ਕੁਲਬੀਰ ਬਡੇਸਰੋਂ ਸਾਡੇ ਸਮਿਆਂ ਦੀ ਇਕ ਵਿਲੱਖਣ ਕਹਾਣੀਕਾਰਾ ਹੈ–ਪਿਆਰਾ ਸਿੰਘ ਕੁੱਦੋਵਾਲ |
ਕਹਾਣੀਕਾਰ: ਕੁਲਬੀਰ ਬਡੇਸਰੋਂ ਕੁਲਬੀਰ ਬਡੇਸਰੋਂ ਸਾਡੇ ਸਮਿਆਂ ਦੀ ਇਕ ਵਿਲੱਖਣ ਕਹਾਣੀਕਾਰਾ ਹੈ ਅਤੇ ਕਿਸੇ ਜਾਣ ਪਛਾਣ ਦੀ ਮੁਥਾਜ਼ ਨਹੀਂ। ਬਡੇਸਰੋਂ, ਹੁਸ਼ਿਆਰਪਰ ਦੀ ਜੰਮਪਲ, ਤਹਿਸੀਲਦਾਰ ਗੁਰਬਚਨ ਸਿੰਘ ਦੀ ਧੀ ਕੁਲਬੀਰ ਪੰਜਾਬੀ ਵਿਚ ਐਮ.ਏ. ਐਮ.ਫਿਲ. ਹੈ ਅਤੇ ਦਰਜਨਾਂ ਹਿੰਦੀ ਪੰਜਾਬੀ ਫਿਲਮਾਂ, ਸੀਰੀਅਲਜ਼ ਅਤੇ ਵਿਗਿਆਪਨਾਂ ਵਿੱਚ ਕੰਮ ਕਰ ਚੁੱਕੀ ਹੈ ਅਤੇ ਲਗਾਤਾਰ ਕਰ ਰਹੀ ਹੈ। ਹੱਥਲੇ ਕਹਾਣੀ ਸੰਗ੍ਰਹਿ ਤੋਂ ਪਹਿਲਾਂ ਵੀ ਅਲੱਗ ਅਲੱਗ ਵਿਧਾਵਾਂ ਦੀਆਂ ਅੱਠ ਕਿਤਾਬਾਂ ਪਾਠਕਾਂ ਦੀ ਝੋਲੀ ਪਾ ਚੁੱਕੀ ਹੈ ਤੇ ਕਈ ਰਸਾਲਿਆ ਤੇ ਸੰਪਾਦਿਤ ਪੁਸਤਕਾਂ ਵਿੱਚ ਵੀ ਆਪਣੀ ਹਾਜ਼ਰੀ ਲਗਵਾ ਰਹੀ ਹੈ। 1985 ਤੋਂ ਲਗਾਤਾਰ ਲਿਖਦੀ ਆ ਰਹੀ ਕੁਲਬੀਰ ਬਡੇਸਰੋਂ ਦੇਸ਼ ਅਤੇ ਵਿਦੇਸ਼ ਵਿੱਚ ਬਹੁਤ ਸਾਰੇ ਇਨਾਮ ਅਤੇ ਅਵਾਰਡ ਵੀ ਹਾਸਲ ਕਰ ਚੁੱਕੀ ਹੈ। ਇਸਦੇ ਬਾਵਜੂਦ ਉਹ ਬਹੁਤ ਮਿੱਠ ਬੋਲੜੀ, ਨਿਰਮਾਣ, ਹੁਸ਼ਿਆਰ, ਜ਼ਹੀਨ ਅਤੇ ਸਹਿਜ ਹੈ। ਉਸ ਨਾਲ ਫੋਨ ਤੇ ਹੋਈ ਇਕ ਛੋਟੀ ਜਿਹੀ ਗੱਲਬਾਤ ਅਤੇ “ਦਾ ਲਿਟਰੇਰੀ ਰਿਫਲੈਕਸ਼ਨਜ਼” ਵਲੋਂ ਨਵੰਬਰ 27 ਨੂੰ ਉਸਦੀ ਹੱਥਲੀ ਕਿਤਾਬ ਤੇ ਕਰਵਾਏ ਗਏ ਇਕ ਮੁੱਲਵਾਨ ਵੈਬੀਨਾਰ ਵਿੱਚ ਹੋਈ ਮੁਲਾਕਾਤ ਦੌਰਾਨ ਪਤਾ ਲਗਾ ਕਿ ਉਹ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਮਾਂ ਬੋਲੀ ਪ੍ਰਤੀ ਕਿੰਨੀ ਸੁਚੇਤ ਸੁਹਿਰਦ ਹੈ। ਉਹ ਬਹੁਤ ਹੀ ਰੁਝੇਵੇਂ ਭਰੀ ਜ਼ਿੰਦਗੀ ਵਿੱਚੋਂ ਵੀ ਪੰਜਾਬੀ ਕਹਾਣੀ ਵਰਗੀ ਵਿਧਾ ਵਿੱਚ ਲਿਖਣ ਲਈ ਵਕਤ ਬਚਾ ਲੈਂਦੀ ਹੈ। ਮਹਾਂ ਨਗਰ ਬੰਬਈ ਵਿੱਚ ਵੱਸਦੀ ਇਸ ਲੇਖਿਕਾ ਦੇ ਵਿਸ਼ੇ ਪਰੰਪਰਾਗਤ ਹੁੰਦੇ ਹੋਏ ਵੀ ਬੋਲੀ ਸ਼ੈਲੀ ਪੱਖੋਂ ਨਵੀਨਤਾ ਨਾਲ ਭਰੇ ਹੋਏ ਹਨ। ਪਰੰਪਰਾਗਤ ਇਸ ਕਰਕੇ ਬਹੁਤ ਸਾਰੇ ਵਿਸ਼ੇ ਰਿਸ਼ਤਿਆਂ ਨਾਲ ਜੁੜੇ ਹੋਏ ਹੋਣ ਦੇ ਬਾਵਜੂਦ ਨਵੀਂ ਤਕਨੀਕ ਮੁਹਾਵਰੇਦਾਰ ਭਾਸ਼ਾ ਵੱਖਰੇ ਅਣਛੁਹੇ ਅੰਦਾਜ਼ ਵਿੱਚ ਪੇਸ਼ ਕੀਤੇ ਹਨ। ਫਿਲਮੀ ਜਗਤ ਨਾਲ ਜੁੜੇ ਹੋਣ ਕਰਕੇ ਲੇਖਿਕਾ ਨੇ ਫਿਲਮ ਤੇ ਟੀ.ਵੀ. ਨਾਲ ਜੁੜੇ ਕਲਾਕਾਰਾਂ, ਤਕਨੀਕੀ, ਕਰਮਚਾਰੀਆਂ, ਮੇਕ-ਅੱਪ ਕਲਾਕਾਰਾਂ ਡਾਇਰੈਕਟਰ ਤੇ ਕੈਮਰਾਮੈਨ ਬਾਰੇ ਪਰਦੇ ਦੇ ਪਿਛੇ ਵਾਪਰਦੇ ਯਥਾਰਥ ਨਾਲ ਜੁੜੀਆਂ ਦਿਲਚਸਪ ਕਹਾਣੀਆਂ ਲਿਖੀਆਂ ਹਨ ਜੋ ਕਿ ਵਧੇਰੇ ਗਿਣਤੀ ਪੰਜਾਬੀ ਪਾਠਕ ਲਈ ਇਕਦਮ ਨਵੀਨ ਹਨ। ਤੁਮ ਕਿਉਂ ਉਦਾਸ ਹੋ? ਮਜ਼ਬੂਰੀ, ਆਕਰੋਸ਼ ਤੇ ਬਕ-ਬਕ ਹੋਰ ਬਹੁਤ ਕੁੱਝ ਦੱਸਦੀਆਂ ਹਨ ਉਥੇ ਇਸ ਕਿੱਤੇ ਨਾਲ ਜੁੜੇ ਲੋਕਾਂ ਦੇ ਗਲੈਮਰ ਭਰੇ ਜੀਵਨ ਪਿਛੇ ਲੁਕੀਆਂ ਮਜ਼ਬੂਰੀਆਂ ਤੇ ਸ਼ੋਸ਼ਣ ਦਾ ਜ਼ਿਕਰ ਵੀ ਲੇਖਿਕਾ ਨੇ ਬੜੀ ਹੀ ਸੁਹਿਰਦਤਾ ਨਾਲ ਕੀਤਾ ਹੈ। ਕਹਾਣੀ ਜਾਂ ਪਟ-ਕਥਾ ਪਾਇਲਟ ਕਿਵੇਂ ਬਣਦੀ, ਮਨਜੂਰੀ, ਕਿਵੇਂ ਮਿਲਦੀ ਸੰਵਾਦ ਕਿਵੇਂ ਬੋਲਣੇ, ਕਲਾਕਾਰ ਬੋਲਦੇ ਸਮੇਂ ਇਕ ਦੂਜੇ ਤੋਂ ਕਿੰਨੀ ਦੂਰੀ ਤੇ ਹੁੰਦੇ ਹਨ ਤੇ ਹੋਰ ਬਹੁਤ ਕੁੱਝ ਜੋ ਪੰਜਾਬੀ ਪਾਠਕ ਲਈ ਬਿਲਕੁੱਲ ਨਵੀਨ ਹਨ। ਤੁਮ ਕਿਉ ਉਦਾਸ ਹੋ, ਫੇਰ, ਨੂੰਹ ਸੱਸ, ਮਜ਼ਬੂਰੀ, ਬਕ-ਬਕ ਤੇ ਆਕਰੋਸ਼ ਪੜ੍ਹਨਯੋਗ ਹਨ। ਉਸਦੀਆਂ ਕਹਾਣੀਆਂ ਦੇ ਵਿਸ਼ੇ ਸੰਖੇਪ ਵਿੱਚ ਕ੍ਰਮਵਾਰ ਕੁੱਝ ਇਸ ਤਰਾਂ ਹਨ। ਤੁਮ ਕਿਉੰ ੳਦਾਸ ਹੋ? ਇਸ ਕਹਾਣੀ ਸੰਗ੍ਰਹਿ ਦੀ ਪਹਿਲੀ ਕਹਾਣੀ ਹੈ ਜਿਸ ਵਿੱਚ ਇਕ ਗਰੀਬ ਮਜ਼ਦੂਰ ਦੀ ਮਨੋਦਸ਼ਾ ਕੀ ਹੁੰਦੀ ਹੈ ਜਦੋਂ ਇਕ ਅਮੀਰ, ਖੂਬਸੂਰਤ ਅਦਾਕਾਰਾ, ਜੋ ਗਰੀਬ ਮਜ਼ਦੂਰ ਕੁੜੀ ਦੀ ਐਕਟਿੰਗ ਕਰਦੀ ਕਰਦੀ, ਉਸਦੇ ਮੋਢੇ ਤੇ ਹੱਥ ਰੱਖ ਕੇ ਪੁੱਛਦੀ ਕਿ ਤੁਮ ਕਿਉਂ ਉਦਾਸ ਹੋ? ਅੰਤ ਵਿੱਚ ਮੇਨੇਜ਼ਰ ਵਲੋਂ ਮਜ਼ਦੂਰ ਨੂੰ ਦਿੱਤੀਆਂ ਗਾਲ੍ਹਾਂ ਤੇ ਕੀਤੀ ਕੁੱਟਮਾਰ ਅਸਲੀਅਤ ਵਿਖਾ ਦਿੰਦੀ ਹੈ। ਸਕੂਲ ਟਰਿਪ ਕਹਾਣੀ ਵਿੱਚ ਨਾਇਕਾ ਬੇਟੀ ਸਕੂਲ ਟਰਿਪ ਤੇ ਜਾਣਾ ਚਾਹੁੰਦੀ ਹੈ ਪਰ ਆਪਣੀ ਮੰਮੀ ਦੀ ਮਾੜੀ ਆਰਥਿਕਤਾ ਕਰ ਕੇ ਕੈਂਸਲ ਕਰ ਦਿੰਦੀ ਹੈ। ਪਰ ਉਸਦੇ ਅੰਤਰ ਮਨ ਵਿੱਚ ਟਰਿਪ ਤੇ ਜਾਣ ਦੀ ਇਛਾ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ। ਉਹ ਆਪਣੀ ਮੰਮੀ ਨੂੰ ਕਹਿੰਦੀ ਹੈ ਕਿ ਅੰਕਲ ਨੂੰ ਖੁਸ਼ ਕਰਨ ਲਈ ਹੋਰ ਮਿਹਨਤ ਕਰਕੇ ਵੱਧ ਨੰਬਰ ਲਵੇਗੀ ਤੇ ਅੰਕਲ ਇਨਾਮ ਵਿੱਚ ਹੋਰ ਵੱਧ ਪੈਸੇ ਦੇਵੇਗਾ ਤੇ ਉਹ ਟਰਿਪ ਤੇ ਜਾ ਸਕੇਗੀ। ਇਹ ਗੱਲ ਜਿਥੇ ਉਸਦੀ ਮਾਂ ਨੂੰ ਹੈਰਾਨ ਪਰੇਸ਼ਾਨ ਕਰਦੀ ਹੈ ਉਥੇ ਪਾਠਕ ਨੂੰ ਇਹ ਸਮਝ ਆਉਂਦੀ ਹੈ ਇੱਕਲੀ ਮਾਂ ਕਿੰਨੀ ਮੁਸ਼ਕਲ ਨਾਲ ਬੱਚੇ ਪਾਲਦੀ ਹੈ। “ਫੇਰ” ਕਹਾਣੀ ਵਿੱਚ ਐਕਸੀਡੈਂਟ ਹੋਣ ਬਾਅਦ ਹਾਲ ਚਾਲ ਪੁੱਛਣ ਆਏ ਲੋਕਾਂ ਦੀਆਂ ਰਸਮੀ ਗੱਲਾਂ ਨਸੀਹਤਾਂ ਜਾਂ ਆਪਣੀਆਂ ਹੀ ਗੱਲਾਂ ਕਰਨੀਆਂ ਤੇ ਚਲੇ ਜਾਣਾ ਪਰ ਮਰੀਜ਼ ਦੀ ਗੱਲ ਨਹੀਂ ਸੁਣਨੀ। ਅੰਤ ਵਿੱਚ ਜਦ ਨਾਇਕਾ ਆਪਣੇ ਘਰ ਆਈ ਦੁਰਘਟਨਾ ਪੀੜਤ ਔਰਤ ਦੀ ਗੱਲ ਸੁਣਦੀ ਸੁਣਦੀ ਹੁੰਗਾਰਾ ਭਰਦੀ “ਫੇਰ” ਕਹਿੰਦੀ ਹੈ ਤਾਂ ਉਸ ਔਰਤ ਦੀਆਂ ਅੱਖਾਂ ਵਿੱਚ ਹੰਝੂ ਵਗ ਤੁਰਦੇ ਹਨ। ਜੋ ਦਰਸਾਉਂਦਾ ਹੈ ਕਿ ਅੱਜ ਤੱਕ ਉਸਦੀ ਕਿਸੇ ਨੇ ਗੱਲ ਹੀ ਨਹੀਂ ਸੁਣੀ। ਇਹ “ਨਾ ਸੁਣੇ ਜਾਣ” ਦਾ ਅੱਵਲੜਾ ਦਰਦ ਹੈ। ਬਹੁਤ ਸਾਰੇ ਵਿਦਵਾਨਾਂ ਦਾ ਮੰਨਣਾ ਹੈ ਕਿ “ਨਾ ਸੁਣੇ ਜਾਣ ਦੀ ਸਥਿਤੀ ਕਰਕੇ” ਵਿਅਕਤੀ ਕੁੱਝ ਇਕ ਮਾਨਸਿਕ ਜਾਂ ਸਰੀਰਕ ਰੋਗਾਂ ਦਾ ਸ਼ਿਕਾਰ ਹੋ ਸਕਦਾ ਹੈ। ਇਸ ਲਈ ਗੱਲਬਾਤ ਜ਼ਰੂਰ ਸੁਣਨੀ ਚਾਹੀਦੀ ਹੈ ਤੇ ਸੁਣਾਉਣੀ ਵੀ ਚਾਹੀਦੀ ਹੈ। ਮਨ ਦਾ ਭਾਰ ਹਲਕਾ ਹੋ ਜਾਂਦਾ ਹੈ। 2009 ਵਿੱਚ ‘ਨਵਾਂ ‘ਜ਼ਮਾਨਾ ਪੁਸਤਕ ਸਭਿਆਚਾਰ’ ਵਲੋਂ ਕਰਵਾਏ ਬਿਹਤਰੀਨ ਕਹਾਣੀ ਸਰਵੇਖਣ ਵਿੱਚ ਇਹ ਕਹਾਣੀ “ਫੇਰ” ਵੀ ਬਿਹਤਰੀਨ ਕਹਾਣੀ ਵਜੋਂ ਚੁਣੀ ਗਈ ਸੀ। “ਮਾਂ ਨੀ” ਅਗਲੀ ਕਹਾਣੀ ਵਿੱਚ ਇਕ ਧੀ ਆਪਣੀ ਮਾਂ ਦੀ ਵੇਦਨਾ ਨੂੰ ਸਮਝਦੀ ਹੋਈ ਉਸ ਬਾਰੇ ਗੱਲ ਕਰਦੀ ਅੰਤ ਵਿੱਚ ਸਾਰੇ ਰਿਸ਼ਤੇਦਾਰਾਂ ਸਾਹਮਣੇ ਐਲਾਨ ਕਰਦੀ ਹੈ ਕਿ ਆਪਣੇ ਵਿਆਹ ਤੋਂ ਪਹਿਲਾਂ ਆਪਣੀ ਮਾਂ ਦਾ ਵਿਆਹ ਕਰਨਾ ਹੈ ਤਾਂ ਸਾਰੇ ਰਿਸ਼ਤੇਦਾਰ ਚੁੱਪ ਹੋ ਜਾਂਦੇ ਹਨ। ਛੇਵੀਂ ਕਹਾਣੀ “ਭੈਣ ਜੀ” ਵਿੱਚ ਆਪਣੀ ਭੈਣ ਵਲੋਂ ਅਣਗੌਲੇ ਜਾਣ ਤੇ ਲਗਾਤਾਰ ਕੀਤੀ ਜਾਂਦੀ ਰਹੀ ਜ਼ਿਆਦਤੀ ਦੀ ਗੱਲ ਕਰਦੀ ਹੈ ਜੋ ਕਿ ਮੁੱਖ ਪਾਤਰ ਦੀ ਮਾਨਸਿਕਤਾ ਨੂੰ ਪਰਭਾਵਿਤ ਕਰਦੀ ਹੈ। “ਮਜਬੂਰੀ” ਕਹਾਣੀ ਅਦਾਕਾਰਵਾਂ ਦੀਆਂ ਮਜਬੂਰੀਆਂ ਨੂੰ ਦਰਸਾਉਂਦੀ ਹੈ ਕਿ ਕਿਵੇਂ ਉਹਨਾਂ ਦਾ ਸ਼ੋਸ਼ਣ ਹੁੰਦਾ ਹੈ ਪਰ ਉਹ ਕੰਮ ਦੀ ਖਾਤਰ ਚੁੱਪ ਰਹਿੰਦੀਆਂ ਹਨ। ਬਹੁਤ ਹੀ ਸੁੰਦਰ ਤਰੀਕੇ ਨਾਲ ਲਿਖੀ ਗਈ ਕਹਾਣੀ ਹੈ “ਨੂੰਹ ਸੱਸ” ਜੋ ਕਿ ਨੂੰਹ ਸਹੁਰੇ ਦੇ ਗੁਪਤ ਸਰੀਰਕ ਰਿਸ਼ਤੇ ਨੂੰ ਪ੍ਰਗਟਾਉਂਦੀ ਹੈ। ਕਹਾਣੀ ਦੀ ਸਫਲਤਾ ਇਹ ਹੈ ਕਿ ਬਿਨਾਂ ਇਕ ਵੀ ਨੰਗੇਜ਼ਵਾਦੀ ਸ਼ਬਦ ਬੋਲੇ ਜਾਂ ਭੱਦਾ ਦ੍ਰਿਸ਼ ਚਿਤਰਣ ਕੀਤੇ, ਲੇਖਿਕਾ ਨੇ ਸਿਰਫ ਅੰਤਲੀ ਲਾਇਨ ਵਿੱਚ ਦੁਹਰਾ ਵੱਕਫਾ (ਡਬਲ ਸਪੇਸ) ਦੇ ਕੇ, ਇਕ ਅਵੈਧ ਰਿਸ਼ਤਾ ਪ੍ਰਗਟ ਕਰ ਦਿੱਤਾ। ਪਾਠਕ ਹੈਰਾਨ ਪਰੇਸ਼ਾਨ ਹੋ ਜਾਂਦਾ ਹੈ ਕਿ ਆਹ ਕੀ ਹੋ ਗਿਆ। ਟੀਵੀ ਸੀਰੀਅਲ ਨਾਲ ਸਬੰਧਿਤ ਹੈ ਕਹਾਣੀ ਆਕਰੋਸ਼। ਇਹ ਭਾਵੇਂ ਇਕ ਹਿੰਦੀ ਭਾਸ਼ਾ ਦਾ ਸ਼ਬਦ ਹੈ ਪਰ ਕਹਾਣੀ ਦੇ ਅੰਤ ਵਿੱਚ ਜਿਸ ਤਰਾਂ ਪ੍ਰਗਟ ਹੁੰਦਾ ਹੈ ਤਾਂ ਇਹ ਨਾਮ ਬੜਾ ਢੁੱਕਵਾਂ ਲੱਗਦਾ ਹੈ। ਐਕਟਰਸ ਸਾਥੀ ਐਕਟਰੈਸ ਕਾਮਨਾ ਗੁਪਤਾ ਨੂੰ ਐਕਟਿੰਗ ਦੀ ਆੜ ਵਿੱਚ ਅਸਲ਼ੀ ਥੱਪੜ ਮਾਰਦੀ ਹੈ ਜੋ ਕਿ ਉਸਦੇ ਪਤੀ ਦੀ ਸਹੇਲੀ (ਐਕਸ ਗਰਲ ਫ਼ਰੈਂਡ) ਹੁੰਦੀ ਹੈ ਜਿਸ ਨਾਲ ਉਸਦੇ (ਐਕਸ ਹੱਸਬੈਂਡ) ਦੇ ਜਿਸਮਾਨੀ ਸੰਬੰਧ ਸਨ। ਅੱਜ ਜਦ ਅਦਾਕਾਰੀ ਕਰਦਿਆਂ ਉਸਨੂੰ ਮੌਕਾ ਮਿਲਦਾ ਹੈ ਤਾਂ ਨਾਟਕ ਦਾ ਦ੍ਰਿਸ਼ ਚਿਤਰਣ ਕਰਨ ਦੀ ਆੜ ਵਿੱਚ ਆਪਣੇ ਅੰਦਰ ਸਾਲਾਂ ਦਾ ਦੱਬਿਆ ਹੋਇਆ ਗ਼ੁੱਸਾ ਇਕ ਜ਼ੋਰਦਾਰ ਥੱਪੜ ਮਾਰ ਕੇ ਕੱਢਦੀ ਹੈ। ਕਾਮਨਾ ਗੁਪਤਾ ਧਰਤੀ ਤੇ ਚੌਫਾਲ ਡਿੱਗੀ ਪਈ ਹੁੰਦੀ ਹੈ ਤੇ ਸਾਰਾ ਅਮਲਾ ਹੈਰਾਨ ਚੁੱਪਚਾਪ ਖੜਾ ਦੇਖਦਾ ਰਹਿ ਜਾਂਦਾ ਹੈ। ਮੈਂਨੂੰ ਲਗਦਾ ਹੈ ਇਹ ਥੱਪੜ ਉਹਨਾਂ ਸਾਰੀਆਂ ਪੀੜਤ ਔਰਤਾਂ ਦੀ ਤਰਜਮਾਨੀ ਕਰਦਾ ਹੈ ਜੋ ਵਿਆਹ ਬਾਹਰੇ ਰਿਸ਼ਤਿਆਂ ਕਰਕੇ ਦੁੱਖ ਝੱਲਦੀਆਂ ਹਨ। ਇਸ ਕਰਕੇ ਹੀ ਮੇਰਾ ਮੰਨਣਾ ਹੈ ਲੇਖਿਕਾ ਅੰਤ ਵਿੱਚ ਜਦੋਂ ਤੋੜਾ ਝਾੜਦੀ ਹੈ ਤਾਂ ਕਮਾਲ ਹੀ ਕਰ ਜਾਂਦੀ ਹੈ। ਨੌਵੀਂ ਕਹਾਣੀ ‘ਤੂੰ ਵੀ ਖਾ ਲੈ’ ਮਾਵਾਂ ਵਰਗੀ ਭਾਬੀ ਤੇ ਧੀਆਂ ਵਰਗੀ ਨਨਾਣ ਦੇ ਨਿਰਛੱਲ ਰਿਸ਼ਤੇ ਦੀ ਕਹਾਣੀ ਹੈ ਜੋ ਸਮੇਂ ਤੇ ਸਥਾਨ ਦੇ ਬਦਲਣ ਅਤੇ ਵਰਿੵਆਂ ਤੱਕ ਨਾ ਮਿਲਣ ਦੇ ਬਾਵਜੂਦ ਵੀ ਨਿਰੰਤਰ ਬਣਿਆ ਰਹਿੰਦਾ ਹੈ। “ਬਕ-ਬਕ” ਕਰੋਨਾ ਕਾਲ ਦੌਰਾਨ ਉਪਜੀ ਘਬਰਾਹਟ ਤੇ ਡਰ ਨਾਲ ਸੰਬੰਧਿਤ ਕਹਾਣੀ ਹੈ। ਜਦ ਸੱਭ ਸਾਥ ਛੱਡ ਜਾਂਦੇ ਹਨ ਤਾਂ ਬਕ-ਬਕ ਕਰਨ ਵਾਲਾ ਗਰੀਬ ਡਰਾਈਵਰ ਹੀ ਨਾਇਕਾ ਨੂੰ ਆਪਣੀ ਭੈਣ ਮੰਨ ਕੇ ਉਸਦੀ ਮਦਦ ਕਰਨ ਲਈ ਅੱਗੇ ਆਉਂਦਾ ਹੈ। ਉਹ ਡਰਾਇਵਰ ਜਿਸਨੂੰ ਨਾਇਕਾ ਪਸੰਦ ਨਹੀਂ ਕਰਦੀ ਹੁੰਦੀ ਤੇ ਉਸ ਨੂੰ ਬਦਲਣ ਲਈ ਸੋਚਦੀ ਰਹੀ। ਇਸ ਕਹਾਣੀ ਦਾ ਅੰਤ ਬਹੁਤ ਜਬਰਦਸਤ ਹੈ। ਅਖੀਰ ਵਿੱਚ ਦੋ ਔਰਤਾਂ ਦੀ ਸੋਚ ਦੀ ਕਹਾਣੀ ਹੈ। ਇਹ ਵੀ ਨਨਾਣ ਭਰਜਾਈ ਦੀ ਕਥਾ ਹੈ ਪਰ ਵੱਖਰੀ ਤੇ ਪੜ੍ਹਨਯੋਗ ਹੈ। ਵਿਚਾਰਾਂ ਦੀ ਵੱਖਰਤਾ ਹੋਣ ਦੇ ਬਾਵਜੂਦ ਵੀ ਮਾੜੇ ਮਰਦ ਪ੍ਰਤੀ ਦੋਹਾਂ ਔਰਤਾਂ ਦਾ ਨਜ਼ਰਈਆ ਇਕੋ ਜਿਹਾ ਹੈ। ਬਦਲਦੇ ਪਰਿਪੇਖ ਕਹਾਣੀਕਾਰਾ ਨੇ ਬਹੁਤ ਖੂਬਸੂਰਤੀ ਨਾਲ ਪਕੜੇ ਹਨ। ਇਸ ਲਈ ਮੈਂ ਸ਼ੁਰੂ ਵਿੱਚ ਕਿਹਾ ਸੀ ਕਿ ਪਰੰਪਰਾਗਤ ਹੋਣ ਦੇ ਬਾਵਜੂਦ ਵੀ ਬਿਲਕੁੱਲ ਨਵੀਨ ਕਹਾਣੀਆਂ ਹਨ। ਕਹਾਣੀ ਪੜ੍ਹਨੀ ਸ਼ੁਰੂ ਕਰੋ ਤਾਂ ਅੰਤ ਤੱਕ ਜਿਵੇਂ ਇੱਕੋ ਸਾਹ ਵਿੱਚ ਪੜ੍ਹ ਜਾਵੋ। ਇਹ ਕਹਾਣੀਕਾਰ ਦੀ ਪੀਡੀ ਗੋਂਦ, ਜ਼ਬਰਦਸਤ ਭਾਸ਼ਾ ਤੇ ਵਿਸ਼ੇ ਚੋਣ ਦਾ ਕਮਾਲ ਹੈ। ਭਾਸ਼ਾ ਦੀ ਗੱਲ ਕਰੀਏ ਤਾਂ ਕਈ ਵਿਦਵਾਨਾਂ ਨੇ ਤਿੰਨ ਕੁ ਕਹਾਣੀਆਂ ਵਿੱਚ ਵਰਤੀਆਂ ਕੁੱਝ ਗਾਲ੍ਹਾਂ ਤੇ ਇਤਰਾਜ਼ ਜਤਾਇਆ ਹੈ। ਤਕਰੀਬਨ ਤਿੰਨ ਕੁ ਕਹਾਣੀਆਂ ਵਿੱਚ ਪਿੰਡਾਂ ਦੀ ਗਾਲ੍ਹ ਅਪਭਾਸ਼ਾ ਤੇ ਹਿੰਦੀ ਜਾਂ ਕਹਿ ਸਕਦੇ ਹਾਂ ਬੰਬਈਆਂ ਸਲੈਂਗਜ਼ ਜਾਂ ਅਪਸ਼ਬਦਾਂ ਦੀ ਵਰਤੋਂ ਕੀਤੀ ਹੈ। ਉਹਨਾਂ ਦੀ ਉਦਾਹਰਣ ਇਥੇ ਨਹੀਂ ਦਿੱਤੀ ਜਾ ਸਕਦੀ। ਫੋਨ ਤੇ ਗੱਲਬਾਤ ਦੌਰਾਨ ਲੇਖਿਕਾ ਕੁਲਬੀਰ ਬੇਡੇਸਰੋਂ ਨੇ ਇਸ ਵਿਧਾ ਨੂੰ ਆਪਣੇ ਆਪ ਨੂੰ ‘ਬੋਲਡ’ ਦੱਸਣ ਲਈ ਨਹੀਂ ਬਲਕਿ ਸਮੇਂ, ਪ੍ਰਸਥਿਤੀ ਅਨੁਕੂਲ ਅਤੇ ਪਾਤਰ ਦੀ ਮਾਨਸਿਕ ਸਥਿਤੀ ਚਿਤਰਣ ਲਈ ਵਰਤੀ ਇਕ ਜੁਗਤ ਦੱਸਿਆ ਹੈ। ਤੁਮ ਕਿਉਂ ਉਦਾਸ ਹੋ?, ਮਜ਼ਬੂਰੀ, ਅਤੇ ਦੋ ਔਰਤਾਂ ਕਹਾਣੀਆਂ ਵਿੱਚ ਨਮੂੰਨੇ ਦੇਖੇ ਜਾ ਸਕਦੇ ਹਨ। ਦੂਸਰੇ ਪਾਸੇ ਵਿਦਵਾਨਾਂ ਦਾ ਇਹ ਮੰਨਣਾ ਹੈ ਕਿ ਉਸਨੇ ਪੰਜਾਬੀ ਮੁਹਾਵਰਿਆਂ ਦੀ ਵਰਤੋਂ ਬਹੁਤ ਖੁਬਸੂਰਤ ਢੰਗ ਨਾਲ ਕੀਤੀ ਹੈ। ਮੁਹਾਵਰੇ ਆਪ ਮੁਹਾਰੇ ਉਸਦੀ ਲਿਖਤ ਵਿੱਚ ਆ ਜਾਂਦੇ ਹਨ ਕੋਸ਼ਿਸ਼ ਕਰਕੇ ਜਾਂ ਉਚੇਚ ਨਾਲ ਨਹੀਂ ਜੜੇ ਗਏ। ਲੇਖਿਕਾ ਪੰਜਾਬੀ ਵਿੱਚ ਉੱਚ ਪੱਧਰੀ ਵਿਦਿਆ ਹਾਸਲ ਹੈ। ਸਾਲਾਂ ਬੱਧੀ ਮਹਾਂਨਗਰ ਵਿੱਚ ਵੱਸਣ ਉਪਰੰਤ ਵੀ ਉਸਨੂੰ ਆਪਣੇ ਪਿੰਡਾਂ ਦੀ ਭਾਸ਼ਾ ਤੇ ਬੋਲੀ ਦਾ ਸੋਮਾ ਸੁਕਿਆ ਨਹੀਂ ਹੈ ਬਲਕਿ ਉਸ ਕੋਲ ਬੋਲੀ ਦਾ ਭਰਪੂਰ ਭੰਡਾਰ ਹੈ। ਇਸ ਦਾ ਅਹਿਸਾਸ ਕਹਾਣੀਆਂ ਪੜ੍ਹਨ ਤੇ ਹੁੰਦਾ ਹੈ। ਸਮੇਂ ਤੇ ਸਥਾਨ ਨਾਲ ਮਿਲਦਾ ਜੁਲਦਾ ਦ੍ਰਿਸ਼ ਚਿਤਰਣ ਤੇ ਆਲੇ ਦੁਆਲੇ ਦਾ ਵਰਨਣ ਬਹੁਤ ਵਿਸਤਾਰ ਵਿੱਚ ਮਿਲਦਾ ਹੈ। ਇਵੇਂ ਲਗਦਾ ਹੈ ਜਿਵੇਂ ਲੇਖਿਕਾ ਨੇ ਅੱਖਾਂ ਨਾਲ ਕੈਮਰੇ ਵਾਂਗ ਤੱਕਿਆ ਹੋਵੇ। ਸ਼ਾਇਦ ਇਸਨੂੰ ਹੀ “ਫੋਟੋਜੀਨਕ ਮੈਮੋਰੀ” ਕਹਿੰਦੇ ਹਨ। ਸਥਾਨਿਕ ਵਰਨਣ ਵਿਚੋਂ ਹੀ ਉਸਦੇ ਪਾਤਰਾਂ ਦੀ ਉਸਾਰੀ ਹੁੰਦੀ ਹੈ ਤੇ ਕਥਾਨਕ ਅੱਗੇ ਵੱਧਦਾ ਹੈ। ਇਉਂ ਲਗਦਾ ਹੈ ਜਿਵੇਂ ਲੇਖਿਕਾ, ਪਾਠਕ ਨੂੰ ਮੂਹਰੇ ਲਾ ਕੇ, ਇਕ ਇਕ ਚੀਜ਼ ਵਿਖਾ ਰਹੀ ਹੋਵੇ। ਉਹ ਭਾਵੇਂ ਬੰਬਈ ਹੋਵੇ, ਪੰਜਾਬ ਦਾ ਕੋਈ ਪਿੰਡ ਹੋਵੇ, ਸ਼ਹਿਰ ਹੋਵੇ, ਲੰਡਨ ਜਾਂ ਕੈਨੇਡਾ ਦਾ ਕੋਈ ਸ਼ਹਿਰ ਹੋਵੇ ਉਹ ਪਾਠਕ ਨੂੰ ਨਾਲ ਲੈਕੇ ਜਾਂਦੀ ਹੈ ਅਤੇ ਹਰ ਜਗ੍ਹਾ ਵਿਖਾਉਂਦੀ ਹੈ। ਉਸਦੀਆਂ ਕਹਾਣੀਆਂ ਦਾ ਅੰਤ ਕਮਾਲ ਦਾ ਹੁੰਦਾ ਹੈ, ਬਿਲਕੁੱਲ ਪਾਠਕ ਦੀ ਸੋਚ ਤੋਂ ਵੱਖਰਾ, ਅਲੱਗ, ਅਕਾਸਮਿਕ, ਹੈਰਾਨੀਜਨਕ। ਪਾਠਕ ਹੈਰਾਨੀ, ਖੁਸ਼ੀ ਤੇ ਗਮੀ ਦੇ ਵੱਖਰੇ ਵੱਖਰੇ ਪਰਭਾਵ ਸਿਰਜਦਾ ਸੋਚਦਾ ਹੈ, ”ਐਹਨੂੰ ਕਹਿੰਦੇ ਕਹਾਣੀ।” ਬਕ-ਬਕ, ਆਕਰੋਸ਼, ਫੇਰ, ਨੂੰਹ-ਸੱਸ, ਮਾਂ ਨੀ ਕਹਾਣੀਅਾਂ ਦੇ ਬਹੁਤ ਹੀ ਧਮਾਕੇਦਾਰ ਅੰਤ ਹਨ। ਕੁੱਝ ਚਿੰਤਕਾਂ ਦਾ ਮੰਨਣਾ ਹੈ ਕਿ ਇਹ ਕਹਾਣੀਆਂ ਲੇਖਿਕਾ ਦੀ ਆਤਮ ਕਥਾ ਲਗਦੀਆਂ ਹਨ। ਕੁਲਬੀਰ ਦਾ ਕਹਿਣਾ ਹੈ ਇਹ ਸੱਚ ਨਹੀਂ ਹੈ। ਉਸਨੇ ਕਹਾਣੀ ਹੋਰਾਂ ਦੀ ਕਹੀ, ਪਰ ਇੰਝ, ਜਿਵੇਂ ਨਿੱਜ ਤੇ ਹੰਢਾ ਕੇ ਲਿਖੀ ਹੋਵੇ। ਦੂਸਰੇ ਦੇ ਦਰਦ ਨੂੰ ਆਪਣਾ ਬਣਾ ਕੇ ਲਿਖਣਾ ਹੀ ਤਾਂ ਕਲਾਕਾਰੀ ਹੈ। ਇਹ ਕਲਾਕਾਰੀ ਉਸਨੇ ਇਹਨਾਂ ਕਹਾਣੀਆਂ ਵਿੱਚ ਬਾਖੂਬੀ ਨਿਭਾਈ ਹੈ। ਇਹ ਉਸਦੀ ਕਹਾਣੀ ਕਲਾ ਦੀ ਸਫਲਤਾ ਵੀ ਕਹੀ ਜਾ ਸਕਦੀ ਹੈ। |
*** 464 *** |