19 March 2024

ਪੁਸਤਕ ਰੀਵਿਊ: ਬਾਬੇ ਤਾਰੇ ਚਾਰਿ ਚਕਿ – – – ਪ੍ਰੋ. ਨਵ ਸੰਗੀਤ ਸਿੰਘ

* ਪੁਸਤਕ  : ਬਾਬੇ ਤਾਰੇ ਚਾਰਿ ਚਕਿ
* ਲੇਖਕ    : ਜਗਦੀਸ਼ ਸਿੰਘ ਢਿੱਲੋਂ 
* ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ 
* ਪੰਨੇ       : 703
* ਮੁੱਲ       : 895/- ਰੁਪਏ 

* ਪ੍ਰੋ. ਨਵ ਸੰਗੀਤ ਸਿੰਘ 

ਰੀਵਿਊ ਅਧੀਨ ਕਿਤਾਬ (ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, ਪੰਨੇ : 703, ਮੁੱਲ : 895/- ਰੁਪਏ) ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ/ ਸੰਸਾਰ ਭ੍ਰਮਣ ਨਾਲ ਸੰਬੰਧਿਤ ਹੈ। ਕਿਤਾਬ ਦੇ ਲੇਖਕ ਜਗਦੀਸ਼ ਸਿੰਘ ਢਿੱਲੋਂ ਨੇ 1963 ਤੋਂ 1970 ਤੱਕ ਫ਼ੌਜ ਦੀ ਨੌਕਰੀ ਕੀਤੀ। ਇਸ ਦੌਰਾਨ ਉਹਨੂੰ ਭਾਈ ਵੀਰ ਸਿੰਘ ਦੀ ਪੁਸਤਕ ‘ਗੁਰੂ ਨਾਨਕ ਚਮਤਕਾਰ’ ਪੜ੍ਹਨ ਦਾ ਮੌਕਾ ਮਿਲਿਆ, ਜਿਸ ਤੋਂ ਪ੍ਰਭਾਵਿਤ ਹੋ ਕੇ ਉਹਨੇ ਇਹ ਕਿਤਾਬ ਲਿਖਣ ਦਾ ਮਨ ਬਣਾਇਆ, ਜੋ ਲੇਖਕ ਦੀ 35 ਸਾਲ ਦੀ ਮਿਹਨਤ ਦਾ ਪ੍ਰਤਿਫਲ ਹੈ। ਇਹ ਕਿਤਾਬ ਉਹਨੇ ਰੁਕਨਦੀਨ ਨੂੰ ਸਮਰਪਿਤ ਕੀਤੀ ਹੈ, ਜਿਸਨੂੰ ਲੇਖਕ ਸਿੱਖ ਧਰਮ ਦਾ ਪਹਿਲਾ ਸ਼ਹੀਦ ਮੰਨਦਾ ਹੈ। ਇਸਨੇ ਗੁਰੂ ਜੀ ਲਈ ਆਪਣੀ ਜਾਨ ਨਿਛਾਵਰ ਕਰ ਦਿੱਤੀ ਸੀ।

ਇਸ ਕਿਤਾਬ ਨੂੰ ਮੁੱਖ ਤੌਰ ਤੇ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਭਾਗ (ਪੰਨੇ 3- 14) ਵਿੱਚ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੀ ਧਾਰਮਕ, ਸਮਾਜਕ, ਰਾਜਨੀਤਕ, ਆਰਥਕ ਆਦਿ ਦਸ਼ਾ ਦਾ ਵਰਣਨ (7 ਕਾਂਡ) ਹੈ, ਜਦਕਿ ਦੂਜੇ ਭਾਗ (13 ਕਾਂਡ, ਪੰਨੇ 15-703) ਅਧੀਨ ਗੁਰੂ ਜੀ ਦੀਆਂ ਚਾਰ ਉਦਾਸੀਆਂ ਅਤੇ ਕੁਝ ਹੋਰ ਥਾਂਵਾਂ ਦੇ ਭ੍ਰਮਣ ਦਾ ਜ਼ਿਕਰ ਹੈ। ਪੁਸਤਕ ਵਿੱਚ ਗੁਰੂ ਜੀ ਦੇ ਖਾਨਦਾਨੀ ਪਿਛੋਕੜ, ਨਨਕਾਣਾ ਸਾਹਿਬ ਦੇ ਪਿਛੋਕੜ ਅਤੇ ਪੰਜਾਬ ਦੀਆਂ ਬਾਰਾਂ (ਸਾਂਦਲ ਬਾਰ, ਕਿਰਾਨਾ ਬਾਰ, ਨੀਲੀ ਬਾਰ, ਗੰਜੀ ਬਾਰ) ਬਾਰੇ ਵੀ ਮਹੱਤਵਪੂਰਣ ਜਾਣਕਾਰੀ ਮਿਲਦੀ ਹੈ।

