13 June 2024

ਉੱਚ ਦੁਮਾਲੜਿਆਂ ਦੇ ਪਾਜ਼ ਉਧੇੜਦਾ ਨਾਵਲ ਖਿੱਦੋ ਨਾਵਲਕਾਰ: ਜਸਬੀਰ ਭੁੱਲਰ—ਪਿਆਰਾ ਸਿੰਘ ਕੁੱਦੋਵਾਲ

</table

ਉੱਚ ਦੁਮਾਲੜਿਆਂ ਦੇ ਪਾਜ਼ ਉਧੇੜਦਾ ਨਾਵਲ ਖਿੱਦੋ

ਨਾਵਲਕਾਰ: ਜਸਬੀਰ ਭੁੱਲਰ—ਰੀਵਿਊਕਾਰ: ਪਿਆਰਾ ਸਿੰਘ ਕੁੱਦੋਵਾਲ

ਜਸਬੀਰ ਭੁੱਲਰ ਦਾ ਨਾਵਲ ‘ਖਿੱਦੋ’ 2021 ਵਿੱਚ ਹੈਰਾਨੀਜਨਕ ਖਿੱਚ ਦਾ ਕਾਰਣ ਬਣਿਆ ਰਿਹਾ ਹੈ। ਭੁੱਲਰ ਸਾਹਿਬ ਨੇ ਇਹ ਨਾਵਲ ਲਿਖ ਕੇ ਐਨਕ ਨਹੀਂ ਇਕ ਵੱਡਾ ਪਾਰਦਰਸ਼ੀ ਸ਼ੀਸ਼ਾ ਲੇਖਕ, ਅਲੇਖਕ ਬੁੱਧੀਜੀਵੀ ਤੇ ਸਾਹਿਤਕ ਖੇਤਰ ਦੇ ਪ੍ਰਤਿਸ਼ਠਾਵਾਨ ਵਰਗ ਮੂਹਰੇ ਰੱਖ ਦਿੱਤਾ ਹੈ ਜਿਸ ਵਿਚੋਂ ਉਹਨਾਂ ਦੇ ਚੱਜ ਵੇਖੇ ਜਾ ਸਕਦੇ ਹਨ। ਪ੍ਰਤਿਸ਼ਠਾਵਾਨ ਉਹ ਹੁੰਦਾ ਹੈ ਜਿਸ ਤੋਂ ਸੁਹਿਰਦਤਾ ਨਾਲ ਨਿਆਂ ਦੀ, ਸਹੀ ਚੋਣ ਦੀ ਆਸ ਕੀਤੀ ਜਾ ਸਕਦੀ ਹੈ। ਉਸ ਦੀ ਕੀਤੀ ਹੋਈ ਚੋਣ ਨਾਲ ਸਾਹਿਤ ਤੇ ਸਾਹਿਤ ਪ੍ਰੇਮੀਆਂ ਦਾ ਮਾਣ ਵੱਧਦਾ ਹੈ। ਖਿੱਦੋ ਨਾਵਲ ਸੱਭ ਕੁੱਝ ਉਲਟ ਵਾਪਰਦਾ ਹੈ। ਨਾਵਲ ਵਿੱਚ ਦਿਆਨਤਦਾਰ ਸਮਝੇ ਜਾਂਦੇ ਲੋਕਾਂ ਵਲੌਂ, ਖਾਸ ਤਰਾਂ ਦੇ ਚੱਕਰਵਵਿਉ ਰੱਚ ਕੇ, ਜੋ ਇਨਾਮ ਵੰਡਣ ਦਾ ਜੋ ਘਟਨਾਕ੍ਰਮ ਵਿਖਾਇਆ ਗਿਆ ਹੈ ਉਸ ਨਾਲ ਸਾਹਿਤ ਅਤੇ ਸਾਹਿਤਕਾਰ ਨੂੰ ਪਿਆਰ ਕਰਨ ਵਾਲਿਆਂ ਵਿੱਚ ਵੱਡੀ ਸ਼ੱਕ ਦਾ ਆਲਮ ਬਣ ਗਿਆ ਹੈ। ਮੈਂ ਇਸ ਨਾਵਲ ਵਿੱਚ ਆਏ ਪੰਜ ਵੱਡੇ ਨੁਕਤਿਆਂ ਬਾਰੇ ਗੱਲ ਕਰਾਂਗਾ। ਖਿੱਦੋ ਨਾਵਲ ਦੇ ਵਿਸ਼ੇ ਵਸਤੂ, ਪਾਤਰਾਂ ਦੇ ਆਚਰਣ, ਮੰਦੇ ਵਿਵਹਾਰ, ਸਿਸਟਮ ਦੀ ਦੁਰ-ਵਰਤੋਂ, ਪੱਦ ਪ੍ਰਤਿਸ਼ਠਾ ਦੇ ਦੁਰ-ਉਪਯੋਗ ਬਾਰੇ, ਲੇਖਕਾਂ, ਲੇਖਿਕਾਵਾਂ, ਗੈਰ-ਲੇਖਕ ਚੌਧਰੀਆਂ ਚੌਧਾਰਾਣੀਆਂ, ਸਾਹਿਤ ਸਭਾਵਾਂ, ਸਾਹਿਤ- ਅਦਾਰਿਆਂ ਅਤੇ ਕੌਨਫਰੰਸਾਂ ਬਾਰੇ ਲਗਾਤਾਰ ਚਰਚਾ ਛਿੜੀ ਹੋਈ ਹੈ। ਭਾਸ਼ਾ ਵਿਭਾਗ, ਪੰਜਾਬੀ ਅਕਾਦਮੀ ਲੁਧਿਆਣਾ ਤੇ ਭਾਰਤੀ ਸਾਹਿਤ ਅਕੈਡਮੀ ਦੇ ਵੱਡੇ ਪੁਰਸਕਾਰਾਂ ਪਿੱਛੇ ਹੋਏ ਘਪਲਿਆਂ ਬਾਰੇ, ਪੁਰਸਕਾਰਾਂ ਦੀ ਵੰਡ ਬਾਰੇ, ਕਿਵੇਂ ਦੋ ਦੋ ਤਿੰਨ ਤਿੰਨ ਸਾਲ ਪਹਿਲਾਂ ਹੀ ਮਿੱਥ ਲਿਆ ਜਾਂਦਾ ਹੈ, ਕਿ ਕਿਹੜਾ ਪੁਰਸਕਾਰ ਕਿਸਨੂੰ ਦੇਣਾ ਹੈ। ਇਹ ਵਰਤਾਰਾ ਸਾਲਾਂ ਤੋਂ ਚੱਲਦਾ ਆ ਰਿਹਾ ਹੈ। ਇਹ ਜ਼ਰੂਰੀ ਨਹੀਂ ਕਿ ਇਸ ਨਾਵਲ ਦੇ ਪੜ੍ਹਨ ਤੋਂ ਬਾਅਦ ਇਹ ਖਤਮ ਹੋ ਜਾਵੇਗਾ, ਬਲਕਿ ਇਹ ਸੰਭਾਵਨਾ ਵੀ ਬਣ ਸਕਦੀ ਹੈ ਕਿ ਕਈ ਚੁਸਤ ਚਲਾਕ ਪ੍ਰਤਿਸ਼ਠਾਵਾਨ “ਖਿੱਦੋ” ਵਿੱਚ ਪੇਸ਼ ਕੀਤੇ ਗਏ ‘ਟਰਿੱਕਸ’ ਸਿੱਖ ਵੀ ਜਾਣ ਤੇ ਵਰਤਣ ਵੀ। ਜਿਵੇਂ :

ਹੋਟਲ ਵਿੱਚ ਦੋ ਅਲੱਗ ਅਲੱਗ ਕਮਰੇ, ਅਲੱਗ ਅਲੱਗ ਦਰਵਾਜ਼ੇ, ਅਲੱਗ ਅਲੱਗ ਰੂਮ ਨੰਬਰ ਅਤੇ ਅੰਦਰ ਇਕ ਸਾਂਝਾ ਬਾਥਰੂਮ। ਜਿਸ ਰਾਂਹੀਂ ਦੋ ਅਲੱਗ ਅਲੱਗ ਕਮਰਿਆਂ ਵਿੱਚ ਠਹਿਰੇ ਬੀਬੇ ਰਾਣੇ ਰਾਣੀਆਂ ਇਕੱਠੇ ਹੋ ਜਾਂਦੇ। ਸਮਾਂ ਗੁਜ਼ਾਰਦੇ। ਇੱਛਾਵਾਂ ਦੀ ਪੂਰਤੀ ਹੁੰਦੀ। ਲੋੜਾਂ ਦਾ ਘਰ ਪੂਰਿਆ ਜਾਂਦਾ। ਪੱਕੇ ਵਾਅਦੇ ਹੁੰਦੇ। ਫਿਰ ਕਮਰਿਆਂ ਦੇ ਬਾਹਰ ਆ ਕੇ ਸ਼ਰਾਫਤ ਦੇ ਮੁਖੌਟੇ ਪਾਂਦੇ। ਮੱਧ ਵਰਗੀ ਸ਼੍ਰੇਣੀ ਦੇ ਪੜ੍ਹੇ ਲਿਖੇ ਭਦਰਪੁਰਸ਼ ਤੇ ਔਰਤਾਂ ਬਣ ਕੇ ਆਪਣੇ ਘਰ ਪਰਿਵਾਰਾਂ ਵਿੱਚ ਜਾ ਬਹਿੰਦੇ। ਪਿਆਰੀਆਂ ਪਿਆਰੀਆਂ ਗੱਲਾਂ ਬਾਤਾਂ ਕਰਕੇ ਸੌਂ ਜਾਂਦੇ। ਇੰਝ ਜੀਵਨ ਦੀ ਟੇਢੀ ਚਾਲ ਨੂੰ ਸਿੱਧੀ ਸਮਝ ਕੇ ਚਲਦੇ ਜਾਂਦੇ। ਓਪਰੀ ਜੀਵਨ ਸ਼ੈਲੀ ਦਾ ਭਾਰ ਢੋਂਦੇ।

