19 May 2024

ਕਲਿ ਤਾਰਣ ਗਰੂ ਨਾਨਕ ਆਇਆ—ਗੁਰਸ਼ਰਨ ਸਿੰਘ ਕੁਮਾਰ

ਸਤਿਗੁਰ ਨਾਨਕ ਪ੍ਰਗਟਇਆ
ਮਿਟੀ ਧੁੰਧੁ ਜਗਿ ਚਾਨਣੁ ਹੋਆ॥
 ਭਾਈ ਗੁਰਦਾਸ ਜੀ

ਅਸੀਂ ਭਾਗਾਂ ਵਾਲੇ ਹਾਂ ਜੋ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 554 ਸਾਲਾ ਗੁਰਪੁਰਬ ਮਨਾਉਣ ਦਾ ਅਤੇ ਇਸ ਦੇ ਜਲੌਅ ਦੁਨੀਆਂ ਭਰ ਵਿਚ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਸਨ। ਉਨ੍ਹਾਂ ਦਾ ਪ੍ਰਕਾਸ਼ 1469 ਈਸਵੀ ਵਿਚ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਰਾਏ ਭੋਇ ਦੀ ਤਲਵੰਡੀ (ਪਾਕਿਸਤਾਨ) ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਹੋਇਆ। ਗੁਰੂ ਨਾਨਕ ਦੇਵ ਜੀ ਨੇ ਕਲਿਜੁਗ ਤਾਰਨ ਲਈ ਇਸ ਧਰਤੀ ਤੇ ਅਵਤਾਰ ਧਾਰਿਆ। ਭਾਈ ਗੁਰਦਾਸ ਜੀ ਆਪਣੀ 23ਵੀਂ ਵਾਰ ਵਿਚ ਲਿਖਦੇ ਹਨ:

ਕਲਿਜੁਗ ਬਾਬੇ ਤਾਰਿਆ
ਸਤਿਨਾਮੁ ਪੜ੍ਹਿ ਮੰਤ੍ਰ ਸੁਣਾਇਆ।
ਕਲਿ ਤਾਰਣ ਗਰੂ ਨਾਨਕ ਆਇਆ॥

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਸੰਸਾਰ ਵਿਚ ਆਉਣ ਤੋਂ ਪਹਿਲਾਂ ਸਮਾਜ ਦਾ ਬਹੁਤ ਬੁਰਾ ਹਾਲ ਸੀ। ਸਮਾਜ ਚਾਰ ਵਰਣਾ (ਬਾ੍ਰਹਮਣ, ਖੱਤਰੀ, ਵੈਸ਼ ਅਤੇ ਸ਼ੂਦਰ) ਵਿਚ ਵੰਡਿਆ ਹੋਇਆ ਸੀ। ਹਿੰਦੂ ਅਤੇ ਮੁਸਲਮਾਨ ਇਕ ਦੂਸਰੇ ਨੂੰ ਘਟੀਆ ਅਤੇ ਆਪਣੇ ਦੁਸ਼ਮਣ ਸਮਝਦੇ ਸਨ। ਚਾਰੇ ਪਾਸੇ ਕੂੜ ਦਾ ਬੋਲਬਾਲਾ ਸੀ। ਦੁਖੀਆਂ ਦੀ ਬਾਂਹ ਫੜਨ ਵਾਲਾ ਕੋਈ ਰਹਿਨੁਮਾ ਨਹੀਂ ਸੀ ਦਿਸਦਾ। ਆਸਮਾਨ ’ਤੇ ਜ਼ੁਲਮ ਅਤੇ ਦਹਿਸ਼ਤਗਰਦੀ ਦੇ ਕਾਲੇ ਬੱਦਲ ਛਾਏ ਹੋਏ ਸਨ। ਸਭ ਪਾਸੇ ਹਨੇ੍ਹਰਾ ਹੀ ਹਨੇ੍ਹਰਾ ਸੀ। ਗੁਰੂ ਨਾਨਕ ਦੇਵ ਜੀ ਦੇ ਇਸ ਸੰਸਾਰ ’ਚ ਆਉਣ ’ਤੇ ਜਿਵੇਂ ਇਕ ਦਮ ਗਿਆਨ ਦਾ ਚਾਨਣ ਹੋ ਗਿਆ। ਇਸੇ ਲਈ ਭਾਈ ਗੁਰਦਾਸ ਜੀ ਅੱਗੇ ਜਾ ਕੇ ਲਿਖਦੇ ਹਨ:

ਸਤਿਗੁਰ ਨਾਨਕ ਪ੍ਰਗਟਇਆ
ਮਿਟੀ ਧੁੰਧੁ ਜਗਿ ਚਾਨਣੁ ਹੋਆ॥ ਭਾਈ ਗੁਰਦਾਸ ਜੀ

ਸ੍ਰੀ ਗੁਰੂ ਨਾਨਕ ਸਾਹਿਬ ਦੀ ਬਾਣੀ ਅਤੇ ਉਨ੍ਹਾਂ ਦੇ ਜੀਵਨ ਫਲਸਫੇ ਨੂੰ ਸਮਝਣ ਲਈ ਗੁਰੂ ਨਾਨਕ ਸਾਹਿਬ ਜਿੰਨਾ ਉੱਚਾ ਹੋਣ ਦੀ ਹੀ ਲੋੜ ਹੈ। ਅਸੀਂ ਦੁਨਿਆਵੀ ਲੋਕ ਗੁਰੂ ਸਾਹਿਬ ਦੇ ਪੈਰਾਂ ਦੀ ਧੂੜ ਦੇ ਤਿਨਕਾ ਮਾਤਰ ਵੀ ਨਹੀਂ ਹਾਂ। ਇਸ ਲਈ ਅਲਪ-ਬੁੱਧੀ ਅਤੇ ਅਲਪ-ਦ੍ਰਿਸ਼ਟੀ ਹੋਣ ਕਾਰਨ ਸਾਨੂੰ ਉਨ੍ਹਾਂ ਦੇ ਜੀਵਨ ਫਲਸਫੇ ਦੇ ਕੁਝ ਨਾਮ ਮਾਤਰ ਪਹਿਲੂਆਂ ਦਾ ਹੀ ਪਤਾ ਚੱਲਦਾ ਹੈ।

ਜੇ ਅਸੀਂ ਇਕ ਯਾਤਰੂ ਦੇ ਤੌਰ ’ਤੇ ਹੀ ਉਨ੍ਹਾਂ ਦੇ ਜੀਵਨ ’ਤੇ ਝਾਤੀ ਮਾਰਦੇ ਹਾਂ ਤਾਂ ਉਨ੍ਹਾਂ ਜਿਹਾ ਮਹਾਨ ਯਾਤਰੂ ਦੁਨੀਆਂ ਭਰ ਵਿਚ ਕੋਈ ਨਹੀਂ ਦਿੱਸਦਾ। ਉਨ੍ਹਾਂ ਨੇ ਸੀਮਤ ਸਾਧਨਾਂ ਦੇ ਹੋਣ ਦੇ ਬਾਵਜੂਦ ਵੀ ਪੈਦਲ ਚਾਰ ਦਿਸ਼ਾਵਾਂ ਵੱਲ ਚਾਰ ਵੱਡੀਆਂ ਯਾਤਰਾਵਾਂ ਕੀਤੀਆਂ, ਜਿਨ੍ਹਾਂ ਨੂੰ ਚਾਰ ਉਦਾਸੀਆਂ ਵੀ ਕਿਹਾ ਜਾਂਦਾ ਹੈ। ਇਨ੍ਹਾਂ ਉਦਾਸੀਆਂ ਦੌਰਾਨ ਆਪ ਜੈਨੀਆਂ, ਬੋਧੀਆਂ, ਹਿੰਦੂਆਂ ਦੇ ਵੱਖ-ਵੱਖ ਤੀਰਥ ਸਥਾਨਾਂ ਅਤੇ ਮੁਸਲਮਾਨਾਂ ਦੇ ਧਾਰਮਿਕ ਸਥਾਨਾਂ ’ਤੇ ਵੀ ਗਏ। ਜਿਵੇਂ ਕੁਰਕਸ਼ੇਤਰ, ਹਰਿਦੁਆਰ, ਮਥੁਰਾ, ਬਨਾਰਸ, ਆਸਾਮ, ਗਯਾ, ਢਾਕਾ, ਜਗਨ ਨਾਥ ਪੁਰੀ, ਲਾਹੌਰ, ਸੰਗਲਾਦੀਪ, ਹੈਦਰਾਬਾਦ, ਗੋਲਕੰਡਾ, ਬਦਰੀਨਾਥ, ਕੈਲਾਸ਼ ਮਾਨਸਰੋਵਰ, ਨੇਪਾਲ, ਸਿਕਮ, ਭੁਟਾਨ, ਡੇਰਾ ਗਾਜੀ ਖਾਂ, ਡੇਰਾ ਇਸਮਾਇਲ ਖਾਂ, ਮੱਕਾ, ਮਦੀਨਾ, ਬਗ਼ਦਾਦ, ਬੁਖਾਰਾ, ਹਸਨ ਅਬਦਾਲ, ਰੂਸ ਅਤੇ ਤੁਰਕੀ ਆਦਿ ਸਥਾਨਾਂ ’ਤੇ ਗਏ। ਉੱਥੇ ਆਪ ਨੇ ਕਾਜ਼ੀਆਂ, ਬ੍ਰਾਹਮਣਾ, ਜੋਗੀਆਂ, ਸਿੱਧਾਂ ਅਤੇ ਮੁਲਾਂ-ਮੁਲਾਣਿਆਂ ਦੇ ਨਾਲ ਗੋਸ਼ਟੀਆਂ ਕੀਤੀਆਂ। ਆਪ ਜੀ ਨੇ ਸੱਜਣ ਠੱਗ, ਕੌਡੇ ਰਾਖ਼ਸ਼ ਅਤੇ ਮਲਿਕ ਭਾਗੋ ਜਿਹਾਂ ਨੂੰ ਸਿੱਧੇ ਰਾਹ ਪਾਇਆ ਅਤੇ ਲੋਕਾਂ ਨੂੰ ਵਹਿਮਾਂ-ਭਰਮਾਂ ਅਤੇ ਪਾਖੰਡਾਂ ਵਿਚੋਂ ਨਿਕਲ ਕੇ ਧਰਮ ਦੇ ਰਸਤੇ ’ਤੇ ਚੱਲਣ ਦਾ ਉਪਦੇਸ਼ ਦਿੱਤਾ ਅਤੇ ਭੁੱਲੇ-ਭਟਕੇ ਲੋਕਾਂ ਨੂੰ ਸਹੀ ਰਸਤਾ ਦਿਖਾਇਆ।ਉਹ ਵਹਾਅ ਦਾ ਰੁਖ ਮੋੜਨ ਵਾਲੇ ਸਨ।ਉਨ੍ਹਾਂ ਨੇ ਦੱਬੇ ਕੁਚਲੇ ਲੋਕਾਂ ਦੀ ਬਾਂਹ ਫੜੀ ਅਤੇ ਝੂਠੇ ਆਡੰਬਰਾਂ ਦੇ ਖਿਲਾਫ਼ ਆਵਾਜ਼ ਬੁਲੰਦ ਕੀਤੀ। ਇਸ ਤਰ੍ਹਾਂ ਉਹ ਇਕ ਮਹਾਨ ਯਾਤਰੀ ਅਤੇ ਮਹਾਨ ਧਾਰਮਿਕ ਆਗੂ ਸਨ।
ਜੇ ਇਕ ਗ੍ਰਹਿਸਥੀ ਦੇ ਤੌਰ ’ਤੇ ਜਾਂ ਕਾਮੇ ਦੇ ਤੌਰ ’ਤੇ ਦੇਖੀਏ ਤਾਂ ਉਹ ਧਾਰਮਿਕ ਆਗੂ ਦੇ ਨਾਲ-ਨਾਲ ਪੂਰੇ ਗ੍ਰਹਿਸਥੀ ਅਤੇ ਮਹਾਨ ਕਾਮੇ ਵੀ ਸਨ। ਉਨ੍ਹਾਂ ਨੇ ਗ੍ਰਹਿਸਥ ਧਰਮ ਨਿਭਾਉਂਦਿਆਂ ਹੋਇਆਂ 18 ਸਾਲ ਦੀ ਉਮਰ ਵਿਚ ਬੀਬੀ ਸੁਲੱਖਨੀ ਜੀ ਨਾਲ ਸ਼ਾਦੀ ਕੀਤੀ, ਜਿਸ ਵਿਚੋਂ ਉਨ੍ਹਾਂ ਦੇ ਦੋ ਬੇਟੇ ਬਾਬਾ ਲਖਮੀ ਦਾਸ ਅਤੇ ਬਾਬਾ ਸੀ੍ਰ ਚੰਦ ਪੈਦਾ ਹੋਏ। ਦੋਵੇਂ ਬੇਟੇ ਬਹੁਤ ਧਾਰਮਿਕ ਅਤੇ ਤਿਆਗੀ ਸੁਭਾਅ ਦੇ ਸਨ। ਇਕ ਕਿਰਤੀ ਦੇ ਤੌਰ ’ਤੇ ਬਚਪਨ ਵਿਚ ਆਪ ਨੇ ਮੱਝਾਂ ਚਾਰੀਆਂ, ਜੁਆਨੀ ਵਿਚ ਆਪਣੀ ਵੱਡੀ ਭੈਣ ਨਾਨਕੀ ਜੀ ਅਤੇ ਭਣਵੱਈਏ ਜੈ ਰਾਮ ਜੀ ਦੇ ਕਹਿਣ ’ਤੇ ਮੋਦੀਖਾਨੇ ਦੀ ਨੌਕਰੀ ਕੀਤੀ ਅਤੇ ਬੁਢਾਪੇ ਵਿਚ ਕਰਤਾਰਪੁਰ ਵਿਖੇ ਆਪਣੇ ਅੰਤਿਮ 18 ਸਾਲ ਦੇ ਕਰੀਬ ਆਪਣੀ ਖੇਤੀ ਕੀਤੀ। ਇਸ ਤਰ੍ਹਾਂ ਗ੍ਰਹਿਸਥ ਧਰਮ ਨਿਭਾਉਂਦੇ ਹੋਏ ਉਨ੍ਹਾਂ ਕਦੀ ਕਿਰਤ ਤੋਂ ਵੀ ਮੂੰਹ ਨਹੀਂ ਮੋੜਿਆ। ਗੁਰੁ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਕਿਰਤ ਕੀਤੀ ਅਤੇ ਸਿੱਖਾਂ ਨੂੰ ਵੀ ਕਿਰਤ ਕਰਨ ਦਾ ਸੰਦੇਸ਼ ਦਿੱਤਾ। ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਹੀ ਉਨ੍ਹਾਂ ਦਾ ਸੰਦੇਸ਼ ਸੀ।

ਸ੍ਰੀ ਗੁਰੂ ਨਾਨਕ ਦੇਵ ਜੀ ਧਾਰਮਿਕ ਆਗੂ ਹੋਣ ਦੇ ਨਾਲ-ਨਾਲ ਬਹੁਤ ਸ਼ਾਂਤ ਸੁਭਾਅ ਦੇ ਅਤੇ ਮਿੱਠ ਬੋਲੜੇ ਵੀ ਸਨ। ਜੋ ਵੀ ਇਕ ਵਾਰੀ ਆਪ ਜੀ ਦੇ ਦਰਸ਼ਨ ਕਰ ਲੈਂਦਾ, ਉਹ ਆਪ ਜੀ ਦਾ ਹੀ ਹੋ ਕੇ ਰਹਿ ਜਾਂਦਾ। ਇਸੇ ਲਈ ਉਹ ਜਿਸ ਵੀ ਦੇਸ਼ ਵਿਚ ਗਏ ਉੱਥੋਂ ਦੇ ਲੋਕਾਂ ਨੇ ਆਪ ਜੀ ਨੂੰ ਆਪਣਾ ਧਾਰਮਿਕ ਗੁਰੂ ਮੰਨਿਆ। ਆਪ ਜੀ ਅਲੱਗ-ਅਲੱਗ ਦੇਸ਼ਾਂ ਵਿਚ ਅਲੱਗ-ਅਲੱਗ ਨਾਵਾਂ ਨਾਲ ਜਾਣੇ ਜਾਂਦੇ ਸਨ, ਜਿਵੇਂ:

ਸਿਰੀ ਲੰਕਾ ਨਾਨਕਚਾਰੀਆ
ਤਿੱਬਤ ਨਾਨਕ ਲਾਮਾ
ਸਿੱਕਮ ਅਤੇ ਭੁਟਾਨ ਗੁਰੂ ਰਿੰਪੋਚੀਓ
ਨੇਪਾਲ ਨਾਨਕ ਰਿਸ਼ੀ
ਬਗ਼ਦਾਦ ਨਾਨਕ ਪੀਰ
ਮੱਕਾ ਵਲੀ ਹਿੰਦ
ਮਿਸਰ ਨਾਨਕ ਵਲੀ
ਰੂਸ ਨਾਨਕ ਕਦਮਦਾਰ
ਇਰਾਕ ਬਾਬਾ ਨਾਨਕ
ਮਜ਼ਹਰ ਸ਼ਰੀਫ਼ ਪੀਰ ਬਲਾਗਦਾਨ
ਚੀਨ ਬਾਬਾ ਫੂਸਾ

ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਭਾਰਤ ਵਿਚ ਦੋ ਹੀ ਧਰਮ ਸਥਾਪਤ ਸਨ-ਹਿੰਦੂ ਅਤੇ ਮੁਸਲਮਾਨ। ਆਪ ਜੀ ਨੇ ਸਿੱਖ ਧਰਮ ਦੀ ਨੀਂਹ ਰੱਖੀ। ਇਹ ਸਿੱਖ ਧਰਮ ਵੱਖ-ਵੱਖ ਗੁਰੂ ਸਾਹਿਬਾਨ ਦੀ ਰਹਿਨੁਮਾਈ ਵਿਚੋਂ ਹੁੰਦਾ ਹੋਇਆ ਜਦ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਪਾਸ ਪੁੱਜਿਆ ਤਾਂ ਉਨ੍ਹਾਂ ਨੇ ਖ਼ਾਲਸਾ ਪੰਥ ਦੀ ਸਥਾਪਨਾ ਕਰ ਕੇ ਇਸ ਧਰਮ ਨੂੰ ਇਕ ਵੱਖਰੀ ਪਹਿਚਾਨ ਦਿੱਤੀ ਅਤੇ ਸਿੱਖਾਂ ਤੋਂ ਸਿੰਘ ਸਜਾਏ। ਉਨ੍ਹਾਂ ਨੇ ਸਿੱਖਾਂ ਨੂੰ ਸੰਤ ਤੋਂ ਸੰਤ- ਸਿਪਾਹੀ ਬਣਾਇਆ ਤਾਂ ਕਿ ਗ਼ਰੀਬਾਂ ਅਤੇ ਮਜ਼ਲੂਮਾਂ ਦੀ ਜਾਬਰਾਂ ਤੋਂ ਰੱਖਿਆ ਹੋ ਸਕੇ। ਇਸ ਤਰ੍ਹਾਂ ਸਿੱਖਾਂ ਦੀ ਇਕ ਵੱਖਰੀ ਕੌਮ ਹੋਂਦ ਵਿਚ ਆਈ। ਅੱਜ ਜਿੱਥੇ ਵੀ ਸਿੱਖ ਜਾਂਦੇ ਹਨ, ਆਪਣੀ ਸਫ਼ਲਤਾ ਦੇ ਝੰਡੇ ਬੁਲੰਦ ਕਰਦੇ ਹਨ।ਦੁਨੀਆਂ ਭਰ ਦੇ ਦੇਸ਼ਾਂ ਵਿਚ ਸਿੱਖ ਆਪਣੀ ਲਿਆਕਤ ਨਾਲ ਉੱਚੀਆਂ ਪਦਵੀਆਂ ’ਤੇ ਬਿਰਾਜਮਾਨ ਹਨ ਅਤੇ ਆਪਣੀ ਕੌਮ ਦਾ ਸਿਰ ਉੱਚਾ ਕਰ ਕੇ ਛਾਏ ਹੋਏ ਹਨ।

ਗੁਰੂੂੂੂੂੂੂੂੂੂੂੂੂੂੂੂੂੂ ਨਾਨਕ ਦੇਵ ਜੀ ਇਕ ਮਹਾਨ ਸਾਹਿਤਕਾਰ ਵੀ ਸਨ। ਉਹ ਪੰਜਾਬੀ, ਸੰਸਕ੍ਰਿਤ ਅਤੇ ਪਾਰਸੀ ਭਾਸ਼ਾ ਦੇ ਮਾਹਿਰ ਸਨ। ਉਨ੍ਹਾਂ ਨੇ 19 ਰਾਗਾਂ ਵਿਚ (974 ਸ਼ਬਦ) ਬੜੀ ਸਰਲ ਭਾਸ਼ਾ ਵਿਚ ਬਾਣੀ ਉਚਾਰਨ ਕੀਤੀ। ਆਪ ਜੀ ਦੀਆਂ ਬਾਣੀਆਂ ਜਪੁ ਜੀ ਸਾਹਿਬ, ਆਸਾ ਦੀ ਵਾਰ, ਸਿੱਧ ਗੋਸ਼ਟਿ, ਪਹਿਰੇ, ਦੱਖਣੀ ਓਅੰਕਾਰ ਅਤੇ ਬਾਰਹ ਮਾਹ ਤੁਖਾਰੀ ਆਦਿ ਹਨ। ਉਨ੍ਹਾਂ ਨੇ ਆਪਣੀ ਬਾਣੀ ਦੇ ਨਾਲ-ਨਾਲ ਆਪਣੇ ਤੋਂ ਪਹਿਲਾਂ ਹੋ ਚੁੱਕੇ ਬਾਬਾ ਫ਼ਰੀਦ ਜੀ ਦੀ ਬਾਣੀ ਨੂੰ ਵੀ ਸੰਭਾਲਿਆ।ਇਹ ਸਾਰੀ ਹੀ ਬਾਣੀ ਵੱਖ-ਵੱਖ ਗੁਰੂੂ ਸਾਹਿਬਾਨ ਦੇ ਹੱਥੋਂ ਹੁੰਦੀ ਹੋਈ ਪੰਜਵੇਂ ਪਾਤਸ਼ਾਹ ਗੁਰੂੂੂ ਅਰਜਨ ਦੇਵ ਜੀ ਪਾਸ ਪਹੁੰਚੀ। ਉਨ੍ਹਾਂ ਨੇ ਸਾਰੀ ਬਾਣੀ (ਆਪਣੇ ਤੋਂ ਪਹਿਲਾਂ ਹੋ ਚੁੱਕੇ ਗੁਰੂ ਸਾਹਿਬਾਨ ਦੀ ਅਤੇ ਭਗਤਾਂ ਦੀ ਬਾਣੀ) ਦੀ ਚੰਗੀ ਤਰ੍ਹਾਂ ਪਰਖ ਕਰ ਕੇ ਨਾਲ ਆਪਣੀ ਬਾਣੀ ਸ਼ਾਮਲ ਕਰ ਕੇ ਪਵਿੱਤਰ ਗ੍ਰੰਥ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਅਤੇ ਉਸ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਕੀਤਾ। ਗੁਰੂ ਨਾਨਕ ਦੇਵ ਜੀ ਦੀ ਬਾਣੀ ‘ਜਪੁ ਜੀ ਸਾਹਿਬ’ ਸਿੱਖ ਧਰਮ ਦੀ ਮੁੱਢਲੀ ਬਾਣੀ ਹੈ, ਜਿਸ ਦਾ ਪਾਠ ਹਰ ਸਿੱਖ ਘਰ ਵਿਚ ਰੋਜ਼ਾਨਾ ਹੁੰਦਾ ਹੈ। ‘ਜਪੁ ਜੀ ਸਾਹਿਬ’ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਸਭ ਤੋਂ ਪਹਿਲਾਂ ਲਿਖੇ ਜਾਣ ਦਾ ਵੀ ਸੁਭਾਗ ਪ੍ਰਾਪਤ ਹੈ।

