ ਕਰਨ ਤੋਂ ਵਾਂਝੇ ਰਹਿ ਜਾਂਦੇ ਹਾਂ।

ਦੁਨੀਆ ਦੇ ਕਿਸੇ ਵੀ ਘਰ ਤੇ ਸਮਾਜ ਵਿੱਚ ਵਸਦੇ ਲੋਕਾਂ ਵੱਲ ਝਾਤ ਮਾਰੋ ਤਾਂ ਲੱਖਾਂ ਧਾਰਮਿਕ ਤੇ ਸੱਭਿਆਚਾਰਿਕ ਵਖਰੇਵੇਂ ਹੋਣ ਦੇ ਬਾਵਜੂਦ ਵੀ ਬਹੁਤਾਤ ਵਿੱਚ ਲੋਕ ਮੌਤ ਵਾਲੇ ਦਿਨ ਤੋਂ ਏਧਰਲੇ ਸਮੇਂ ਦੀ ਜ਼ਿੰਦਗੀ ਦੀਆਂ ਗਤੀਵਿਧੀਆਂ ਜਾਂ ਮੌਤ ਤੋਂ ਓਧਰ ਦੇ ਸਵਰਗ ਨਰਕ ਦੀਆਂ ਬਾਤਾਂ ਕਰਾਮਾਤਾਂ ਵਿੱਚ ਫਸ ਕੇ ਰਹਿ ਗਏ ਹਨ।

ਜਿਸ ਸਮੇਂ ਅਸੀਂ ਇਸ ਦੁਨੀਆ ਤੋਂ ਜਾਣਾ ਉਸ ਬਾਰੇ ਏਨੀ ਵਿਚਾਰ ਚਰਚਾ ਨਹੀਂ ਕੀਤੀ ਜਾਂਦੀ ਜਿੰਨੀ ਹੋਣੀ ਚਾਹੀਦੀ ਹੈ। ਤੇ ਨਾ ਹੀ ਉਸ ਤੋ ਯਕਦਮ ਬਾਅਦ ਵਾਪਰਨ ਵਾਲ਼ੀਆਂ ਸੰਸਾਰਿਕ ਕਿਰਿਆਵਾਂ ਬਾਰੇ। ਤੇ ਨਾਂ ਹੀ ਅਸੀਂ ਇਸ ਬਾਰੇ ਅਸੀਂ ਬਹੁਤਾ ਬੋਲਦੇ ਚੱਲਦੇ ਹਾਂ ਕਿ ਸਾਡੇ ਤੋਂ ਬਾਅਦ ਦੀ ਦੁਨੀਆ ਜਿਸ ਨੇ ਸਾਡੇ ਮਰਨ ਤੋਂ ਬਾਅਦ ਵੀ ਚਲਦੀ ਰਹਿਣਾ, ਉਸ ਦੁਨੀਆ ਵਿੱਚ ਅਸੀਂ ਕਿਸ ਤਰ੍ਹਾਂ ਦੇ ਪਰਛਾਵੇਂ ਛੱਡ ਕੇ ਜਾਣੇ ਨੇ? ਤੇ ਨਾ ਹੀ ਇਹ ਕੇ ਅਸੀਂ ਆਪਣੇ ਪਿਆਰਿਆਂ ਨੂੰ ਸਾਡੇ ਜਾਣ ਤੋਂ ਬਾਅਦ ਕਿਹੋ ਜਿਹਾ ਜੀਵਨ ਬਤੀਤ ਕਰਨ ਦੀ ਆਸ ਕਰਦੇ ਹਾਂ?