ਲੇਖਕ ਜਸਬੀਰ ਭੁੱਲਰ ਨੇ ਆਪਣਾ ਫਰਜ਼ ਬੜੀ ਹਿੰਮਤ ਨਾਲ ਨਿਭਾਇਆ ਹੈ। ਇਸ ਹੌਂਸਲੇ ਦੀ ਦਾਦ ਤਾਂ ਬਣਦੀ ਹੈ। ਬਹੁਤ ਸਾਲ ਪਹਿਲਾਂ ਭੁੱਲਰ ਸਾਹਿਬ ਨੂੰ ਕੈਲੇਫੋਰਨੀਆਂ ਸਟੇਟ ਦੇ ਫਰਿਜ਼ਨੋ ਅਤੇ ਬੇ-ਏਰੀਆ ਇਲਾਕਿਆਂ ਵਿੱਚ ਸਾਹਿਤ ਸਭਾ ਦੀਆਂ ਮੀਟਿੰਗਜ਼ ਦੌਰਾਨ ਦੋ ਚਾਰ ਵਾਰ ਮਿਲਣ ਦਾ ਮੌਕਾ ਮਿਲਿਆ। ਨਾਮਵਰ ਕਹਾਣੀ ਤੇ ਨਾਵਲ ਲੇਖਕ, ਰਿਟਾਇਰਡ ਕਰਨਲ, ਕਾਲੀ ਐਨਕ ਲਾਉਂਦੇ ਅਤੇ ਉਂਝ ਵੀ ਬੜੀ ਟੌਹਰ ਕੱਢ ਕੇ ਰੱਖਦੇ। ਹਾਂ, ਥੋੜੀ ਥੋੜੀ ਦੇਰ ਬਾਅਦ ਮੁੱਛਾਂ ਤੇ ਹੱਥ ਜ਼ਰੂਰ ਫੇਰਦੇ….

ਕੁੱਝ ਅਲੋਚਕਾਂ ਤੇ ਵਿਦਵਾਨਾਂ ਨੇ ਇਸ ਨਾਵਲ ਦੇ ਪੱਖ, ਵਿਪੱਖ ਜਾਂ ਇਸ ਬਾਰੇ ਵੱਖਰੇ ਵਿਚਾਰ ਵੀ ਪੇਸ਼ ਕੀਤੇ ਹਨ। ਜਿਵੇਂ ਇਹ ਇਕ ਨਾਵਲ ਹੀ ਨਹੀਂ ਹੈ, ਜਾਂ ਜਾਤੀ ਰੰਜਸ਼ ਕੱਢੀ ਹੈ, ਜਾਂ ‘ਪੇਟ ਦੀ ਹਵਾ ਮੂੰਹ ਰਾਂਹੀ ਨਹੀਂ ਕੱਢਣੀ ਚਾਹੀਦੀ, ਕਿਉਂਕਿ ਇਸ ਵਰਤਾਰੇ ਬਾਰੇ ਕਾਫੀ ਵਿਦਵਾਨਾਂ ਨੂੰ ਪਹਿਲਾਂ ਹੀ ਪਤਾ ਸੀ। ਇਹ ਵੀ ਕਿਹਾ ਗਿਆ ਕਿ ਇਸ ਤਰ੍ਹਾਂ ਦੀਆਂ ਸੱਚ ਲਗਦੀਆਂ ਘਟਨਾਵਾਂ ਨੂੰ ਨਾਵਲੀ ਰੂਪ ਦੇ ਕੇ ਲਿਖਣਾ ਵਧੀਆ ਸਾਹਿਤਕ ਫਰਜ਼ ਨਿਭਾਉਣਾ ਨਹੀਂ ਹੈ। ਇਸ ਨੂੰ ਅੰਗਰੇਜ਼ੀ ਵਿੱਚ ਭੈੜਾ ਸਵਾਦ Bad Taste ਕਿਹਾ ਜਾਂਦਾ ਹੈ। ਇਸ ਨਾਲ ਸੰਸੇ ਤੇ ਭੁਲੇਖੇ ਹੋਰ ਵੱਧ ਸਕਦੇ ਹਨ। ਪਰ ਕਿਤਿਓਂ ਤਾਂ ਸ਼ੁਰੂ ਕਰਨਾ ਹੀ ਪਵੇਗਾ। ਸੋ ਰਹਿਣ ਦਿਓ, ਜਾਣ ਦਿਓ, ਛੱਡੋ ਪਰਾਂ ਕਰਦਿਆਂ ਤੇ ਰੋਕਦਿਆਂ ਰੋਕਦਿਆਂ, ਵੱਡੀ ਚਰਚਾ ਦੀ ਸ਼ੁਰੂਆਤ “ਖਿੱਦੋ ਨੇ ਛੇੜ ਹੀ ਦਿੱਤੀ।

ਸਾਹਿਤ ਦੇ ਖੇਤਰ ਵਿੱਚ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਹੈ। ਹਾਂ, ਪਹਿਲੀ ਵਾਰ ਚਰਚਾ ਖੁੱਲ ਕੇ ਹੋਣ ਲੱਗੀ ਹੈ। 2021 ਦੇ ਢਾਹਾਂ ਪੁਰਸਕਾਰ ਦੇ ਫੈਸਲੇ ਤੋਂ ਪਹਿਲਾਂ ਫੇਸਬੁੱਕ ਤੇ ਕੁੱਝ ਲੇਖਕਾਂ ਨੇ ਬੜੀ ਸ਼ਿੱਦਤ ਨਾਲ ਚਰਚਾ ਛੇੜੀ ਸੀ। ਬਹੁਤ ਸਾਰੇ ਲੇਖਕ ਵੰਡੇ ਵੀ ਗਏ। ਪਰਸਪਰ ਵਿਚਾਰ ਆਉਣ ਲੱਗੇ। ਇਨਾਮ ਦੀ ਰਾਸ਼ੀ ਤੋਂ ਲੈ ਕੇ ਇਨਾਮ ਕਮੇਟੀ ਤੱਕ ਦੀ ਪੁੱਣ-ਛਾਣ, ਯੋਗਤਾ, ਅਯੋਗਤਾ, ਸਿਰਫ ਕਹਾਣੀ ਅਤੇ ਨਾਵਲ ਹੀ ਕਿਉਂ? ਕਵਿਤਾ, ਨਾਟਕ ਜਾਂ ਹੋਰ ਕੁੱਝ ਕਿਉਂ ਨਹੀਂ ? ਜਿੰਨੇ ਮੂੰਹ ਓਨੀਆਂ ਗੱਲਾਂ! ਪੁਰਸਕਾਰ ਦਾ ਫੈਸਲਾ ਹੋਣ ਤੋਂ ਬਾਅਦ ਇਕ ਦਮ ਸੱਭ ਚੁੱਪ ਹੋ ਗਿਆ। ਬਹੁਤ ਸਾਰੀਆਂ ਪੋਸਟਾਂ ਵੀ ਗਾਇਬ ਹੋ ਗਈਆਂ। ਸੱਭ ਸ਼ਾਂਤ। ਸਾਰਾ ਬੁਖਾਰ ਉਤਰ ਗਿਆ। ਪਰ ਇਕ ਸਵਾਲ ਪਿੱਛੇ ਲਟਕਦਾ ਰਹਿ ਗਿਆ। ਕੀ ਲੇਖਕ ਇਸ ਕਰਕੇ ਲਿਖਦੇ ਹਨ ਕਿ ਉਹਨਾਂ ਕੋਲ ਕੱਝ ਨਵਾਂ ਹੈ? ਜਾਂ
ਕੀ ਲੇਖਕ ਸਿਰਫ਼ ਇਨਾਮ ਲੈਣ ਹੀ ਲਿਖਦੇ ਹਨ ?