ਗੁਰੂੂ ਨਾਨਕ ਦੇਵ ਜੀ ਇਕ ਧਰਮ ਨਿਰਪੱਖ ਆਗੂ ਵੀ ਸਨ। ਉਹ ਹਿੰਦੂ ਜਾਂ ਮੁਸਲਮਾਨ ਵਿਚ ਕੋਈ ਫ਼ਰਕ ਨਹੀਂ ਸਨ ਸਮਝਦੇ। ਜੇ ਉਹ ਆਪਣੇ ਪ੍ਰਚਾਰ ਲਈ ਹਿੰਦੂਆਂ ਦੇ ਮੰਦਰਾਂ ਅਤੇ ਤੀਰਥਾਂ ’ਤੇ ਗਏ ਤਾਂ ਉਹ ਮੁਸਲਮਾਨਾਂ ਦੇ ਤੀਰਥ ਸਥਾਨਾਂ ’ਤੇ ਵੀ ਗਏ। ਆਪ 22 ਸਤੰਬਰ 1539 ਈਸਵੀ ਨੂੰ ਕਰਤਾਰਪੁਰ ਵਿਖੇ ਜੋਤੀ-ਜੋਤਿ ਸਮਾਏ। ਆਪ ਜੀ ਦੇ ਜੋਤੀ-ਜੋਤਿ ਸਮਾਉਣ ’ਤੇ ਹਿੰਦੂਆਂ ’ਤੇ ਮੁਸਲਮਾਨਾਂ ਵਿਚ ਝਗੜਾ ਹੋ ਗਿਆ। ਹਿੰਦੂ ਆਖਣ ਇਹ ਸਾਡੇ ਗੁਰੂੂੂੂ ਹਨ ਇਸ ਲਈ ਅਸੀਂ ਇਨ੍ਹਾਂ ਦੇ ਮ੍ਰਿਤਕ ਸਰੀਰ ਦਾ ਸਸਕਾਰ ਕਰਾਂਗੇ ਅਤੇ ਮੁਸਲਮਾਨ ਆਖਣ ਕਿ ਇਹ ਸਾਡੇ ਪੀਰ ਹਨ ਇਸ ਲਈ ਅਸੀਂ ਇਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਆਪਣੀ ਮਰਿਆਦਾ ਅਨੁਸਾਰ ਦਫ਼ਨਾਵਾਂਗੇ। ਉਨ੍ਹਾਂ ਦੀ ਯਾਦ ਵਿਚ ਕਰਤਾਰਪੁਰ ਵਿਖੇ ਗੁਰਦੁਆਰਾ ਅਤੇ ਕਬਰ ਨਾਲ-ਨਾਲ ਹੀ ਬਣੇ ਹੋਏ ਹਨ।ਗੁਰੂੂੂੂ ਨਾਨਕ ਦੇਵ ਜੀ ਨੇ ਸਾਰੀ ਉਮਰ ਭਾਈ ਮਰਦਾਨੇ ਨੂੰ ਜੋ ਕਿ ਇਕ ਮੁਸਲਮਾਨ ਸੀ, ਆਪਣੇ ਨਾਲ ਰੱਖਿਆ। ਆਪ ਜੀ ਜਦ ਵੀ ਬਾਣੀ ਰਚਦੇ ਸਨ ਤਾਂ ਮਰਦਾਨੇ ਨੂੰ ਰਬਾਬ ਵਜਾਉਣ ਲਈ ਕਹਿੰਦੇ ਸਨ। ਭਾਈ ਮਰਦਾਨਾ ਜੀ ਨੇ ਆਪਣੇ ਅੰਤਿਮ ਸਵਾਸ ਵੀ ਗੁਰੂ ਨਾਨਕ ਦੇਵ ਜੀ ਦੀ ਗੋਦ ਵਿਚ ਹੀ ਲਏ। ਅੱਜ ਵੀ ਭਾਈ ਮਰਦਾਨਾ ਜੀ ਦੀ ਪੀੜ੍ਹੀ-ਦਰ-ਪੀੜ੍ਹੀ ਪਾਕਿਸਤਾਨ ਵਿਚ ਸੁੱਖੀ ਜੀਵਨ ਬਿਤਾ ਰਹੀ ਹੈ। ਅੱਜ ਕੱਲ ਉਨ੍ਹਾਂ ਦੀ 14ਵੀ ਪੀੜੀ ਨਿਰੋਲ ਕੀਰਤਨ ਦੁਆਰਾ ਬਾਣੀ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰ ਰਹੀ ਹੈ। ਰਹਿੰਦੀ ਦੁਨੀਆਂ ਤੱਕ ਗੁਰੂ ਨਾਨਕ ਦੇਵ ਜੀ ਦੇ ਨਾਲ ਭਾਈ ਮਰਦਾਨਾ ਜੀ ਦਾ ਨਾਮ ਬੜੇ ਸਤਿਕਾਰ ਅਤੇ ਸ਼ਰਧਾ ਨਾਲ ਲਿਆ ਜਾਵੇਗਾ।

ਗੁਰੂ ਨਾਨਕ ਦੇਵ ਜੀ ਇਕ ਸਮਾਜਵਾਦੀ ਅਤੇ ਮਹਾਨ ਕ੍ਰਾਂਤੀਕਾਰੀ ਆਗੂ ਵੀ ਸਨ। ਆਪ ਜੀ ਦਾ ਇਹ ਸੁਭਾਅ ਬਚਪਨ ਤੋਂ ਹੀ ਪ੍ਰਗਟ ਹੋ ਗਿਆ ਸੀ, ਜਦ 11 ਸਾਲ ਦੀ ਉਮਰ ਵਿਚ ਆਪ ਜੀ ਨੇ ਪੰਡਿਤ ਤੋਂ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ। ਆਪ ਜੀ ਨੇ ਸੱਚ ਅਤੇ ਧਰਮ ਦੀ ਆਵਾਜ਼ ਬੁਲੰਦ ਕੀਤੀ ਅਤੇ ਲੋਕਾਂ ਨੂੰ ਵਹਿਮਾਂ-ਭਰਮਾਂ ਵਿਚੋਂ ਨਿਕਲ ਕੇ ਨੇਕੀ ’ਤੇ ਚੱਲਣ ਦਾ ਸੰਦੇਸ਼ ਦਿੱਤਾ। ਇਸ ਦੇ ਨਾਲ ਹੀ ਆਪ ਨਿੱਡਰ ਸੁਭਾਅ ਦੇ ਵੀ ਸਨ। ਸੱਚੀ ਗੱਲ ਕਹਿਣ ਲੱਗਿਆਂ ਆਪ ਕਿਸੇ ਤੋਂ ਵੀ ਨਹੀਂ ਸਨ ਡਰਦੇ। ਆਪ ਨੇ ਮਲਕ ਭਾਗੋ ਦੀ ਰੋਟੀ ਵਿਚੋਂ ਲਹੂ ਨਿਚੋੜ ਕੇ ਉਸ ਨੂੰ ਗ਼ਰੀਬਾਂ ’ਤੇ ਜ਼ੁਲਮ ਕਰਨ ਤੋਂ ਵਰਜਿਆ। ਆਪ ਮੁਸਲਮਾਨਾਂ ਦੇ ਪਵਿੱਤਰ ਸਥਾਨ ਮੱਕੇ- ਮਦੀਨੇ ਵੀ ਗਏ। ਉਨ੍ਹਾਂ ਦੱਸਿਆ ਕਿ ਪ੍ਰਮਾਤਮਾ ਸਭ ਥਾਂ ਮੌਜੂਦ ਹੈ। ਆਪ ਸੁਮੇਰ ਪਰਬਤ ’ਤੇ ਗਏ ਅਤੇ ਜੋਗੀਆਂ ਨੂੰ ਦੱਸਿਆ ਕਿ ਜੇ ਧਾਰਮਿਕ ਲੋਕ ਹੀ ਦੁਨੀਆਂਦਾਰੀ ਨੂੰ ਛੱਡ ਕੇ ਪਰਬਤਾਂ ’ਤੇ ਜਾ ਬੈਠਣਗੇ ਤਾਂ ਗ਼ਰੀਬਾਂ ਅਤੇ ਬੇਸਹਾਰਿਆਂ ਦੀ ਬਾਂਹ ਕੌਣ ਫੜੇਗਾ? ਇਸ ਤਰ੍ਹਾਂ ਆਪ ਜੀ ਨੇ ਹਰਿਦੁਆਰ ਜਾ ਕੇ ਪੱਛਮ ਵੱਲ ਪਾਣੀ ਦੇ ਕੇ ਪੰਡਿਤਾਂ ਨੂੰ ਸਮਝਾਇਆ ਕਿ ਜੇ ਮੇਰਾ ਪਾਣੀ ਕੁਝ ਮੀਲਾਂ ਦੀ ਦੂਰੀ ’ਤੇ ਮੇਰੇ ਖੇਤਾਂ ਨੂੰ ਨਹੀਂ ਪਹੁੰਚ ਸਕਦਾ ਤਾਂ ਤੁਹਾਡਾ ਪਾਣੀ ਲੱਖਾਂ ਮੀਲ ਦੀ ਦੂਰੀ ’ਤੇ ਸੂਰਜ ਕੋਲ ਕਿਵੇਂ ਪਹੁੰਚ ਸਕਦਾ ਹੈ? ਇਸ ਲਈ ਝੂਠੇ ਆਡੰਬਰ ਛੱਡੋ। ਆਪ ਨੇ ਬਾਹਰਲੇ ਧਾੜਵੀ ਰਾਜਾ ਬਾਬਰ ਨੂੰ ਵੀ ਜਾਬਰ ਕਹਿਣ ਦਾ ਹੌਂਸਲਾ ਕੀਤਾ ਅਤੇ ਰੱਬ ਨੂੰ ਵੀ ਮਿੱਠਾ ਉਲ੍ਹਂਾਭਾ ਦਿੱਤਾ:

ਏਤੀ ਮਾਰ ਪਈ ਕਰਲਾਣੇ (ਅੰਗ 360)
ਤੈਂ ਕੀ ਦਰਦੁ ਨਾ ਆਇਆ॥

ਭਾਰਤ ਵਿਚ ਸਦੀਆਂ ਤੋਂ ਔਰਤ ਦੀ ਹਾਲਤ ਬਹੁਤ ਤਰਸਯੋਗ ਸੀ। ਉਸ ਨੂੰ ਪੈਰ ਦੀ ਜੁੱਤੀ ਅਤੇ ਕੇਵਲ ਭੋਗ ਦੀ ਵਸਤੂ ਹੀ ਸਮਝਿਆ ਜਾਂਦਾ ਸੀ। ਗੁਰੂੂ ਨਾਨਕ ਦੇਵ ਜੀ ਨੇ ਔਰਤ ਦੀ ਇਸ ਦੁਰਦਸ਼ਾ ਨੂੰ ਬਹੁਤ ਸ਼ਿੱਦਤ ਨਾਲ ਮਹਿਸੂਸ ਕੀਤਾ ਅਤੇ ਉਸ ਨੂੰ ਸਮਾਜ ਵਿਚ ਮਰਦਾਂ ਦੇ ਬਰਾਬਰ ਦਰਜਾ ਦਿੱਤਾ।

ਗੁਰੂੂ ਨਾਨਕ ਦੇਵ ਜੀ ਨੇ ਕਿਹਾ ਕਿ ਔਰਤ ਨੂੰ ਮਰਦ ਤੋਂ ਮਾੜਾ ਜਾਂ ਨੀਵਾਂ ਨਹੀਂ ਸਮਝਣਾ ਚਾਹੀਦਾ ਕਿਉਂਕਿ ਰਾਜੇ-ਮਹਾਰਾਜਿਆਂ ਅਤੇ ਪੀਰ-ਪੈਗੰਬਰਾਂ ਨੂੰ ਜਨਮ ਦੇਣ ਵਾਲੀ ਔਰਤ ਹੀ ਹੈ। ਇਸ ਲਈ ਉਹ ਕਿਸੇ ਗੱਲੋਂ ਘਟੀਆ ਨਹੀਂ ਸਗੋਂ ਮਹਾਨ ਹੈ। ਔਰਤ ਦੇ ਹੱਕ ’ਚ ਆਵਾਜ਼ ਉਠਾਉਂਦੇ ਹੋਏ ਆਪ ਜੀ ਨੇ ਫ਼ੁਰਮਾਇਆ:

ਸੋ ਕਿਉ ਮੰਦਾ ਆਖੀਐ
ਜਿਤੁ ਜੰਮਹਿ ਰਾਜਾਨ॥ (ਅੰਗ 473)

ਗੁਰੂ ਜੀ ਨੇ ਪੁਰਾਣੀਆਂ ਗ਼ਲਤ ਪਰੰਪਰਾਵਾਂ ਨੂੰ ਵੰਗਾਰਿਆ ਅਤੇ ਨਵੀਆਂ ਪੈੜਾਂ ਪਾਈਆਂ। ਮਹਾਂ ਭਾਰਤ ਅਤੇ ਰਾਮਾਇਣ ਦੇ ਪਾਠ ਤੋਂ ਪਤਾ ਚੱਲਦਾ ਹੈ ਕਿ ਉਸ ਸਮੇਂ ਦੇ ਰਾਜੇ-ਮਹਾਰਾਜੇ ਆਪਣੇ ਪੁੱਤਰ-ਮੋਹ ਵਿਚ ਬੁਰੀ ਤਰ੍ਹਾਂ ਫਸੇ ਹੋਏ ਸਨ। ਉਨ੍ਹਾਂ ਸਾਹਮਣੇ ਇਹ ਹੀ ਆਸ਼ਾ ਸੀ ਕਿ ਮੇਰੇ ਤੋਂ ਬਾਅਦ ਮੇਰੀ ਰਾਜਗੱਦੀ ਮੇਰੇ ਪੁੱਤਰ ਨੂੰ ਹੀ ਮਿਲੇ। ਇਸ ਲਈ ਭਾਵੇਂ ਜਿੰਨੀਆਂ ਮਰਜ਼ੀ ਕੀਮਤੀ ਜਾਨਾਂ ਕਿਉਂ ਨਾ ਚਲੀਆਂ ਜਾਣ। ਇਹ ਹੀ ਪੁੱਤਰ-ਮੋਹ ਭਾਰਤ ਵਿਚ ਅੱਜ ਵੀ ਬੁਰੀ ਤਰ੍ਹਾਂ ਫੈਲਿਆ ਹੋਇਆ ਹੈ। ਹਰ ਰਾਜ ਨੇਤਾ ਇਹ ਹੀ ਚਾਹੁੰਦਾ ਹੈ ਕਿ ਮੇਰੇ ਬਾਅਦ ਮੇਰੀ ਕੁਰਸੀ ਮੇਰੇ ਪੁੱਤਰ ਨੂੰ ਹੀ ਮਿਲੇ। ਇਸ ਲਈ ਲਿਆਕਤ ਅਤੇ ਯੋਗਤਾ ਨੂੰ ਪੂਰੀ ਤਰ੍ਹਾਂ ਨਕਾਰਿਆ ਜਾਂਦਾ ਹੈ। ਪਰ ਗੁਰੂ ਨਾਨਕ ਦੇਵ ਜੀ ਇਸ ਮੋਹ ਮਾਇਆ ਤੋਂ ਬਿਲਕੁਲ ਨਿਰਲੇਪ ਸਨ। ਉਨ੍ਹਾਂ ਨੇ ਪੁੱਤਰ-ਮੋਹ ਤੋਂ ਉੱਪਰ ਉੱਠ ਕੇ ਯੋਗਤਾ ਨੂੰ ਪਹਿਲ ਦਿੱਤੀ ਅਤੇ ਆਪਣੀ ਗੁਰਿਆਈ ਗੱਦੀ ਆਪਣੇ ਦੋਹਾਂ ਪੁੱਤਰਾਂ ਵਿਚੋਂ ਕਿਸੇ ਨੂੰ ਵੀ ਨਹੀਂ ਦਿੱਤੀ, ਸਗੋਂ ਭਾਈ ਲਹਿਣਾ ਜੀ ਨੂੰ ਆਪਣੇ ਜਿਉਂਦੇ ਜੀਅ ਗੁਰ-ਗੱਦੀ ਦੇ ਕੇ ਇਕ ਨਵੀਂ ਪਿਰਤ ਪਾਈ। ਲਹਿਣਾ ਜੀ ਨਾਲ ਉਨ੍ਹਾਂ ਦਾ ਕੋਈ ਦੁਨਿਆਵੀ ਰਿਸ਼ਤਾ ਨਹੀਂ ਸੀ। ਗੁਰੂੂ ਜੀ ਜਾਣਦੇ ਸਨ ਕਿ ਉਨ੍ਹਾਂ ਦੇ ਸੇਵਕ ਲਹਿਣਾ ਜੀ ਇਸ ਬਹੁਤ ਵੱਡੀ ਜ਼ਿੰਮੇਵਾਰੀ ਨੂੰ ਸੰਭਾਲਣ ਲਈ ਸਭ ਤੋਂ ਯੋਗ ਹਨ।ਭਾਈ ਲਹਿਣਾ ਜੀ ਵੀ ਗੁਰੂ ਆਸ਼ੇ ਦੇ ਪੂਰੀ ਤਰ੍ਹਾਂ ਯੋਗ ਨਿਕਲੇ ਅਤੇ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਨੂੰ ਅੱਗੇ ਤੋਰਿਆ। ਇਸ ਆਸ਼ੇ ਨੂੰ ਪੂਰਨ ਕਰਨ ਲਈ ਆਪ ਜੀ ਨੇ ਕਈ ਮਹਾਨ ਕਾਰਜ ਕੀਤੇ। ਇਸੇ ਲਈ ਆਪ ਲਹਿਣਾ ਤੋਂ ਗੁਰੂੂੂੂੂੂੂ ਅੰਗਦ, ਭਾਵ ਗੁਰੂ ਦੇ ਅੰਗ ਤੋਂ ਪੈਦਾ ਹੋਏ, ਬਣ ਕੇ ਵਿਚਰੇ।ਇਸ ਤੋਂ ਬਾਅਦ ਗੁਰੂ ਅਮਰਦਾਸ ਜੀ ਤੋਂ ਲੈ ਕੇ ਗੁਰੂੂ ਗੋਬਿੰਦ ਸਿੰਘ ਜੀ ਤੱਕ ਬਾਕੀ ਗੁਰੁ ਸਾਹਿਬਾਨ ਨੇ ਇਸ ਮਿਸ਼ਨ ਨੂੰ ਅੱਗੇ ਤੋਰਿਆ।