ਲੇਖਕ ਮੁਤਾਬਕ ਗੁਰੂ ਜੀ ਨੇ ਕਰੀਬ 78 ਦੇਸ਼ਾਂ ਦੀ ਯਾਤਰਾ ਕੀਤੀ। ਇਸਦਾ ਵੇਰਵਾ ਕਿਤਾਬ ਦੇ ਪੰਨਾ 1-2 ਤੇ ਪ੍ਰਾਪਤ ਹੁੰਦਾ ਹੈ। ਲੇਖਕ ਵੱਲੋਂ ਇਸ ਕਿਤਾਬ ਵਿੱਚ ਥਾਂਵਾਂ ਦਾ ਕ੍ਰਮਾਂਕ ਲਿਖਦਿਆਂ ਇਹ ਗਿਣਤੀ 1-1405 (ਪੰਨੇ 15-702)  ਲਿਖੀ ਗਈ ਹੈ। ਗੁਰੂ ਜੀ ਦੀ ਪਹਿਲੀ ਉਦਾਸੀ 13 ਦੇਸ਼ਾਂ ਦੀ, ਦੂਜੀ ਸ਼੍ਰੀਲੰਕਾ ਦੀ, ਤੀਜੀ 6 ਦੇਸ਼ਾਂ ਦੀ ਅਤੇ ਚੌਥੀ (ਸਭ ਤੋਂ ਲੰਮੀ) 59 ਦੇਸ਼ਾਂ ਦੀ ਸੀ। ਪਹਿਲੀ ਉਦਾਸੀ ਦਾ ਸਮਾਂ 1497-1509 ਈ. (ਪੂਰਬ ਦਿਸ਼ਾ), ਦੂਜੀ ਦ‍ਾ 1511-1513 ਈ. (ਦੱਖਣੀ ਭਾਰਤ ਤੇ ਸ਼੍ਰੀਲੰਕਾ), ਤੀਜੀ ਦਾ 1515-1517 ਈ. (ਉੱਤਰ ਦਿਸ਼ਾ), ਅਤੇ ਚੌਥੀ ਦਾ 1518-1521 ਈ. ਹੈ। ਇਨ੍ਹਾਂ ਵਿਚਲੇ ਅਤੇ ਪਿੱਛੋਂ ਦੇ ਸਮਿਆਂ/ਸਾਲਾਂ ਵਿੱਚ ਗੁਰੂ ਜੀ ਨੇ ਪੰਜਾਬ, ਹਿਮਾਚਲ, ਉੱਤਰਾਖੰਡ, ਅਫ਼ਗਾਨਿਸਤਾਨ, ਬਲੋਚਿਸਤਾਨ, ਈਰਾਨ, ਖੁੱਰਮ, ਮੁਲਤਾਨ ਆਦਿ ਥਾਂਵਾਂ ਤੇ ਜਾ ਕੇ ਭੁੱਲੀ-ਭਟਕੀ ਲੋਕਾਈ ਨੂੰ ਸਿੱਧੇ ਰਸਤੇ ਪਾਇਆ।

ਗੁਰੂ ਜੀ ਦੀਆਂ ਉਦਾਸੀਆਂ ਦਾ ਕੁੱਲ ਸਮਾਂ 1497-1521 ਈ. ਹੈ, ਜੋ ਕਰੀਬ 24 ਸਾਲ ਹੈ ਅਤੇ ਇਹ 39,000 ਮੀਲ ਦਾ ਸਫ਼ਰ ਹੈ। ਹਰ ਉਦਾਸੀ/ ਫੇਰੀ ਦੇ ਆਰੰਭ ਵਿੱਚ ਲੇਖਕ ਨੇ ਗੁਰੂ ਜੀ ਦੇ ਨਾਲ ਗਏ ਸਾਥੀਆਂ, ਦਿਸ਼ਾ ਅਤੇ ਪਹਿਰਾਵੇ ਬਾਰੇ ਵੀ ਸੰਖੇਪ ਜਾਣਕਾਰੀ ਦਿੱਤੀ ਹੈ। ਜਿਵੇਂ ਪਹਿਲੀ ਉਦਾਸੀ ਵਿੱਚ ਉਨ੍ਹਾਂ ਦੇ ਸਾਥੀ ਭਾਈ ਮਰਦਾਨਾ ਤੇ ਭਾਈ ਬਾਲਾ ਸਨ (ਪੰਨਾ 42); ਦੂਜੀ ਵਿੱਚ ਭਾਈ ਮਰਦਾਨਾ, ਬਾਲਾ ਸਮੇਤ ਭਾਈ ਸੈਦੋ ਤੇ ਭਾਈ ਸੀਹਾਂ (ਪੰਨਾ 199); ਤੀਜੀ ਵਿੱਚ ਭਾਈ ਮਰਦਾਨਾ, ਬਾਲਾ, ਸੀਹਾਂ ਸਮੇਤ ਭਾਈ ਹੱਸੂ (ਪੰਨਾ 325); ਚੌਥੀ ਵਿੱਚ ਵੀ ਤੀਜੀ ਵਾਲੇ ਹੀ ਸਾਥੀਆਂ ਦਾ ਜ਼ਿਕਰ ਹੈ (ਪੰਨਾ 434)।

ਪਹਿਲਾ ਯਤਨ ਹੋਣ ਕਰਕੇ ਨਿੱਕੀਆਂ-ਮੋਟੀਆਂ ਉਕਾਈਆਂ ਰਹਿ ਗਈਆਂ ਹਨ, ਜਿਵੇਂ ਕਿ ਤਤਕਰਾ (13 ਕਾਂਡਾਂ) ਦੇ ਪੰਨਾ ਨੰ. ਸਹੀ ਨਹੀਂ ਲਿਖੇ ਗਏ। ਇਹ ਕ੍ਰਮਵਾਰ 42-181, 118-198, 199-312, 313-324, 325-417, 418-433, 434-615,616-627, 628-658, 659-688, 689-698, 699-702 ਹੋਣੇ ਚਾਹੀਦੇ ਸਨ। ਇਸੇ ਪ੍ਰਕਾਰ ਕੁਝ ਸ਼ਬਦਜੋੜਾਂ ਦੀਆਂ ਗਲਤੀਆਂ ਹਨ, ਜਿਵੇਂ ਕਿ ਝਰਨਾਹਟ (15), ਭੋਰਾ (29), ਕੀਰਤਨ (702) ਆਦਿ। ਗੁਰਬਾਣੀ ਵਿੱਚ ਕਿਸੇ ਅੱਖਰ ਤੇ ਅਧਕ ਦੀ ਮਾਤਰਾ ਨਹੀਂ ਪੈਂਦੀ ਪਰ ਲੇਖਕ ਵੱਲੋਂ ਪਾ ਦਿੱਤੀ ਗਈ ਹੈ (ਮੁਕੱਦਮ, ਸੁੱਤੇ, ਵੱਢੀ, ਹੱਕ, ਪੰਨਾ 4) 

ਮੇਰੇ ਕੁਝ ਸੁਝਾਅ ਹਨ ਕਿ ਲੇਖਕ ਨੂੰ ਅਗਲੀ ਐਡੀਸ਼ਨ ਵਿੱਚ : 
(1) ਦੋ ਅੰਤਿਕਾਵਾਂ ਵੀ ਸ਼ਾਮਲ ਕਰਨੀਆਂ ਚਾਹੀਦੀਆਂ ਹਨ। ਪਹਿਲੀ ਦੇ ਅੰਤਰਗਤ ਸਾਰੀਆਂ ਥਾਂਵਾਂ/ਸ਼ਹਿਰਾਂ/ਨਗਰਾਂ; ਅਤੇ ਦੂਜੀ ਦੇ ਅੰਤਰਗਤ ਵੱਖ-ਵੱਖ ਵਿਅਕਤੀਆਂ ਦੇ ਨਾਂਵਾਂ ਨੂੰ ੳ, ਅ, ੲ ਕ੍ਰਮ ਅਨੁਸਾਰ ਲਿਖਣਾ ਚਾਹੀਦਾ ਹੈ, ਤਾਂ ਜੋ ਪਾਠਕ ਆਪਣੇ ਇੱਛਤ ਥਾਂ/ਵਿਅਕਤੀ ਬਾਰੇ ਜਾਣਕਾਰੀ ਹਾਸਲ ਕਰ ਸਕੇ। 

(2) ਪੁਸਤਕ ਦੇ ਅੰਤ ਵਿੱਚ ਦਿੱਤੇ ਹਵਾਲਿਆਂ (ਪੰਨਾ 703) ਨੂੰ ਸ਼੍ਰੇਣੀ ਮੁਤਾਬਕ (ਕਿਤਾਬਾਂ, ਮੈਗਜ਼ੀਨ, ਅਖ਼ਬਾਰ, ਪੈੰਫ਼ਲਿਟ ਆਦਿ) ਅਤੇ ਸੰਬੰਧਿਤ ਥਾਂ ਤੇ ਹੀ ਫੁੱਟਨੋਟ ਵਿੱਚ ਲਿਖਿਆ ਜਾਂਦਾ ਤਾਂ ਉਚਿਤ ਹੋਣਾ ਸੀ। ਇਨ੍ਹਾਂ ਹਵਾਲਿਆਂ ਵਿੱਚ ਪ੍ਰਕਾਸ਼ਕ ਦਾ ਨਾਂ ਹੋਣਾ ਵੀ ਜ਼ਰੂਰੀ ਹੈ।

(3) ਪੁਸਤਕ ਦੇ ਨਾਂ ਨੂੰ ਰੇਖਾਂਕਿਤ ਕਰਦੀ ਭਾਈ ਗੁਰਦਾਸ ਦੀ ਵਾਰ ਵਿੱਚੋਂ ਪੂਰੀ ਪਉੜੀ (ਸਤਿਗੁਰ ਨਾਨਕ ਪ੍ਰਗਟਿਆ…) ਵੀ ਸ਼ੁਰੂ ਵਿੱਚ ਪ੍ਰਕਾਸ਼ਿਤ ਕਰ ਦਿੱਤੀ ਜਾਂਦੀ ਤਾਂ ਸੋਨੇ ਤੇ ਸੁਹਾਗਾ ਹੁੰਦਾ।  

(4) ਗੁਰੂ ਜੀ ਦੀਆਂ ਉਦਾਸੀਆਂ ਦਾ ਜੋ ਨਕਸ਼ਾ ਸਿੱਖ ਅਜਾਇਬਘਰ (ਐਸਜੀਪੀਸੀ) ਵਿੱਚ ਮੌਜੂਦ ਹੈ, ਉਹਦੀ ਫੋਟੋ ਵੀ ਦੇ ਦੇਣੀ ਚਾਹੀਦੀ ਹੈ। 

ਲੇਖਕ ਨੇ ਬੜੇ ਸੁਚੇਤ ਪੱਧਰ ਤੇ ਪੁਸਤਕ ਦੀ ਰਚਨਾ ਕੀਤੀ ਹੈ, ਜਿਸ ਵਿੱਚ ਗੁਰੂ ਜੀ ਦੇ ਚਰਨ-ਛੋਹ ਪ੍ਰਾਪਤ ਸਥਾਨਾਂ ਦੇ ਨਾਲ ਇਹ ਵੀ ਸਪਸ਼ਟ ਕੀਤਾ ਹੈ ਕਿ ਉੱਥੇ ਵਾਪਰੀ ਕੋਈ ਖਾਸ ਘਟਨਾ/ਨਿਸ਼ਾਨੀ ਦਾ ਉੱਲੇਖ ਮਿਲਦਾ ਹੈ ਜਾਂ ਨਹੀਂ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਕਿਤਾਬ ਮਿਹਨਤ , ਲਗਨ, ਸ਼ਰਧਾ ਤੇ ਵਿਸ਼ਵਾਸ ਨਾਲ ਲਿਖੀ ਗਈ ਹੈ। ਮੇਰੀ ਜਾਚੇ ਇਹ ਇੱਕ ਰੈਫਰੈਂਸ ਬੁੱਕ (ਹਵਾਲਾ ਕਿਤਾਬ) ਦਾ ਦਰਜਾ ਰੱਖਦੀ ਹੈ, ਜਿਸ ਤੋਂ ਆਉਣ ਵਾਲੀਆਂ ਪੀੜ੍ਹੀਆਂ/ਖੋਜ ਵਿਦਿਆਰਥੀ ਨਿਸਚਿਤ ਸੇਧ ਪ੍ਰਾਪਤ ਕਰ ਸਕਦੇ ਹਨ।

ਗੁਰੂ ਜੀ ਦੀਆਂ ਉਦਾਸੀਆਂ ਬਾਰੇ ਇੱਕ ਦੁਰਲੱਭ ਕਿਤਾਬ ਵਜੋਂ ਮੈਂ ਇਸਦਾ ਸਵਾਗਤ ਕਰਦਾ ਹਾਂ ਤੇ ਲੇਖਕ ਨੂੰ ਅਜਿਹੀ ਪੁਸਤਕ ਲਿਖਣ ਤੇ ਮੁਬਾਰਕ ਦਿੰਦਾ ਹਾਂ।
                         *****
# ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ-151302
(ਬਠਿੰਡਾ) 9417692015.

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1056
***

About the author

ਪ੍ਰੋ. ਨਵ ਸੰਗੀਤ ਸਿੰਘ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ, ਬਠਿੰਡਾ,
ਪੰਜਾਬ, ਭਾਰਤ
+91 9417692015

ਪ੍ਰੋ. ਨਵ ਸੰਗੀਤ ਸਿੰਘ

ਪ੍ਰੋ. ਨਵ ਸੰਗੀਤ ਸਿੰਘ ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ, ਪੰਜਾਬ, ਭਾਰਤ +91 9417692015

View all posts by ਪ੍ਰੋ. ਨਵ ਸੰਗੀਤ ਸਿੰਘ →