ਕਹਿੰਦੇ ਮੌਤ ਦੱਸ ਕੇ ਨਹੀਂ ਆਉਂਦੀ ਤਾਂ ਹੀ ਇਸ ਬਾਰੇ ਬਹੁਤੀਆਂ ਤਰਕੀਬਾਂ ਨਹੀਂ ਘੜੀਆਂ ਜਾ ਸਕਦੀਆਂ, ਪਰ ਇਸ ਬਾਰੇ ਸੋਚਿਆ ਤਾਂ ਜਾ ਸਕਦਾ? ਆਓ ਆਪਣੇ ਆਪ ਨੂੰ ਸਵਾਲ ਕਰੀਏ ਕਿ ਜੇ ਅਗਲੇ ਕੁਝ ਘੰਟੇ ਸਾਡੀ ਜ਼ਿੰਦਗੀ ਦੇ ਇਸ ਧਰਤੀ ਉਤੇ ਆਖਰੀ ਪਲ ਹੋਣ ਤਾਂ ਕੀ ਅਸੀਂ ਇਸ ਲਈ ਹਰ ਪੱਧਰ ਤੇ ਤਿਆਰ ਹਾਂ?

ਦੁਨੀਆ ਭਰ ਵਿੱਚ ਵਸਦੇ ਪੰਜਾਬੀ ਚਾਹੇ ਉਹ ਕਿਸੇ ਵੀ ਧਰਮ ਵਿੱਚ ਵਿਸ਼ਵਾਸ ਰੱਖਦੇ ਹੋਣ ਜਾਂ ਨਾ, ਆਸਤਿਕ ਹੋਣ ਜਾਂ ਨਾਸਤਿਕ; ਸਭਿਆਚਾਰਕ ਤੌਰ ਤੇ ਅਸੀਂ ਸਭ ਇਹ ਮੰਨਦੇ ਹਾਂ ਕਿ ਜ਼ਿੰਦਗੀ ਕੁਦਰਤ ਦਾ ਇਕ ਅਨਮੁੱਲਾ ਤੋਹਫ਼ਾ ਹੈ।

ਜਨਮ ਤੇ ਮਰਨ ਕੁਦਰਤ ਵੱਸ ਹੈ ਤੇ ਅਸੀਂ ਉਸਦੇ ਹੁਕਮ ਵਿੱਚ ਰਾਜ਼ੀ ਹਾਂ। ਵੱਡੇ ਤੌਰ ਤੇ ਇਹ ਗੱਲ ਬਿਲਕੁਲ ਸਹੀ ਹੈ, ਪਰ ਬਦਲਦੇ ਸਮੇਂ ਤੇ ਜੀਵਨ ਦੇ ਨਾਲ ਛੋਟੇ ਪੱਧਰ ਤੇ ਕਾਫ਼ੀ ਕੁਝ ਕੀਤਾ ਜਾ ਸਕਦਾ ਹੈ ਜੋ ਮੌਤ ਦੇ ਨਾਕਾਰਾਤਮਕ ਪ੍ਰਭਾਵਾਂ ਨੂੰ ਕੁਝ ਹੱਦ ਤੱਕ ਪਿੱਛੇ ਰਹਿ ਗਿਆਂ ਲਈ ਘਟਾਇਆ ਜਾ ਸਕੇ।

ਭਾਰਤੀ ਸਭਿਆਚਾਰਾਂ ਵਿੱਚ ਰੂਹ ਤੇ ਸਰੀਰ ਨੂੰ ਦੋ ਵੱਖਰੇ ਰੂਪਾਂ ਵਿੱਚ ਦੇਖਿਆ ਜਾਂਦਾ ਹੈ, ਬਹੁਤਿਆਂ ਦਾ ਵਿਸ਼ਵਾਸ ਹੈ ਕਿ ਸਰੀਰ ਮਰਨ ਨਾਲ ਰੂਹ ਨਹੀਂ ਮਰਦੀ, ਜੇ ਇਸ ਗੱਲ ਨੂੰ ਸਹੀ ਮੰਨ ਵੀ ਲਿਆ ਜਾਵੇ ਤਾਂ ਸਾਨੂੰ ਸਭ ਨੂੰ ਸਵੇਰੇ ਜਾਗਦਿਆਂ ਆਪਣੀ ਰੂਹ ਤੋਂ ਪੁੱਛਣਾ ਚਾਹੀਦਾ ਹੈ ਕਿ ਜੇ ਅੱਜ ਮੇਰਾ ਆਖਰੀ ਦਿਨ ਹੋਇਆ ਤਾਂ ਕੀ ਮੈਂ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਹਾਂ? ਕੀ ਮੇਰੀ ਰੂਹ ਇਸ ਗੱਲ੍ਹ ਤੇ ਸੰਤੋਖ ਕਰੇਗੀ ਕੇ ਮੇਰਾ ਸਰੀਰ ਨਹੀਂ ਰਿਹਾ? ਜੇ ਰੂਹ ਸਰੀਰ ਦੇ ਨਾਲ ਹੀ ਮਰ ਗਈ ਤਾਂ ਕੀ ਮੈਨੂੰ ਕੋਈ ਅਜਿਹਾ ਕਾਰਜ ਕਰਨ ਦੀ ਲੋੜ ਹੈ ਜਿਸ ਨਾਲ ਮੇਰੇ ਚਲ੍ਹੇ ਜਾਣ ਮਗਰੋਂ ਦੂਜਿਆਂ ਤੇ ਪਏ ਪ੍ਰਭਾਵਾਂ ਨੂੰ ਨਰਮ ਕੀਤਾ ਜਾ ਸਕੇ?

ਅੱਜ-ਕੱਲ੍ਹ ਬਹੁਤੀ ਵਾਰੀ ਮੌਤ ਲਈ ਤਿਆਰ ਹੋਣ ਲਈ ਕੋਈ ਵੱਡੇ ਕੰਮ ਨਹੀਂ ਸਗੋਂ ਛੋਟੀਆਂ ਛੋਟੀਆਂ ਤਬਦੀਲੀਆਂ ਦੀ ਲੋੜ ਹੁੰਦੀ ਹੈ, ਜੇ ਇੰਨਾਂ ਨੂੰ ਪੂਰਿਆਂ ਨਾ ਕੀ ਗਿਆ ਹੋਵੇ ਤਾਂ ਇਹ ਗੱਲ੍ਹਾਂ ਪਿੱਛੇ ਰਹਿ ਗਿਆਂ ਨੂੰ, ਉਹਨਾਂ ਦੀ ਰਹਿੰਦੀ ਉਮਰ ਤੱਕ ਤੜਫਾਉਂਦੀਆਂ ਰਹਿੰਦੀਆਂ, ਕੁਝ ਉਦਾਹਰਨਾਂ:

  • ਕਾਸ਼, ਮਰਨ ਤੋਂ ਪਹਿਲਾਂ ਆਪਣੇ ਕਿਸੇ ਮਿੱਤਰ ਪਿਆਰੇ ਜਾਂ ਰਿਸ਼ਤੇਦਾਰ ਨਾਲ ਗਿਲੇ ਸ਼ਿਕਵੇ ਨਿਬੇੜ ਲਏ ਹੁੰਦੇ?
  • ਜੇ ਕਿਤੇ ਮਰਨ ਤੋਂ ਪਹਿਲਾਂ ਦੁਨੀਆ ਹੋਰ ਘੁੰਮ ਲਈ ਹੁੰਦੀ? ਜਾਂ ਪਰਿਵਾਰ ਨਾਲ ਹੋਰ ਸਮਾਂ ਬਿਤਾ ਲਿਆ ਹੁੰਦਾ?
  • ਕਿੰਨਾ ਚੰਗਾ ਹੁੰਦਾ ਜੇ ਜੀਵਨ ਬੀਮਾ ਕਰਵਾਇਆ ਹੁੰਦਾ ਤਾਂ ਜੋ ਮੇਰੇ ਬੱਚਿਆਂ ਨੂੰ ਥਾਂ ਥਾਂ ਰੁਲ਼ਣਾ ਨਾ ਪੈਂਦਾ?
  • ਕਿਓਂ ਨਾ ਆਪਣਿਆਂ ਨੂੰ ਦੱਸਿਆ ਕੇ ਮੈਂ ਆਪਣੀਆਂ ਆਖਰੀ ਕਿਰਿਆ ਕਿਰਿਆਵਾਂ ਕਿਸ ਤਰ੍ਹਾਂ ਦੀਆ ਚਾਹੁੰਦਾ?
  • ਮੈਂ ਆਪਣੀ ਵਸੀਅਤ ਕਿਓਂ ਨਾ ਬਣਾਈ?
  • ਵਗੈਰਾ ਵਗੈਰਾ

ਨਾਲੇ ਅੱਜ-ਕੱਲ੍ਹ ਦੇ ਜ਼ਮਾਨੇ ਵਿੱਚ ਇੱਕ ਚੀਜ਼ ਹੋਰ ਲਿਸਟ ਵਿੱਚ ਲਿਖ ਲਈਏ – ਆਪਣੇ ਸੋਸ਼ਲ ਮੀਡੀਏ ਦੇ ਪਾਸਵਰਡ ਕਿਸੇ ਨੂੰ ਦੱਸ ਗਿਆ ਹੁੰਦਾ?

ਹਰ ਕੋਈ ਆਪਣੀ ਜ਼ਿੰਦਗੀ ਜਿਉਣ ਦੇ ਅੰਦਾਜ਼ ਨਾਲ ਆਪਣੀ ਵਿਅਕਤੀਗਤ ਲਿਸਟ ਬਣਾ ਸਕਦਾ ਤੇ ਇਹਦੇ ਲਈ ਕੋਈ ਲੰਮੇ ਸਮੇਂ, ਸਾਧਨ ਜਾਂ ਸਿੱਖਿਆ ਦੀ ਲੋੜ ਨਹੀਂ।

ਕੁਝ ਲੋਕ ਜ਼ਿੰਦਗੀ ਵਿੱਚ ਹਾਦਸਿਆਂ ਜਾਂ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਯਕਦਮ ਜ਼ਿੰਦਗੀ ਤੋਂ ਹੱਥ ਗਵਾ ਬੈਠਦੇ ਹਨ, ਪਰ ਅੱਜ ਦੇ ਸਮੇਂ ਵਿੱਚ ਬਹੁਤਾਤ ਵਿੱਚ ਲੋਕ ਦਵਾਈਆਂ ਦੇ ਚੰਗੇ ਪ੍ਰਬੰਧਾਂ ਕਾਰਨ ਆਪਣੀ ਕੁਦਰਤੀ ਉਮਰ ਭੋਗ ਕੇ ਮਰਦੇ ਨੇ। ਫਿਰ ਵੀ ਕਿਓਂ ਏਨੀਆਂ ਗੱਲਾਂ ਅਣ-ਕਹੀਆਂ ਜਾਂ ਅਣ-ਸੁਣੀਆਂ ਰਹਿ ਜਾਂਦੀਆਂ ਨੇ, ਜਿੰਨਾ ਨੂੰ ਕਰਨ ਤੇ ਸੁਣਨ ਵਾਸਤੇ ਸਾਡੇ ਕੋਲ ਸਾਰੀ ਉਮਰ ਸੀ?

ਜ਼ਿੰਦਗੀ ਜਿਉਣ ਦਾ ਨਾਂ ਹੈ ਤੇ ਮਰਨ ਦੀਆ ਗੱਲਾਂ ਵਾਕਿਆ ਹੀ ਨਿਰਾਸ਼ਾਵਾਦੀ ਨੇ, ਪਰ ਇਸ ਸਭ ਦਾ ਇਹ ਮਤਲਬ ਨਹੀਂ ਕਿ ਅਸੀਂ ਇਸ ਮੁੱਦੇ ਨੂੰ ਮੁੱਢੋਂ ਖ਼ਾਰਜ ਕਰ ਇਸ ਤਰ੍ਹਾਂ ਦੀ ਵਿਚਾਰ ਚਰਚਾ ਨੂੰ ਆਭਾਗੀ ਕਰਾਰ ਦੇਈਏ।