ਗੁਰੂ ਸਾਹਿਬ ਇਕ ਮਹਾਨ ਦਾਨੀ ਵੀ ਸਨ। 34 ਸਾਲ ਦੀ ਉਮਰ ਵਿਚ, ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਜੀ ਨੇ ਆਪ ਜੀ ਨੂੰ 20 ਰੁਪਏ ਦੇ ਕੇ ਭਾਈ ਬਾਲੇ ਨਾਲ ਕੋਈ ਸੱਚਾ ਸੌਦਾ ਕਰਨ ਲਈ ਭੇਜਿਆ ਤਾਂ ਕਿ ਵੱਡੇ ਹੋ ਕੇ ਆਪ ਇਕ ਕਾਮਯਾਬ ਵਪਾਰੀ ਬਣ ਸਕਣ। ਰਸਤੇ ਵਿਚ ਆਪ ਨੇ ਕੁਝ ਸਾਧੂਆਂ ਨੂੰ ਦੇਖਿਆ ਜੋ ਕਈ ਦਿਨਾਂ ਤੋਂ ਭੁੱਖੇ ਸਨ। ਗੁਰੂ ਸਾਹਿਬ ਨੇ ਉਨ੍ਹਾਂ ਵੀਹ ਰੁਪਏ ਦੀ ਰਸਦ ਖ਼ਰੀਦ ਕੇ ਉਸ ਦਾ ਭੋਜਨ ਤਿਆਰ ਕਰ ਕੇ ਭੁੱਖੇ ਸਾਧੂਆਂ ਨੂੰ ਖੁਆ ਦਿੱਤਾ। ਇਸ ਤਰ੍ਹਾਂ ਉਨ੍ਹਾਂ ਨੇ ਸਾਰੀ ਰਾਸ ਪੂੰਜੀ ਦਾਨ ਕਰ ਦਿੱਤੀ ਅਤੇ ਸਿੱਖ ਧਰਮ ਵਿਚ ਲੰਗਰ ਦੀ ਰਸਮ ਚਲਾਈ, ਜੋ ਅੱਜ ਦੁਨੀਆਂ ਭਰ ਵਿਚ ਫੈਲ ਕੇ ਆਪਣੀ ਖ਼ੁਸ਼ਬੂ ਫੈਲਾਅ ਰਹੀ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀਹ ਰੁਪਏ ਨਾਲ ਭੁੱਖੇ ਸਾਧੂਆਂ ਨੂੰ ਭੋਜਨ ਕਰਾ ਕੇ ਸਿੱਖ-ਮੱਤ ਵਿਚ ਜਿਹੜੀ ਲੰਗਰ ਦੀ ਸੇਵਾ ਸ਼ੁਰੂ ਕੀਤੀ ਸੀ, ਉਹ ਅੱਜ ਇਕ ਮਜ਼ਬੂਤ ਫ਼ਲਦਾਰ ਰੁੱਖ ਬਣ ਕੇ ਉਭਰੀ ਹੈ। ਦੁਨੀਆਂ ਭਰ ਵਿਚ ਸਿੱਖ ਨਿਰਸੁਆਰਥ ਹੋ ਕੇ ਬਿਨਾਂ ਕਿਸੇ ਭੇਦ-ਭਾਵ ਦੇ ਥਾਂ-ਥਾਂ ਲੰਗਰ ਲਾ ਰਹੇ ਹਨ ਤਾਂ ਕਿ ਕੋਈ ਮਨੁੱਖ ਭੁੱਖ ਨਾਲ ਨਾ ਮਰੇ ਕਿਉਂਕਿ ਭੋਜਨ ਹਰ ਪ੍ਰਾਣੀ ਦੀ ਮੁਢਲੀ ਜ਼ਰੂਰਤ ਹੈ। ਇਸ ਸਮੇਂ ਦੁਨੀਆਂ ਵਿਚ ਸਿੱਖਾਂ ਦੀ ਆਬਾਦੀ ਕੇਵਲ ਢਾਈ ਕਰੋੜ ਹੈ, ਪਰ ਉਹ ਰੋਜ਼ਾਨਾ ਪੰਜ ਕਰੋੜ ਲੋਕਾਂ ਨੂੰ ਮੁਫ਼ਤ ਭੋਜਨ ਕਰਾ ਕੇ ਸੌਂਦੇ ਹਨ। ਇਕੱਲੇ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਲੰਗਰ ਵਿਚ ਹੀ ਰੋਜ਼ਾਨਾ ਇਕ ਲੱਖ ਤੋਂ ਵੱਧ ਲੋਕ ਬਿਨਾਂ ਕਿਸੇ ਭੇਦ-ਭਾਵ ਤੋਂ ਮੁਫ਼ਤ ਭੋਜਨ ਕਰਦੇ ਹਨ। ਇਸ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਰਸੋਈ ਵੀ ਕਿਹਾ ਜਾਂਦਾ ਹੈ। ਸੇਵਾ ਦਾ ਇਕ ਮਹਾਨ ਕਾਰਜ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਅਤੇ ਬਾਕੀ ਗੁਰੂ ਸਾਹਿਬਾਨ ਨੇ ਬਾਖੂਬੀ ਅੱਗੇ ਤੋਰਿਆ।ਸਿੱਖਾਂ ਦੇ ਅੱਠਵੇਂ ਗੁਰੂ, ਗੁਰੂ ਹਰਕ੍ਰਿਸ਼ਨ ਜੀ ਹਾਲੇ ਬਾਲ ਅਵਸਥਾ ਵਿਚ ਹੀ ਸਨ ਕਿ ਦਿੱਲੀ ਵਿਚ ਚੇਚਕ ਦਾ ਰੋਗ ਫੈਲ ਗਿਆ, ਜੋ ਇਕ ਛੂਤ ਦਾ ਰੋਗ ਹੈ। ਚੇਚਕ ਦੇ ਰੋਗੀ ਕੋਲ ਉਸ ਦੇ ਘਰਵਾਲੇ ਵੀ ਜਾਣ ਤੋਂ ਕਤਰਾਉਂਦੇ ਹਨ ਤਾਂ ਕਿ ਕਿਧਰੇ ਉਨ੍ਹਾਂ ਨੂੰ ਵੀ ਇਹ ਰੋਗ ਨਾ ਲੱਗ ਜਾਏ, ਪਰ ਛੋਟੀ ਜਿਹੀ ਉਮਰ ਹੁੰਦਿਆਂ ਹੋਇਆਂ ਵੀ ਗੁਰੂ ਜੀ ਨੇ ਇਨ੍ਹਾਂ ਰੋਗੀਆਂ ਦੇ ਘਰ-ਘਰ ਜਾ ਕੇ ਉਨ੍ਹਾਂ ਦੀ ਹੱਥੀਂ ਸੇਵਾ ਕੀਤੀ ਅਤੇ ਉਨ੍ਹਾਂ ਦੇ ਦਵਾ-ਦਾਰੂ ਅਤੇ ਭੋਜਨ ਦਾ ਵੀ ਪ੍ਰਬੰਧ ਕੀਤਾ। ਇਸ ਸੇਵਾ ਦੇ ਕਾਰਨ ਹੀ ਉਨ੍ਹਾਂ ਨੂੰ ਚੇਚਕ ਦਾ ਰੋਗ ਹੋ ਗਿਆ ਅਤੇ ਉਨ੍ਹਾਂ ਨੇ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦਿੱਤੀ। ਇਸ ਤੋਂ ਬਾਅਦ ਗੁਰੂ ਦੇ ਸਿੱਖਾਂ ਨੇ ਵੀ ਸੇਵਾ ਦੇ ਇਸ ਸਿਧਾਂਤ ਨੂੰ ਪੂਰੀ ਤਰ੍ਹਾਂ ਨਿਭਾਇਆ।