ਖਿੱਦੋ ਨਾਵਲ ਸਿਰਫ ਇਨਾਮ ਦੇਣ ਵਾਲੇ ਅਹੁਦੇਦਾਰਾਂ ਦਾ ਪਾਜ਼ ਨਹੀਂ ਉਘਾੜਦਾ ਬਲਕਿ ਇਨਾਮ ਲੈਣ ਵਾਲਿਆਂ ਦੀ ਮਾਨਸਿਕ ਭੁੱਖ ਦਾ ਵੀ ਡੂੰਘਾ ਚਿਤਰਣ ਕਰਦਾ ਹੈ।
1.ਸਿਰਮੌਰ ਲੇਖਿਕਾ ਡਾਕਟਰ ਸਮੀਪ ਕੌਰ ਰੁਮਾਣਾ ਜੋ ਸਲਾਹਕਾਰ ਬੋਰਡ ਦੀ ਮੈਂਬਰ ਹੁੰਦਿਆਂ ਹੋਇਆਂ ਖ਼ੁਦ ਆਪਣੇ ਆਪ ਇਨਾਮ ਲੈ ਲੈਂਦੀ ਹੈ। ਪਰ ਇਕ ਹੋਰ ਥਾਂ ਸੁਰਮੀਤ ਨੂੰ ਇਨਾਮਾਂ ਦੀ ਗਿਰਾਵਟ ਬਾਰੇ ਇਹ ਕਹਿੰਦੀ ਸੁਣੀ ਜਾਂਦੀ ਹੈ:
“ਲੇਖਕ ਗਿੜਗੜਾਉਂਦੇ ਹੋਏ ਖੁਦ ਇਨਾਮਾਂ ਤੱਕ ਪਹੁੰਚਣ ਲੱਗੇ ਪਏ ਨੇ, ਇਹੋ ਜਿਹੀਆਂ ਕਈ ਮਿਸਾਲਾਂ ਨੇ, ਬੌਣੇ ਲੇਖਕ ਜੋੜਾਂ ਤੋੜਾਂ ਨਾਲ ਵੱਡੇ ਇਨਾਮ ਹਾਸਲ ਕਰ ਲੈਂਦੇ ਨੇ, ਹੁਣ ਤਾਂ ਹਾਲਤ ਸ਼ਰਮਨਾਕ ਹੱਦ ਤੱਕ ਪਹੁੰਚੀ ਹੋਈ ਹੈ, ਲੇਖਕ ਏਨੇ ਨੀਵੇਂ ਪੱਧਰ ਉੱਤੇ ਉਤਰ ਆਉਂਦੇ ਨੇ ਕਿ ਕੋਫਤ ਹੁੰਦੀ ਹੈ…..”

2.ਪੰਨਾ 71. “ਹੱਦ ਕਰਦਾਂ ਏਂ ਯਾਰ … ਇਕ ਲੱਖ ਦਾ ਇਨਾਮ ਵੀ ਕੋਈ ਇਨਾਮ ਹੁੰਦੈ।…ਕੀ ਕਰਨਾ ਏਂ ਤੂੰ ਇਕ ਲੱਖ? ਪੰਜਾਬ ਸਰਕਾਰ ਦੇ ਵਜ਼ੀਰ ਦਾ ਤੂੰ ਜਵਾਈ ਏਂ। ਪੁਰਖਿਆਂ ਦੀ ਜਾਇਦਾਦ ਤੇਰੇ ਕੋਲੋਂ ਅੱਗ ਲਾਇਆਂ ਨਹੀਂ ਮੁੱਕਦੀ। ਕਾਲਜ ਦਾ ਤੂੰ ਪ੍ਰਿੰਸੀਪਲ ਬਣਿਆਂ ਬੈਠਾ ਏਂ। ਕੀ ਕਰਨਾ ਏਂ ਤੂੰ ਇਕ ਲੱਖ?”
“ਨਈਂ ਪ੍ਰੋਫੈਸਰ ਸਾਬ੍ਹ! ਗੱਲ ਇਕ ਲੱਖ ਦੀ ਨਹੀਂ। ਏਸ ਇਨਾਮ ਲਈ ਮੇਰਾ ਭਾਵੇਂ ਦਸ ਲੱਖ ਖਰਚਵਾ ਦਿਉ, ਪਰ ਇਹ ਇਨਾਮ ਮੈਨੂੰ ਮਿਲੇ ਜ਼ਰੂਰ।“ ਤਰਲੋਚਨ ਭਾਦਸੋਂ ਨੇ ਆਪਣੇ ਮਨ ਦੀ ਗੱਲ ਜ਼ੋਰ ਦੇ ਕੇ ਕਹੀ।“
3.ਪੰਨਾ 88 – ਵਿਦੇਸ਼ੀ ਲੇਖਕ ਅੰਗਦ ਅਸੀਮ: “ਮੈਂ ਸਾਲੋ ਸਾਲ ਤੋਂ ਉਥੇ ਦਾ ਉਥੇ ਖਲੋਤਾ ਹੋਇਆ ਹਾਂ। ਸਾਹਿਤ
ਅਕਾਦਮੀ ਦਾ ਪੁਰਸਕਾਰ ਮੇਰੀ ਹੈਸੀਅਤ ਨੂੰ ਵਡਿਆਂ ਕਰੂ, ਮੇਰੀ ਸ਼ਾਨੋ- ਸ਼ੌਕਤ ਨੂੰ ਉਪਰ ਲੈ ਕੇ ਜਾਊ।“

ਅੰਗਦ ਅਸੀਮ ਪੈਸਾ ਖਰਚਦਾ ਹੈ। ਡਾਕਟਰ ਹੀਰਾ ਪਹਿਲਾਂ ਹੀ ਉਸ ਦੇ ਦਿੱਤੇ ਹੋਏ ਪੈਸਿਆਂ ਦੇ ਲਿਫਾਫੇ ਯੂਰੀ ਦੇ ਨਿਯੁਕਤ ਮੈਂਬਰਾਂ ਨੂੰ ਵੰਡ ਚੁੱਕਾ ਹੈ। ਨਿਯਮਤ ਦਿਨ ਜਿਊਰੀ ਦੇ ਸਾਹਮਣੇ ਡਾਕਟਰ ਹਰਵੰਤ ਸਿੰਘ ਹੀਰਾ ਉੱਚ ਪੱਧਰੀ ਖੇਡ ਖੇਡਦਾ ਤੇ ਯੋਗ ਲੇਖਕ “ਵਿਦਿਆਰਥੀ” ਨੂੰ ਬਾਹਰ ਕਰਦਾ ਕਿ ਉਸਦੀ ਯੋਗ ਪੁਸਤਕ ਵਿੱਚ ਕੁੱਝ ਪੁਰਾਣੀਆਂ ਰਚਨਾਵਾਂ ਹਨ। ਅਸੀਮ ਅੰਗਦ ਦੇ ਭਾਰਤੀ ਪਾਸਪੋਰਟ ਦੀ ਕਾਪੀ ਦਿਖਾ ਕੇ ਉਸਨੂੰ ਭਾਰਤੀ ਸਾਬਤ ਕਰਦਾ ਹੈ ਅਤੇ “ਭਾਰਤੀ ਸਾਹਿਤ ਅਕੈਡਮੀ ਪੁਰਸਕਾਰ” ਅਸੀਮ ਅੰਗਦ ਨੂੰ ਦਿਲਵਾ ਦਿੰਦਾ ਹੈ।