ਜਦੋਂ ਕੋਈ ਮਰ ਜਾਂਦਾ ਤਾਂ ਅਸੀਂ ਅਕਸਰ ਕਿਸਮਤ ਨੂੰ ਕੋਸਦੇ ਹਾਂ, ਪਰ ਕੀ ਸਾਨੂੰ ਇਹ ਨਹੀਂ ਵਿਚਾਰਨਾਂ ਚਾਹੀਦਾ ਕਿ ਮਰਨ ਵਾਲਾ ਇਨਸਾਨ ਕਿੰਨੀ ਕਿਸਮਤ ਵਾਲਾ ਸੀ ਕੇ ਉਸਨੇ ਇਸ ਧਰਤੀ ਤੇ ਜਨਮ ਲਿਆ? ਸਦਾ ਤਾਂ ਅਸੀਂ ਇਸ ਧਰਤੀ ਤੇ ਕਿਸੇ ਨੇ ਵੀ ਨਹੀਂ ਰਹਿਣਾ – ਨਾ ਮੈਂ ਤੇ ਨਾ ਤੁਸੀਂ।

ਲੰਮੀ ਉਮਰ ਭੋਗ ਕੇ ਮਰਨਾ ਜਸ਼ਨ ਵਾਲੀ ਗੱਲ੍ਹ ਹੋਣੀ ਚਾਹੀਦੀ ਹੈ ਨਾ ਕੇ ਮਾਤਮ ਦੀ ਕਿਉਂਕਿ ਹਰ ਜਿਉਂਦੀ ਸ਼ੈਅ ਨੇ ਮਰਨਾ ਫਿਰ ਦੁੱਖ ਕਾਹਦਾ? ਥੌੜਾ ਹੋਰ ਜਿਉਣ ਦੀ ਇੱਛਾ ਜ਼ਿੰਦਗੀ ਭਰ ਨਹੀਂ ਮੁੱਕਣੀ ਪਰ ਕਿੰਨੀ ਵਾਰੀ ਅਸੀਂ ਦੇਖਦੇ ਹਾਂ ਕਿ ਕਿਸੇ ਵੱਡੀ ਉਮਰ ਦੇ ਵਿਅਕਤੀ ਵਿੱਚ ਤੁਰ ਜਾਣ ਦੇ ਵੀ ਪਰਿਵਾਰਾਂ ਤੇ ਸਮਿਆਂ ਤੱਕ ਡੂੰਘੇ ਪ੍ਰਭਾਵ ਰਹਿੰਦੇ ਹਨ, ਜਿਸਦਾ ਮੁੱਖ ਕਾਰਨ ਹੈ ਕਿ ਅਸੀਂ ਇਸ ਮੁੱਦੇ ਤੇ ਘਰਾਂ ਵਿੱਚ ਡਾਈਨਿੰਗ ਟੇਬਲਾਂ ਤੇ ਬਹੁਤੀ ਗੱਲ-ਬਾਤ ਨਹੀਂ ਕਰਦੇ ਤੇ ਪਿੱਛੇ ਰਹਿ ਜਾਣ ਵਾਲ਼ਿਆਂ ਨੂੰ ਇਸ ਵੱਡੇ ਝਟਕੇ ਲਈ ਤਿਆਰ ਨਹੀਂ ਕਰਦੇ।

ਇੰਗਲੈਂਡ ਵਰਗੇ ਮੁਲਕ ਵੀ ਇਸ ਵਿਸ਼ੇ ਤੇ ਕਾਫ਼ੀ ਪਰੰਪਰਾਵਾਦੀ ਨੇ। ਅਜ਼ਾਦ ਮੁਲਕ ਜਿੱਥੇ ਆਪਣੇ ਨਾਗਰਿਕਾਂ ਨੂੰ ਚੰਗਾ ਜੀਵਨ ਜਿਉਣ ਲਈ ਹਰ ਤਰ੍ਹਾਂ ਦੀ ਸੁੱਖ ਸਹੂਲਤ ਪ੍ਰਦਾਨ ਕਰਵਾਉਣ ਲਈ ਕਿਸੇ ਵੀ ਹੱਦ ਤਕ ਜਾਂਦੇ ਨੇ, ਪਰ ਉੱਥੇ ਮੌਤ ਨੂੰ ਬਹੁਤੇ ਪੱਛਮੀ ਮੁਲਕਾਂ ਵਿੱਚ ਵੀ ਕੁਦਰਤ ਦੇ ਹੱਥ ਵੱਸ ਛੱਡ ਦਿੱਤਾ ਜਾਂਦਾ ਹੈ। ਜੇ ਜਿਉਣ ਦੀ ਅਜ਼ਾਦੀ ਹੈ ਤਾਂ ਕੀ ਆਪਣੀ ਮਰਜ਼ੀ ਨਾਲ ਉਮਰ ਭੋਗ ਸ਼ਾਨ ਤੇ ਸ਼ਾਂਤੀ ਨਾਲ ਮਰਨ ਦੀ ਆਜ਼ਾਦੀ ਨਹੀਂ ਹੋਣੀ ਚਾਹੀਦੀ?