ਭਾਈ ਕਨੰਹੀਅਾ ਜੀ ਜੰਗ ਵਿਚ ਮੁਸਲਮਾਨਾਂ ਅਤੇ ਸਿੱਖਾਂ ਨੂੰ ਨਿਰਵੈਰ ਹੋ ਕੇ ਜਲ ਛਕਾਉਂਦੇ ਸਨ। ਉਨ੍ਹਾਂ ਨੂੰ ਰੈਡ ਕਰਾਸ ਦਾ ਮੋਢੀ ਵੀ ਕਿਹਾ ਜਾ ਸਕਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਮਲ੍ਹਮ ਦੀ ਡੱਬੀ ਦੇ ਕੇ ਸਾਰੇ ਹੀ ਜ਼ਖ਼ਮੀਆਂ ਦੇ ਫੱਟਾਂ ’ਤੇ ਬਿਨਾਂ ਕਿਸੇ ਵਿਤਕਰੇ ਦੇ ਮਲ੍ਹਮ ਲਾਉਣ ਲਈ ਕਿਹਾ ਅਤੇ ‘ਨਾ ਕੋ ਬੈਰੀ ਨਹੀ ਬਿਗਾਨਾ’ ਦਾ ਪਾਠ ਹੋਰ ਵੀ ਦ੍ਰਿੜ ਕਰਾਇਆ। ਮਹਾਰਾਜਾ ਰਣਜੀਤ ਸਿੰਘ ਨੇ ਮਹਾਰਾਜਾ ਹੋਣ ਦੇ ਬਾਵਜੂਦ ਵੀ ਸੇਵਾ ਦੀ ਇਸ ਮਹਾਨਤਾ ਨੂੰ ਸਮਝਿਆ ਅਤੇ ਇਕ ਗ਼ਰੀਬ ਬੁੱਢੇ ਦੀ ਰਾਸ਼ਨ ਦੀ ਭਰੀ ਹੋਈ ਪੰਡ ਆਪਣੇ ਸਿਰ ’ਤੇ ਚੁੱਕ ਕੇ ਉਸ ਦੇ ਘਰ ਪਹੁੰਚਾਈ। ਇਸ ਤੋਂ ਇਲਾਵਾ ਭਗਤ ਪੂਰਨ ਸਿੰਘ ਜੀ ਨੂੰ ਸੇਵਾ ਦਾ ਪੁੰਜ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਅੰਮ੍ਰਿਤਸਰ ਵਿਚ ਪਹਿਲਾ ਪਿੰਗਲਵਾੜਾ ਸਥਾਪਤ ਕੀਤਾ, ਜਿੱਥੇ ਲਾਚਾਰ ਬਿਮਾਰਾਂ ਦਾ, ਜੋ ਆਪਣਾ ਨਿੱਤ ਕਰਮ ਵੀ ਠੀਕ ਤਰ੍ਹਾਂ ਨਹੀਂ ਕਰ ਸਕਦੇ, ਉਨ੍ਹਾਂ ਦੇ ਪਰਿਵਾਰ ਵਾਲੇ ਵੀ ਉਨ੍ਹਾਂ ਨੂੰ ਤਿਆਗ ਚੁੱਕੇ ਹਨ, ਮੁਫ਼ਤ ਇਲਾਜ ਅਤੇ ਦੇਖ ਭਾਲ ਕੀਤੀ ਜਾਂਦੀ ਹੈ । ਅੱਜ ਪਿੰਗਲਵਾੜੇ ਦੀ ਸੰਸਥਾ ਦੁਨੀਆਂ ਭਰ ਵਿਚ ਇਕ ਲਹਿਰ ਬਣ ਕੇ ਉਭਰੀ ਹੈ।