4. ਪੰਨਾ 106: ਗੋਸ਼ਤ ਦਾ ਬਿੰਬ: ਖੂਬਸੂਰਤ ਕਵਿਤਰੀਆਂ ਤੇ ਲੇਖਿਕਾਵਾਂ ਨੂੰ ਇਹ “ਚੁੰਗਲਬਾਜ਼” ਗੋਸ਼ਤ ਦਾ ਬਿੰਬ ਦਿੰਦੇ ਹਨ।
ਨਸੀਬ ਧਾਮੀ: “ਮੈਨੂੰ ਕਲਕੱਤੇ ਜਾਣ ਦਾ ਸੱਦਾ ਮਿਲਿਆ ਏ। ਹੀਰਾ ਸਰ ਦਾ ਫ਼ੋਨ ਵੀ ਆਇਆ ਸੀ। ਭਾਰਤੀ ਸਾਹਿਤ ਅਕੈਡਮੀ ਦੀ ਚਿੱਠੀ ਵੀ ਮਿਲ ਗਈ। ਉਥੇ ਬੰਗਾਲ ਦੇ ਲੇਖਕਾਂ ਨੂੰ ਮਿਲੂ ਆਪਣੀਆਂ ਨਜ਼ਮਾਂ ਸੁਣਾਊਂ। ਅਖਬਾਰਾਂ ਵਿੱਚ ਚਰਚਾ ਹੋਊ ”।……….
ਰਿਆਜ਼ ਹੱਸ ਪਿਆ,” ਸੋਚਿਆ, ਜਦੋਂ ਤੈਨੂੰ ਮਿਲੂੰ ਤਾਂ ਉਹਨਾਂ ਦੇ ਬੁਣੇ ਹੋਏ ਜਾਲ ਬਾਰੇ ਦੱਸੂੰ। ਇਹ ਵੀ ਦੱਸੂੰ ਕਿ ਉਸ ਜਾਲ ਵਿੱਚ ਸੁਆਦਲਾ ਗੋਸ਼ਤ ਹੁੰਦੈ ਤੇ ਮੱਛੀਆਂ ਉਸ ਗੋਸ਼ਤ ਲਈ ਜਾਲ ਵਿਚ ਫਸ ਵੀ ਜਾਂਦੀਆਂ ਨੇ”।
“ਗੋਸ਼ਤ … ਕਿਹੜਾ ਗੋਸ਼ਤ ?” ਨਸੀਬ ਡੱਡੋਲਿਕਾ ਜਿਹੀ ਹੋ ਗਈ।
ਸਹੇਲੀਏ! ਉਹ ਗੋਸ਼ਤ ਪੰਜ ਸਿਤਾਰਾ ਹੋਟਲ ਹੁੰਦਾ ਏ। ਉਹ ਗੋਸ਼ਤ ਹੁੰਦੈ ਜਹਾਜ਼ ਦਾ ਸਫ਼ਰ ਹੁੰਦਾ ਏ। ਉਹ ਗੋਸ਼ਤ ਕੌਮੀ ਪਿਆਰ ਦੇ ਲੇਖਕ ਹੋ ਜਾਣ ਦਾ ਭਰਮ ਹੁੰਦਾ ਹੈ ਉਹ ਗੋਸ਼ਤ…।“
ਨਸੀਬ ਦਾ ਚਾਅ ਬੁੱਝ ਗਿਆ ….”ਮੈਂ ਨਾ ਜਾਵਾਂ ਫੇਰ ? ……..
ਰਿਆਜ਼ ਨੇ ਨਸੀਬ ਦੇ ਚਾਅ ਦੇ ਭੁਕਾਨੇ ਵਿੱਚ ਪਹਿਲਾਂ ਪਿੰਨ ਖੋਭ ਦਿੱਤੀ ਸੀ ਤੇ ਫੇਰ ਜ਼ੋਰ ਦੇ ਕੇ ਆਖਿਆ ਸੀ,“ ਤੂੰ ਜਾਵੀਂ ਜ਼ਰੂਰ! ਆਪਣੇ ਉੱਤੇ ਯਕੀਨ ਰੱਖ ਕੇ ਜਾਵੀਂ।“
ਇਸ ਪ੍ਰਸਿਥਤੀ ਵਿੱਚ ਨਾਵਲਕਾਰ ਸੁਝਾਅ ਰਿਹਾ ਕਿ ਨੌਜਵਾਨ ਲੇਖਕ ਅਗਰ ਸੁਚੇਤ ਹੋ ਕੇ ਕੰਮ ਕਰਨ ਅਤੇ ਉਹਨਾਂ ਦੇ ਦੋਸਤ ਜਾਂ ਜੀਵਨ ਸਾਥੀ, ਭੁਲੇਖੇ ਦੂਰ ਕਰਨ ਵਿਚ ਮਦਦ ਕਰਨ, ਫੋਕੀ ਸ਼ੁਹਰਤ ਦਾ ਭਰਮ ਤੋੜਨ ਅਤੇ ਸ਼ੱਕ ਦੇ ਘੇਰੇ ਤੋਂ ਉਪਰ ਉੱਠ ਕੇ ਵਕਤ ਸਿਰ ਕੰਮ ਕਰਨ ਤਾਂ ਦੁਰ-ਵਿਵਹਾਰ ਰੋਕੇ ਜਾ ਸਕਦੇ ਹਨ। ਕਲਕੱਤੇ ਵਿੱਚ ਉਸਨੂੰ ਉਸ਼ਾ ਭਾਟੀਆ ਦੂਜੀ ਵੇਰ ਨਸੀਬ ਧਾਮੀ ਨੂੰ ਵੇਲੇ ਸਿਰ ਪਹੁੰਚ ਕੇ ਹੋਟਲ ਵਿਚੋਂ ਸੈਣੀ ਤੇ ਹੀਰੇ ਤੋਂ ਬਚਾਅ ਲੈਂਦੀ ਹੈ।

5. ਉਰਵਸ਼ੀ ਖੰਨਾ ਦਾ ਕਿੱਸਾ ਇਹਨਾਂ ਸਾਰਿਆਂ ਦਾ ਸਿਰਾ ਹੈ। ਆਖਰੀ ਹਿੱਸੇ ਵਿੱਚ ਨਾਵਲ ਜਦੋਂ ਚਰਮ ਸੀਮਾ ਤੇ ਪਹੁੰਚਦਾ ਹੈ। ਆਪਣੀ ਚਾਹਤ ਅਨੁਸਾਰ ਖੂਬਸੂਰਤ ਉੱਚਾਈਆਂ ਤੇ ਪਹੁੰਚਣ ਤੋਂ ਬਾਅਦ ਵੀ ਗਲੀਚਤਾ ਭਰੀਆਂ ਸਵਾਰਥੀ ਦੋਸਤੀਆਂ, ਅਹੁਦਿਆਂ ਦੀ ਸ਼ਕਤੀ ਵਿਚੋਂ ਉੱਠਦੀ ਬੋ, ਮੁਸਕਾਨਾਂ ਪਿਛੇ ਛੁਪੀ ਗਿਲਾਨੀ, ਬੇਕਾਬੂ ਹਵੱਸ ਦਾ ਸ਼ਿਕਾਰ, ਦਵਾਈ ਤੇ ਸ਼ਰਾਬ ਦੀ ਬੇਵਕੂਫਾਂ ਵਾਂਗ ਕੀਤੀ ਵਰਤੋ, ਬੁਦਬੂ ਮਾਰਦੇ ਸਰੀਰ ਅਤੇ ਸਦੀਵ ਬੇਇਜ਼ਤ ਦੀ ਲੱਜਾ ਦੇ ਭਾਵ ਪੈਦਾ ਹੋਣ ਅਤੇ ਮੌਤ ਵਰਗੇ ਭਿਅੰਕਰ ਮੰਜ਼ਰ ਦੀ ਪੇਸ਼ਕਾਰੀ ਹੈ। ਪਾਠਕ, ਇਕ ਵਾਰ ਤਾਂ ਐਸੇ ਵਿਦਵਾਨਾਂ ਨੂੰ ਦੁਰ-ਫਿਟੇ ਮੂੰਹ ਜਰੂਰ ਆਖਦਾ ਹੋਵੇਗਾ। ਨਾ ਜੀਣ ਦੀ, ਨਾ ਪੀਣ ਦੀ, ਨਾ ਖਾਣ ਦੀ ਸਮਝ, ਸੱਭ ਹਵੱਸ ਹੀ ਹਵੱਸ!

ਲੇਖਕ ਵਰਗ ਵਿੱਚ ਐਸੀ ਮਾਨਸਿਕਤਾ ਅਤੇ ਸਵੈ-ਕੇਂਦਰਿਤ ਸੋਚ ਦੇ ਧਾਰਣੀ ਮਰਦ ਇਸਤਰੀਆਂ ਜੋ ਇਨਾਮ ਲੈਣ ਲਈ “ਕੁੱਝ ਵੀ“ ਕਰਨ ਨੂੰ ਤਿਆਰ ਹਨ। ਐਸੇ ਹਉਂਮੇ ਯੁਕਤ ਲੇਖਕਾਂ ਅਤੇ ਇਨਾਮ ਚੋਣ ਕਮੇਟੀਆਂ ਦਾ ਇਹ ਵਰਤਾਰਾ, ਅਸਲ ਵਿੱਚ ਇਮਾਨਦਾਰ ਤੇ ਸੁਹਿਰਦ ਲੇਖਕਾਂ ਦੇ ਬਣਦੇ ਹੱਕ ਮਾਰਨ ਦਾ ਯੋਜਨਾਬੱਧ ਡਾਕਾ ਹੈ। ਸਾਹਿਤ ਅਤੇ ਭਾਸ਼ਾ ਨਾਲ ਕੀਤੀ ਜਾ ਰਹੀ ਗੱਦਾਰੀ ਹੈ।

ਇਨਾਮ ਕਮੇਟੀ ਦਾ ਚੌਧਰੀ ਇਸਨੂੰ “ਸਵੈਟਰ ਬੁਣਨਾ” ਕਹਿੰਦਾ ਹੈ। ਇਨਾਮ ਦੇਣ ਲਈ ਕਿਸ ਤਰਾਂ ਜਗਾੜ ਕਰਨਾ, ਕਿਸ ਕਿਸ ਮੈਂਬਰ ਨੂੰ ਜੋੜਨਾ ਕਿਸ ਨੂੰ ਤੋੜਨਾ, ਕਿਸਦੀ ਵੋਟ ਕਿਸ ਲੇਖਕ ਦੇ ਪੱਖ ਵਿੱਚ ਭੁਗਤਣੀ ਤੇ ਵਿਰੋਧੀ ਨੂੰ ਮੈਂਬਰ ਕਿਵੇਂ ਚੁੱਪ ਕਰਵਾਉਣਾ, ਭਾਵ “ਕਿੰਨੇ ਘੁਰੇ ਸਿੱਧੇ ਪਾਉਣੇ, ਤੇ ਕਿੰਨੇ ਪੁੱਠੇ। ਕਿਧਰੇ ਕੋਈ ਸਿਲਾਈਆਂ ਵਿੱਚੋਂ ਡਿੱਗ ਤਾਂ ਨਾ ਪਊ।“ ……..

ਆਪਣੇ ਬਾਰੇ ਮਹਾਨ ਕਵੀ ਹੋਣ ਬਾਰੇ ਲੇਖ ਲਿਖਵਾਉਣੇ…ਮਜ਼ਬੂਨ ਛਪਵਾਉਣੇ ….ਕਾਲਜਾਂ ਵਿੱਚ ਰੂਬਰੂ ਕਰਵਾਉਣੇ … ਤਾਂ ਕਿ ਜਦ ਇਨਾਮ ਮਿਲੇ ਤਾਂ ਲੋਕੀਂ ਆਖਣ, ਬਈ ਐਤਕੀ ਇਨਾਮ ਸਹੀ ਬੰਦੇ ਨੂੰ ਮਿਲਿਆ ਏ।“ …..
ਇਹ ਵਰਤਾਰਾ ਹੈ :“ਸਵੈਟਰ ਬੁਣਨਾ” ਅਤੇ “ਪੜੁਲ ਬਣਾਉਣਾ” ਗਲਤ ਨੂੰ ਸਹੀ ਸਾਬਤ ਕਰਨਾ। ਇਸ ਨੂੰ ਸਫੈਦ ਕਾਲਰ ਹੇਰਾਫੇਰੀ ਵੀ ਆਖਦੇ ਹਨ। ਵਿਕਸਤ ਦੇਸ਼ਾਂ ਵਿੱਚ ਇਸਨੂੰ “ਵਾਈਟ ਕੌਲਰ ਕਰਾਇੰਮ” ਆਖਦੇ ਹਨ ਜੋ ਕਈ ਕੇਸਾਂ ਵਿੱਚ ਸਜ਼ਾ ਦੇ ਯੋਗ ਵੀ ਹੋ ਸਕਦਾ ਹੈ। ਇਥੇ ਇਹ ਕਹਿਣਾ ਵੀ ਯੋਗ ਹੋਵੇਗਾ ਕਿ ਜ਼ਰੂਰੀ ਨਹੀਂ ਸਾਰੇ ਇਨਾਮ ਇਸ ਤਰਾਂ ਹੀ ਮਿਲਦੇ ਹੋਣ। ਐਨਾ ਨਿਰਾਸ਼ ਅਤੇ ਉਤੇਜਿਤ ਹੋਣ ਦੀ ਲੋੜ ਨਹੀਂ। ਵੇਲੇ ਕੁਵੇਲੇ ਸਹੀ ਕਿਰਤ ਦਾ ਮੁੱਲ ਪੈਣਾ ਹੈ। ਜੇ ਉਸਨੂੰ ਪੁਰਸਕਾਰ ਨਹੀਂ ਵੀ ਮਿਲਿਆ, ਉਹ ਤਾਂ ਵੀ ਪਾਠਕਾਂ ਵਲੋਂ ਪੜ੍ਹੀ ਤੇ ਸਤਿਕਾਰੀ ਜਾਣੀ ਹੈ।

ਪੀ.ਐਚ.ਡੀ ਵਿੱਚ ਥੀਸਿਸ ਲਿਖਣ ਲਿਖਵਾਉਣ ਤੇ ਲਿਖੇ ਗਏ ਥੀਸਿਸਾਂ ਦੀ ਮੁੜ ਮੁੜ ਕਾਪੀ ਕਰਕੇ ਵਰਤਣ ਬਾਰੇ ਵੀ ਬੜੀ ਚਰਚਾ ਹੋ ਚੁੱਕੀ ਹੈ ਅਤੇ ਹੋ ਰਹੀ ਹੈ। ਟਾਈਪਿਸਟ ਤੋਂ ਲੈਕੇ ਛਾਪੇਖਾਨਿਆਂ ਤੱਕ ਇਹ ਪ੍ਰਦੂਸ਼ਣ ਫੈਲ ਚੁੱਕਾ ਹੈ। ਇਸ ਨਾਵਲ ਦੇ ਪੰਨਾ 74 ਉੱਤੇ ਕੁੱਝ ਇਕ ਗਾਈਡਜ਼ ਬਾਰੇ ਸੰਖੇਪ ਚਰਚਾ ਹੋਈ ਹੈ। ਮੈਂ ਨਹੀਂ ਸਮਝਦਾ ਸੱਭ ਇਸ ਤਰ੍ਹਾਂ ਦਾ ਵਿਵਹਾਰ ਕਰਦੇ ਹੋਣਗੇ। ਕਈ ਵਾਰ ਆਖਿਆ ਜਾਂਦਾ ਹੈ ਕਿ ਤਾਲੀ ਦੋਹਾਂ ਹੱਥਾਂ ਨਾਲ ਵੱਜਦੀ ਹੈ। ਇਸ ਵਰਤਾਰੇ ਵਿੱਚੋਂ ਸੰਕੇਤ ਮਿਲਦੇ ਹਨ ਕਿ ਗਾਈਡ ਆਪਣੀਆਂ ਵਿਦਿਆਰਥਣਾਂ ਦਾ ਸ਼ਰੀਰਕ ਸੋਸ਼ਣ ਕਰਦੇ ਹਨ ਜਾਂ ਕਰਨ ਦੀ ਕੋਸ਼ਿਸ਼ ਕਰਦੇ ਹਨ। … ਇਸਨੂੰ “ਕਰਜ਼ੇ ਦੀਆਂ ਕਿਸ਼ਤਾਂ ਨਾਲੋਂ ਨਾਲ ਉਤਾਰਨਾ” ਦਾ ਬਿੰਬ ਸਿਰਜ ਕੇ ਨਾਵਲ ਵਿੱਚ ਦੱਸਿਆ ਗਿਆ ਹੈ। ਨੌਕਰੀ ਜਾਂ ਨੌਕਰੀ ਦਾ ਝਾਂਸਾ ਵੀ ਸ਼ਾਮਲ਼ ਹੋ ਜਾਂਦਾ ਹੈ।
ਪੰਨਾ 113: ਜਦੋਂ ਨਸੀਬ ਧਾਮੀ ਡਾਕਟਰ ਹੀਰੇ ਦੇ ਚੁੰਗਲ ਵਿਚੋਂ ਬੱਚ ਨਿਕਲਦੀ ਹੈ ਤਾਂ ਉਹ ਸੁੱਤੇ ਪਏ ਕਿਸ਼ੋਰੀ ਲਾਲ ਨੂੰ ਫ਼ੋਨ ਕਰਕੇ ਕਹਿੰਦਾ ਹੈ।, “ਨਸੀਬ ਵਾਲਾ ਚੈਪਟਰ ਹੁਣ ਮੈਂ ਕਲੋਜ਼ ਕਰ ਦਿੱਤਾ ਹੈ। ਹੁਣ ਉਹਦੇ ਥੀਸਿਸ ਤੇ ਖਪਣ ਦੀ ਲੋੜ ਨਹੀਂ”।

“ਮੈ ਆਖਿਆ ਵੀ ਸੀ, ਬਾਅਦ ਵਿੱਚ ਮੁੱਕਰ ਜਾਊਗੀ ਉਹ, ਪਰ ਤੂੰ ਮੰਨਿਆਂ ਨਹੀਂ ਸੈਂ। ਮੇਰੇ ਇੰਸਪੈਕਟਰ ਚੇਲੇ ਨੇ, ਤਾਂ ਪੰਝੀ ਤੀਹ ਸਫ਼ੇ ਝਰੀਟ ਵੀ ਦਿੱਤੇ ਨੇ।
ਬਾਬਿਓ ਗੁੱਸਾ ਥੁੱਕ ਦਿਓ, ਕਿਤੇ ਫੇਰ ਸਬੱਬ ਬਣ ਜੂ।”
“ਮੇਰਾ ਮਨ ਨਸੀਬ ਵਲੋਂ ਖੱਟਾ ਜੋ ਗਿਆ ਏ। ਮੈਂ ਤਾਂ ਉਹਦੇ ਨਾਂਅ ਉੱਤੇ ਲੀਕ ਫੇਰ ਦਿੱਤੀ ਐ।“