ਅਜੇ ਪਿਛਲੇ ਸ਼ੁੱਕਰਵਾਰ ਹੀ ਇੰਗਲੈਂਡ ਦੇ ਉਤਲੇ ਸਦਨ ਵਿੱਚ ਇਹ ਵਿਚਾਰ ਚਰਚਾ ਹੋ ਰਹੀ ਸੀ ਕਿ ਕੀ ਕਿਸੇ ਨਾਗਰਿਕ ਕੋਲ ਅਤਿ ਤਕਲੀਫ਼ ਤੇ ਦਰਦ ਦੀ ਜ਼ਿੰਦਗੀ ਜਿਉਂਦਿਆਂ ਸਹਾਇਕ ਮੌਤ ਨੂੰ ਅਪਣਾਉਣ ਦਾ ਹੱਕ ਹੋਣਾ ਚਾਹੀਦਾ ਹੈ ਜਾਂ ਨਹੀਂ? ਉਂਝ ਆਮ ਜਨਤਾ ਇਸ ਹੱਕ ਵਿੱਚ ਹੈ ਕੇ ਹਰ ਇੱਕ ਨੂੰ ਅਧਿਕਾਰ ਹੋਵੇ ਕੇ ਉਹ ਬਿਨਾ ਕਿਸੇ ਬਿਮਾਰੀ ਦੇ ਤੜਫਣ ਤੋਂ ਆਪਣੇ ਦੁਆਰਾ ਨਿਰਧਾਰਿਤ ਸਮੇਂ ਅਨੁਸਾਰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਸਕਣ, ਪਰ ਰਾਜਨੀਤਿਕ ਖੇਤਰਾਂ ਵਿੱਚ ਇਸ ਤਰ੍ਹਾਂ ਦੇ ਕਾਨੂੰਨ ਦੀ ਦੁਰਵਰਤੋਂ ਹੋਣ ਦੇ ਡਰ ਨੂੰ ਲੈ ਕੇ ਅਜੇ ਕੁਝ ਸ਼ੰਕਾਵਾਂ ਹਨ।

ਸਰਕਾਰਾਂ ਕੀ ਕਾਨੂੰਨ ਬਣਾਉਂਦੀਆਂ ਜਾਂ ਨਹੀਂ ਪਰ ਅਸੀਂ ਵਿਅਕਤੀਗਤ ਤੌਰ ਤੇ ਆਪਣੇ ਪਰਿਵਾਰਾਂ ਨੂੰ ਆਪਣੀਆਂ ਆਖਰੀ ਇੱਛਾਵਾਂ ਜ਼ਾਹਰ ਕਰ ਸਕਦੇ ਹਾਂ, ਤਾਂ ਜੋ ਕੁਦਰਤ ਨਾ ਕਰੇ ਜੇ ਸਾਡੇ ਹਸਪਤਾਲ ਦੇ ਲਾਈਫ ਮਸ਼ੀਨ ਤੇ ਪਿਆਂ ਜਦੋਂ ਡਾਕਟਰ ਸਾਡੇ ਕਿਸੇ ਪਿਆਰੇ ਨੂੰ ਕੋਈ ਵੱਡਾ ਫੈਸਲਾ ਕਰਨ ਲਈ ਕਹੇ ਤਾਂ ਉਹਨਾਂ ਨੂੰ ਸਾਡੀਆਂ ਇੱਛਾਵਾਂ ਦਾ ਪਹਿਲਾਂ ਹੀ ਗਿਆਨ ਹੋਵੇ।