ਸਿੱਖ ਮਿਸ਼ਨ ਵਿਚ ਇਹ ਸੇਵਾ ਕੇਵਲ ਲੰਗਰ ਤਕ ਹੀ ਸੀਮਤ ਨਹੀਂ ਰਹੀ ਕਿਉਂਕਿ ਮਨੁੱਖਤਾ ਦੀ ਸੇਵਾ ਹੋਰ ਵੀ ਕਈ ਢੰਗਾਂ ਨਾਲ ਕੀਤੀ ਜਾ ਸਕਦੀ ਹੈ, ਜਿਵੇਂ:- ਆਰਥਿਕ ਮਦਦ ਅਤੇ ਸਰੀਰਕ ਸੇਵਾ, ਭਾਵ ਆਪਣਾ ਕੀਮਤੀ ਸਮਾਂ ਕੱਢ ਕੇ ਆਪਣੇ ਹੱਥਾਂ-ਪੈਰਾਂ ਅਤੇ ਹੋਰ ਵਸੀਲਿਆਂ ਨਾਲ ਲੋੜਵੰਦਾਂ ਦੀ ਸੇਵਾ ਆਦਿ। ਗੁਰੂ ਘਰ ਵਿਚ ਗ਼ਰੀਬ ਦੇ ਮੂੰਹ ਨੂੰ ਗੁਰੂ ਦੀ ਗੋਲਕ ਕਿਹਾ ਜਾਂਦਾ ਹੈ। ਸਿੱਖ ਆਪਣੇ ਹੱਥਾਂ-ਪੈਰਾਂ ਨੂੰ, ਧਨ-ਦੌਲਤ ਨੂੰ ਅਤੇ ਬਾਕੀ ਸਾਧਨਾਂ ਨੂੰ ਕੇਵਲ ਆਪਣੀ ਜ਼ਿੰਦਗੀ ਦੇ ਸੁੱਖ ਲਈ ਹੀ ਨਹੀਂ ਵਰਤਦੇ, ਸਗੋਂ ਉਹ ਇਨ੍ਹਾਂ ਸਾਧਨਾਂ ਨਾਲ ਕਮਜ਼ੋਰ ਅਤੇ ਜ਼ਰੂਰਤ-ਮੰਦਾਂ ਦੀ ਮਦਦ ਕਰਦੇ ਹਨ ਤਾਂ ਕਿ ਉਨ੍ਹਾਂ ਦੇ ਦੁੱਖ ਘਟਣ ਅਤੇ ਉਹ ਸਮਾਜ ਦਾ ਨਰੋਇਆ ਅੰਗ ਬਣ ਕੇ ਵਿਚਰ ਸਕਣ। ਹੁਣ ਸਿੱਖ ਸੰਸਥਾਵਾਂ ਹਸਪਤਾਲਾਂ ਵਿਚ ਜਾ ਕੇ ਲੰਗਰ ਦੀ ਸੇਵਾ ਦੇ ਨਾਲ-ਨਾਲ ਮਰੀਜ਼ਾਂ ਦੇ ਦਵਾ-ਦਾਰੂ ਅਤੇ ਰਿਹਾਇਸ਼ ਵਗੈਰਾ ਦਾ ਵੀ ਪ੍ਰਬੰਧ ਕਰਦੀਆਂ ਹਨ। ਸਿੱਖਾਂ ਦੀ ਇਹ ਸੇਵਾ ਕੇਵਲ ਭਾਰਤ ਦੇਸ਼ ਤੱਕ ਹੀ ਸੀਮਤ ਨਹੀਂ ਰਹੀ, ਸਗੋਂ ਉਹ ਕਿਸੇ ਵੀ ਕੁਦਰਤੀ ਆਫ਼ਤ ਜਾਂ ਬਿਪਤਾ ਸਮੇਂ ਦੁਰਗ਼ਮ ਹਾਲਾਤ ਅਤੇ ਬਿਖੜੇ ਮਾਰਗ ਦੀ ਪਰਵਾਹ ਨਾ ਕਰਦੇ ਹੋਏ, ਦੁਨੀਆਂ ਦੇ ਹਰ ਕੋਨੇ ਵਿਚ ਮਦਦ ਲਈ ਸਭ ਤੋਂ ਪਹਿਲਾਂ ਪਹੁੰਚਦੇ ਹਨ ਅਤੇ ਕਈ ਕੀਮਤੀ ਜਾਨਾਂ ਬਚਾਉਂਦੇ ਹਨ। ਉਨ੍ਹਾਂ ਲਈ ਦਵਾ-ਦਾਰੂ, ਭੋਜਨ, ਕਪੜੇ ਅਤੇ ਰਿਹਾਇਸ਼ ਦਾ ਪ੍ਰਬੰਧ ਕਰਕੇ ਉਨ੍ਹਾਂ ਨੂੰ ਫਿਰ ਤੋਂ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਵਿਚ ਮਦਦ ਕਰਦੇ ਹਨ ਤਾਂ ਕਿ ਉਹ ਇੱਜ਼ਤ ਨਾਲ ਆਪਣੀ ਰੋਜ਼ੀ-ਰੋਟੀ ਕਮਾ ਸਕਣ ਅਤੇ ਦੂਜਿਆਂ ਦੇ ਬਰਾਬਰ ਆਪਣੇ ਪਰਿਵਾਰਾਂ ਨਾਲ ਜ਼ਿੰਦਗੀ ਬਸਰ ਕਰ ਸਕਣ। ਇਸ ਲਈ ਸਿੱਖਾਂ ਦੀਆਂ ਵੱਖ-ਵੱਖ ਸੰਸਥਾਵਾਂ ਜਿਵੇਂ ਖਾਲਸਾ ਏਡ, ਯੁਨਾਇਟਿਡ ਸਿੱਖ ਆਰਗੇਨਾਈਜੇਸ਼ਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਸ਼੍ਰੋਮਣੀ ਕਮੇਟੀ ਦਿੱਲੀ ਅਤੇ ਹੋਰ ਅਨੇਕਾਂ ਸਿੱਖ ਸੰਸਥਾਵਾਂ ਸਰਗਰਮ ਹਨ। ਇਨ੍ਹਾਂ ਸੰਸਥਾਵਾਂ ਨੇ ਸੇਵਾ ਦੇ ਇਸ ਮਹਾਨ ਕਾਰਜ ਨਾਲ ਉੱਤਰਾ-ਖੰਡ, ਕੇਰਲਾ, ਰੋਹੰਗੀਆਂ ਮੁਲਸਮਾਨਾਂ ਦੀ ਮੁਸੀਬਤ ਅਤੇ ਇੰਡੋਨੇਸ਼ੀਆਂ ਦੇ ਭੁਚਾਲਾਂ ਅਤੇ ਸੁਨਾਮੀਆਂ ਸਮੇਂ ਮਨੁੱਖਤਾ ਦੇ ਭਲੇ ਲਈ ਸੇਵਾ ਕਰਕੇ ਦੁਨੀਆਂ ਭਰ ਵਿਚ ਇਕ ਮਿਸਾਲ ਕਾਇਮ ਕੀਤੀ ਹੈ।

ਜਦ ਦੁਨੀਆਂ ਵਿਚ 2019-21 ਵਿਚ ਕੋਰੋਨਾ ਨਾਮ ਦੀ ਬਿਮਾਰੀ ਦਾ ਕਹਿਰ ਫੈਲਿਆ ਤਾਂ ਸਾਰੀ ਦੁਨੀਆਂ ਭਰ ਦੀਆਂ ਸਰਕਾਰਾਂ ਮਰੀਜ਼ਾਂ ਨੂੰ ਆਕਸੀਜਨ ਅਤੇ ਦਵਾਈਆਂ ਦੇਣ ਤੋਂ ਫੇਲ੍ਹ ਹੋ ਗੲਆਂ ਪਰ ਗੁਰੂ ਦੇ ਸਿੱਖ ਫੇਲ੍ਹ ਨਹੀਂ ਹੋਏ। ਉਨਾਂ੍ਹ ਦਵਾਈਆਂ ਅਤੇ ਆਕਸੀਜਨ ਦੇ ਮੁਫਤ ਲੰਗਰ ਲਾ ਕੇ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਨੂੰ ਅੱਗੇ ਤੋਰਿਆ ਅਤੇ ਸਿੱਖਾਂ ਦੀ ਸ਼ਾਨ ਵਧਾਈ। ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਚਲਾਇਆ ਹੋਇਆ ਮਿਸ਼ਨ ਕੇਵਲ ਇਕ ਫ਼ਿਰਕੇ ਤੱਕ ਹੀ ਸੀਮਤ ਨਹੀਂ, ਸਗੋਂ ਇਹ ਪੂਰੀ ਤਰ੍ਹਾਂ ਸਾਰੇ ਸੰਸਾਰ ਲਈ ਇਕ ਮਾਨਵਵਾਦੀ ਧਰਮ ਹੈ। ਜਿਵੇਂ ਹਵਾ, ਪਾਣੀ, ਸੂਰਜ, ਅੱਗ ਅਤੇ ਮਿੱਟੀ ਦੀ ਕੋਈ ਜਾਤ ਨਹੀਂ ਹੈ, ਇਸੇ ਤਰ੍ਹਾਂ ਗੁਰੂੂ ਨਾਨਕ ਦੇਵ ਜੀ ਦੀ ਸਿੱਖੀ ਹੈ ਜਿਸ ਵਿਚ ਜਾਤ-ਪਾਤ ਅਤੇ ਊਚ-ਨੀਚ ਦਾ ਕੋਈ ਭੇਦ ਭਾਵ ਨਹੀਂ। ਸਿੱਖੀ ਇਨਸਾਨੀਅਤ ਦਾ ਧਰਮ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਸਾਰੀ ਮਨੁੱਖਤਾ ਦੇ ਸਾਂਝੇ ਗੁਰੂੂੂੂ ਸਨ।
*****
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-94631-89432

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1204
***

About the author

ਗੁਰਸ਼ਰਨ ਸਿੰਘ ਕੁਮਾਰ
ਗੁਰਸ਼ਰਨ ਸਿੰਘ ਕੁਮਾਰ
Mobile:094631-89432/83608-42861 | gursharan1183@yahoo.in | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਸ਼ਰਨ ਸਿੰਘ ਕੁਮਾਰ

View all posts by ਗੁਰਸ਼ਰਨ ਸਿੰਘ ਕੁਮਾਰ →