ਉਪਰੋਕਤ ਲਿਖਤ ਅਣਉਚਿਤ ਵਿਹਾਰ ਕਰਕੇ ਬਹੁਤ ਸਾਰੇ ਵਿਦਿਆਰਥੀ ਗਾਈਡ ਬਦਲ ਲੈਂਦੇ ਹਨ ਜਾਂ ਪੜ੍ਹਾਈ ਛੱਡ ਜਾਂਦੇ ਹਨ। ਇਹ ਸਾਡੀ ਅਗਲੀ ਪੀੜੀ ਨਾਲ ਅਨਿਆਂ ਹੈ। ਅੱਜ ਕੱਲ ਆਨਰੇਰੀ ਪੀ.ਐਚ.ਡੀ ਡਿਗਰੀਆਂ ਦਾ ਵੀ ਇਕ ਵਿਉਂਤਬੱਧ ਸਿਲਸਿਲਾ ਚੱਲ ਪਿਆ ਹੈ। ਇਹ ਦੱਸਣਾ ਅਤੀ ਜਰੂਰੀ ਹੈ ਕਿ ਬਹੁਤ ਸਾਰੇ ਪੀ.ਐਚ.ਡੀ ਤੇ ਐਮ.ਫਿਲ. ਦੇ ਥੀਸਿਸ, ਵਿਦਿਆਰਥੀਆਂ ਅਤੇ ਉਹਨਾਂ ਦੇ ਯੋਗ ਗਾਈਡਜ਼ ਦੀ ਨਿਗਰਾਨੀ ਹੇਠ, ਬੜੀ ਮਿਹਨਤ, ਲਗਨ ਤੇ ਸੁਹਿਰਤਾ ਨਾਲ ਲਿਖੇ ਜਾ ਰਹੇ ਹਨ। ਉਹਨਾਂ ਨੂੰ ਸ਼ਾਬਾਸ਼ ਵੀ ਕਹਿਣਾ ਬਣਦਾ ਹੈ।
ਵਿਸ਼ਵ ਕੌਨਫਰੰਸਾਂ ਬਾਰੇ ਪੰਨਾ 70 -71 ਸਰੂਪ ਵਿਰਕ ਨੇ ਦਸਿਆ “ਉਹਦੀਆਂ (ਕਿਸ਼ੋਰੀ ਲਾਲ ਸ਼ੌਂਕੀ)

ਜੜਾਂ ਤਾਂ ਬਦੇਸ਼ਾਂ ਤੱਕ ਫੈਲੀਆਂ ਹੋਈਆਂ ਹਨ … ਹਰ ਤੀਜੇ ਮਹੀਨੇ ਉਹ ਪੰਦਰਾਂ ਬੰਦਿਆਂ ਵਾਲੀ ਕੌਨਫਰੰਸ ਕਰਵਾ ਲੈਂਦਾ ਹੈ” ……….. ਹਾਂ ਸੱਚ ਲੋਰ ਵਿੱਚ ਉਸਨੂੰ ਸੌਂਕੀ ਨਾ ਕਹਿ ਦੇਵੀਂ”
“ਤ੍ਰਿਲੋਚਨ ਭਾਦਸੋਂ ਜਾਣਦਾ ਸੀ, ਸ਼ੌਂਕੀ ਉਹਦੀ ਅੱਲ ਪੱਕੀ ਹੋਈ ਸੀ।
ਉਹ ਸੁਹਣੀਆਂ ਔਰਤਾਂ ਦਾ ਸ਼ੌਂਕੀ ਸੀ
ਉਹਨੂੰ ਸਾਹਿਤਕਾਰ ਦਿਸਣ ਦਾ ਸ਼ੌਕ ਸੀ
ਉਹਨੂੰ ਸਾਹਿਤਕ ਸਮਾਗਮਾਂ ਦੀ ਪ੍ਰਧਾਨਗੀ ਕਰਨ ਦਾ ਸ਼ੌਕ ਸੀ
ਉਹਨੂੰ ਵਿਸ਼ਵ ਕੌਨਫਰੰਸਾਂ ਕਰਨ ਦਾ ਸ਼ੌਕ ਸੀ
ਉਹਨੂੰ ਲਿਖਣ ਪੜ੍ਹਨ ਦਾ ….. ਨਹੀਂ, ਨਹੀਂ, ਇਹ ਸ਼ੌਕ ਪ੍ਰੌਫੈਸਰ ਕਿਸ਼ੋਰੀ ਲਾਲ ਨੂੰ ਹਰਗਿਜ਼ ਨਹੀਂ ਸੀ।”

ਇਥੇ ਇਕ ਟਿੱਪਣੀ ਕਰਨੀ ਬਣਦੀ ਹੈ ਕਿ ਕੈਨੇਡਾ ਵਿੱਚ 2008 ਵਿੱਚ ਕਲਮ ਫਾਉਂਡੇਸ਼ਨ ਬਣੀ ਸੀ। ਜਿਸਦਾ ਫਾਊਂਡਰ ਪ੍ਰਧਾਨ ਮੈਨੂੰ ਥਾਪਿਆ ਗਿਆ ਸੀ। ਅਜੀਤ ਵੀਕਲੀ ਕੈਨੇਡਾ ਦੇ ਮਾਲਕ ਪ੍ਰੋ. ਡਾਕਟਰ ਦਰਸ਼ਨ ਸਿੰਘ ਨਾਲ ਕਲਮਾਂ ਦੇ ਕਾਫਲੇ ਦੀ ਇਕ ਮੀਟਿੰਗ ਦੌਰਾਨ ਹੋਈ ਸਾਡੀ ਪਹਿਲੀ ਮੁਲਾਕਾਤ ਵਿੱਚ ਫਾਊਂਡੇਸ਼ਨ ਬਾਰੇ ਫੈਸਲਾ ਲਿਆ ਗਿਆ ਸੀ। ਡਾਕਟਰ ਸਾਹਿਬ ਨੇ ਬੜੀ ਤੇਜੀ ਨਾਲ ਫੈਸਲੇ ਤੇ ਅਮਲ ਕੀਤਾ। ਇਕ ਟੀਮ ਬਣੀ, ਹੋਰ ਲੋਕ ਸ਼ਾਮਲ ਹੋਏ। 2009 ਤੋਂ ਕੌਨਫਰੰਸਾਂ ਦਾ ਸਿਲਸਿਲਾ ਸ਼ੁਰੂ ਹੋਇਆ। ਵਿਰੋਧਤਾ ਵੀ ਹੋਈ। ਵਿਸ਼ੇਸ ਗੱਲ ਇਹਨਾਂ ਕੌਨਫਰੰਸਾਂ ਵਿੱਚ ਤਕਰੀਨ 100 ਬਾਹਰਲੇ ਡੈਲੀਗੇਟਸ ਤੇ 150 ਦੇ ਕਰੀਬ ਲੋਕਲ ਲੋਕ ਸ਼ਾਮਲ ਹੁੰਦੇ ਰਹੇ। ਵੱਡੇ ਲੇਖਕਾਂ ਤੇ ਬੁਧੀਜੀਵੀਆਂ ਨੇ ਭਾਗ ਲੈਣਾ ਸ਼ੁਰੂ ਕੀਤਾ। ਇਹ ਸਿਲਸਿਲਾ ਵੀ ਹੁਣ ਵੱਖਰੇ ਵੱਖਰੇ ਪਲੇਟਫਾਰਮਾਂ ਕਰਕੇ ਅਲੱਗ ਵਰਤਾਰੇ ਵਿੱਚ ਚੱਲ ਪਿਆ ਹੈ। ਜਿਸ ਨੇ ਕਈ ਰੰਗ ਵੱਟਾ ਲਏ ਹਨ।