ਕਿਉਂ ਨਾ ਅਸੀਂ ਮੌਤ ਨੂੰ ਇੱਕ ਨਿਰਾਸ਼ਾਵਾਦੀ ਗੱਲ-ਬਾਤ ਤੋਂ ਆਸ ਦੀ ਬਾਤ ਵਿੱਚ ਬਦਲੀਏ ਤਾਂ ਜੋ ਜ਼ਿੰਦਗੀ ਦੇ ਰਹਿੰਦੇ ਸਵਾਸਾਂ ਨੂੰ ਹੋਰ ਵੀ ਉਤਸ਼ਾਹ ਨਾਲ ਮਾਣਿਆ ਜਾ ਸਕੇ, ਇਹ ਸੋਚਦਿਆਂ ਸਮਝਦਿਆਂ ਕੇ ਸਾਡੇ ਜਾਣ ਨਾਲ ਤੋ ਪਹਿਲਾਂ ਮੈਂ ਜਿਉਂਦੇ ਜੀ ਆਪਣੀ ਪੂਰੀ ਕੋਸ਼ਿਸ਼ ਕੀਤੀ ਤੇ ਅਗੇ ਤੇਰੇ ਭਾਗ …

ਤੁਹਾਡੇ ਇਸ ਮੁੱਦੇ ਤੇ ਕੀ ਵਿਚਾਰ ਹੈ? ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਤਾਂ ਜੋ ਅਸੀਂ ਸਭ ਇੱਕ ਦੂਜੇ ਤੋਂ ਸਿੱਖ ਸਕੀਏ ਧਰਤੀ ਤੇ ਲਏ ਜਾਣ ਵਾਲੇ ਆਖਰ ਸਵਾਸ ਤੱਕ।
**
(‘ਲਿਖਾਰੀ’ ਦੇ ਸਹਿਯੋਗੀ ਕੰਵਰ ਬਰਾੜ ਦੇ ਅੱਖਰ.ਬਲੌਗ ਦੇ ਧੰਨਵਾਦ ਨਾਲ)

ਨੋਟ: ਮੌਤ ਬਾਰੇ ਚਰਚਾ ਇਕ ਬਹੁਤ ਵਿਸ਼ਾਲ ਤੇ ਡੂੰਘਾ ਸੰਕਲਪ ਹੈ, ਜਿਸ ਬਾਰੇ ਬਹੁਤ ਕੁਝ ਲਿਖ ਲਿਖਾ ਕੇ ਫਿਰ ਵੀ ਕੁਝ ਲਿਖਣ ਵਾਲਾ ਰਹਿ ਜਾਵੇਗਾ, ਸੋ ਇਸ ਲੇਖ ਨੂੰ ਸਮੁੱਚਤਾ ਵਜੋਂ ਨਾ ਲਿਆ ਜਾਵੇ ਸਗੋਂ ਇਹ ਤਾਂ ਸਿਰਫ ਗੱਲਬਾਤ ਦੀ ਸ਼ੁਰੂਆਤ ਦਾ ਹੀ ਆਗਾਜ ਹੈ।

ਤੁਹਾਡਾ
– ਕੰਵਰ ਬਰਾੜ
+447930886448

***
25 ਅਕਤੂਬਰ 2021

***
460
***

About the author

ਕੰਵਰ ਬਰਾੜ (ਇੰਗਲੈਂਡ)
+44 7930886448 | kenwar.brar@gmail.com | Website | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਕੰਵਰ ਬਰਾੜ (ਇੰਗਲੈਂਡ)

View all posts by ਕੰਵਰ ਬਰਾੜ (ਇੰਗਲੈਂਡ) →