ਪ੍ਰੌਫੈਸਰ ਵਰਗੇ ਸਤਿਕਾਰਯੋਗ ਕਿੱਤੇ ਦੀਆਂ ਨਿਯੁਕਤੀਆਂ ਬਾਰੇ ਵੀ ਬੜੀ ਨਿਮਨ ਪੱਧਰ ਦੀ ਸ਼ਬਦਾਵਲੀ ਵਰਤ ਕੇ ਨਾਵਲਕਾਰ ਉੱਚੇ ਅਹੁਦੇ ਤੇ ਬੈਠੇ ਬੰਦੇ ਦੀ ਹਊਂ ਗ੍ਰਸਤ ਨਿਮਨ ਮਾਨਸਿਕਤਾ ਦਰਸਾ ਰਿਹਾ। ਕੋਈ ਮਿਹਨਤ ਕਰੇ, ਤਰੱਕੀ ਕਰੇ, ਛੋਟੀ ਨੌਕਰੀ ਤੋਂ ਵੱਡੀ ਉੱਤੇ ਜਾਵੇ। ਦੂਜਿਆਂ ਦੀ ਇੱਜ਼ਤ ਕਰੇ ਅਤੇ ਆਪਣੀ ਕਰਾਵੇ। ਕੋਈ ਦਿੱਕਤ ਨਹੀਂ ਹੈ। ਉਸ ਵਿੱਚ ਕੋਈ ਉੱਚ ਦੁਮਾਲੜਾ ਜਾਇਜ਼ ਉਮੀਦਵਾਰ ਮਦਦ ਵੀ ਕਰਦਾ ਹੈ ਤਾਂ ਕੋਈ ਹਰਜ਼ ਨਹੀਂ। ਪਰ ਮੱਦਦ ਨੂੰ ਬਾਅਦ ਵਿੱਚ ਇਸ ਤਰ੍ਹਾਂ ਦੱਸਣਾ, ਸਬੂਤ ਬਣਦਾ ਹੈ ਕਿ ਕਿਸ ਤਰ੍ਹਾਂ ਦਾ “ਮਾਨਸਿਕ, ਸਰੀਰਕ, ਆਰਥਿਕ ਘੁਟਾਲਾ” ਉਹਨਾਂ ਯੋਗ ਅਯੋਗ ਉਮੀਦਵਾਰਾਂ ਨਾਲ ਵਾਪਰਿਆ ਹੋਵੇਗਾ। ਪੰਨਾ 73.
“ਤੈਥੋਂ ਕਾਹਦਾ ਲਕੋ ਏ, ਉਦੋਂ ਮੈਂ ਕਾਲਜਾਂ ਵਿੱਚ ਨਲਾਇਕਾਂ ਦਾ ਬੜਾ ਗੰਦ ਭਰਿਆ ਏ। ਮੇਰਾ ਇਕ ਚੇਲਾ ਖੇਤੀ ਸਬ ਇੰਸਪੈਕਟਰ ਸੀ। ਇਕ ਹੋਰ ਮੇਰਾ ਟਾਈਪਿਸਟ ਸੀ। ਉਹ ਦੋਵੇਂ ਹੁਣ ਕਾਲਜ ਵਿੱਚ ਪ੍ਰੋਫੈਸਰ ਨੇ। …… ਤੂੰ ਮੰਨਣਾ ਨਈਂ ਐਸ ਵੇਲੇ ਉਹ ਬੜਾ ਕਾਮਯਾਬ ਪ੍ਰੋਫੈਸਰ ਐ।”
2011 ਵਾਲੀ ਕੌਨਫਰੰਸ ਵਿੱਚ ਇਕ ਸਤੇ ਹੋਏ ਪ੍ਰੋਫੈਸਰ ਦੋਸਤ ਨੇ ਕਿਹਾ ਸੀ ਅਸੀਂ ਇਥੋਂ ਕੀ ਲੈਣਾ। ਅਸੀਂ ਤਾਂ ਗੁਰੂ ਜੀ ਕਰਕੇ ਆਏ ਹਾਂ । ਉਹ ਜਿੱਥੇ ਕਹਿੰਦਾ ਅਸੀਂ ਉੱਥੇ ਚਲੇ ਜਾਂਦੇ ਹਾਂ। ਹੋਰ ਵੀ ਕਈ ਰੰਗ ਵੇਖੇ, ਪਰਖੇ ਗਏ। ਉਹਨਾਂ ਕੈਨੇਡਾ ਵਾਲਿਆਂ ਦੇ ਪਰਖੇ ਤੇ ਕੈਨੇਡਾ ਵਾਲਿਆਂ ਉਹਨਾਂ ਦੇ। ਵੱਡੀਆਂ ਕੌਨਫਰੰਸਾਂ ਕਰਕੇ ਪ੍ਰਸਿੱਧੀ ਵੀ ਹੋਈ ਤੇ ਨਰਾਜ਼ਗੀ ਵੀ। ਕਿਉਂਕਿ ਬਹੁਤੇ ਲੇਖਕਾਂ ਨੂੰ ਵਕਤ ਜਾਂ ਪੂਰਾ ਵਕਤ ਨਹੀਂ ਮਿਲ ਸਕਿਆ। ਦੋਸਤੀ ਦੇ ਕਈ ਰੰਗ ਵੀ ਪ੍ਰਗਟ ਹੋਏ, ਕਈ ਪੱਕੀਆਂ ਹੋਈਆਂ, ਕਈ ਟੁੱਟ ਗਈਆਂ। ਸ਼ਾਇਦ ਇਹ ਸਮੇਂ ਦੀ ਜ਼ਰੂਰਤ ਵੀ ਹੋਵੇ।

ਖੇਡ ਜਗਤ ਵਿੱਚ ਵੀ ਇਸ ਪ੍ਰਦੂਸ਼ਣ ਨੇ ਰੰਗ ਵਿਖਾਏ ਜਿਸ ਕਰਕੇ ਚੰਗੇ ਖਿਡਾਰੀ ਗਰਾਉਂਡ ਤੋਂ ਬਾਹਰ ਰਹਿ ਗਏ ਜਾਂ ਕਰ ਦਿੱਤੇ ਗਏ। “ਖਿੱਦੋ” ਨਾਵਲ ਦੇ ਪੰਨਾ 44-45 ਵਿੱਚ ਰਿਆਜ਼ ਦੀ ਘਟਨਾ ਨੇ ਮੈਨੂੰ ਬਹੁਤ ਝੰਝੋੜਿਆ। ਐਸਾ ਘਟਨਾਕ੍ਰਮ ਅੱਖੀਂ ਵੇਖਿਆ ਤੇ ਹੰਢਾਇਆ ਹੋਇਆ ਹੈ। ਐਸੇ ਕਥਿਤ ਖਿਡਾਰੀਆਂ ਨੂੰ ਵੀ ਜਾਣਦਾ ਹਾਂ ਜੋ ਹੱਥ-ਕੰਡੇ ਅਪਣਾ ਕੇ ਵਧੀਆ ਐਥਲੀਟ ਬਣੇ, ਕਬੱਡੀ, ਹਾਕੀ ਤੇ ਸਾਕਰ ਦੀਆਂ ਟੀਮਾਂ ਵਿੱਚ ਸਿਲੈਕਟ ਹੋਏ। ਮਾਣ ਨਾਲ ਦੱਸਦੇ ਤਾਂ ਅੰਦਰ ਦਾ ਖੋਖਲਾ ਪਨ ਦਰਸਾ ਜਾਂਦੇ ਹਨ। ਜਿਹਨਾਂ ਆਪਣੀ ਥਾਂ ਗਵਾਈ, ਉਹ ਗੱਲਬਾਤ ਵਿੱਚ ਝੂਰਦੇ ਵੇਖੇ ਗਏ, ਪਰ ਆਪਣੀ ਕਬਲੀਅਤ ਤੇ ਮਾਣ ਕਰਦੇ ਹਨ। ਸਾਨੂੰ ਵੀ ਉਹਨਾਂ ਤੇ ਮਾਣ ਹੁੰਦਾ ਹੈ।

“ਔਨ ਯੂਅਰ ਮਾਰਕ! ।।ਗੈੱਟ, ਸੈੱਟ!…ਗੋ !”
ਪੰਦਰਾਂ ਸੌ ਮੀਟਰ ਦੀ ਦੌੜ ਸ਼ੁਰੂ ਹੋ ਗਈ!
ਪਹਿਲੇ ਗੇੜੇ ਰਿਆਜ਼ ਬਾਕੀ ਐਥਲੀਟਾਂ ਤੋਂ ਵੀਹ -ਪੰਝੀ ਮੀਟਰ ਦਾ ਅੱਗੇ ਹੋ ਗਿਆ।
ਦੂਜੇ ਗੇੜੇ ਉਹਦਾ ਫਰਕ ਲੱਗਭਗ ਸੌ ਮੀਟਰ ਹੋ ਗਿਆ। ਟਰੈਕ ਦੇ ਤੀਜੇ ਗੇੜੇ ਉਹਨਾਂ ਪਛਾੜਿਆਂ ਹੋਇਆਂ ਨੂੰ ਹੋਰ ਪਛਾੜ ਦਿੱਤਾ। …. ਤੇ ਫਿਰ ਅਚਾਨਕ !
ਟਰੈਕ ਦਾ ਆਖਰੀ ਤੇ ਚੌਥਾ ਗੇੜਾ ਸੀ। ਰਿਆਜ਼ ਉਥੇ ਜਾ ਕੇ ਖਲੋ ਗਿਆ, ਜਿਥੇ ਉਹਦੇ ਕਪੜੇ ਪਏ ਸਨ।
…ਆਪਣੇ ਕੋਚ ਅਜਾਇਬ ਸਿੰਘ ਹੁੰਦਲ ਦੇ ਇਸ ਸਵਾਲ, “ਉਸ ਦਿਨ ਤੇਰੀ ਉਡਾਰੀ ਕਿਥੇ ਗਈ ਸੀ?” ਦਾ ਜਵਾਬ ਇਸ ਤਰਾਂ ਦਿੰਦਾ ਹੈ ….
“ਸਰ, ਤੁਹਾਨੂੰ ਤਾਂ ਪਤੈ, ਹੋਰ ਵੀ ਕਈ ਜਣੇ ਮੇਰੇ ਪਿੱਛੇ ਸਨ। ਮੈਨੂੰ ਵੀ ਉਹਨਾਂ ਵਾਲੇ ਦਾਈਏ ਨਾਲ ਦੌੜਨਾ ਪੈ ਰਿਹਾ ਸੀ। ਮੇਰੇ ਕੋਲ ਆਪਣੀ ਮਰਜ਼ੀ ਨਹੀਂ ਸੀ।“

ਇਸ ਸਥਿਤੀ ਤੇ ਮੈਨੂੰ ਡਾਕਟਰ ਹਰਭਜਨ ਸਿੰਘ ਦੀ ਕਵਿਤਾ ਦੀਆਂ ਇਹ ਸਤਰਾਂ ਯਾਦ ਆ ਗਈਆਂ
“ ਦੁਨੀਆਂ ਵਿੱਚ ਸੱਭ ਤੋਂ ਕੌੜਾ ਹੈ
ਖਾਲੀ ਪਿਆਲਾ
ਆਪਣੀ ਮਰਜ਼ੀ ਕੋਈ ਨਾ ਪੀਵੇ” – ਨਾ ਧੁੱਪੇ ਨਾ ਛਾਵੇਂ ਵਿਚੋਂ

ਅੰਤ ਵਿੱਚ ਮੈਂ ਇਹੀ ਕਹਾਂਗਾ ਕਿ ਭਾਸ਼ਾ ਦੀ ਵਰਤੋਂ ਬਹੁਤ ਵਧੀਆ ਤਰੀਕੇ ਨਾਲ ਪਾਤਰਾਂ ਦੀ ਹੈਸੀਅਤ ਅਤੇ ਯੋਗਤਾ ਅਨੁਸਾਰ ਕੀਤੀ ਗਈ ਹੈ। ਸੋਫੀ ਹੋਣ ਤੇ, ਸ਼ਰਾਬੀ ਹੋਣ ਤੇ ਸ਼ਰਾਰਤੀ ਰੌਂ ਵਿੱਚ, ਫੋਨ ਤੇ ਜਾਂ ਕਿਸੇ ਦੇ ਸਾਹਮਣੇ ਕਿਵੇਂ ਗੱਲ ਕਰਨੀ ਹੈ, ਸਭਾ ਵਿੱਚ ਅਤੇ ਕਮੇਟੀ ਵਿੱਚ ਕਿਸ ਭਾਸ਼ਾ ਦੀ ਅਤੇ ਕਿਹੜੇ ਇਸ਼ਾਰਿਆ ਦੀ ਵਰਤੋਂ ਕਰਨੀ ਹੈ । ਕਮਾਲ ਕੀਤੀ ਪਈ ਹੈ। ਮੁਹਾਵਰਿਆਂ ਦੀ ਥਾਂ ਸਿਰ ਵਾਹਵਾ ਵਰਤੋਂ ਕੀਤੀ ਹੈ। ਇਸ ਨਾਵਲ ਵਿੱਚ ਸੰਵਾਦ ਸਿਰਜਣਾ ਬਹੁਤ ਰੌਚਕ ਹੈ। ਸੰਵਾਦ ਚਲਦਾ ਹੈ ਤਾਂ ਲਗਦਾ ਜਿਵੇਂ ਨਾਟਕ ਵੇਖ ਰਹੇ ਹੋਈਏ। ਜਿਸ ਕਰਕੇ ਪਾਤਰ ਚਿਤਰਣ ਬਹੁਤ ਉਘੜ ਕੇ ਸਾਹਮਣੇ ਆਇਆ। ਕਈ ਪਾਠਕ ਪਾਤਰਾਂ ਨੂੰ ਕਿਸੇ ਨਾ ਕਿਸੇ ਅਸਲੀ ਵਿਅਕਤੀ ਨਾਲ ਜੋੜ ਕੇ ਵੇਖਣ ਲੱਗੇ ਹਨ। ਜੇ ਅਜਿਹਾ ਨਹੀਂ ਹੈ ਤਾਂ ਇਹ ਨਾਵਲਕਾਰ ਦੀ ਹੋਰ ਵੀ ਸਫਲਤਾ ਕਹੀ ਜਾ ਸਕਦੀ ਹੈ।

ਕੁੱਝ ਇਕ ਗਲਪੀ ਯੁਗਤਾਂ ਦੀ ਵਰਤੋਂ ਕਰਨ ਵਿੱਚ ਘਾਟ ਵੀ ਨਜ਼ਰਅੰਦਾਜ਼ ਨਹੀਂ ਕੀਤੀ ਜਾ ਸਕਦੀ। ਜਿਵੇਂ ਨਾਵਲ ਦਾ ਕੋਈ ਨਾਇਕ ਨਹੀਂ ਮਿਥਿਆ ਜਾ ਸਕਦਾ। ਕਿਸ਼ੋਰੀ ਲਾਲ, ਹੀਰਾ ਜਾਂ ਸੈਣੀ ਅਸਲ ਵਿੱਚ ਖਲਨਾਇਕ ਹਨ। ਖਲਨਾਇਕ ਦੇ ਰੂਪ ਵਿੱਚ ਵੀ ਪੂਰਨ ਨਹੀਂ ਹਨ। ਨਾਇਕਾਵਾਂ ਨਸੀਬ ਧਾਮੀ, ਉਰਵਸ਼ੀ ਖੰਨਾ ਊਸ਼ਾ ਭਾਟੀਆ ਵੀ ਨਾਇਕਾ ਦੀ ਪੂਰਨ ਪਰਿਭਾਸ਼ਾ ਤੋਂ ਹੇਠਾਂ ਰਹਿ ਜਾਂਦੀਆਂ ਹਨ। ਬਹੁਤ ਸਾਰੀਆਂ ਘਟਨਾਵਾਂ ਨੂੰ ਕਹਾਣੀ ਵਿੱਚ ਬੁਣਿਆ ਗਿਆ ਹੈ। ਹੋ ਸਕਦਾ, ਨਾਵਲ ਰਵਾਇਤੀ ਵਿਧਾ ਪੱਖੋਂ ਖਰਾ ਨਾ ਉੱਤਰਦਾ ਹੋਵੇ। ਪਰ ਇਸਨੂੰ ਨਾਵਲ਼ ਰਚਣ ਦੀ ਨਵੀਨ ਵਿਧਾ ਵੀ ਕਿਹਾ ਸਕਦਾ ਹੈ। ਵਿਦਵਾਨ ਅਲੋਚਕਾਂ ਦੀ ਰਾਇ ਵੱਖ ਵੱਖ ਹੋ ਸਕਦੀ ਹੈ। ਪਰ ਨਾਵਲਕਾਰ ਜੋ ਵੀ ਕਹਿਣਾ ਚਾਹੁੰਦਾ ਸੀ ਉਹ ‘ਖਿੱਦੋ’ ਵਿੱਚ ਕਹਿ ਗਿਆ ਹੈ। ਪਾਤਰ ਡਾਕਟਰ ਹਰਵੰਤ ਹੀਰਾ ਦੇ ਆਖਰੀ ਬੋਲਾਂ ਤੇ ਵੀ ਗੌਰ ਕਰਨਾ ਬਣਦਾ ਹੈ,
“ਗਲੀਜ਼ ਸੁੰਡੀਆਂ ਵਰਗੇ ਨੇ ਸਾਰੇ ਇਨਾਮ- ਸਨਮਾਨ, ਪ੍ਰਤਿਭਾ ਨੂੰ ਕੁਤਰ ਦਿੰਦੇ ਹਨ…. ਪਾੜ ਖਾਂਦੇ ਨੇ ਸਿਰਜਣਾ ਨੂੰ……. ਉਹਨਾਂ ਨੂੰ ਕਹੀਂ ਬੰਦ ਕਰ ਦੇਣ ਸਾਰੇ ਇਨਾਮ……. ਬੌਣੇ ਹੋ ਜਾਂਦੇ ਨੇ ਲੇਖਕ …. ਲੇਖਕ ਹੋਣਾ ਹੀ ਬੰਦ ਕਰ ਦਿੰਦੇ ਨੇ…”

ਹੁਣ ਪਾਠਕ ਖਿੱਦੋ ਦੇ ਰੰਗ ਵੇਖਦਾ, ਪਿੜੀਆਂ ਵੇਖਦਾ, ਇਸ ਨਾਲ ਖੇਡਣਾ ਚਾਹੁੰਦਾ ਜਾਂ ਇਸਨੂੰ ਖੋਹਲ ਕੇ ਵੇਖਣਾ ਚਾਹੁੰਦਾ, ਉਸਦੀ ਮਰਜ਼ੀ। ਸੋ ਲੇਖਕ ਆਪਣੇ ਵਲੋਂ ਪਾਠਕ ਵਰਗ, ਕਾਲਜਾਂ, ਯੂਨੀਵਰਸਿਟੀਆਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਤੱਕ ਪਹੁੰਚ ਕਰ ਚੁੱਕਾ ਹੈ। ਬਾਕੀ ਲੋਕਾਂ, ਸੁਚੇਤ ਪਾਠਕਾਂ, ਨਾਮਜ਼ਦ ਕਮੇਟੀਆਂ ਤੇ ਕਨੂੰਨ ਤੇ ਛੱਡ ਦਈਏ ਕਿ ਇਸ ਵਰਤਾਰੇ ਨੂੰ ਕਿਵੇਂ ਨੱਥ ਪਾਉਣੀ ਹੈ। ਖਿੱਦੋ ਤੇ ਫਿਰ “ਖਿੱਦੋ” ਹੀ ਹੁੰਦੀ ਹੈ।
***
ਪਿਆਰਾ ਸਿੰਘ ਕੁੱਦੋਵਾਲ
pskudowal@yahoo.com

(9 ਜਨਵਰੀ 2022)

***
571
***

About the author

ਪਿਆਰਾ ਸਿੰਘ ਕੁੱਦੋਵਾਲ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪਿਆਰਾ ਸਿੰਘ ਕੁੱਦੋਵਾਲ

View all posts by ਪਿਆਰਾ ਸਿੰਘ ਕੁੱਦੋਵਾਲ →